.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੨)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਬਾਣੀ "ਆਸਾ ਕੀ ਵਾਰ" ਦਾ ਸਿਰਲੇਖ ਅਤੇ ਪੰਜਵੇਂ ਪਾਤਸ਼ਾਹ-ਬਾਣੀ "ਆਸਾ ਕੀ ਵਾਰ" ਦਾ ਸਿਰਲੇਖ "ਆਸਾ ਕੀ ਵਾਰ ਮਹਲਾ ੧॥ ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੈ ਕੀ ਧੁਨੀ॥" :-

ਪ੍ਰਕਰਣ ਦੀ ਲੋੜ ਅਨੁਸਾਰ ਸਾਡੇ ਪਾਸ ਇਹ ਵੀ ਆਪਣੇ ਆਪ `ਚ ਬਹੁਤ ਵੱਡਾ ਸਬੂਤ ਹੈ ਕਿ ਮੂਲ ਰੂਪ `ਚ ਗੁਰਬਾਣੀ ਵਿੱਚਲੀਆਂ ਸਮੂਹ ੨੨ ਵਾਰਾ ਕੇਵਲ ਅਤੇ ਕੇਵਲ ਪਉੜੀਆਂ ਦੇ ਰੂਪ `ਚ ਹੀ ਸਨ ਜਿਵੇਂ ਕਿ ਇਸ ਸਿਰਲੇਖ `ਚ ਵੀ "ਵਾਰ ਸਲੋਕਾ ਨਾਲਿ" ਜਿਸਦਾ ਆਪਣੇ ਆਪ `ਚ ਹੀ ਸਪਸ਼ਟ ਅਰਥ ਹੈ ਕਿ ਵਾਰ ਵਿੱਚਲੇ ਸਲੋਕ, ਮੂਲ ਵਾਰ ਤੋਂ ਵੱਖਰੇ ਹਨ ਤੇ ਵਾਰ `ਚ ਜੋੜੇ ਹੋਏ ਹਨ।

ਇਸੇ ਤਰ੍ਹਾਂ ਜ਼ਿਕਰ ਕਰ ਆਏ ਹਾਂ ਕਿ ਗੁਰਬਾਣੀ ਵਿੱਚਲੀਆਂ ਬਾਈ ਵਾਰਾਂ `ਚੋਂ ਵੀਹ (੨੦) ਵਾਰਾਂ `ਚ, ਆਦਿ ਬੀੜ ਦੀ ਸੰਪਾਦਨਾ ਕਰਣ ਅਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ, ਪਉੜੀਆਂ ਤੋਂ ਪਹਿਲਾਂ ਲੋੜ ਅਨੁਸਾਰ ਵਿਆਖਿਆ ਰੂਪ ਸਲੋਕਾਂ ਦੀ ਵਰਤੋਂ, ਪੰਜਵੇਂ ਪਾਤਸ਼ਾਹ ਨੇ ਕੀਤੀ ਸੀ। ਤਾਂ ਤੇ:-

ਬਾਣੀ ‘ਆਸਾ ਕੀ ਵਾਰ’ ਦੇ ਸਿਰਲੇਖ ‘ਆਸਾ ਮਹਲਾ ੧’ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਰਚਨਾ ਪਹਿਲੇ ਪਾਤਸ਼ਾਹ-ਗੁਰੂ ਨਾਨਕ ਪਾਤਸ਼ਾਹ ਦੀ ਹੈ। ਫ਼ਿਰ ਇਹ ਵੀ ਚੇਤੇ ਰਹੇ ਕਿ ਇਸ ਵਾਰ `ਚ ਸਲੋਕਾਂ ਦੀ ਕੁਲ ਗਿਣਤੀ ੫੯ ਹੈ। ਜਦਕਿ ਉਨ੍ਹਾਂ ੫੯ ਸਲੋਕਾਂ `ਚ ੧੫ ਸਲੋਕ ਦੂਜੇ ਪਾਤਸ਼ਾਹ ਦੇ ਵੀ ਹਨ ਜਿਹੜੇ ਆਪਣੇ ਆਪ `ਚ ਬਹੁਤ ਵੱਡਾ ਸਬੂਤ ਹਨ ਕਿ ਇਸ ਵਾਰ `ਚ ਉਹ ੧੫ ਸਲੋਕ ਪਹਿਲੇ ਪਾਤਸ਼ਾਹ ਨੇ ਆਪਣੇ ਸਮੇਂ ਦੌਰਾਨ "ਵਾਰ ਆਸਾ" `ਚ ਆਪ ਦਰਜ ਨਹੀਂ ਸਨ ਕੀਤੇ।

ਕਿਉਂਕਿ ਪਹਿਲੇ ਪਾਤਸ਼ਾਹ ਦੇ ਸਮੇਂ ਤਾਂ ਉਨ੍ਹਾਂ ਸਲੋਕਾਂ ਦੀ ਅਜੇ ਰਚਨਾ ਵੀ ਨਹੀਂ ਸੀ ਹੋਈ। ਇਸ ਤਰ੍ਹਾਂ ਇਸ ਤੋਂ ਇਹ ਵੀ ਆਪਣੇ ਆਪ ਸਪਸ਼ਟ ਹੈ ਕਿ ਬਾਣੀ "ਆਸਾ ਕੀ ਵਾਰ" ਵਿੱਚਲੇ ਦੂਜੇ ਪਾਤਸ਼ਾਹ ਦੇ ੧੫ ਸਲੋਕ, ਬਾਅਦ `ਚ ਦੂਜੇ ਪਾਤਸ਼ਾਹ ਨੇ ਆਪਣੇ ਗੁਰਗੱਦੀ ਕਾਲ ਦੇ ਦੌਰਾਨ ਰਚੇ ਸਨ।

