.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੧)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਵਾਰਾਂ- "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਵਾਰਾਂ ਦੀ ਗਿਣਤੀ ਬਾਈ (੨੨) ਹੈ। ਹਰੇਕ ਵਾਰ ਪਉੜੀਆਂ `ਚ ਹੈ ਅਤੇ ਮੂਲ ਰੂਪ `ਚ ਸਮੂਹ ਵਾਰਾਂ ਦਾ ਸਰੂਪ ਵੀ ਪਉੜੀਆਂ ਹੀ ਹੈ। ਵਿਚਾਰ-ਅਧੀਨ "ਵਾਰ, ਸੂਹੀ ਕੀ ਮ: ੩" `ਚ ਵੀ ੨੦ ਪਉੜੀਆਂ ਹਨ। "ਸੂਹੀ ਕੀ ਵਾਰ ਮ: ੩", "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀਆਂ ਮੌਜੂਦਾ ੧੪੩੦ ਵਾਲਿਆਂ ਪੰਨਿਆਂ ਵਾਲੀ ਬੀੜ ਦੇ ਪੰ: ੭੮੫ ਤੋਂ ਪੰ: ੭੯੨ ਤੀਕ ਦਰਜ ਹੈ।

ਹਰੇਕ ਵਾਰ ਦਾ ਆਪਣਾ ਵਿਸ਼ੇਸ਼ ਮਜ਼ਮੂਨ ਹੈ। "ਸੂਹੀ ਕੀ ਵਾਰ ਮ: ੩" `ਚ ਗੁਰਦੇਵ ਨੇ ਜਿਸ ਮਜ਼ਮੂਨ ਨੂੰ ਨਿਭਾਇਆ ਸਪਸ਼ਟ ਹੁੰਦਾ ਹੈ, ਉਹ ਹੈ "ਸਮੂਚੀ ਰਚਨਾ ਪ੍ਰਭੂ ਦੀ ਘੜੀ ਹੋਈ ਹੈ, ਪ੍ਰਭੂ ਇਸ ਦੇ ਜ਼ਰੇ ਜ਼ਰੇ `ਚ ਵਿਆਪਕ ਹੈ। ਪ੍ਰਭੂ ਦੀ ਸਮੂਚੀ ਰਚਨਾ `ਚ ਇਕੋ-ਇਕ ਮਨੁਖਾ ਜਨਮ ਹੀ ਅਜਿਹੀ ਜੂਨ ਹੈ ਜਿਸ `ਚ ਬਾਕੀ ਅਨੰਤ ਜੂਨਾ ਦੇ ਉਲਟ, ਸਫ਼ਲ ਤੇ ਅਸਫ਼ਲ ਅਥਵਾ ਬਿਰਥਾ ਦੋ ਵਿਰੋਧੀ ਜੀਵਨ ਪਣਪਦੇ ਹਨ। ਇਨ੍ਹਾਂ ਨੂੰ ਹੀ ਗੁਰਮੁਖ ਤੇ ਮਨਮੁਖ ਜੀਵਨ ਆਦਿ ਵੀ ਕਿਹਾ ਹੈ-- "ਅਜਿਹਾ ਕਿਉਂ ਹੁੰਦਾ ਹੈ ਤੇ ਕਿਵੇਂ?" ਇਸੇ ਵਿਸ਼ੇ ਨੂੰ ਗੁਰਦੇਵ ਨੇ ਸਮੂਚੀ ਵਾਰ `ਚ ਨਿਭਾਇਆ ਹੋਇਆ ਹੈ।

ਵਾਰਾਂ `ਚ ਸਲੋਕ- ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਇਨ੍ਹਾਂ ਸਮੂਹ ਵਾਰਾਂ ਦਾ ਮੂਲ ਸਰੂਪ ਪਉੜੀਆਂ ਹੀ ਹੈ। ਤਾਂ ਵੀ ਇਹ੍ਹਾਂ ੨੨ ਵਾਰਾਂ `ਚੋਂ ੨੦ ਵਾਰਾਂ `ਚ ਹਰੇਕ ਵਾਰ `ਚ, ਵਾਰ ਦੀ ਹਰੇਕ ਪਉੜੀ ਤੋ ਪਹਿਲਾਂ ਸਲੋਕ ਵੀ ਦਰਜ ਹੋਏ ਹਨ। ਉਸੇ ਲੜੀ `ਚ ਵਿਚਾਰ-ਅਧੀਨ "ਸੂਹੀ ਕੀ ਵਾਰ ਮ: ੩" `ਚ ਵੀ ਇਸ ਦੀਆਂ ਕੁਲ ੨੦ ਪਉੜੀਆਂ ਨਾਲ ੪੬ ਸਲੋਕ ਦਰਜ ਹੋਏ ਹਨ। ਇਹ ਵੀ ਕਿ ਉਨ੍ਹਾਂ ੨੦ ਵਾਰਾਂ `ਚ ਜਿਨ੍ਹਾਂ `ਚ ਹਰੇਕ ਪਉੜੀ ਤੋ ਪਹਿਲਾਂ ਸਲੋਕ ਵੀ ਦਰਜ ਹੋਏ ਹਨ ਉਥੇ ਸਲੋਕਾਂ ਦੀ ਗਿਣਤੀ ਹਰੇਕ ਪਉੜੀ ਤੋਂ ਪਹਿਲਾਂ ਘਟੋ-ਘਟ ੨ ਅਤੇ ਵੱਧ ਤੋਂ ਵੱਧ ੭ ਤੀਕ ਆਈ ਹੈ।

