.

ਗੁਰਬਾਣੀ ਵਿੱਚ ਜੋਤਿ ਤੇ ਜੁਗਤਿ ਸੰਕਲਪ

(ਸੁਖਜੀਤ ਸਿੰਘ ਕਪੂਰਥਲਾ)

ਸੰਸਾਰ ਦੇ ਅਨੇਕਾਂ ਧਰਮਾਂ ਵਿਚੋਂ ਸਿੱਖ ਧਰਮ ਆਪਣੇ ਸਿਧਾਂਤਾਂ ਕਰਕੇ ਵਿਲੱਖਣ ਹੈ। ਇਨਾਂ ਵਿਚੋਂ ‘ਜੋਤਿ ਤੇ ਜੁਗਤਿ` ਦੇ ਸੁਮੇਲ ਵਾਲਾ ਸਿਧਾਂਤ ਦਸ ਗੁਰੂ ਸਾਹਿਬਾਨ ਸਮੇਂ ਅਤੇ ਉਹਨਾਂ ਤੋਂ ਬਾਦ ਦਸਾਂ ਪਾਤਸ਼ਾਹੀਆਂ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨਿਵੇਕਲੇ ਸਥਾਨ ਦਾ ਹੱਕਦਾਰ ਹੈ।

ਸਿੱਖ ਧਰਮ ਦੀ ਆਰੰਭਤਾ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ 1469 ਈਸਵੀ ਵਿੱਚ ਹੋਈ। ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਅਨੁਸਾਰ ਗੁਰੂ ਨਾਨਕ ਸਾਹਿਬ ਪ੍ਰਮੇਸ਼ਰ ਵਲੋਂ ਬਖਸ਼ਿਸ਼ਾਂ ਨਾਲ ਨਿਵਾਜ ਕੇ ਸੰਸਾਰ ਵਿੱਚ ਭੇਜੇ ਗਏ। ਪ੍ਰਮੇਸ਼ਰ ਸਾਰਿਆਂ ਅੰਦਰ ‘ਸਭ ਮਹਿ ਜੋਤਿ ਜੋਤਿ ਹੈ ਸੋਇ` (੬੬੩) ਹੋ ਕੇ ਵਰਤਦਾ ਹੈ। ਜਿੰਨਾ ਚਿਰ ਇਹ ਜੋਤ ਜੀਵਾਂ ਦੇ ਅੰਦਰ ਵਿਚਰਦੀ ਹੈ, ਉਨ੍ਹਾਂ ਚਿਰ ਹੀ ਜੀਵਨ ਰੂਪ ਹੋ ਕੇ ਕਰਮ ਇੰਦਰਿਆਂ-ਗਿਆਨ ਇੰਦਰਿਆਂ ਰਾਹੀਂ ਕਰਮਸ਼ੀਲ ਰਹਿੰਦੀ ਹੈ। ਜਦੋਂ ਸਰੀਰ ਵਿਚੋਂ ‘ਰਾਮ ਕੀ ਅੰਸ` (੮੭੨) ਰੂਪੀ ਜੀਵ ਆਤਮਾ ਪ੍ਰਵਾਜ ਕਰ ਜਾਂਦੀ ਹੈ ਤਾਂ ਜੀਵਨ ਸਮਾਪਤ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਵੀ ਪ੍ਰਮੇਸ਼ਰ ਦੇ ਹੁਕਮ ਨਾਲ ਸੰਸਾਰ ਵਿੱਚ ਆਏ ਵਿਚਰੇ ਅਤੇ ਵਿਦਾ ਹੋਏ। ਪਰ ਅਸੀਂ ਉਨਾਂ ਨੂੰ ਸਤਿਕਾਰ ਵਜੋਂ ਪ੍ਰਕਾਸ਼ ਲੈਣਾ ਅਤੇ ਜੋਤੀ ਜੋਤ ਸਮਾਉਣਾ ਆਖਦੇ ਹਾਂ।

