.

ਅੰਤਰਮੁਖੀ – ਬਾਹਰਮੁਖੀ’

** ਅੰਤਰਮੁਖੀ: ਆਪਣੇ ਅੰਦਰ ਝਾਕਣਾ ਭਾਵ ਆਪਣੀ ਮਾਨਸਿੱਕ ਸੋਚ-ਵਿਚਾਰ ਦੇ ਨਜ਼ਰੀਏ ਨੂੰ ਪਰਖਣਾ/ਵਾਚਣਾ। ਆਪਣੇ ਆਪ ਬਾਰੇ ਜਾਨਣਾ ਕਿ ਮੈਂ ਆਪਣੇ-ਆਪ ਨਾਲ ਅਤੇ ਬਾਹਰਲਿਆਂ ਨਾਲ ਕਿਸ ਤਰਾਂ ਦਾ ਰੋਲ ਨਿਭਾ ਰਿਹਾ ਹਾਂ, ਕਿਸ ਤਰਾਂ ਪੇਸ਼ ਆ ਰਿਹਾਂ ਹਾਂ? ? ? ** ਆਪਣੇ ਆਪ ਨਾਲ ਅਤੇ ਬਾਹਰਲਿਆਂ ਨਾਲ ਮੇਰਾ ਰੋਲ ਕਿਸ ਤਰਾਂ ਦਾ ਹੈ; ਪੌਜ਼ੇਟਿਵ ਹੈ ਜਾਂ ਨੈਗੇਟਿਵ? ? ?

** ਬਾਹਰਮੁਖੀ: ਆਪਣੇ-ਆਪ ਦੀ ਮਾਨਸਿੱਕ ਸੋਚ-ਵਿਚਾਰ ਦੇ ਨਜ਼ਰੀਏ ਤੋਂ ਬਿਨਾਂ ਬਾਹਰ ਦੀ ਹਰ ਸ਼ੈਅ, ਚਾਹੇ ਆਪਣਾ ਸਰੀਰ ਜਾਂ ਹੋਰ ਬਾਹਰ ਵੱਲ ਦੀ ਸਾਰੀ ਦੁਨੀਆਂ ਦੇ ਜੀਵਾਂ ਅਤੇ ਪਦਾਰਥਾਂ ਨਾਲ ਰਿਸ਼ਤੇ-ਨਾਤੇ, ਲੈਣ-ਦੇਣ, ਵਰਤ-ਵਰਤਾਰਾ, ਬੋਲ-ਚਾਲ, ਖਾਣ-ਪੀਣ ਆਦਿ ਆਦਿ. . ।

************

** ਅੰਤਰਮੁਖੀ ਅਤੇ ਬਾਹਰਮੁਖੀ … ਮਨੁੱਖੀ ਮਨ ਦੀਆਂ ਦੋ ਬੜੀਆਂ ਚੰਚਲ ਅਵਸਥਾਵਾਂ ਹਨ।

** ਹਰ ਮਨੁੱਖ ਦਾ ਮਨ ਇਹਨਾਂ ਦੋਹਾਂ ਅਵਸਥਾਵਾਂ ਵਿਚੋਂ ਕਿਸੇ ਇੱਕ ਵਿੱਚ ਹਰ ਵਕਤ/ ਹਰ ਸਮੇਂ ਰੁੱਝਿਆ ਰਹਿੰਦਾ ਹੈ, ਗੁਆਚਿਆ ਰਹਿੰਦਾ ਹੈ। ਭਾਵ ਮਨੁੱਖ ਦਾ ਮਨ ਹਰ ਵਕਤ ਜਾਂ ਤਾਂ ‘ਅੰਤਰਮੁਖੀ’ ਹੋ ਕੇ ਆਪਣੇ-ਆਪ ਦੀ ਪੜਚੋਲ ਕਰਦਾ ਹੈ, ਵਿਚਰਦਾ ਹੈ।

ਜਾਂ

‘ਬਾਹਰਮੁਖੀ’ ਹੋ ਕੇ ਇਸ ਦੁਨੀਆਂ ਦੇ ਰੰਗ-ਤਮਾਸ਼ਿਆਂ, ਰਸਾਂ-ਕਸਾਂ- ਸੁਆਦਾਂ ਵਿੱਚ ਗੁਆਚਿਆ ਹੋਇਆ ਰਹਿੰਦਾ ਹੈ ਜਾਂ ਦੁਨੀਆਂ ਦੇ ਹੋਰਨਾਂ ਮਨੁੱਖਾ ਦੇ ਟਾਕਰੇ ਵਿੱਚ ਆਪਣੇ ਕਬਜ਼ੇ ਅੰਦਰ ਪਰਾਪਰਟੀ ਅਤੇ ਆਪਣੇ ਸਟੇਟਸ ਦੇ ਪੱਧਰ ਦੀ ਪੜਚੋਲ ਕਰਦਾ ਹੈ ਕਿ ਮੈਂ ਹੋਰਨਾਂ ਦੇ ਮੁਕਾਬਲੇ ਕਿਥੇ ਖੜਾ ਹਾਂ? ? ? ਆਪਣੇ ਆਪ ਵਿੱਚ ਆਪਣੀ ਈਗੋ/ਹੰਕਾਰ ਨੂੰ ਪੱਠੇ ਪਾਉਂਦਾ ਰਹਿੰਦਾ ਹੈ।

