.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 16

ਵੀਰ ਭੁਪਿੰਦਰ ਸਿੰਘ

14. ਚੌਦ੍ਹਵਾਂ ਸਲੋਕ -

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥14॥

ਉਹ ਇਨਸਾਨ ਜਿਊਂਦੇ ਜੀ ਹੀ ਮੁਕਤ ਹੈ ਜੋ ਉਸਤਤ ਅਤੇ ਨਿੰਦਿਆ ਤੋਂ ਉਪਰ ਹੋ ਜਾਂਦਾ ਹੈ। ਮੈਂ ਇਸਨੂੰ ਹੋਰ ਗਹਰਾਈ ਵਿਚ ਵੇਖ ਰਿਹਾ ਸਾਂ। ਉਸਤਤਿ ਦੇ ‘ਤ’ ਨੂੰ ਸਿਹਾਰੀ ਲੱਗੀ ਹੋਈ ਹੈ ਤਾਂ ਮੈਨੂੰ ਇੰਜ ਲੱਗਾ ਕਿ ਜੋ ਇਨਸਾਨ ‘ਲੀਨ ਤਾਹਿ ਮੈ ਮਾਨੁ’ ਹੈ ਮੁਕਤ ਹੈ, ਉਹੀ ਰੱਬੀ (ਗੋਬਿੰਦ ਦੇ) ਗੁਣ ਗਾਉਂਦਾ ਹੈ। ਉਹੀ ਰੱਬ ਨਾਲ ਇੱਕਮਿਕ ਦੀ ਅਵਸਥਾ ਮਾਣ ਰਿਹਾ ਹੈ। ਉਹ ਰੱਬ ਦੀ ਉਸਤਤ ਵਿਚ ਰਹਿੰਦਾ ਹੈ। ਇਸ ਲਈ ਉਸਨੂੰ ਨਿੰਦਾ ਕੁਝ ਨਹੀਂ ਕਹਿੰਦੀ। ਜੋ ਮਨੁੱਖ ਉਸਤਤ ਵਿਚ ਲੀਨ ਹੈ, ਰੱਬ ਦੀਆਂ ਵਡਿਆਈਆਂ ਦੇ ਵਿਚ ਲੀਨ ਹੈ ਉਸਨੂੰ ਨਿੰਦਾ ਕੁਝ ਵੀ ਨਹੀਂ ਕਹਿੰਦੀ। ਸਾਨੂੰ ਤਾਂ ਕੋਈ ਨਿੱਕੀ ਜਿਹੀ ਵਡਿਆਈ ਕਰੇ ਤਾਂ ਅਸੀਂ ਅਸਮਾਨੇ ਚੜ੍ਹ ਜਾਂਦੇ ਹਾਂ।

ਜੇ ਕੋਈ ਨਿੰਦਾ ਕਰੇ ਤਾਂ ਅਸੀਂ ਆਪਣੇ ਅਉਗੁਣਾਂ ਨੂੰ ਸੁਣਨ ਲਈ ਤਿਆਰ ਹੀ ਨਹੀਂ ਹਾਂ। ਨਿੰਦਾ ਛੁਹ ਹੀ ਨਹੀਂ ਸਕਦੀ। ਕਿਵੇਂ? ਅਸੀਂ ਸਮਝਿਆ ਸੀ ਕਿ ਮੇਰਾ ਜ਼ਮੀਰ ਮੇਰਾ ਰੱਬ ਹੈ ਪਰ ਵਿਚ ਮਨ ਆ ਗਿਆ ਅਤੇ ਮੇਰਾ ਮਨ ਮੈਲਾ ਹੈ। ਮੈਲਾ ਮਨ ਮੈਨੂੰ ਜ਼ਮੀਰ ਦੀ ਆਵਾਜ਼ ਸੁਣਨ ਨਹੀਂ ਦੇਂਦਾ। ਜਿਵੇਂ ਕਾਰ ਦੇ ਸ਼ੀਸ਼ੇ ਦੇ ਉੱਤੇ ਵਾਈਪਰ ਠੀਕ ਨਾ ਹੋਵੇ, ਬਾਰਿਸ਼ ਹੋਵੇ, ਤਾਂ ਸਾਨੂੰ ਸ਼ੀਸ਼ਾ ਸਾਫ ਨਜ਼ਰ ਨਹੀਂ ਆਉਂਦਾ। ਸਾਡਾ ਵਾਈਪਰ ਹੈ ਗੁਰੂ ਦਾ ਗਿਆਨ। ਸਤਿਗੁਰ ਦੀ ਮਤ ਹੀ ਸਾਡੇ ਨਜ਼ਰੀਏ ਦਾ ਸ਼ੀਸ਼ਾ ਸਾਫ ਕਰਦੀ ਹੈ। ਸਾਡੇ ਜ਼ਮੀਰ ਵਿਚ ਰੱਬੀ ਗੁਣ ਹਨ। ਜਦੋਂ ਮੈਂ ਆਪਣੇ ਮਨ ਨੂੰ ਸਤਿਗੁਰ ਦੀ ਮਤ ਵਿਚ ਲੀਨ ਕਰ ਦਿੱਤਾ ਤਾਂ ਗੁਰਬਾਣੀ ਵਿਚ ਦੱਸੀ ਐਸੀ ਜੀਵਨੀ ਬਣ ਗਈ ਜਿਸਨੂੰ ਕਿਹਾ ਹੈ, ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥ (1372)

