.

ਗੁਰਬਾਣੀ ਵਿੱਚ ਤ੍ਰਿਸ਼ਨਾ ਦਾ ਸੰਕਲਪ

‘ਤ੍ਰਿਸ਼ਨਾ` ਦਾ ਸ਼ਬਦ ਤ੍ਰਿਸਨਾ ਜਾਂ ਤਿਸਨਾ ਦੇ ਰੂਪ ਵਿੱਚ ਗੁਰਬਾਣੀ ਵਿੱਚ ਲਗ ਭਗ ੨੨੫ ਵਾਰ ਵਰਤਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਅਨੁਸਾਰ ਇਸ ਦੇ ਅਰਥ ਪਿਆਸ, ਤ੍ਰਿਖਾ ਜਾਂ ਕਿਸੇ ਚੀਜ਼ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਹੈ। ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸ਼ਬਦ ਕੋਸ਼ ਵਿੱਚ ਲਿਖਿਆ ਹੈ ਕਿ ਇਹ ਸ਼ਬਦ ਸੰਸਕ੍ਰਿਤ ਦਾ ਹੈ ਤੇ ਇਸ ਦਾ ਅਰਥ ਲਾਲਚ ਹੈ। ਫਾਰਸੀ ਬੋਲੀ ਦਾ ਇੱਕ ਸ਼ਬਦ ਤਿਸਨਾ ਹੈ ਜਿਸ ਦਾ ਅਰਥ ਪਿਆਸਾ ਹੈ।

ਤ੍ਰਿਸ਼ਨਾ ਕੀ ਹੈ? ਤ੍ਰਿਸ਼ਨਾ ਇੱਕ ਜਮਾਂਦਰੂ ਰੁੱਚੀ ਹੈ ਜੋ ਹਰ ਜਾਨਦਾਰ ਵਿੱਚ ਪਾਈ ਜਾਂਦੀ ਹੈ। ਸੰਸਾਰ ਵਿੱਚ ਕੋਈ ਵੀ ਇਸ ਤੋਂ ਵਾਂਝਾ ਨਹੀਂ ਹੈ। ਇਸ ਨੇ ਹਰ ਜੀਵ ਨੂੰ ਜਕੜ ਰਖਿਆ ਹੈ। ਕਿਸੇ ਨੂੰ ਔਲਾਦ ਦੀ ਤ੍ਰਿਸ਼ਨਾ ਹੈ ਤਾਂ ਕਈ ਧਨ ਸੰਪਤੀ ਦਾ ਮਗਰ ਲਗੇ ਹੋਏ ਹਨ ਤੇ ਕਈਆਂ ਨੂੰ ਉੱਚੀ ਪਦਵੀਆਂ ਪਾਣ ਦਾ ਜਨੂਨ ਹੈ। ਗੁਰੂ ਅਮਰ ਦਾਸ ਜੀ ਨੇ ਵੀ ਇਸ ਸਬੰਧੀ ਲਿਖਿਆ ਹੈ:- ਤਿਸਨਾ ਅਗਨਿ ਜਲੈ ਸੰਸਾਰਾ।। ਪੰਨਾ ੧੨੦

