.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਸੰਤਾਲ੍ਹੀਵਾਂ)

ਡੇਰਿਆਂ ਦਾ ਸਮਾਜਿਕ ਪ੍ਰਭਾਵ:

ਆਰਥਿਕ ਸੋਸ਼ਣ:

ਪੁਜਾਰੀ ਸ਼੍ਰੇਣੀ ਵਲੋਂ ਧਰਮ ਦੇ ਨਾਂ `ਤੇ ਜਿਤਨੇ ਵੀ ਪਖੰਡ ਰੱਚੇ ਜਾਂਦੇ ਹਨ, ਉਨ੍ਹਾਂ ਦਾ ਅਸਲੀ ਮੱਕਸਦ ਇਕੋ ਹੁੰਦਾ ਹੈ ਕਿ ਸਮਾਜ ਨੂੰ ਮਾਨਸਿਕ ਗ਼ੁਲਾਮ ਬਣਾ ਕੇ ਉਸ ਦਾ ਵੱਧ ਤੋਂ ਵੱਧ ਆਰਥਿਕ ਸੋਸ਼ਣ ਕੀਤਾ ਜਾ ਸਕੇ। ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਇੱਕ ਐਸੇ ਹੀ ਤਮਾਸ਼ੇ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ‘ਆਸਾ ਕੀ ਵਾਰ` ਬਾਣੀ ਵਿੱਚ ਇੰਝ ਕੀਤਾ ਹੈ:

"ਵਾਇਨਿ ਚੇਲੇ ਨਚਨਿ ਗੁਰ।। ਪੈਰ ਹਲਾਇਨਿ ਫੇਰਨਿੑ ਸਿਰ।।

ਉਡਿ ਉਡਿ ਰਾਵਾ ਝਾਟੈ ਪਾਇ।। ਵੇਖੈ ਲੋਕੁ ਹਸੈ ਘਰਿ ਜਾਇ।।

ਰੋਟੀਆ ਕਾਰਣਿ ਪੂਰਹਿ ਤਾਲ।। ਆਪੁ ਪਛਾੜਹਿ ਧਰਤੀ ਨਾਲਿ।।

ਗਾਵਨਿ ਗੋਪੀਆ ਗਾਵਨਿ ਕਾਨੑ।। ਗਾਵਨਿ ਸੀਤਾ ਰਾਜੇ ਰਾਮ।। " {ਮਃ ੧, ਪੰਨਾ ੪੬੫}

(ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ। (ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ। (ਉਹਨਾਂ ਦੇ ਪੈਰਾਂ ਨਾਲ) ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿੱਚ ਪੈਂਦਾ ਹੈ, (ਰਾਸ ਵੇਖਣ ਆਏ ਹੋਏ) ਲੋਕ (ਉਹਨਾਂ ਨੂੰ ਨੱਚਦਿਆਂ) ਵੇਖਦੇ ਹਨ ਅਤੇ ਹੱਸਦੇ ਹਨ (ਅੱਖਰੀਂ—ਲੋਕ ਵੇਖਦਾ ਹੈ ਅਤੇ ਹੱਸਦਾ ਹੈ)। (ਪਰ ਉਹ ਰਾਸਧਾਰੀਏ) ਰੋਜ਼ੀ ਦੀ ਖ਼ਾਤਰ ਨੱਚਦੇ ਹਨ ਅਤੇ ਆਪਣੇ ਆਪ ਨੂੰ ਭੁਇ `ਤੇ ਮਾਰਦੇ ਹਨ। ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ, ਕਾਨ੍ਹ (ਦੇ ਸਾਂਗ ਬਣ ਕੇ) ਗਾਉਂਦੇ ਹਨ, ਸੀਤਾ ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ।

ਇਸ ਸਾਰੇ ਪ੍ਰਸੰਗ ਵਿੱਚ ਸਤਿਗੁਰੁ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਇਹ ਸਭ ਧਰਮ ਦਾ ਵਿਖਾਵਾ ‘ਰੋਟੀਆ ਕਾਰਣਿ ਪੂਰਹਿ ਤਾਲ।। ` ਹੋ ਰਿਹਾ ਹੈ। ਲੋਕਾਈ ਨੂੰ ਧਰਮ ਦੇ ਨਾਂ `ਤੇ ਭਰਮਾ ਕੇ ਆਪਣੀ ਪੇਟ ਪੂਜਾ ਦਾ ਸਾਧਨ ਹੈ।

ਅੱਜ ਕਿਸੇ ਡੇਰੇਦਾਰ ਦੇ ਕਿਸੇ ਸਮਾਗਮ ਵਿੱਚ ਜਾਈਏ ਤਾਂ ਸਟੇਜ `ਤੇ ਭਾਂਤ ਭਾਂਤ ਦੇ ਸਾਜ ਲਈ ਬੈਠੇ ਕਈ ਚੇਲਿਆਂ ਨੂੰ ਵੇਖਕੇ ਗੁਰੂ ਨਾਨਕ ਪਾਤਿਸ਼ਾਹ ਦੇ ਬਚਨ ਸਾਖਸ਼ਾਤ ਵਾਪਰਦੇ ਨਜ਼ਰ ਆਉਂਦੇ ਹਨ। ਕੱਚੀਆਂ ਧਾਰਨਾ ਤੇ, ਇੱਕ ਲੈਅ ਅਤੇ ਇਕੋ ਤਾਲ ਵਿੱਚ ਸਾਰੇ ਚੇਲਿਆਂ ਦੇ ਖੜਕਦੇ ਹੋਏ, ਇਕੋ ਸਮੇਂ ਉਪਰ ਥੱਲੇ ਜਾਂਦੇ ਚਿਮਟੇ, ਢੋਲਕੀਆਂ, ਟੱਲੀਆਂ, ਇੱਕ ਪੂਰੀ ਤਿਆਰੀ ਨਾਲ ਖੇਡੇ ਜਾ ਰਹੇ ਨਾਟਕ ਦਾ ਨਜ਼ਾਰਾ ਪੇਸ਼ ਕਰਦੇ ਹਨ। ਇਸ ਸਾਰੇ ਤਮਾਸ਼ੇ ਦਾ ਸੱਚ ਧਰਮ ਨਾਲ ਕੋਈ ਸਬੰਧ ਨਹੀਂ ਪਰ ਇਹ ਭੋਲੀ ਭਾਲੀ ਲੋਕਾਈ ਨੂੰ ਪ੍ਰਭਾਵਤ ਕਰ ਕੇ ਉਸ ਤੋਂ ਵੱਧ ਤੋਂ ਵੱਧ ਮਾਇਆ ਕਢਵਾਉਣ ਦਾ ਸਾਧਨ ਜ਼ਰੂਰ ਹੈ।

