.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਛੇਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਤੀਜੇ ਪਾਤਸ਼ਾਹ ਦੀਆਂ ਵਾਰਾਂ- ਚੇਤੇ ਰਹੇ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀਆਂ ਕੁਲ ਬਾਈ ਵਾਰਾਂ `ਚੋਂ, ਹੱਥਲੀ ਵਿਚਾਰ-ਅਧੀਨ "ਸੂਹੀ ਕੀ ਵਾਰ ਮਹਲਾ ੩" ਸਮੇਤ ਚਾਰ ਵਾਰਾਂ, ਤੀਜੇ ਪਾਤਸ਼ਾਹ, ਗੁਰੂ ਅਮਰਦਾਸ ਜੀ ਦੀਆਂ ਹਨ। ਇਹ ਵੀ ਕਿ ਸਲੋਕਾਂ ਸਮੇਤ, ਹੇਠ ਦਿੱਤੇ ਅਨੁਸਾਰ, ਉਨ੍ਹਾਂ ਸਮੂਹ ਵਾਰਾਂ ਦੀ ਅਰੰਭਕ ਪੰਕਤੀ ਨੰਬਰਵਾਰ ਇਸ ਪ੍ਰਕਾਰ ਹੈ:-

ਗੂਜਰੀ ਕੀ ਵਾਰ ਮਹਲਾ ੩ (ਅਰੰਭ) "ਇਹੁ ਜਗਤੁ ਮਮਤਾ ਮੁਆ. ." (ਪੰ: ੫੦੮)

ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩- (ਅਰੰਭ) "ਸੂਹੈ ਵੇਸਿ ਦੋਹਾਗਣੀ. ." (ਪੰ: ੭੮੫)

ਰਾਮਕਲੀ ਕੀ ਵਾਰ ਮਹਲਾ ੩ (ਅਰੰਭ) "ਸਤਿਗੁਰੁ ਸਹਜੈ ਦਾ ਖੇਤੁ ਹੈ. ." (ਪੰ: ੯੪੭)

ਮਾਰੂ ਵਾਰ ਮਹਲਾ ੩(ਅਰੰਭ) "ਵਿਣੁ ਗਾਹਕ ਗੁਣ ਵੇਚੀਐ. ." (ਪੰ: ੧੦੮੬)

ਜਦਕਿ ਇਹ ਵੀ ਕਿ ਲੜੀਵਾਰ ਇਨ੍ਹਾਂ ਚਾਰ ਵਾਰਾਂ `ਚੋਂ "ਗੂਜਰੀ ਕੀ ਵਾਰ ਮਹਲਾ ੩…."ਇਹੁ ਜਗਤੁ ਮਮਤਾ ਮੁਆ. ." (ਪੰ: ੫੦੮-੫੧੭) ਸੈਂਟਰ ਵੱਲੋਂ "sikhmarq.com" `ਤੇ ੩੦ ਕਿਸ਼ਤਾਂ `ਚ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਤਾਂ ਤੇ ਹੁਣ ਵਿਚਾਰ-ਅਧੀਨ ਵਾਰ ਹੈ:-

ੴਸਤਿ ਗੁਰਪ੍ਰਸਾਦਿ॥ ਵਾਰ ਸੂਹੀ ਕੀ ਸਲੋਕਾ ਨਾਲਿ॥ ਮਹਲਾ ੩॥ ….