‘ਸਾਰਾ ਸੰਸਾਰ ਤ੍ਰਿਸ਼ਨਾ ਦੀ ਅਗ ਵਿੱਚ ਸੜ ਰਿਹਾ ਹੈ। ‘

ਗੁਰੂ ਅਰਜਨ ਦੇਵ ਜੀ ਨੇ ਵੀ ਲਿਖਿਆ ਹੈ ਕਿ ਹਰ ਕੋਈ ਤ੍ਰਿਸ਼ਨਾ ਦਾ ਸ਼ਿਕਾਰ ਹੈ।

ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ।। ਪੰਨਾ ੨੧੩

‘ਕੋਈ ਵਿਰਲਾ ਮਨੁੱਖ ਹੋਵੇ ਗਾ ਜਿਸ ਦੀ ਖਾਹਿਸ਼ਾਂ ਪੂਰੀਆਂ ਹੋਈਆਂ ਹੋਣ। ‘

ਤ੍ਰਿਸ਼ਨਾ ਦੇ ਔਗੁਣ:- ਤ੍ਰਿਸ਼ਨਾ ਇੱਕ ਰੋਗ ਹੈ ਜੋ ਹਰ ਜੀਵ ਨੂੰ ਚਮੜਿਆ ਹੋਇਆ ਹੈ। ਤ੍ਰਿਸ਼ਨਾ ਦੇ ਜਾਲ ਵਿੱਚ ਫਸੇ ਨੂੰ ਬੁਰੇ ਭਲੇ ਦਾ ਫਰਕ ਨਹੀਂ ਦਿਸਦਾ। ਇਸ ਦਾ ਰੋਗੀ ਕਦੇ ਠੀਕ ਨਹੀਂ ਹੁੰਦਾ ਤੇ ਸਾਰੀ ਉਮਰ ਖਜਲ ਖੁਆਰ ਹੁੰਦਾ ਹੈ। ਗੁਰਬਾਣੀ ਵਿੱਚ ਇਸ ਦੀ ਤੁਲਨਾ ਅੱਗ ਨਾਲ ਕੀਤੀ ਗਈ ਹੈ ਜਿਸ ਵਿੱਚ ਸੜ ਕੇ ਲਾਲਚੀ ਮਨੁੱਖ ਤਬਾਹ ਹੋ ਜਾਂਦਾ ਹੈ। ਉਸ ਨੂੰ ਸਿਵਾਏ ਤ੍ਰਿਸ਼ਨਾ ਪੂਰਤੀ ਦੇ ਹੋਰ ਕੁੱਝ ਨਹੀਂ ਸੁਝਦਾ। ਤ੍ਰਿਸ਼ਨਾ ਮਨ ਦੀ ਸ਼ਾਂਤੀ, ਸੁਖ ਅਤੇ ਅਡੋਲਤਾ ਨਹੀਂ ਰਹਿਣ ਦੇਂਦੀ। ਤ੍ਰਿਸ਼ਨਾ ਦੇ ਪੰਜੇ ਵਿੱਚ ਜਕੜੇ ਬੰਦੇ ਦਾ ਹਾਲ ਉਸ ਬਾਂਦਰ ਵਰਗਾ ਹੋ ਜਾਂਦਾ ਹੈ ਜੋ ਲੋਭ-ਵੱਸ ਹੋਇਆ ਛੋਲਿਆਂ ਨਾਲ ਭਰੀ ਕੁੱਜੀ ਵਿੱਚ ਹੱਥ ਪਾਂਦਾ ਹੈ, ਪਰ ਉਸ ਦੀ ਮੁੱਠ ਛੋਲਿਆਂ ਨਾਲ ਭਰੀ ਹੋਣ ਕਰ ਕੇ ਉਸ ਦਾ ਹੱਥ ਬਾਹਰ ਨਹੀਂ ਨਿਕਲਦਾ ਤੇ ਬਾਂਦਰ ਛੋਲੇ ਛਡਣ ਲਈ ਤਿਆਰ ਨਹੀਂ ਹੁੰਦਾ, ਪਕੜਿਆ ਜਾਂਦਾ ਹੈ ਤੇ ਫਿਰ ਘਰ ਘਰ ਨਚਾਇਆ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਇਸ ਸਬੰਧੀ ਲਿਖਦੇ ਹਨ:-

ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ।। ਪੰਨਾ ੧੩੮

‘ਤ੍ਰਿਸ਼ਨਾ ਦੇ ਮਾਰੇ ਬੰਦਿਆਂ ਦੇ ਅੰਦਰ ਲਾਲਚ ਦੀ ਅੱਗ ਜਲ ਰਹੀ ਹੈ। ਉਹ ਕਦੇ ਨਹੀਂ ਰਜਦੇ ਤੇ ਹਮੇਸ਼ਾ ਭੁੱਖੇ ਰਹਿੰਦੇ ਹਨ। ‘

