.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 15

ਵੀਰ ਭੁਪਿੰਦਰ ਸਿੰਘ

13. ਤੇਰ੍ਹਵਾਂ ਸਲੋਕ -

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥

ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥13॥

ਜਿਸਦਾ ਮਨ ਹੁਣੇ ਵਿਕਾਰਾਂ ਤੋਂ ਪਾਰ ਨਹੀਂ ਗਿਆ ਉਸਨੂੰ ਸੁਖ, ਦੁਖ, ਲੋਭ, ਮੋਹ, ਅਭਿਮਾਨ ਦੇ ਰੂਪ ਵਿਚ ਪਰਸਦੇ ਹਨ। ‘ਪਰਸੈ’ ਦਾ ਅਰਥ ਹੈ ਛੁੱਟਣਾ। ‘ਪਰਸੈ’ ਸਪਰਸ਼ ਤੋਂ ਬਣਿਆ ਹੈ। ਜਿਸ ਮਨ ਨੂੰ ਸੁਖ, ਦੁਖ ਸਪਰਸ਼ ਨਹੀਂ ਕਰਦੇ ਹਨ।

ਸਲੋਕ 13 ਤੋਂ 18 ਵਿਚ ਉੱਚੀ ਆਤਮਕ ਅਵਸਥਾ ਦੇ ਮਨੁੱਖ ਦੇ ਲੱਛਣ ਬਿਆਨ ਕਰ ਰਹੇ ਹਨ। ਐ ਮੇਰੇ ਮਨ ਤੂੰ ਉੱਚੀ ਆਤਮਕ ਅਵਸਥਾ ਤੇ ਅੱਪੜ ਸਕਦਾ ਹੈਂ।

ਆਮ ਲੋਕੀ ਮੈਨੂੰ ਆ ਕੇ ਕਹਿੰਦੇ ਹਨ ਕਿ ਜੇ ਤੁਹਾਡੀਆਂ ਗੱਲਾਂ ਤੇ ਟੁਰਨ ਲਗੀਏ ਤੇ ਕਿਸੇ ਨੂੰ ਮਾਫ ਵੀ ਕਰ ਦੇਈਏ, ਕਿਸੇ ਨੂੰ ਜਤਲਾਈਏ ਵੀ ਨਾ ਕਿ ਤੇਰੀ ਗਲਤੀ ਹੈ, ਨੋਕਰ ਦੀ ਗਲਤੀ ਵੀ ਉਸਨੂੰ ਨਾ ਜਤਲਾਈਏ, ਫਿਰ ਤੇ ਸਾਰੇ ਸਿਰ ਤੇ ਹੀ ਚੜ੍ਹ ਜਾਂਦੇ ਹਨ। ਲੋਕੀ ਸਾਨੂੰ ਚੁਰਾਹੇ ਤੇ ਵੇਚਕੇ ਖਾ ਜਾਣ। ਜੀ! ਇਹ ਤੁਹਾਡੀਆਂ ਗੱਲਾਂ ਸੁਣਨ ਵਿਚ ਚੰਗੀਆਂ ਲਗਦੀਆਂ ਹਨ ਪਰ ਇਨ੍ਹਾਂ ਤੇ ਟੁਰਨਾ ਔਖਾ ਹੈ। ਇਸ ਦਾ ਮਤਲਬ ਇਹ ਹੈ ਕਿ ਐਸੇ ਮਨੁੱਖਾਂ ਦੀ ਆਤਮਾ ਕਮਜ਼ੋਰ ਹੈ। ਮਨ ਇਹ ਸਮਝ ਰਿਹਾ ਹੈ ਕਿ ਅਸੀਂ ਤਾਂ ਦੁਨੀਆਵੀ ਜੀਵ ਹਾਂ! ਅਸੀਂ ਅਮਲ ਨਹੀਂ ਕਰ ਸਕਦੇ ਹਾਂ। ਅਮਲ ਕਰਨ ਵਾਲੇ ਤਾਂ ਕੋਈ ਬ੍ਰਹਮ ਗਿਆਨੀ ਹੋਣਗੇ! ਕੋਈ ਦੇਵੀ ਦੇਵਤੇ ਹੀ ਹੋਣਗੇ। ਗੁਰੂ ਪਾਤਸ਼ਾਹ ਉਨ੍ਹਾਂ ਦੇ ਲੱਛਣ ਸਮਝਾ ਰਹੇ ਹਨ - ਏ ਮੇਰੇ ਮਨ ਤੂੰ ਇਹ ਬਣ ਸਕਦਾ ਹੈਂ।

ਹੁਣ ਸੁਖ-ਦੁਖ ਨੂੰ ਅਸੀਂ ਥੋੜਾ ਜਿਹਾ ਸਮਝ ਲਈਏ। ਮੈਂ ਸੁਖ ਦੀ ਪਰਿਭਾਸ਼ਾ ਪੜ੍ਹ ਰਿਹਾ ਸੀ ਲਿਖਿਆ ਸੀ ਕਿ ‘‘ਮਨ ਭਾਉਂਦੇ ਪਦਾਰਥ ਮਿਲ ਜਾਣ ਅਤੇ ਉਨ੍ਹਾਂ ਨੂੰ ਮਾਣ ਸਕੀਏ’’ ਇਸ ਦਾ ਨਾਮ ਅਸੀਂ ਸੁਖ ਰਖਿਆ ਹੋਇਆ ਹੈ। ਤਿੰਨ ਕਿਸਮਾਂ ਦੇ ਦੁਖ ਅਸੀਂ ਮੰਨੇ ਹੋਏ ਹਨ -