ਫ਼ਿਰ ਇਸ ਸੰਬੰਧ `ਚ ਇਹ ਵੀ ਧਿਆਂਨ ਰਵੇ ਕਿ ਕੁੱਝ ਟੀਕਾਕਾਰਾਂ ਨੇ ਬਾਣੀ "ਆਸਾ ਕੀ ਵਾਰ" ਦੀਆਂ ਪਹਿਲੀਆਂ ਪਉੜੀਆਂ (ਸਲੋਕਾਂ ਸਮੇਤ) ਪਾਕਪਟਨ `ਚ, ਸ਼ੇਖ ਬ੍ਰਹਮ ਵੱਲੋਂ ਕੁੱਝ ਸੁਆਲਾਂ ਦੇ ਉੱਤਰ ਵੱਜੋਂ ਦੱਸੀਆਂ ਹੋਈਆਂ ਹਨ। ਜਦਕਿ ਉਹ ਟੀਕਾਕਾਰ ਬਾਣੀ "ਆਸਾ ਕੀ ਵਾਰ" ਦੀਆਂ ਬਾਕੀ ੧੫ ਪਉੜੀਆਂ ਨੂੰ ਰਚਣ ਦਾ ਕੋਈ ਸਮਾਂ ਨਿਸ਼ਚਤ ਨਹੀਂ ਕਰ ਸਕੇ।

ਉਂਜ, ਅਰਥਾਂ ਦੀ ਗਹਿਰਈ `ਚ ਜਾਵੋ ਤਾਂ ਇਹ ਵਿਚਾਰ ਵੀ ਗ਼ਲਤ ਸਾਬਤ ਹੁੰਦਾ ਹੈ। ਕਿਉਂਕਿ ਪਹਿਲੀਆਂ ੯ ਪਉੜੀਆਂ `ਚੋਂ, ਪਹਿਲੀ ਤੇ ਸਤਵੀਂ ਪਉੜੀ ਨਾਲ ਇੱਕ-ਇੱਕ ਸਲੋਕ ਦੂਜੇ ਪਾਤਸ਼ਾਹ ਦਾ ਵੀ ਹੈ, ਜਿਹੜੇ ਕਿ ਅਜੇ ਰਚੇ ਹੀ ਨਹੀਂ ਸਨ ਗਏ। ਇਹ ਵੀ ਕਿ ਜਿਹੜੇ ਸੁਆਲ ਸ਼ੇਖ ਬ੍ਰਹਮ ਵੱਲੋਂ ਦੱਸੇ ਜਾਂਦੇ ਹਨ, ਉਹ ਵੀ ਅਸਲੋਂ ਉਨ੍ਹਾਂ ਪਉੜੀਆਂ ਦੇ ਮੂਲ ਅਰਥਾਂ ਨੂੰ ਸਮਝੇ ਬਿਨਾ ਹਨ।

"ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" -ਇਸ ਤਰ੍ਹਾਂ (ੳ) ਪੰਥ ਅੰਦਰ ਕਾਫੀ ਸਮੇਂ ਤੋਂ ਇੱਕ ਗੁੰਝਲ ਸੀ ਕਿ ਸਮੂਹ ਵਾਰਾਂ `ਚ ਬਹੁਤਾ ਕਰਕੇ ਪਉੜੀਆਂ ਵਿੱਚਕਾਰ ਮਜ਼ਮੂਨਾਂ ਦੀ ਸਾਂਝ ਨਹੀਂ ਮਿਲਦੀ। ਜਦਕਿ ਉਸ ਦਾ ਮੂਲ ਕਾਰਣ ਹੀ ਵਾਰਾਂ `ਚ ਸਲੋਕਾਂ ਸਮੇਤ ਇਸ ਸਾਂਝ ਨੂੰ ਢੂੰਡਣਾ ਸੀ, ਜਿਹੜੀ ਕਿ ਵਿਸ਼ੇ ਦੀ ਗਹਿਰਾਈ `ਚ ਜਾਣ ਤੋਂ ਬਾਅਦ ਮੂਲੋਂ ਹੀ ਗ਼ਲਤ ਸੋਚ ਸਾਬਤ ਹੁੰਦੀ ਹੈ।

(ਅ) ਦਰਅਸਲ ਇਹ ਮਾਨ ਪੰਥ ਦੀ ਚਲਦੀ-ਫਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ ਜਿਨ੍ਹਾਂ ਗੁਰਬਾਣੀ ਵਿੱਚਲੀਆਂ ਵਾਰਾਂ ਨਾਲ ਸੰਬੰਧਤ ਇਸ ਵਿਸ਼ੇ `ਤੇ ਸਭ ਤੋਂ ਪਹਿਲਾਂ ਕਲਮ ਚੁੱਕੀ ਤੇ ਵਾਰਾਂ ਵਿੱਚਲੇ ਸਲੋਕਾਂ ਸੰਬੰਧੀ ਸਚਾਈ ਨੂੰ ਸੰਸਾਰ ਸਾਹਮਣੇ ਪ੍ਰਗਟ ਕੀਤਾ।

(ੲ) ਫ਼ਿਰ ਇਤਨਾ ਹੀ ਨਹੀਂ ਬਾਣੀ "ਆਸਾ ਕੀ ਵਾਰ" ਦੇ ਸਿਰਲੇਖ--- "ਆਸਾ ਕੀ ਵਾਰ ਮਹਲਾ ੧॥ ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੈ ਕੀ ਧੁਨੀ" --- ਵਿੱਚਲੀ ਪੰਕਤੀ "ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" ਸੰਬੰਧੀ ਵੀ ਕਈ ਸ਼ੰਕੇ ਤੇ ਸੁਆਲ ਚਲਦੇ ਰਹੇ।