ਇਸ ਤਰ੍ਹਾਂ ਕੁਲ ੨੨ ਵਾਰਾਂ `ਚੋਂ ਦੋ ਵਾਰਾਂ ਅਜਿਹੀਆਂ ਹਨ ਜਿਨ੍ਹਾਂ `ਚ ਪਉੜੀਆਂ ਨਾਲ ਸਲੋਕ ਦਰਜ ਨਹੀਂ ਹੋਏ। ਉਹ ਦੋ ਵਾਰਾਂ ਹਨ ‘ਬਸੰਤ ਦੀ ਵਾਰ ਮ: ੫ (ਪੰ: ੧੧੯੩) ਅਤੇ ਰਾਮਕਲੀ ਰਾਗ `ਚ "ਭਾਈ ਸਤੇ ਤੇ ਬਲਵੰਡ ਦੀ ਵਾਰ" (ਪੰ: ੯੬੬)।

ਜਦਕਿ ਬਾਕੀ ੨੦ ਵਾਰਾਂ `ਚ, ਸਲੋਕਾਂ ਦੀ ਵਰਤੋਂ ਪੰਜਵੇਂ ਪਾਤਸ਼ਾਹ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਗੁਰਬਾਣੀ ਨੂੰ ਤਰਤੀਬ ਦੇਣ ਤੇ "ਆਦਿ ਬੀੜ ਦੀ" ਸੰਪਾਦਨਾ ਸਮੇਂ ਆਪ ਕੀਤੀ।

ਇਸ ਤਰ੍ਹਾਂ ਗੁਰਦੇਵ ਨੇ ਜਿਹੜੇ ੧੫੨ ਸਲੋਕ, ਵਾਰਾਂ `ਚ ਦਰਜ ਨਹੀਂ ਕੀਤੇ, ਉਨ੍ਹਾਂ ਨੂੰ ਵੱਖਰਾ ਸਿਰਲੇਖ ‘ਸਲੋਕ ਵਾਰਾਂ ਤੇ ਵਧੀਕ’ ਦੇ ਕੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਅੰਤ `ਚ ਦਰਜ ਕਰ ਦਿੱਤਾ। ਦਰਅਸਲ ਸਿਰਲੇਖ ‘ਸਲੋਕ ਵਾਰਾਂ ਤੇ ਵਧੀਕ’ ਆਪਣੇ ਆਪ `ਚ ਸਪਸ਼ਟ ਕਰਦਾ ਹੈ, ਕਿ ਪੰਜਵੇਂ ਪਾਤਸ਼ਾਹ ਨੇ ਸਲੋਕਾਂ ਦੀ ਵਰਤੋਂ ਹੀ ਵੱਖ-ਵੱਖ ਵਾਰਾਂ `ਚ ਕੀਤੀ ਸੀ।

ਇਹ ਵੀ ਕਿ ‘ਬਸੰਤ ਕੀ ਵਾਰ ਮ: ੫’ ਕੇਵਲ ਤਿੰਨ ਪਉੜੀਆਂ ਹਨ। ਗੁਰਦੇਵ ਰਾਹੀਂ ‘ਬਸੰਤ ਕੀ ਵਾਰ ਮ: ੫’ ਨੂੰ ਉਚੇਚੇ ਤੌਰ `ਤੇ ਬਹੁਤ ਛੋਟੀ ਵਾਰ ਵਜੋਂ ਦੇਣਾ ਅਤੇ ਬਾਕੀ ਵਾਰਾਂ ਦੀ ਤਰ੍ਹਾਂ ਉਸ ਦੀਆਂ ਪਉੜੀਆਂ ਨਾਲ ਸਲੋਕਾਂ ਦੀ ਵਰਤੋਂ ਨਾ ਕਰਣੀ, ਵਿਦਵਾਨਾਂ ਅਨੁਸਾਰ ਸਾਹਿਬਾਂ ਰਾਹੀਂ ਵਾਰਾਂ ਦੇ ਸ਼ੁਧ ਸਰੂਪ ਨੂੰ ਪ੍ਰਗਟ ਕਰਣਾ ਸਾਬਤ ਕਰਦਾ ਹੈ। ਗੁਰਬਾਣੀ ਦੀ ਦੀ ਗਹੁ ਨਾਲ ਵਿਚਾਰ ਕਰਦਿਆਂ ਵੀ ਇਹ ਸਚਾਈ ਆਪਣੇ ਆਪ ਸਪਸ਼ਟ ਹੁੰਦੀ ਜਾਂਦੀ ਹੈ।

ਗੁਰਬਾਣੀ ਦੀ ਤਰਤੀਬ `ਚ ਸਲੋਕ? - ਸੰਪੂਰਣ ਗੁਰਬਾਣੀ ਰਾਗਾਂ `ਚ ਹੈ। ਗੁਰਦੇਵ ਨੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਹਰੇਕ ਰਾਗ `ਚ ਪਹਿਲਾਂ ਸ਼ਬਦ, ਫਿਰ ਅਸ਼ਟਪਦੀਆਂ ਤੇ ਉਨ੍ਹਾਂ ਤੋਂ ਬਾਅਦ ਛੰਦ ਆਦਿ ਦਰਜ ਕੀਤੇ।

ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਗੁਰਦੇਵ ਨੇ ਸਲੋਕਾਂ ਨੂੰ ਕਿੱਧਰੇ ਵੀ ਵੱਖਰਾ ਸਥਾਨ ਨਹੀਂ ਦਿੱਤਾ। ਦੂਜੇ ਪਾਤਸ਼ਾਹ ਨੇ ਕੇਵਲ 63 ਸਲੋਕ ਹੀ ਰਚੇ ਸਨ। ਗੁਰਦੇਵ ਰਾਹੀਂ "ਆਦਿ ਬੀੜ" `ਚ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਕ੍ਰਮਵਾਰ ਪਹਿਲੇ ਪਾਤਸ਼ਾਹ, ਫ਼ਿਰ ਤੀਜੇ, ਚੌਥੇ ਅੰਤ ਪੰਜਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ ਹੋਈ ਹੈ। ਉਪ੍ਰੰਤ ਰਾਗਾਂ ਅਨੁਸਾਰ ਭਗਤਾਂ ਦੀ ਬਾਣੀ ਦਰਜ ਕੀਤੀ ਹੋਈ ਹੈ।

ਜਦਕਿ ਪੰਜਵੇਂ ਪਾਤਸ਼ਾਹ ਨੇ, ਦੂਜੇ ਪਾਤਸ਼ਾਹ ਦੇ ਸਲੋਕ, ਵਾਰਾਂ `ਚ ਦਰਜ ਕੀਤੇ ਹੋਏ ਹਨ। ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਸਲੋਕਾਂ ਦੀ ਵਰਤੋਂ, ਬਾਣੀ ਨੂੰ ਤਰਤੀਬ ਦੇਣ ਦੌਰਾਨ, ਵਾਰਾਂ ਵਿੱਚਕਾਰ ਪਉੜੀਆਂ ਦੇ ਨਾਲ ਨਾਲ ਕੀਤੀ। ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚੋਂ ਬੇਅੰਤ ਸਬੂਤ ਪ੍ਰਾਪਤ ਹਨ ਜਿਵੇਂ:-

(ੳ) ਵਿਚਾਰ-ਅਧੀਨ ਵਾਰ "ਵਾਰ ਸੂਹੀ ਕੀ ਮ: ੩" ਦੇ ਸਿਰਲੇਖ `ਚ, "ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩" ਇਸੇ ਤਰ੍ਹਾਂ ਕੁੱਝ ਹੋਰ ਵਾਰਾਂ ਦੇ ਸਿਰਲੇਖਾਂ `ਚ ਵੀ:-

() ਆਸਾ ਕੀ ਵਾਰ ਮਹਲਾ ੧ ] ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ

() ਗਉੜੀ ਕੀ ਵਾਰ ਮਹਲਾ ੪ ਸਲੋਕਾ ਨਾਲਿ

() ਜੈਤਸਰੀ ਕੀ ਵਾਰ ਮਹਲਾ ੫ ਵਾਰ ਸਲੋਕਾ ਨਾਲਿ

ਇਹੀ ਨਹੀਂ, ‘ਸਿਰੀ ਰਾਗ ਕੀ ਵਾਰ ਮ: ੪’ ਭਾਵ ਵਾਰ ਹੈ "ਚੌਥੇ ਪਾਤਸ਼ਾਹ ਦੀ" ਪਰ ਉਸ `ਚ ਇੱਕ ਸਲੋਕ ਪੰਜਵੇਂ ਪਾਤਸ਼ਾਹ ਦਾ ਵੀ ਹੈ। ਉਹ ਵੀ ਆਪਣੇ ਆਪ ਇਸੇ ਸਚਾਈ ਨੂੰ ਪ੍ਰਗਟ ਕਰ ਰਿਹਾ ਹੈ ਕਿ ਪੰਜਵੇਂ ਪਾਤਸ਼ਾਹ ਨੇ ਵਾਰਾਂ `ਚ ਸਲੋਕ ਵੱਖਰੇ ਤੌਰ `ਤੇ, ਬਾਅਦ `ਚ ਦਰਜ ਕੀਤੇ।

(ਅ) ਉਂਝ ਵੀ ਹਰੇਕ ਕਾਵ ਰਚਨਾ ਸ਼ਬਦਾਂ, ਅਸ਼ਟਪਦੀਆਂ, ਵਾਰਾਂ ਆਦਿ `ਚ ਹੀ ਹੁੰਦੀ ਹੈ ਸਲੋਕਾਂ `ਚ ਨਹੀਂ। ਚੂਂਕਿ ਗੁਰਬਾਣੀ ਦੀ ਤਰਤੀਬ ਹੀ ਰਾਗਾਂ `ਚ ਹੈ, ਇਸ ਲਈ ਜ਼ਰੂਰੀ ਸੀ ਕਿ ਸਲੋਕਾਂ ਲਈ ਸਾਹਿਬਾਂ ਨੇ ਕੋਈ ਵੱਖਰਾ ਢੰਗ ਹੀ ਅਪਨਾਉਣਾ ਸੀ।