1. ਸਰੀਰਕ ਦੁਖ - ਕੋਈ ਸਰੀਰਕ ਦੁਖ ਆ ਜਾਏ।

2. ਕੋਈ ਪਸ਼ੂ ਜਾਂ ਪੰਛੀ ਸਾਨੂੰ ਦੁਖ ਦੇ ਜਾਏ।

3. ਕੁਦਰਤੀ ਬਿਪਤਾ - ਹੜ, ਤੁਫਾਨ, ਮੀਂਹ, ਭੁਚਾਲ ਆਦਿ ਬਿਪਤਾਵਾਂ।

ਤਿੰਨ ਪਰਕਾਰ ਦੇ ਉਪਰੋਕਤ ਦੁਖਾਂ ਨਾਲ ਸਾਡੇ ਨਾਲ ਕੁਝ ਵੀ ਹਾਦਸਾ ਹੁੰਦਾ ਹੈ ਉਸਦਾ ਨਾਮ ਅਸੀਂ ਦੁਖ ਰਖਿਆ ਹੋਇਆ ਹੈ।

ਸੁਖ-ਦੁਖ ਦੀ ਵਿਚਾਰ ਕਰਨ ਲਗਿਆਂ ਸਾਨੂੰ ਇਹ ਸਮਝਣਾ ਹੈ ਕਿ ਜਿਤਨਾ ਮਾਤਾ-ਪਿਤਾ ਆਪਣੇ ਬਚਿਆਂ ਤੋਂ ਦੂਰ ਹਨ ਇਤਨਾ ਦੂਰ ਅੱਜ ਹੋਰ ਕੋਈ ਨਹੀ। ਇਸ ਦਾ ਕਾਰਨ ਇਹ ਕਿ ਮਾਤਾ-ਪਿਤਾ ਬਚਪਨ ਤੋਂ ਹੀ ਬੱਚੇ ਨੂੰ ਜ਼ੋਰ-ਜ਼ਬਰਦਸਤੀ ਪੜ੍ਹਾਨਾ ਚਾਹੁੰਦੇ ਹਨ। ਇਕ ਬੱਚਿਆਂ ਦੇ ਸਾਇਕਾਲਜਿਸਟ ਨੇ 3 ਤੋਂ 7 ਸਾਲ ਦੇ ਬੱਚਿਆਂ ਦੀ ਇੰਟਰਵਿਊ ਲੈਣ ਮਗਰੋਂ ਇਹ ਸਿੱਟਾ ਕਢਿਆ ਕਿ ਬਹੁਤਾਤ ਗਿਣਤੀ ਵਿਚ ਬੱਚੇ ਆਪਣੇ ਮਾਤਾ-ਪਿਤਾ ਤੋਂ ਨਫ਼ਰਤ ਕਰਦੇ ਹਨ। ਕਿਉ? ਕਾਰਨ ਇਹ ਕਿ ਜਦੋਂ ਸਵੇਰੇ ਬੱਚੇ ਸੌਣਾ ਚਾਹੁੰਦੇ ਹਨ ਤਾਂ ਮਾਂਪੇ ਉੱਠਣ ਲਈ ਕਹਿੰਦੇ ਹਨ ਅਤੇ ਜਦੋਂ ਰਾਤ ਨੂੰ ਬੱਚੇ ਜਾਗੇ ਰਹਿਣਾ ਚਾਹੁੰਦੇ ਹਨ ਤਾਂ ਕਹਿੰਦੇ ਹਨ ਕਿ ਨਹੀਂ ਸੌਂ ਜਾਉ। ਜੇ ਉਹ ਕਹਿਣ ਕਿ ਨੀਂਦ ਨਹੀਂ ਆ ਰਹੀ ਤਾਂ ਕਹਿੰਦੇ ਹਨ ਕਿ ਬੱਤੀ ਬੰਦ, ਹਿਲਨਾ ਨਹੀਂ, ਅੱਖਾਂ ਬੰਦ - ਸੌਂ ਜਾਓ।

ਪਰ ਉਹ ਨਿੱਕਾ ਜਿਹਾ ਬੱਚਾ ਮਨ ਅੰਦਰ ਵੈਰ ਰੱਖ ਲੈਂਦਾ ਹੈ। ਆਪਣੇ ਅੰਦਰ ਜ਼ਹਿਰ ਘੋਲਦਾ ਹੈ ਕਿ ਪਤਾ ਨਹੀਂ ਕਦੋਂ ਮਾਂਪਿਆਂ ਤੋਂ ਜਾਨ ਛੁਟੇਗੀ। ਜਦੋਂ ਮੈਂ ਵੱਡਾ ਹੋਵਾਂਗਾ ਤਾਂ ਮੈਂ ਆਪਣੀ ਮਰਜ਼ੀ ਨਾਲ ਰਹਾਂਗਾ। ਇਹੀ ਕਾਰਨ ਹੈ ਕਿ ਬੱਚੇ ਘਰ ਨਹੀਂ ਰਹਿਣਾ ਚਾਹੁੰਦੇ, ਰਾਤੀ ਲੇਟ ਘਰ ਆਉਂਦੇ, ਸ਼ਰਾਬ ਆਦਿ ਨਸ਼ਾ ਕਰਦੇ ਹਨ, ਬੱਚਾ ਜੇ ਘਰ ਆ ਵੀ ਜਾਂਦਾ ਹੈ ਤਾਂ ਆਪਣੇ ਕਮਰੇ ਵਿਚ ਬੰਦ ਰਹਿੰਦਾ ਹੈ। ਮਮੀ-ਪਾਪਾ ਨਾਲ ਗਲ ਨਹੀਂ ਕਰਨਾ ਚਾਹੁੰਦਾ, ਫੋਨ ਤੇ ਹੀ ਮਸਰੂਫ ਰਹਿੰਦੇ ਹਨ, ਦੋਸਤਾਂ ਮਿਤਰਾਂ ਨਾਲ ਤਾਂ ਹਸ ਕੇ ਗੱਲ ਕਰਦੇ ਹਨ ਪਰ ਮਾਤਾ-ਪਿਤਾ ਜੀ ਨਾਲ ਔਖੇ ਹੋ ਕੇ ਗਲ ਕਰਦੇ ਹਨ। ਮਾਤਾ-ਪਿਤਾ ਕੇਵਲ ਪੜ੍ਹਾਈ ਤੇ ਹੀ ਤਵੱਜੋ ਦੇਂਦੇ ਹਨ ਤਾਂ ਜੋ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਜਾਣ। ਬੱਚੇ ਤਾਂ ਆਪਣੇ ਪੈਰਾਂ ਤੇ ਖੜੇ੍ਹ ਹੋ ਜਾਂਣਗੇ, ਲੱਖਾਂ ਰੁਪਏ ਤਨਖਾਹ ਵੀ ਲੈ ਆਉਣਗੇ ਪਰ ਮਾਪਿਆਂ ਤੋਂ ਦੂਰ ਹੋ ਜਾਣਗੇ।

