.
<

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਉਣੰਜਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਕਾਸ਼! ਅਜੋਕਾ ਸਿੱਖ ਸਮਾਜ ਵੀ ਜੇ ਕਰ- ਸ਼ੱਕ ਨਹੀਂ ਅਜੋਕਾ ਸਿੱਖ ਸਮਾਜ ਤਾਂ ਵੀ ਬਹੁਤਾ ਕਰਕੇ--- "ਕੀਤੋਸੁ ਅਪਣਾ ਪੰਥ ਨਿਰਾਲਾ" ਅਤੇ "ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ" ਦੇ ਉਲਟ

ਜ਼ਾਹਿਰਾ ਤੌਰ `ਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਜੀ ਦੀ ਤਾਬਿਆ ਵਿਚਰਦਾ ਹੋਇਆ ਵੀ, ਪ੍ਰਭੂ ਵੱਲੋਂ ਸਮੂਚੇ ਮਨੁੱਖ ਮਾਤ੍ਰ ਲਈ ਨਿਯਤ ਇਕੋ-ਇਕ ਇਲਾਹੀ, ਰੱਬੀ, "ਸੱਚ ਧਰਮ" ਆਧਾਰਤ ਨਿਰਮਲ ਤੇ ਨਿਰਾਲੇ ਪੰਥ ਦੀ ਅਸਲੀਅਤ ਅਤੇ ਸਰਬ-ਉੱਚਤਾ ਨੂੰ ਨਾ ਪਛਾਣ ਰਿਹਾ ਹੈ, ਨਾ ਸਮਝ ਰਿਹਾ ਹੈ। ਇਸੇ ਕਰਕੇ ਇਹ ਨਾ ਉਸਦਾ ਅਨੂਠਾ ਰਸ ਆਪ ਮਾਨ ਰਿਹਾ ਹੈ ਅਤੇ ਨਾ ਹੀ ਉਸਦਾ ਲਾਭ ਸੰਸਾਰ ਨੂੰ ਪਹੁੰਚਾ ਰਿਹਾ ਹੈ।

ਗੁਰੂ ਦਰ ਅਤੇ ਗੁਰਬਾਣੀ-ਗੁਰੂ ਦਾ ਆਪਣੇ ਆਪ ਨੂੰ ਦਾਅਵੇਦਾਰ ਦੱਸਣ ਤੇ ਅਖਵਾਉਣ ਵਾਲਾ ਲਗਭਗ ਅਜੋਕਾ ਸਮੂਚਾ "ਗੁਰੂ ਕਾ ਪੰਥ", ਗੁਰਬਾਣੀ ਆਧਾਰਤ ਗੁਰੂ ਦੇ "ਨਿਰਮਲ ਤੇ ਨਿਰਾਲੇ ਪੰਥ" ਲਈ ਪ੍ਰਗਟ ਹੋਣ ਵਾਲੀ ਜੀਵਨ-ਰਹਿਣੀ ਅਤੇ ਜੀਵਨ-ਜਾਚ ਦੇ ਬਿਲਕੁਲ ਉਲਟ:-

ਬਹੁਤਾ ਕਰਕੇ ਕੇਵਲ ਮਨੂਵਾਦੀ ਤੇ ਬ੍ਰਾਹਮਣੀ ਵਰਣ-ਵੰਡ ਨਾਲ ਹੀ ਨਹੀਂ ਜੱਕੜਿਆ ਹੋਇਆ ਬਲਕਿ ਉਸ ਵਰਣ-ਵੰਡ ਆਧਾਰਤ ਸਮੂਚੀਆਂ ਵਿਪ੍ਰਣ ਰਸਮਾਂ-ਰੀਤਾਂ ਤੇ ਪ੍ਰੰਮਪ੍ਰਵਾਂ ‘ਤੋਂ ਵੀ ਨਹੀਂ ਬੱਚ ਪਾ ਰਿਹਾ, ਉਨ੍ਹਾਂ ਰਸਮਾਂ-ਰੀਤਾਂ ਤੇ ਪ੍ਰੰਮਪ੍ਰਵਾਂ ਦੀ ਦਲ-ਦਲ `ਚ ਵੀ ਫ਼ਸਿਆ ਪਿਆ ਹੈ।