ਜਿਵੇਂ ਕਿ ਬਾਣੀ "ਆਸਾ ਕੀ ਵਾਰ" ਦੇ ਸਿਰਲੇਖ `ਚ ਤਾਂ ਦਰਜ ਹੈ ਕਿ "ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" ਜਦਕਿ ਉਥੇ ਬਾਣੀ "ਆਸਾ ਕੀ ਵਾਰ" `ਚ ੧੫ ਸਲੋਕ ਦੂਜੇ ਪਾਤਸ਼ਾਹ ਦੇ ਵੀ ਹਨ, ਤਾਂ ਉਹ ਕਿਵੇਂ ਦਰਜ ਹੋਏ ਅਤੇ ਇਹ ਕਿਸ ਤਰ੍ਹਾਂ ਦਰਜ ਹੋ ਗਏ? ਆਦਿ ਆਦਿ…। ਜਦਕਿ ਅਕਾਲਪੁਰਖ ਵੱਲੋਂ ਬਾਣੀ "ਆਸਾ ਕੀ ਵਾਰ" ਦੇ ਸਿਰਲੇਖ ਵਿੱਚਲੀ ਇਸ ਘੁੰਡੀ ਨੂੰ ਖੋਲਣ ਦਾ ਮਾਨ ਵੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ।

ਆਪ ਨੇ ਵਿਆਕਰਣਕ ਅਤੇ ਨਾਲ-ਨਾਲ ਗੁਰਬਾਣੀ ਦੀ ਦੀਰਘ ਵਿਚਾਰ ਨੂੰ ਆਧਾਰ ਬਣਾ ਕੇ ਬਾਣੀ "ਆਸਾ ਕੀ ਵਾਰ" ਦੇ ਸਿਰਲੇਖ ਵਿੱਚਲੀ ਪੰਕਤੀ "ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" ਸੰਬੰਧੀ ਵੇਰਵਾ ਦਿੱਤਾ ਕਿ "ਆਦਿ ਬੀੜ" ਦੀ ਸ਼ੰਪਾਦਨਾ ਅਤੇ ਗੁਰਬਾਣੀ ਨੂੰ ਤਰਤੀਬ ਦੇਣ ਦੌਰਾਨ, ਇਥੇ ਪੰਜਵੇਂ ਪਾਤਸ਼ਾਹ ਸਪਸ਼ਟ ਕਰ ਰਹੇ ਹਨ:-

ਬਾਣੀ "ਆਸਾ ਕੀ ਵਾਰ" `ਚ ਜਿਹੜੇ ੪੪ ਸਲੋਕ ਪਹਿਲੇ ਪਾਤਸਾਹ ਦੇ ਦਰਜ ਕੀਤੇ ਹਨ, ਦਰਅਸਲ ਉਹ ਸਲੋਕ, ਉਹੀ ਹਨ, ਜਿਨ੍ਹਾਂ ਦਾ ਗਾਇਣ, ਇਸ ਬਾਣੀ ਦੀਆਂ ਸੰਬੰਧਤ ਪਉੜੀਆਂ ਦੇ ਉਚਾਰਣ ਸਮੇਂ, ਪਹਿਲੇ ਪਾਤਸ਼ਾਹ, ਆਪ ਵੀ ਕਰਦੇ ਸਨ। ਇਸ ਲਈ "ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" ਭਾਵ ਪੰਜਵੇਂ ਪਾਤਸ਼ਾਹ ਨੇ ਉਨ੍ਹਾਂ ਸਲੋਕਾਂ ਨੂੰ ਦਰਜ ਕਰਣ ਸਮੇਂ ਉਨ੍ਹਾਂ `ਚ ਬਿਲਕੁਲ ਵੀ ਅਦਲਾ-ਬਦਲੀ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਉਨ੍ਹਾਂ ਦੀ ਅਸਲ ਤਰਤੀਬ `ਚ ਹੀ ਦਰਜ ਕੀਤਾ।

". ਸਿਰਲੇਖ `ਚ ਦੂਜੇ ਪਾਤਸ਼ਾਹ ਦੇ ਸਲੋਕਾਂ ਦੀ ਸੂਚਨਾ ਨਹੀਂ?" - ਬਾਣੀ "ਆਸਾ ਕੀ ਵਾਰ" ਦੇ ਸਿਰਲੇਖ ਸੰਬੰਧੀ ਇਹ ਸੁਆਲ ਵੀ ਹੈ ਕਿ:-

ਉਥੇ ਬਾਣੀ "ਆਸਾ ਕੀ ਵਾਰ" ਦੇ ਸਿਰਲੇਖ `ਚ "ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" ਭਾਵ ਪਹਿਲੇ ਪਾਤਸ਼ਾਹ ਦੇ ਸਲੋਕਾਂ ਦੀ ਸੂਚਨਾ ਤਾਂ ਹੈ ਪਰ ਉਥੇ ਬਾਣੀ "ਆਸਾ ਕੀ ਵਾਰ" ਦੇ ਸਿਰਲੇਖ `ਚ ਜਿਹੜੇ ੧੫ ਸਲੋਕ ਦੂਜੇ ਪਾਤਸ਼ਾਹ ਦੇ ਹਨ, ਉਸ ਸਿਰਲੇਖ `ਚ ਉਨ੍ਹਾਂ ਸਲੋਕਾਂ ਬਾਰੇ ਸੂਚਨਾ ਕਿਉਂ ਨਹੀਂ?