ਡੇਰਿਆਂ ਵਲੋਂ ਕੀਤੀ ਜਾ ਰਹੀ ਆਰਥਿਕ ਲੁੱਟ ਆਪਣੀ ਭਾਵਨਾ ਨਾਲ ਕੀਤੀ ਜਾ ਰਹੀ ਭੇਟਾ ਤੱਕ ਸੀਮਤ ਨਹੀਂ ਹੈ। ਬਲਕਿ ਕੋਈ ਵਿਅਕਤੀ ਜਿਤਨਾ ਵਧੇਰੇ ਔਕੜ ਵਿੱਚ ਹੋਵੇ, ਉਤਨਾ ਵਧੇਰੇ ਇਨ੍ਹਾਂ ਧਰਮ ਦੇ ਠੇਕੇਦਾਰਾਂ ਦੀ ਲੁੱਟ ਦਾ ਸਾਧਨ ਬਣਦਾ ਹੈ। ਜਿਵੇਂ ਕੋਈ ਮਰੀਜ਼ ਕਿਸੇ ਰੋਗ ਕਾਰਨ ਡਾਕਟਰ ਕੋਲ ਜਾਵੇ ਅਤੇ ਡਾਕਟਰ ਉਸ ਨੂੰ ਹੌਂਸਲਾ ਦੇਣ ਦੀ ਬਜਾਏ, ਹੋਰ ਵੀ ਰੋਗਾਂ ਦਾ ਡਰ ਵਿਖਾ ਦੇਵੇ ਤਾਂ ਉਹ ਘਬਰਾਇਆ ਹੋਇਆ ਡਾਕਟਰ ਅਗੇ ਆਪਣੇ ਜੀਵਨ ਦੀ ਸਾਰੀ ਕਮਾਈ ਵਾਰਨ ਵਾਸਤੇ ਤਿਆਰ ਹੋ ਜਾਂਦਾ ਹੈ। ਅੱਜ ਸੇਵਾ ਭਾਵਨਾ ਵਾਲੇ, ਪਵਿੱਤਰ ਸਮਝੇ ਜਾਂਦੇ ਡਾਕਟਰਾਂ ਦੇ ਪੇਸ਼ੇ ਵਿਚ, ਬਹੁਤੇ ਥਾਈਂ ਇਹੋ ਹੋ ਰਿਹਾ ਹੈ, ਇਹ ਪਵਿੱਤਰ ਪੇਸ਼ਾ ਆਮ ਮਨੁੱਖ ਦੀ ਲੁੱਟ ਦਾ ਵੱਡਾ ਸਾਧਨ ਬਣ ਗਿਆ ਹੈ। ਇਸੇ ਤਰ੍ਹਾਂ ਇਹ ਡੇਰੇਦਾਰ ਵੀ ਧਾਰਮਿਕ ਭੇਖ ਵਿਚ, ਮਨੁੱਖਤਾ ਨੂੰ ਵੱਧ ਤੋਂ ਵੱਧ ਡਰਾ ਕੇ ਰਖਦੇ ਹਨ। ਜਿਵੇਂ ਕਿਸੇ ਰੋਗ ਵਿੱਚ ਜਕੜਿਆ, ਕਿਸੇ ਪਰਿਵਾਰਕ ਜਾਂ ਸਮਾਜਕ ਝਗੜੇ ਵਿੱਚ ਉਲਝਿਆ, ਜਾਂ ਕਿਸੇ ਕਨੂੰਨੀ ਚੱਕਰ ਵਿੱਚ ਫਸਿਆ ਵਿਅਕਤੀ ਇਨ੍ਹਾਂ ਦੇ ਚੱਕਰ ਵਿੱਚ ਫਸ ਜਾਵੇ ਤਾਂ ਪਹਿਲਾਂ ਉਸ ਦਾ ਸਾਹ ਸਤ ਹੀ ਕੱਢ ਦੇਂਦੇ ਹਨ, "ਭਾਈ ਬੜਾ ਕਠਨ ਸਮਾਂ ਚਲ ਰਿਹਾ ਹੈ ਤੇਰੇ ਤੇ, ਸਾਰੇ ਗ੍ਰਹ ਪੁੱਠੇ ਚਲ ਰਹੇ ਹਨ। ਅਜੇ ਤਾਂ ਇਹ ਸ਼ੁਰੂਆਤ ਹੈ, ਕਿਉਂਕਿ ਤੇਰੇ ਉਤੇ ਤਾਂ ਸਾਢ ਸਤੀ ਸ਼ੁਰੂ ਹੋ ਚੁੱਕੀ ਹੈ ਆਦਿ. . । ਪਰ ਤੂੰ ਫਿਕਰ ਨਾ ਕਰ ਮਹਾਪੁਰਖਾਂ ਦੀ ਸ਼ਰਨ ਵਿੱਚ ਆ ਗਿਆ ਹੈਂ, ਸਭ ਸੰਭਾਲ ਲੈਣਗੇ। "

ਮਨ ਲਓ! ਕਿ ਕੋਈ ਵਿਅਕਤੀ ਕਿਸੇ ਕਾਨੂੰਨੀ ਚੱਕਰ ਵਿੱਚ ਫਸ ਗਿਆ ਹੈ, ਐਸੇ ਹਾਲਾਤ ਵਿੱਚ ਉਲਝੇ ਲੋਕ ਆਪਣੀ ਕਾਨੂੰਨੀ ਚਾਰਾਗੋਈ ਤਾਂ ਕਰਦੇ ਹੀ ਹਨ, ਆਪਣੀ ਸਮਰੱਥਾ ਮੁਤਾਬਕ ਹਰ ਕੋਈ ਚੰਗੇ ਤੋਂ ਚੰਗਾ ਵਕੀਲ ਕਰਦਾ ਹੈ, ਪਰ ਇਹ ਉਸ ਨੂੰ ਐਸਾ ਮਾਨਸਿਕ ਟੀਕਾ ਲਾਉਂਦੇ ਹਨ ਕਿ ਉਨ੍ਹਾਂ ਨੂੰ ਵਧੇਰੇ ਵਿਸ਼ਵਾਸ ਅਖੌਤੀ ਮਹਾਪੁਰਖਾਂ ਦੀ ਸ਼ਕਤੀ `ਤੇ ਹੋ ਜਾਂਦਾ ਹੈ। ਇਹ ਵੀ ਉਸ ਦਾ ਪੂਰਾ ਲਾਭ ਚੁੱਕ ਕੇ ਕਦੇ ਪੂਜਾ ਕਰਨ ਦੇ ਨਾਂ `ਤੇ, ਕਦੇ ਸੰਪਟ ਪਾਠਾਂ ਦੇ ਨਾਂ `ਤੇ ਜਾਂ ਹੋਰ ਅਧਿਆਤਮਕ ਚਾਰਾਗੋਈ ਦੇ ਨਾਂ `ਤੇ ਕਈ ਡਰਾਮੇ ਰਚਦੇ ਹਨ। ਇਸ ਸਭ ਨਾਲ ਜਿਥੇ ਸ਼ਰਧਾਲੂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਬਾਬਾ ਜੀ ਨੇ ਸਾਡੇ ਵਾਸਤੇ ਬਹੁਤ ਯਤਨ ਕੀਤੇ ਹਨ, ਇਨ੍ਹਾਂ ਨੂੰ ਇਸੇ ਬਹਾਨੇ ਉਨ੍ਹਾਂ ਨੂੰ ਵਧੇਰੇ ਲੁੱਟਣ ਦਾ ਮੌਕਾ ਮਿਲ ਜਾਂਦਾ ਹੈ। ਐਸੇ ਹਾਲਾਤ ਵਿੱਚ ਉਂਝ ਵੀ ਇਹ ਲੋਕ ਇਨ੍ਹਾਂ ਦੀ ਖੂਬ ਸੇਵਾ ਕਰਦੇ ਹਨ, ਤਾਂਕਿ ਮਹਾਪੁਰਖ (?) ਪ੍ਰਸੰਨ ਰਹਿਣ ਅਤੇ ਉਨ੍ਹਾਂ ਦੀ ਬਖਸ਼ਿਸ਼ ਬਣੀ ਰਹੇ। ਐਸੇ ਲੋਕ ਆਪਣੇ ਕੇਸ ਦੇ ਹਾਂ ਪੱਖੀ ਹੋਣ ਕਾਰਨ ਜਾਂ ਵਕੀਲ ਦੀ ਸਿਆਣਪ ਨਾਲ ਕੇਸ ਜਿੱਤ ਜਾਣ ਤਾਂ ਉਸ ਨੂੰ ਬਾਬੇ ਦੀ ਕਰਾਮਾਤ ਹੀ ਸਮਝਦੇ ਹਨ ਅਤੇ ਬਾਬੇ ਦੀ ਸ਼ੋਹਰਤ ਹੋਰ ਵਧ ਜਾਂਦੀ ਹੈ। ਇਨ੍ਹਾਂ ਵਿਚੋਂ ਜਿਹੜੇ ਕੇਸ ਹਾਰ ਜਾਂਦੇ ਹਨ, ਉਹ ਇੱਕ ਤਾਂ ਅਦਾਲਤੀ ਖਰਚਿਆਂ ਕਾਰਨ ਬਰਬਾਦ ਹੁੰਦੇ ਹਨ, ਉਤੋਂ ਅਖੌਤੀ ਮਹਾਪੁਰਖ ਉਨ੍ਹਾਂ ਦੀ ਰਹਿੰਦੀ ਖੁਹੰਦੀ ਬਰਬਾਦੀ ਦਾ ਕਾਰਨ ਬਣਦੇ ਹਨ। ਲੇਕਿਨ ਸਮਾਜ ਵਿੱਚ ਚਰਚਾ ਸਿਰਫ ਜਿਤੇ ਹੋਏ ਕੇਸਾਂ ਦੀ ਹੀ ਹੁੰਦੀ ਹੈ। ਜਦਕਿ ਆਪ ਇਹ ਡੇਰੇਦਾਰ ਆਪਣੀਆਂ ਗੱਦੀਆਂ ਦੇ ਝਗੜਿਆਂ ਅਤੇ ਡੇਰਿਆਂ ਦੇ ਕਬਜ਼ੇ ਦੇ ਝਗੜਿਆਂ ਵਾਸਤੇ ਵੱਡੇ ਤੋਂ ਵੱਡੇ ਵਕੀਲ ਕਰਦੇ ਹਨ ਅਤੇ ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੋ ਸਕਦਾ ਕਿ ਮਹਾਪੁਰਖਾਂ (?) ਦੀ ਇੱਕ ਧਿਰ ਤਾਂ ਹਾਰਦੀ ਹੀ ਹੈ। ਬਿਲਕੁਲ ਇਹੀ ਕਹਾਣੀ ਕਿਸੇ ਰੋਗ ਗ੍ਰਸਤ ਜਾਂ ਕਿਸੇ ਹੋਰ ਸਮੱਸਿਆ ਵਿੱਚ ਉਲਝੇ ਵਿਅਕਤੀ ਦੀ ਹੁੰਦੀ ਹੈ।