ਉਸੇ ਕਾਰਣ ਲਗਭਗ ੭੦ ਤੋਂ ੮੦% ਤੋ ਵੱਧ ਦੀ ਗਿਣਤੀ `ਚ ਫੈਲਿਆ ਹੋਇਆ ਪੰਥ ਦਾ ਹਰਿਆਵਲ ਦਸਤਾ, ਪੰਥ ਦੇ ਹੀ ਇੱਕ ਹਿੱਸੇ ਵਲੋਂ ਲਾਪਰਵਾਹੀ ਦਾ ਸ਼ਿਕਾਰ ਹੋ ਰਿਹਾ ਹੈ।

ਵਿਸ਼ਾ ਦੀਰਘ ਵਿਚਾਰ ਮੰਗਦਾ ਹੈ ਕਿ ਸਿੱਖ ਲਹਿਰ ਅਤੇ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਪਹਿਲੇ ਜਾਮੇ `ਚ ਹੀ ਮਰਾਸੀ ਤੇ ਡੂਮ ਕੁਲ `ਚ ਜਨਮੇ ਮਰਦਾਨੇ ਨੂੰ ਚਰਣਪਾਹੁਲ ਪ੍ਰਾਪਤ ਸਿੱਖ ਲਹਿਰ ਦੇ ਅਧਿਕਾਰੀ ਪ੍ਰਚਾਰਕ ਵਾਲੇ ਉੱਚਤਮ ਰੁੱਤਬੇ `ਤੇ ਪਹੁੰਚਾਇਆ ਬਲਕਿ ਉਸ ਨੂੰ ਭਾਈ ਭਾਵ ਆਪਣੀ ਬਰਾਬਰੀ ਵਾਲਾ ਸਤਿਕਾਰ ਵੀ ਪ੍ਰਦਾਨ ਕੀਤਾ।

ਇਥੇ ਹੀ ਬੱਸ ਨਹੀਂ, ਉਸੇ ਤਰ੍ਹਾਂ ਗੁਰਦੇਵ ਨੇ, ਮਲਿਕ ਭਾਗੋ ਦੇ ਮਾਨ ਸਤਿਕਾਰ ਤੇ ਮਾਲ-ਪੁਏ ਠੁੱਕਰਾ ਕੇ ਗ਼ਰੀਬ ਤਰਖਾਣ ਭਾਈ ਲਾਲੋ ਦੀਆਂ ਕੋਧਰੇ ਦੀਆਂ ਰੋਟੀਆਂ ਨੂੰ ਪ੍ਰਵਾਣ ਕੀਤਾ ਸੀ।

ਹੋਰ ਤਾਂ ਹੋਰ, ਗੁਰਦੇਵ ਨੇ, ਭਾਈ ਮਰਦਾਨੇ ਤੇ ਭਾਈ ਲਾਲੋ ਤਰਖਾਨ, ਉਨ੍ਹਾਂ ਨੂੰ ਮਾਨੋ ਪੰਥ ਦੇ ਮਾਰਗ-ਦਰਸ਼ਨ ਲਈ, ਗੁਰਬਾਣੀ ਦੇ ਖਜ਼ਾਨੇ `ਚ ਵੀ ਸਦਾ ਲਈ ਅਮਰ ਕਰ ਦਿੱਤਾ।

ਬਲਕਿ ਭਾਈ ਗੁਰਦਾਸ ਜੀ ਅਨੁਸਾਰ ਨਾਨਕ ਪੰਥੀਆਂ ਦਾ ਫੈਲਾਅ ਤਾਂ ਪਹਿਲੇ ਜਾਮੇ `ਚ ਹੀ: "ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥ ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥ ਗੁਰਮੁਖ ਕਲਿ ਵਿੱਚ ਪਰਗਟ ਹੋਆ" (ਭਾ: ਗੁ: ੧/੨੭) ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ `ਚ ਵੀ ਦੂਰ ਦੂਰ ਤੀਕ ਫੈਲ ਚੁੱਕਾ ਸੀ।