ਜਦਕਿ ਇਸ ਦੇ ਨਾਲ-ਨਾਲ ਅਸਾਂ ਇਹ ਵੀ ਸਮਝਣਾ ਹੈ ਕਿ ਗੁਰਬਾਣੀ `ਚ ਇਹ ਇੱਥੇ ਵੱਖਰੀ ਗੱਲ ਨਹੀਂ ਬਲਕਿ ਹੋਰ ਵੀ ਕਈ ਥਾਵੇਂ ਇਹੀ ਨਿਯਮ ਮਿਲਦਾ ਹੈ, ਜਿਵੇਂ:-

(ੳ) ਭਗਤ ਕਬੀਰ ਜਾਂ ਫਰੀਦ ਜੀ ਦੇ ਸਲੋਕਾਂ `ਚ ਪਾਤਸ਼ਾਹ ਨੇ ਜਦੋਂ ਦੇਖਿਆ ਕਿ, ਕਿਸੇ ਵਿਸ਼ੇ ਨੂੰ ਹੋਰ ਖੋਲਣ ਦੀ ਲੋੜ ਹੈ ਤਾਂ ਗੁਰਦੇਵ ਨੇ ਨਾਲ ਹੀ ਮ: ੧, ੨, ੩ ਆਦਿ ਲਿਖ ਕੇ ਲੋੜ ਅਨੁਸਾਰ ਕੁੱਝ ਲੋੜਿੰਦੇ ਸਲੋਕਾਂ ਦੀ ਵਰਤੋਂ ਕਰ ਦਿੱਤੀ ਪਰ ਸਿਰਲੇਖਾਂ `ਚ ਉਨ੍ਹਾਂ ਦਾ ਜ਼ਿਕਰ ਜਾਂ ਸੂਚਨਾ ਨਹੀਂ।

(ਅ) ਕੇਵਲ ਬਾਣੀ "ਆਸਾ ਕੀ ਵਾਰ" `ਚ ਹੀ ਨਹੀਂ ਕੁੱਝ ਹੋਰ ਵਾਰਾਂ `ਚ ਤਾਂ ਪਉੜੀ ਤੀਕ ਦੂਜੇ ਗੁਰੂ ਵਿਅਕਤੀਆਂ ਦੀ ਹੈ ਪਰ ਸੰਬੰਧਤ ਸਿਰਲੇਖਾਂ `ਚ ਉਨ੍ਹਾਂ ਦਾ ਜ਼ਿਕਰ ਨਹੀਂ। ਜਿਵੇਂ:-

"ਗਉੜੀ ਕੀ ਵਾਰ ਮ: ੪" (ਪੰ: ੩੦੦) `ਚ ਪਉੜੀ ਨੰ: ੨੭ ਤੋਂ ੩੧ ਤੀਕ ਸਮੂਹ ਪਉੜੀਆਂ ਹੀ ਪੰਜਵੇਂ ਪਾਤਸ਼ਾਹ ਦੀਆਂ ਹਨ ਪਰ ਸਿਰਲੇਖ `ਚ ਇਨ੍ਹਾਂ ਬਾਰੇ ਉੱਕਾ ਜ਼ਿਕਰ ਨਹੀਂ। ਇਸੇ ਤਰ੍ਹਾਂ

"ਮਲਾਰ ਕੀ ਵਾਰ ਮ: ੧" ਦੀ ਹੈ ਪਰ ਉਸ `ਚ ਪਉੜੀ ਨੰ: ੨੮ ਪੰਜਵੇਂ ਪਾਤਸ਼ਾਹ ਦੀ ਹੈ। ਹੋਰ

"ਵਾਰ ਮਾਝ ਕੀ ਤਥਾ ਸਲੋਕ ਮ: ੧" - `ਚ ਕੁਲ ਪਉੜੀਆਂ ੨੭ ਹਨ ਜਿਨ੍ਹਾਂ `ਚੋਂ ੧੪ ਪਉੜੀਆਂ ਨਾਲ ਸਲੋਕ, ਪਹਿਲੇ ਮਹਲੇ ਦੇ ਹਨ ਪਰ ਪਉੜੀ ਨੰ, ੩, ੧੫, ੧੮, ੨੨ ਨਾਲ ਇੱਕ ਵੀ ਸਲੋਕ ਪਹਿਲੇ ਪਾਤਸ਼ਾਹ ਦਾ ਨਹੀਂ। ਬਾਕੀ ੯ ਪਉੜੀਆਂ ਨਾਲ ਵੀ ਕੇਵਲ ਇੱਕ ਇੱਕ ਸਲੋਕ ਪਹਿਲੇ ਪਾਤਸ਼ਾਹ ਦਾ ਹੈ ਜਦਕਿ ਦੂਜਾ ਸਲੋਕ ਦੂਜੇ ਗੁਰੂ ਵਿਅਕਤੀ ਦਾ ਹੈ ਪਹਿਲੇ ਪਾਤਸ਼ਾਹ ਦਾ ਨਹੀਂ। ਆਦਿ

ਵਾਰਾਂ ਉਪਰ ‘ਨੌ’ ਧੁਨੀਆਂ- ਗੁਰੂ ਸਾਹਿਬ ਨੇ ਲੋਕਾਈ ਦੀ ਰੁਚੀ ਨੂੰ ਮੁੱਖ ਰਖਦੇ ਹੋਏ, ਬੇਸ਼ੱਕ ਗੁਰਬਾਣੀ ਵਿੱਚਲੀਆਂ ੨੨ ਵਾਰਾਂ ਨੂੰ ਆਤਮਕ ਉੱਚਾਈਆਂ ਦੇ ਪੱਖੋਂ ਬਿਲਕੁਲ ਨਿਵੇਕਲੇ ਅਰਥਾਂ `ਚ ਰਚਿਆ ਤਾਂ ਵੀ ਵਾਰਾਂ ਵਾਲੇ ਪਹਿਲਾਂ ਤੋਂ ਚਲਦੇ ਆ ਰਹੇ ਕਾਵਿ ਢੰਗ ਨੂੰ ਵਰਤਿਆ ਜ਼ਰੂਰ।