ਬਾਹਰੋਂ ਚਿੱਟੇ ਕਪੜਿਆਂ ਵਿੱਚ ਧਰਮੀ ਨਜ਼ਰ ਆਉਣ ਵਾਲੇ ਅਖੌਤੀ ਮਹਾਪੁਰਖਾਂ ਦੀ ਅਸਲੀਅਤ ਬਿਲਕੁਲ ਬਗਲੇ ਭਗਤਾਂ ਵਾਲੀ ਹੈ। ਇਨ੍ਹਾਂ ਦੇ ਹਿਰਦੇ ਇਤਨੇ ਕਠੋਰ ਹਨ ਕਿ ਕਿਸੇ ਔਕੜ ਵਿੱਚ ਫਸੇ ਵਿਅਕਤੀਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਉਹ ਵਿਚਾਰਾ ਤਾਂ ਇਸ ਆਸ ਵਿੱਚ ਉਥੇ ਆਉਂਦਾ ਹੈ ਕਿ ਮਹਾਪੁਰਖਾਂ ਕੋਲ ਜਾ ਕੇ ਉਸ ਦੀ ਸਮੱਸਿਆ ਦਾ ਕੁੱਝ ਹੱਲ ਨਿਕਲ ਆਵੇਗਾ ਪਰ ਉਥੇ ਉਸ ਦੀ ਰਹਿੰਦੀ ਖੁਹੰਦੀ ਛਿਲ ਵੀ ਲਾਹ ਲਈ ਜਾਂਦੀ ਹੈ। ਗੱਲ ਵੀ ਠੀਕ ਹੈ, ਇਨ੍ਹਾਂ ਵਾਸਤੇ ਤਾਂ ਇਹ ਧੰਦਾ ਹੈ ਔਰ ਧੰਦੇ ਵਿੱਚ ਲਿਹਾਜ ਕੈਸਾ ਤੇ ਸ਼ਰਮ ਕੈਸੀ?

ਭੋਲੇਪਨ ਵਿੱਚ ਉਹ ਵਿਚਾਰਾ ਸ਼ਰਧਾਲੂ ਇਹੀ ਸਮਝਦਾ ਰਹਿੰਦਾ ਹੈ ਕਿ ਉਸ ਦਾ ਭਲਾ ਕੀਤਾ ਜਾ ਰਿਹਾ ਹੈ ਅਤੇ ਇਸੇ ਭਰਮ ਵਿੱਚ ਅਖੌਤੀ ਮਹਾਪੁਰਖਾਂ ਵਲੋਂ ਦੱਸੇ ਕਰਮਕਾਂਡਾਂ ਵਿੱਚ ਆਪਣਾ ਰਹਿੰਦਾ ਖੁਹੰਦਾ ਝੁੱਗਾ ਵੀ ਉਜਾੜ ਲੈਂਦਾ ਹੈ। ਇਸ ਵਿਚੋਂ ਬਹੁਤਾ ਸਿਧੇ ਜਾਂ ਅਸਿਧੇ ਰੂਪ ਵਿੱਚ ਅਖੌਤੀ ਸੰਤਾਂ ਦੀ ਝੋਲੀ ਵਿੱਚ ਪੈ ਜਾਂਦਾ ਹੈ। ਪ੍ਰਮਾਣ ਦੇ ਤੌਰ `ਤੇ ਇੱਕ ਨਿਜੀ ਮਿੱਤਰ ਦੀ ਸੱਚੀ ਦਾਸਤਾਨ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ।

ਮੇਰੇ ਇੱਕ ਦੋਸਤ ਨੂੰ ਵਪਾਰ ਵਿੱਚ ਬਹੁਤ ਨੁਕਸਾਨ ਹੋ ਗਿਆ। ਕਾਰੋਬਾਰ ਵਿੱਚ ਉਹ ਕਾਫੀ ਹੱਥ ਪੈਰ ਮਾਰ ਰਿਹਾ ਸੀ ਪਰ ਕੋਈ ਵੀ ਪਾਸਾ ਸਿੱਧਾ ਨਹੀਂ ਸੀ ਪੈ ਰਿਹਾ। ਇਹੋ ਜਿਹੇ ਸਮੇਂ ਜਿਥੇ ਬੰਦਾ ਅਕਸਰ ਡੋਲ ਜਾਂਦਾ ਹੈ, ਉਥੇ ਕਿਸੇ ਦੇ ਕਹੇ ਵਿੱਚ ਆ ਕੇ ਗੁੰਮਰਾਹ ਵੀ ਛੇਤੀ ਹੋ ਜਾਂਦਾ ਹੈ। ਉਸ ਨੂੰ ਵੀ ਕਿਸੇ ਮਿੱਤਰ ਨੇ ਇੱਕ ਅਖੌਤੀ ਬਾਬੇ ਕੋਲ ਜਾਣ ਦੀ ਸਲਾਹ ਦੇ ਦਿੱਤੀ। ਇਸ ਬਾਬੇ ਨੇ ਚੰਡੀਗੜ੍ਹ ਦੇ ਨੇੜੇ ਕਾਲਕਾ ਸ਼ਹਿਰ ਵਿੱਚ ਆਪਣੇ ਘਰ ਵਿੱਚ ਹੀ ਆਪਣਾ ਡੇਰਾ ਬਣਾਇਆ ਹੋਇਆ ਸੀ। ਪਹਿਲਾਂ ਇਹ ਡੇਰਾ ਉਸ ਦੀ ਮਾਂ ਚਲਾਉਂਦੀ ਸੀ। ਉਸ ਨੇ ਇਹ ਪਖੰਡ ਰੱਚਿਆ ਹੋਇਆ ਸੀ ਕਿ ਉਸ ਅੰਦਰ ਬਾਬਾ ਦੀਪ ਸਿੰਘ ਸ਼ਹੀਦ ਦੀ ਜੋਤ (ਰੂਹ) ਆਉਂਦੀ ਹੈ। ਜਿਵੇਂ ਹਿੰਦੂ ਦੇਵੀ-ਦੇਵਤਿਆਂ ਦੀਆਂ ਚੌਂਕੀਆਂ ਭਰਨ ਦਾ ਪਖੰਡ ਕਰਦੇ ਹਨ, ਉਹ ਬੀਬੀ ਵੀ ਇਹੀ ਪਖੰਡ ਕਰਦੀ ਸੀ। ਉਸ ਦੀ ਮੌਤ ਤੋਂ ਬਾਅਦ ਲਗਿਆ ਲਗਾਇਆ ਧੰਦਾ ਪੁੱਤਰ ਨੂੰ ਵਿਰਾਸਤ ਵਿੱਚ ਮਿਲ ਗਿਆ ਅਤੇ ਇਹੀ ਪਖੰਡ ਪੁੱਤਰ ਨੇ ਸ਼ੁਰੂ ਕਰ ਦਿੱਤਾ।