ਉਪ੍ਰੰਤ ਉਸੇ ਲੜੀ `ਚ, ਗੁਰਦੇਵ ਰਾਹੀਂ ਦਸ ਜਾਮੇ ਅਤੇ ੨੩੯ ਸਾਲ ਦਾ ਸਮਾਂ ਲਗਾਉਣ ਬਾਅਦ ਤਾਂ ਭਾਈ ਮਰਦਾਨੇ, ਭਾਈ ਲਾਲੋ ਤੇ ਬੇਬੇ ਨਾਨਕੀ ਦੀ ਬੁਨਿਆਦ `ਤੇ ਖੜੇ ਕੀਤੇ, ਸੰਸਾਰ ਭਰ `ਚ ਫੈਲਾਏ ਤੇ ਸਥਾਪਿਤ ਕੀਤੇ ਜਾ ਚੁੱਕੇ ਸਿੱਖ ਧਰਮ ਅਥਵਾ ਸਿੱਖ ਲਹਿਰ ਦੀਆਂ ਜੜ੍ਹਾ ਕਿੱਥੌਂ ਤੀਕ ਫੈਲ ਚੁੱਕੀਆਂ ਸਨ, ਉਸ ਦਾ ਸਪਸ਼ਟ ਤੇ ਵੱਡਾ ਸਬੂਤ ਅਸੀਂ "ਵਿਸਾਖੀ ਸੰਨ ੧੬੯੯" "ਖੰਡੇ ਦੀ ਪਾਹੁਲ" ਵਾਲੇ ਇਤਿਹਾਸਕ ਸਮਾਗਮ ਰਾਹੀਂ ਜਗ ਜ਼ਾਹਿਰ ਕਰ ਚੁੱਕੇ ਹਾਂ। ਤਾਂ ਵੀ:-

"ਵਿਸਾਖੀ ਸੰਨ ੧੬੯੯" "ਖੰਡੇ ਦੀ ਪਾਹੁਲ" ਵਾਲੀ ਇਤਿਹਾਸਕ ਘਟਣਾ--ਜਦੋਂ ਦਸਮੇਸ਼ ਜੀ ਰਾਹੀਂ ਨੰਗੀ ਤਲਾਰ ਦੀ ਮੰਗ `ਤੇ ਜਿਹੜੇ ਪਹਿਲੇ ਪੰਜ ਪਿਆਰੇ ਨਿੱਤਰੇ ਸਨ ਉਨ੍ਹਾਂ ਦਾ ਸੰਬੰਧ ਹੀ ਭਾਰਤ ਵਿੱਚਲੇ ਦੂਰ-ਦਰਾਜ਼ ਦੇ ਪ੍ਰਾਂਤਾਂ ਨਾਲ ਸੀ:-

(ੳ) ਜਿਹੜਾ ਆਪਣੇ ਆਪ `ਚ ਵੱਡਾ ਸਬੂਤ ਹੈ ਕਿ ਦਸਵੇਂ ਜਾਮੇਂ ਤੀਕ ਸਿੱਖ ਧਰਮ ਅਥਵਾ ਸਿੱਖ ਲਹਿਰ ਭਾਰਤ ਦੇ ਹਰੇਕ ਕੋਣੇ-ਨੁੱਕਰ ਤੀਕ ਫੈਲ ਚੁੱਕੀ ਹੋਈ ਸੀ।

(ਅ) ਇਹ ਵੀ ਕਿ ਉਨ੍ਹਾਂ ਪੰਜਾਂ `ਚੋਂ ਚਾਰ ਸਮਾਜ ਦੀਆਂ ਉਨ੍ਹਾਂ ਪੱਛੜੀਆਂ ਜਾਤਾਂ `ਚੋਂ ਸਨ ਜਿਨ੍ਹਾਂ ਦੇ ਵਡੇਰੇ ਲਗਭਗ ਪੰਜਵੇ ਤੇ ਛੇਵੇਂ ਜਾਮੇ ਦੌਰਾਨ ਗੁਰੂਦਰ ਨਾਲ ਜੁੜੇ ਸਨ।

(ੲ) ਇਹ ਇੱਕ ਹੋਰ ਵੱਡਾ ਸਬੂਤ ਹੈ ਕਿ ਓਦੋਂ ਤੀਕ ਸਿੱਖ ਧਰਮ ਅਥਵਾ ਸਿੱਖ ਲਹਿਰ ਦੇ ਫੈਲਾਅ ਤੇ ਵਿਸਤਾਰ `ਚ ਬ੍ਰਾਹਮਣੀ ਅਤੇ ਮਨੂੰ ਵਾਦੀ ਵਰਣ-ਵੰਡ ਦਾ ਲੇਸ਼ ਮਾਤ੍ਰ ਵੀ ਕੁਪ੍ਰਭਾਵ ਨਹੀਂ ਸੀ। ਬਲਕਿ ਗੁਰੂ ਦਰ ਦੀਆਂ ਸੰਗਤਾਂ ਦੀ ਨਿੱਤ ਦੀ ਰਹਿਣੀ ਤੇ ਜੀਵਨ ਵਿਚਾਲੇ:-

() "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧)

() "ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ" (ਪੰ: ੧੩੪੯)

() "ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ" (ਪੰ: ੧੩੮੧)