** ਅੰਤਰਮੁਖੀ ਪੜਚੋਲ ਮਨੁੱਖ ਨੂੰ "ਸਚਿਆਰਤਾ" ਵਾਲੇ ਪਾਸੇ ਲੈ ਜਾਂਦੀ ਹੈ। ਇਨਸਾਨ ਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ।

ਇਸ ਸੰਸਾਰ ਦੀ ਸਚਾਈ ਸਮਝ ਆ ਜਾਂਦੀ ਹੈ, ਕਿ ਇਸ ਸੰਸਾਰ ਵਿੱਚ ਹਰ ਸ਼ੈ ਨਾਸ਼ਵਾਨ ਹੈ। ਆਪਣੇ ਮਾਨੁੱਖ ਹੋਣ ਦਾ ਮਕਸਦ ਸਮਝ ਆ ਜਾਂਦਾ ਹੈ।

ਮੈਂ ਕੌਣ ਹਾਂ? ? ਮੈਂ ਸਰੀਰ ਨਹੀਂ ਹਾਂ।

ਇਸ ਸਰੀਰ ਨੂੰ ਕੰਟਰੋਲ ਕਰਦੀ ‘ਜੀਵ-ਆਤਮਾ’, ‘ਜੀਅਰਾ’ ਇਸ ਸਰੀਰ ਦੀ ਮਾਲਿਕ ਹੈ, ਜੋ ਮਰਣਹਾਰ ਨਹੀਂ ਹੈ।

ਗਉੜੀ ਮਹਲਾ ੫ ॥ ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ ਕਾਹੇ ਕਉ ਮੂਰਖ ਭਖਲਾਇਆ ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥ ਏਕਾ ਮਾਟੀ ਏਕਾ ਜੋਤਿ ॥ ਏਕੋ ਪਵਨੁ ਕਹਾ ਕਉਨੁ ਰੋਤਿ ॥੨॥ ਮੇਰਾ ਮੇਰਾ ਕਰਿ ਬਿਲਲਾਹੀ ॥ ਮਰਣਹਾਰੁ ਇਹੁ ਜੀਅਰਾ ਨਾਹੀ ॥੩॥ ਕਹੁ ਨਾਨਕ ਗੁਰਿ ਖੋਲੇ ਕਪਾਟ ॥ ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥

"ਮੇਰਾ ਮੇਰਾ ਕਰਿ ਬਿਲਲਾਹੀ॥

ਮਰਣਹਾਰੁਇਹੁਜੀਅਰਾਨਾਹੀ॥" 5 ਪੰ 188

ਅੰਤਰਮੁਖੀ ਆਤਮ-ਗਿਆਨ ਹੀ ਇਨਸਾਨ ਨੂੰ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਤ ਕਰਦਾ ਹੈ।

** ਰੱਬੀ ਗੁਣ ਹਨ: ਸੱਚ, ਪਿਆਰ, ਮੁਹੱਬਤ, ਸ਼ਾਂਤੀ, ਪਵਿੱਤਰਤਾ, ਸਬਰ, ਸੰਤੋਖ, ਹਲੀਮੀ, ਸੰਜਮ, ਨਿਮਰਤਾ, ਕੋਮਲਤਾ, ਦਇਆਲਤਾ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾਹੋਰ ਅਨੇਕਾਂ ਗੁਣ।

"ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ॥" ਮ 4॥ ਪੰ 735॥

ਆਤਮ ਗਿਆਨ ਰੱਬੀ ਗੁਣਾਂ ਅਨੁਸਾਰ ਜੀਵਨ ਜਿਉਂਣ ਲਈ ਮਨੁੱਖ ਨੂੰ ਉਤਸ਼ਾਹਿਤ ਕਰਦਾ ਹੈ।

ਮਨੁੱਖਾ ਨੂੰ ਆਪਸ ਵਿੱਚ ਪਿਆਰ, ਮੁਹੱਬਤ, ਸ਼ਾਂਤੀ ਨਾਲ ਰਹਿਣ ਲਈ ਮਨ ਨੂੰ ਸ਼ਕਤੀ ਦਿੰਦਾ ਹੈ।

ਭਾਵ ਕੀ ਅੰਤਰਮੁਖੀ ਆਤਮ-ਗਿਆਨ/ਵਿਚਾਰ ਨਾਲ ਹੀ ਇਨਸਾਨ ਇੱਕ ਚੰਗੇਰਾ ਇਨਸਾਨ ਬਣ ਜਾਂਦਾ ਹੈ।

ਅੰਤਰਮੁਖੀ ‘ਆਤਮ-ਗਿਆਨ’ ਹੀ ਮਨੁੱਖ ਨੂੰ "1 ਅਕਾਲ-ਪੁਰਖ ਕਰਤਾਰ" ਨਾਲ ਜੋੜਦਾ ਹੈ। ਸਚਿਆਰਾ-ਸਿੱਖ ਬਨਣ ਲਈ ਮਨ ਵਿੱਚ ਚਾਅ/ਉਮੰਗ/ਚਾਹਤ/ਲਗਨ ਪੈਦਾ ਹੁੰਦੀ ਹੈ।