ਉਸ ਪਖੰਡੀ ਬਾਬੇ ਨੇ ਕੁੱਝ ਸਮੇਂ ਦੀ ਸਮਾਧੀ ਲਗਾਉਣ ਦਾ ਪਖੰਡ ਕਰ ਕੇ ਮੇਰੇ ਮਿੱਤਰ ਨੂੰ ਦੱਸਿਆ ਕਿ ਬਾਬਾ ਜੀ (ਬਾਬਾ ਦੀਪ ਸਿੰਘ ਜੀ) ਇਹ ਕਹਿ ਰਹੇ ਹਨ ਕਿ ਉਸ `ਤੇ ਅਜੇ ਕਾਫੀ ਸਮਾਂ ਭਾਰੀ ਹੈ, ਪਰ ਕੁੱਝ ਉਪਾਅ ਕਰਨ ਨਾਲ ਸਭ ਠੀਕ ਹੋ ਜਾਵੇਗਾ। ਆਪਣੇ ਚੇਲੇ ਵਲ ਇਸ਼ਾਰਾ ਕਰ ਕੇ ਉਸ ਨੇ ਕਿਹਾ ਕਿ ਭਾਈ ਸਾਹਿਬ ਤੁਹਾਨੂੰ ਸਾਰੇ ਉਪਾਅ ਦੱਸ ਦੇਣਗੇ। ਉਸ ਦੇ ਚੇਲੇ ਨੇ ਉਪਾਅ ਵਿੱਚ ਪਹਿਲੀ ਗੱਲ ਇਹ ਦੱਸੀ ਕਿ ਆਪਣੇ ਘਰ ਮਹਾਪੁਰਖਾਂ (ਉਸ ਅਖੌਤੀ ਸੰਤ ਜੀ) ਦੀ ਫੋਟੋ ਲਗਾਓ, ਨਾਲ ਹੀ ਇਹ ਦੱਸ ਦਿੱਤਾ ਕਿ ਬਜ਼ਾਰ ਵਿੱਚ ਫਲਾਣੀ ਦੁਕਾਨ ਤੋਂ ਇਹ ਫੋਟੋ ਮਿਲ ਜਾਵੇਗੀ। ਫਿਰ ਕਾਫੀ ਸਾਰਾ ਸਮਾਨ ਲਿਖਾਇਆ ਅਤੇ ਦੋ ਤਿੰਨ ਇਤਿਹਾਸਕ ਗੁਰਦੁਆਰਿਆਂ ਦੀ ਲਿਸਟ ਦਿੱਤੀ ਅਤੇ ਕਿਹਾ ਕਿ ਇਹ ਸਮਾਨ ਲੈ ਕੇ ਸੰਗ੍ਰਾਂਦ ਵਾਲੇ ਦਿਨ ਇਨ੍ਹਾਂ ਵਿਚੋਂ ਕਿਸੇ ਗੁਰਦੁਆਰੇ ਵਿੱਚ ਦਾਨ ਕਰ ਦਿਓ ਅਤੇ ਅਰਦਾਸ ਕਰਾਓ। ਉਸ ਲਿਸਟ ਵਿੱਚ ਉਸ ਦੇ ਆਪਣੇ ਡੇਰੇ ਦਾ ਨਾਂ ਵੀ ਸੀ, ਸੋ ਮੇਰੇ ਮਿੱਤਰ ਨੇ ਉਸ ਦੇ ਡੇਰੇ `ਤੇ ਦੇਣਾ ਹੀ ਠੀਕ ਸਮਝਿਆ, ਕਿ ਕੋਈ ਕਮੀ ਹੋਈ ਤਾਂ ਆਪੇ ਦੱਸ ਦੇਣਗੇ, ਨਾਲੇ ਅਰਦਾਸ ਵੀ ਮਹਾਪੁਰਖ ਆਪ ਕਰ ਦੇਣਗੇ। ਇਸ ਤੋਂ ਇਲਾਵਾ ਉਸ ਨੇ ਆਪਣੇ ਘਰ ਵਿੱਚ ਸਮਾਗਮ ਕਰਾਉਣ ਲਈ ਅਤੇ ਅਖੌਤੀ ਬਾਬਾ ਜੀ ਦੇ ਚਰਨ ਘਰ ਪਵਾਉਣ ਲਈ ਕਿਹਾ।

ਮੈਨੂੰ ਇਸ ਸਾਰੀ ਕਹਾਣੀ ਦਾ ਪਤਾ ਉਦੋਂ ਲੱਗਾ ਜਦੋਂ ਮੈਂ ਉਸ ਦੇ ਘਰ ਸਮਾਗਮ `ਤੇ ਗਿਆ। ਅਖੌਤੀ ਮਹਾਪੁਰਖਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਅਗਾਊਂ ਪਾਰਟੀ ਆਈ ਹੋਈ ਸੀ। ਉਹੀ ਕੀਰਤਨ ਕਰ ਰਹੇ ਸਨ ਅਤੇ ਸਤਿਗੁਰੂ ਨਾਲੋਂ ਅਖੌਤੀ ਸੰਤਾਂ ਦੇ ਗੁਣ ਵਧੇਰੇ ਗਾ ਰਹੇ ਸਨ। ਉਨ੍ਹਾਂ ਸ਼ਬਦ ਵੀ ਬੜਾ ਚੁਣ ਕੇ ਲਾਇਆ ਸੀ:

"ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ।।

ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ।। " (ਪੰਨਾ ੧੩੬੪)

ਸੁਭਾਵਕ, ਉਨ੍ਹਾਂ ਵਾਸਤੇ ਸੰਤ ਦਾ ਭਾਵ ਉਨ੍ਹਾਂ ਦਾ ਅਖੌਤੀ ਮਹਾਪੁਰਖ ਸੀ। ਇਸ ਗੱਲ ਨੇ ਆਪਣਾ ਪੂਰਾ ਪ੍ਰਭਾਵ ਵਿਖਾਇਆ। ਅਖੌਤੀ ਬਾਬਾ ਜੀ ਦੇ ਆਉਣ `ਤੇ ਸੰਗਤਾਂ ਇਹ ਵੀ ਭੁੱਲ ਗਈਆਂ ਕਿ ਪਾਤਿਸ਼ਾਹਾਂ ਦੇ ਪਾਤਿਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ ਅਤੇ ਕਈ ਸਿਰ ਉਸ ਅਖੌਤੀ ਮਹਾਪੁਰਖ ਦੇ ਸਤਿਕਾਰ ਵਿੱਚ ਝੁੱਕ ਗਏ। ਬਾਬੇ ਨੇ ਵੀ ਕਿਆ ਭੇਖ ਬਣਾਇਆ ਹੋਇਆ ਸੀ। ੩੦-੩੫ ਸਾਲ ਦਾ ਨੌਜੁਆਨ, ਸਿਰ ਉਤੇ ਦਮਾਲੇ ਉਤੇ ਦੋ ਚੱਕਰ ਪਾਏ ਹੋਏ ਅੱਗੇ ਖੰਡਾ (ਪੰਥਕ ਚਿਨ੍ਹ) ਲਾਇਆ ਹੋਇਆ। ਚਿੱਟੇ ਲੰਬੇ ਚੋਲੇ ਦੇ ਉਤੇ ਆਪਣੇ ਦਮਾਲੇ ਦੇ ਰੰਗ ਦਾ ਨੀਲਾ ਕਮਰਕੱਸਾ ਬੰਨ੍ਹਿਆਂ ਹੋਇਆ। ਨੀਲੇ ਰੰਗ ਦੇ ਗਾਤਰੇ ਵਿੱਚ ਛੋਟੀ ਕ੍ਰਿਪਾਨ ਅਲੱਗ ਪਾਈ ਹੋਈ ਅਤੇ ਹੱਥ ਵਿੱਚ ਤਿੰਨ ਫੁਟੀ ਕ੍ਰਿਪਾਨ ਅਲੱਗ ਪਕੜੀ ਹੋਈ। ਆਪਣੀ ਜਾਚੇ ਤਾਂ ਉਹ ਆਪ ਪੂਰਾ ਬਾਬਾ ਦੀਪ ਸਿੰਘ ਸ਼ਹੀਦ ਹੀ ਬਣਿਆ ਹੋਇਆ ਸੀ।