ਵਾਰ ਦੀ ਬਣਤਰ-ਤੀਜੇ ਪਾਤਸ਼ਾਹ ਦੀ ਰਚਨਾ, ਸੂਹੀ ਰਾਗ ਵਿੱਚਲੀ ਇਸ ਵਾਰ `ਚ ਕੁਲ ਵੀਹ ਪਉੜੀਆਂ ਅਤੇ ੪੬ ਸਲੋਕ ਹਨ। ਹਰੇਕ ਪਉੜੀ ਪੰਜ-ਪੰਜ ਪੰਕਤੀਆਂ ਦੀ ਹੈ।

ਇਹ ਵੀ ਕਿ ਵੀਹ ਪਉੜੀਆਂ ਨਾਲ ਦਰਜ ੪੬ ਸਲੋਕਾਂ `ਚ ਪਹਿਲੇ ਪਾਤਸ਼ਾਹ ਦੇ ੨੧, ਦੂਜੇ ਪਾਤਸ਼ਾਹ ਦੇ ੧੧ ਅਤੇ ਤੀਜੇ ਪਾਤਸਾਹ ਦੇ ੧੪ ਸਲੋਕ ਹਨ।

ਉਪ੍ਰੰਤ ਵਾਰ ਦੀ ਬਣਤਰ ਅਤੇ ਵਾਰ ਵਿੱਚਲੀਆਂ ੨੦ ਪਉੜੀਆਂ ਨਾਲ ਦਰਜ ਉਪ੍ਰੋਕਤ ੪੬ ਸਲੋਕਾਂ ਦੇ ਵੇਰਵੇ ਸੰਬੰਧੀ "ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਵੱਲੋਂ" -ਹੂ-ਬ-ਹੂ ਉਨ੍ਹਾਂ ਦੇ ਲਫ਼ਜ਼ਾਂ `ਚ:-

ਵਿਸ਼ੇਸ਼ ਨੋਟ- "‘ਵਾਰ’ ਗੁਰੂ ਅਮਰਦਾਸ ਜੀ ਦੀ ਬਣਾਈ ਹੋਈ ਹੈ, ਪਰ ਉਹਨਾਂ ਦੇ ਆਪਣੇ ਸ਼ਲੋਕ ਸਿਰਫ਼ ਹੇਠ-ਲਿਖੀਆਂ ੬ ਪਉੜੀਆਂ ਦੇ ਨਾਲ ਹਨ—੧, ੨, ੩, ੫, ੬, ੯। ਪਉੜੀ ਨੰ: ੬ ਦੇ ਨਾਲ ੩ ਸ਼ਲੋਕ ਹਨ, ਬਾਕੀ ਪਉੜੀਆਂ ਨਾਲ ਦੋ ਦੋ। ਪਉੜੀ ਨੰ: ੪ ਨਾਲ ਭੀ ਗੁਰੂ ਅਮਰਦਾਸ ਜੀ ਦਾ ੧ ਸ਼ਲੋਕ ਹੈ, ਦੂਜਾ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੈ। ਬਾਕੀ ੧੩ ਪਉੜੀਆਂ ਨਾਲ ਗੁਰੂ ਅਮਰਦਾਸ ਜੀ ਦਾ ਕੋਈ ਸ਼ਲੋਕ ਨਹੀਂ ਹੈ।