ਹੁਣ ਵਿਚਾਰਣ ਵਾਲਾ ਪੱਖ ਇਹ ਹੈ ਕਿ ਗੁਰੂ ਨਾਨਕ ਸਾਹਿਬ ਵਿੱਚ ਆਮ ਮਨੁੱਖਾਂ ਨਾਲੋਂ ਕੀ ਵਿਸ਼ੇਸ਼ਤਾ ਸੀ, ਜੋ ਉਹਨਾਂ ਨੂੰ ਸੰਸਾਰ ਦੇ ਮਹਾਨਤਮ ਰਹਿਬਰਾਂ ਦੀ ਸੂਚੀ ਵਿਚੋਂ ਸਿਰਮੌਰ ਦਰਜਾ ਦਿੰਦੀ ਹੈ। `ਰਾਮਕਲੀ ਕੀ ਵਾਰ-ਰਾਇ ਬਲਵੰਡਿ ਤਥਾ ਡੂਮਿ ਆਖੀ` ਅੰਦਰ ਦਰਜ ਫੁਰਮਾਣ ‘ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ (੯੬੭) ਅਨੁਸਾਰ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਉਲਟੀ ਗੰਗਾ ਵਗਦੀ ਸੀ। ਜਿਵੇਂ ਅਸੀਂ ਅਕਸਰ ਵੇਖਦੇ ਹਾਂ ਕਿ ਆਮ ਸੰਸਾਰੀ ਜੀਵਾਂ ਨੂੰ ਮਿਹਨਤ ਪਹਿਲਾਂ ਕਰਨੀ ਪੈਂਦੀ ਹੈ, ਉਸਦਾ ਇਵਜ਼ਾਨਾ ਬਾਦ ਵਿੱਚ ਮਿਲਦਾ ਹੈ, ਇਸੇ ਤਰਾਂ ਅਧਿਆਤਮਕ ਮਾਰਗ ਅੰਦਰ ਭਗਤੀ ਪਹਿਲਾਂ ਕਰਨੀ ਪੈਂਦੀ ਹੈ, ਪਰ ਭਗਤੀ ਦਾ ਫਲ ਬਾਅਦ ਵਿੱਚ ਸਾਡੀ ਝੋਲੀ ਪੈਂਦਾ ਹੈ। ਪਰ ਇਸ ਦੇ ਉਲਟ ਗੁਰੂ ਨਾਨਕ ਸਾਹਿਬ ਦੇ ਜੀਵਨ ਅੰਦਰ ਬਖਸ਼ਿਸ਼ ਪਹਿਲਾਂ ਮਿਲ ਜਾਂਦੀ ਹੈ ਅਤੇ ਭਗਤੀ ਰੂਪੀ ਤਪੱਸਿਆ ਬਾਅਦ ਵਿੱਚ ਕੀਤੀ ਜਾਂਦੀ ਹੈ। ਇਸ ਸਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ-

ਪਹਿਲਾਂ ਬਾਬੇ ਪਾਯਾ ਬਖਸ ਦਰਿ ਪਿਛੋਂ ਦੇ ਫਿਰ ਘਾਲਿ ਕਮਾਈ।

ਰੇਤੁ ਅੱਕੁ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ।

ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉਂ ਬਣਿ ਆਈ।

ਬਾਬਾ ਪੈਧਾ ਸਚਿ ਖੰਡਿ ਨਉ ਨਿਧ ਨਾਮੁ ਗਰੀਬੀ ਪਾਈ।

(ਵਾਰ ੧ ਪਉੜੀ ੨੪)

ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਉਤਰ ਅਧਿਕਾਰੀ ਗੁਰੂ ਸਾਹਿਬਾਨ ਦੇ ਸੰਸਾਰ ਅੰਦਰ ਆਗਮਨ ਤੋਂ ਪਹਿਲਾਂ ਹੀ ਪ੍ਰਮੇਸ਼ਰ ਵਲੋਂ ਬੇਅੰਤ ਬਖਸ਼ਿਸ਼ਾਂ ਨਾਲ ਨਿਵਾਜ ਕੇ ਭੇਜਣ ਸਬੰਧੀ ਭੱਟਾਂ ਦੇ ਸਵਈਆਂ ਅੰਦਰ ਬਹੁਤ ਹੀ ਭਾਵ-ਪੂਰਤ ਗੁਰਬਾਣੀ ਫੁਰਮਾਣ ਸਾਡੇ ਸਾਹਮਣੇ ਆਉਂਦੇ ਹਨ-

- ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।। (੧੪੦੮)

ਅਥਵਾ

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।। (੧੩੯੫)

ਅਥਵਾ

- ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ।। (੧੪੦੯)

