.

ਸੈਂਤੀਵੀਂ ਪਉੜੀ ਕਰਮਖੰਡ ਤੇ ਸਚਖੰਡ ਦੀ ਗੁਰਬਾਣੀ ਅਨੁਸਾਰ ਵਿਆਖਿਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਰਮ ਖੰਡ

ਮਨ ਦੀ ਚੌਥੀ ਤਬਦੀਲੀ ਹੈ "ਕਰਮ ਖੰਡ" ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਵਾਲੀ ਅਵਸਥਾ ਨੂੰ ਜੀਵਨ ਵਿਚ ਪ੍ਰਾਪਤ ਕਰਨਾ।

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥

ਸ਼ਬਦ ਅਰਥ ---------ਸ਼ਬਦ ਅਰਥ

ਕਰਮ -ਬਖਸ਼ਿਸ, ਮਹਾਬਲ -ਵੱਡੇ ਆਤਮਿਕ ਬਲ ਵਾਲੇ

ਬਾਣੀ ਬਾਣੀ, ਲੱਛਣ, ਬਣਤਰ ਸੂਰ ਆਤਮਿਕ ਸੂਰਮੇ (ਸੰਤ)

ਜੋਰੁ -ਰੂਹਾਨੀ ਬਲ, ਸੀਤੋ ਸੀਤਾ -ਪਰੋਇਆ ਹੋਇਆ

ਜੋਧੇ -ਆਤਮਿਕ ਯੋਧੇ, ਨਾ ਮਰਹਿ- ਆਤਮਿਕ ਮੌਤ ਨਹੀਂ ਮਰਦੇ

ਵਸਹਿ -ਵਸਦੇ ਹਨ, ਨਾ ਠਾਗੇ ਜਾਹਿ -ਮਾਇਆ ਠਗ ਨਹੀਂ ਸਕਦੀ

ਸੱਚਾ ਮਨਿ ਸੋਇ -ਵਾਹਿਗੁਰੂ ਮਨ ਵਿਚ ਵਸਦਾ ਹੈ: ਲੋਅ ਲ਼ੋਕ, ਭਵਨ ਮੰਡਲ

ਆਤਮਿਕ ਅਵਸਥਾ ਦੀ ਇਸ ਚੌਥੀ ਪਉੜੀ ਵਿਚ ਸਰਮ ਖੰਡ ਦੀਆਂ ਸੁਰਤ ਮੰਡਲ ਦੀਆਂ ਘਾੜਤਾਂ ਤੋਂ ਉੋਪਰ ਉਠਕੇ ਬ੍ਰਹਮਗਿਆਨੀ ਅਵਸਥਾ ਪ੍ਰਾਪਤੀ ਤੇ ਫਿਰ ਗਿਆਨ ਪ੍ਰਾਪਤੀ ਤੋਂ ਪਿਛੋਂ ਨਾਮ ਦੀ ਘਾਲਣਾ ਕਰਨੀ, ਵਾਹਿਗੁਰੂ ਨਾਲ ਧਿਆਨ ਧਰ ਕੇ ਉਸ ਵਲ ਜੁੜਣ ਲਈ ਲੋੜੀਂਦੀ ਮਿਹਨਤ ਕਰਨੀ, ਸਵਾਸ ਸਵਾਸ, ਰੋਮ ਰੋਮ ਜਪਣ ਦੀ ਸਹਿਜ ਅਵਸਥਾ ਤਕ ਪਹੁੰਚਣ ਪਿਛੋਂ ਅਗਲੀ ਪਉੜੀ ਪ੍ਰਮਾਤਮਾਂ ਦੀ ਬਖਸ਼ਿਸ਼ ਪ੍ਰਾਪਤੀ ਦੀ ਹੈ ਜਿਸ ਨੂੰ ਕਰਮ ਖੰਡ ਕਿਹਾ ਗਿਆ ਹੈ।ਸਰਮ ਖੰਡ ਦੀ ਬਾਣੀ ਰੂਪ ਸੀ ਪ੍ਰਮਾਤਮਾਂ ਦੀ ਅਸੀਮ ਸੁਂਦਰਤਾ ਦੀ ਸਿਫਤ ਸਲਾਹ ਰਾਹੀਂ ਵਿਸਮਾਦੀ ਅਵਸਥਾ ਵਿਚ ਪਹੁੰਚਣਾ ਤੇ ਫਿਰ ਨਿਰੰਕਾਰੀ ਸ਼ਕਤੀ ਪ੍ਰਾਪਤ ਕਰਨੀ ਹੈ ਜਿਸ ਨਾਲ ਪ੍ਰਮਾਤਮਾਂ ਦੇ ਦਰ ਵਲ ਅਸੀਮ ਖਿਚ ਪੈ ਜਾਵੇ ਤੇ ਉਹ ਆ ਕੇ ਗਲ ਲਾਵੇ।ਇਸੇ ਨਿਰੰਕਾਰੀ ਸ਼ਕਤੀ ਨੂੰ ਅਸਲੀ ਜ਼ੋਰ ਮੰਨਿਆਂ ਗਿਆ ਹੈ ਤੇ ਇਹੋ ਜ਼ੋਰ, ਇਹੋ ਨਿਰੰਕਾਰੀ ਸ਼ਕਤੀ ਕਰਮ ਖੰਡ ਦੀ ਬਾਣੀ ਕਹੀ ਗਈ ਹੈ।ਸਾਰੀ ਕੁਦਰਤ ਇਕ ਖੇਲ੍ਹ ਹੈ ਜਿਸ ਨੂੰ ਪ੍ਰਮਾਤਮਾਂ ਆਪਣੇ ਹੁਕਮ ਅਨੁਸਾਰ ਖਿਡਾ ਰਿਹਾ ਹੈ। ਸਭ ਜੀਵ ਜੰਤੂ ਉਸ ਦੇ ਹੁਕਮ ਵਿਚ ਕਿਰਿਆ ਕਰ ਰਹੇ ਹਨ, ਹਰ ਕਾਰਜ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਸ ਦੇ ਹੁਕਮ ਵਿਚ ਹੋ ਰਿਹਾ ਹੈ।ਹੁਕਮ ਸਮਝ ਕੇ ਸਾਧਕ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ, ਭਾਣਾ ਮਿੱਠਾ ਕਰਕੇ ਮੰਨਦਾ ਹੈ ਤੇ ਉਸ ਦਾ ਨਾਮ ਧਿਆਉਂਦਾ ਹੈ। ਰਜ਼ਾ ਵਿਚ ਚੱਲਣ ਵਾਲੇ ਤੇ ਨਾਮ ਨਾਲ ਜੁੜੇ ਹੋਏ ਉਪਰ ਉਸ ਦੀ ਬਖਸ਼ਿਸ਼ ਹੁੰਦੀ ਹੈ।ਕਰਮ ਖੰਡ ਬਖਸ਼ਿਸ਼ ਦਾ ਖੰਡ ਕਿਹਾ ਗਿਆ ਹੈ।