ਜੇ ਗੁਰੂ ਅਮਰਦਾਸ ਜੀ ਇਹ ‘ਵਾਰ’ ਸ਼ਲੋਕਾਂ-ਸਮੇਤ ਉਚਾਰਦੇ, ਤਾਂ ਜਿਵੇਂ ਪਉੜੀਆਂ ਦੀ ਬਣਤਰ ਪੱਧਰੀ ਹੈ, ਸ਼ਲੋਕ ਭੀ ਹਰੇਕ ਪਉੜੀ ਦੇ ਨਾਲ ਉਚਾਰਦੇ ਤੇ ਗਿਣਤੀ ਇਕੋ ਜਿਹੀ ਰੱਖਦੇ। ਪਰ ੨੦ ਪਉੜੀਆਂ ਵਿਚੋਂ ਸਿਰਫ਼ ੫ ਪਉੜੀਆਂ ਨਾਲ ਦੋ ਦੋ ਸ਼ਲੋਕ; ੧ ਪਉੜੀ ਨਾਲ ੩ ਸਲੋਕ, ਤੇ ਇੱਕ ਪਉੜੀ ਨਾਲ ਸਿਰਫ਼ ੧ ਸਲੋਕ, ਬਾਕੀ ੧੩ ਪਉੜੀਆਂ ਨਾਲ ਕੋਈ ਭੀ ਸਲੋਕ ਨਾਹ—ਇਹ ਗੱਲ ਸਾਫ਼ ਇਸ ਸਿੱਟੇ ਤੇ ਅਪੜਾਂਦੀ ਹੈ ਕਿ "ਵਾਰ" ਸਿਰਫ਼ ਪਉੜੀਆਂ ਸੀ। ਗੁਰੂ ਅਮਰਦਾਸ ਜੀ ਨੇ ‘ਵਾਰ’ ਲਿਖਣ ਵੇਲੇ ਕੋਈ ਸਲੋਕ ਨਹੀਂ ਉਚਾਰਿਆ; ਇਹ ਸਲੋਕ ਉਹਨਾਂ ਦੇ ਸੰਗ੍ਰਹ ਵਿਚੋਂ ਗੁਰੂ ਅਰਜਨ ਸਾਹਿਬ ਨੇ ‘ਬੀੜ’ ਤਿਆਰ ਕਰਨ ਵੇਲੇ ਦਰਜ ਕੀਤੇ ਸਨ ਤੇ ਸਾਰੀਆਂ ਵਾਰਾਂ ਨਾਲ ਦਰਜ ਕਰਨ ਪਿਛੋਂ ਜੋ ਵਧ ਰਹੇ, ਉਹ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਵਿੱਚ ਇਕੱਠੇ "ਸਲੋਕ ਵਾਰਾਂ ਤੇ ਵਧੀਕ" ਦੇ ਸਿਰ-ਲੇਖ ਹੇਠ ਦਰਜ ਕਰ ਦਿੱਤੇ।

ਵਿਆਕਰਣ ਦੇ ਖ਼ਿਆਲ ਤੋਂ ਗੁਰੂ ਅਮਰਦਾਸ ਜੀ ਦੀ ਇਸ ‘ਰਚਨਾ’ ਵਿੱਚ ਇੱਕ ਸੁਆਦਲੀ ਗੱਲ ਮਿਲਦੀ ਹੈ। ੨੦ ਪਉੜੀਆਂ ਵਿਚੋਂ ੧੦ ਐਸੀਆਂ ਹਨ ਜਿਨ੍ਹਾਂ ਵਿੱਚ ‘ਭੂਤ ਕਾਲ’ (Past Tense) ਦਾ ਇੱਕ ਖ਼ਾਸ ਰੂਪ ਮਿਲਦਾ ਹੈ ਜਿਸ ਦੇ ਨਾਲ ਹੀ ਉਸ ਦਾ ‘ਕਰਤਾ’ (Subject) ਭੀ ਮਿਲਿਆ ਹੋਇਆ ਹੈ; ਵੇਖੋ—

ਪਉੜੀ ਨੰ: ੧—ਰਚਾਇਓਨੁ, ਸਾਜੀਅਨੁ ਪਉੜੀ ਨੰ: ੨—ਸਾਜੀਅਨੁ ਪਉੜੀ ਨੰ: ੩—ਉਪਾਇਅਨੁ ਪਉੜੀ ਨੰ: ੪—ਉਪਾਇਓਨੁ, ਪਾਇਅਨੁ, ਬੁਝਾਇਓਨੁ, ਬਖਸਿਓਨੁ ਪਉੜੀ ਨੰ: ੫—ਪਾਇਓਨੁ ਪਉੜੀ ਨੰ: ੭—ਉਪਾਈਅਨੁ ਪਉੜੀ ਨੰ: ੧੧—ਚਲਾਇਓਨੁ ਪਉੜੀ ਨੰ: ੧੨—ਲਾਇਅਨੁ ਪਉੜੀ ਨੰ: ੧੬—ਖੁਆਇਅਨੁ, ਰਚਾਇਓਨੁ ਪਉੜੀ ਨੰ: ੧੪—ਪਾਇਓਨੁ, ਚੁਕਾਇਓਨੁ