ਗੁਰੂ ਅਮਰ ਦਾਸ ਜੀ ਨੇ ਠੀਕ ਹੀ ਕਿਹਾ ਹੈ:-

ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ।। ਪੰਨਾ ੬੪੯

‘ਭਾਂਵੇ ਕੋਈ ਜਵਾਨ ਹੋਵੇ ਜਾਂ ਬੁੱਢਾ ਤ੍ਰਿਸ਼ਨਾ ਦੇ ਮਾਰੇ ਮਨਮੁਖ ਦੀ ਭੁਖ ਨਹੀਂ ਮਿਟਦੀ। ‘

ਗੁਰੂ ਰਾਮ ਦਾਸ ਜੀ ਨੇ ਤਾਂ ਲਾਲਚੀ ਮਨੁੱਖ ਦੀ ਤੁਲਨਾ ਇੱਕ ਜੁਆਰੀਏ ਨਾਲ ਕੀਤੀ ਹੈ ਤੇ ਲਿਖਦੇ ਹਨ:-

ਤ੍ਰਸਨਾ ਜਲਤ ਨ ਕਬਹੂ ਬੂਝਹਿ ਜੂਐ ਬਾਜੀ ਹਾਰੀ।। ਪਿੰਨਾ ੧੧੯੮

(ਮਾਇਆ ਦੀ) ਤ੍ਰਿਸ਼ਨਾ ਦੀ ਮਚਦੀ ਅੱਗ ਕਦੇ ਨਹੀਂ ਬੁਝਦੀ ਤੇ (ਮਾਇਆ ਦਾ ਪੁਜਾਰੀ) ਜੀਵਨ ਦੀ ਖੇਡ ਜੂਏ ਵਿੱਚ ਹਾਰ ਦਿੰਦਾ ਹੈ।

ਤ੍ਰਿਸ਼ਨਾ ਦੇ ਸਬੰਧ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਹਸਕ੍ਰਿਤੀ ਸਲੋਕ ੬੬ ਬੜੀ ਰੋਚਕ ਸ਼ਬਦਾਵਲੀ ਵਿੱਚ ਲਿਖਿਆ ਹੈ:- ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ।।

ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ।। ਪੰਨਾ ੧੩੬੦

‘(ਸੁਆਰਥੀ ਬੰਦੇ) ਪਰਾਇਆ ਮਾਲ-ਧਨ ਚੁਰਾਂਦੇ ਹਨ ਅਤੇ ਦੂਜਿਆਂ ਦੇ ਕੰਮਾਂ ਵਿੱਚ ਰੁਕਾਵਟਾਂ ਪਾਂਦੇ ਹਨ। ਇਹ ਲੋਕ ਹੋਰਨਾਂ ਨੂੰ ਉਪਦੇਸ਼ ਦੇਂਦੇ ਹਨ ਪਰ ਇਨ੍ਹਾਂ ਦੇ ਆਪਣੇ ਮਨ ਵਿੱਚ ਮਾਇਆ ਇਕੱਠੀ ਕਰਨ ਦੀ ਭੁੱਖ ਰਹਿੰਦੀ ਹੈ। ਇਨ੍ਹਾਂ ਦੀ ਲੈਣ ਹੀ ਲੈਣ ਦੀ ਤ੍ਰਿਸ਼ਨਾ ਕਦੇ ਨਹੀਂ ਬੁਝਦੀ। ਲਾਲਚੀ ਬਿਰਤੀ ਹੋਣ ਕਰ ਕੇ ਮਾਇਆ ਇਕੱਠੀ ਕਰਨ ਦੀ ਲਾਲਸਾ ਲਗੀ ਰਹਿੰਦੀ ਹੈ। ਐਸੇ ਲੋਭੀ ਬੰਦੇ ਮਾਨੋਂ ਸੂਰਾਂ ਵਾਲੇ ਨੀਚ ਕੰਮ ਕਰਦੇ ਹਨ। ‘

ਸੁਖਮਨੀ ਸਾਹਿਬ ਵਿੱਚ ਆਪ ਫਰਮਾਉਂਦੇ ਹਨ:- ਸਹਸ ਖਟੇ ਲਖ ਕਉ ਉਠਿ ਧਾਵੈ।। ਪੰਨਾ ੨੭੮

‘ਲੋਭੀ ਮਨੁੱਖ ਹਜ਼ਾਰਾਂ ਕਮਾ ਕੇ ਸਬਰ ਨਹੀਂ ਕਰਦਾ ਸਗੋਂ ਲਖਾਂ ਕਮਾਉਣ ਲਈ ਹੱਥ ਪੈਰ ਮਾਰਦਾ ਹੈ। ‘

ਭਗਤ ਕਬੀਰ ਜੀ ਨੇ ਵੀ ਤ੍ਰਿਸ਼ਨਾ ਦੇ ਔਗਣਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ:-

ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ।। ਮਮਤਾ ਜਾਲਿਆ ਪਿੰਡੁ ਵਣਾਹੰਬੈ।। ਪੰਨਾ ੧੧੦੪

‘ਹੇ ਬੈਰਾਗੀ! ਤ੍ਰਿਸ਼ਨਾ ਜੀਵ ਦਾ ਖਹਿੜਾ ਨਹੀਂ ਛਡਦੀ, ਸਗੋਂ ਮਾਇਆ ਦਾ ਮੋਹ ਜੀਵ ਦੇ ਸਰੀਰ ਨੂੰ ਸਾੜ ਦਿੰਦਾ ਹੈ। ‘

ਤ੍ਰਿਸ਼ਨਾ ਨੂੰ ਵਸ ਵਿੱਚ ਕਰਨ ਦੇ ਸਾਧਨ:-ਗੁਰਬਾਣੀ ਵਿੱਚ ਤ੍ਰਿਸ਼ਨਾ ਨੂੰ ਵਸ ਵਿੱਚ ਕਰਣ ਦੇ ਕਈ ਸਾਧਨ ਦਸੇ ਹਨ, ਪਰ ਜ਼ਿਆਦਾ ਜ਼ੋਰ ਨਾਮ ਜਪਣ ਤੇ ਦਿਤਾ ਹੈ। ਗੁਰੂ ਨਾਨਕ ਦੇਵ ਜੀ ਲਿਖਦੇ ਹਨ:-

ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ।। ਪੰਨਾ ੧੪੭

‘ਅਸਾਡੇ ਸਰੀਰ (ਦਿਲ) ਅੰਦਰ ਤ੍ਰਿਸ਼ਨਾ ਦੀ ਅੱਗ ਹੈ ਜੋ ਗੁਰੂ ਦੇ ਸ਼ਬਦ (ਨਾਮ) ਨਾਲ ਬੁਝ ਸਕਦੀ ਹੈ। ‘

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ।। ਪੰਨਾ ੧੦੯੧

‘ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਕਿਸੇ ਦੀ (ਮਾਇਆ ਲਈ) ਭੁੱਖ ਦੂਰ ਨਹੀਂ ਹੁੰਦੀ।

ਗੁਰੂ ਅਮਰ ਦਾਸ ਜੀ ਵੀ ਇਸ ਵਿਚਾਰ ਨਾਲ ਸਹਿਮਤ ਹਨ ਤੇ ਲਿਖਦੇ ਹਨ:-

ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ।। ਪੰਨਾ ੧੪੧੭

ਵਾਹਿਗੁਰੂ ਦੇ ਨਾਮ ਨਾਲ ਪਿਆਰ ਕਰਨ ਨਾਲ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਅਤੇ ਉਹ ਰੱਜ ਜਾਂਦਾ ਹੈ। ‘

ਗੁਰੂ ਰਾਮ ਦਾਸ ਜੀ ਨੇ ਵੀ ਹੇਠ ਲਿਖੀ ਤੁਕ ਵਿੱਚ ਤ੍ਰਿਸ਼ਨਾ ਤੋਂ ਬਚਣ ਲਈ ਨਾਮ ਜਪਣ ਦੀ ਤਾਕੀਦ ਕੀਤੀ ਹੈ:-

ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ।। ਪੰਨਾ ੧੨੬੫

‘ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਾਮ ਰੂਪੀ ਅੰਮ੍ਰਿਤੁ ਨਹੀਂ ਪੀਤਾ ਉਨ੍ਹਾਂ ਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ‘