ਹੁਣ ਅਸੀਂ ਇਸ ਸਲੋਕ ਦੇ ‘ਕੰਚਨ ਲੋਹ ਸਮਾਨਿ’ ਵਾਲੇ ਹਿੱਸੇ ਨੂੰ ਸਮਝਦੇ ਹਾਂ -

ਜੇ ਕਿਸੇ ਵੀ ਧਾਰਮਕ ਮਨੁੱਖ ਦੇ ਘਰ ਹੀਰੇ-ਜਵਾਹਰਾਤ ਆਦਿ ਹਨ ਜਾਂ ਜਿਹੜਾ ਧਰਮੀ ਹੋ ਜਾਏ, ਸਦਾਚਾਰੀ ਜੀਵਨ ਜਿਊਂਣ ਲਗ ਪਏ ਤਾਂ ਕੀ ਉਹ ਇਹ ਕਹੇਗਾ ਕਿ ਇਹ ਸੋਨਾ ਲੋਹੇ ਬਰਾਬਰ ਹੈ। ਕੀ ਉਹ ਆਪਣੇ ਘਰ ਦੀਆਂ ਖਿੜਕੀਆਂ ਲੋਹੇ ਬਦਲੇ ਸੋਨੇ ਦੀਆਂ ਬਣਾਏਗਾ? ਕਦੀ ਵੀ ਨਹੀਂ ਬਣਾਏਗਾ। ਇੰਜ ਕਦੀ ਨਹੀਂ ਹੋ ਸਕਦਾ ਕਿ ਲੋਹੇ ਨੂੰ ਸੋਨੇ ਦੇ ਬਰਾਬਰ ਸਮਝ ਲਵੋ। ਇੰਜ ਵੀ ਕਦੀ ਨਹੀਂ ਹੋ ਸਕਦਾ ਕਿ ਉਸਦੇ ਘਰ ਦਾ ਸਾਰਾ ਸੋਨਾ ਘਰੋਂ ਬਾਹਰ ਕਢਕੇ ਰੱਖ ਦੇਵੋ। ਇੰਜ ਹੁੰਦਾ ਹੀ ਨਹੀਂ। ਜੇ ਇੰਜ ਹੁੰਦਾ ਹੀ ਨਹੀਂ ਤੇ ਫਿਰ ਅਸੀਂ ਇਹ ਵਿਖਾਵਾ, ਇਹ ਅਰਥ ਕਿਉਂ ਕਰਦੇ ਹਾਂ। ਜਦੋਂ ਇਸ ਦੀ ਗਹਿਰਾਈ ਵਿਚ ਅਰਥ ਸਮਝੇ ਤਾਂ ਪਤਾ ਲਗਾ ਕਿ ਕੰਚਨ ਸੋਨੇ ਨੂੰ ਨਹੀਂ ਕਹਿ ਰਹੇ ਹਨ। ਕੰਚਨ ਦਾ ਅਰਥ ਗੁਰਬਾਣੀ ਵਿਚ ਮਨੁੱਖਾ ਸਰੀਰ ਲਈ ਆਇਆ ਹੈ।