ਅੰਤਰਮੁਖੀ ਹੋਣਾ ਇੱਕ ਜਾਗਰਤ ਮਨੁੱਖ ਦੀ ਅਵਸਥਾ ਹੈ, ।

ਇੱਕ ਜਾਗੇ ਹੋਏ ਮਨੁੱਖ ਦੀ ਨਿਸ਼ਾਨੀ ਹੈ।

ਇੱਕ ਅਹਿਸਾਸ ਹੈ, ਜੋ ਮਨੁੱਖ ਨੂੰ ਅਨੰਦਤ ਕਰਦਾ ਹੈ।

ਅੰਤਰਮੁਖੀ ਹੋ ਕੇ ਹੀ ਆਪਣੇ ਅੰਦਰ ਦੀਆਂ ਕਮੀਆਂ-ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ ਕਿ;

** ਕਦੋਂ ਮੈਂ ਆਪਣੇ ਆਪ ਨਾਲ ਧੋਖਾ ਕਰਦਾ ਹਾਂ।

** ਕਦੋਂ ਆਪਣੀਆਂ ਜਿੰਮੇਂਵਾਰੀਆਂ-ਫਰਜ਼ਾਂ ਦਾ ਅਹਿਸਾਸ ਭੁੱਲ ਜਾਂਦਾ ਹਾਂ।

** ਕਦੋਂ ਮੈਂ ਆਪਣੇ ਆਪ ਨੂੰ ਕੰਟਰੋਲ ਤੋਂ ਬਾਹਰ ਕਰਕੇ, ਕ੍ਰੋਧਤ ਹੋ ਜਾਂਦਾ ਹਾਂ।

** ਕਦੋਂ ਮੈਂ ਆਪਣੇ ਆਪ ਨੂੰ ਕੰਟਰੋਲ ਵਿੱਚ ਨਹੀਂ ਰੱਖ ਸਕਦਾ।

** ਕਦੋਂ ਮੈਂ ਦੂਸਰਿਆਂ ਦੇ ਹੱਕਾਂ ਉਪਰ ਡਾਕਾ ਮਾਰਦਾ ਹਾਂ।

** ਕਦੋਂ ਇਨਸਾਨੀਅਤ ਦਾ ਰੱਸਤਾ ਭੁੱਲ ਕੇ ਹੈਵਾਨੀਅਤ ਦਾ ਰਸਤਾ ਅਪਨਾਉਂਦਾ ਹਾਂ।

** ਕਦੋਂ ਮੇਰੇ ਅੰਦਰ ਦਾ ਨਰੂ ਮਰਦਾ ਹੈ, ਅਤੇ ਪਸੂ ਜਾਗਦਾ ਹੈ:

"ਗੋਂਡ॥ ਨਰੂ ਮਰੈ ਨਰੁ ਕਾਮਿ ਆਵੈ॥

ਪਸੂ ਮਰੈ ਦਸ ਕਾਜ ਸਵਾਰੈ॥ 1 ਕਬੀਰ ਜੀ॥ ਪੰ 870

** ਕਦੋਂ ਮੇਰੇ ਅੰਦਰ ਦੇ ‘ਸਦ-ਗੁਣ’ … ‘ਅਵਗੁਣਾਂ’ ਵਿੱਚ ਬਦਲ ਜਾਂਦੇ ਹਨ।

** ਕਦੋਂ ਮੇਰੇ ਅੰਦਰ ਦਾ ‘ਆਤਮ-ਗਿਆਨ’, … ਬਾਹਰ ‘ਧਰਮ’ ਦੇ ਹੱਥ-ਕੰਡਿਆਂ

ਦਾ ਹੱਥ ਠੋਕਾ ਬਣ ਜਾਂਦਾ ਹੈ।

** ਹੋਰ ਅਨੇਕਾਂ ਤਰਾਂ ਦੇ ਅੰਤਰ-ਆਤਮੇ ਦੇ ਨਜ਼ਰੀਏ ਵਿੱਚ ਹੁੰਦੇ ਬਦਲਾਵਾਂ ਦਾ ਪਤਾ ਲੱਗਦਾ ਹੈ।

** ਬਾਹਰਮੁਖੀ ਜੀਵਨ ਵੀ ਮਨੁੱਖ ਦੇ ਜੀਵਨ ਦਾ ਇੱਕ ਅਟੁੱਟ ਹਿੱਸਾ ਹੈ, ਜਿਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਲੇਕਿਨ ਕੇਵਲ ਬਾਹਰਮੁਖੀ ਜੀਵਨ ਜਿਉਂਣਾ ਹੀ ਮਨੁੱਖੀ ਜੀਵਨ ਦਾ ਮਕਸਦ ਨਹੀਂ ਹੈ। ਬਾਹਰਮੁਖੀ ਜੀਵਨ ਦਾ ਘੇਰਾ/ਧਾਰਾ ਬਹੁਤ ਵਿਸ਼ਾਲ ਹੈ, ਵੱਡਾ ਹੈ, ਡੂੰਗਾ ਹੈ, ਜਿਸ ਵਿੱਚ ਮਨੁੱਖ ਡੁੱਬ ਸਕਦਾ ਹੈ। ਇਸ ਬਾਹਰਮੁਖੀ ਜੀਵਨ ਦਾ ਸੁਹੱਪਣ ਬਹੁਤ ਸੁਹਾਵਣਾ ਹੈ, ਜਿਸ ਵਿੱਚ ਮਨੁੱਖ ਗੁਆਚ/ਖੋ ਸਕਦਾ ਹੈ। ਇਸ ਬਾਹਰਮੁਖੀ ਜੀਵਨ ਦੇ ਖਾਣ-ਪੀਣ ਦਾ ਚਸਕਾ/ਸੁਆਦ ਵੀ ਬਹੁਤ ਹੀ ਲੱਜ਼ਤਦਾਰ ਹੈ, ਇਹਨਾਂ ਸੁਆਦਾਂ ਚਸਕਿਆਂ ਵਿੱਚ ਪੈ ਕੇ ਆਪਣੀ ਤੰਦਰੁਸਤ ਸਿਹਤ ਦਾ ਸਤਿਆਨਾਸ ਕੀਤਾ ਜਾ ਸਕਦਾ ਹੈ।

ਮਨੁੱਖ ਤੋਂ ਸਿਵਾ, ਕੋਈ ਵੀ ਹੋਰ ਜੀਵ ਜਾਂ ਸ਼੍ਰੇਣੀ ‘ਅੰਤਰਮੁਖੀ’ ਜੀਵਨ ਬਾਰੇ ਨਹੀਂ ਸੋਚਦੀ। ਸਾਰੇ ਕੁੱਦਰਤੀ ਬਾਹਰਮੁਖੀ ਜੀਵਨ ਦਾ ਜਿਉਂਣਾ ਕਰਦੇ ਹਨ ਜਾਂ ਸਾਰੇ ਜਿਉਂਦੇ ਹਨ। ਬਾਹਰਮੁਖੀ ਜੀਵਨ ਜਦੋ-ਜਹਿਦ ਅਤੇ ਮੁਸ਼ਕਲਾਂ ਭਰਿਆ ਹੈ। ਇਨਸਾਨ ਦੀਆਂ ਕਾਮਨਾਵਾਂ/ ਇਛਿਆਵਾਂ ਦੀ ਪੂਰਤੀ ਹੋਣ ਵਿੱਚ ਹੀ ਨਹੀਂ ਆਉਂਦੀ, ਇੱਕ ਆਸਾ ਪੂਰੀ ਹੁੰਦੀ ਤਾਂ ਦੂਜੀ ਮੂੰਹ ਖੋਹਲ ਤਿਆਰ ਖੜੀ ਹੁੰਦੀ ਹੈ।

ਬਾਹਰਮੁਖੀ ਜੀਵਨ ਇਨਸਾਨ ਨੂੰ ਆਪਣੇ-ਆਪ ਦੀ ਸੁੱਧ/ਸਾਰ ਵੀ ਨਹੀਂ ਲੈਣ ਦਿੰਦਾ। ਕਿਉਂਕਿ ਇਨਸਾਨ ਆਪਣੇ ਰੁਝੇਵਿਆਂ ਅਤੇ ਇਛਿਆਵਾਂ ਦੀ ਪੂਰਤੀ ਵਿੱਚ ਹੀ ਗੁਆਚ ਜਾਂਦਾ ਹੈ। ਗੁਆਚਿਆ ਰਹਿੰਦਾ ਹੈ।

** ਮਾਨੁੱਖ ਦਾ ਬਾਹਰਮੁਖੀ ਜੀਵਨ ਈਰਖਾ, ਦਵੈਸ਼, ਲੜਾਈ-ਝਗੜੇ, ਆਪਸੀ ਖਿਚੋਤਾਨ ਭਰਿਆ ਰਹਿੰਦਾ ਹੈ। ਇਸ ਦਾ ਅਸਲ ਕਾਰਨ ਹੈ, ਕਿਸੇ ਵੀ ਦੋ ਮਨੁੱਖਾ ਵਿੱਚ ਆਪਸੀ ਵਿਚਾਰਾਂ ਦਾ ਟਕਰਾਅ। ਇਹ ਟਕਰਾਅ ਪਤੀ-ਪਤਨੀ ਵਿਚ, ਪਿਉ-ਪੁੱਤ ਵਿਚ, ਮਾਂ-ਧੀ ਵਿਚ, ਭੈਣ-ਭਰਾ ਵਿੱਚ ਅਗਰ ਆਮ ਵੇਖਣ ਨੂੰ ਮਿਲਦਾ ਹੈ ਤਾਂ ਬਾਹਰਲਿਆਂ ਨਾਲ ਟਕਰਾਅ ਹੋਣ ਦੇ ਚਾਨਸ ਤਾਂ 99. 9% ਹੋ ਸਕਦੇ ਹਨ।