੨੦ ਪਉੜੀਆਂ ਵਿੱਚ ਇਹ ਕ੍ਰਿਆ-ਰੂਪ ੧੬ ਵਾਰੀ ਆਇਆ ਹੈ; ਐਸਾ ਪ੍ਰਤੀਤ ਹੁੰਦਾ ਹੈ ਕਿ ਇਹ ‘ਕ੍ਰਿਆ-ਰੂਪ’ ਵਰਤਣ ਦਾ ਉਹਨਾਂ ਨੂੰ ਖ਼ਾਸ ੧੪ ਸਲੋਕ ਹਨ ਸ਼ੌਕ ਸੀ।"

"ਪਉੜੀ ਵਾਰ ਭਾਵ—" - ਵਿਸ਼ੇ ਵੱਲ ਵਧਣ ਤੋਂ ਪਹਿਲਾਂ, ਬੇਸ਼ੱਕ ਅਤੀ ਸੰਖੇਪ `ਚ ਤੇ ਉਹ ਵੀ ਅਤੀ ਧੰਨਵਾਦਿ ਸਹਿਤ, ਹੂ-ਬ-ਹੂ ਪੰਥ ਦੀ ਚਲਦੀ ਫ਼ਿਰਦੀ ਯੁਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਦੇ ਸ਼ਬਦਾਂ `ਚ ਸੰਪੂਰਣ "ਵਾਰ ਸੂਹੀ ਕੀ ਮਹਲਾ ੩" ਦਾ "ਪਉੜੀ ਵਾਰ ਭਾਵ—" :-

(੧) ਜਗਤ-ਰੂਪ ਤਖ਼ਤ ਪ੍ਰਭੂ ਨੇ ਆਪ ਬਣਾਇਆ ਹੈ, ਧਰਤੀ ਜੀਵਾਂ ਦੇ ਧਰਮ ਕਮਾਣ ਲਈ ਰਚੀ ਹੈ; ਸਭ ਜੀਵਾਂ ਨੂੰ ਰਿਜ਼ਕ ਆਪ ਹੀ ਅਪੜਾਂਦਾ ਹੈ।

(੨) ਆਪਣੇ ਹੁਕਮ ਵਿੱਚ ਉਸ ਨੇ ਰੰਗਾ ਰੰਗ ਦੀ ਸ੍ਰਿਸ਼ਟੀ ਰਚੀ ਹੈ; ਕਈ ਜੀਵਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਨਾਲ ਜੋੜੀ ਰੱਖਦਾ ਹੈ, ਉਹਨਾਂ ਨੂੰ ਸੱਚੇ ਵਪਾਰੀ ਜਾਣੋ।

(੩) ਸਾਰੇ ਜੀਵ ਪ੍ਰਭੂ ਨੇ ਆਪ ਪੈਦਾ ਕੀਤੇ ਹਨ; ਮਾਇਆ ਦਾ ਮੋਹ-ਰੂਪ ਹਨੇਰਾ ਭੀ ਉਸੇ ਨੇ ਬਣਾਇਆ ਹੈ ਤੇ ਇਸ ਵਿੱਚ ਆਪ ਹੀ ਜੀਵਾਂ ਨੂੰ ਭਟਕਾ ਰਿਹਾ ਹੈ। ਇਸ ਭਟਕਣਾ ਵਿੱਚ ਪਏ ਮਨਮੁਖ ਸਦਾ ਜੰਮਣ ਮਰਨ ਦੇ ਗੇੜ ਵਿੱਚ ਰਹਿੰਦੇ ਹਨ।

