.

ਸੂਤੁ ਪਾਇ ਕਰੇ ਬੁਰਿਆਈ।

ਨਾਤਾ ਧੋਤਾ ਥਾਇ ਨ ਪਾਈ।

ਧਰਮ ਦੇ ਖੇਤਰ ਵਿੱਚ ਹਰ ਇੱਕ ਫਿਰਕੇ ਨੇ ਨਵੇਂ ਚਾਹਵਾਨ ਨੂੰ ਧਰਮੀ ਬਣਾਉਣ ਲਈ ਕੋਈ ਨਾ ਕੋਈ ਰਸਮ ਬਣਾ ਲਈ ਹੈ। ਇਹ ਰਸਮਾਂ ਕਿਉਂਕਿ ਸਾਰਿਆਂ ਦੀਆਂ ਵੱਖਰੀਆਂ ਹਨ ਇਸ ਲਈ ਇਨਾਂ ਦਾ ਸੱਚੇ ਧਰਮ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ। ਰੱਬ ਨੂੰ ਮਿਲਣ ਦਾ ਇੱਕ ਹੀ ਰਾਹ ਹੋ ਸਕਦਾ ਹੈ ਵੱਖਰੇ ਵੱਖਰੇ ਨਹੀਂ। ਇਸ ਕਰਕੇ ਇਸ ਤਰਾਂ ਦੀਆਂ ਰਸਮਾਂ ਰਾਹੀਂ ਪਹਿਲਾਂ ਪਏ ਵਿਤਕਰਿਆਂ ਵਿੱਚ ਹੋਰ ਵਾਧਾ ਹੀ ਹੁੰਦਾ ਹੈ।ਨਤੀਜਾ ਆਮ ਜਿੰਦਗੀ ਵਿੱਚ ਖਿੱਚੋਤਾਣ ਵਧਣ ਦਾ ਹੀ ਨਿਕਲਦਾ ਹੈ। ਇਨਾਂ ਰਸਮਾਂ ਰਾਹੀਂ ਸੱਚੇ ਧਰਮ ਵੱਲ ਕੋਈ ਯਾਤਰਾ ਹੁੰਦੀ ਹੈ ਕਿ ਨਹੀਂ ਇਸਦੀ ਚਿੰਤਾ ਨਾ ਰਸਮ ਕਰਾਉਣ ਵਾਲੇ ਨੂੰ ਤੇ ਨਾ ਹੀ ਕਰਨ ਵਾਲੇ ਨੂੰ ਹੁੰਦੀ ਹੈ। ਰਸਮ ਕਰ ਕੇ ਹੀ ਧਰਮੀ ਹੋਣ ਦਾ ਟਿੱਕਾ ਲਾ ਲਿਆ ਜਾਂਦਾ ਹੈ। ਸੂਤੁ ਪਾਉਣ ਵਾਲੀ ਰਸਮ ਦਾ ਜ਼ਿਕਰ ਪੰਨਾ ੯੫੧ ਉੱਤੇ ਹੈ। ਕਿਹਾ ਹੈ-