ਗੁਰੂ ਜੀ ਦਸਦੇ ਹਨ ਕਿ ਧਰਮ ਵਾਲੇ ਪਾਸੇ ਮਨੁੱਖੀ ਮਨ ਦਾ ਮੋੜ, ਸੱਚੇ ਗਿਆਨ ਨਾਲ ਸਾਂਝ ਪੈਦਾ ਕਰਦਾ ਹੈ। ਸੱਚੇ ਗਿਆਨ ਦੀ ਪ੍ਰਾਪਤੀ ਹੋਣ ਤੇ ਜੀਵਨ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਅਤੇ ਸੁਆਰਣ ਵਾਸਤੇ ਅੰਦਰ ਉੱਦਮ ਦੀ ਅਵਸਥਾ ਬਣ ਆਉਂਦੀ ਹੈ। ਇਸ ਅਵਸਥਾ ਵਿਚ ਵਿਚਰ ਰਹੇ ਮਨੁੱਖ ਉਪਰ ਪ੍ਰਭੂ ਦਾ ਕਰਮ (ਬਖਸ਼ਿਸ਼) ਕੋਈ ਛੁਪੀ-ਗੁੱਝੀ ਗਲ ਨਹੀਂ ਰਹਿ ਜਾਂਦੀ। ਗੁਰੂ ਜੀ ਨੇ ਜੀਵਨ ਵਿਚ ਪ੍ਰਾਪਤ ਹੋਈ ਇਸੇ ਅਵਸਥਾ ਨੂੰ ਨਾਮ ਦਿੱਤਾ ਹੈ ‘ਕਰਮ ਖੰਡ’ਵਿਚ ਵਿਚਰਨਾ ਭਾਵ ਕਰਤੇ ਦੀਆਂ ਬਖਸ਼ਿਸ਼ਾ ਦਾ ਅਹਿਸਾਨਮੰਦ ਰਹਿਣਾ। ਇਥੇ ‘ਕਰਮ’ ਅੱਖਰ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ।

ਕਰਮ ਖੰਡ ਦੀ ਅਵਸਥਾ ਵਿਚ ਪਹੁੰਚਿਆ ਮਨੁੱਖ, ਅਪਣੇ ਅੰਦਰ ਅਥਾਹ ਸ਼ਕਤੀ ਨੂੰ ਅਨੁਭਵ ਕਰਦਾ ਹੈ। ਪ੍ਰਭੂ ਦੀ ਮਿਹਰ ਨਾਲ ਉਹ ਇੰਨਾਂ ਬਲਵਾਨ ਹੋ ਜਾਂਦਾ ਹੈ ਕਿ ਸੰਸਾਰਕ ਵਿਸ਼ੇ-ਵਿਕਾਰ, ਮਾਨਸਕ ਕਮਜ਼ੋਰੀਆਂ ਉਸ ਉਪਰ ਅਪਣਾ ਰੱਤੀ ਭਰ ਵੀ ਮਾੜਾ ਪ੍ਰਭਾਵ ਨਹੀਂ ਪਾ ਸਕਦੀਆਂ। ਉਹ ਮਾਇਆ ਦੇ ਮਾਰੂ ਅਸਰ ਤੋਂ ਵੀ ਬਚ ਜਾਂਦਾ ਹੈ, ਕਿਉਂਕਿ ਹਰ ਸਮੇਂ ਉਹ ਕਰਤੇ ਅਕਾਲਪੁਰਖੁ ਨਾਲ ਇੱਕ-ਮਿੱਕ ਹੋ ਚੁਕਾ ਹੁੰਦਾ ਹੈ। ਉਸਦੀ ਪੱਲ-ਪੱਲ ਅਤੇ ਸੁਆਸ-ਸੁਆਸ ਦੀ ਕਰਨੀ ਵਿਚੋਂ ਪ੍ਰਭੂ ਕਰਤੇ ਦੀ ਸਿਫ਼ਿਤ-ਸਲਾਹ ਹੀ ਪ੍ਰਗਟ ਹੁੰਦੀ ਹੈ, ਉਸੇ ਦੇ ਦਰਸ਼ਨ ਹੁੰਦੇ ਹਨ।

ਇਸ ਅਵਸਥਾ ਵਿਚ ਪੁੱਜ ਚੁਕੇ ਮਨੁੱਖ ਦਾ ਰੋਮ ਰੋਮ ਪ੍ਰਭੂ ਪਿਆਰ ਵਿਚ ਸੀਤਾ-ਪਰੁਤਾ ਹੁੰਦਾ ਹੈ "ਤਿਥੈ ਸੀਤੋ ਸੀਤਾ ਮਹਿਮਾ ਮਾਹਿ"। ਅਜੇਹਾ ਮਨੁੱਖ ਜਨਮ-ਮਰਨ ਦੇ ਗੇੜ ਵਿਚੋਂ ਨਿਕਲ ਜਾਂਦਾ ਹੈ। ਉਹ ਸੰਸਾਰ ਵਿਚ ਪ੍ਰਚਲਤ ਧਰਮਾਂ ਦੇ ਲੇਬਲ ਥੱਲੇ ਕੀਤੀਆਂ ਜਾ ਰਹੀਆਂ ਠੱਗੀਆਂ ਦਾ ਸ਼ਿਕਾਰ ਨਹੀਂ ਹੋ ਸਕਦਾ। ਇਹੀ ਹੈ ਉਸ ਦਾ ‘ਕਰਮ ਖੰਡ’ ਵਿਚ ਵਿਚਰਨਾ।

ਕਰਮ ਖੰਡ ਕੀ ਬਾਣੀ ਜੋਰੁ ॥

ਕਰਮ ਭਾਵ ਬਖਸ਼ਿਸ਼ ਤੇ ਬਖਸ਼ਿਸ਼ ਪ੍ਰਾਪਤ ਅਵਸਥਾ ਵਿਚ ਜ਼ੋਰ ਹੁੰਦਾ ਹੈ। ਬਖਸ਼ਿਸ਼ ਰੱਬੀ ਬਲ ਹੈ ਜਿਸ ਤੋਂ ਆਤਮ ਬਲ ਪੈਦਾ ਹੁੰਦਾ ਹੈ। ਬਖਸ਼ਿਸ਼ ਦਾ ਪਾਤਰ ਹੋਇਆ ਹਰ ਕੰਮ ਉਸਦੇ ਹੁਕਮ ਵਿਚ ਹੋਇਆ ਵੇਖਦਾ ਹੈ ਤੇ ਸਰਵਵਿਆਪੀ ਹੁਕਮ ਨਾਲ ਜੁੜ ਜਾਂਦਾ ਹੈ।ਸਰਬ ਵਿਆਪੀ ਬਲ ਨੂੰ ਪ੍ਰਾਪਤ ਕਰ ਲੈਂਦਾ ਹੈ। ਸਰਬ ਵਿਆਪੀ ਬਲ ਨੂੰ ਪ੍ਰਾਪਤ ਕਰ ਵਾਹਿਗੁਰੂ ਵਿਚ ਅਭੇਦ ਹੋਇਆ ਵੀ ਹੁਕਮ ਵਿਚ ਰਹਿੰਦਾ ਹੈ। ਜਿਸ ਤਰ੍ਹਾਂ ਸ਼ਿੱਧ ਬਲ-ਸ਼ਕਤੀ-ਜ਼ੋਰ ਦਾ ਦਿਖਾਵਾ ਕਰਦੇ ਦਸੇ ਗਏ ਹਨ ਬਖਸ਼ਿਸ਼ ਦਾ ਪਾਤਰ ਹੋਇਆ ਬਲ-ਸ਼ਕਤੀ-ਜ਼ੋਰ ਦਾ ਦਿਖਾਵਾ ਨਹੀਂ ਕਰਦਾ; ਉਹ ਤਾਂ ਤਾਣ ਹੁੰਦੇ ਨਿਤਾਣਾ ਰਹਿੰਦਾ ਹੈ:

ਇਸ ਨਿਰੰਕਾਰੀ ਸ਼ਕਤੀ ਤਕ ਪਹੁੰਚਣ ਲਈ ਪਹਿਲੇ ਖੰਡਾਂ ਵਿਚੋਂ ਗੁਜ਼ਰਨਾ ਭਾਵ ਧਰਮ ਖੰਡ, ਗਿਆਨ ਖੰਡ ਤੇ ਫਿਰ ਧਰਮ ਖੰਡ ਦੀਆਂ ਪਉੜੀਆਂ ਚੜ੍ਹਣ ਪਿਛੋਂ ਹੀ ਕਰਮ ਖੰਡ ਹੈ।ਇਨ੍ਹਾ ਪੌੜੀਆਂ ਤੋਂ ਦੀ ਚੜ੍ਹੇ ਬਿਨਾਂ ਉਸ ਪੌੜੀ ਤਕ ਹੋਰ ਕੋਈ ਨਹੀਂ ਪਹੁੰਚ ਸਕਦਾ।ਬਿਨਾਂ ਪ੍ਰਮਾਤਮਾਂ ਦੀ ਬਖਸ਼ਿਸ਼ ਪ੍ਰਾਪਤ ਦੇ ਉਸ ਥਾਂ ਕੋਈ ਨਹੀਂ ਪਹੁੰਚ ਨਹੀਂ ਸਕਦਾ।

ਤਿਥੈ ਹੋਰੁ ਨ ਕੋਈ ਹੋਰੁ ॥

ਉਥੇ ਤਾਂ ਕੇਵਲ ਆਤਮ ਬਲ ਵਾਲਾ ਹੀ ਪਹੁੰਚਦਾ ਹੈ, ਹੁਕਮ ਮੰਨਣ ਵਾਲਾ ਹੀ ਹੁੰਦਾ ਹੈ ਤੇ ਸਭ ਕੁਝ ਭਾਣੇ ਵਿਚ ਹੋਈ ਜਾ ਰਿਹਾ ਹੁੰਦਾ ਹੈ, ਉਥੇ ਕੋਈ ਹੋਰ ਦੂਜਾ ਜਾਂ ਕੁਝ ਹੋਰ ਦੂਜਾ ਨਹੀਂ ਹੁੰਦਾ

ਆਪਨ ਖੇਲ ਆਪਿ ਵਰਤੀਜਾ॥ ਨਾਨਕ ਕਰਨੈਹਾਰੁ ਨ ਦੂਜਾ॥ (ਗਉੜੀ ਸੁਖਮਨੀ ਮ:੫, ਪੰਨਾ ੨੯੧)

ਉਥੇ ਤਾਂ ਮਨ ਨੂੰ ਜਿੱਤਣ ਵਾਲੇ ਮਹਾਂ ਬਲ ਵਾਲੇ ਬਖਸ਼ਿਸ਼ ਵਾਲੇ, ਜੋਧੇ ਤੇ ਸੂਰਮੇ ਹੀ ਪਹੁੰਚਦੇ ਹਨ ਜਿਨ੍ਹਾਂ ਨੇ ਮਨ ਉਪਰ ਕਾਬੂ ਕਰਕੇ ਆਪਾ ਉਸ ਨੂੰ ਪੂਰੀ ਤਰ੍ਹਾਂ ਸਮਰਪਣ ਕਰਕੇ ਉਸ ਨਾਲ ਹੀ ਜੋੜ ਲਿਆ ਉਸ ਵਲ ਧਿਆਨ ਧਰ ਕੇ ਪਲ ਪਲ ਉਸ ਦਾ ਹੀ ਨਾਮ ਜਪਿਆ ਹੈ।

ਤਿਥੈ ਜੋਧ ਮਹਾਬਲ ਸੂਰ ॥ਤਿਨ ਮਹਿ ਰਾਮੁ ਰਹਿਆ ਭਰਪੂਰ ॥

ਉਹ ਹੀ ਹਨ ਅਸਲੀ ਯੇਧੇ, ਅਸਲੀ ਸੂਰਬੀਰ।ਉਨ੍ਹਾਂ ਦੇ ਮਨ ਘੋੜੇ ਦੀ ਲਗਾਮ ਫੜ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਬੂ ਪਾ ਲਿਆ ਹੈ, ਮਾਇਆ ਦੇ ਬੰਧਨ ਤੋਂ ਵੀ ਛੁਟਕਾਰਾ ਪਾ ਲਿਆ ਹੈ ਸੁਰਤੀ, ਮਤ, ਬੁਧੀ ਨੂੰ ਸਿਧ ਕਰਕੇ ਮਨ ਦੀ ਸੁਧ ਨੂੰ ਨਾਮ ਨਾਲ ਜੋੜ ਲਿਆ ਹੈ ਤੇ ਉਸ ਨੂੰ ਸਵਾਸ ਸਵਾਸ ਸਿਮਰਨ ਵਿਚ ਲਗਾ ਲਿਆ ਹੈ।ਨਾਮ ਦੀ ਕਮਾਈ ਸਦਕਾ ਮਨ ਉਸ ਨਾਲ ਜੁੜਿਆ ਹੀ ਨਹੀਂ ਉਸ ਨਾਲ ਪੱਕਾ ਟਾਂਕਾ ਲੱਗ ਗਿਆ ਹੈ।ਇਸ ਲਈ ਹੁਣ ਮਨ ਉਸ ਨਾਲੋਂ ਟੁਟਣਾ ਨਹੀਂ।

ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥

ਕਰਮ ਖੰਡ ਵਿਚ ਪਹੁੰਚੇ ਵਾਸੀਆਂ ਦਾ ਹਾਲ ਅਨੁਭਵ ਤਾਂ ਕੀਤਾ ਜਾ ਸਕਦਾ ਹੈ ਪਰ ਪੂਰੀ ਤਰ੍ਹਾਂ ਬਿਆਨਣਾ ਅਸੰਭਵ ਹੈ ਕਿਉਂਕਿ ਉਸ ਨਾਮ ਨਾਲ ਜੁੜੇ ਦੇ ਅਨੁਭਵ ਦੀ ਹਾਲਤ ਉਸ ਤੋਂ ਬਿਨਾ ਹੋਰ ਨਾ ਜਾਣ ਸਕਦਾ ਹੈ ਤੇ ਨਾ ਕਹਿ ਸਕਦਾ ਹੈ।ਉਹ ਸੂਰਬੀਰ ਹਨ, ਸੰਤ ਹਨ, ਖਰੇ ਹਨ. ਸੱਚੇ ਸੁੱਚੇ ਹਨ ਤੇ ਪ੍ਰਮਾਤਮਾਂ ਨੂੰ ਭਾਉਂਦੇ ਹਨ ਤੇ ਫਿਰ ਉਸ ਦੇ ਪਿਆਰੇ ਹੋ ਜਾਂਦੇ ਹਨ। ਉਨ੍ਹਾਂ ਦੇ ਇਹ ਰੂਪ ਬਿਆਨੋਂ ਬਾਹਰ ਹਨ:

ਤਾ ਕੇ ਰੂਪ ਨ ਕਥਨੇ ਜਾਹਿ ॥

ਜਿਨ੍ਹਾ ਦੇ ਮਨ ਹਰ ਵਕਤ ਵਾਹਿਗੁਰੂ ਵਸ ਰਿਹਾ ਹੈ ਉਹ ਨਾ ਮਰਦੇ ਹਨ ਤੇ ਨਾ ਹੀ ਮੋਹ ਨਾਲ ਠਗੇ ਜਾਂਦੇ ਹਨ।

ਨਾ ਓਹਿ ਮਰਹਿ ਨ ਠਾਗੇ ਜਾਹਿ ॥ਤਾ ਕੈ ਰਾਮੁ ਵਸੈ ਮਨ ਮਾਹਿ ॥

ਜਦ ਪ੍ਰਕਾਸ਼ ਹੋ ਜਾਵੇ ਤਾਂ ਹਨੇਰਾ ਕਦੋਂ ਨੇੜੇ ਲਗਦਾ ਹੈ ? ਇਸ ਖੰਡ ਵਿਚ ਵਸਣ ਵਾਲੇ ਕਿਤਨੇ ਹੀ ਰੋਸ਼ਨ ਮਨ ਭਗਤ ਹਨ ਜੋ ਉਸ ਸੱਚੇ ਪਰਮਾਤਮਾ ਨਾਲ ਜੁੜਣ ਦਾ ਅਨੰਦ ਲੈ ਰਹੇ ਹਨ।

ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥

ਵਾਹਿਗੁਰੂ ਦੀ ਰਚਨਾ ਵਿਚ ‘ਅਗੰਮ ਅਗੰਮ ਅਸੰਖ ਲੋਅ॥੧੯॥ (ਪੰਨਾ ੪) ਹਨ। ਬਖਸ਼ਿਸ਼ ਦੇ ਖੰਡ ਵਿਚ ਭਗਤ ਲੋਅ ਦੇ ਰੂਪ ਵਿਚ ਸ਼ਕਤੀ ਦੇ ਰੂਪ ਵਿਚ ਹੋ ਜਾਂਦੇ ਹਨ। ਬਖਸ਼ਿਸ਼ ਵਿਚ ਏਕਤਾ ਹੈ, ਵਿਤਕਰਾ ਨਹੀੰ।ਕਿਸੇ ਧਰਤੀ, ਕਿਸੇ ਵੀ ਲੋਕ ਦਾ ਭਗਤ ਹੋਵੇ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ:

ਸਭਨਾ ਉੋਪਰਿ ਨਦਰਿ ਪ੍ਰਭ ਤੇਰੀ॥ ਕਿਸੈ ਥੋੜੀ ਕਿਸੈ ਹੈ ਘਣੇਰੀ (( ਮਾਝ ਮ: ੩, ਪੰਨਾ ੧੧੯)

ਸਭ ਜੀਵਾਂ ਉੋਪਰ ਪ੍ਰਭੂ ਦੀ ਨਦਰ ਬਖਸ਼ਿਸ਼ ਹੈ ਕਿਸੇ ਉਪਰ ਬਹੁਤੀ ਕਿਸੇ ਉਪਰ ਥੋੜੀ ਫਰਕ ਜ਼ਰੂਰ ਹੈ।ਇਹ ਫਰਕ ਕਿਉੰ ? ਫਰਕ ਤਾਂ ਸਿਰਫ ਭਗਤੀ ਦਾ ਹੈ ਜੋ ਪ੍ਰਮਾਤਮਾਂ ਦਾ ਹੁਕਮ ਮੰਨ ਰਜ਼ਾ ਵਿਚ ਰਹਿੰਦੇ ਹਨ ਤੇ ਉਸ ਦੀ ਘਣੇਰੀ ਬਖਸ਼ਿਸ਼ ਪ੍ਰਾਪਤ ਕਰਦੇ ਹਨ:

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ (ਜਪੁਜੀ ਪੰਨਾ ੮)

ਕਰਮਾਂ ਅਨੁਸਾਰ ਕਈ ਬਖਸ਼ਿਸ਼ ਦੇ ਨੇੜੇ ਹਨ ਕਈ ਬਖਸ਼ਿਸ਼ ਤੋਂ ਦੂਰ ਹਨ।ਜਿਸ ਤਰ੍ਹਾਂ ਜੋ ਬੰਦ ਕਮਰਿਆਂ ਵਿਚ ਰਹਿੰਦੇ ਹਨ ਰੋਸ਼ਨੀ ਦੇ ਪਾਤਰ ਨਹੀਂ ਹੁੰਦੇ ਪਰ ਜੋ ਖਿੜਕੀਆਂ ਦੇ ਪਰਦੇ ਹਟਾਉਂਦੇ ਹਨ ਸੂਰਜ ਦੀ ਰੋਸ਼ਨੀ ਦਾ ਆਨੰਦ ਮਾਣਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਨੇ ਮਨ ਦੀ ਖਿੜਕੀ ਪ੍ਰਮਾਤਮਾਂ ਦੀ ਰੋਸ਼ਨੀ ਵਲ ਖੋਲ੍ਹ ਲਈ ਹੈ ਉਨ੍ਹਾਂ ਨੂੰ ਪ੍ਰਮਾਤਮਾਂ ਦੀ ਹੋਂਦ ਦਾ ਤੇ ਉਸ ਦੀਆਂ ਰਹਿਮਤਾਂ ਦਾ ਗਿਆਨ ਹੁੰਦਾ ਹੈ ਤੇ ਉਸ ਨਾਲ ਆਪ ਮੁਹਾਰੇ ਜੁੜਦੇ ਹਨ ਤੇ ਬਖਸ਼ਿਸ਼ ਦੇ ਪਾਤਰ ਹੁੰਦੇ ਹਨ:

ਝਿਮ ਝਿਮ ਵਰਸੈ ਅੰਮ੍ਰਿਤ ਧਾਰਾ॥ਮਨੁ ਪੀਵੇ ਸੁਨਿ ਸਬਦਿ ਬੀਚਾਰਾ॥ (ਮਾਝ ਮ: ੫, ਪੰਨਾ ੧੦੨)

ਬਖਸ਼ਿਸ਼ ਅੰਮ੍ਰਿਤ ਦੀ ਵਰਖਾ ਵਾਂਗ ਇਕ ਸਮਾਨ ਵਰਸ ਰਹੀ ਹੈ ਪਰ ਪ੍ਰਾਪਤ ਉਹ ਕਰ ਸਕਦਾ ਹੈ ਜੋ ਸ਼ਬਦ ਦੀ ਵੀਚਾਰ ਕਰਕੇ ਹਉਮੈਂ, ਹੰਕਾਰ ਆਦਿ ਤੌਂ ਪਰਦਾ ਹਟਾ ਕੇ ਖੁਲ੍ਹੇ ਮੈਦਾਨ ਵਿਚ ਆ ਜਾਵੇ, ਵਰਸ ਰਹੀ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ। ਬਖਸ਼ਿਸ਼ ਦੇ ਕਰਮ ਖੰਡ ਦਾ ਵਾਸੀ ਬਣ ਸਕਦਾ ਹੈ, ਉਹ ਭਗਤ ਹੈ।