(੪) ਜਗਤ ਦੀ ਅਚਰਜ ਰਚਨਾ ਪ੍ਰਭੂ ਨੇ ਆਪ ਰਚੀ ਹੈ; ਇਸ ਵਿੱਚ ਮੋਹ, ਝੂਠ ਤੇ ਅਹੰਕਾਰ ਭੀ ਉਸ ਨੇ ਆਪ ਹੀ ਪੈਦਾ ਕੀਤਾ, ਮਨਮੁਖ ਇਸ ਮੋਹ ਵਿੱਚ ਫਸ ਜਾਂਦਾ ਹੈ; ਪਰ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ ‘ਨਾਮ’ ਦਾ ਖ਼ਜ਼ਾਨਾ ਬਖ਼ਸ਼ਦਾ ਹੈ।

(੫) ਮਨਮੁਖ ਮੋਹ ਵਿੱਚ ਫਸਣ ਕਰਕੇ "ਮੈਂ, ਮੇਰੀ" ਵਿੱਚ ਖ਼ੁਆਰ ਹੁੰਦਾ ਹੈ; ਮੌਤ ਨੂੰ ਵਿਸਾਰ ਕੇ ਮਨੁੱਖਾ ਜਨਮ ਨੂੰ ਵਿਕਾਰਾਂ ਵਿੱਚ ਅਜਾਈਂ ਗਵਾ ਲੈਂਦਾ ਹੈ ਤੇ ਏਸ ਗੇੜ ਵਿੱਚ ਪਿਆ ਰਹਿੰਦਾ ਹੈ।

(੬) ਜੀਵਾਂ ਲਈ ਪ੍ਰਭੂ ਦੀ ਸਭ ਤੋਂ ਉਚੀ ਬਖ਼ਸ਼ਸ਼ ਉਸ ਦਾ ‘ਨਾਮ’ ਹੈ; ਜਿਸ ਨੂੰ ਗੁਰੂ ਦੀ ਰਾਹੀਂ ਇਹ ਖ਼ਜ਼ਾਨਾ ਮਿਲਦਾ ਹੈ ਉਸ ਨੂੰ ਫਿਰ ਤੋਟ ਨਹੀਂ ਆਉਂਦੀ ਤੇ ਉਸ ਦਾ ਮੋਹ ਦਾ ਗੇੜ ਮੁੱਕ ਜਾਂਦਾ ਹੈ।

(੭) ਜਿਨ੍ਹਾਂ ਨੂੰ ਸਤਿਗੁਰੂ ਨੇ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ ਪ੍ਰਭੂ ਦਾ ਦੀਦਾਰ ਕਰਾ ਦਿੱਤਾ ਹੈ ਉਹਨਾਂ ਦੇ ਮਨ ਤਨ ਵਿੱਚ ਸਦਾ ਠੰਢ ਵਰਤੀ ਰਹਿੰਦੀ ਹੈ; ਜਿਉਂ ਜਿਉਂ ਉਹ ਗੁਰੂ ਦੇ ਰਾਹ ਤੇ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਹਨ ਤਿਉਂ ਤਿਉਂ ਪ੍ਰਭੂ ਦੀ ਰਜ਼ਾ ਵਿੱਚ ਪ੍ਰਸੰਨ ਰਹਿੰਦੇ ਹਨ।

(੮) ਗੁਰ-ਸ਼ਬਦ ਦੀ ਰਾਹੀਂ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, "ਮੈਂ, ਮੇਰੀ" ਤਿਆਗ ਕੇ ਮਨ ਉਹਨਾਂ ਦਾ ਪਵਿਤ੍ਰ ਹੋ ਜਾਂਦਾ ਹੈ।

ਪਰ ਮਨਮੁਖ "ਮੈਂ, ਮੇਰੀ" ਵਿੱਚ ਪੈ ਕੇ ਦਾਤਾਰ ਨੂੰ ਭੁਲਾ ਬੈਠਦੇ ਹਨ।

(੯) ਪਰਮਾਤਮਾ ਦੇ ਡਰ ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ; ਤੇ ਇਹ ਡਰ ਤਦੋਂ ਹੀ ਪੈਦਾ ਹੁੰਦਾ ਹੈ ਜੇ ਸਤਿਗੁਰੂ ਦੀ ਸਰਨ ਆਵੀਏ।