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥ (448) ‘ਕੰਚਨੁ ਸੋਵਿੰਨਾ’ ਹੁੰਦਾ ਹੈ ਸੋਨੇ ਵਰਗਾ ਖਰਾ ਹੋ ਜਾਣਾ (100% ਪੂਅਰ)। ਜਿਸ ਦੇ ਮਨ ਦੀ ਮੈਲ ਸਤਿਗੁਰ ਦੀ ਮੱਤ ਲੈਣ ਨਾਲ ਉਤਰ ਜਾਵੇ, ਫਿਰ ਉਹ ਸਰੀਰ ਕੋਲੋਂ ਵੀ ਚੰਗੇ-ਚੰਗੇ ਕੰਮ ਹੁੰਦੇ ਹਨ ਭਾਵ ਤੇਰਾ ਸਰੀਰ ਕੰਚਨ ਵਰਗਾ ਹੋ ਗਿਆ। ਉਸਨੂੰ ਆਤਮਕ ਤਲ ਤੇ ਸੁਖ-ਦੁਖ, ਉਸਤਤ ਨਿੰਦਿਆ, ਹਰਖ ਸੋਗ ਪੋਹ ਨਹੀਂ ਸਕਦੇ ਹਨ। ਕਿਉਂਕਿ ਉਸਦਾ ਕੰਚਨ ਵਰਗਾ ਸਰੀਰ ਲੋਹ ਸਮਾਨ ਹੋ ਜਾਂਦਾ ਹੈ, ਫੌਲਾਦੀ ਹੋ ਜਾਂਦਾ ਹੈ। ਉਸਨੂੰ ਬਾਹਰਲੇ ਅਉਗੁਣ ਛੁਹ ਨਹੀਂ ਸਕਦੇ ਹਨ। ਜੇ ਬਾਹਰ ਛੁਹੇ ਤਾਂ ਵੀ ਅੰਤਰਆਤਮੇ ਨੂੰ ਨਹੀਂ ਸਤਾਉਂਦਾ।