ਸਪਸ਼ਟ ਹੈ ਸਲੋਕਾਂ ਸੰਬੰਧੀ ਗੁਰਦੇਵ ਨੇ ਜੋ ਢੰਗ ਅਪਣਾਇਆ, ਉਹ ਇਹ ਕਿ ਗੁਰਦੇਵ ਨੇ ਲੋੜ ਅਨੁਸਾਰ ਵੱਧ ਤੋਂ ਵੱਧ ਸਲੋਕਾਂ ਦੀ ਵਰਤੋਂ, ਵਾਰਾਂ `ਚ, ਪਉੜੀਆਂ ਦੇ ਨਾਲ-ਨਾਲ ਕਰ ਦਿੱਤੀ। ਇਸ ਤਰ੍ਹਾਂ ਗੁਰਦੇਵ ਨੇ, ਗੁਰੂ ਹਸਤੀਆਂ ਦੇ ਵਾਧੂ ਬਚੇ ਸਲੋਕ ਉਪ੍ਰੰਤ ਫਰੀਦ ਤੇ ਕਬੀਰ ਸਾਹਿਬ ਦੇ ਸਲੋਕ, ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅੰਤ `ਚ ਵੱਖਰੇ-ਵੱਖਰੇ ਸਿਰਲੇਖਾਂ ਹੇਠ ਦਰਜ ਕਰ ਦਿੱਤੇ।

(ੲ) ਨੌਂਵੇਂ ਮਹਲੇ ਦੇ ਸਲੋਕ, ਜਿਹੜੇ "ਆਦਿ ਬੀੜ" ਦੀ ਰਚਨਾ ਤੋਂ ਕਾਫ਼ੀ ਸਮਾਂ ਬਾਅਦ ਰਚੇ ਗਏ ਉਹ, ਦਸਮੇਸ਼ ਜੀ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਵੱਖਰੇ ਦਰਜ ਕਰਵਾਏ।

ਚੇਤੇ ਰਹੇ ਨੌਵੇਂ ਪਾਤਸ਼ਾਹ ਦੀ ਸਮੂਚੀ ਬਾਣੀ "੫੭ ਸਲੋਕ ਅਤੇ ੫੮ ਸ਼ਬਦ" ਹਨ। ਦਸਮੇਸ਼ ਜੀ ਨੇ ਅਜੋਕੇ ਦਮਦਮਾ ਸਾਹਿਬ ਦੇ ਸਥਾਨ `ਤੇ ਭਾਈ ਮਨੀ ਸਿੰਘ ਜੀ ਪਾਸੋਂ "ਆਦਿ ਬੀੜ" `ਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਵੀ ਦਰਜ ਕਰਵਾਇਆ ਅਤੇ ਬੀੜ ਨੂੰ ਸੰਪੂਰਣ ਕੀਤਾ ਸੀ।

ਉਂਞ ਵੀ ਨੌਵੇਂ ਪਾਤਸ਼ਾਹ ਦੇ ੫੭ ਸਲੋਕ, ਬਾਕੀ ਸਮੂਹ ਸਲੋਕਾਂ ਵਾਂਙ, ਮੁੱਕਤ ਨਹੀਂ ਹਨ। ਉਹ ੫੭ ਸਲੋਕ ਲੜੀਵਾਰ ਤੇ ਇੱਕੋ ਵਿਸ਼ੇ ਨੂੰ ਨਿਭਾਅ ਰਹੇ ਹਨ। ਦਸਮੇਸ਼ ਜੀ ਨੇ ਉਨ੍ਹਾਂ ਸਲੋਕਾਂ ਨੂੰ "ਸਲੋਕ ਮਹਲਾ ੯" ਦਾ ਸਿਰਲੇਖ ਦੇ ਕੇ" ਬੀੜ ਦੀ ਸੰਪੂਰਣਤਾ ਸਮੇਂ" ਅੰਤ `ਚ ਦਰਜ ਕਰਵਾਇਆ। ਚੂੰਕਿ ਉਨ੍ਹਾਂ ੫੭ ਸਲੋਕਾਂ `ਚ ਲੜੀਵਾਰ ਇਕੋ ਹੀ ਵਿਸ਼ਾ ਚਲਦ ਹੈ। ਦਸਮੇਸ਼ ਜੀ ਨੇ ਉਨ੍ਹਾਂ ਦੀ ਸਮਾਪਤੀ `ਤੇ ਉਥੇ ਉਚੇਚੇ ਅੰਕ॥ ੫੭ ॥ ੧ ਲਗਾ ਕੇ, ਆਪ ਹੀ ਉਸ ਸਚਾਈ ਨੂੰ ਵੀ ਉਜਾਗਰ ਕੀਤਾ ਹੋਇਆ ਹੈ।

(ਸ) ਇਹ ਵੀ ਧਿਆਨ ਰਵੇ--ਜੇਕਰ ਉਨ੍ਹਾਂ ਸਮੂਹ ੨੦ ਵਾਰਾਂ ਨੂੰ ਵੀ ਸਲੋਕਾਂ ਤੋਂ ਵੱਖ ਕਰਕੇ ਅਤੇ ਇਕ-ਇਕ ਕਰਕੇ ਕੇਵਲ ਪਉੜੀਆਂ ਦੇ ਰੂਪ `ਚ ਪੜ੍ਹਿਆ-ਵਿਚਾਰਿਆ ਜਾਵੇ ਤਾਂ:-

‘ਭਾਈ ਸੱਤੇ ਬਲਵੰਡ ਕੀ ਵਾਰ’ (ਪੰ: ੯੬੬) ਅਤੇ "ਬਸੰਤ ਕੀ ਵਾਰ ਮਹਲਾ ੫" ਦੀ ਤਰ੍ਹਾਂ ਉਹ ੨੦ ਵਾਰਾਂ ਵੀ ਲੜੀਵਾਰ ਹਨ ਅਤੇ ਉਨ੍ਹਾਂ ਦਾ ਵੱਖੋ ਵੱਖਰੇ ਇਕ-ਇਕ ਮਜ਼ਮੂਨ ਨੂੰ ਆਧਾਰ ਬਣਾ ਕੇ ਰਚਿਆ ਹੋਣਾ ਸਪਸ਼ਟ ਹੋ ਜਾਂਦਾ ਹੈ।

(ਹ) ਅਜਿਹੇ ਵੇਰਵੇ ਵੀ ਖੁੱਲ ਕੇ ਆ ਚੁੱਕੇ ਹਨ ਕਿ ਵਾਰਾਂ ਦਾ ਮੂਲ ਸਰੂਪ ਪਉੜੀਆਂ ਹੀ ਸੀ। ਇਹ ਵੀ ਕਿ "ਆਦਿ ਬੀੜ" ਦੀ ਸੰਪਾਦਨਾ ਅਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ, ਵਾਰਾਂ `ਚ ਹਰੇਕ ਪਉੜੀ ਤੋਂ ਪਹਿਲਾਂ ਲੋੜ ਅਨੁਸਾਰ ਪੰਜਵੇਂ ਪਾਤਸ਼ਾਹ ਨੇ ਸਲੋਕਾਂ ਨੂੰ ਆਪ ਜੋੜਿਆ ਹੋਇਆ ਹੈ।

ਜਦਕਿ ਇਥੇ ਵੀ ਸਤਿਗੁਰਾਂ ਨੇ ਹੱਦ ਦਰਜੇ ਦੀ ਵਿੱਦਵਤਾ ਤੇ ਦੂਰ-ਦਰਸ਼ਤਾ ਦਾ ਸਬੂਤ ਦਿੰਦੇ ਹੋਏ, ਹਰੇਕ ਪਉੜੀ ਵਿੱਚਲੇ ਅਰਥ ਭਾਵਾਂ ਨੂੰ ਮੁੱਖ ਰੱਖ ਕੇ ਅਤੇ ਪਉੜੀ `ਚ ਆ ਰਹੀ ਮੂਲ ਵਿਚਾਰ ਨੂੰ ਵਧੇਰੇ ਸਪਸ਼ਟ ਕਰਣ ਲਈ ਹੀ, ਹਰੇਕ ਪਉੜੀ ਤੋਂ ਪਹਿਲਾਂ ਸੰਬੰਧਤ ਸਲੋਕਾਂ ਦੀ ਚੋਣ ਕਰਕੇ, ਵਰਤੋਂ ਕੀਤੀ ਹੋਈ ਹੈ। ਇਸ ਲਈ ਵਾਰਾਂ `ਚ ਉਹ ਸਲੋਕ ਵੀ ਕੇਵਲ ਖਾਨਾਪੁਰੀ ਲਈ ਦਰਜ ਨਹੀਂ ਕੀਤੇ ਹੋਏ।

ਗੁਰਬਾਣੀ ਵਿੱਚਲੀਆਂ ਵਾਰਾਂ ਦਾ ਮਕਸਦ? -ਉਂਝ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ, ਪੰਜਾਬ `ਚ ਵਾਰਾਂ ਪੜ੍ਹਣ ਤੇ ਸੁਨਣ ਦਾ ਰਿਵਾਜ ਸੀ। ਇਹ ਵੀ ਕਿ ਉਨ੍ਹਾਂ ਵਾਰਾਂ `ਚ ਆਮ ਤੌਰ `ਤੇ ਕਿਸੇ ਦਾ ਪੂਰਾ ਜੀਵਨ ਨਹੀਂ, ਕਿਸੇ ਦੇ ਜੀਵਨ ਦੀ ਕਿਸੇ ਵਿਸ਼ੇਸ਼ ਘਟਨਾ ਦਾ ਜ਼ਿਕਰ ਹੀ ਹੁੰਦਾ ਸੀ। ਬਹੁਤਾ ਕਰਕੇ ਉਹ ਘਟਣਾ ਕਿਸੇ ਯੁੱਧ ਜਾਂ ਬਹਾਦੁਰੀ ਦੇ ਵਿਸ਼ੇ ਨਾਲ ਹੀ ਸੰਬੰਧਤ ਹੁੰਦੀ।