ਹਿੰਦੂ ਕੈ ਘਰਿ ਹਿੰਦੂ ਆਵੈ। ਸੂਤੁ ਜਨੇਊ ਪੜਿ ਗਲਿ ਪਾਵੈ-੯੫੧

ਹਿੰਦੂ ਧਰਮ ਦੇ ਮੋਹਰੀ, ਚਾਹਵਾਨ ਦੇ ਘਰ ਆ ਕੇ, ਕੋਈ ਰਸਮ ਕਰਕੇ ਅਤੇ ਮੰਤਰ ਆਦਿਕ ਪੜ ਕੇ ਸੂਤੁ ਦਾ ਵੱਟਿਆ ਹੋਇਆ ਧਾਗਾ ਉਸ ਦੇ ਗਲ ਪਾ ਦਿੰਦੇ ਸਨ। ਜਨੇਊ ਪਾ ਕੇ ਉਹ ਨਵਾਂ ਜੀਵ ਆਪਣੇ ਆਪ ਨੂੰ ਧਰਮੀ ਸਮਝਣ ਲੱਗ ਪੈਂਦਾ ਹੈ ਪਰ ਉਸਦੀ ਸੱਚੇ ਧਰਮ ਵੱਲ ਕੋਈ ਯਾਤਰਾ ਨਹੀਂ ਹੁੰਦੀ। ਸ਼ਬਦ ਵਿੱਚ ਦੱਸਿਆ ਹੈ ਕਿ ਉਹ ਚਿੰਨ ਧਾਰਨ ਕਰਕੇ, ਅਤੇ ਹੋਰ ਪੱਕੀ ਕਰਾਈ ਸਾਰੀ ਕਾਰਵਾਈ ਕਰਕੇ ਵੀ ਬੁਰੇ ਕੰਮ ਕਰਨ ਤੋਂ ਨਹੀਂ ਹਟਦਾ। ਬਾਣੀ ਕਿਉਂਕਿ ਸ਼ੁਭ ਅਮਲਾਂ ਨੂੰ ਸੱਚੇ ਧਰਮੀ ਦੀ ਪਰਖ ਮੰਨਦੀ ਹੈ ਇਸ ਕਰਕੇ ਇਸ ਰਸਮ ਨੂੰ ਕੋਈ ਮਹੱਤਾ ਨਹੀਂ ਦਿੰਦੀ। ਉਸਦਾ ਫੈਸਲਾ ਹੈ ਕਿ ਜੇ ਅਮਲ ਸ਼ੁਭ ਨਹੀਂ ਹੋਏ ਤਾਂ ਰਸਮ ਕਰਨ ਦਾ ਤੇ ਉਸ ਨਾਲ ਜੁੜੇ ਸਾਰੇ ਅਡੰਬਰ ਪੂਰੇ ਕਰਨ ਦਾ ਵੀ ਕੋਈ ਲਾਭ ਨਹੀਂ।

ਇਸ ਦਾ ਭਾਵ ਇਹ ਨਹੀਂ ਕਿ ਇਹ ਰਸਮ ਹੀ ਬਾਣੀ ਦੀ ਪਕੜ ਵਿੱਚ ਆਉਂਦੀ ਹੈ। ਬਾਣੀ ਹਰ ਉਸ ਰਸਮ ਨੂੰ ਨਿਸਫਲ ਸਮਝਦੀ ਹੈ ਜਿਹੜੀ ਰਸਮ ਕਰਨ ਵਾਲੇ ਦੇ ਅਮਲਾਂ ਤੇ ਅਸਰ ਨਹੀਂ ਕਰਦੀ। ਅਮਲ ਅੱਛੇ ਹੋਣ ਤੋਂ ਪਹਿਲਾਂ ਅੰਦਰ ਗੁਣਾਂ ਦਾ ਹੋਣਾ ਜ਼ਰੂਰੀ ਹੈ। ਸੂਤੁ ਦੀ ਰਸਮ ਕਰਨ ਵਾਲਿਆਂ ਨੂੰ ਜਿਹੜਾ ਸੁਨੇਹਾ ਬਾਣੀ ਨੇ ਦਿੱਤਾ ਹੈ ਉਹ ਧਰਮ ਦੇ ਨਾਂਅ ਤੇ ਕੀਤੀ ਹਰ ਰਸਮ ਤੇ ਲਾਗੂ ਹੁੰਦਾ ਹੈ। ਕਿਸੇ ਵੀ ਫਿਰਕੇ ਦੀ ਕਿਸੇ ਵੀ ਰਸਮ ਨੂੰ ਛੋਟ ਨਹੀਂ ਹੈ।