ਗੁਰੂ ਸਾਹਿਬ ਨੇ ਉਸੇ ਲੜੀ `ਚ ਲੋਕਾਈ ਦੀ ਰੁਚੀ ਨੂੰ ਮੁੱਖ ਰਖਦੇ ਹੋਏ, ਸਮੇਂ ਦੀਆਂ ਪ੍ਰਚਲਤ ੯ ਲੋਕਪ੍ਰਿਅ ਵਾਰਾਂ ਦੀਆਂ ਧੁਨੀਆਂ ਨੂੰ ਗੁਰਬਾਣੀ ਵਿੱਚਲੀਆਂ ੨੨ ਵਾਰਾਂ `ਚੋਂ ਨੌ ਵਾਰਾਂ ਦੇ ਸਿਰਲੇਖਾਂ `ਚ `ਚ ਵਰਤਿਆ। ਤਾਂ ਤੇ ਉਹ ੯ ਧੁਨੀਆਂ ਹਨ:-

੧. ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ।

੨. ਰਾਇ ਕਮਾਲ ਦੀ ਮੌਜ ਦੀ ਵਾਰ।

੩. ਲਲਾ ਬਹਿਲੀਮਾ ਦੀ ਵਾਰ।

੪. ਟੁੰਡੇ ਅਸਰਾਜੇ ਦੀ ਵਾਰ।

੫. ਸਿਕੰਦਰ ਬਿਰਾਹਿਮ ਦੀ ਵਾਰ।

੬. ਹਸਨੇ ਮਹਮੇ ਦੀ ਵਾਰ।

੭. ਮੂਸੇ ਦੀ ਵਾਰ।

੮. ਜੋਧੇ ਵੀਰੇ ਦੀ ਵਾਰ।

੯. ਰਾਣਾ ਕੈਲਾਸ ਦੇਵ ਮਾਲਦੇ ਦੀ ਵਾਰ।

ਜਦਕਿ ਇਹ ਵੀ ਸਪਸ਼ਟ ਹੁੰਦਾ ਹੈ ਕਿ ਇਥੇ ਇਨ੍ਹਾਂ ੯ ਵਾਰਾਂ ਦੀਆਂ ਧੁਨੀਆਂ ਨੂੰ ਵਰਤਣ `ਚ ਵੀ ਗੁਰੂ ਸਾਹਿਬ ਦਾ ਮਕਸਦ, ਵਿਸ਼ੇਸ਼ ਸੀ।

ਉਹ ਵਿਸ਼ੇਸ਼ ਮਕਸਦ ਇਹ ਸਾਬਤ ਹੁੰਦਾ ਹੈ ਕਿ ਲੋਕਾਂ ਦੀ ਰੁਚੀ ਅਨੁਸਾਰ ਧੁਨੀਆਂ ਨੂੰ ਵਰਤ ਕੇ, ਗੁਰਬਾਣੀ ਵਿੱਚਲੀਆਂ ਵਾਰਾਂ ਰਾਹੀਂ ਗੁਰਬਾਣੀ ਵਿਚਾਰਧਾਰਾ ਦੀ ਉੱਤਮਤਾ ਨਾਲ, ਲੋਕਾਈ ਦੇ ਜੀਵਨ ਨੂੰ, ਆਤਮਕ ਰਸ ਦੀਆਂ ਉਚਾਈਆਂ ਨਾਲ ਸੀਂਚਨਾ।

ਇਹੀ ਕਾਰਣ ਹੈ ਕਿ ਗੁਰਦੇਵ ਨੇ ਉਸ ਸਮੇਂ ਦੀਆਂ, ਅਨੇਕਾਂ ਪ੍ਰਚਲਤ ਵਾਰਾਂ `ਚੋਂ ਵੀ ਕੇਵਲ ਉਨ੍ਹਾਂ ੯ ਵਾਰਾਂ ਦੀਆਂ ਧੁਨੀਆਂ ਨੂੰ ਹੀ ਵਰਤਿਆ, ਜਿਨ੍ਹਾਂ ਦੀਆਂ ਧੁਨੀਆਂ ਨੂੰ ਵਰਤ ਕੇ ਗੁਰਦੇਵ ਆਪਣੇ ਮੂਲ ਮਕਸਦ `ਚ ਸਫ਼ਲ ਹੋ ਸਕਦੇ ਸਨ, ਸਾਰੀਆਂ ਦੀਆਂ ਧੁਨੀਆਂ ਨੂੰ ਨਹੀਂ ਵਰਤਿਆ।

ਉਪ੍ਰੰਤ ਇਹ ਵੀ ਕਿ ਉਹ ਕੱਚੀਆਂ ਵਾਰਾਂ ਸਮੇਂ ਨਾਲ, ਲੋਕਾਈ ਦੇ ਮਨਾਂ `ਚੋਂ ਅੱਜ ਆਪਣੇ ਆਪ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ। ਜਦਕਿ ਗੁਰਬਾਣੀ ਵਿੱਚਲੀਆਂ ਸੱਚੀਆਂ ਅਤੇ ਜੁਗਾਂ-ਜੁਗਾਂਤ੍ਰਾਂ ਤੀਕ ਕਾਇਮ ਰਹਿਣ ਵਾਲੀਆਂ ਇਹ ੨੨ ਦੀਆਂ ੨੨ ਵਾਰਾਂ ਸਦੀਵਕਾਲ ਲਈ:-