() "ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ" (ਪੰ: ੧੧੯੮)

() "ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ" (ਪੰ: ੧੦੦੧)

ਆਦਿ ਗੁਰਬਾਣੀ ਸਿਧਾਂਤ ਹੀ ਸਿੱਖੀ ਜੀਵਨ ਦਾ ਵਿਸ਼ੇਸ਼ ਹਿੱਸਾ ਸਨ। ਇਸ ਤੋਂ ਬਾਅਦ:-

(ਸ) ਅਜਿਹੇ ਇਤਿਹਾਸਕ ਸਬੂਤ ਵੀ ਹਨ ਕਿ ਓਦੋਂ ਪਹਿਲੀਆਂ ਪੰਕਤਾਂ ਅਤੇ ਪਹਿਲੇ ਤਿੰਨ-ਚਾਰ ਦਿਨਾਂ `ਚ ੮੦, ੦੦੦ (ਅਸੀਂ ਹਜ਼ਾਰ) ਪ੍ਰਣੀਆਂ ਨੇ "ਖੰਡੇ ਦੀ ਪਾਹੁਲ" ਛੱਕੀ ਸੀ।

(ਹ) ਇਸ ਤਰ੍ਹਾਂ ਇਹ ਵੀ ਕਿ ਇਤਨੀ ਵੱਡੀ ਗਿਣਤੀ ਭਾਵ ਅਸੀਂ ਹਜ਼ਾਰ ਪ੍ਰਣੀਆਂ ਨੂੰ, ਪੰਜ ਪਿਆਰਿਆਂ ਦਾ ਕੇਵਲ ਇੱਕ ਜੱਥਾ, ਇਤਨੀ ਵੱਡੀ ਸੇਵਾ ਨਹੀਂ ਸੀ ਨਿਭਾਅ ਸਕਦਾ।

(ਕ) ਸਪਸ਼ਟ ਹੈ ਕਿ "ਵਿਸਾਖੀ ਸੰਨ ੧੬੯੯" "ਖੰਡੇ ਦੀ ਪਾਹੁਲ" ਵਾਲੀ ਇਤਿਹਾਸਕ ਘਟਣਾ ਇਸ ਗੱਲ ਦਾ ਵੀ ਸਬੂਤ ਹੈ ਕਿ "ਵਿਸਾਖੀ ਸੰਨ ੧੬੯੯" ਵਾਲੀ ਇਤਿਹਾਸਕ ਘਟਣਾ ਵਾਪਰਣ ਤੀਕ, ਬਹੁਤ ਵੱਡੀ ਗਿਣਤੀ `ਚ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਕੰਠ ਵੀ ਹੁੰਦੀ ਸੀ।

ਇਸੇ ਲਈ ਉਸ ਇਤਿਹਾਸਕ ਸੇਵਾ ਨੂੰ ਨਿਭਾਉਣ ਲਈ, ਸਮੇਂ ਦੀ ਲੋੜ ਅਨੁਸਾਰ "ਖੰਡੇ ਦੀ ਪਾਹੁਲ ਪ੍ਰਾਪਤ ਪੰਜ-ਪੰਜ ਪਿਆਰਿਆਂ’ ਦੇ ਅਨੇਕਾਂ ਜੱਥੇ ਇਕੋ ਸਮੇਂ ਮੈਦਾਨ `ਚ ਨਿੱਤਰੇ ਸਨ।

ਜਦਕਿ ਲਗਭਗ ੭੦ ਤੋਂ ੮੦% ਤੋਂ ਵੀ ਜ਼ਆਦਾ ਦੀ ਗਿਣਤੀ `ਚ ਫੈਲਿਆ ਹੋਇਆ ਗੁਰੂ ਕੇ ਲਾਡਲਿਆਂ ਤੇ ਗਰ੍ਰੂ ਕੇ ਪੰਥ ਦਾ ਉਹੀ ਹਰਿਆਵਲ ਦਸਤਾ ਤੇ ਬੁਨਿਆਦ ਅੱਜ:-

ਪੱਛੜੀਆਂ, ਮਜ਼੍ਹਬੀ, ਰਵੀਦਾਸੀਆਂ, ਰਾਮਗੜ੍ਹੀਆ ਤੇ ਦਲਿਤ ਆਦਿ ਸ਼੍ਰੇਣੀਆਂ ਦੇ ਨਾਮ ਹੇਠ ਦਿਨ-ਦੀਵੀਂ ਆਪਣੇ ਹੀ ਘਰ `ਚ:-

"ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ" (ਪੰ: ੧੧੦੫) ਅਨੁਸਾਰ ਆਪਣੇ ਆਪ ਨੂੰ, ਉਸੇ ਬ੍ਰਾਹਮਣੀ ਵਰਣ ਵੰਡ ਆਧਾਰਤ ਗ਼ਲੀਚ ਸੋਚਣੀ ਦਾ ਸ਼ਿਕਾਰ ਤੇ ਉੱਚੀਆਂ ਜਾਤਾਂ ਵਾਲੇ ਮੰਨਣ ਵਾਲਿਆਂ ਰਾਹੀਂ--- ਲਿਤਾੜਿਆ ਤੇ ਅਚਣਚੇਤ ਹੀ ਲਗਾਤਾਰ ਧੱਕਿਆਂ ਤੇ ਕੱਟਿਆ ਵੀ ਜਾ ਰਿਹਾ। ਬਲਕਿ ਬਹੁਤਾ ਤਾਂ ਪੰਥ `ਚੋਂ ਕੱਟਿਆ ਵੀ ਜਾ ਚੁੱਕਾ ਹੈ। ਤਾਂ ਵੀ- ਜੇਕਰ ਕਰਤਾ ਆਪ ਹੀ ਮਿਹਰ ਕਰ ਦੇਵੇ ਨਹੀਂ ਤਾਂ-

ਅੱਜ ਪੰਥਕ ਤਲ `ਤੇ ਸ਼ਾਇਦ ਕਿਸੇ ਨੂੰ ਵੀ ਇਸ ਪੰਥਕ ਦੁਖਾਂਤ ਪ੍ਰਤੀ ਸੁਰਤ ਨਹੀਂ ਕਿ ਗੁਰੂ ਕਾ ਇਹ ਲਾਡਲਾ ਪੰਥ ਅੱਜ ਬੇਸ਼ੱਕ ਅਣਜਾਣੇ `ਚ ਹੀ ਸਹੀ, ਪਰ ਕਿਸ ਪਾਸੇ ਜਾ ਰਿਹਾ ਹੈ? ਉਪ੍ਰੰਤ ਇਸ ਪੰਥਕ ਵਿਗਾੜ ਨੂੰ ਸੰਭਲਣਾ ਕਿਵੇਂ ਹੈ? ਇਸ ਦਾ ਅੰਤ ਕੀ ਹੋਵੇਗਾ? ਅਖ਼ਿਰ ਕੌਣ ਤੇ ਕਦੋਂ ਵਿਚਾਰੇਗਾ?

ਵਿਚਾਰਣ ਦਾ ਵਿਸ਼ਾ ਹੈ ਕਿ ਬਿਨਾ ਸ਼ੱਕ, ੭੦ ਤੋਂ ੮੦% ਤੋਂ ਵੱਧ ਗਿਣਤੀ `ਚ ਫੈਲਿਆ ਹੋਇਆ ਮੂਲੋਂ ਪੰਥ ਦਾ ਇਹ ਉਹੀ ਹਰਿਆਵਲ ਦਸਤਾ ਹੈ, ਜਿਸ ਦੀ ਜੜ੍ਹ `ਚ ਭਾਈ ਮਰਦਾਨਾ ਭਾਈ ਲਾਲੋ ਤੇ ਬੀਬੀਆਂ `ਚੋਂ ਬੇਬੇ ਨਾਨਕੀ ਜੀ ਹਨ। ਜਿਹੜਾ ਗੁਰੂ ਸਾਹਿਬਾਨ ਦੀ ਘਾਲ-ਕਮਾਈ ਅਨੁਸਾਰ ਪੰਥ ਨੂੰ ਵੱਡੀ ਦੇਣ ਤੇ ਪੰਥ ਦੀ ਉਪਜਾਊ ਭੂਮੀ ਹੈ। ਜਦਕਿ ਅੱਜ ਉਹੀ ਲੋਕ ਲਗਾਤਾਰ:-

(ੳ) ਪਤਿੱਤਪੁਣੇ ਦਾ ਸ਼ਿਕਾਰ ਹੋ ਰਹੇ ਹਨ;

(ਅ) ਨਸ਼ਿਆਂ ਤੇ ਜੁਰਮਾਂ ਦੀ ਦੁਨੀਆਂ `ਚ ਗ਼ਰਕ ਹੋ ਰਹੇ ਹਨ; ਉਪ੍ਰੰਤ

(ੲ) ਆਸ਼ੂਤੋਸ਼ਾਂ, ਭਨਿਆਰਿਆਂ, ਝੂਠੇ ਸੌਦੇ, ਨਕਲੀ ਨਿਰੰਕਾਰੀਆਂ, ਰਾਧਾਸੁਆਮੀਆਂ ਆਦਿ ਗੁਰੂ-ਡੰਮਾਂ ਉਪ੍ਰੰਤ