ਭਾਵ ਕਿ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਅੰਦਰ ਦੋ ਜੋਤਾਂ ਦੇ ਮਾਲਕ ਬਣ ਕੇ ਵਿਚਰੇ। ਇੱਕ ਜੋਤ ਤਾਂ ਉਹ ਜੋ ਸਾਡੇ ਸਾਰਿਆਂ ਵਿੱਚ ਵੀ ਹੈ ਅਤੇ ਸਾਡੇ ਸਰੀਰਕ ਜੀਵਨ ਨੂੰ ਚਲਦਾ ਰੱਖਣ ਲਈ ਜ਼ਰੂਰੀ ਹੈ। ਦੂਜੀ ਗੁਰੂ ਜੋਤ, ਜੋ ਉਹਨ੍ਹਾਂ ਨੂੰ ਗੁਰੂ ਦਰਜਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹਨਾਂ ਤੋਂ ਪਹਿਲਾਂ ਦੇ ਵੱਖ-ਵੱਖ ਧਰਮਾਂ ਦੀ ਫਿਲਾਸਫੀ, ਇਤਿਹਾਸ ਪ੍ਰਤੱਖ ਸੀ ਕਿ ਉਹ ਧਾਰਮਿਕ ਰਹਿਬਰ ਆਪਣੇ-ਆਪਣੇ ਸਮੇਂ ਅੰਦਰ ਵਿਚਰਦੇ ਹੋਏ, ਸੰਸਾਰ ਨੂੰ ਗਿਆਨ ਵੰਡ ਕੇ ਪਿਆਨਾ ਕਰ ਗਏ, ਜਿਸ ਕਾਰਨ ਉਹਨਾਂ ਤੋਂ ਬਾਅਦ ਮਨੁੱਖਤਾ ਫਿਰ ਔਝੜੇ ਪੈ ਗਈ। ਇਸ ਘਾਟ ਨੂੰ ਪੂਰਾ ਕਰਨ ਲਈ ਗੁਰੂ ਨਾਨਕ ਦੇਵ ਜੀ ਨੂੰ ਪ੍ਰਮੇਸ਼ਰ ਵਲੋਂ ਮਿਲੀ ਗੁਰੂ ਜੋਤ ਨੂੰ 1469 ਈਸਵੀ ਤੋਂ 1708 ਈਸਵੀ ਤਕ 239 ਸਾਲ ਦੀ ਲੰਬੀ ਘਾਲਣਾ ਘਾਲਣੀ ਪਈ, ਕਿਉਂਕਿ ਇੱਕ ਜਾਮੇ ਵਿੱਚ ਇਹਨਾਂ ਲੰਮਾਂ ਸਮਾਂ ਇਹ ਕਾਰਜ ਪੂਰਾ ਸਕਣ ਸੰਭਵ ਨਹੀਂ ਸੀ। ਗੁਰੂ ਨਾਨਕ ਸਾਹਿਬ ਵਲੋਂ ਨਿਰਧਾਰਤ ਸਿਧਾਂਤਕ ਵਿਚਾਰਧਾਰਾ ਨੂੰ ਹੀ ਵੱਖ-ਵੱਖ ਗੁਰੂ ਸਰੀਰਾਂ ਦੁਆਰਾ ‘ਜੋਤਿ ਤੇ ਜੁਗਤਿ` ਦੇ ਸਹੀ ਸੁਮੇਲ ਰਾਹੀਂ ਪ੍ਰਵਾਨ ਚੜਾਇਆ ਗਿਆ। ਇਸ ਪ੍ਰਥਾਇ ਗੁਰਬਾਣੀ ਫੁਰਮਾਣ ਹਨ-

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ।।

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।

(ਰਾਮਕਲੀ ਕੀ ਵਾਰ-ਰਾਇ ਬਲਵੰਡ ਤਥਾ ਸਤੈ ਡੂਮਿ ਆਖੀ-੯੬੬)

ਇਹੀ ਜੋਤਿ ਤੇ ਜੁਗਤਿ ਦੇ ਸੁਮੇਲ ਵਿੱਚ ਪ੍ਰਵਾਨ ਚੜ੍ਹਣ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਪਾਤਸ਼ਾਹ, ਬਜ਼ੁਰਗ ਅਮਰਦਾਸ ਜੀ ਗੁਰੂ ਅਮਰਦਾਸ, ਭਾਈ ਜੇਠਾ ਜੀ ਗੁਰੂ ਰਾਮਦਾਸ ਬਣ ਗਏ। ਸਰੀਰ ਉਹੀ ਰਹੇ, ਪਰ ਜਦੋਂ ਇਹੀ ਸਰੀਰ ਗੁਰੂ ਜੁਗਤਿ ਨਾਲ ਪ੍ਰਵਾਨੇ ਜਾ ਕੇ ਗੁਰੂ ਜੋਤਿ ਟਿਕਾਉਣ ਤੇ ਸਮਰੱਥ ਹੋ ਗਏ ਤਾਂ ਗੁਰੂ ਪਦਵੀ ਦੇ ਅਧਿਕਾਰੀ ਕਹਿਲਾਏ। ਭਾਵ ਕਿ ਸਰੀਰ ਜ਼ਰੂਰ ਬਦਲ ਗਏ, ਗੁਰੂ ਜੋਤਿ ਤੇ ਜੁਗਤਿ ਓਹੀ ਰਹੀ। ਜਿਵੇਂ ਭਾਈ ਸੱਤਾ ਅਤੇ ਬਲਵੰਡਿ ਜੀ ਨੇ ਆਪਣੀ ਵਾਰ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਵਲੋਂ 1552 ਈਸਵੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਲਗਭਗ 11 ਸਾਲ ਦੀ ਕਠਿਨ ਸੇਵਾ ਰੂਪੀ ਘਾਲਣਾ ਦੁਆਰਾ ਪ੍ਰਵਾਨ ਹੋ ਕੇ ਗੁਰੂ ਅੰਗਦ ਪਤਾਸ਼ਾਹ ਜੀ ਦੀ ਬਖਸ਼ਿਸ਼ ਰਾਹੀਂ ਜੋਤਿ ਤੇ ਜੁਗਤਿ ਦੇ ਧਾਰਨੀ ਬਣੇ। ਇਸ ਸਬੰਧੀ ਪਾਵਨ ਬਚਨ ਹਨ-

- ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ।।

ਪਿਊ ਦਾਦੇ ਜੇਵਿਹਾ ਪੋਤਾ ਪਰਵਾਣੁ।।

ਅਥਵਾ

-ਨਾਨਕ ਤੂ ਲਹਿਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ।।

(ਰਾਮਕਲੀ ਕੀ ਵਾਰ -ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ-੯੬੭)

ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਵਲੋਂ ਗੁਰਦਾ ਗੱਦੀ ਤੇ ਮਾਲਕ ਬਨਣ ਦੀ ਇਸ ਘਟਨਾ ਬਾਰੇ ਭਾਈ ਗੁਰਦਾਸ ਜੀ ਨੇ ਵੀ ਆਪਣੀ ਗਵਾਹੀ ਭਰਦੇ ਹੋਏ ਲਿਖਿਆ ਹੈ-

ਲਹਣੇ ਪਾਈ ਨਾਨਕੋ, ਦੇਣੀ ਅਮਰਦਾਸਿ ਘਰਿ ਆਈ।

ਗੁਰੁ ਬੈਠਾ ਅਮਰੁ ਸਰੂਪ ਹੋਇ, ਗੁਰਮੁਖਿ ਪਾਈ ਦਾਤਿ ਇਲਾਹੀ।

ਫੇਰਿ ਵਸਾਇਆ ਗੋਇੰਦਵਾਲ, ਅਚਰਜੁ ਖੇਲੁ ਨ ਲਖਿਆ ਜਾਈ।

ਦਾਤਿ ਜੋਤਿ ਖਸਮੈ ਵਡਿਆਈ।

(ਵਾਰ ੧ ਪਉੜੀ ੪੬)

ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਜੋਤਿ ਤੇ ਜੁਗਤਿ ਦੇ ਧਾਰਮੀ ਛੇ ਗੁਰੂ ਸਾਹਿਬਾਨ ਵਲੋਂ ਆਪਣੇ-ਆਪਣੇ ਸਮੇਂ ਉਚਾਰਣ ਕੀਤੀ ਬਾਣੀ ਲਈ ਸਾਂਝੀ ਮੋਹਰ ਛਾਪ ‘ਨਾਨਕ` ਹੀ ਰੱਖੀ ਗਈ। ਹੋਰ ਬਾਣੀਕਾਰਾਂ ਵਲੋਂ ਉਚਾਰਣ ਕੀਤੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦੇ ਸਮੇਂ ਕਸਵੱਟੀ ਗੁਰੂ ਨਾਨਕ ਵਿਚਾਰਧਾਰਾ ਹੀ ਰੱਖਦੇ ਹੋਏ ਗੁਰੂ ਅਰਜਨ ਸਾਹਿਬ ਵਲੋਂ ਇਸ ਪੱਖ ਤੇ ਕਿਸੇ ਵੀ ਤਰਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।

ਪਹਿਲੇ ਪਾਤਸ਼ਾਹ ਤੋਂ ਆਰੰਭ ਜੋਤਿ ਤੇ ਜੁਗਤਿ ਵਾਲੇ ਸਿਧਾਂਤ ਨੂੰ ਆਉਣ ਵਾਲੇ ਸਮੇਂ ਅੰਦਰ ਵੀ ਹਮੇਸ਼ਾਂ ਲਈ ਕਾਇਮ ਰੱਖਣ ਖਾਤਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ-ਗੁਰੂ ਪੰਥ ਦੇ ਸਾਂਝੇ ਵਿਚਾਰਧਾਰਕ ਪੱਖ ਨੂੰ ਮਾਨਤਾ ਦਿੰਦੇ ਹੋਏ ਗੁਰੂ ਕਾਲ ਦੇ 239 ਸਾਲ ਦਾ ਨਿਚੋੜ ਰੂਪੀ ਸਿਧਾਂਤ ਸਾਨੂੰ ਦੇ ਕੇ ਗਏ-

ਆਤਮਾ ਗ੍ਰੰਥ ਵਿਚ

ਸਰੀਰ ਪੰਥ ਵਿਚ

ਪੂਜਾ ਅਕਾਲ ਕੀ

ਪਰਚਾ ਸ਼ਬਦ ਕਾ

ਦੀਦਾਰ ਖਾਲਸੇ ਕਾ।

=========

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.