ਸਮਾਗਮ ਖਤਮ ਹੋਇਆ ਤਾਂ ਉਥੇ ਕਈ ਹੋਰ ਪੁੱਛਾਂ ਪੁੱਛਣ ਵਾਲਿਆਂ ਨੇ ਉਸ ਨੂੰ ਘੇਰਾ ਪਾ ਲਿਆ। ਉਸ ਨੇ ਇਕੋ ਜੁਆਬ ਵਿੱਚ ਸਾਰਿਆਂ ਨੂੰ ਠੰਡਾ ਕਰ ਦਿੱਤਾ ਕਿ ਸਾਡਾ ਸਥਾਨ (ਡੇਰਾ) ਬਖਸ਼ਿਸ਼ ਵਾਲਾ ਹੈ, ਇਥੇ ਸਾਡਾ ਧਿਆਨ ਨਹੀਂ ਲੱਗਦਾ। ਜਿਸ ਨੇ ਕੁੱਝ ਪੁੱਛਣਾ ਹੈ, ਉਥੇ ਡੇਰੇ `ਤੇ ਆਵੇ। ਇਸ ਤਰ੍ਹਾਂ ਹੋਰ ਕਈ ਗ੍ਰਾਹਕ ਪੱਕੇ ਕਰ ਲਏ। ਮੇਰੇ ਦੋਸਤ ਨੇ ਤਾਂ ਆਪਣੀ ਸਮਰੱਥਾ ਤੋਂ ਵੱਧ ਕੇ ਉਸ ਅਖੌਤੀ ਬਾਬਾ ਜੀ ਨੂੰ ਅਤੇ ਉਸ ਦੇ ਰਾਗੀਆਂ ਨੂੰ ਮਾਇਕ ਭੇਟਾ ਕੀਤੀ ਹੀ, ਰਾਗੀਆਂ ਦੇ ਵਾਜੇ `ਤੇ ਆਈ ਕੀਰਤਨ ਭੇਟਾ ਉਤੇ ਵੀ ਉਨ੍ਹਾਂ ਦਾ ਹੱਕ ਹੀ ਸੀ, ਸੰਗਤ ਵਲੋਂ ਗੁਰੂ ਗ੍ਰੰਥ ਸਾਹਿਬ ਅਗੇ ਭੇਟ ਕੀਤੀ ਮਾਇਆ ਵਿਚੋਂ ਸਤਿਗੁਰੂ ਦੀ ਸਵਾਰੀ ਵਾਸਤੇ ਗਿਆਰ੍ਹਾਂ ਰੁਪਏ ਦਰਸ਼ਨ ਭੇਟਾ ਛੱਡ ਕੇ, ਬਾਕੀ ਆਈ ਸਭ ਮਾਇਆ ਉਸ ਦੇ ਚੇਲਿਆਂ ਨੇ ਇਕੱਠੀ ਕੀਤੀ ਅਤੇ ਅਖੌਤੀ ਮਹਾਪੁਰਖ ਜੈਕਾਰਿਆਂ ਦੀ ਗੂੰਜ ਵਿੱਚ ਉਥੋਂ ਰਵਾਨਾ ਹੋ ਗਏ।

ਉਸ ਅਖੌਤੀ ਸੰਤ ਜੀ ਦੇ ਉਥੇ ਆਉਂਦਿਆਂ ਹੀ ਮੈਨੂੰ ਉਸ ਦਾ ਚਿਹਰਾ ਕਾਫੀ ਜਾਣਿਆ ਪਹਿਚਾਣਿਆਂ ਨਜ਼ਰ ਆਇਆ। ਦਿਮਾਗ਼ `ਤੇ ਥੋੜ੍ਹਾ ਜ਼ੋਰ ਪਾਇਆ ਤਾਂ ਯਾਦ ਆ ਗਿਆ ਕਿ ਕੁੱਝ ਸਮਾਂ ਪਹਿਲੇ ਤੱਕ ਮੈਂ ਉਸ ਨੂੰ ਕਈ ਵਾਰੀ ਚੰਡੀਗੜ੍ਹ ਦੇ ਸਿਨਮਿਆਂ ਵਿੱਚ ਫਿਲਮ ਦੀ ਟਿਕਟ ਲਈ ਲਾਈਨ ਵਿੱਚ ਲਗਿਆ ਜਾਂ ਦੌੜ ਭੱਜ ਕਰਦਿਆਂ ਵੇਖਿਆ ਸੀ। ਮੈਂ ਇਹ ਗੱਲ ਉਸੇ ਵੇਲੇ ਆਪਣੇ ਮਿੱਤਰ ਨਾਲ ਸਾਂਝੀ ਕੀਤੀ ਤਾਂ ਉਹ ਕਹਿਣ ਲੱਗਾ ਕਿ ਹਾਂ ਮੈਨੂੰ ਪਤਾ ਹੈ, ਇਹ ਪਹਿਲਾਂ ਇਸ ਤਰ੍ਹਾਂ ਹੀ ਸਨ। ਇਨ੍ਹਾਂ `ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਇਨ੍ਹਾਂ ਦੀ ਮਾਤਾ ਜੀ ਦੀ ਮੌਤ ਤੋਂ ਬਾਅਦ ਹੋਈ ਹੈ। ਬਾਬਾ ਜੀ ਦੀ ਜੋਤਿ ਪਹਿਲਾਂ ਉਨ੍ਹਾਂ ਵਿੱਚ ਆਉਂਦੀ ਸੀ, ਹੁਣ ਇਨ੍ਹਾਂ ਵਿੱਚ ਆਉਂਦੀ ਹੈ। ਮੇਰੇ ਪੁੱਛਣ `ਤੇ ਉਸ ਉਪਰਲੀ ਸਾਰੀ ਗੱਲ ਦੱਸੀ ਕਿ ਉਹ ਉਸ ਕੋਲ ਕਿਵੇਂ ਪਹੁੰਚਿਆ ਅਤੇ ਕੀ ਕੁੱਝ ਵਾਪਰਿਆ। ਮੈਂ ਆਪਣੇ ਦੋਸਤ ਨੂੰ ਕੁੱਝ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਦੀ ਓਟ ਆਸਰਾ ਛੱਡ ਕੇ ਇਧਰ ਉਧਰ ਭਟਕਣ ਦਾ ਕੋਈ ਲਾਭ ਨਹੀਂ। ਪਰ ਉਹ ਮਨ ਭਰ ਕੇ ਕਹਿਣ ਲੱਗਾ ਕਿ ਵੀਰ ਜੀ ਕੀ ਕਰਾਂ? ਇੱਕ ਵਾਰੀ ਪੈਰ ਥਿੜਕ ਗਿਐ ਤਾਂ ਹੁਣ ਟਿਕਣ ਵਿੱਚ ਹੀ ਨਹੀਂ ਆ ਰਿਹਾ। ਫਿਰ ਉਸ ਦੀ ਦਲੀਲ ਸੀ ਕਿ ਬਾਬਾ ਜੀ ਵੀ ਤਾਂ ਗੁਰੂ ਨਾਲ ਹੀ ਜੋੜ ਰਹੇ ਹਨ। ਸਮੇਂ ਦੀ ਨਜ਼ਾਕਤ ਸਮਝ ਕੇ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ। ਮੈਨੂੰ ਇਹ ਮੰਨਣ ਵਿੱਚ ਕੋਈ ਇਤਰਾਜ ਨਹੀਂ ਕਿ ਉਸ ਵੇਲੇ ਤੱਕ ਮੈਨੂੰ ਵੀ ਗੁਰਮਤਿ ਦੀ ਬਹੁਤੀ ਸੋਝੀ ਨਹੀਂ ਸੀ।

ਇਹ ਨਹੀਂ ਕਿ ਇਹ ਜ਼ੁਲਮ ਕੇਵਲ ਫਸਿਆਂ ਉਤੇ ਹੀ ਢਾਹੁੰਦੇ ਹਨ। ਇਹ ਤਾਂ ਇਨ੍ਹਾਂ ਵਿੱਚ ਪੂਰੀ ਸ਼ਰਧਾ ਰੱਖ ਕੇ, ਆਪ ਇਨ੍ਹਾਂ ਅੱਗੇ ਲੱਖਾਂ ਰੁਪਏ ਜਾਂ ਜਮੀਨ ਜਾਇਦਾਦਾਂ ਭੇਟ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਦੇ। ਚੰਡੀਗੜ੍ਹ ਦੇ ਬਾਹਰਵਾਰ ਸੁਖਨਾ ਝੀਲ ਦੇ ਪਿਛਲੇ ਪਾਸੇ ਇੱਕ ਪ੍ਰਿਤਪਾਲ ਸਿੰਘ ਨਾਂ ਦੇ ਪਖੰਡੀ ਸਾਧ ਨੇ ਆਪਣਾ ਡੇਰਾ ਬਣਾਇਆ ਹੋਇਆ ਹੈ। ਇਸ ਨੇ ਆਪਣੇ ਡੇਰੇ ਦਾ ਨਾਂ ਗੁਰਸਾਗਰ ਸਾਬ੍ਹ ਰਖਿਆ ਹੋਇਆ ਹੈ। ਇਹ ਡੇਰਾ ਝੀਲ ਦੇ ਨੇੜੇ ਹੋਣ ਕਾਰਨ ਇਸ ਨੂੰ ਝੀਲ ਵਾਲਾ ਬਾਬਾ ਵੀ ਕਹਿੰਦੇ ਹਨ। ਸੰਨ ੨੦੦੭ ਤੋਂ ੨੦੧੦ ਤੱਕ ਇਹ ਅਖੌਤੀ ਬਾਬਾ ਕਈ ਵਾਰੀ ਅਖਬਾਰਾਂ ਅਤੇ ਪੰਜਾਬੀ ਦੇ ਟੀ. ਵੀ. ਚੈਨਲਾਂ ਦੀਆਂ ਮੁੱਖ ਖਬਰਾਂ ਵਿੱਚ ਰਿਹਾ।