ਇਥੇ ਗੁਰਬਾਣੀ ਵਿੱਚਲੀਆਂ ਵਾਰਾਂ ਰਾਹੀਂ ਗੁਰੂ ਪਾਤਸ਼ਾਹ ਨੇ ਲੋਕਾਈ ਵਿਚਾਲੇ ਇੱਕ ਨਵੀਂ ਰੂਹ ਫੂਕੀ। ਗੁਰਦੇਵ ਨੇ ਇਨ੍ਹਾਂ ਵਾਰਾਂ ਰਾਹੀਂ, ਆਪਣੇ ਮਨੁੱਖਾ ਜਨਮ ਦੇ ਇਕੋ-ਇਕ ਵਿਸ਼ੇਸ਼ ਮਕਸਦ ਪੱਖੌਂ ਅਗਿਆਨਤਾ ਦੀ ਘੂਕ ਨੀਂਦ `ਚ ਸੁੱਤੀ ਹੋਈ ਲੋਕਾਈ ਨੂੰ ਜਗਾਇਆ। ਲੋਕਾਈ ਤਾਂ ਉਨ੍ਹਾਂ ਪ੍ਰਚਲਤ ਵਾਰਾਂ ਰਾਹੀਂ ਕੇਵਲ ਕੁੱਝ ਕਹਾਣੀਆਂ ਨਾਲ ਸੰਬੰਧਤ ਵਾਰਾਂ ਦਾ ਰਸ ਹੀ ਮਾਨ ਰਹੀ ਸੀ।

ਜਦਕਿ ਗੁਰਦੇਵ ਨੇ ਕਾਵਿ ਰਚਨਾ ਦੇ ਉਸੇ ਢੰਗ ਨੂੰ ਵਰਤ ਕੇ ਮਨੁੱਖ ਨੂੰ ਅਗਿਆਨਤਾ ਦੀ ਨੀਂਦ `ਚੋਂ ਜਗਾਇਆ ਤੇ ਸਪਸ਼ਟ ਕੀਤਾ, ਅਸਲ `ਚ ਅਨੰਤ ਜੂਨਾਂ ਭੋਗਣ ਤੋਂ ਬਾਅਦ, ਪ੍ਰਭੂ ਵੱਲੋਂ ਜੀਵ ਨੂੰ ਪ੍ਰਪਤ ਮਨੁੱਖਾ ਜਨਮ ਵਾਲਾ ਇਹ ਅਵਸਰ ਤੇ ਬਰੀਆ ਹੀ, ਬਹੁਤ ਵੱਡੀ ਰਣਭੂਮੀ ਹੈ।

ਕਿਉਂਕਿ ਮਨੁੱਖਾ ਜੀਵਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਜੀਵਨ ਦੇ ਅਨੇਕਾਂ ਵੈਰੀਆਂ ਤੇ ਵਿਕਾਰਾਂ ਆਦਿ ਨਾਲ ਹਰ ਸਮੇਂ ਜੂਝਣ ਦੀ ਲੋੜ ਹੁੰਦੀ ਹੈ। ਉਪ੍ਰੋਕਤ ਅਗਿਆਨਤਾ, ਮਾਨਸਿਕ ਕਮਜ਼ੋਰੀਆਂ, ਕੱਚੇ ਰਸ, ਸੰਸਾਰਕ ਖਿੱਚਾਂ ਹਰ ਸਮੇਂ ਮਨੁੱਖ ਨੂੰ ਕੁਰਾਹੇ ਪਾਂਦੇ ਹਨ ਜਿਵੇਂ:-

() "ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ" (ਪੰ: ੬੪੩)

() "ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਿਰਕਾਰ ਹੈ, ਏਨਾੑ ਉਪਰਿ ਜਮ ਕਾ ਡੰਡੁ ਕਰਾਰਾ…" (ਪੰ: ੫੧੩)

() "ਮਾਇਆ ਮੋਹੁ ਸਭੁ ਦੁਖੁ ਹੈ, ਖੋਟਾ ਇਹੁ ਵਾਪਾਰਾ ਰਾਮ" (ਪੰ: ੫੭੦)

() "ਮਾਇਆ ਮੋਹ ਕਾ ਕਚਾ ਚੋਲਾ, ਤਿਤੁ ਪੈਧੈ ਪਗੁ ਖਿਸੈ" (ਪੰ: ੫੮੪) ਆਦਿ

ਇਸ ਤਰ੍ਹਾਂ ਸੰਸਾਰ ਤਲ `ਤੇ ਵੱਡੇ ਵੱਡੇ ਜੁਰਮ, ਗੁਣਾਹ, ਕਤਲੋਗ਼ਾਰਤਾਂ, ਨਸ਼ਿਆਂ ਦੀ ਭਰਮਾਰ, ਵਿੱਤਕਰੇ, ਵੈਰ ਵਿਰੋਧ, ਧਰਮ ਦੇ ਪਰਦੇ ਹੇਠ ਲੁੱਟਾਂ-ਠੱਗੀਆਂ ਆਦਿ ਉਸੇ ਦੀ ਦੇਣ ਹੁੰਦੇ ਹਨ।