ਇਹ ਬੱਚੇ ਜਿਨ੍ਹਾਂ ਨੂੰ ਪੜ੍ਹਾਇਆ ਹੈ ਉਹ ਵਧੀਆ ਨੌਕਰੀ/ਕਾਰੋਬਾਰ ਕਰਕੇ ਘਰ ਵਧੀਆ ਬਣਾ ਲੈਣਗੇ, ਏ.ਸੀ ਲੈ ਆਉਣਗੇ, ਪਰ ਮਾਪਿਆਂ ਕੋਲ ਬੈਠਣਾ ਪਸੰਦ ਨਹੀਂ ਕਰਣਗੇ। ਮੈਂ ਇੱਕ ਸ਼ਾਇਰ ਨੂੰ ਪੜ੍ਹ ਰਿਹਾ ਸੀ ਉਹ ਕਹਿੰਦਾ ਹੈ ‘‘ਚਾਂਦਨੀ ਰਾਤ ਹੋ ਤੋ ਬਰਸਾਤ ਬੁਰੀ ਲਗਤੀ ਹੈ। ਘਰ ਮੇ ਹੋ ਅਰਥੀ ਤੋ ਬਾਰਾਤ ਬੁਰੀ ਲਗਤੀ ਹੈ। ਲਾਖ ਸਮਾਨ ਜੁਟਾਇਆ ਮਗਰ ਏ ਦੋਸਤ ਦਿਲ ਮੇ ਹੋ ਦਰਦ ਤੋ ਹਰ ਬਾਤ ਬੁਰੀ ਲਗਤੀ ਹੈ।’’

ਅਸੀਂ ਭਰਮ ਵਿਚ ਹਾਂ ਕਿ ਸਾਜ਼ੋ-ਸਮਾਨ ਜੁਟਾਉਣ ਵਿਚ ਹੀ ਸੁਖ ਹੈ। ਜੇ ਮਨ ਟਿਕਾਣੇ ਨਹੀਂ ਹੈ ਆਤਮਕ ਤੌਰ ਤੇ ਕਮਜ਼ੋਰ ਹੈ ਤਾਂ ਇਹ ਸੁਖ ਰੋਗ ਬਣ ਜਾਏਗਾ। ਜਦੋਂ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਰਿਸ਼ਤੇ ਲੈਂਦੇ ਹਾਂ ਤਾਂ ਵੀ ਵਧ ਤੋਂ ਵਧ ਸਮਾਨ ਵਾਲਾ ਹੀ ਘਰ ਵੇਖਦੇ ਹਾਂ। ਫਲਾਣਾ ਘਰ ਬੜਾ ਸੌਖਾ ਹੈ। ਲੋਕੀ ਚੁਣ-ਚੁਣ ਕੇ ਐਸੇ ਘਰ ਲਭਦੇ ਹਨ ਜਿੱਥੇ ਇਕਲੋਤਾ ਮੁੰਡਾ ਹੈ, ਪੜ੍ਹ ਗਿਆ ਹੈ, ਜਾਇਦਾਦ ਹੈ। ਅਸੀਂ ਸੋਚਦੇ ਹਾਂ ਕਿ ਆਪਣੀ ਧੀ ਨੂੰ ਅਮੀਰ ਘਰ ਵਿਆਹ ਦਿਆਂਗੇ। ਵੱਧ ਤੋਂ ਵੱਧ ਦਾਜ ਦੇ ਕੇ ਸੋਨਾ, ਕੈਸ਼, ਮਕਾਨ ਦੇਕੇ ਸੋਚਦੇ ਹਾਂ ਕਿ ਧੀ ਨੂੰ ਸੁਖ ਮਿਲੇਗਾ। ਪਰ ਉਸਨੂੰ ਸੁਖ ਮਿਲਦਾ ਨਹੀਂ ਹੈ। ਇਸ ਲਈ ਅਸੀਂ ਇਕ ਸੈਮਿਨਾਰ ਕੀਤਾ ਸੀ ਆਪਣੀ ਬੇਟੀ ਨੂੰ ਇਤਨੀ ਚੰਗੀ ਬੇਟੀ ਬਣਾਓ, ਇਤਨੀ ਗੁਣਵਾਨ ਬਣਾਓ ਤਾਕੀ ਅੱਗੇ ਜਾਕੇ ਸੋਹਣੀ ਨੂੰਹ ਸਾਬਤ ਹੋਵੇ। ਉੱਥੇ ਜਾ ਕੇ ਬੀਬੀ ਭਾਨੀ ਸਾਬਤ ਹੋਵੇ। ਪਰ ਸਾਡੇ ਬੱਚਿਆਂ ਕੋਲ (ਧੀ ਹੈ ਜਾਂ ਪੁੱਤਰ) ਬਿਬੇਕ ਬੁਧੀ, ਚੰਗੀ ਜੀਵਨ ਜਾਚ ਨਹੀਂ ਤਾਂ ਇਹ ਸੁਖ ਤੇ ਰੋਗ ਬਣ ਜਾਏਗਾ। ਗੁਰੂ ਪਾਤਸ਼ਾਹ ਕਹਿੰਦੇ ਹਨ ‘ਸੁਖੁ ਨਾਹੀ ਰੇ ਹਰਿ ਭਗਤਿ ਬਿਨਾ’। ਰੱਬੀ ਗੁਣ ਧਾਰਨ ਨਹੀਂ ਕੀਤੇ ਤਾਂ ਸਾਰੇ ਦੁਨੀਆਵੀ ਸੁਖ ਰੋਗ ਬਣ ਜਾਂਦੇ ਹਨ।

ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥ (1287) ਇਸੇ ਸ਼ਬਦ ਵਿਚ ਅੱਗੇ ਕਹਿੰਦੇ ਹਨ - ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥ (1287) ਅਸੀਂ ਆਪਣੇ ਬੱਚਿਆ ਨੂੰ ਜਿਤਨਾ ਬਦਾਮ-ਛੁਆਰੇ ਖੁਆ ਕੇ, ਏ.ਸੀ ਵਿਚ ਰੱਖ ਕੇ ਅਤੇ ਉਨ੍ਹਾਂ ਨੂੰ ਮਖਮਲ ਦੇ ਪਲੰਘ ਦੇ ਉੱਪਰ ਰੱਖ ਕੇ ਜਿਤਨਾ ਬਚਾ-ਬਚਾ ਕੇ ਰੱਖਦੇ ਹਾਂ ਉਤਨਾ ਹੀ ਸਾਡਾ ਬੱਚਾ ਕਮਜ਼ੋਰ ਹੋ ਜਾਂਦਾ ਹੈ। ਅਸੀਂ ਸੋਚਦੇ ਹਾਂ ਕਿ ਸਾਡਾ ਬੱਚਾ ਅਮੀਰ ਹੈ ਤਾਂ ਇਸਨੂੰ ਅਸੀਂ ਕਾਰਾਂ ਵਿਚ ਹੀ ਭੇਜਣਾ ਹੈ, ਬੱਸਾ ਵਿਚ ਨਹੀਂ ਭੇਜਣਾ। ਅਸੀਂ ਬੜੇ ਕਿਸਮਾਂ ਦਾ ਉਸਨੂੰ ਸੁੱਖ ਅਰਾਮ ਦੇਂਦੇ ਹਾਂ, ਪਰ ਜੇ ਸੰਤੋਖ ਸਹਿਜ ਦਾ ਗੁਣ ਨਹੀਂ ਤਾਂ ਉਹ ਅੱਗੇ ਦੁਖ ਬਣ ਜਾਂਦਾ ਹੈ।

ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਆਪ ਨੂੰ ਹੁਣੇ ਹੀ ਘੜ ਲੈ। ਆਪਣੇ ਆਪ ਨੂੰ ਤੂੰ ਪੇਕੇ ਘਰ ਵਿਚ ਘੜ ਲਿਆ ਤਾਂ ਸੁਹਰੇ ਘਰ ਵਿਚ ਸੁਖੀ ਵਸੇਂਗੀ। ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥

ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥ (50) ਪਰ ਅਫਸੋਸ ਅਸੀਂ ਸੋਹਰਾ ਘਰ ਮਰਨ ਮਗਰੋਂ ਸਮਝ ਲਿਆ। ਇੱਥੋਂ ਹੀ ਸਾਰੀ ਖੇਡ ਵਿਗੜ ਗਈ। ਜਿੱਥੋਂ ਗੱਡੀ ਦਾ ਕਾਂਟਾ ਬਦਲ ਗਿਆ। ਜਾਣਾ ਸਹੀ ਪਾਸੇ ਚਾਹੀਦਾ ਸੀ ਪਰ ਕੁਰਾਹੇ ਚਲਾ ਗਿਆ। ਕੀ ਮਰਨ ਮਗਰੋਂ ਰੱਬ ਦੇ ਘਰ - ਸੁਹਰੇ ਘਰ ਜਾਵਾਂਗੇ?

ਹੁਣ ਗੁਰਬਾਣੀ ਵਿਚੋਂ ਸਮਝਦੇ ਹਾਂ, ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥ (50) ਸੁਹਰੇ ਘਰ ਤੇ ਸਾਰੇ ਜਾ ਸਕਦੇ ਹਨ ਵਿਆਹ ਤੇ ਸਭ ਦਾ ਹੋ ਸਕਦਾ ਹੈ - ਸਭਿ ਮੁਕਲਾਵਣਹਾਰ, ਤੂੰ ਮੁਕਲਾਵਣਹਾਰ ਹੋ ਸਕਦੀਂ ਹੈਂ ਬਸ਼ਰਤੇ ਕੀ ਤੂੰ ਉਸ ਅਵਸਥਾ ਤੇ ਆ ਜਾਏਂ। ਤੂੰ ਮੁਕਲਾਵਣਹਾਰ ਦੀ ਅਵਸਥਾ ਤੱਕ ਪਹੁੰਚ। ਆਪਣਾ ਜੀਵਨ ਉਂਝ ਬਣਾ।

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥ ਹੁਣ ਜਿਹੜੀ ‘ਪੇਈਅੜੈ’ ਰਹਿੰਦੀ ਹੈ ਉਹ ‘ਸਹੁ’ ਨੂੰ ਸੇਵੇ। ‘ਸਾਹੁਰੜੈ’ ਕਿਵੇਂ ਸੁਖੀ ਵੱਸ ਸਕਦੀ ਹੈਂ? ਸਮਝਾਇਆ ਹੈ ਕਿ, ‘ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥’ (50) ‘ਪੇਈਅੜੈ’ ਦਾ ਅਰਥ ਹੈ ਸਾਡੇ ਇਸੇ ਜੀਵਨ ਵਿਚ ਜਦੋਂ ਅਸੀਂ ਦਿਨੋ ਦਿਨ ਸਿੱਖ-ਸਿੱਖ ਕੇ ਵੱਡੇ ਹੋ ਰਹੇ ਹਾਂ ਇਹ ਹੀ ‘ਪੇਈਅੜੈ’ ਹੈ। ਜਦੋਂ ਅਸੀਂ ਆਪਣੇ ਅੰਤਰ ਆਤਮੇ ਤੋਂ ਆਪਣੇ ਆਪ ਨੂੰ ਸੰਵਾਰ ਕੇ ਰੱਬ ਨਾਲ ਇੱਕਮਿਕ ਹੋ ਜਾਂਦੇ ਹਾਂ ਉਹ ਸਹੁਰਾ ਘਰ ਹੈ। ਮੁਕਲਾਵਾ ਹੋ ਗਿਆ। ਰੱਬ ਜੀ ਦੇ ਘਰ ਚਲੀ ਗਈ। ਅੰਤਰ ਆਤਮੇ ਦਾ, ‘ਆਜੁ ਮਿਲਾਵਾ ਸੇਖ ਫਰੀਦ’ ਅੱਜ ਹੀ ਹੁਣੇ ਹੀ ਮੇਲ ਹੋ ਗਿਆ।