ਕੇਸ ਇਹ ਸੀ ਕਿ ਇਸ ਨੇ ਇੱਕ ਵਿਦੇਸ਼ੀਂ ਵਸਦੀ ਬੀਬੀ ਕਮਲਜੀਤ ਕੌਰ ਦੀ ਡੇਰਾਬੱਸੀ ਦੇ ਮਾਧੋਪੁਰ ਪਿੰਡ ਵਿਚਲੀ ੧੨ ਬਿੱਘੇ, ੧੩ ਬਿਸਵੇ ਜਮੀਨ ਆਪਣੇ ਨਾਂਅ `ਤੇ ਝੂਠੀ ਪਾਵਰ ਆਫ ਅਟਾਰਨੀ ਬਣਵਾ ਕੇ, ਇੱਕ ਵੱਡੀ ਕੰਪਨੀ ਨੂੰ ਇੱਕ ਕਰੋੜ ਵੀਹ ਲੱਖ ਤੋਂ ਵਧੇਰੇ ਰਕਮ ਬਦਲੇ ਵੇਚ ਦਿੱਤੀ। ਪਤਾ ਲੱਗਣ `ਤੇ ਉਸ ਬੀਬੀ ਨੇ ਅਤੇ ਉਸ ਕੰਪਨੀ ਨੇ ਇਸ ਉਤੇ ਕੇਸ ਕਰ ਦਿੱਤਾ। ਮਿਤੀ ੨੦. ੦੫. ੨੦੦੮ ਨੂੰ ਚੰਡੀਗੜ੍ਹ ਦੇ ਸੈਕਟਰ ਤਿੰਨ ਥਾਣੇ ਵਿੱਚ ਇਸ ਖਿਲਾਫ ਐਫ. ਆਈ. ਆਰ. ਨੰ: ੧੦੪ ਦਰਜ ਕੀਤੀ ਗਈ। ਇਹ ਕੇਸ ੪੧੯, ੪੨੦, ੪੬੭, ੪੬੮, ੪੭੧ ਅਤੇ ੧੨੦-ਬੀ ਧਾਰਾਵਾਂ ਅਧੀਨ ਦਰਜ ਕੀਤਾ ਗਿਆ। ਇਤਨਾ ਸੰਗੀਨ ਜੁਰਮ ਹੋਣ ਦੇ ਬਾਵਜੂਦ, ਪਹਿਲਾਂ ਤਾਂ ਪੁਲੀਸ ਨੇ ਕੇਸ ਦਰਜ ਹੋਣ ਦੇ ਬਾਵਜੂਦ ਇਸ ਨੂੰ ਗ੍ਰਿਫਤਾਰ ਨਹੀਂ ਕੀਤਾ। ਬਾਅਦ ਵਿੱਚ ਹਾਈ ਕੋਰਟ ਦੀ ਝਾੜ ਪੈਣ `ਤੇ ਇਸ ਦੀ ਗ੍ਰਿਫਤਾਰੀ `ਤੇ ੨੫੦੦੦. ੦੦ ਰੁਪਏ ਦਾ ਇਨਾਮ ਰਖਿਆ ਗਿਆ। ਇਸ ਨੇ ਅਗਾਊਂ ਜਮਾਨਤ ਵਾਸਤੇ ਜ਼ਿਲਾ ਅਦਾਲਤ ਵਿੱਚ ਅਰਜ਼ੀ ਪਾਈ ਪਰ ਇਸ ਦੇ ਖਿਲਾਫ ਕਾਫੀ ਠੋਸ ਸਬੂਤ ਹੋਣ ਕਾਰਨ ੨੧ ਜੁਲਾਈ ੨੦੦੯ ਵਿੱਚ ਉਹ ਅਰਜ਼ੀ ਰੱਦ ਕਰ ਦਿੱਤੀ ਗਈ, ਉਸ ਤੋਂ ਬਾਅਦ ਸਤੰਬਰ ੨੦੦੯ ਵਿੱਚ ਹਾਈ ਕੋਰਟ ਵਲੋਂ ਵੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ।

ਇਸ ਦੇ ਪੇਸ਼ ਨਾ ਹੋਣ ਕਾਰਨ ਅਕਤੂਬਰ ੨੦੦੯ ਵਿੱਚ ਅਦਾਲਤ ਨੇ ਇਸ ਨੂੰ ਭਗੌੜਾ ਕਰਾਰ ਦੇ ਦਿੱਤਾ ਅਤੇ ਬਿੱਲੀ ਚੂਹੇ ਦੇ ਲੰਬੇ ਖੇਲ੍ਹ ਤੋਂ ਬਾਅਦ ਅਖੀਰ ੨ ਜਨਵਰੀ ੨੦੧੦ ਨੂੰ ਇਸ ਨੂੰ ਮਾਛੀਵਾੜੇ ਦੇ ਪਿੰਡ ਰੋਡਵਾਂ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਬਾਰੇ ਵਧੇਰੇ ਜਾਣਕਾਰੀ ਯੂ-ਟਿਊਬ ਦੇ ਸੰਪਰਕ ‘https://youtu.be/YGG4LESXXN8 "Sant Baba Pritpal Singh Ji Jheel Wale (Most wanted baba in sikh history)" ਤੋਂ ਲਈ ਜਾ ਸਕਦੀ ਹੈ। ਇਹ ਕੇਸ ਅਜੇ ਵੀ ਚੰਡੀਗੜ੍ਹ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਇਥੇ ਇਹ ਦੱਸ ਦੇਣਾ ਵੀ ਯੋਗ ਹੋਵੇਗਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਈ ਸੂਬਿਆਂ ਵਿੱਚ ਗਵਰਨਰ ਰਹੇ ਸ੍ਰ. ਸੁਰਜੀਤ ਸਿੰਘ ਬਰਨਾਲਾ, ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ ਅਤੇ ਹੋਰ ਕਈ ਉੱਘੇ ਸਿਆਸੀ ਆਗੂ ਇਸ ਬਾਬੇ ਦੇ ਸ਼ਰਧਾਲੂਆਂ ਵਿੱਚ ਆਉਂਦੇ ਹਨ।

ਕਿਹਾ ਜਾਂਦਾ ਹੈ ਕਿ ਪਹਿਲੇ ਇਹ ਵਿਦੇਸ਼ੀਂ ਵਸਦੀ ਬੀਬੀ ਕਮਲਜੀਤ ਕੌਰ ਇਸ ਦੀ ਸ਼ਰਧਾਲੂ ਬਣ ਗਈ। ਉਸ ਬੀਬੀ ਦੀ ਕੁੱਝ ਜ਼ਮੀਨ ਚੰਡੀਗੜ੍ਹ ਦੇ ਨੇੜੇ ਡੇਰਾਬੱਸੀ ਵਿੱਚ ਸੀ। ਉਸ ਨੇ ਆਪਣੀ ਸ਼ਰਧਾ ਵਜੋਂ ਉਸ ਵਿਚੋਂ ਕੁੱਝ ਜ਼ਮੀਨ ਇਸ ਨੂੰ ਗੁਰਦੁਆਰਾ ਬਨਾਉਣ ਲਈ ਦਾਨ ਕਰ ਦਿੱਤੀ। ਬਸ ਬਾਬੇ ਨੂੰ ਉਸ ਦੀ ਜ਼ਮੀਨ ਬਾਰੇ ਪਤਾ ਲੱਗ ਗਿਆ ਅਤੇ ਉਸ ਦੇ ਵਿਦੇਸ਼ ਵਿੱਚ ਵਸੇ ਹੋਣ ਦਾ ਫਾਇਦਾ ਚੁੱਕ ਕੇ ਇਹ ਪਖੰਡੀ ਸਾਧ ਉਸ ਦੀ ਸਾਰੀ ਜ਼ਮੀਨ ਹੜੱਪ ਕੇ ਕਰੋੜਾਂ ਰੁਪਏ ਵਿੱਚ ਵੇਚ ਵੱਟ ਕੇ ਛੱਕ ਗਿਆ।