ਜਦਕਿ ਇਧਰ ਮਨੁੱਖ ਦਾ ਆਪਣੇ ਜੀਵਨ ਦੌਰਾਨ ਹਰ ਸਮੇਂ ਹੋ ਰਹੇ ਇਨ੍ਹਾਂ ਹਮਲਿਆਂ ਤੋਂ ਅਨਜਾਣ ਤੇ ਅਵੇਸਲੇ ਹੋਣਾ ਤੇ ਹਰ ਸਮੇਂ ਹੋ ਰਹੇ ਇਸ ਅੰਦਰਲੇ ਯੁੱਧ `ਚ ਭਾਂਜ ਖਾਂਦੇ ਰਹਿਣਾ ਹੀ ਇਸ ਦਾ ਮੁੱਖ ਕਾਰਣ ਹੈ। ਇਸ ਤਰ੍ਹਾਂ ਹਉਮੈ ਆਦਿ ਵਿਕਾਰਾਂ ਅਉਗੁਣਾ ਦੇ ਤਾਬੜ-ਤੋੜ ਹਮਲੇ, ਮਨੁੱਖ ਦੇ ਇਸ ਅਮੁੱਲੇ ਤੇ ਦੁਰਲਭ ਮਨੁੱਖਾ ਜਨਮ ਨੂੰ ਅਸਫਲ ਤੇ ਬਿਰਥਾ ਕਰ ਰਹੇ ਹੁੰਦੇ ਹਨ।

ਗੁਰੂ ਸਾਹਿਬ ਨੇ, ਮਨੁੱਖ ਨੂੰ-ਗੁਰਬਾਣੀ ਵਿੱਚਲੀਆਂ ਵਾਰਾਂ ਰਾਹੀਂ ਸੁਚੇਤ ਕੀਤਾ ਕਿ ਇਸ ਨੂੰ ਗੁਰਬਾਣੀ-ਗੁਰੂ ਦੇ ਆਦੇਸ਼ਾਂ ਅਨੁਸਾਰ, ਆਪਣੇ ਜੀਵਨ ਦੀ ਕਮਾਈ ਕਰਕੇ, ਦ੍ਰਿੜ੍ਹ ਇਰਾਦੇ ਨਾਲ ਇਨ੍ਹਾਂ ਵਿਕਾਰਾਂ ਤੇ ਮਾਇਕ ਖਿੱਚਾ ਆਦਿ ਨਾਲ ਹਰ ਸਮੇਂ ਸੁਆਸ-ਸੁਆਸ ਜੂਝਣ ਦੀ ਲੋੜ ਹੈ।

ਮਨੁੱਖ ਨੂੰ ਵੈਰੀ ਦੀਆਂ ਫੋਜਾਂ ਵਿਰੁਧ ‘ਸਿਮਰਨ, ਸੇਵਾ, ਉੱਚਾ ਆਚਰਣ, ਸੰਤੋਖ, ਦਇਆ ਧਰਮ ਆਦਿ ਇਲਾਹੀ ਗੁਣਾਂ ਨੂੰ ਜੀਵਨ `ਚ ਪੈਦਾ ਕਰਣ ਦੀ ਲੋੜ ਹੈ। ਉਸੇ ਦਾ ਨਤੀਜਾ ਹੋਵੇਗਾ:-

() "ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥ ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ॥ ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ" (ਪੰ: ੬੪੩-੪੪) ਹੋਰ

() "ਨਾਨਕ ਤਰਵਰੁ ਏਕੁ ਫਲੁ, ਦੁਇ ਪੰਖੇਰੂ ਆਹਿ (ਮਨਮੱਤ ਅਤੇ ਗੁਰਮੱਤ)॥ ਆਵਤ ਜਾਤ ਨ ਦੀਸਹੀ, ਨਾ ਪਰ ਪੰਖੀ ਤਾਹਿ॥ ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ॥ ਹਰਿ ਰਸਿ ਫਲਿ ਰਾਤੇ ਨਾਨਕਾ, ਕਰਮਿ ਸਚਾ ਨੀਸਾਣੁ" (ਪੰ: ੫੫੦) ਆਦਿ

ਇਸ ਤਰ੍ਹਾਂ ਜਿਹੜੇ ਗੁਰਬਾਣੀ ਵਿੱਚਲੀਆਂ ਵਾਰਾਂ ਮੁਤਾਬਕ "ਗੁਰਬਾਣੀ-ਗੁਰੂ" ਦੀ ਸ਼ਰਣ `ਚ ਆ ਜਾਂਦੇ ਅਤੇ ਗੁਰਬਾਣੀ ਦੇ ਆਦੇਸ਼ਾਂ ਦਾ ਪਾਲਣ ਕਰਦੇ ਤੇ ਜੀਵਨ ਜੀਵਦੇ ਹਨ, ਉਹ ਨਿਸ਼ਚੇ ਹੀ:-

() "ਮਨਮੁਖ ਖਾਧੇ, ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥ ਬਿਨੁ ਨਾਵੈ ਜਗੁ ਕਮਲਾ ਫਿਰੈ, ਗੁਰਮੁਖਿ ਨਦਰੀ ਆਇਆ॥ (ਨਹੀਂ ਤਾਂ) ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ" (ਪੰ: ੬੪੩-੪੪-ਉਹੀ)

ਅਨੁਸਾਰ ਉਹ ਆਪਣੇ ਉਨ੍ਹਾਂ ਵੈਰੀਆਂ `ਤੇ ਫਤਹਿ ਹਾਸਲ ਕਰਕੇ ਜੀਵਨ ਨੂੰ ਆਤਮਕ ਪੱਖੋਂ ਗੁਣਵਾਨ ਬਨਾਉਂਦੇ ਅਤੇ ਸਫ਼ਲ ਕਰ ਲੈਂਦੇ ਹਨ।