ਇਹ ਜੀਵਨ ਜੇ ਮਿਲਿਆ ਹੈ ਤਾਂ ਇਹ ਭੁਲੇਖਾ ਦੂਰ ਕਰ ਕਿ ਮਰਨ ਤੋਂ ਬਾਦ ਮੁਕਤੀ ਕਿਵੇਂ ਪ੍ਰਾਪਤ ਹੁੰਦੀ ਹੈ। ਜੇ ਸਾਨੂੰ ਕਦੇ ਕੋਈ ਰਾਹ ਦੱਸੇ ਤੇ ਕਹੇ ਕਿ 10 ਮੀਲ ਦੀ ਦੂਰੀ ਤੇ ਰਾਹ ਵਿਚ ਕੰਡੇ ਹਨ। ਤਾਂ ਅਸੀਂ 10 ਮੀਲ ਤਕ ਤੇ ਅਰਾਮ ਨਾਲ ਸਫਰ ਕਰਾਂਗੇ ਪਰ ਉਸ ਮਗਰੋਂ ਚੇਤੰਨ ਹੋ ਜਾਵਾਂਗੇ ਕਿ ਰਾਹ ਵਿਚ ਕੰਡੇ ਆਉਣਗੇ। ਪਰ ਜੇ ਇਹ ਕਹਿ ਦਿੱਤਾ ਜਾਏ ਕਿ ਰਾਹ ਸ਼ੁਰੂ ਹੋਣ ਸਾਰ ਹੀ ਕੰਡੇ ਹਨ ਤਾਂ ਮਨੁੱਖ ਇੱਕ-ਇੱਕ ਕਦਮ ਪੂਰੀ ਚੇਤੰਤਾ ਨਾਲ ਚੁੱਕੇਗਾ। ਇਸ ਉਦਾਹਰਨ ਨੂੰ ਜੇ ਅਸੀਂ ਆਪਣੇ ਜੀਵਨ ਨਾਲ ਢੁਕਾਈਏ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਮਰਨ ਮਗਰੋਂ ਸਜ਼ਾ ਮਿਲੇਗੀ, ਜਮ ਆਉਂਦੇ ਹਨ, ਹਨੇਰਾ ਹੁੰਦਾ ਹੈ, ਤਰਣੀ ਨਦੀ ਹੁੰਦੀ ਹੈ, ਤਾਂ ਅਸੀਂ ਮਰਨ ਤਕ ਪੂਰੀ ਐਸ਼ੋ-ਆਰਾਮ ਦੀ ਜ਼ਿੰਦਗੀ ਬਿਤਾਉਂਦੇ ਹਾਂ। ਪਰ ਜੇ ਮਨੁੱਖ ਨੂੰ ਇਹ ਦੱਸਿਆ ਜਾਏ ਕਿ ਸਜ਼ਾ ਨਾਲ ਦੇ ਨਾਲ ਹੀ ਮਿਲਦੀ ਹੈ ਤਾਂ ਮਨੁੱਖ ਹਰ ਕਦਮ ਫੂਕ-ਫੂਕ ਕੇ ਚੁੱਕੇਗਾ। ਅੱਜ ਜਿਹੜੇ ਜਮ (ਵਿਕਾਰ, ਅਵਗੁਣ) ਮੈਨੂੰ ਤੰਗ ਕਰਦੇ ਹਨ, ਮੈਨੂੰ ਖੁਆਰ ਕਰਦੇ ਹਨ, ਮੇਰਾ ਜੀਵਨ ਨਰਕ ਬਣਾਈ ਰੱਖਦੇ ਹਨ - ਇਨ੍ਹਾਂ ਵਲ ਮੇਰਾ ਕੋਈ ਧਿਆਨ ਨਹੀਂ ਜਾਂਦਾ। ਇਨ੍ਹਾਂ ਤੋਂ ਬਚਾਉਣਾ ਹੀ ਗੁਰਬਾਣੀ ਦਾ ਕੰਮ ਹੈ। ਇਸ ਤੋਂ ਬੱਚ ਕੇ ਜਿਊਂਣਾ ਹੀ ਜਿਊਂਦਿਆਂ-ਮੁਕਤੀ ਕਹਿਲਾਉਂਦੀ ਹੈ। ਆਪਣੇ ਆਪ ਨਾਲ ਦੁਚਿੱਤਾਪਨ ਠੀਕ ਕਰਨਾ ਹੈ ਕਿ ਮੈਂ ਮੁਕਤੀ ਅੱਜ ਪਾਉਣਾ ਚਾਹੁੰਦਾ ਹਾਂ ਜਾਂ ਮਰਨ ਮਗਰੋਂ। ਗੁਰਬਾਣੀ ਤੇ ਅੱਜ ਦੀ, ਹੁਣੇ ਦੀ, ਜਿਊਂਦਿਆਂ ਮੁਕਤੀ ਦੀ ਗਲ ਕਰਦੀ ਹੈ।

ਹੁਣ ਸਾਨੂੰ ਸ੍ਰੋਤ ਲਭ ਗਈ ਕਿ ਹਉਮੈ ਕਿੱਥੋ ਚਮੜ੍ਹੀ ਸੀ ਜਿਸ ਕਾਰਨ ਬਾਕੀ ਦੇ ਵਿਕਾਰ ਵੀ ਮੇਰੇ ਤੇ ਹਾਵੀ ਹੋ ਗਏ ਸੀ ਅਤੇ ਮੇਰੀ ਗਤਿ ਨਹੀਂ ਹੋ ਰਹੀ ਸੀ। ਮੈਂ ਸੁਖ-ਦੁਖ ਵਿਚ ਕਿਉਂ ਪਿਆ ਹੋਇਆ ਹਾਂ। ਮੈਨੂੰ ਸਦੀਵੀ ਸੁੱਖ ਕਿਉਂ ਨਹੀਂ ਮਿਲ ਰਿਹਾ। ‘ਸਭ ਸੁਖ ਦਾਤਾ ਰਾਮੁ ਹੈ’ ਕਿਉਂ ਨਹੀਂ ਸਮਝ ਪਾ ਰਿਹਾ।