ਗੁਰੂ ਅਰਜਨ ਦੇਵ ਜੀ ਨੇ ਤਾਂ ਤ੍ਰਿਸ਼ਨਾ ਤੇ ਕਾਬੂ ਪਾਣ ਲਈ ਸਿਮਰਨ ਤੇ ਨਾਮ ਜਪਣ ਤੇ ਬਹੁਤ ਜ਼ੋਰ ਦਿਤਾ ਹੈ। ਸੁਖਮਨੀ ਸਾਹਿਬ ਵਿੱਚ ਆਪ ਨੇ ਸਰਲ ਬੋਲੀ ਵਿੱਚ ਸਮਝਾਇਆ ਹੈ:- ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ।। ਪੰਨਾ ੨੬੩

ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ।। `ਪੰਨਾ ੬੭੩

‘ਵਾਹਿਗੁਰੂ ਦਾ ਨਾਮ ਜਪਣ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ ਤੇ ਮਨ ਤ੍ਰਿਪਤ ਹੋ ਗਿਆ ਹੈ। ‘

ਤ੍ਰਿਸਨਾ ਬੁਝੈ ਹਰਿ ਕੈ ਨਾਮਿ।। ਪੰਨਾ ੬੮੨

‘ਪ੍ਰਭੂ ਦਾ ਨਾਮ ਜਪਣ ਨਾਲ ਤ੍ਰਿਸ਼ਨਾ ਬੁਝ ਜਾਂਦੀ ਹੈ। ‘

ਭਗਤ ਕਬੀਰ ਜੀ ਨੇ ਰਾਗ ਕੇਦਾਰਾ ਵਿੱਚ ਲਿਖਿਆ ਹੈ:-

ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ।। ਪੰਨਾ ੧੧੨੩

‘ਪ੍ਰਭੂ ਦਾ ਨਾਮ ਜਪਣ ਨਾਲ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੰਦੇਹ ਖਤਮ ਹੋ ਜਾਂਦੇ ਹਨ। ‘

ਗੁਰੂ ਅਰਜਨ ਦੇਵ ਜੀ ਅਨੁਸਾਰ ਤ੍ਰਿਸ਼ਨਾ ਦੇ ਰੋਗ ਤੋਂ ਛੁਟਕਾਰਾ ਪਾਣ ਲਈ ਸਾਧ ਸੰਗਤ ਇੱਕ ਚੰਗੀ ਦਵਾਈ ਹੈ। ਰਾਗ ਗਉੜੀ ਗੁਆਰੇਰੀ ਵਿੱਚ ਇੱਕ ਥਾਂ ਆਪ ਇਹ ਸਵਾਲ ਕਰਦੇ ਹਨ:-

ਸੋ ਸੁਖੁ ਮੋ ਕਉ ਸੰਤ ਬਤਾਵਹੁ।। ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ।। ਪੰਨਾ ੧੭੯

‘ਹੇ ਸੰਤ ਜਨੋਂ! ਤ੍ਰਿਸਨਾ ਦੀ ਅੱਗ ਨੂੰ ਬੁਝਾਣ ਤੇ ਮਨ ਦੀ ਸੰਤੁਸ਼ਟਤਾ ਲਈ ਕੀ ਕਰਨਾ ਚਾਹੀਦਾ ਹੈ? `

ਅਗੇ ਲਿਖਦੇ ਹਨ ਕਿ ਸੰਸਾਰ ਦੇ ਅਨੇਕਾਂ ਸੁਖ, ਪਦਵੀਆਂ ਤੇ ਮਾਇਆ ਦੀ ਚਮਕ-ਦਮਕ ਨਾਲ ਵੀ ਮਨ ਸੰਤੁਸ਼ਟ ਨਹੀਂ ਹੁੰਦਾ। ਅੰਤ ਵਿੱਚ ਲਿਖਦੇ ਹਨ:-