** ਬਾਹਰਮੁਖੀ ਜੀਵਨ ਵਿੱਚ ਹਰ ਮਨੁੱਖ ਆਪਣੇ ਸੰਸਕਾਰਾਂ ਵਿਚੋਂ ਜਾਣਕਾਰੀ ਲੈਕੇ ਆਪਣੇ ਨਿੱਜ਼ ਦੇ ਬਣਾਏ ਪੈਮਾਨੇ ਦੇ ਅਨੁਸਾਰੀ ਜੀਵਨ ਜਿਉਂਣ ਨੂੰ ਤਰਜੀਹ ਦਿੰਦਾ ਹੈ।

** ਤਾਂ-ਤੇ ਇਸੇ ਲਈ ਕੋਈ ਵੀ ਮਨੁੱਖ ਕਿਸੇ ਹੋਰ ਦੂਸਰੇ ਮਨੁੱਖ ਦੀ ਦਖ਼ਲ-

ਅੰਦਾਜ਼ੀ ਕਿਉਂਕਰ ਬਰਦਾਸ਼ਤ ਕਰੇਗਾ? ? ?

*** ‘ਆਤਮਿਕ ਗਿਆਨਬਾਹਰਮੁਖੀ ਜੀਵਨ ਜਿਉਂ ਕਿ ਨਹੀਂ ਲਿਆ ਜਾ ਸਕਦਾ।

‘ਆਤਮਿਕ-ਗਿਆਨ’ ਲਈ ਅੰਤਰਮੁਖੀ ਹੋਣਾ ਹੀ ਪਵੇਗਾ।

ਇਹ ਹਰ ਇਨਸਾਨ ਨੇ ਆਪਣੇ ਆਪ ਵਿੱਚ ਫੈਸਲਾ ਕਰਨਾ ਹੈ ਕਿ ਕਿਸ ਤਰਾਂ ਦੇ ਜੀਵਨ ਨੂੰ ਜਿਆਦਾ ਪਹਿਲ ਦੇਣੀ ਹੈ।

ਅੰਤਰਮੁਖੀ ਜੀਵਨ ਨੂੰ ਜਾਂ … ਬਾਹਰਮੁਖੀ ਜੀਵਨ ਨੂੰ

gurbwxI &urmwn[

vfhMs mhlw 3] ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥ ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥ ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥ ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥ ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥ ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥ p 569 ]

ਅਰਥ:- ਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ (ਜੰਗਲ ਆਦਿਕਾਂ ਵਿਚ) ਨਾਹ ਢੂੰਢਦਾ ਫਿਰ। ਹੇ ਮਨ! ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ, ਤੇ, ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ। ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ)। ਆਤਮਕ ਜੀਵਨ ਦੀ ਸੂਝ ਤੋਂ ਸੱਖਣੇ, ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਮਾਇਆ ਦੇ ਮੋਹ ਦੇ ਕਾਰਨ ਖ਼ੁਆਰੀ ਹੀ ਹੁੰਦੀ ਹੈ।

ਹੇ ਨਾਨਕ! (ਆਖ—) ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ (ਇਸ ਜਾਲ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹੇ ਮਨ!) ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ (ਜੰਗਲ ਆਦਿਕਾਂ ਵਿਚ) ਨਾਹ ਢੂੰਢਦਾ ਫਿਰ। 2.

ਮਾਝ ਮਹਲਾ ੫ ॥ ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥ ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ਸਾਧ ਕ੍ਰਿਪਾ ਤੇ ਸੂਕਾ ਹਰਿਆ ॥ ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥ ਜਲ ਤਰੰਗੁ ਜਿਉ ਜਲਹਿ ਸਮਾਇਆ ॥ ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥ ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥102[

ਅਰਥ:- ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿੱਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ। ਸਾਰਾ ਆਤਮਕ ਸੁਖ ਹਿਰਦੇ ਵਿੱਚ ਟਿਕੇ ਰਹਿਣ ਵਿੱਚ ਹੈ, ਬਾਹਰ ਭਟਕਣ ਵਿੱਚ ਨਹੀਂ ਮਿਲਦਾ। ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। 1.

(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿੱਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿੱਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ) (ਉਸ ਅਵਸਥਾ ਵਿੱਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ। 2.

(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ। ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ। ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। 3.

ਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿੱਚ ਹੀ ਰਲ ਜਾਂਦੀ ਹੈ ਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤਿ (ਜੋਤਿ) ਪ੍ਰਭੂ ਦੀ ਜੋਤਿ ਵਿੱਚ ਮਿਲੀ ਰਹਿੰਦੀ ਹੈ।

ਹੇ ਨਾਨਕ! ਆਖ— (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿੱਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ। 4. 19. 26.

ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥684[

ਅਰਥ:- ਹੇ ਭਾਈ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿੱਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ। 1. ਰਹਾਉ।

ਹੇ ਭਾਈ! ਜਿਵੇਂ ਫੁੱਲ ਵਿੱਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿੱਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ, ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿੱਚ ਹੀ ਲੱਭ। 1.

ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇੱਕ ਪਰਮਾਤਮਾ ਨੂੰ (ਵੱਸਦਾ) ਸਮਝੋ। ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ)। 2. 1. (ਗੁਰਬਾਣੀ ਅਰਥ ਗੁਰੂ ਗਰੰਥ ਦਰਪਣ ਵਿਚੋਂ, ਪ੍ਰੋ ਸਾਹਿਬ ਸਿੰਘ ਜੀ)

***** ਉੱਪਰਲੇ ਗੁਰਬਾਣੀ ਫ਼ੁਰਮਾਨਾ ਤੋਂ "ਆਤਮ-ਗਿਆਨ" ਦੀ ਰੌਸ਼ਨੀ/ਚਾਨਣ, ਜੋ ਸਾਡਾ ਰਾਹ ਰੌਸ਼ਨ ਕਰ ਰਹੀ ਹੈ, ਸਾਨੂੰ ਚਾਨਣਾ ਦੇ ਰਹੀ ਹੈ, ਬੜਾ ਸਾਫ਼ ਇਸ਼ਾਰਾ ਕਰ ਰਹੀ ਹੈ ਕਿ ਬਾਹਰਮੁਖੀ ਜੀਵਨ ਇੱਕ ਭਰਮ-ਭਟਕਣਾ ਦੀ ਨਿਆਂਈ ਹੈ। ਬਿਨਾਂ ਸ਼ੱਕ, ਇਹ ਬਾਹਰਮੁਖੀ-ਜੀਵਨ ਜਿਉਂਣਾ ਸਾਡੇ ਮਨੁੱਖਾ ਜੀਵਨ ਦਾ ਹਿੱਸਾ ਹੈ। ਲੇਕਿੰਨ ਅਸੀਂ ਇਸ ਬਾਹਰਮੁਖੀ ਜੀਵਨ ਦੇ ਰਸਾਂ-ਕਸਾਂ, ਰੰਗ-ਤਮਾਸਿਆਂ ਵਿੱਚ ਆਪਣੇ ਆਪ ਨੂੰ ਗਲਤਾਨ ਨਹੀਂ ਕਰਨਾ, ਇਹਨਾਂ ਵਿੱਚ ਗੁਆਚਣਾ ਨਹੀਂ, ਇਹਨਾਂ ਨੂੰ ਭੋਗਦੇ ਹੋਏ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਨਹੀਂ ਭੁੱਲਣਾ।

** ਉਹ ਮਨੋਰਥ ਕੀ ਹੈ? ? ?

ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥

ਨੌਵੇਂ ਸਤਿਗੁਰੂ ਬਖ਼ਸਿਸ ਕਰ ਰਹੇ ਹਨ:

** ਐ, ਮਨੁੱਖ/ਮਨ! ! ਉਹ ਨਿਧਾਨ ਜਿਸਦੀ ਭਾਲ ਤੂੰ ਬਾਹਰ ਕਰ ਰਿਹਾ ਹੈ, ਉਹ ਤਾਂ ਹਰ ਵਕਤ ਤੇਰੇ ਨਾਲ ਹੈ। ਤੇਰੇ ਅੰਦਰ, ਫੁੱਲ ਦੀ ਸੁਗੰਧੀ ਦੇ ਨਿਆਂਈ ਤੇਰੇ ਅੰਦਰ ਆਤਮਿੱਕ ਬਾਗ ਨੂੰ ਮਹਿਕਾ ਰਿਹਾ ਹੈ। ਉਹ! ਸ਼ੀਸੇ ਵਿਚਲੇ ਪ੍ਰਤੀਬਿੰਬ ਦੀ ਨਿਆਂਈ ਤੇਰੇ ਅੰਦਰ ਹੀ ਹੈ।

** ਲੋੜ ਹੈ ਤਾਂ ਆਪਣੇ ਆਪ ਦੀ ਖੋਜ ਕਰਨ ਦੀ, ਤਾਂ ਕੇ ਸਾਡੀ ਭਟਕਣਾ ਦੇ ਭਰਮ ਭੁਲੇਖੇ ਦੂਰ ਹੋ ਸਕਣ। ਆਪਣੇ ਆਪ ਦੀ ਸੋਝੀ ਤੋਂ ਬਿਨਾਂ ਸਰਬ ਵਿਆਪੱਕ ਅਕਾਲ-ਪੁਰਖ ਦੇ ਬਾਰੇ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ।