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ

ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ-੪੭੧

ਦਇਆ, ਸੰਤੋਖ, ਸਤ ਤੇ ਉੱਚੇ ਆਚਰਨ ਰੂਪੀ ਗੁਣਾਂ ਦਾ ਜਨੇਊ ਨਜ਼ਰ ਆਉਣ ਵਾਲੀ ਚੀਜ਼ ਨਹੀਂ।ਗੁਰਬਾਣੀ ਦੇ ਅਨੁਸਾਰ ਹਿਰਦੇ ਅੰਦਰ ਗੁਣਾਂ ਦਾ ਹੋਣਾ ਹੀ ਸੱਚੇ ਧਰਮੀ ਦਾ ਧਾਰਮਿਕ ਚਿੰਨ ਹੈ।ਅਦਿੱਖ ਗੁਣਾਂ ਦਾ ਚਿੰਨ ਕੋਈ ਊਚ ਨੀਚ ਦੀ ਵੰਡੀ ਨਹੀਂ ਪਾਏਗਾ ਅਤੇ ਨਾ ਹੀ ਹੰਕਾਰ ਦੀ ਭਾਵਨਾ ਨੂੰ ਜਨਮ ਦੇਵੇਗਾ। ਸੂਤੁ ਦੀ ਰਸਮ ਰਾਹੀਂ ਗੁਰਬਾਣੀ ਇਹ ਸਿਧਾਂਤ ਪੱਕਾ ਕਰਵਾਉਂਦੀ ਹੈ ਕਿ ਆਕਾਰ ਵਾਲੇ ਚਿੰਨਾਂ ਦੀ ਸੱਚੇ ਧਰਮ ਦੀ ਦੁਨੀਆਂ ਵਿੱਚ ਕੋਈ ਥਾਂ ਨਹੀਂ। ਇਨਾਂ ਦੀ ਮਹੱਤਾ ਨੂੰ ਉਹ ਰੱਤੀ ਭਰ ਭੀ ਸਵੀਕਾਰ ਨਹੀਂ ਕਰਦੀ। ਉਸਨੇ ਤਾਂ ਅੰਦਰ ਗੁਣ ਧਾਰਨ ਕਰਨ ਨੂੰ ਹੀ ਨਾਮ ਸਿਮਰਨ ਕਿਹਾ ਸੀ ਪਰ ਅਸੀਂ ਉਸਨੂੰ ਵੀ ਖੜਕੇ ਦੜਕੇ ਵਾਲੀ ਨਜ਼ਰ ਆਉਣ ਵਾਲੀ ਰਸਮ ਬਣਾ ਦਿੱਤਾ-

ਮੂੜੇ, ਰਾਮੁ ਜਪਹੁ ਗੁਣ ਸਾਰਿ-੧੯

ਲਫ਼ਜ਼ ਮੂੜੇ ਵਰਤਣ ਦਾ ਭਾਵ ਹੀ ਦੁਨੀਆਂ ਨੂੰ ਇਸ ਮਾਮਲੇ ਵਿੱਚ ਕੀਤੀ ਗ਼ਲਤੀ ਦਾ ਅਹਿਸਾਸ ਕਰਾਉਣਾ ਹੈ।

ਬਾਹਰੋਂ ਨਜ਼ਰ ਆਉਣ ਵਾਲੀਆਂ ਕਿਹੜੀਆਂ ਚੀਜ਼ਾਂ ਤੇ ਕਿਸੇ ਨੇ ਆਪਣੇ ਧਰਮ ਦਾ ਮਹਿਲ ਖੜਾ ਕੀਤਾ ਹੈ ਬਾਣੀ ਇਸਦੀ ਕੋਈ ਮਹੱਤਾ ਕਬੂਲ ਨਹੀਂ ਕਰਦੀ। ਹੋਰ ਫਿਰਕੇ ਨੂੰ ਦਿੱਤੀ ਸੇਧ ਦੇਖਦੇ ਹਾਂ-

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ-੭੩੦

ਜੋਗ ਫਿਰਕੇ ਦੀ ਮਾਨਤਾ ਵਾਲੇ ਸਭ ਨਜ਼ਰ ਆਉਣ ਵਾਲੇ ਚਿੰਨਾਂ ਨੂੰ ਨਿਸਫਲ ਕਰਾਰ ਦੇ ਦਿੱਤਾ ਹੈ। ਉਨਾਂ ਨੂੰ ਸੱਚੀ ਸਿੱਖਿਆ ਦਿੱਤੀ ਹੈ- ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ-੭੩੦