() "ਸਚੁ ਪੁਰਾਣਾ ਨਾ ਥੀਐ, ਨਾਮੁ ਨ ਮੈਲਾ ਹੋਇ" (ਅੰ: ੧੨੪੮) ਅਥਵਾ

() "ਸਚੁ ਪੁਰਾਣਾ ਹੋਵੈ ਨਾਹੀ, ਸੀਤਾ ਕਦੇ ਨ ਪਾਟੈ" (ਪੰ: ੯੫੬) ਹੋਰ

() ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ (ਪੰ: ੧੦੫੭)

() "ਹਰਿ ਜੀਉ ਸਚਾ, ਸਚੀ ਬਾਣੀ, ਸਬਦਿ ਮਿਲਾਵਾ ਹੋਇ" (ਪੰ: ੬੪)

ਆਦਿ ਗੁਰਬਾਣੀ ਫ਼ੁਰਮਾਨਾਂ ਅਨੁਸਾਰ ਗੁਰਬਾਣੀ ਵਿੱਚਲੀਆਂ ੨੨ ਵਾਰਾਂ ਮਨੁੱਖ ਮਾਤ੍ਰ ਨੂੰ ਸਦੀਵ ਕਾਲ ਲਈ ਆਤਮਕ ਰਸ ਦਾ ਹੁਲਾਰਾ ਅਤੇ ਜੀਵਨ ਸੇਧ ਦਿੰਦੀਆਂ ਰਹਿਣਗੀਆਂ।

ਗੁਰਬਾਣੀ ਵਿੱਚਲੀਆਂ ਵਾਰਾਂ ਉਪਰ ੯ ਧੁਨੀਆਂ ਬਨਾਮ ‘ਫਿਲਮੀ ਤਰਜ਼ਾਂ’ - ਸਾਹਿਬਾਂ ਰਾਹੀਂ ਵਾਰਾਂ ਦੇ ਅਰੰਭ `ਚ ਵਰਤੀਆਂ ਉਪ੍ਰੋਕਤ ਧੁਨੀਆਂ ਤੋਂ ਸਾਡੇ ਕੁੱਝ ਸੱਜਨ, ਇੱਕ ਹੋਰ ਦਲੀਲ ਦਿੰਦੇ ਹਨ। ਉਨ੍ਹਾਂ ਅਨੁਸਾਰ ‘ਜੇਕਰ ਗੁਰੂ ਪਾਤਸ਼ਾਹ ਨੇ ਖ਼ੁੱਦ ਲੋਕਾਂ ਦੀ ਰੁਚੀ ਨੂੰ, ਗੁਰਬਾਣੀ ਵਾਲੇ ਪਾਸੇ ਮੋੜਣ ਲਈ, ਉਸ ਸਮੇਂ ਦੀਆਂ ਲੋਕਪ੍ਰਿਅ ਵਾਰਾਂ ਦੀਆਂ ਧੁਨੀਆਂ ਦੀ ਵਰਤੋਂ ਕਰਣੀ ਯੋਗ ਸਮਝੀ ਤਾਂ ਅਜੋਕੇ ਸਮੇਂ ਫਿਲਮੀ ਧੁਨਾਂ ਨੂੰ ਗੁਰਬਾਣੀ ਕੀਰਤਨ ਸਮੇਂ ਵਰਤਣ `ਚ ਵੀ ਕੋਈ ਹਰਜ ਨਹੀਂ ਹੋਣਾ ਚਾਹੀਦਾ’ ਆਦਿ।

ਓਪਰੀ ਨਜ਼ਰੇ, ਬੇਸ਼ੱਕ ਦਲੀਲ ਵਜ਼ਣਦਾਰ ਹੈ। ਤਾਂ ਵੀ ਸਮਝਣ ਦੀ ਲੋੜ ਹੈ ਕਿ ਗੁਰੂ ਪਾਤਸ਼ਾਹ ਦੇ ਸਮੇਂ ਉਨ੍ਹਾਂ ਵਾਰਾਂ ਤੌਂ ਇਲਾਵਾ ਡ੍ਰਾਮੇ, ਨਾਟਕ, ਏਕਾਂਕੀਆਂ, ਰਾਸਾਂ, ਕੱਚੇ ਗੀਤ ਤੇ ਕਾਮ-ਰਸ ਨੂੰ ਉਭਾਰਣ ਲਈ ਸਸਤੇ ਮਨੋਰੰਜਨ, ਮਹਿਫਲਾਂ, ਮੁਸ਼ਾਇਰੇ ਆਦਿ ਵੀ ਸਨ। ਜਦਕਿ ਅਜੋਕੇ ਫਿਲਮੀ ਗੀਤ, ਦਰਅਸਲ ਉਸ ਸਮੇਂ ਦੇ ਉਨ੍ਹਾਂ ਢੰਗਾਂ ਦਾ ਹੀ ਬਦਲ ਹਨ, ਨਾ ਕਿ ਵਿਸ਼ੇ ਨਾਲ ਸੰਬੰਧਤ ਵਾਰਾਂ ਦਾ।

ਇਹ ਵੀ ਕਿ ਗੁਰੂ ਸਾਹਿਬ ਨੇ ਗੁਰਬਾਣੀ ਵਿੱਚਲੇ "ਗਾਵਹਿ ਰਾਜੇ ਰਾਣੀਆ" ਵਾਲੇ ਸਲੋਕ `ਚ ਉਨ੍ਹਾਂ ਦੀ ਸਚਾਈ ਨੂੰ ਹੀ ਪੂਰੀ ਤਰ੍ਹਾਂ ਨਸ਼ਰ ਵੀ ਕੀਤਾ ਹੋਇਆ ਹੈ। ਇਸ ਤਰ੍ਹਾਂ ਗੁਰਦੇਵ ਨੇ ਤਾਂ ਉਨ੍ਹਾਂ ਰਚਨਾਵਾਂ ਨੂੰ ਅਜਿਹੇ ਪ੍ਰਮਾਣ ਪਤ੍ਰ (Certificate) ਵੀ ਦਿੱਤੇ ਹੋਏ ਹਨ।