(੧੦) ਗੁਰ-ਸ਼ਬਦ ਦੀ ਰਾਹੀਂ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਗੁਰੂ ਦੀ ਰਾਹੀਂ ਹੀ ਤਨ ਮਨ ਅਰਪ ਕੇ ਸਿਫ਼ਤਿ-ਸਾਲਾਹ ਕਰਨ ਦੀ ਜਾਚ ਆਉਂਦੀ ਹੈ।

(੧੧) ‘ਬੰਦਗੀ’ ਦਾ ਨੇਮ ਪ੍ਰਭੂ ਨੇ ਧੁਰੋਂ ਹੀ ਜੀਵ ਲਈ ਬਣਾ ਦਿੱਤਾ ਹੈ, ਪਰ ਬੰਦਗੀ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦੀ ਹੈ; ਸ਼ਬਦ ਦੀ ਰਾਹੀਂ ਉਸ ਦੇ ਦਰ ਤੇ ਅੱਪੜਨ ਦਾ ਪਰਵਾਨਾ ਮਿਲਦਾ ਹੈ।

(੧੨) ਮਨੁੱਖ ਦਾ ਮਨ ਜਗਤ ਦੇ ਧੰਧਿਆਂ ਵਿੱਚ ਦਸੀਂ ਪਾਸੀਂ ਦੌੜਦਾ ਹੈ, ਜੇ ਇਹ ਕਦੇ ਬੰਦਗੀ ਦੀ ਤਾਂਘ ਭੀ ਕਰੇ ਤਾਂ ਭੀ ਨਹੀਂ ਕਰ ਸਕਦਾ ਕਿਉਂਕਿ ਮਨ ਨਹੀਂ ਟਿਕਦਾ। ਸਤਿਗੁਰੂ ਮਨ ਨੂੰ ਰੋਕਦਾ ਹੈ, ਸੋ ਗੁਰੂ ਦੀ ਮਤਿ ਨਾਲ ਹੀ ‘ਨਾਮ’ ਮਿਲਦਾ ਹੈ।

(੧੩) ਜੋ ਮਨੁੱਖ ਪ੍ਰਭੂ ਨੂੰ ਵਿਸਾਰ ਕੇ ਮਾਇਆ ਵਿੱਚ ਪਿਆਰ ਪਾਂਦੇ ਹਨ ਉਹ ‘ਹਉਮੈ’ ਵਿੱਚ ਫਸ ਕੇ ਖ਼ੁਆਰ ਹੁੰਦੇ ਹਨ ਤੇ ਮਨੁੱਖਾ-ਜਨਮ ਅਜਾਈਂ ਗਵਾਂਦੇ ਹਨ।

(੧੪) ਭਾਵੇਂ ਮਾਇਆ ਦਾ ਮੋਹ ਝੂਠਾ ਹੈ ਪਰ ਜਗਤ ਇਸ ਵਿੱਚ ਫਸਿਆ ਪਿਆ ਹੈ ਤੇ "ਹਉਮੈ" ਦੇ ਲੰਮੇ ਗੇੜ ਵਿੱਚ ਪੈ ਕੇ ਦੁਖੀ ਹੋ ਰਿਹਾ ਹੈ।

(੧੫) ਜੋ ਮਨੁੱਖ ਗੁਰੂ ਦੀ ਰਾਹੀਂ ਪ੍ਰਭੂ ਦੇ ਦਰ ਤੇ ‘ਨਾਮ’ ਦੀ ਦਾਤਿ ਮੰਗਦਾ ਹੈ, ਉਹ ਹਿਰਦੇ ਵਿੱਚ ‘ਨਾਮ’ ਪ੍ਰੋ ਕੇ, ਜੋਤਿ ਮਿਲਾ ਕੇ, ਸਿਫ਼ਤਿ-ਸਾਲਾਹ ਦਾ ਇਕ-ਰਸ ਆਨੰਦ ਮਾਣਦਾ ਹੈ।