ਮਾਇਆ ਰੂਪੀ ਸੰਸਾਰ ਵਿੱਚ ਨਿਰਲੇਪ ਰਹਿਣਾ ਹੀ ਨਿਰਲੇਪ ਰੱਬ ਨਾਲ ਮਿਲਾਪ ਦੀ ਸਹੀ ਜੁਗਤੀ ਹੈ।

ਰੂਪੁ ਨ ਰੇਖ ਨ ਰੰਗੁ ਕਿਛੁ ਤਿ੍ਹੁ ਗੁਣੁ ਤੇ ਪ੍ਭੁ ਭਿੰਨ-੨੮੩

ਉਹ ਕਿਉਂਕਿ ਨਿਰਾਕਾਰ ਹੈ ਇਸ ਲਈ ਅਸੀਂ ਵੀ ਹਰ ਆਕਾਰ ਵਾਲੀ ਚੀਜ਼ ਦੀ ਪਕੜ ਛੱਡਕੇ ਹੀ ਉਸਨੂੰ ਮਿਲ ਸਕਦੇ ਹਾਂ। ਤਾਂ ਹੀ ਬਾਣੀ ਨਜ਼ਰ ਆਉਣ ਵਾਲੇ ਚਿੰਨਾਂ ਦੀ ਨਿਸਫਲਤਾ ਦੱਸ ਕੇ ਸਾਨੂੰ ਨਿਰਾਕਾਰ ਗੁਣਾਂ ਨਾਲ ਜੋੜਦੀ ਹੈ। ਇੱਕ ਹੋਰ ਫਿਰਕੇ ਨੂੰ ਦਿੱਤੀ ਇਸ ਹੀ ਸਿੱਖਿਆ ਤੇ ਧਿਆਨ ਮਾਰਦੇ ਹਾਂ-

ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀੰ ਚਾਰਿ

ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ-੧੩੭੨

ਜਿੱਥੇ ਵੀ ਕਿਸੇ ਨੇ ਬਾਹਰਲੇ ਦਿਖਾਵੇ ਰਾਹੀਂ ਧਰਮੀ ਹੋਣਾ ਮੰਨ ਲਿਆ ਉੱਥੇ ਹੀ ਉਸਨੂੰ ਕਿਹਾ ਹੈ ਕਿ ਬਾਹਰਲੀ ਚਮਕ ਦਮਕ ਪੂਰਨ ਤੌਰ ਤੇ ਨਿਸਫਲ ਹੈ ਜੇ ਅੰਦਰ ਔਗੁਣਾਂ ਦੀ ਮੈਲ ਹੈ। ਬਾਹਰਲਾ ਦਿਖਾਵਾ ਜਿਸ ਵੀ ਚੀਜ਼ ਦਾ ਮਰਜ਼ੀ ਹੈ ਇਹ ਪੂਰਨ ਤੌਰ ਤੇ ਨਿਸਫਲ ਹੈ। ਇਹ ਕਦੇ ਵੀ ਸਾਨੂੰ ਸੱਚੇ ਧਰਮੀ ਨਹੀਂ ਬਣਾਏਗਾ। ਹੋਰ ਵੰਨਗੀ ਦੇਖਦੇ ਹਾਂ-

ਕਰਿ ਇਸਨਾਨੁ ਤਨਿ ਚਕ੍ ਬਣਾਏ

ਅੰਤਰ ਕੀ ਮਲੁ ਕਬ ਹੀ ਨ ਜਾਏ-੧੩੪੮

ਬਾਹਰਲੇ ਦਿਖਾਵੇ ਨਾਲ ਅੰਦਰਲੀ ਮੈਲ ਕਦੇ ਵੀ ਦੂਰ ਨਹੀਂ ਹੋਣੀ।ਇਸ ਕਰਕੇ ਦਿਖਾਵੇ ਨਾਲ ਰੱਬੀ ਮਿਲਾਪ ਹੋ ਹੀ ਨਹੀਂ ਸਕਦਾ--

ਇਤੁ ਸੰਜਮਿ ਪ੍ਭੁ ਕਿਨ ਹੀ ਨ ਪਾਇਆ

ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ-੧੩੪੮

ਜੇ ਮਨ ਮਾਇਆ ਦੇ ਮੋਹ ਵਿੱਚ ਹੈ ਤਾਂ ਬਾਹਰਲੇ ਕਿਸੇ ਵੀ ਭੇਖ ਨੇ ਨਿਰਲੇਪ ਰੱਬ ਨਾਲ ਮਿਲਾਪ ਨਹੀਂ ਕਰਾਉਣਾ। ਧਰਮ ਦਾ ਖੇਤਰ ਅੰਦਰਲਾ ਮਨ ਹੈ। ਇਸਨੂੰ ਨਿਰਮਲ ਕਰਨਾ ਸੱਚੇ ਧਰਮ ਦਾ ਕੰਮ ਹੈ ਕਿਉਂਕਿ ਨਿਰਮਲ ਮਨ ਵਿੱਚ ਹੀ ਨਿਰਮਲ ਹਰੀ ਦਾ ਵਾਸਾ ਹੋਣਾ ਹੈ। ਇਹ ਸਦਾ ਯਾਦ ਰੱਖਣਾ ਹੈ ਕਿ ਮੈਲੇ ਮਨ ਰੱਬ ਨੂੰ ਬਿਲਕੁਲ ਪਸੰਦ ਨਹੀਂ-