ਅਸੀਂ ਹਰ ਰੋਜ਼ ਭਉ ਨਿਧਿ ਅਤੇ ਭਵਜਲ ਦੇ ਬੜੇ ਸ਼ਬਦ ਪੜ੍ਹੇ ਪਰ ਇਸਨੂੰ ਜਦੋਂ ਰੁੱਕ ਕੇ ਧਿਆਨ ਨਾਲ ਵੇਖਿਆ ਤਾਂ ਪਤਾ ਚਲਿਆ ਕਿ ਜੇ ਸਾਰਿਆਂ ਵਿਚ ਤੂੰ ਰੱਬ ਵੇਖਣਾ ਸਮਝ ਲਵੇਂ ਤਾਂ ਤੇਰੇ ਡਰ ਦਾ ਭਵਜਲ ਦੂਰ ਹੋ ਸਕਦਾ ਹੈ, ਉਸ ਤੋਂ ਤੂੰ ਪਾਰ ਲੰਘ ਸਕਦਾ ਹੈਂ। ਜੇ ਭਉਨਿਧਿ ਪਾਰ ਹੋ ਜਾਈਏ ਤਾਂ ਇਹ ਮੁਕਤ ਅਵਸਥਾ ਹੈ। ਭਉਨਿਧਿ ਕਿਸੇ ਪਾਣੀ ਦੇ ਸਮੁੰਦਰ ਨੂੰ ਨਹੀਂ ਕਹਿ ਰਹੇ ਹਨ। ਆਪਣੇ ਅੰਦਰ ਜਿਹੜਾ ਮੈਲਾ ਮਨ ਹੈ ਉਸਦੇ ਸਮੁੰਦਰ ਦੀ ਗਲ ਕਰ ਰਹੇ ਹਨ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ, ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥ (919) ਮਨੁੱਖ ਦਾ ਡਰ ਕਰਮਾਂ ਕਾਂਡਾਂ ਨਾਲ ਨਹੀਂ ਜਾਏਗਾ। ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥

ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥ (919) ਜਿਸ ਮਨੁੱਖ ਦੇ ਅੰਦਰ ਡਰ ਹੈ ਉਸਦਾ ਮਨ ਮੈਲਾ ਹੈ।

ਮੈਲਾ ਮਨ ਡਰ ਤੋਂ ਪੈਦਾ ਹੋਇਆ ਅਤੇ ਡਰ ਦੂਰ ਕਰਨ ਲਈ ਹੁਣ ਅਸੀਂ ਅੱਗੇ ਟੁਰਾਂਗੇ। ਜਦੋਂ ਅਸੀਂ ਡਰ ਨੂੰ ਦੂਰ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਸਮਝ ਲਈਏ ਕਿ ਸਾਨੂੰ ਕਿਹੜੇ-ਕਿਹੜੇ ਡਰ ਹਨ ਜਿਨ੍ਹਾਂ ਕਾਰਨ ਹਉਮੈ ਆਈ ਅਤੇ ਡਰ ਦਾ ਸਮੁੰਦਰ ਤਿਆਰ ਹੋ ਗਿਆ। ਜਿਨ੍ਹਾਂ ਕਾਰਨ ਸਾਨੂੰ ਬਾਕੀ ਦੇ ਵਿਕਾਰ ਸਤਾ ਰਹੇ ਹਨ ਜਿਨ੍ਹਾਂ ਦੇ ਕਾਰਨ ਅਸੀਂ ਦੁਖੀ ਹਾਂ। ਜਿਨ੍ਹਾਂ ਦੇ ਕਾਰਨ ਅਸੀਂ ਮੁਕਤ ਨਹੀਂ ਹੋ ਪਾ ਰਹੇ ਹਾਂ। ਇਸ ਲਈ ਅਸੀਂ ਮਰਨ ਮਗਰੋਂ ਦੀ ਮੁਕਤੀ ਸਮਝੀ ਬੈਠੇ ਹਾਂ।

ਡਰ ਦੇ ਕੁਝ ਕੁ ਕਾਰਨ:

1. ਜੇ ਮੈਂ ਵੰਡ ਛਕਿਆ ਤੇ ਸਾਰੇ ਮੈਨੂੰ ਲੁਟਕੇ ਲੈ ਜਾਣਗੇ।

2. ਜੇ ਵਿਆਹ ਨਾ ਹੋਇਆ ਤੇ ਮਤੇ ਕੁੰਆਰੇ ਨਾ ਮਰ ਜਾਈਏ।

3. ਵਿਆਹ ਮਗਰੋਂ ਜੇ ਬੱਚੇ ਨਾ ਹੋਏ ਤਾਂ ਡਰ।

4. ਬੁਢਾਪੇ ਵਿਚ ਸਾਡਾ ਕੌਣ ਧਿਆਨ ਰੱਖੇਗਾ।

5. ਹਾਏ ਸਮਾਜ ਕੀ ਕਹੇਗਾ, ਬਿਰਾਦਰੀ ਕੀ ਕਹੇਗੀ।

6. ਕਿਸੇਨੂੰ ਸਮਾਜ ਦਾ ਡਰ, ਕਿਸੇਨੂੰ ਪਤੀ ਦਾ ਡਰ, ਕਿਸੇਨੂੰ ਪਤਨੀ ਦਾ ਡਰ ਹੈ।

ਇਨ੍ਹਾਂ ਸਰਿਆਂ ਡਰਾਂ ਤੋਂ ਇਲਾਵਾ ਸਾਨੂੰ ਮਰਨ ਮਗਰੋਂ ਦਾ ਡਰ ਹੈ, ਮਰਨ ਮਗਰੋਂ ਜਮਾਂ ਦਾ ਡਰ ਹੈ। ਪਰ ਡਰ ਮਨੁੱਖ ਨੂੰ ਤਦੋਂ ਸਤਾਉਂਦਾ ਹੈ ਜਦੋਂ ਉਹ, ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥ ਡਰੁ ਚੂਕਾ ਦੇਖਿਆ ਭਰਪੂਰਿ ॥ (186) ਜਦੋਂ ਅਸੀਂ ਰੱਬ ਨੂੰ ਦੂਰ ਸਮਝਦੇ ਹਾਂ ਤਾਂ ਅਸੀਂ ਡਰਦੇ ਰਹਿੰਦੇ ਹਾਂ।

ਜਿਹੜਾ ਧਰਮ ਇਹ ਸਿਖਾਉਂਦਾ ਹੈ ਕਿ ਸਾਰਿਆਂ ਵਿਚ ਰੱਬ ਵਸਦਾ ਹੈ ਉਹ ਮਨੁੱਖ ਨੂੰ ਸਹੀ ਮਾਰਗ ਤੇ ਲਿਆ ਰਿਹਾ ਹੈ, ਵਿਤਕਰੇ ਦੀ ਭਾਵਨਾ ਤੋਂ ਛੁੜਾ ਰਿਹਾ ਹੈ, ਪਿਆਰ ਸਿਖਾ ਰਿਹਾ ਹੈ। ਜੇ ਇਹ ਨਾ ਸਿੱਖੀਏ ਤਾਂ ਨੁਕਸਾਨ ਕੀ ਹੈ? ਅਸੀਂ ਵਿਤਕਰਾ, ਆਪਣਾ-ਪਰਾਇਆ, ਧੋਖਾ ਆਦਿ ਸਾਰੇ ਨਾਕਰਾਤਮਕ ਕੰਮਾਂ ਵਿਚ ਖਚਿਤ ਹੋ ਜਾਂਦੇ ਹਾਂ। ਅਸੀਂ ਵਿਗਾੜੂ ਕੰਮ ਕਰਦੇ ਹਾਂ, ਦੂਜਿਆਂ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦੀ ਨਿੰਦਾ ਕਰਦੇ ਹਾਂ, ਵਿਗਾੜ ਕਰਦੇ ਹਾਂ। ਹੌਲੀ-ਹੌਲੀ ਸਾਰਾ ਸਾਮਾਜ ਵਿਗਾੜੂ ਬਿਰਤੀ ਵਾਲਾ ਬਣ ਜਾਂਦਾ ਹੈ। ਇਸ ਵਿਗਾੜੂ ਬਿਰਤੀ ਦੇ ਭਉਜਲ-ਭਉਨਿਧ ਤੋਂ ਪਾਰ ਉਤਰਨ ਲਈ ‘ਘਟ ਘਟ ਮੈ ਹਰਿ ਜੂ ਬਸੈ’ ਸਮਝਣਾ ਪਵੇਗਾ। ਜਿਵੇਂ ਮੇਰਾ ਬੱਚਾ ਤਿਵੇਂ ਪੜੋਸੀ ਦਾ ਬੱਚਾ ਸਮਝੀਏ ਤਾਂ ਖੇਡ ਬਣ ਜਾਏਗੀ। ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥’ (15)

ਸਿਖਾ ਰਹੇ ਹਨ। ‘ਘਟ ਘਟ ਮੈ ਹਰਿ ਜੂ ਬਸੈ’ ਅਨੁਸਾਰ ਇਹ ਸਿਖਾਇਆ ਜਾ ਰਿਹਾ ਹੈ ਕਿ ਹਿੰਦੂ, ਮੁਸਲਮਾਨ, ਸਿੱਖ, ਇਸਾਈ ਆਦਿ ਮਜ਼੍ਹਬਾਂ ਦੇ ਲੋਕਾਂ ਵਿਚ ਵਿਤਕਰਾ ਬਿਲਕੁਲ ਨਾ ਕਰ। ਅਕਾਲ ਤਖਤ ਦੀ ਰਹਿਤ ਮਰਿਯਾਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਮਨੁੱਖਤਾ ਨੂੰ ਬਰਾਬਰਤਾ ਸਿਖਾਉਂਦੀ ਹੈ। ਕੇਵਲ ਪਿਆਰ ਹੀ ਪਿਆਰ ਸਿਖਾਇਆ ਗਿਆ ਹੈ। ਕੋਈ ਵਿਤਕਰਾ ਨਹੀਂ ਹੈ ਬਰਾਬਰਤਾ ਸਿਖਾਈ ਹੈ। ਬਿਨਾ ਜ਼ਾਤ-ਪਾਤ ਦੇ ਵਿਤਰਕੇ ਤੋਂ ਸਾਰੇ ਆਓ ਖੰਡੇ ਕੀ ਪਹੁਲ ਛੱਕ ਲਵੋ, ਪਿਆਰ ਸਿਖਾਇਆ ਹੈ। ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥’ (1299) ਜਦੋਂ ਇਹ ਸਿਖਾਇਆ ਹੈ ਤਾਂ ਭਉ ਨਿਧਿ ਉਤਰਹਿ ਪਾਰਿ ਦਾ ਅਰਥ ਹੋ ਗਿਆ ਮੁਕਤੀ। ਭਉ ਨਿਧਿ ਭਾਵ ਡਰ ਅਤੇ ਇਸ ਦੇ ਕਾਰਨ ਆਏ ਬਾਕੀ ਦੇ ਵਿਕਾਰਾਂ ਦਾ ਸਮੁੰਦਰ, ਇਨ੍ਹਾਂ ਤੋਂ ਜਿਊਂਦਿਆਂ ਮੁਕਤੀ।

ਹੁਣ ਇਸ ਮੁਕਤ ਅਵਸਥਾ ਦੇ ਲੱਛਣ ਜਿਹੜੇ ਪ੍ਰਾਪਤ ਹੁੰਦੇ ਹਨ, ਅੰਦਰ ਦੇ ਪੰਚ ਤੱਤ ਜਿਸਨੇ ਹਾਸਲ ਕਰ ਲਏ, ਉਹ ਵਾਲੀ ਅਵਸਥਾ ਜਿਸਨੇ ਪ੍ਰਾਪਤ ਕਰ ਲਈ, ਉਸਦੇ ਬਾਰੇ ਅਗਲੇ 13 ਤੋਂ 22 ਸਲੋਕ ਹਨ।