ਸਚ ਖੰਡਿ

ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥ ੩੭ ॥

ਸ਼ਬਦ ਅਰਥ -----------ਸ਼ਬਦ ਅਰਥ

ਸਚ ਖੰਡ -ਵਾਹਿਗੁਰੂ ਦੇ ਘਰ, ਨਿਰਵਾਣ ਪਦ, ਲੋਅ ਲੋਅ- ਹਰ ਦੁਨੀਆਂ ਲੋਕ ਪ੍ਰਲੋਕ ਵਿਚ

ਕਰਿ ਕਰਿ- ਸ਼੍ਰਿਸ਼ਟੀ ਰਚ ਕੇ, ਵਿਗਸੈ -ਖੁਸ਼ ਹੁੰਦਾ ਹੈ

ਨਦਰਿ -ਨਿਹਾਲ ਨਿਹਾਲ ਕਰਨ ਵਾਲੀ ਨਜ਼ਰ ਨਾਲ, ਕਰਿ ਵਿਚਾਰ- ਵੀਚਾਰ ਕਰਕੇ

ਵੇਖੈ -ਵੇਖਦਾ ਹੈ, ਸੰਭਾਲ ਕਰਦਾ ਹੈ, ਕਥਨਾ- ਬਿਆਨਣਾ

ਵਰਭੰਡ -ਬ੍ਰਹਿਮੰਡ, ਕਰੜਾ ਸਾਰੁ -ਲ਼ੋਹੇ ਜਿਹਾ ਕਰੜਾ, ਸਖਤ

ਜਪੁ ਬਾਣੀ ਆਦਿ ਸਚੁ ਤੋਂ ਅਰੰਭ ਹੋਈ; ਸੱਚ ਦਾ ਗਿਆਨ ਤੇ ਸੱਚ ਵਿਚ ਅਭੇਦ ਹੋਣ ਲਈ ਕੂੜ (ਮਾਇਆ) ਦੀ ਪਾਲ (ਕੰਧ) ਕੱਟਣ ਲਈ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥੧॥ (ਪੰਨਾ ੧) ਦੇ ਸਾਧਨ ਨਾਮ, ਸਿਮਰਨ, ਲਿਵ, ਤੇ ਕਾਦਰ ਦੀ ਕੁਦਰਤ ਵੇਖ ਕੇ ਵਿਸਮਾਦ ਰੰਗ ਵਿਚ ਕਰਤਾ ਪੁਰਖ ਨਾਲ ਜੁੜਣ ਦੇ ਮਾਰਗ ਦਸੇ ਹਨ।ਅੰਤਰ ਆਤਮਾ ਦੀ ਇਕਾਗਰਤਾ ਸੁਰਤ ਮੰਡਲ ਦੇ ਵਿਕਾਸ ਵਿਚ ਸਭ ਤੋਂ ਉਚੀ ਸਟੇਜ ਸੱਚਖੰਡ ਦੀ ਦੱਸੀ ਹੈ।ਮਨੁੱਖੀ ਜੀਵਨ ਮਨ ਦੀ ਆਖਰੀ ਅਤੇ ਸਭ ਤੋਂ ਉੱਚੀ ਅਵਸਥਾ ਨੂੰ ਗੁਰੂ ਨਾਨਕ ਦੇਵ ਜੀ ਨੇ ‘ਸਚ ਖੰਡਿ’ਦਾ ਨਾਮ ਦਿੱਤਾ ਹੈ।

ਗੁਰੂ ਜੀ ਦਸਦੇ ਹਨ "ਕਰਮ ਖੰਡ" ਦੀ ਅਵਸਥਾ ਨੂੰ ਪ੍ਰਾਪਤ ਮਨੁੱਖ ਸਹੀ ਅਰਥਾਂ ਵਿਚ ਸਚੇ ਪ੍ਰਭੁ ਨਾਲ ਇੱਕ ਮਿੱਕ ਹੋਇਆ ਹੁੰਦਾ ਹੈ। ਉਸ ਅਵਸਥਾ ਵਿਚ ਵਿਚਰ ਰਿਹਾ ਮਨੁੱਖ ਮਾਨੋ ਸਚਖੰਡ ਵਿਚ ਹੀ ਵਿਚਰ ਰਿਹਾ ਹੁੰਦਾ ਹੈ। ਇਹੀ ਹੈ ਸੱਚ ਦੀ ਅਵਸਥਾ ਨੂੰ ਪ੍ਰਾਪਤ ਕਰਨਾ, ਅਥਵਾ ਜੀਵਨ ਮੁੱਕਤ ਹੋ ਜਾਣਾ। ਇਸ ਤਰ੍ਹਾਂ ਅਜੇਹਾ ਮਨੁੱਖ ਰਜ਼ਾ ਅਤੇ ਭਾਣੇ ਦੀ ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਦੀ ਪ੍ਰਾਪਤੀ ਦੀ ਗਲ ਗੁਰਦੇਵ ਨੇ ਮਨੁੱਖਾ ਜਨਮ ਦੀ ਪ੍ਰਾਪਤੀ ਦਾ ਨਿਸ਼ਾਨਾ ਪਹਿਲੀ ਪਉੜੀ ਵਿਚ ਦਸਿਆ ਹੈ, ਇਸੇ ਨੂੰ ‘ਸਚਿਆਰਾ’ਆਖਿਆ ਹੈ। ਇਹ ਗਲ ਤਾਂ ਇਸ ਰਚਨਾ ਦੇ ਅਰੰਭ ਵਿਚ ਹੀ "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ" ਕਹਿਕੇ ਸਮਝਾ ਦਿੱਤੀ ਸੀ ਅਤੇ ਇਸੇ ਨੂੰ ਰਚਨਾ ਦਾ ਮਨੋਰਥ ਵੀ ਦਸਿਆ ਸੀ।

ਸਚ ਖੰਡ ਉਹ ਸਥਾਨ ਹੈ ਜਿਥੇ ਆਪ ਅਵਿਨਾਸੀ ਅਵਸਥਾ ਵਿਚ, ਨਿਰੰਕਾਰ ਰੂਪ ਪ੍ਰਮਾਤਮਾਂ ਆਪ ਵਸਦਾ ਹੈ।ਕਰਮ ਖੰਡ ਵਿਚ ਭਗਤਾਂ ਦਾ ਵਾਸਾ ਦਸਿਆਂ ਹੈ ਪਰ ਸਚਖੰਡ ਵਿਚ ਕੇਵਲ ਨਿਰੰਕਾਰ ਹੀ ਹੈ, ਬ੍ਰਹਮ ਹੀ ਬ੍ਰਹਮ ਹੈ:

ਸਚ ਖੰਡਿ ਵਸੈ ਨਿਰੰਕਾਰੁ ॥

ਨਿਰੰਕਾਰ ਸੱਚੇ ਥਾਂ ਭਾਵ ਕਦੇ ਵੀ ਨਾ ਮਿਟਣ ਵਾਲਾ, ਸਥਾਈ ਤੇ ਵਸ ਰਿਹਾ ਹੈ।ਸ਼ਬਦ ਦੀ ਵੀਚਾਰ ਕਰਕੇ ਆਪੇ ਦੀ ਪਛਾਣ ਹੁੰਦੀ ਹੈ ਤੇ ਸ਼ਬਦ ਨਾਮ ਸਦਕਾ ਸਚੇ ਦੇ ਮਹਿਲ ਭਾਵ ਸਦੈਵ ਮੁਕਤ ਅਵਸਥਾ, ਨਿਰਵਾਣ ਅਵਸਥਾ ਵਿਚ ਪਹੁੰਚ ਕੇ ਲਗਾਤਾਰ ਦਾ ਆਉਣ ਜਾਣ ਖਤਮ ਹੋ ਜਾਂਦਾ ਹੈ।