ਖੂਬੀ ਇਹ ਵੀ ਕਿ ਮਨੁੱਖ ਰਾਹੀਂ ਲੜੀ ਜਾ ਰਹੀ ਇਹ ਜੰਗ ਸੁਆਸ-ਸੁਆਸ, ਨਿਤਾਪ੍ਰਤੀ ਚੌਵੀ ਘੰਟੇ ਤੇ ਜ਼ਿੰਦਗੀ ਭਰ ਲੜੀ ਜਾਣ ਵਾਲੀ ਜੰਗ ਹੈ। ਇਸ ਬਾਰੇ ਰਤਾ ਜਹੀ ਲਾਪਰਵਾਹੀ ਵੀ ਮਨੁੱਖਾ ਜ਼ਿੰਦਗੀ ਦੀ ਖੇਡ ਨੂੰ ਵਿਗਾੜ ਸਕਦੀ ਹੈ।

ਜਦਕਿ ਅਗਿਅਨਤਾ ਵੱਸ ਮਨੁੱਖ ਤਾਂ ਹੈ ਹੀ ਇਸ ਪਾਸਿਓਂ ਅਵੇਸਲਾ, ਤਾਂ ਫ਼ਿਰ ਉਤਨੀ ਦੇਰ ਇਸ ਦਾ ਪ੍ਰਾਪਤ ਮਨੁੱਖਾ ਜਨਮ ਉਚੇਰਾ ਅਤੇ ਸਫ਼ਲ ਕਿਵੇਂ ਹੋ ਸਕਦਾ ਹੈ?

ਦਰਅਸਲ ਇਹੀ ਪ੍ਰਯੋਜਣ ਤੇ ਮਕਸਦ ਹੈ ਗੁਰੂ ਪਾਤਸ਼ਾਹ ਰਾਹੀਂ ਗੁਰਬਾਣੀ ਵਿੱਚਲੀਆਂ ਸਮੂਹ ਵਾਰਾਂ ਨੂੰੇ ਦੇਣ ਦਾ; ਤਾ ਕਿ ਮਨੁੱਖ ਆਪਣੇ ਇਸ ਦੁਰਲਭ ਮਨੁੱਖਾ ਜਨਮ ਦੇ ਇਕੋ-ਇਕ ਮਕਸਦ ਦੀ ਪਹਿਚਾਣ ਕਰ ਸਕੇ। ਇਸ ਤੋਂ ਇਸ ਦਾ ਇਹ ਲੋਕ ਵੀ ਅਤੇ ਪ੍ਰਲੋਕ ਵੀ, ਦੌਵੇਂ ਸੁਹੇਲੇ ਹੋ ਜਾਣ।

ਇਹ "ਗੁਰ ਸਬਦੀ ਤਰੀਐ, ਬਹੁੜਿ ਨ ਮਰੀਐ, ਚੂਕੈ ਆਵਣ ਜਾਣਾ" (ਪੰ: ੭੮੨) ਇਹ ਜੀਂਦੇ ਜੀਅ ਵੀ ਆਤਮਕ ਅਨੰਦ ਦਾ ਭਾਗੀ ਹੋਵੇ ਅਤੇ ਸਰੀਰਕ ਮੌਤ ਤੋੰ ਬਾਅਦ ਵੀ ਸਦਾ ਲਈ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਵੇ। ਤਾਂ ਤੇ:-

() "ਕਰਿ ਕਿਰਪਾ ਅਪਨੇ ਜਨ ਰਾਖੇ॥ ਜਨਮ ਜਨਮ ਕੇ ਕਿਲਬਿਖ ਲਾਥੇ" (ਪੰ: ੨੦੨)

() "ਜਨਮ ਜਨਮ ਕੇ ਕਿਲਬਿਖ ਜਾਵਹਿ॥ ਮਨਿ ਚਿੰਦੇ ਸੇਈ ਫਲ ਪਾਵਹਿ॥ ਸਿਮਰਿ ਸਾਹਿਬੁ ਸੋ ਸਚੁ ਸੁਆਮੀ, ਰਿਜਕੁ ਸਭਸੁ ਕਉ ਦੀਏ ਜੀਉ" (ਪੰ: ੧੦੪)

() "ਪ੍ਰਭ ਕਿਰਪਾ ਤੇ ਭਏ ਸੁਹੇਲੇ॥ ਜਨਮ ਜਨਮ ਕੇ ਬਿਛੁਰੇ ਮੇਲੇ" (ਪੰ: ੧੯੧) ਆਦਿ

ਇਸ ਤਰ੍ਹਾਂ ਪ੍ਰਭੂ ਤੋਂ ਵਿਛੋੜੇ ਕਾਰਣ ਇਸ ਜੀਵ ਦਾ ਚਲਦਾ ਆ ਰਿਹਾ ਜਨਮਾਂ, ਜੂਨਾਂ ਤੇ ਭਿੰਨ-ਭਿੰਨ ਗਰਭਾਂ ਵਾਲਾ ਗੇੜ ਸਦਾ ਲਈ ਸਮਾਪਤ ਹੋ ਜਾਵੇ। (ਚਲਦਾ) #Instt. 01--Suhi ki.Vaar M.3--02.18# v ..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੧)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com
.