(ਸ) ਜ਼ਾਹਿਰਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਪ੍ਰਕਾਸ਼ ਕਰਕੇ ਬੈਠੇ ਹੋਏ ਪਰ ਅਸਲੋਂ ਬ੍ਰਾਹਮਣ ਮੱਤ ਦਾ ਪ੍ਰਚਾਰ ਕਰ ਰਹੇ ਅਣਗਿਣਤ ਬਾਬਿਆਂ ਆਦਿ ਦੇ ਜਾਲ `ਚ ਫ਼ਸ ਕੇ:-

ਉਨ੍ਹਾਂ ਦੇ ਡੇਰਿਆਂ ਦੀਆਂ ਹੀ ਰੌਣਕਾਂ ਵਧਾ ਰਹੇ ਹਨ।

ਉਂਜ ਸੰਬੰਧਤ ਵਿਸ਼ੇ ਨੂੰ ਵੇਰਵੇ ਸਹਿਤ ਪਹਿਲਾਂ ਹੀ ਲੈ ਚੁੱਕੇ ਹੋਏ ਹਾਂ। ਲੋੜ ਹੈ ਕਿ ਇਸ ਨੂੰ ਉਥੋਂ ਮੁੜ ਘੌਖਣ ਤੇ ਪੰਥਕ ਤਲ `ਤੇ ਬਿਨਾ ਢਿੱਲ ਇਸ ਪਾਸਿਓਂ ਵਿਚਾਰਣ, ਸੰਭਲਣ ਤੇ ਸੁਚੇਤ ਹੋਣ ਦੀ।

ਕੁਝ ਜਨੇਊ ਦੇ ਖੰਡਣ ਵਾਲੀ ਸਾਖੀ ਸੰਬੰਧੀ-ਤਾਂ ਵੀ, ਵਿਸ਼ੇ ਸੰਬੰਧੀ ਇਤਿਹਾਸਕ ਟੂਕ ਵਜੋਂ ਵਰਣ-ਵੰਡ ਦੇ ਮੁੱਢ ਉਸ ਮਨੂਵਾਦੀ ਤੇ ਬ੍ਰਾਹਮਣੀ ਜੰਜੂ ਦੀ ਪਹਿਚਾਣ ਕਰਵਾਉਣੀ ਵੀ ਜ਼ਰੂਰੀ ਸਮਝਦੇ ਹਾਂ। ਤਾ ਕਿ ਉਸ ਪੱਖੋਂ ਗੁਰੂ ਕੀਆਂ ਉਨ੍ਹਾਂ ਸੰਗਤਾਂ ਨੂੰ ਸੁਚੇਤ ਕੀਤਾ ਜਾਵੇ, ਜਿਸ ਵਰਣ-ਵੰਡ ਦੇ ਪ੍ਰਭਾਵ ਦਾ ਸ਼ਿਕਾਰ ਹੋ ਕੇ ਅੱਜ ਪੰਥ ਦਾ ਬੇਅੰਤ ਨੁਕਸਾਨ ਹੋ ਰਿਹਾ ਹੈ। ਜਦਕਿ ਉਸ ਵਰਣ ਵੰਡ ਦਾ ਮੂਲ ਵੀ ਉਹ ਬ੍ਰਾਹਮਣੀ ਜੰਜੂ ਹੀ ਹੈ, ਕੋਈ ਹੋਰ ਨਹੀਂ।

ਬੇਸ਼ੱਕ ਅਣਜਾਣੇ `ਚ, ਪਰ ਜਿਸ ਮਨੂਵਾਦੀ ਵੰਡ ਦਾ ਸ਼ਿਕਾਰ ਹੋ ਕੇ "ਗੁਰੂ ਕੇ ਪੰਥ" ਦਾ ਹੀ ਕੁੱਝ ਤੱਬਕਾ, ਆਪਣੇ ਆਪ ਨੂੰ ਉੱਚ-ਜਾਤ ਦੇ ਮੰਨ ਕੇ--ਪੰਥ ਦੇ ਉਸ ਹਰਿਆਵਲ ਦਸਤੇ ਤੇ ਪੰਥ ਦੀ ਬੁਨਿਆਦ ਨੂੰ ਲਿਤਾੜਣ ਤੇ ਪੰਥ `ਚੋਂ ਧੱਕਣ ਦਾ ਕਾਰਣ ਬਣਿਆ ਹੋਇਆ ਹੈ। ਦਰਅਸਲ:-