ਅੰਤਰ ਮਲਿ, ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ

ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾ ਕਾਹੇ ਭਇਆ ਸੰਨਿਆਸੀ-੫੨੫

ਅੰਦਰਲੇ ਨੂੰ ਨਿਰਮਲ ਕੀਤੇ ਬਿਨਾਂ ਹਰ ਤਰਾਂ ਦਾ ਧਾਰਮਿਕ ਦਿਖਾਵਾ ਨਿਸਫਲ ਹੈ। ਉਸ ਨਾਲ ਸੱਚੇ ਧਰਮ ਵੱਲ ਕੋਈ ਯਾਤਰਾ ਨਹੀਂ ਹੋਣੀ।

ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ

ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ

ਗੀਤ ਨਾਦ ਮੁਖਿ ਰਾਗ ਅਲਾਪੇ ਮਨ ਨਹੀ ਹਰਿ ਹਰਿ ਗਾਵਾ- ੧੦੦੩

ਜੀਵ ਬਾਹਰਲੇ ਭੇਖ ਧਰਮੀ ਬਣਨ ਲਈ ਨਹੀਂ ਕਰਦੇ। ਇਹ ਉਨਾਂ ਦਾ ਮਾਇਆ ਕਮਾਉਣ ਦਾ ਜਾਂ ਲੋਕਾਚਾਰੀ ਰਸਮਾਂ ਨਿਭਾਉਣ ਦਾ ਸਾਧਨ ਹੀ ਹੁੰਦਾ ਹੈ। ਇਸ ਕਰਕੇ ਉਨਾਂ ਦੇ ਗਾਏ ਭਜਨ ਅਤੇ ਕੀਤੇ ਕੀਰਤਨ ਸਿਰਫ ਜ਼ੁਬਾਨ ਦੀ ਕਾਰਵਾਈ ਹੀ ਹੁੰਦੀ ਹੈ। ਇਨਾਂ ਦਾ ਉਨਾਂ ਦੇ ਮਨ ਤੇ ਕੋਈ ਅਸਰ ਨਹੀਂ ਹੁੰਦਾ। ਨਤੀਜਾ ਇਹ ਨਿਕਲਦਾ ਹੈ ਕਿ ਧਰਮ ਦੇ ਨਾਂਅ ਤੇ ਬੇਅੰਤ ਭੇਖ ਕਰਦਿਆਂ ਅਤੇ ਕਰਮ ਕਾਂਡ ਦੇ ਵਿਸਥਾਰ ਵਿੱਚ ਦੀਂ ਗੁਜ਼ਰ ਕੇ ਵੀ ਅੰਦਰ ਔਗੁਣਾਂ ਦੇ ਦੈਂਤ ਖੌਰੂ ਪਾਉਂਦੇ ਰਹਿੰਦੇ ਹਨ-