ਪਾਤਸ਼ਾਹ ਨੇ ਅਜਿਹੇ ਬੋਲਾਂ ਲਈ ਉਸੇ ਸਲੋਕ `ਚ ਜਿਹੜੇ ਲਫ਼ਜ਼ ਵਰਤੇ, ਉਹ ਹਨ ਉਹ ਹਨ "ਬੋਲਹਿ ਆਲ ਪਤਾਲ" ਤੇ "ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ" ਆਦਿ। ਇਸ ਲਈ ਸਪਸ਼ਟ ਹੈ ਕਿ ਉਸ ਸਮੇਂ ਦੀਆਂ ਪ੍ਰਚਲਤ ਉਨ੍ਹਾਂ ੯ ਵਾਰਾਂ ਦੀਆਂ ਉਪ੍ਰੋਕਤ ਧੁਨੀਆਂ ਨੂੰ ਵਰਤਣ ਪਿਛੇ ਗੁਰਦੇਵ ਦਾ ਵਿਸ਼ੇਸ਼ ਮਕਸਦ ਤੇ ਅਜੋਕੇ ਫ਼ਿਲਮੀ ਗਾਣਿਆਂ ਦੀਆਂ ਤਰਜ਼ਾ, ਮੂਲੋਂ ਹੀ ਵੱਖ-ਵੱਖ ਵਿਸ਼ੇ ਹਨ। ਲੋੜ ਹੈ ਤਾਂ ਹੱਥਲੇ ਉਨ੍ਹਾਂ ੯ ਧੁਨੀਆਂ ਵਾਲੇ ਵਿਸ਼ੇ ਨੂੰ ਕੁੱਝ ਹੋਰ ਗਹਿਰਾਈ ਤੋਂ ਘੋਖਣ ਦੀ।

ਗੁਰਬਾਣੀ ਵਿੱਚਲੀਆਂ ਵਾਰਾਂ `ਤੇ ਵਰਤੀਆਂ ਪ੍ਰਚਲਤ ਵਾਰਾਂ ਦੀਆਂ ੯ ਧੁਨੀਆਂ ਦੀ ਵਿਸ਼ੇਸ਼ਤਾ ਬਾਰੇ:- ਵਿਸ਼ੇ ਨਾਲ ਸੰਬੰਧਤ ਅਸਾਂ ਇਸ ਪੱਖੋੇਂ ਵੀ ਧਿਆਨ ਦੇਣਾ ਹੈ ਕਿ ਇਥੇ ਸਾਹਿਬਾਂ ਨੇ ਕੇਵਲ ਉਨ੍ਹਾਂ ਹੀ ਵਾਰਾਂ ਦੀਆਂ ਧੁਨੀਆਂ ਚੁੱਕੀਆਂ ਸਨ, ਜਿਨ੍ਹਾਂ ਦਾ ਸੰਬੰਧ ‘ਜੋਧਿਆਂ ਦੀਆਂ ਘਟਣਾਵਾਂ’ ਨਾਲ ਹੈ ਤੇ ਜਿਨ੍ਹਾਂ ਵਾਰਾਂ ਦਾ ਮਕਸਦ ਵੀ ਕਿਸੇ ਹਦ ਤੀਕ ਗੁਰਬਾਣੀ ਸਿਧਾਂਤਾਂ ਦੇ ਨੇੜੇ ਸੀ। ਬਲਕਿ ਉਨ੍ਹਾਂ ਵਾਰਾਂ `ਚ ਹੋਛੇ ਰਸ ਵੀ ਨਹੀਂ ਸਨ।

ਜਦਕਿ ਇਧਰ ਗੁਰਬਾਣੀ ਵਿੱਚਲੀਆਂ ਵਾਰਾਂ ਦਾ ਮੂਲ ਸੰਬੰਧ ਹੀ ਮਨੁੱਖਾ ਜ਼ਿੰਦਗੀ ਦੌਰਾਨ ਹਰ ਸਮੇਂ ਹੋ ਰਹੇ ਆਤਮਕ-ਯੁੱਧ ਸੰਬੰਧੀ ਸੁਚੇਤ ਹੋਣ ਨਾਲ ਹੈ, ਜਿਸ ਤੋਂ ਅਨਜਾਣ ਲੋਕਾਈ ਸੱਚੇ, ਸਦੀਵੀ ਅਨੰਦਮਈ ਹੁਲਾਰੇ ਤੋਂ ਸਦਾ ਵਾਂਝੀ ਰਹਿ ਰਹੀ ਸੀ ਅਤੇ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਰਹੀ ਸੀ।

ਦੇਖਣ ਦੀ ਗੱਲ ਹੈ ਕਿ ਗੁਰਦੇਵ ਨੇ ਇਹ ਢੰਗ ਕੇਵਲ ਗੁਰਬਾਣੀ ਵਿੱਚਲੀਆਂ ਵਾਰਾਂ ਲਈ ਹੀ ਵਰਤਿਆ ਹੈ, ਜਿਨ੍ਹਾਂ ਦਾ ਮੂਲ ਵਿਸ਼ਾ ਹੀ ਮਨੁੱਖਾ ਜੀਵਨ ਅੰਦਰ ਹਰ ਸਮੇਂ ਵਿਕਾਰਾਂ-ਅਉਗੁਣਾ ਵਿਰੁਧ ਯੁਧ ਨੂੰ ਜਾਰੀ ਰਖਣਾ ਹੈ। ਇਸ ਲਈ ਇਸ ਲੜੀ `ਚ ਇਸ ਪੱਖੋਂ ਇਹ ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ। ਜਦਕਿ ਇਸ ਦੇ ਉਲਟ ਅੱਜ ਸਾਡੇ ਬਹੁਤੇ ਰਾਗੀ ਗੁਰਬਾਣੀ ਵਿੱਚਲੀਆਂ ਵਾਰਾਂ ਤਾਂ ਕੀ ਸਾਜ਼ਾਂ ਰਾਹੀਂ ਗੁਰਬਾਣੀ ਦੇ ਸਮੂਚੇ ਕੀਰਤਨ ਦੌਰਾਨ ਹੀ ਫ਼ਿਲਮੀ ਤਰਜ਼ਾਂ ਲਗਾਈ ਫ਼ਿਰਦੇ ਹਨ, ਜੋ ਗ਼ਲਤ ਹੈ।