(੧੬) ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ ਜਨਮ ਸਫਲਾ ਕਰ ਲੈਂਦਾ ਹੈ, ਪ੍ਰਭੂ ਨੂੰ ਹਿਰਦੇ ਵਿੱਚ ਵਸਾਂਦਾ ਹੈ ਤੇ ਪ੍ਰਭੂ ਦਾ ਦਰ-ਰੂਪ ਨਿਰੋਲ ਆਪਣਾ ਘਰ ਲੱਭ ਲੈਂਦਾ ਹੈ ਜਿਥੋਂ ਕਦੇ ਭਟਕਦਾ ਨਹੀਂ

(੧੭) ਸਿਫ਼ਤਿ-ਸਾਲਾਹ ਕਰਨ ਵਾਲਾ ਅੰਦਰੋਂ ‘ਹਉਮੈ’ ਦੀ ਮੈਲ ਧੋ ਲੈਂਦਾ ਹੈ, ਜਗ ਵਿੱਚ ਸੋਭਾ ਪਾਂਦਾ ਹੈ ਤੇ ਚਿਰੀਂ ਵਿਛੁੜੇ ਦਾ ਮਾਲਕ ਨਾਲ ਮੇਲ ਹੋ ਜਾਂਦਾ ਹੈ।

(੧੮) ਸਿਫ਼ਤਿ-ਸਾਲਾਹ ਨਾਲ ਮਨ ਦੀਆਂ ਵਾਸਨਾਂ ਮੁੱਕ ਜਾਂਦੀਆਂ ਹਨ, ਮਨ ਪ੍ਰਭੂ ਵਿੱਚ ਪਤੀਜ ਜਾਂਦਾ ਹੈ।

(੧੯) ਜਿਉਂ ਜਿਉਂ ‘ਨਾਮ’ ਦਾ ਰਸ ਆਉਂਦਾ ਹੈ। ਤਿਉਂ ਤਿਉਂ ਹੋਰ ਲਗਨ ਵਧਦੀ ਹੈ; ਗੁਰ-ਸ਼ਬਦ ਦੀ ਰਾਹੀਂ ‘ਨਾਮ’ ਵਿੱਚ ਹੀ ਜੁੜਿਆ ਰਹਿੰਦਾ ਹੈ।

(੨੦) ਆਖ਼ਰ, ਪ੍ਰਭੂ ਤੋਂ ਬਿਨਾ ਹੋਰ ਕੋਈ ਬੇਲੀ ਨਹੀਂ ਜਾਪਦਾ, ਇੱਕ ਉਹੋ ਹੀ ਰਾਖਾ ਦਿੱਸਦਾ ਹੈ, ਕਿਸੇ ਹੋਰ ਦੀ ਆਸ ਨਹੀਂ ਰਹਿ ਜਾਂਦੀ।

ਵਾਰ ਦਾ ਸਮੁੱਚਾ ਭਾਵ— (੧) ਜਗਤ-ਰੂਪ ਤਖ਼ਤ ਰਚ ਕੇ ਪ੍ਰਭੂ ਨੇ ਇਸ ਵਿੱਚ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਬਣਾਈ। ਇਸ ਵਿੱਚ ਮੋਹ ਝੂਠ ਅਹੰਕਾਰ ਆਦਿਕ ਹਨੇਰਾ ਭੀ ਉਸ ਨੇ ਆਪ ਹੀ ਬਣਾਇਆ। ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ‘ਮੋਹ’ ਵਿੱਚ ਫਸ ਕੇ "ਮੈਂ, ਮੇਰੀ" ਵਿੱਚ ਖ਼ੁਆਰ ਹੁੰਦਾ ਹੈ ਤੇ ਵਿਕਾਰਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ।