ਜੇ ਤੂੰ ਪੰਚ ਤੱਤਾਂ ਦਾ ਸਰੀਰ ਅੰਦਰੋਂ ਘੜ ਲਿਆ ਇਹ ਹਾਸਲ ਕਰ ਲਿਆ ਤਾਂ ਅਗਲੇ ਸਲੋਕ ਦੀ ਅਵਸਥਾ ਬਣੇਗੀ। ਉਸਨੂੰ ਬਾਹਰਲੇ ਸੁਖ-ਦੁਖ ਨਹੀਂ ਪੋਹਦੇਂ ਹਨ। ਬਾਹਰਲੇ ਸੁਖ-ਦੁਖ ਬਾਹਰ ਹੀ ਰਹਿ ਜਾਂਦੇ ਹਨ, ਕਿਉਂਕਿ ਉਸਦਾ ਅੰਤਰ ਆਤਮਾ ਤੇ ਰੱਬ ਨਾਲ ਇੱਕਮਿਕ ਹੈ, ਉਸਨੇ ਸਤਿਗੁਰ ਦੇ ਗਿਆਨ ਦਾ ਕਵਚ ਪਾਇਆ ਹੈ। ‘ਸੁਖੁ ਦੁਖੁ ਜਿਹ ਪਰਸੈ ਨਹੀ’ ਭਾਵ ਅੰਤਰ ਆਤਮੇ ਨੂੰ ਸਪਰਸ਼ (ਪਰਸੈ) ਨਹੀਂ ਕਰ ਸਕਦੇ। ਸਾਨੂੰ ਇਹ ਗੁਣ ਮੁਫਤੀ ਵਿਚ ਮਿਲ ਰਹੇ ਹਨ, ਆਓ! ਲੁੱਟ ਲਈਏ!

ਇਸ ਸਲੋਕ ਵਿਚ ਫਿਰ ਤੋਂ ਅਭਿਮਾਨ-ਹੰਕਾਰ ਦੀ ਗਲ ਗੁਰੂ ਪਾਤਸ਼ਾਹ ਕਰਦੇ ਹਨ। ਇਸ ਅਭਿਮਾਨ ਦੇ ਨਾਲ ਬਾਕੀ ਵਿਕਾਰਾਂ ਦੀ ਜੰਞ ਆ ਜਾਂਦੀ ਹੈ। ਜੋ ਇਸ ਤੋਂ ਛੁੱਟ ਜਾਂਦਾ ਹੈ ਉਹ ਰੱਬ ਨਾਲ ਇੱਕਮਿਕ ਹੈ - ‘ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ’। ਉਹ ਤੇ ਰੱਬ ਵਰਗਾ ਹੀ ਹੋ ਜਾਂਦਾ ਹੈ। ਉਹ ਰੱਬ ਦੀ ਮੂਰਤ ਹੀ ਸਮਝੋ। ਕਿਸਨੂੰ ਕਹਿ ਰਹੇ ਹਨ? ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ।

ਅਗਲੇ ਸਲੋਕ ਵਿਚ ਗੁਰੂ ਸਾਹਿਬ ਦਸਦੇ ਹਨ ਕਿ ਜਿਹੜਾ ਹਿਰਦਾ, ਜਿਹੜਾ ਮਨ ਸਤਿਗੁਰ ਦੀ ਮੱਤ ਨਾਲ ਜੁੜ ਕੇ ‘ਕੰਚਨ ਲੋਹ ਸਮਾਨਿ’ ਦੀ ਅਵਸਥਾ ਮਾਣਦਾ ਹੈ।

ਉਸਨੂੰ ਆਤਮਕ ਤਲ ਤੇ ਸੁਖ-ਦੁਖ, ਉਸਤਤ ਨਿੰਦਿਆ, ਹਰਖ ਸੋਗ ਪੋਹ ਨਹੀਂ ਸਕਦੇ ਹਨ ਕਿਉਂਕਿ ਉਸਦਾ ਕੰਚਨ ਵਰਗਾ ਸਰੀਰ ਲੋਹ ਸਮਾਨ ਹੋ ਜਾਂਦਾ ਹੈ, ਫੌਲਾਦੀ ਹੋ ਜਾਂਦਾ ਹੈ। ਉਸਨੂੰ ਬਾਹਰਲੇ ਅਉਗੁਣ ਛੁਹ ਨਹੀਂ ਸਕਦੇ ਹਨ। ਜੇ ਬਾਹਰ ਛੁਹੇ ਤਾਂ ਵੀ ਅੰਤਰਆਤਮੇ ਨੂੰ ਨਹੀਂ ਸਤਾਉਂਦਾ।




.