ਉਸ ਮਨੂਵਾਦੀ ਵਰਣ-ਵੰਡ ਦੀ ਜੜ੍ਹ ਤੇ ਅਸਲੀਅਤ ਨੂੰ ਸਿੱਖ ਲਹਿਰ ਦੇ ਬਾਣੀ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਹੀ ਜਗ-ਜ਼ਾਹਿਰ ਕਰ ਕੇ ਸਮੂਚੇ ਮਾਨਵ ਵਰਗ ਤੇ ਖਾਸ ਕਰਕੇ ਗੁਰੂ ਦਰ ਨਾਲ ਨਿੱਤ ਜੁੜਣ ਵਾਲੀਆਂ ਸੰਗਤਾਂ ਨੂੰ ਉਸ ਪੱਖੋਂ ਸੁਚੇਤ ਵੀ ਕੀਤਾ ਸੀ।

ਇਸ ਲਈ ਪ੍ਰਤੱਖ ਨੂੰ ਪ੍ਰਮਾਣ ਕੀ? ਇਥੇ ਅਸੀਂ ਗੁਰੂ ਨਾਨਕ ਪਾਤਸਾਹ ਰਾਹੀਂ ਜਨੇਊ ਦੇ ਖੰਡਣ ਵਾਲੀ ਸਾਖੀ ਵੀ ਲੈ ਰਹੇ ਹਾਂ ਤਾ ਕਿ ਇਸ ਪੱਖੋਂ ਅਜੋਕੇ ਪੰਥਕ ਵਖ੍ਰੇਵੇਂ ਦੀ ਅਸਲੀਅਤ ਵੀ ਉਘੜ ਕੇ ਆਪਣੇ ਆਪ ਸੰਗਤਾਂ ਦੇ ਸਾਹਮਣੇ ਆ ਜਾਵੇ। ਤਾਂ ਤੇ:-

ਗੁਰੂ ਨਾਨਕ ਪਾਤਸ਼ਾਹ ਰਾਹੀਂ ਜਨੇਊ ਦਾ ਖੰਡਣ- ਪ੍ਰਵਾਰਕ ਰੀਤੀ ਅਨੁਸਾਰ ਨੌ ਸਾਲ ਦੀ ਉਮਰ `ਚ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪੰਡਿਤ ਹਰਦਿਆਲ ਜੀ ਆ ਕੇ ਜੰਜੂ ਪਾਉਣ ਲਗੇ ਤਾਂ ਭਰੀ ਸਭਾ `ਚ ਪੰਡਿਤ ਜੀ ਨੂੰ ਸੰਬੋਧਨ ਕਰਕੇ ਗੁਰਦੇਵ ਨੇ ਕੇਵਲ ਉਸ ਜੰਜੂ ਵਾਲੇ ਕਰਮ ਦੇ ਖੋਖਲੇਪਣ ਨੂੰ ਹੀ ਨਹੀਂ ਉਘਾੜਿਆ ਬਲਕਿ ਜੰਜੂ ਪਾਉਣ ਤੋਂ ਸਾਫ਼ ਇਨਕਾਰ ਵੀ ਕਰ ਦਿੱਤਾ ਸੀ।

ਗੁਰਦੇਵ ਨੇ ਬਦਲੇ `ਚ ਆਤਮਕ ਸਾਂਝ ਵਾਲੇ ਸੱਚੇ ਜਨੇਊ ਦੀ ਪਛਾਣ ਵੀ ਕਰਵਾਈ। ਹੋਰ ਤਾਂ ਹੋਰ, ਗੁਰੂ ਕੀਆਂ ਸੰਗਤਾਂ ਲਈ, ਉਸ ਇਤਿਹਾਸਕ ਸਾਖੀ ਨਾਲ ਸੰਬੰਧਤ "ਗੁਰਬਾਣੀ" `ਚ ਲੜੀ ਵਾਰ ਚਾਰ ਸਲੋਕ ਵੀ ਹਨ; ਹਰੇਕ ਗੁਰੂ ਨਾਨਕ ਨਾਮ ਲੇਵਾ ਰਾਹੀਂ ਉਨ੍ਹਾਂ ਸਲੋਕਾਂ ਨੂੰ ਅਰਥਾਂ ਸਹਿਤ ਵਿਚਾਰਣਾ ਤੇ ਸਮਝਣਾ ਬਹੁਤ ਜ਼ਰੂਰੀ ਹੈ। ਤਾਂ ਤੇ ਉਸ ਸਾਖੀ ਅਨੁਸਾਰ-