ਕਰਿ ਕਿਰਪਾ ਸੰਤਨ ਸਚੁ ਕਹਿਆ।। ਸਰਬ ਸੂਖ ਇਹੁ ਆਨੰਦੁ ਲਹਿਆ।।

ਸਾਧਸੰਗਿ ਹਰਿ ਕੀਰਤਨੁ ਗਾਈਐ।। ਕਹੁ ਨਾਨਕ ਵਡਭਾਗੀ ਪਾਈਐ।। ਪੰਨਾ ੧੭੯

‘ਸੰਤਾਂ ਨੇ ਕਿਰਪਾ ਕੀਤੀ ਤੇ ਮੈਨੂੰ ਸੱਚੇ ਪ੍ਰਭੂ ਬਾਰੇ ਗਿਆਨ ਦਿੱਤਾ ਤੇ ਕਿਹਾ ਕਿ ਸਾਰੇ ਸੁਖ ਤੇ ਆਨੰਦ ਪ੍ਰਾਪਤ ਹੋ ਜਾਣ ਗੇ ਜੇ ਸਾਧ ਸੰਗਤ ਵਿੱਚ ਜੁੜ ਕੇ ਹਰੀ ਕੀਰਤਨ ਕਰੀਏ ਜੋ ਵੱਡੇ ਭਾਗਾਂ ਨਾਲ ਮਿਲਦਾ ਹੈ। ‘

ਤ੍ਰਿਸ਼ਨਾ ਦੀ ਮਾਰ ਤੋਂ ਬਚਣ ਲਈ ਗੁਰੂ ਅਮਰ ਦਾਸ ਜੀ ਭਾਣਾ ਮੰਨਣ ਦੀ ਸਲਾਹ ਦਿੰਦੇ ਹਨ:-

ਤੇਰੈ ਭਾਣੈ ਸਦਾ ਸੁਖੁ ਪਾਇਆ ਗੁਰਿ ਤ੍ਰਿਸਨਾ ਅਗਨਿ ਬੁਝਾਈ।। ਪੰਨਾ ੧੩੩੩

‘ਵਾਹਿਗੁਰੂ ਦਾ ਭਾਣਾ ਮੰਨਣ ਨਾਲ ਹਮੇਸ਼ਾ ਸੁਖ ਮਿਲਦਾ ਹੈ ਤੇ ਗੁਰੂ ਜੀ ਤ੍ਰਿਸ਼ਨਾ ਤੋਂ ਬਚਾ ਲੈਂਦੇ ਹਨ। ‘

ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚਣ ਲਈ ਗੁਰੂ ਅਰਜਨ ਦੇਵ ਜੀ ਸੰਤੋਖ ਕਰਨ ਦੀ ਸਲਾਹ ਦਿੰਦੇ ਹਨ:-

ਬਿਨਾ ਸੰਤੋਖ ਨਹੀ ਕੋਊ ਰਾਜੈ।। ਪੰਨਾ੨੭੯

‘ਸੰਤੋਖ ਤੋਂ ਬਿਨਾਂ ਕਿਸੇ ਦੀ ਤਸੱਲੀ ਨਹੀਂ ਹੁੰਦੀ। ‘

ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ।। ਪੰਨਾ ੮੧੧

ਜਦੋਂ ਮਨੁੱਖ ਠੰਢਾ, ਸ਼ਾਂਤ ਤੇ ਸੰਤੋਖੀ ਹੋ ਜਾਂਦਾ ਹੈ ਤਾਂ ਉਸ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ।

ਸ਼ੇਖ ਫਰੀਦ ਜੀ ਸਬਰ ਕਰਨ ਦੀ ਸਲਾਹ ਦਿੰਦੇ ਹਨ ਤੇ ਲਿਖਦੇ ਹਨ:-

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ।।

ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ।। ਪੰਨਾ ੧੩੮੪

ਜੇ ਮਨ ਵਿੱਚ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਨ ਦਾ ਚਿੱਲਾ ਹੋਵੇ, ਸਬਰ ਦਾ ਹੀ ਤੀਰ ਹੋਵੇ ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ।

ਤ੍ਰਿਸ਼ਨਾ ਤੇ ਕਾਬੂ ਪਾਣ ਦੇ ਲਾਭ:-ਗੁਰਬਾਣੀ ਅਨੁਸਾਰ ਤ੍ਰਿਸ਼ਨਾ ਨੂੰ ਵਸ ਵਿੱਚ ਰਖਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਗੁਰੂ ਅਰਜਨ ਦੇਵ ਜੀ ਦਾ ਵਿਚਾਰ ਹੈ:-

ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ।। ਪੰਨਾ ੧੨੨੩

‘ਮੇਰੀ ਤ੍ਰਿਸ਼ਨਾ ਬੁਝ ਗਈ ਹੈ, ਮੇਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ ਤੇ ਮੇਰੇ ਸਾਰੇ ਦੁਖ ਦੂਰ ਹੋ ਗਏ ਹਨ। ‘

ਤ੍ਰਿਸਨਾ ਬੂਝੀ ਅੰਤਰੁ ਠੰਢਾ।। ਪੰਨਾ ੧੦੭੪

‘ਮੇਰੀ ਤ੍ਰਿਸ਼ਨਾ ਬੁਝ ਗਈ ਹੈ ਤੇ ਮੇਰੇ ਅੰਦਰ ਠੰਢ ਪੈ ਗਈ ਹੈ। ‘

ਗੁਰਬਾਣੀ ਤ੍ਰਿਸ਼ਨਾ ਜਾਂ ਲੋਭ ਨੂੰ ਮਾਰਣ ਦੀ ਨਹੀਂ ਸਗੋਂ ਉਸ ਨੂੰ ਵਸ ਵਿੱਚ ਕਰਨ ਦੀ ਸਲਾਹ ਦਿੰਦੀ ਹੈ। ਗੁਰਬਾਣੀ ਅਨੁਸਾਰ ਤ੍ਰਿਸ਼ਨਾ (ਲੋਭ) ਪੰਜ ਵਿਕਾਰਾਂ ਵਿਚੋਂ ਇੱਕ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:- ਵਸਗਤਿ ਪੰਚ ਕਰੇ ਨਹ ਡੋਲੈ।। ਪੰਨਾ ੮੭੭

‘ਜੋ ਪੰਜ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਹੈ ਉਹ ਨਹੀਂ ਡੋਲਦਾ। ‘

ਤ੍ਰਿਸ਼ਨਾ ਜਾਂ ਖਹਿਸ਼ਾਂ ਨੂੰ ਮਾਰਣ ਨਾਲ ਸੰਸਾਰ ਦੀ ਤਰੱਕੀ ਰੁਕ ਜਾਵੇ ਗੀ। ਸੋ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚਣ ਲਈ ਨਾਮ ਜਪੀਏ, ਸ਼ੁਭ- ਗੁਣਾਂ ਨੂੰ ਧਾਰਨ ਕਰੀਏ, ਸੰਜਮੀ ਜੀਵਨ ਬਿਤਾਈਏ ਅਤੇ ਮਨ ਦੀ ਤਰੰਗਾਂ ਤੇ ਇੱਛਾਵਾਂ ਨੂੰ ਕਾਬੂ ਵਿੱਚ ਰਖਣ ਲਈ ਉਪਰਾਲਾ ਕਰੀਏ। ਗੁਰੂ ਨਾਨਕ ਦੇਵ ਜੀ ਨੇ ਜਪ ਜੀ ਸਾਹਿਬ ਵਿੱਚ ਕਿਹਾ ਹੈ:

ਮਨਿ ਜੀਤੈ ਜਗੁ ਜੀਤੁ।। ਪੰਨਾ ੬

‘ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਸੰਸਾਰ ਹੀ ਜਿੱਤਿਆ ਜਾਂਦਾ ਹੈ। ‘

ਸੰਖੇਪ ਵਿੱਚ ਕਹਿ ਸਕਦਾ ਹਾਂ ਕਿ ਗੁਰਬਾਣੀ ਅਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਤ੍ਰਿਸ਼ਨਾ ਨੂੰ ਕਾਬੂ ਵਿੱਚ ਰਖਣ ਲਈ ਅਸਾਨੂੰ ਸਾਧ ਸੰਗਤ ਵਿੱਚ ਨਾਮ ਜਪਣਾ ਚਾਹੀਦਾ ਹੈ, ਆਪਣੇ ਮਨ ਨੂੰ ਆਪਣੇ ਵਸ ਵਿੱਚ ਰਖਣਾ ਚਾਹੀਦਾ ਹੈ ਤੇ ਸਬਰ ਸੰਤੋਖ ਨੂੰ ਅਪਨਾਉਣਾ ਚਾਹੀਦਾ ਹੈ।

ਸਾਵਣ ਸਿੰਘ




.