ਸੰਨਿਆਸੀ ਹੋਇ ਕੈ ਤੀਰਥਿ ਭ੍ਮਿਓ

ਉਸੁ ਮਹਿ ਕ੍ਰੋਧ ਬਿਗਾਨਾ-੧੦੦੩

ਮਨ ਮਹਿ ਕ੍ਰੋਧ ਮਹਾ ਅਹੰਕਾਰਾ

ਪੂਜਾ ਕਰਹਿ ਬਹੁਤੁ ਬਿਸਥਾਰਾ-੧੩੪੭

ਧੋਤੀ ਊਜਲੁ ਤਿਲਕੁ ਗਲਿ ਮਾਲਾ

ਅੰਤਰਿ ਕ੍ਰੋਧ ਪੜਹਿ ਨਾਟਸਾਲਾ-੮੩੨

ਬੈਸਨੋ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ

ਕਰਹਿ ਸੋਮਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ-੧੨੦੨

ਸਾਰੇ ਵੱਖਰੇ ਵੱਖਰੇ ਫਿਰਕਿਆਂ ਦੀਆਂ ਉਦਾਹਰਨਾਂ ਦੇ ਕੇ ਬਾਣੀ ਇਹ ਅਸੂਲ ਪੱਕਾ ਕਰਾਉਂਦੀ ਹੈ ਕਿ ਬਾਹਰਲਾ ਹਰ ਦਿਖਾਵਾ ਅਤੇ ਬਾਹਰਲੀਆਂ ਰਸਮਾਂ ਦੀ ਬਹੁਤਾਤ ਕਿਸੇ ਨੂੰ ਸੱਚਾ ਧਰਮੀ ਨਹੀਂ ਬਣਾ ਸਕਦੀ। ਇਹ ਕੁੱਝ ਕਰਨਾ ਸਿਰਫ ਲੋਕਾਚਾਰੀ ਹੀ ਹੈ। ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ-

ਬਾਹਰ ਭੇਖਿ ਨ ਪਾਈਐ ਪ੍ਭੁ ਅੰਤਰਜਾਮੀ-੧੦੯੯

ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛੁਪਾਇਆ-੩੮੧

ਜੇ ਪਰਖਣ ਵਾਲੇ ਨੇ ਤਾਂ ਹਿਰਦਾ ਪਰਖਣਾ ਹੈ ਤਾਂ ਉਸਨੂੰ ਬਾਹਰਲੇ ਦਿਖਾਵੇ ਨਾਲ ਪਰਚਾਉਣ ਦੇ ਯਤਨ ਤਾਂ ਹਾਸੋਹੀਣੇ ਕੰਮ ਹੀ ਕਹੇ ਜਾ ਸਕਦੇ ਹਨ। ਜੇ ਅੰਦਰਲੇ ਔਗੁਣ ਉਸ ਤੋਂ ਛੁਪਾਏ ਹੀ ਨਹੀਂ ਜਾ ਸਕਦੇ ਤਾਂ ਬਾਹਰਲੀ ਚਮਕ ਦਮਕ ਵਧਾਉਣ ਵਿੱਚ ਹੀ ਲੱਗੇ ਰਹਿਣਾ ਸਮਝ ਦਾ ਕੰਮ ਨਹੀਂ ਹੋ ਸਕਦਾ। ਇਹ ਕਰਨ ਵਾਲਿਆਂ ਨੇ ਵਾਕਿਆ ਹੀ ਰੱਬ ਨੂੰ ਖਿਡਾਉਣਾ ਅਤੇ ਨਿਆਣਾ ਸਮਝਿਆ ਹੋਇਆ ਹੈ। ਗੁਰਬਾਣੀ ਦੇ ਅਨੁਸਾਰ ਸੱਚਾ ਧਰਮੀ ਕੌਣ ਹੈ-

ਸੋ ਬੈਸਨੋ ਹੈ ਅਪਰ ਅਪਾਰ

ਕਹੁ ਨਾਨਕ ਜਿਨਿ ਤਜੇ ਬਿਕਾਰ-੧੯੯

ਗੁਰਬਾਣੀ ਵਿਕਾਰ ਰਹਿਤ ਮਨ ਵਾਲੇ ਨੂੰ ਉੱਚਾ ਸੁੱਚਾ ਧਰਮੀ ਮੰਨਦੀ ਹੈ।ਜੇ ਅਸੀਂ ਸਹੀ ਤੌਰ ਤੇ ਗੁਰਬਾਣੀ ਦੇ ਉਪਾਸ਼ਕ ਹਾਂ ਤਾਂ ਸਾਨੂੰ ਉਹ ਕੰਮ ਹੀ ਕਰਨ ਵਿੱਚ ਲੱਗਣਾ ਚਾਹੀਦਾ ਹੈ ਜਿਹੜਾ ਇਸ ਨੂੰ ਪਰਵਾਨ ਹੈ। ਦੁਨੀਆਂ ਵਾਲਿਆਂ ਨੇ ਬੈਸ਼ਨੋ ਦੀ ਜਿਹੜੀ ਪਹਿਚਾਨ ਮੰਨ ਰੱਖੀ ਹੈ ਉਹ ਸਾਰੀ ਬਾਹਰ ਨਾਲ ਸੰਬੰਧਤ ਹੈ ਇਸ ਕਰਕੇ ਉਹ ਬਾਣੀ ਦੀ ਮਾਨਤਾ ਨਾਲੋਂ ਉਲਟ ਹੈ। ਦੁਨੀਆਂ ਵਾਲੇ ਸਦਾ ਹੀ ਧਰਮੀ ਦੀ ਪਛਾਣ ਬਾਹਰਲੇ ਦਿਖਾਵੇ ਦੇ ਆਧਾਰ ਤੇ ਕਰਦੇ ਹਨ। ਇਸ ਤਰਾਂ ਉਹ ਗੁਰਬਾਣੀ ਦੀ ਸੇਧ ਤੋਂ ਮੁਨਕਰ ਹੋਏ ਰਹਿੰਦੇ ਹਨ।