(੨) ਸਭ ਤੋਂ ਉੱਚੀ ਦਾਤਿ ‘ਨਾਮ’ ਹੈ; ਜੋ ਗੁਰੂ ਦੇ ਸਨਮੁਖ ਹੋ ਕੇ ਜਪਦੇ ਹਨ ਉਹਨਾਂ ਦਾ ਮੋਹ ਦਾ ਗੇੜ ਮੁੱਕ ਜਾਂਦਾ ਹੈ, ਉਹਨਾਂ ਦੇ ਤਨ ਮਨ ਵਿੱਚ ਠੰਢ ਰਹਿੰਦੀ ਹੈ, ਉਹ ਰਜ਼ਾ ਵਿੱਚ ਪ੍ਰਸੰਨ ਰਹਿੰਦੇ ਹਨ, ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, "ਮੈਂ, ਮੇਰੀ" ਛੱਡਣ ਕਰਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।

(੩) ਬੰਦਗੀ ਗੁਰੂ ਦੀ ਰਾਹੀਂ ਹੀ ਹੋ ਸਕਦੀ ਹੈ ਕਿਉਂਕਿ ਪ੍ਰਭੂ ਦੇ ਡਰ ਤੋਂ ਬਿਨਾ ਭਗਤੀ ਨਹੀਂ ਹੁੰਦੀ ਤੇ ਇਸ ਡਰ ਦੀ ਸੂਝ ਗੁਰੂ ਤੋਂ ਹੀ ਪੈਂਦੀ ਹੈ, ਗੁਰੂ ਦੀ ਰਾਹੀਂ ਹੀ ਤਨ ਮਨ ਅਰਪ ਕੇ ਸਿਫ਼ਤਿ-ਸਾਲਾਹ ਕਰਨ ਦੀ ਜਾਚ ਆਉਂਦੀ ਹੈ, ਗੁਰੂ-ਸ਼ਬਦ ਦੀ ਰਾਹੀਂ ਹੀ ਉਸ ਦੇ ਦਰ ਤੇ ਅੱਪੜਨ ਦਾ ਪਰਵਾਨਾ ਮਿਲਦਾ ਹੈ, ਗੁਰੂ ਹੀ ਮਨ ਨੂੰ ਰੋਕਣ ਦੀ ਜਾਚ ਸਿਖਾਂਦਾ ਹੈ ਤੇ ਮਨ ਰੋਕਣ ਤੋਂ ਬਿਨਾ ਭਗਤੀ ਵਿੱਚ ਲੱਗ ਨਹੀਂ ਸਕੀਦਾ।

(੪) ‘ਨਾਮ’ ਵਿਸਾਰਿਆਂ ਮਾਇਆ ਦੇ ਮੋਹ ਵਿੱਚ ਫਸੀਦਾ ਹੈ ਤੇ ‘ਹਉਮੈ’ ਦੇ ਲੰਮੇ ਗੇੜ ਵਿੱਚ ਪੈ ਕੇ ਖ਼ੁਆਰ ਹੋਈਦਾ ਹੈ।

(੫) ‘ਨਾਮ’ ਸਿਮਰਨ ਵਾਲਾ ਇਕ-ਰਸ ਆਨੰਦ ਵਿੱਚ ਰਹਿੰਦਾ ਹੈ, ਸ੍ਵੈ-ਸਰੂਪ ਵਿੱਚ ਟਿਕਦਾ ਹੈ, ਹਉਮੈ ਦੀ ਮੈਲ ਧੋ ਲੈਂਦਾ ਹੈ, ਮਨ ਦੀਆਂ ਵਾਸਨਾ ਮੁੱਕ ਜਾਂਦੀਆਂ ਹਨ, ‘ਨਾਮ’ ਵਲ ਲਗਨ ਵਧਦੀ ਜਾਂਦੀ ਹੈ, ਆਖ਼ਰ ਪ੍ਰਭੂ ਹੀ ਹਰ ਥਾਂ ਬੇਲੀ ਤੇ ਰਾਖਾ ਜਾਪਦਾ ਹੈ। (ਚਲਦਾ) #Instt. 06--Suhi ki.Vaar M.3--03.18#v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਛੇਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.