ਸਚੈ ਥਾਨਿ ਵਸੈ ਨਿਰੰਕਾਰਾ ॥ ਆਪਿ ਪਛਾਣੈ ਸਬਦੁ ਵੀਚਾਰਾ ॥ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥ ੭ ॥ (ਮਾਰੂ, ਮ: ੧, ਪੰਨਾ ੧੦੪੦)

ਅੰਦਰੋਂ ਮਨ ਸੱਚਾ ਹੋਵੇਗਾ ਤਾਂ ਹੀ ਸੱਚੇ ਦੀ ਸੱਚੀ ਸਿਫਤ ਸਲਾਹ ਹੋਵੇਗੀ। ਸੱਚੇ ਦੇ ਘਰ ਸੱਚ ਦੀ ਸਲਾਹੁਤਾ ਹੁੰਦੀ ਹੈ ਤੇ ਸਤਿਗੁਰ ਦੇ ਬਲਿਹਾਰੇ ਜਾਈਦਾ ਹੈ। ਉਹ ਵੇਲਾ ਤੇ ਉਹ ਸਰੀਰ ਸੱਚਾ ਹੈ ਜਿਸਦਾ ਜਦ ਸੱਚੇ ਨਾਲ ਪਿਆਰ ਪੈ ਗਿਆ।ਉਸ ਸੱਚ ਨਾਲ ਜੁੜੇ ਹੋਏ ਦਾ ਵੇਖਣਾ, ਬੋਲਣਾ ਸਭ ਸੱਚ ਹੁੰਦਾ ਹੈ ਤੇ ਉਸ ਨੂੰ ਸਾਰੀ ਰਚਨਾ ਸੱਚੀ ਦਿਸਦੀ ਹੈ:

ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥ ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥ ੬ ॥ ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ॥ ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥ ੭ ॥ (ਵਡਹੰਸ, ਮ: ੩, ਪੰਨਾ ੫੬੫)

ਗੁਰੂ ਦੇ ਸ਼ਬਦ ਦੀ ਵੀਚਾਰ ਕਰਕੇ ਸ਼ਚੇ ਦਾ ਨਾਮ ਧਿਆ।ਸੱਚੇ ਦੇ ਦਰਬਾਰ ਸਿਰਫ ਗੁਰਮੁਖ ਹੀ ਪਹੁੰਚਦਾ ਹੈ। ਜੋ ਸੱਚੇ ਮਨੋਂ ਸੱਚੀ ਅਰਜ਼ ਅਰਦਾਸ ਕਰਦਾ ਹੇ ਤਾਂ ਸੱਚੇ ਵਾਹਿਗੁਰੂ ਦੇ ਦਰਬਾਰ ਜ਼ਰੂਰ ਪਹੁੰਚਦੀ ਹੈ ਜੋ ਉਸਨੂੰ ਸ਼ਾਬਾਸ਼ ਦਿੰਦਾ ਹੈ ਤੇ ਸੱਚੇ ਤਖਤ ਭਾਵ ਅਪਣੇ ਕੋਲ ਬੁਲਾ ਲੈਂਦਾ ਹੈ ਤੇ ਉਸਨੂੰ ਜੋ ਵਡਿਆਈ ਬਣਦੀ ਹੈ ਸੋ ਦਿੰਦਾ ਹੈ:

ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥ ਗੁਰਮੁਖਿ ਸਾਚੇ ਸਾਚੈ ਦਰਬਾਰਿ ॥ ੧ ॥ ਰਹਾਉ ॥ ਸਚਾ ਅਰਜੁ ਸਚੀ ਅਰਦਾਸਿ ॥ ਮਹਲੀ ਖਸਮੁ ਸੁਣੇ ਸਾਬਾਸਿ ॥ ਸਚੈ ਤਖਤਿ ਬੁਲਾਵੈ ਸੋਇ ॥ ਦੇ ਵਡਿਆਈ ਕਰੇ ਸੁ ਹੋਇ ॥ ੨ ॥ (ਮ: ੧, ਪੰਨਾ ੩੫੫)

ਪੱਕਾ ਨਿਵਾਸ ਤਾਂ ਸੱਚੇ ਦੇ ਦਰਬਾਰ ਦਾ ਹੀ ਹੈ ਬਾਕੀ ਤਾਂ ਸਾਰੀ ਰਚਨਾ ਆਉਣ ਜਾਣ ਵਿਚ ਲੱਗੀ ਹੈ:

ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥ ੧ ॥ (ਮਲਾਰ, ਪੰਨਾ ੧੨੭੯)

ਜਿਥੇ ਉਹ ਰਚਨਾ ਰਚ ਕੇ ਸਾਜ ਕੇ ਉਸਦੀ ਸੰਭਾਲ ਕਰਦਾ ਹੈ ਤੇ ਅਪਣੀ ਨਦਰ ਦੁਆਰਾ ਲੋਕਾਂ ਨੂੰ ਨਿਹਾਲ ਕਰਦਾ ਹੈ।ਦੁਨਿਆਵੀ ਪਦਾਰਥ ਆਤਮਿਕ ਸ਼ਾਂਤੀ ਦੇ ਕੇ ਨਿਹਾਲ ਕਰ ਰਿਹਾ ਹੈ:

ਕਰਿ ਕਰਿ ਵੇਖੈ ਨਦਰਿ ਨਿਹਾਲ ॥

ਉਹ ਆਪ ਹੀ ਜਿਸ ਤੇ ਨਦਰ ਕਰਦਾ ਹੈ ਉਸਨੂੰ ਖੁਸ਼ੀਆਂ ਦੇ ਕੇ, ਸੁਖ ਦੇ ਕੇ ਨਿਹਾਲ ਕਰ ਦਿੰਦਾ ਹੈ। ਜੋ ਮਨਮੁਖ ਸੱਚ ਦਾ ਰਾਹ ਭੁਲਕੇ ਭਟਕਦੇ ਫਿਰਦੇ ਹਨ ਗੁਰੂ ਤੋਂ ਨਾਮ ਦੀ ਵੀਚਾਰ ਪਾਕੇ ਹੀ ਭਟਕਣਾਂ ਤੋਂ ਬਚਦੇ ਹਨ । ਜਿਸ ਮਨਮੁਖ ਤੇ ਉਸ ਪ੍ਰਮਾਤਮਾ ਦੀ ਨਦਰ ਨਹੀਂ ਉਸ ਦਾ ਕੀ ਕਹੀਏ? ਮੈਂ ਤਾਂ ਗੁਰੂ ਦੇ ਬਲਿਹਾਰ ਜਾਂਦਾ ਹਾਂ ਜਿਸ ਨੇ ਮੈਨੂੰ ਪ੍ਰਮਾਤਮਾਂ ਅਪਣੇ ਅੰਦਰ ਹੀ ਵਿਖਾ ਦਿਤਾ ਹੈ:

ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ॥ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥ ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥ ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥ ੫੨ ॥ (ਸਿਰੀਰਾਗੁ ਮਹਲਾ ੩, ਪੰਨਾ ੯੩੭)

ਉਸ ਦੀ ਨਦਰ ਹੋਵੇਗੀ ਤਾਂ ਹੀ ਸੱਚ ਦੀ ਪਛਾਣ ਹੋਵੇਗੀ

ਨਦਰਿ ਕਰਹਿ ਤਾ ਸਾਚੁ ਪਛਾਣਾ ॥ (ਵਡਹੰਸ ਮ: ੩, ਪੰਨਾ ੫੬੭)