ਇਤਨਾ ਹੀ ਨਹੀਂ ਇਸ ਨੇ ਥਾਂ ਥਾਂ `ਤੇ ਘੁੰਮ ਕੇ ਹੇਮਕੁੰਟ ਵਾਸਤੇ ਸੜਕ ਬਨਾਉਣ ਲਈ ਕਰੋੜਾਂ ਰੁਪਿਆਂ ਇਕੱਠਾ ਕੀਤਾ ਅਤੇ ਸਾਰਾ ਡਕਾਰ ਗਿਆ। ਦੇਣ ਵਾਲੇ ਆਪਣੇ ਅੰਧ-ਵਿਸ਼ਵਾਸ ਵਿੱਚ ਇਤਨੇ ਅਨ੍ਹੇ ਹੋਏ ਹੁੰਦੇ ਹਨ ਕਿ ਇਤਨਾ ਵੀ ਨਹੀਂ ਸਮਝਦੇ ਕਿ ਕੌਮੀ ਸ਼ਾਹਰਾਹਾਂ ਉਤੇ ਸੜਕਾਂ ਬਨਾਉਣ ਦਾ ਕੰਮ ਸਰਕਾਰ ਦਾ ਹੈ ਨਾ ਕਿ ਕਿਸੇ ਆਮ ਵਿਅਕਤੀ ਜਾਂ ਅਖੌਤੀ ਬਾਬੇ ਦਾ।

ਕਹਿਣ ਤੋਂ ਅਸਲੀ ਭਾਵ ਇਹ ਹੈ ਕਿ ਇਨ੍ਹਾਂ ਵਿੱਚ ਪੂਰਨ ਸ਼ਰਧਾ ਰਖ ਕੇ ਆਪ ਇਨ੍ਹਾਂ ਨੂੰ ਵੱਡੀਆਂ ਭੇਟਾਵਾਂ ਦੇਣ ਵਾਲੇ ਵੀ ਇਨ੍ਹਾਂ ਦੀ ਲੁੱਟ ਤੋਂ ਬੱਚ ਨਹੀਂ ਸਕਦੇ। ਇਹ ਕਹਾਣੀ ਕੇਵਲ ਪ੍ਰਿਤਪਾਲ ਸਿੰਘ ਦੀ ਨਹੀਂ, ਸਭ ਡੇਰਿਆਂ `ਤੇ ਭੋਲੀ ਭਾਲੀ ਲੋਕਾਈ ਦੀ ਇੰਝ ਹੀ ਆਰਥਕ ਲੁੱਟ ਹੋ ਰਹੀ ਹੈ, ਉਸ ਦੇ ਰੂਪ ਅਲੱਗ ਅਲੱਗ ਹੋ ਸਕਦੇ ਹਨ।

ਅਸਲ ਗੱਲ ਇਹ ਹੈ ਕਿ ਇਹ ਸਭ ਤੋਂ ਵੱਡਾ ਭਰਮ ਹੈ ਕਿ ਇਹ ਡੇਰੇ ਕੋਈ ਧਰਮ ਦੇ ਸਥਾਨ ਹਨ, ਅਸਲ ਵਿੱਚ ਇਹ ਧਰਮ ਦੇ ਨਾਂ `ਤੇ ਖੁਲ੍ਹੇ ਹੋਏ ਵਪਾਰ ਕੇਂਦਰ ਹਨ, ਜਿਨ੍ਹਾਂ ਦਾ ਅਸਲੀ ਮਕਸਦ ਵਧ ਤੋਂ ਵਧ ਪੈਸਾ ਕਮਾਉਣਾ ਹੈ। ਬਲਕਿ ਵਪਾਰ ਕੇਂਦਰ `ਤੇ ਵੀ ਗ੍ਰਾਹਕ ਕੋਲੋਂ ਲਈ ਜਾਂਦੀ ਰਕਮ ਬਦਲੇ ਉਸ ਨੂੰ ਉਸ ਦੀ ਲੋੜ ਦੀ ਕੋਈ ਵਸਤੂ ਦਿੱਤੀ ਜਾਂਦੀ ਹੈ। ਇਥੇ ਤਾਂ ਨਾਲੇ ਸ਼ਰਧਾਲੂਆਂ ਨੂੰ ਧਰਮ ਦੇ ਨਾਂ `ਤੇ ਗੁੰਮਰਾਹ ਕੀਤਾ ਜਾਂਦਾ ਹੈ, ਨਾਲੇ ਲੁੱਟਿਆ ਜਾਂਦਾ ਹੈ। ਇਸ ਵਾਸਤੇ ਇਨ੍ਹਾਂ ਵਾਸਤੇ ਤਾਂ ‘ਠੱਗੀ ਦੇ ਅੱਡੇ` ਸ਼ਬਦ ਵਧੇਰੇ ਸਹੀ ਹੈ। ਬਾਬਾ ਕਬੀਰ ਜੀ ਦੇ ਉਚਾਰਨ ਕੀਤੇ ਹੇਠਲੇ ਬਚਨ ਇਨ੍ਹਾਂ ਵਾਸਤੇ ਬਿਲਕੁਲ ਠੀਕ ਢੁਕਦੇ ਹਨ:

"ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।। ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ।।

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।। " (ਕਬੀਰ ਜੀਉ, ਪੰਨਾ ੪੭੫)

(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਣਾਰਸੀ ਠੱਗ ਹਨ।

ਸਭ ਤੋਂ ਵਧੇਰੇ ਦੁੱਖ ਦੀ ਗੱਲ ਇਹ ਹੈ ਕਿ ਦਿਨ ਦਿਹਾੜੇ ਭੋਲੀ ਭਾਲੀ ਜਨਤਾ ਦੀ ਇਤਨੀ ਲੁੱਟ ਹੋ ਰਹੀ ਹੈ ਪਰ ਕਿਸੇ ਸਰਕਾਰ ਨੂੰ ਵੀ ਇਸ ਪਾਸੇ ਕੋਈ ਧਿਆਨ ਨਹੀਂ। ਮੈਂ ਪਿਛੇ ‘ਕੀ ਵਿਹਲੜਾਂ ਦੀ ਫੌਜ ਨੂੰ ਸੰਤ ਕਿਹਾ ਜਾ ਸਕਦਾ ਹੈ? ` ਵਾਲੇ ਭਾਗ ਵਿੱਚ ਕੁੱਝ ਅਖੌਤੀ ਸੰਤਾਂ ਦੇ ਨਾਂ ਦਿੱਤੇ ਹਨ, ਜਿਨ੍ਹਾਂ ਆਪਣੇ ਪੁੱਤਰਾਂ ਦੇ ਵਿਆਹਾਂ ਤੇ ਕਰੋੜਾਂ ਰੁਪਏ ਉਡਾਏ। ਇਨ੍ਹਾਂ ਵਿਆਹਾਂ ਦੇ ਚਰਚੇ ਅਖਬਾਰਾਂ ਵਿੱਚ ਵੀ ਚਲੇ ਸਨ। ਕਿਸ ਸਰਕਾਰ ਨੇ, ਜਾਂ ਸਰਕਾਰੀ ਵਿਭਾਗ ਨੇ ਇਸ ਦਾ ਕੋਈ ਨੋਟਿਸ ਲਿਆ? ਇੱਕ ਆਮ ਕਿਰਤੀ ਆਦਮੀ ਨੂੰ ਤਾਂ ਪੈਸੇ ਪੈਸੇ ਦਾ ਹਿਸਾਬ ਦੇਣਾ ਪੈਂਦਾ ਹੈ। ਕੀ ਇਨ੍ਹਾਂ ਨੂੰ ਪੁੱਛਣ ਦੀ ਲੋੜ ਨਹੀਂ ਕਿ ਜੋ ਪੈਸਾ ਇਨ੍ਹਾਂ ਨੇ ਇਤਨੀ ਖੁਲ੍ਹ-ਦਿਲੀ ਨਾਲ ਆਪਣੀ ਸ਼ਾਨੌ-ਸ਼ੌਕਤ ਦੇ ਵਿਖਾਵੇ ਅਤੇ ਐਯਾਸ਼ੀ ਤੇ ਖਰਚ ਕੀਤਾ ਹੈ, ਉਹ ਕਮਾਈ ਕਿਥੋਂ ਆਈ ਹੈ? ਕਿਹਾ ਜਾਵੇਗਾ ਕਿ ਇਹ ਧਰਮ ਦੀ ਕਮਾਈ ਹੈ, ਅਤੇ ਧਰਮ ਦੀ ਕਮਾਈ ਦਾ ਹਿਸਾਬ ਰਖਣਾ ਜ਼ਰੂਰੀ ਨਹੀਂ, ਉਹ ਕਰ ਮੁਕਤ ਹੈ। ਪਰ ਕੀ ਆਮ ਸ਼ਰਧਾਲੂ ਮਨੁੱਖ, ਧਰਮ ਦੇ ਨਾਂ ਤੇ ਭੇਟਾ ਇਸ ਲਈ ਦੇਂਦਾ ਹੈ ਕਿ ਉਸ ਪੈਸੇ ਨੂੰ ਨਿਜੀ ਸ਼ਾਨੌ-ਸ਼ੌਕਤ, ਐਯਾਸ਼ੀ ਜਾਂ ਨਿਜੀ ਵੱਡੀਆਂ ਵੱਡੀਆਂ ਜਾਇਦਾਦਾਂ ਬਨਾਉਣ ਉਤੇ ਖਰਚਿਆ ਜਾਵੇ? ਧਰਮ ਦੇ ਨਾਂ ਤੇ ਭੇਟਾ ਦੇਣ ਵਾਲੇ ਹਰ ਮਨੁੱਖ ਦੀ ਦਿਲੀ ਭਾਵਨਾ ਤਾਂ ਇਹ ਹੁੰਦੀ ਹੈ ਕਿ ਉਸ ਦੀ ਦਿੱਤੀ ਮਾਇਆ ਧਰਮ ਪ੍ਰਚਾਰ ਜਾਂ ਮਨੁੱਖੀ ਭਲਾਈ ਦੇ ਕਾਰਜਾਂ ਤੇ ਖਰਚ ਹੋਵੇ। ਕੀ ਸਰਕਾਰ ਦਾ ਫਰਜ਼ ਇਹ ਯਕੀਨੀ ਬਨਾਉਣਾ ਨਹੀਂ ਕਿ ਉਹ ਮਾਇਆ ਸੱਚਮੁੱਚ ਹੀ ਭੇਟਾ ਕਰਨ ਵਾਲੇ ਦੀ ਭਾਵਨਾ ਅਨੁਸਾਰ ਖਰਚ ਹੋਵੇ? ਹੋਰ ਗੱਲਾਂ ਨੂੰ ਪਾਸੇ ਵੀ ਰਖ ਦਿੱਤਾ ਜਾਵੇ ਤਾਂ ਇਸ ਮਾਇਆ ਦੀ ਯੋਗ ਵਰਤੋਂ ਕਰ ਕੇ ਇਤਨਾ ਵਕਾਸ ਕੀਤਾ ਜਾ ਸਕਦਾ ਹੈ ਕਿ ਦੇਸ਼ ਦੇ ਲੋਕਾਂ ਦਾ ਚਿਹਰਾ ਮੋਹਰਾ ਹੀ ਬਦਲ ਜਾਵੇ।