ਇਹ ਖੇਡ ਸਾਨੂੰ ਸਮਝਣੀ ਹੈ। ਪਰ ਜਦੋਂ ਅਸੀਂ ਸੁਖ-ਦੁਖ ਦੀਆਂ ਇਹਨਾ ਗੱਲਾਂ ਤੋਂ ਉੱਤੇ ਉਠਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ। ਜਦੋਂ ਅਸੀਂ ‘ਤਪਦਾ ਪਰਉਪਕਾਰ’ ਦੀ ਬਿਰਤੀ ਰੱਖਦੇ ਹਾਂ ਤਾਂ ਪਰਉਪਕਾਰ ਕਰਨ ਵੇਲੇ ਸਾਡੇ ਸਰੀਰ ਦੇ ਜਿਤਨੇ ਵੀ ਦੁਖ, ਕਲੇਸ਼ ਹਨ ਉਹ ਦਾਰੂ ਬਣ ਜਾਂਦੇ ਹਨ। ਸਾਨੂੰ ਸੰਤੋਖ ਆ ਜਾਂਦਾ ਹੈ।

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥

ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥13॥

ਲੋਭੁ: ਦੂਜਿਆਂ ਦੇ ਪਦਾਰਥ ਲੈਣ ਦੀ ਇੱਛਾ।

ਮੋਹੁ: ਭਰਮ ਭੁਲੇਖਾ। ਬੇਹੋਸ਼ੀ ਦਾ ਮੋਹ।

ਅਭਿਮਾਨੁ: ਹੰਕਾਰ ਰੂਪੀ ਨਸ਼ੇ ਨਾਲ ਬੇਹੋਸ਼ੀ।

ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥ (1403) ਜਦੋਂ ਅਸੀਂ ਮੋਹ ਦੀ ਸ਼ਰਾਬ ਪੀ ਲੈਂਦੇ ਹਾਂ ਤਾਂ ਸਾਨੂੰ ਕੇਵਲ ਆਪਣਾ ਬੱਚਾ ਹੀ ਆਪਣਾ ਨਜ਼ਰ ਆਉਂਦਾ ਹੈ ਦੂਜੇ ਦਾ ਬੱਚਾ ਨਜ਼ਰ ਨਹੀਂ ਆਉਂਦਾ। ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥

ਸਮਝ ਹੀ ਨਹੀਂ ਆਇਆ। ਅਸੀਂ ਹਰ ਵੇਲੇ ਕੇਵਲ ਆਪਣੇ ਬੱਚੇ ਲਈ ਚਿੰਤਿਤ ਹਾਂ।

ਅਸੀਂ ਕਦੇ ਵੀ ਗਰੀਬ ਲੋੜਵੰਦ ਦੇ ਬੱਚੇ ਲਈ ਸੋਚਣ ਲਈ ਤਿਆਰ ਨਹੀ ਹਾਂ ਤੇ ਗਲ੍ਹਾਂ ਕਰਦੇ ਹਾਂ ਕਿ ਪਿਛਲੇ ਜਨਮ ਦੇ ਭਾਗਾਂ ਕਾਰਨ ਇੱਕ ਬੱਚਾ ਰੂੜੀ ਤੇ ਪੈਦਾ ਹੁੰਦਾ ਹੈ ਅਤੇ ਇੱਕ ਬੱਚਾ ਮਹਿਲਾਂ ਵਿਚ ਪੈਦਾ ਹੁੰਦਾ ਹੈ। ਰੂੜੀ ਵਾਲੇ ਨੂੰ ਪੜ੍ਹਾ ਦਿਉ, ਗੁਰਦੁਆਰੇ ਦੇ ਸੇਵਾਦਾਰ ਜੀ, ਗ੍ਰੰਥੀ ਜੀ ਇਨ੍ਹਾਂ ਦੇ ਬੱਚਿਆਂ ਨੂੰ ਉੱਚੀਆਂ ਪੜ੍ਹਾਈਆਂ ਕਰਨ ਲਈ ਬਾਹਰ ਭੇਜੀਏ, ਭਾਈ ਸਾਹਿਬ ਜੀ ਹੈਰਾਨ ਹੀ ਰਹਿ ਜਾਂਣਗੇ ਕਿ ਮੇਰਾ ਬੱਚਾ ਇਨਜੀਨਿਅਰ ਜਾਂ ਡਾਕਟਰ ਬਣਕੇ ਆ ਗਿਆ ਹੈ। ਪਰ ਅਸੀਂ ਇਹ ਕਰਨ ਲਈ ਤਿਆਰ ਹੀ ਨਹੀਂ ਹਾਂ। ਅਸੀਂ ਕਿਸੇ ਵੀ ਗਰੀਬ ਲੋੜਵੰਦ ਵੀਰ-ਭੈਣ ਨੂੰ ਉੱਚਾ ਚੁੱਕ ਕੇ ਉੱਚਾ ਇਨਸਾਨ ਬਣਾਉਣ ਨੂੰ ਤਿਆਰ ਹੀ ਨਹੀਂ ਹਾਂ। ਸਾਡੇ ਕੋਲੋਂ ਉਨ੍ਹਾਂ ਦਾ ਦੁਖ ਵੇਖਣ ਦਾ ਵਕਤ ਹੀ ਨਹੀਂ ਹੈ। ਅਸੀਂ ਕਹਿ ਰਹੇ ਹਾਂ ਕਿ ਇਹ ਇਸਦੇ ਪਿਛਲੇ ਕਰਮਾਂ ਦਾ ਲਿਖਿਆ ਹੈ।