ਵਾਰਾਂ ਦੀ ਸਮਾਪਤੀ ਉਪ੍ਰੰਤ ਸ਼ਬਦ ‘ਸੁਧੁ’ ਤੇ "ਸੁਧ ਕੀਚੈ" ਬਾਰੇ- ਬਾਣੀ ‘ਆਸਾ ਕੀ ਵਾਰ’ ਦੀ ਸਮਾਪਤੀ `ਤੇ ਸ਼ਬਦ ‘ਸੁਧੁ’ ਆਇਆ ਹੈ। ਕੀਰਤਨ ਅਥਵਾ ਪਾਠ ਸਮੇਂ ਇਸ ਸ਼ਬਦ ਦਾ ਉਚਾਰਣ ਕਰਣਾ ਯੋਗ ਨਹੀਂ। ਪੰਜਵੇਂ ਪਾਤਸ਼ਾਹ ਰਾਹੀਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਕੀਤੀ ਸੰਪਾਦਨਾ ਅਤੇ ਸਮੂਚੀ ਗੁਰਬਾਣੀ ਨੂੰ ਦਿੱਤੀ ਜਾ ਰਹੀ ਤਰਤੀਬ ਦੌਰਾਨ, ਭਾਈ ਗੁਰਦਾਸ ਜੀ ਰਾਹੀਂ ਲਿਖੀ ਜਾ ਰਹੀ "ਆਦਿ ਬੀੜ" ਦੀ, ਪੰਜਵੇਂ ਪਾਤਸ਼ਾਹ ਨੇ ਸਮੇਂ-ਸਮੇਂ `ਤੇ ਆਪ ਨਿਗ਼ਰਾਨੀ ਕੀਤੀ ਤੇ ਲਫ਼ਜ਼ ‘ਸੁਧੁ’ ਨਾਲ ਉਸ ਦੀ ਮਨਜ਼ੂਰੀ ਦਿੱਤੀ। ਜਿਸਦਾ ਅਰਥ ਸੀ ਕਿ ਇਥੋਂ ਤੀਕ ਬਾਣੀ ਘੋਖੀ ਜਾ ਚੁੱਕੀ ਹੈ ਤੇ ‘ਸੁਧੁ’ ਭਾਵ (Checked & it is Correct) ਠੀਕ ਹੈ।

ਉਂਝ ਇਹ ਲਫ਼ਜ਼ ‘ਸੁਧੁ’, ਵੀ ਗੁਰਬਾਣੀ ਦੇ ਅੰਕ ਨੰਬਰਾਂ ਤੋਂ ਬਾਹਿਰ ਦਿੱਤਾ ਹੋਇਆ ਹੈ ਅਤੇ ਗੁਰਬਾਣੀ ਦਾ ਹਿੱਸਾ ਨਹੀਂ। ਇਸੇ ਤਰ੍ਹਾਂ ਇੱਕ ਜਗ੍ਹਾ `ਤੇ ਇੱਕ ਵਾਰੀ ਸ਼ਬਦ ‘ਸੁਧੁ ਕੀਚੈ’ ਵੀ ਆਇਆ ਹੈ। ਇਹ ਵੀ ਕਿ ਖਾਸਕਰ ਬਹੁਤੇ ਸੱਜਨ ਬਾਣੀ ‘ਆਸਾ ਕੀ ਵਾਰ’ ਦੇ ਪਾਠ ਦੀ ਸਮਾਪਤੀ ਉਪ੍ਰੰਤ ਇਸ ਸ਼ਬਦ ਦਾ ਉਚਾਰਣ ਕਰਦੇ ਵੀ ਸੁਣੇ ਜਾਂਦੇ ਹਨ, ਜੋ ਠੀਕ ਨਹੀਂ ਬਲਕਿ ਇਸ ਪੱਖੋਂ ਇਹ ਉਨ੍ਹਾਂ ਦੀ ਅਗਿਆਨਤਾ ਦਾ ਹੀ ਸਬੂਤ ਹੁੰਦਾ ਹੈ।

ਇਹ ਵੀ ਕਿ ਕਰਤਾਰਪੁਰ ਸਾਹਿਬ ਵਾਲੀ ਬੀੜ `ਚ ਵੀ ਇਹ ਦੋਵੇਂ ਸ਼ਬਦ ‘ਸੁਧੁ’ ਅਤੇ ‘ਸੁਧੁ ਕੀਚੈ’ ਹਾਸ਼ੀਏ ਤੋਂ ਬਾਹਰ ਹੀ ਦਿੱਤੇ ਹੋਏ ਹਨ। ਉਥੇ ਵੀ ਇਹ ਦੋਵੇਂ ਲਫ਼ਜ਼ ਕੋਵਲ ਸੂਚਨਾ ਮਾਤ੍ਰ ਹੀ ਹਨ ਅਤੇ ਗੁਰਬਾਣੀ ਦਾ ਹਿੱਸਾ ਨਹੀਂ ਹਨ। (ਚਲਦਾ) #Instt. 02--Suhi ki.Vaar M.3--03.18#v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੨)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.