** ਬਾਬਾ ਫਰੀਦ ਜੀ ਦਾ ਸਲੋਕ ਹੈ:

"ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥

ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥ 1378॥

** ਆਪਣੇ ਗਿਰੀਵਾਨ ਵਿੱਚ ਝਾਕਣਾ ਭਾਵ ਆਪਣੇ ਅੰਤਰਮੁਖ ਹੋ ਕੇ ਆਪਣੇ ਦੁਆਰਾ ਆਪਣੀਆਂ ਸੋਚਾਂ-ਫੁਰਨਿਆਂ-ਵਿਚਾਰਾਂ ਦੀ ਪੜਚੋਲ ਕਰਨੀ, ਕਿਉਂਕਿ ਸਾਡੀਆਂ ਸੋਚਾਂ-ਫੁਰਨਿਆਂ-ਵਿਚਾਰਾਂ ਨੇ ਹੀ ਜਦ ਸਾਡੇ ਮੂੰਹ/ਜੀਭ ਦੁਆਰਾ ਸ਼ਬਦ ਰੂਪ ਹੋ ਕੇ ਬਾਹਰ ਨਿਕਲਣਾ ਅਤੇ ਹੱਥਾਂ-ਪੈਰਾਂ ਦੁਆਰਾ ਕਰਮ ਕਰਨੇ ਹਨ ਤਾਂ ਇਹਨਾਂ ਨੇ (ਸੋਚਾਂ-ਫੁਰਨਿਆਂ-ਵਿਚਾਰਾਂ ਨੇ) ਅਮਲੀ ਜਾਮਾ ਧਾਰਨਾ ਹੈ ਤਾਂ ਇਹ ਸਾਡੇ ਲੇਖ ਲਿਖੇ ਜਾਣੇ ਹਨ, ਬਨਣੇ ਹਨ।

** ਇਹਨਾਂ ਲੇਖਾਂ ਦੀ ਪੜਚੋਲ ਕਰਨੀ ਹੀ ਅੰਤਰਮੁਖੀ ਹੋ ਕੇ ਆਪਣੇ ਆਪ ਦੀ ਖੋਜ ਕਰਨਾ ਹੈ ਅਤੇ ‘ਆਤਮ-ਗਿਆਨ’ ਦੇ ਅਨੁਸਾਰੀ ਆਪਣੇ ਆਪ ਵਿੱਚ ਬਦਲਾਅ ਲਿਆਉਂਣਾ ਹੀ "ਆਤਮ-ਗਿਆਨ-ਵਿਚਾਰ" ਨੂੰ ਅਪਨਾਉਂਣਾ ਹੈ।

ਦਿਲੀ ਇੱਛਾ ਇਹੀ ਹੈ ਕਿ ਸੰਸਾਰ ਦੇ ਸਾਰੇ ਹੀ ਵੀਰ/ਭੈਣ ਮਨੁੱਖ ਅੰਤਰਮੁਖੀ ਹੋ ਕੇ, ਆਪਣੇ ਆਪ ਦੀ ਪਹਿਚਾਣ ਕਰਨ/ਪੜਚੋਲ ਕਰਨ ਕਿ ਅਸੀਂ ਕਿਥੇ ਖੜੇ ਹਾਂ? ? ਕੀ ਸਾਡੇ ਅੰਦਰ ਉਸ ‘ਕਰਤੇ/ਕਰਤਾਰ’ ਦੇ ਬਾਰੇ/ ‘ਕਰਤੇ/ਕਰਤਾਰ’ ਦੇ ਨਾਲ ਕੋਈ ਲਗਨ-ਪਿਆਰ-ਖਿੱਚ ਹੈ ਜਾਂ ਕਿ ਮੈਂ ਬਾਹਰਮੁਖੀ ਰੰਗ-ਬਰੰਗੀ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਆਪਣੇ ਆਪ ਨੂੰ ਗੁਆ ਬੈਠਾ ਹਾਂ ਜਾਂ ਬੈਠੀ ਹਾਂ? ? ?