ਅਸੀਂ ਤੇ ਇਹ ਕਹਿੰਦੇ ਹਾਂ ਕਿ ਐਥੇ ਜਿਹੜੇ ਅਮੀਰ ਹਨ ਉਹ ਪਿਛਲੇ ਜਨਮ ਦਾ ਬੀਜਿਆ ਖਾ ਰਹੇ ਹਨ। ਕੈਸੀਆਂ ਮਨ ਕੀ ਮੱਤ ਵਾਲੀਆਂ ਗੱਲਾ ਕਰਦੇ ਹਾਂ। ਇਸ ਤਰ੍ਹਾਂ ਗੱਲਾਂ ਕਰਦੇ ਹਨ ਜਿਵੇਂ ਕਿ ਉਹ ਪਿੱਛੇ ਦਾ ਸਾਰਾ ਕੁਝ ਵੇਖ ਆਏ ਹਨ। ਫਿਰ ਕਹਿੰਦੇ ਹਨ ਕਿ ਜੋ ਅੱਜ ਅਮੀਰ ਹਨ ਉਹ ਪਿਛਲਾ ਬੀਜਿਆ ਖਾ ਰਹੇ ਹਨ ਅਤੇ ਜਿਹੜੇ ਅੱਜ ਇੱਥੇ ਨਹੀਂ ਬੀਜਣਗੇ ਉਹ ਅੱਗੇ ਵੀ ਗਰੀਬ ਰਹਿਣਗੇ। ਐਸੀਆਂ ਗਲ੍ਹਾਂ ਧਾਰਮਿਕ ਦਿਵਾਨਾਂ ਵਿਚ ਕੀਤੀਆਂ ਜਾਂਦੀਆਂ ਹਨ।

ਕਦੀ ਵਿਚਾਰਕੇ ਵੇਖਣਾ ਜੇ ਸਾਨੂੰ ਕਿਸੇ ਭਿਖਾਰੀ ਤੇ ਤਰਸ ਆ ਗਿਆ ਤਾਂ ਕਾਰ ਦੀ ਖਿੜਕੀ ਖੋਲ੍ਹ ਕੇ ਉਸਨੂੰ ਚੰਦ ਪੈਸੇ ਨਹੀਂ ਫੜਾਵਾਂਗੇ। ਸਗੋਂ ਕੁਝ ਐਸਾ ਕਰਾਂਗੇ ਕਿ ਉਸ ਭਿਖਾਰੀ ਦਾ ਕੋਈ ਰੁਜ਼ਗਾਰ ਬਣਾ ਦਿਤਾ ਜਾਏ ਤਾਂ ਜੋ ਉਸਨੂੰ ਮੁੜ ਭੀਖ ਮੰਗਣੀ ਹੀ ਨਾ ਪਵੇ। ਗੁਰਦੁਆਰੇ ਜਾਂ ਮੰਦਰ ਨਾਲ ਮਿਲਕੇ, ਜਾਂ ਸਰਕਾਰ ਨਾਲ ਮਿਲਕੇ ਤੇ ਜਾਂ ਕੋਈ ਸੰਸਥਾ ਬਣਾਕੇ ਉਸ ਦੀ ਬਾਹ ਫੜ੍ਹ ਲਈਏ ਕਿ ਮੁੜਕੇ ਐਸਾ ਬੱਚਾ ਸੜਕਾਂ ਤੇ ਭੀਖ ਨਾ ਮੰਗੇ। ਇਨ੍ਹਾਂ ਲਈ ਕੋਈ ਮੁਫ਼ਤ ਸਕੂਲ ਖੋਲ ਦਈਏ, ਇਨ੍ਹਾਂ ਨੂੰ ਕੱਪੜਾ-ਜੁੱਤੀ ਲੈ ਦਈਏ ਇਹ ਧੁੱਪ ਵਿਚ ਨੰਗੇ ਪੈਰੀ ਖੜੇ੍ਹ ਹੁੰਦੇ ਹਨ। ਇਨ੍ਹਾਂ ਨੂੰ ਕੌਣ ਭੀਖ ਮੰਗਣ ਲਈ ਭੇਜਦਾ ਹੈ। ਜੇਕਰ ਉਸ ਬੱਚੇ ਦੇ ਮਾਤਾ-ਪਿਤਾ ਹੀ ਉਸਨੂੰ ਭੀਖ ਮੰਗਣ ਲਈ ਭੇਜਦੇ ਹਨ ਤਾਂ ਉਨ੍ਹਾਂ ਨੂੰ ਵੀ ਪੜ੍ਹਾਈਏ ਕਿ ਇਸ ਬੱਚੇ ਦਾ ਜੀਵਨ ਨਾ ਬਰਬਾਦ ਕਰੋ। ਜੇ ਸਮਾਜ ਵਿਚ ਐਸੀ ਚੇਤਨਾ ਆ ਜਾਏ ਤਾਂ ਮੁੜਕੇ ਕੋਈ ਬੱਚਾ ਰੂੜੀ ਤੇ ਪੈਦਾ ਨਹੀਂ ਹੋਵੇਗਾ।