ਜੋ ਸੱਚੇ ਦੇ ਭੈ ਵਿਚ ਰੰਗਿਆ ਹੋਇਆ ਹੈਉਹ ਸਾਰਾ ਘੁਮੰਡ ਛੱਡ ਦਿੰਦਾ ਹੈ। ਸ਼ਬਦ ਨਾਮ ਦੀ ਵਿਚਾਰ ਕਰਕੇ ਉਹ ਸਮਝ ਜਾਂਦਾ ਹੈ ਕਿ ਪ੍ਰਮਾਤਮਾਂ ਤਾਂ ਇਕੋ ਹੈ।ਜਦ ਸ਼ਬਦ ਮਨ ਵਿਚ ਵਸ ਜਾਂਦਾ ਹੈ ਤਾਂ ਅੰਦਰ ਸੱਚ ਦਾ ਵਾਸਾ ਹੋ ਜਾਂਦਾ ਹੈ ਤੇ ਤਨ ਮਨ ਵਿਚ ਠੰਡਕ ਵਰਤ ਜਾਂਦੀ ਹੈ ਤੇ ਮਨ ਪ੍ਰਮਾਤਮਾ ਦੇ ਨਾਮ ਵਿਚ ਰੰਗਿਆ ਜਾਦਾ ਹੈ। ਕਾਨ, ਕ੍ਰੋਧ ਦੀ ਜ਼ਹਿਰੀਲੀ ਅਗਨੀ ਮਿਟ ਜਾਂਦੀ ਹੈ ਤੇ ਪ੍ਰਮਾਤਮਾਂ ਦੀ ਨਦਰ ਪਰਾਪਤ ਹੁੰਦੀ ਹੈ;

ਸਚ ਭੈ ਰਾਤਾ ਗਰਬੁ ਨਿਵਾਰੈ ॥ ਏਕੋ ਜਾਤਾ ਸਬਦੁ ਵੀਚਾਰੈ ॥ ਸਬਦੁ ਵਸੈ ਸਚੁ ਅੰਤਰਿ ਹੀਆ॥ਤਨੁ ਮਨੁ ਸੀਤਲੁ ਰੰਗਿ ਰੰਗੀਆ ॥ ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥ ਨਾਨਕ ਨਦਰੀ ਨਦਰਿ ਪਿਆਰੇ ॥ ੪੭ ॥ (ਰਾਮਕਲੀ ਮਃ ੩, ਪੰਨਾ ੯੪੩)

ਉਥੇ ਸਤ ਦੇ ਖੰਡ ਵਿਚ ਨਾ ਨਾਸ ਹੋਣ ਵਾਲੇ ਬੇਅੰਤ ਖੰਡ, ਮੰਡਲ, ਬ੍ਰਹਿਮੰਡ ਹਨ ਦੇਸ਼ ਹਨ ਪ੍ਰਾਂਤ ਹਨ ਜਿਨ੍ਹਾਂ ਦੀ ਵਿਸ਼ਾਲਤਾ ਦਾ ਕਥਨ ਨਹੀਂ ਕੀਤਾ ਜਾ ਸਕੲਾ, ਜਿਨ੍ਹਾਂ ਉਪਰ ਉਸਦੀ ਰਚਨਾ ਬਿਆਨੋਂ ਬਾਹਰ ਹੈ। ਇਹ ਸਾਰੀ ਰਚਨਾ ਉਸ ਸਤਿ ਦੇ ਖੰਡ ਵਿਚ ਸਮਾ ਰਹੀ ਹੈ। ਜੇ ਕੋਈ ਉਨ੍ਹਾਂ ਦੇਸਾਂ ਪ੍ਰਾਂਤਾਂ ਦਾ,ਬ੍ਰਹਿਮੰਡਾਂ ਦਾ ਵਰਣਨ ਕਰਨਾ ਚਾਹੇ ਤਾਂ ਅੰਤ ਨਹੀਂ ਪਾ ਸਕਦਾ:

ਤਿਥੈ ਖੰਡ ਮੰਡਲ ਵਰਭੰਡ ॥

ਖੰਡ ਦੀਪ ਸਭਿ ਲੋਆ ॥ ਏਕ ਕਵਾਵੈ ਤੇ ਸਭਿ ਹੋਆ ॥ ੧ ॥(ਮਾਰੂ ਮ:੫, ਪੰਨਾ ੧੦੦੩)

ਖੰਡਲ ਮੰਡਲ ਮੰਡਲ ਮੰਡਾ ॥ ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥ ਅਗਮ ਅਗੋਚਰੁ ਰਹਿਆ ਅਭ ਅੰਤ ॥ ਪਾਰੁ ਨ ਪਾਵੈ ਕੋ ਧਰਨੀਧਰ ਮੰਤ ॥ ੩ ॥ (ਕਬੀਰ ਜੀ, ਪੰਨਾ ੧੧੬੨)

ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥ (ਮਲਾਰ, ਮ:੧, ਪੰਨਾ ੧੨੮੩)

ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥ ੧੮ ॥ (ਬਿਲਾਵਲੁ ਮ: ੧, ਪੰਨਾ ੮੪੦)

ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ (ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ, ਪੰਨਾ ੮੪੦)

ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ (ਗਉੜੀ ਸੁਖਮਨੀ ਪੰਨਾ ੨੭੬)

ਜੇ ਕੋ ਕਥੈ ਤ ਅੰਤ ਨ ਅੰਤ ॥

ਏਹ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ (ਜਪੁਜੀ ਪਉੜੀ ੨੪)

ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ ॥ ੭ ॥ (ਗਉੜੀ ਸੁਖਮਨੀ ਪੰਨਾ ੨੭੬)

ਅੰਤੁ ਨਹੀ ਕਿਛੁ ਪਾਰਾਵਾਰਾ ॥ (ਗਉੜੀ ਸੁਖਮਨੀ ਪੰਨਾ ੨੭੭)

ਅੰਤੁ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੇ ਊਚਾ॥ (ਬਿਲਾਵਲ ਮ:੫, ਪੰਨਾ ੮੨੧)

ਅਸੰਖ ਨਾਵਾਂ ਦੇ ਅਸੰਖ ਥਾਂ ਹਨ ਅਸੰਖਾਂ ਅਗੰਮੀ ਲੋਆਂ ਹਨ ਜਿਨ੍ਹਾਂ ਦੇ ਗਿਣਦਿਆਂ ਥੱਕ ਜਾਈਦਾ ਹੈ ਸਿਰ ਦੁਖਣ ਲੱਗ ਜਾਂਦਾ ਹੈ ਪਰ ਗਿਣ ਨਹੀਂ ਹੁੰਦੇ।

ਅਸੰਖ ਨਾਵ ਅਸੰਖ ਥਾਵ॥ਅਗੰਮ ਅਗੰਮ ਅਸੰਖ ਲੋਅ॥ਅਸੰਖ ਕਹਹਿ ਸਿਰਿ ਭਾਰੁ ਹੋਰਿ॥੧੯॥ ( ਜੋਪੁਜੀ ਪੰਨਾ ੪)