** ਸਾਡੇ ਵਿੱਚ ਆਪਸੀ ਮਨੁੱਖੀ ਭਾਈਚਾਰਾ, ਪਿਆਰ, ਏਕਤਾ, ਇੱਕਸਾਰਤਾ, ਇੱਕਸੁਰਤਾ ਤਾਂ ਹੀ ਹੋ ਸਕਦੀ ਹੈ, …

ਜਦ ਤੱਕ ਸਾਡੇ ਅੰਦਰ ਦੀ ਭਟਕਣਾ ਖਤਮ ਨਹੀਂ ਹੁੰਦੀ।

ਜਦ ਤੱਕ ਸਾਨੂੰ ‘ਆਤਮ-ਗਿਆਨ’ ਦੇ ਅਨੁਸਾਰੀ ਜਿਉਂਣਾ ਨਹੀਂ ਆਉਂਦਾ।

ਜਦ ਤੱਕ ਅਸੀਂ ‘ਆਤਮ-ਗਿਆਨ’ ਨੂੰ ਆਪਣਾ ਜੀਵਨ ਆਧਾਰ ਨਹੀਂ ਬਨਣਾਉਂਦੇ।

ਜਦ ਤੱਕ ਅਸੀਂ ਬਾਹਰਮੁਖੀ ਹੋ ਕੇ ਪਸੂਆਂ ਦੀ ਨਿਆਂਈ ਆਪਣਾ ਮਨੁੱਖਾ ਜੀਵਨ-ਜਾਪਣ ਕਰਦੇ ਰਹਾਂਗੇ।

ਜਦ ਤੱਕ ਅਸੀਂ ‘ਧਰਮ’ ਦੇ ਕੁਚੱਕਰਾਂ ਵਿਚੋਂ ਨਹੀਂ ਨਿਕਲਾਂਗੇ।

ਜਦ ਤੱਕ ਅਸੀਂ ਧਰਮ ਦੇ ਨਾਮ ਉੱਪਰ ਵੰਡੀਆਂ ਪਾਈ ਜਾਵਾਂਗੇ।

ਭਾਵ:: ਜਦ ਤੱਕ ਅਸੀ ਆਪਣੇ ਆਪ ਦੀ ਪਹਿਚਾਨ ਨਹੀਂ ਕਰਦੇ।

*** ਦੁਨੀਆਂ ਦੇ ਸਾਰੇ ਆਤਮਿੱਕ ਗਿਆਨ ਸਰੋਤਾਂ ਵਿਚੋਂ,

ਕੇਵਲ "ਸ਼ਬਦ ਗੁਰੂ ਗਰੰਥ ਸਾਹਿਬ ਜੀ" (ਗੁਰਬਾਣੀ) ਹੀ ਇੱਕ ਅਜੇਹਾ ਵਾਹਦ ‘ਆਤਮਿੱਕ-ਗਿਆਨ’ ਸਰੋਤ ਹੈ, ਜੋ ਸਾਰੀ ਮਨੁੱਖਤਾ/ਕਾਇਨਾਤ ਨੂੰ ਆਪਣੇ ਕਲਾਵੈ ਵਿੱਚ ਲੈਂਦਾ ਹੈ, ਕਿਸੇ ਵੀ ਜੀਅ ਨਾਲ ਕਿਸੇ ਤਰਾਂ ਦਾ ਕੋਈ ਵਿਤਕਰਾ ਨਹੀਂ।

** ਸੋ ਫਿਰ ਕਿਉਂ ਨਾ ‘ਗੁਰਬਾਣੀ" ਵਿਚੋ ‘ਆਤਮਿੱਕ-ਗਿਆਨ’ ਦੀ ਰੌਸ਼ਨੀ ਨਾਲ ਆਪਣੇ ਆਪ ਨੂੰ ਰੌਸ਼ਨਾਇਆ ਜਾਵੇ? ?

** ਵੱਧ ਤੋਂ ਵੱਧ ਇਸ ‘ਗੁਰਬਾਣੀ-ਗਿਆਨ’ ਦਾ ਲਾਹਾ ਲਿਆ ਜਾਵੇ।

** ਸੋ ਆਉ! ! ਵੱਧ ਤੋਂ ਵੱਧ ਗੁਰਬਾਣੀ ਨੂੰ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ, ਆਤਮਿੱਕ ਗਿਆਨ ਲਈਏ ਅਤੇ ਗੁਰਬਾਣੀ ਦੇ ‘ਆਤਮਿੱਕ-ਗਿਆਨ’ ਦੇ ਅਨੁਸਾਰੀ ਬਣੀਏ।

** ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ ਮ 4॥

ਪੰ 304॥

"ਸੱਚ ਹੀ ਪਰਮ-ਆਤਮਾ ਹੈ

ਪਰਮ-ਆਤਮਾ ਹੀ ਸੱਚ ਹੈ"

‘ਸੋ ਇਸ ਲਈ ਇੱਕ ਸੱਚੇ-ਸੁੱਚੇ ਇਨਸਾਨ/ਮਨੁੱਖ ਬਣੋ’।

‘ਸਚਾਈ ਵਿੱਚ ਰਹਿਣਾ ਕਰੋ’।

‘ਸੱਚ ਬਾਰੇ ਗੱਲਾਂ ਕਰੋ’।

‘ਸੱਚ ਬਾਰੇ ਸੋਚਣਾ ਕਰੋ’।

"ਇੱਕ ਸੱਚੇ-ਸੁੱਚੇ ਜੀਵਨ ਨੂੰ ਜਿਉਂਣਾ ਕਰੋ।

ਭਾਵ: ਗੁਰਬਾਣੀ ਬਣੀਐ। ਗੁਰਬਾਣੀ ਦੇ ਆਤਮਿੱਕ-

ਗਿਆਨ ਦੇ ਅਨੁਸਾਰੀ ਸਾਡਾ ਮਨੁੱਖਾ ਜੀਵਨ ਬਣੇ।

ਧੰਨਵਾਧ।

ਇੰਜ ਦਰਸ਼ਨ ਸਿੰਘ ਖਾਲਸਾ

ਸਿੱਡਨੀ (ਅਸਟਰੇਲੀਆ)




.