ਬਿਲਕੁਲ ਸੌਖੀ ਖੇਡ ਹੈ ਪਰ ਸਾਨੂੰ ਵੰਡ ਛਕਣਾ ਪਸੰਦ ਹੀ ਨਹੀਂ ਹੈ। ਅਸੀਂ ਗੁਰੂ ਪਾਤਸ਼ਾਹ ਜੀ ਦੀ ਮਤ ਨੂੰ ਪਿੱਠ ਦਿੱਤੀ ਹੋਈ ਹੈ। ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ, ਸੋ ਸੁਖੁ ਮੋ ਕਉ ਸੰਤ ਬਤਾਵਹੁ ॥ ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥ (179) ਮਨ ਦੀ ਤ੍ਰਿਸ਼ਨਾ ਬੁਝ ਜਾਏ ਤਾਂ ਮੈਨੂੰ ਸੁੱਖ ਚੈਨ ਮਿਲੇਗਾ। ਅੱਜ ਦੇ ਨੌਜੁਆਨ ਨੂੰ ਨਹੀਂ ਕਹਿਣਾ ਪਵੇਗਾ ਕਿ ਤੁਸੀਂ ਇਹ ਮਾੜੇ ਰਸਤੇ ਤੇ ਨਾ ਜਾਉ। ਜੇ ਅਸੀਂ ਉਸਦੇ ਮੂਲ ਨੂੰ ਪਕੜ ਲਿਆ ਕਿ ਇਸਦੀ ਮੁੱਢ ਕਿੱਥੋਂ ਹੁੰਦੀ ਹੈ। ਅਸੀਂ ਕੰਮਪੀਉਟਰ ਵਿਚ ਐਂਟੀ ਵਾਈਰਸ ਲਗਾਉਦੇ ਹਾਂ ਤਾਂ ਐਸਾ ਐਂਟੀ ਵਾਇਰਸ ਅਸੀਂ ਆਪਣੀ ਮੱਤ ਤੇ ਵੀ ਲਗਾ ਦੇਈਏ ਤਾਂ ਕੀ ਇਸਨੂੰ ਭੈੜੇ ਖਿਆਲਾਂ ਦਾ ਵਾਇਰਸ ਨਾ ਆਇਆ ਕਰੇ। ਇਸ ਨੂੰ ਤ੍ਰਿਸ਼ਨਾ ਹੈ। ਇਸਨੂੰ ਰੂਪੀ ਭੁੱਖ ਹੈ, ਇਸ ਕਰਕੇ ਕੁਰਾਹੇ ਪੈਂਦਾ ਹੈ। ਇਸ ਕਰਕੇ ਬਾਹਰ ਮੁੰਡੇ ਕੁੜੀਆਂ ਦੇ ਚੱਕਰ ਵਿਚ ਜਾਂਦੇ ਹਨ। ਇਹ ਅਸ਼ਲੀਲ ਨਾਚ ਗਾਣੇ ਕਰਦਾ ਹੈ। ਸ਼ਰਾਬ ਅਤੇ ਡਰੱਗ ਲੈਂਦਾ ਹੈ। ਰੂਪੀ ਭੁੱਖ ਦੇ ਪਿੱਛੇ ਤ੍ਰਿਸ਼ਨਾ ਹੈ। ਵਿਕਾਰਾਂ ਤੋਂ ਉਪਜੇ ਰੋਗਾਂ ਬਾਰੇ ਅਸੀਂ ਸਮਝਦੇ ਜਾਈਏ ਤਾਂ ਸਾਡਾ ਜੀਵਨ ਸੰਵਰ ਸਕਦਾ ਹੈ।

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥

ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥13॥

ਪਹਿਲਾਂ ਅਸੀਂ ਸੁੱਖ ਦੁੱਖ ਦੋਵੇਂ ਅਲਗ-ਅਲਗ ਅਵਸਥਾਵਾਂ ਸਮਝ ਲਈਆਂ ਹਨ। ਹੁਣ ਇਸਨੂੰ ਇੱਕ ਸਾਕਾਰਾਤਮਕ ਦਾਇਰੇ ਵਿਚ ਵੇਖਦੇ ਹਾਂ। ਗੁਰਬਾਣੀ ਦੀ ਇਕ ਤੁੱਕ ਹੈ, ਜਾ ਕੈ ਹਰਿ ਧਨੁ ਸੋਈ ਸੁਹੇਲਾ ॥ (179)

ਜਿਸਨੂੰ ਸਚ ਦਾ ਧਨ ਮਿਲ ਜਾਂਦਾ ਹੈ ਜੋ ਸਤਿਗੁਰ ਦੀ ਮਤ ਸਮਝ ਜਾਂਦਾ ਹੈ, ਉਹ ਸੁਹੇਲਾ ਅਤੇ ਸਦੀਵੀ ਸੁਖੀ ਰਹਿੰਦਾ ਹੈ। ‘ਮਾਈ ਮੇਰੇ ਮਨ ਕੋ ਸੁਖੁ ॥’ (717) ਸਦੀਵੀ ਸੁਖ ਦੀ ਅਵਸਥਾ ਵਾਲਾ ਹਮੇਸ਼ਾ ਖੇੜੇ੍ਹ ਵਿਚ ਰਹਿੰਦਾ ਹੈ ਅਤੇ ਉਸਨੂੰ ਦੁਖ ਆਤਮਕ ਤੋਰ ਤੇ ਪੋਂਹਦਾ ਹੀ ਨਹੀਂ ਹੈ। ਉਸਨੂੰ ਦੁਖ ਲਗਦਾ ਹੀ ਨਹੀਂ ਹੈ। ਸਰੀਰ ਨੂੰ ਤਾਂ ਸੁਖ-ਦੁਖ ਲਗਦੇ ਹੀ ਹਨ।