ਉਸ ਥਾਂ ਲੋਆਂ ਦੇ ਰੂਪ ਵਿਚ ਬੇਅੰਤ ਆਕਾਰ ਹਨ

ਤਿਥੈ ਲੋਅ ਲੋਅ ਆਕਾਰ ॥

ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾਆਕਾਰ ॥ ਆਸਾ ਮ ੧ ੪੬੬

ਜੋ ਸਭ ਆਪੋ ਅਪਣੇ ਕਾਰਜ ਪ੍ਰਮਾਤਮਾਂ ਦੇ ਹੁਕਮ ਅਨੁਸਾਰ ਨਿਭਾ ਰਹੇ ਹਨ।ਇਹ ਉਹ ਖੰਡ ਹੈ ਜਿਥੇ ਪ੍ਰਮਾਤਮਾਂ ਦੇ ਸਤ ਸਰੂਪ ਦਾ ਸਾਖਿਆਤ ਗਿਆਨ ਪ੍ਰਾਪਤ ਹੁੰਦਾ ਹੈ। ਉਹ ਸਤ ਸਰੂਪ ਸਭ ਨੂੰ ਸਾਜਦਾ, ਸੰਭਾਲਦਾ ਤੇ ਅਪਣੇ ਹੁਕਮ ਵਿਚ ਚਲਾਉਂਦਾ ਹੈ।‘ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥‘ ਸਾਰੇ ਉਸ ਦੇ ਹੁਕਮ ਵਿਚ ਹਨ ਹੁਕਮ ਤੋਂ ਬਾਹਰ ਕੋਈ ਨਹੀਂ

ਹੁਕਮੈ ਅੰਦਰਿ ਸਭੁ ਕੋ ਬਾਹਰਿ ਹਕੁਮੁ ਨ ਕੋਇ॥ (ਜਪੁਜੀ ਪੰਨਾ ੧)

ਵੇਖੈ ਵਿਗਸੈ ਕਰਿ ਵੀਚਾਰੁ ॥

ਇਸੇ ਥਾਂ ਤੇ ਉਹ ਸਭ ਨੂੰ ਸੰਭਾਲਦਾ ਤੇ ਫਲਦਾ ਫੁਲਦਾ ਵੇਖਦਾ ਹੈ ਤੇ ਉਨ੍ਹਾਂ ਬਾਰੇ ਵਿਚਾਰ ਕਰਕੇ ਆਨੰਦ ਮਾਣਦਾ ਹੈ। ਦੇਖ ਭਾਲ ਵਿਚ ਸਾਰੀ ਜ਼ਿਮੇਵਾਰੀ ਆ ਜਾਂਦੀ ਹੈ।ਸਭ ਜੀਵਾਂ ਦਾ ਪਾਲਣ ਪੋਸ਼ਣ ਤੇ ਸੰਭਾਲ ਕਰਦਾ ਹੋਇਆ ਉਹ ਸਦਾ ਵਿਗਾਸ ਵਿਚ, ਖੇੜੇ ਵਿਚ ਰਹਿੰਦਾ ਹੈ। ਪ੍ਰਸੰਨ ਹੈ, ਸਤਿ-ਚਿਤ-ਆਨੰਦ ਸਰੂਪ ਹੈ। ਸਾਰੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਵਿਚਾਰ ਵੀ ਕਰ ਰਿਹਾ ਹੈ।

ਨਾਨਕ ਕਥਨਾ ਕਰੜਾ ਸਾਰੁ ॥ ੩੭ ॥

ਪਰ ਇਸ ਸਥਿਤੀ ਨੂੰ ਬਿਆਨ ਕਰਨਾ ਅਸੰਭਵ ਹੈ ਉਸੇ ਤਰ੍ਹਾਂ ਜਿਵੇਂ ਲੋਹੇ ਦੇ ਚਣੇ ਚਬਾਉਣੇ ਹੋਣ।ਕਿਉਂਕਿ ਇਹ ਅਨੁਭਵ ਦੀ ਗੱਲ ਹੈ ਜਿਸ ਨੂੰ ਹੂ ਬ ਹੂ ਸ਼ਬਦਾਂ ਵਿਚ ਉਤਾਰਨਾ ਅਸੰਭਵ ਹੈ।

ਸਚਖੰਡ ਵਿਚ ਅਕਾਲ ਪੁਰਖ ਨੂੰ ਤੇ ਉਸ ਦੀ ਰਚੀ ਰਚਨਾ ਨੂੰ ਇਕੱਠੇ ਕਰ ਦਿਤਾ ਹੈ ; ਸਚਖੰਡ ਜਿੱਥੇ ਨਿਰੰਕਾਰ ਵਸਦਾ ਹੈ, ਰਚੀ ਰਚਨਾ ਨੂੰ ਵੇਖਦਾ, ਸੰਭਾਲਦਾ, ਪਿਆਰਦਾ, ਨਿਹਾਲ ਕਰਦਾ ਹੋਇਆ ਆਪ ਖੇੜੇ ਵਿਚ ਹੈ। ਸਭ ਜੀਵਾਂ ਦੇ ਕਰਮਾਂ ਨੂੰ ਵਿਚਾਰਦਾ ਵੀ ਹੈ। ਉਸ ਸਚਖੰਡ ਵਿਚ ਕਈ ਖੰਡ, ਮੰਡਲ, ਬ੍ਰਹਿਮੰਡ, ਲੋਕ ਤੇ ਆਕਾਰ ਹਨ ਭਾਵ ਨਿਰੰਕਾਰ ਦੀ ਰਚਨਾ ਨੂੰ ਇਕ ਦੇਸ਼ ਦਾ ਵਾਸੀ ਮੰਨਿਆਂ ਹੈ । ਉਸ ਨਿਰੰਕਾਰ ਤੇ ਉਸ ਦੀ ਰਚਨਾ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਰਚਨਾ ਵਿਚ ਆਪ ਆਸਣ ਲਗਾ ਕੇ ਬੈਠਾ ਹੈ, ਤੇ ਜੀਵ ਰਚੀ ਰਚਨਾ ਵਿਚ ਹੀ ਉਸ ਨੂੰ ਭਾਲਦਾ ਹੈ:

ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ (ਗਉੜੀ ਸੁਖਮਨੀ ਮ: ੫, ਪੰਨਾ ੨੯੪)

ਉਹ ਅਪਣੀ ਰਚਨਾ ਵਿਚ ਹੀ ਸਮਾ ਰਿਹਾ ਹੈ ਇਹੀ ਸਚ ਖੰਡ ਹੈ। ਸਚ ਨਾਲ ਜੁੜਣਾ ਹੀ ਸਚਖੰਡ ਦਾ ਵਾਸੀ ਬਣਨਾ ਹੈ। ਇਹ ਖੇਡ ਅਸਚਰਜ ਹੈ ਜਿਸ ਦਾ ਕਹਿਣਾ ਔਖਾ ਹੈ:

ਜੇ ਹਉ ਜਾਣਾ ਆਖਾ ਨਾਹੀ॥੫॥ (ਜਪੁਜੀ ਪੰਨਾ ੨)

ਸੋ ਸਚਖੰਡ ਕੋਈ ਵਖਰੀ ਦੁਨੀਆਂ ਨਹੀਂ ਸਿਰਫ ਮਨ ਦੀ ਅਵਸਥਾ ਹੈ ਜੋ ਧਰਮ, ਗਿਆਨ, ਸਰਮ ਤੇ ਕਰਮ ਦੀ ਅਵਸਥਾ ਤੋਂ ਪਿਛੋਂ ਹੀ ਜਗਿਆਸੂ ਨਾਮ ਅਭਿਆਸੀ ਪ੍ਰਾਪਤ ਕਰ ਸਕਦਾ ਹੈ।




.