ਸਹੀ ਕੰਮ ਤਾਂ ਇਹ ਹੈ ਕਿ ਸਾਨੂੰ ਗੁਰਬਾਣੀ ਦੇ ਦੱਸੇ ਰਸਤੇ ਤੇ ਤੁਰਨਾ ਚਾਹੀਦਾ ਹੈ। ਦੁਨੀਆਂ ਵਾਲਿਆਂ ਦੀਆਂ ਗਲਤ ਮਾਨਤਾਵਾਂ ਨਾਲੋਂ ਨਾਤਾ ਤੋੜਨਾ ਚਾਹੀਦਾ ਹੈ।

ਅਸੀਂ ਆਪਣੇ ਧਰਮੀ ਹੋਣ ਦਾ ਨਾਂਅ ਜਿਹੜਾ ਮਰਜ਼ੀ ਰੱਖ ਲਈਏ ਪਰ ਉਹ ਗੁਰਬਾਣੀ ਨੂੰ ਤਾਂ ਹੀ ਪਰਵਾਨ ਹੋਣਾ ਹੈ ਜੇ ਅੰਦਰੋਂ ਵਿਕਾਰ ਰਹਿਤ ਹੋਣਾ ਉਸ ਦੀ ਮੰਜ਼ਿਲ ਹੋਵੇਗੀ। ਬਾਹਰਲੇ ਦਿਖਾਵੇ ਨਾਲ ਜੁੜਨ ਵਾਲਿਆਂ ਦੇ ਅੰਦਰ ਵਿਕਾਰ ਸਗੋਂ ਹੋਰ ਵਧ ਜਾਂਦੇ ਹਨ ਇਹ ਗੱਲ ਬਾਣੀ ਨੇ ਥਾਂ ਥਾਂ ਤੇ ਦੱਸੀ ਹੈ। ਦੇਖਣਾ ਇਹ ਹੈ ਕੇ ਕੀ ਗੁਰਬਾਣੀ ਦੀ ਸੇਧ ਸਾਡੇ ਤੇ ਕੋਈ ਅਸਰ ਕਰਦੀ ਹੈ ਜਾਂ ਗੁਰਬਾਣੀ ਨੂੰ ਇਹ ਹੋਕਾ ਹੋਰ ਉੱਚੀ ਆਵਾਜ਼ ਵਿੱਚ ਦੇਣ ਲਈ ਮਜ਼ਬੂਰ ਹੋਣਾ ਪਵੇਗਾ-

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ

ਅੰਧੇ ਏਕੁ ਨ ਲਾਗਈ ਜਿਉ ਬਾਂਸ ਬਜਾਈਐ ਫੂਕ-੧੩੭੨

ਸਿਰਫ ਸਰੀਰਕ ਤੌਰ ਤੇ ਨਿਵਦਿਆਂ ਨੂੰ ਬਹੁਤ ਚਿਰ ਹੋ ਗਿਆ ਹੈ। ਆਓ ਆਪਣੇ ਮਨਾਂ ਨੂੰ ਉਸਦੀ ਸਿਖਿਆ ਦੇ ਪੂਰਨ ਤੌਰ ਤੋ ਅਧੀਨ ਕਰਨ ਦੇ ਔਖੇ ਪਰ ਸਹੀ ਕੰਮ ਦੇ ਵਿੱਚ ਲੱਗੀਏ।

ਨਿਮਰਤਾ ਸਹਿਤ--ਮਨੋਹਰ ਸਿੰਘ ਪੁਰੇਵਾਲ
.