ਮਤੇ ਕੋਈ ਸੋਚੋ ਕਿ ਕੋਈ ਬ੍ਰਹਮ ਗਿਆਨੀ ਜੀ, ਸੰਤ ਜੀ, ਹਮੇਸ਼ਾ ਸੁਖੀ ਰਹਿੰਦੇ ਹਨ। ਮਤੇ ਕੋਈ ਸੋਚੇ ਕਿ ਪੀਰ, ਪੈਗੰਬਰ, ਅਵਤਾਰ ਸੁਖੀ ਰਹਿੰਦੇ ਹਨ। ਧਰਤੀ ਤੇ ਕੋਈ ਵੀ ਇਨਸਾਨ ਐਸਾ ਨਹੀਂ ਹੈ ਜਿਸਨੂੰ ਸੁਖ ਤੇ ਦੁਖ ਸਾਂਝੇ ਜੀਵਨ ਤੇ ਨਾ ਆਉਂਦੇ ਹੋਣ। ਪਰ ਜਿਹੜੀ ਸੁਖੀ ਮਨ ਦੀ ਅਵਸਥਾ ਹੈ ਭਾਵੇਂ ਕੁਝ ਵੀ ਹੋਵੇ, ਕੈਸੇ ਵੀ ਹਾਲਾਤ ਹੋਣ ਉਹ ਹਮੇਸ਼ਾਂ ਸੁਖੀ ਮਨ ਦੀ ਅਵਸਥਾ ਵਿਚ ਹੀ ਰਹੇਗਾ। ਸਾਡੇ ਘਰ ਬਿਜਨੈਸ ਦਾ ਘਾਟਾ ਪੈ ਗਿਆ ਅਸੀਂ ਦੁਖੀ ਹੋ ਜਾਂਦੇ ਹਾਂ, ਕਿਉਂਕਿ ਆਤਮਕ ਸੁਖ ਹੁਣੇ ਪ੍ਰਾਪਤ ਹੀ ਨਹੀਂ ਕੀਤਾ। ਘਾਟੇ ਪੈ ਜਾਣ ਤਾਂ ਦੁਖੀ, ਵਾਧਾ ਪੈ ਜਾਏ ਤਾਂ ਸੁਖੀ। ਜਿਹੜਾ ਅੰਦਰੋ ਦੁਖੀ ਹੈ ਉਸਨੂੰ ਨਾ ਵੀ ਪੁੱਛੋ ਕਿ ਮੌਸਮ ਕਿੱਦਾ ਦਾ ਹੈ ਤੇ ਉਹ ਕਹੇਗਾ ਅੱਜ ਰੱਬ ਨੇ ਮੌਸਮ ਕਿੰਨਾ ਗਰਮ-ਤਪਸ਼ ਵਾਲਾ ਕੀਤਾ ਹੋਇਆ ਹੈ। ਮੈਨੂੰ ਨਫਰਤ ਹੈ ਇਸ ਮੋਸਮ ਤੋਂ। ਜਦੋਂ ਮਨੁੱਖ ਗਿਲੇ, ਸ਼ਿਕਵੇ, ਸ਼ਿਕਾਇਤਾਂ ਕਰਦਾ ਹੈ ਤਾਂ ਮਾਨੋ ਉਹ ਅੰਦਰੋਂ ਸੁਖੀ ਨਹੀਂ। ਅੰਦਰ ਸੁੱਖ ਨਾ ਹੋਵੇ ਤਾਂ ਏ.ਸੀ ਵਿਚ ਬੈਠ ਕੇ ਵੀ ਲੋਕਾਂ ਨੂੰ ਗਾਲ੍ਹਾਂ ਕਢਦਾ ਹੈ। ਤੁਸੀਂ ਵੇਖ ਲੈਣਾ ਜਿਹੜਾ ਵੱਡੀ ਏ.ਸੀ ਕਾਰ ਵਿਚ ਬੈਠਕੇ ਜਾ ਰਿਹਾ ਹੈ ਅਤੇ ਗੱਡੀ ਡ੍ਰਾਇਵਰ ਚਲਾ ਰਿਹਾ ਹੈ, ਸਾਨੂੰ ਲੱਗੇਗਾ ਕਿ ਉਹ ਬਹੁਤ ਸੁਖੀ ਹੈ ਪਰ ਹੋ ਸਕਦਾ ਹੈ ਉਹ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਵੇ, ਕੋਈ ਬੀਮਾਰੀ ਹੋਵੇ ਜਾਂ ਆਪਣੀ ਕਾਰ ਵਿਚ ਬੈਠਕੇ ਕਚਿਹਰੀ ਦਾ ਕੇਸ ਲੜਨ ਜਾ ਰਿਹਾ ਹੈ। ਉਹ ਸੁਖੀ ਨਹੀਂ ਹੈ। ਅੰਦਰੋ ਵੇਖਿਆ ਕਰੀਏ, ਬਾਹਰੋਂ ਵੇਖਕੇ ਅਸੀਂ ਭੁਲੇਖਾ ਖਾ ਜਾਂਦੇ ਹਾਂ।

ਕਹੁ ਨਾਨਕ ਸੁਨੁ ਰੇ ਮਨ ਸੋ ਮੂਰਤਿ ਭਗਵਾਨ ॥

ਜੀਵਨ ਜਾਚ ਸਮਝ ਆ ਜਾਵੇ ਕਿ ਸੁਖ-ਦੁਖ ਕੀ ਹੁੰਦੇ ਹਨ। ਜੋ ਸਦੀਵੀ ਸੁਖ ਵਾਲੀ ਅਵਸਥਾ ਵਿਚ ਆ ਜਾਂਦਾ ਹੈ ਉਸਨੂੰ ਦੁਖ ਛੂਹ ਨਹੀਂ ਸਕਦਾ ਭਾਵ ਆਤਮਕ ਤੋਰ ਤੇ ਉਸਨੂੰ ਕੋਈ ਦੁਖੀ ਨਹੀਂ ਕਰ ਸਕਦਾ। ਜੇ ਸੱਚ ਨੂੰ ਸਮਝ ਲਿਆ ਤਾਂ ਉਹ ਰੱਬ ਦੀ ਮੂਰਤ ਹੀ ਹੈ ਉਹ ਰੱਬ ਜੈਸਾ ਹੀ ਹੈ। ਲੋਭ, ਮੋਹ ਅਤੇ ਅਭਿਮਾਨ ਤੋਂ ਉੱਚਾ ਉੱਠ ਜਾਂਦਾ ਹੈ। ਇਸ ਦਾ ਮਤਲਬ ਲੋਭ, ਮੋਹ, ਅਭਿਮਾਨ ਆਦਿ ਵਿਕਾਰ ਹੀ ਸਾਡੇ ਦੁਖਾਂ ਦੇ ਕਾਰਨ ਹਨ।




.