ਉਂਝ ਵੀ ਜੋ ਡਰਾਮਾ ਇਨ੍ਹਾਂ ਡੇਰੇਦਾਰਾਂ ਨੇ ਰੱਚਿਆ ਹੋਇਆ ਹੈ, ਉਸ ਦੀ ਸੱਚਾਈ ਵੇਖਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਆਪੇ ਪਤਾ ਲੱਗ ਜਾਵੇਗਾ ਕਿ ਕੀ ਇਸ ਨੂੰ ਧਰਮ ਦੀ ਕਮਾਈ ਕਿਹਾ ਜਾ ਸਕਦਾ ਹੈ? ਮੈਂ ਉਪਰ ਵੀ ਲਿਖ ਚੁੱਕਾ ਹਾਂ ਕਿ ਇਨ੍ਹਾਂ ਡੇਰੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਡੇਰਿਆਂ ਤੇ ਇੱਕ ਕਾਰੋਬਾਰੀ ਲੋੜ ਦੇ ਤੌਰ ਤੇ ਕੀਤਾ ਹੋਇਆ ਹੈ। ਪਿਛਲੇ ਦਿਨੀਂ ਇੱਕ ਐਸੇ ਹੀ ਡੇਰੇਦਾਰ ਜੀਤ ਸਿੰਘ, ਜਿਸ ਨੇ ਜਲੰਧਰ ਨੇੜੇ ਜੋਹਲਾਂ ਪਿੰਡ ਵਿੱਚ ਨਿਰਮਲ ਕੁੱਟੀਆ ਨਾਂ ਦਾ ਡੇਰਾ ਬਣਾਇਆ ਹੋਇਆ ਹੈ, ਨੇ ਅਦਾਲਤ ਵਿੱਚ ਐਫੀਡੇਵਿਟ ਲਿਖ ਕੇ ਦਿੱਤਾ ਕਿ ਉਸ ਨੇ ਆਪਣੇ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਕੀਤਾ ਹੋਇਆ ਹੈ ਪਰ ਸ਼ਰਧਾਲੂ ਮੱਥੇ ਉਸ ਨੂੰ ਹੀ ਟੇਕਦੇ ਹਨ ਅਤੇ ਉਸ ਨੂੰ ਹੀ ਮਾਇਆ ਭੇਟ ਕਰਦੇ ਹਨ। ਹੁਣ ਸੁਆਲ ਇਹ ਆਇਆ ਕਿ ਜੇ ਉਸ ਦੇ ਅੰਧੇ ਸ਼ਰਧਾਲੂ ਮਾਇਆ ਉਸ ਨੂੰ ਭੇਟ ਕਰਦੇ ਹਨ ਤਾਂ ਇਸ ਨੂੰ ਧਾਰਮਿਕ ਭੇਟਾ ਕਿਵੇਂ ਕਿਹਾ ਜਾ ਸਕਦਾ ਹੈ। ਅਤੇ ਜੇ ਇਹ ਭੇਟਾ ਨਿਜੀ ਹੈ ਤਾਂ ਸਰਕਾਰ ਨੂੰ ਉਸ ਦਾ ਹਿਸਾਬ ਲੈਣਾ ਵੀ ਬਣਦਾ ਹੈ ਅਤੇ ਧਾਰਮਿਕ ਭਾਵਨਾ ਅਧੀਨ ਭੇਟਾ ਕੀਤੀ ਗਈ, ਉਸ ਦੀ ਮਾਇਆ ਦੀ ਯੋਗ ਵਰਤੋਂ ਯਕੀਨੀ ਬਨਾਉਣੀ ਵੀ ਬਣਦੀ ਹੈ। ਇਸ ਅਖੋਤੀ ਸਾਧ ਦੀ ਜਾਇਦਾਦ ਦੀ ਕੀਮਤ ਦਾ ਅੰਦਾਜ਼ਾ ਇੱਕ ਹਜ਼ਾਰ ਕਰੋੜ ਤੋਂ ਵਧੇਰੇ ਲਗਾਇਆ ਜਾਂਦਾ ਹੈ, ਹਾਲਾਂਕਿ ਇਹ ਬਹੁਤੀਆਂ ਵੱਡੀਆਂ ਮੱਛੀਆਂ ਵਿਚੋਂ ਨਹੀਂ ਆਉਂਦਾ। ਵੱਡੇ ਵੱਡੇ ਮਗਰਮੱਛਾਂ ਦੀ ਕਮਾਈ ਤਾਂ ਹਜ਼ਾਰ ਕਰੋੜ ਪ੍ਰਤੀ ਸਾਲ ਤੋਂ ਵੀ ਵਧੇਰੇ ਹੈ। ਸਭ ਤੋਂ ਵਧ ਹੈਰਾਨਗੀ ਦੀ ਗੱਲ ਇਹ ਹੈ ਕਿ ਪੰਜਾਂ ਤਖਤਾਂ ਦੇ ਪੰਜ ਅਖੌਤੀ ਜਥੇਦਾਰਾਂ ਨੇ ਉਸ ਨੂੰ ਇਹ ਹੁਕਮਨਾਮਾ ਲਿਖ ਕੇ ਦਿੱਤਾ ਹੋਇਆ ਹੈ ਕਿ ਇਹ ਅਖੌਤੀ ਸੰਤ ਬਹੁਤ ਵੱਡਾ ਧਰਮ ਪ੍ਰਚਾਰਕ ਹੈ। ਸਰਕਾਰ ਤਾਂ ਅੱਖਾਂ ਬੰਦ ਕਰ ਕੇ ਸੁੱਤੀ ਹੀ ਪਈ ਹੈ, ਅਖੋਤੀ ਧਾਰਮਿਕ ਆਗੂਆਂ ਨੇ ਵੀ ਕੌਮ ਦਾ ਬੇੜਾ ਡੋਬਿਆ ਪਿਆ ਹੈ। ਕਿਸੇ ਨੇ ਵੀ ਸਮਾਜ ਦਾ ਇਹ ਆਰਥਿਕ ਸੋਸ਼ਣ ਬੰਦ ਕਰਵਾਉਣ ਦੀ ਕਦੇ ਨਹੀਂ ਸੋਚੀ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.