ਇਹ ਵੀ ਕਿ ਪਾਤਸ਼ਾਹ ਚਾਹੁੰਦੇ ਤਾਂ ਪਹਿਲਾਂ ਹੀ ਮਾਤਾ-ਪਿਤਾ ਤੇ ਪ੍ਰਵਾਰ `ਚ ਵੱਡਿਆਂ ਨੂੰ ਕਹਿ ਸਕਦੇ ਸਨ ਕਿ ਮੈਂ ਜਨੇਊ ਨਹੀਂ ਪਾਉਣਾ।

ਪਰ, ਗੁਰੂ ਸਾਹਿਬ ਨੇ ਸਮਾਂ ਉਹ ਚੁਣਿਆ ਜਦੋਂ ਘਰ `ਚ ਸਾਰੇ ਰਾਜਸੀ ਆਗੂ, ਸੰਬੰਧੀ ਤੇ ਬਿਰਾਦਰੀ ਦਾ ਭਰਵਾਂ ਇਕੱਠ ਸੀ ਤਾ ਕਿ ਜੰਜੂ ਵਾਲਾ ਸੱਚ ਜਗ ਜ਼ਾਹਿਰ ਵੀ ਹੋ ਜਾਵੇ।

ਇਹ ਵੀ ਚੇਤੇ ਰਵੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ, ਪਿਤਾ ਕਾਲੂ ਜੀ, ਜਿੱਥੇ ਦਸ ਪਿੰਡਾਂ ਦੇ ਪਟਵਾਰੀ ਸਨ, ਉਥੇ ਨਾਲ ਹੀ ਨਾਲ, ਉਹ ਵੱਕਤ ਦੇ ਹਾਕਮ ਰਾਇ ਬੁਲਾਰ ਦੀ ਮੰਤ੍ਰੀ ਪ੍ਰੀਸ਼ਦ (ਕੈਬੀਨੈਟ) `ਚ ਮਹਿਤਾ (ਅੱਜ ਦੀ ਬੋਲੀ `ਚ ਵਜ਼ੀਰ, ਮੰਤ੍ਰੀ) ਵੀ ਸਨ। ਇਸੇ ਕਾਰਣ ਪਿਤਾ ਕਾਲੂ ਜੀ ਦੀ ਆਪਣੀ ਲੰਮੀ-ਚੌੜੀ ਬਿਰਾਦਰੀ ਤੋਂ ਇਲਾਵਾ ਉਨ੍ਹਾਂ ਦਾ ਰਾਜਸੀ ਰੁੱਤਬਾ ਵੀ ਬਹੁਤ ਉੱਚਾ ਸੀ।

ਸਪਸ਼ਟ ਹੈ ਕਿ ਗੁਰੂ ਸਾਹਿਬ ਦਾ ਨਿਸ਼ਾਨਾ ਭਰੀ ਸਭਾ ਤੇ ਬਿਰਾਦਰੀ ਦੇ ਵੱਡੇ ਇਕੱਠ `ਚ, ਸਦੀਆਂ ਤੋਂ ਚਲਦੀ ਆ ਰਹੀ ਜੰਜੂ ਵਾਲੀ ਪ੍ਰੀਪਾਟੀ ਦੀ ਸਚਾਈ ਨੂੰ ਜਗ ਜ਼ਾਹਿਰ ਕਰਣਾ ਵੀ ਸੀ।

ਦੇਖਿਆ ਜਾਵੇ ਤਾਂ ਉਸ ਸਮੇਂ ਇਹ ਜੁਰੱਅਤ ਵੀ ਮਰਦੇ-ਮੁਜਾਹਿਦ, ਮਰਦ ਸੂਰਮੇ ਗੁਰੂ ਨਾਨਕ ਪਾਤਸ਼ਾਹ ਹੀ ਕਰ ਸਕਦੇ ਸਨ। ਅਜਿਹੇ ਸਿਰਕੱਢ ਤੇ ਪਤਵੰਤੇ ਸੱਜਨਾਂ ਦੇ ਇੱਤਨੇ ਵੱਡੇ ਇਕੱਠ `ਚ, ਉਂਝ ਗੁਰੂ ਸਾਹਿਬ ਤੋਂ ਛੁੱਟ. ਅਜਿਹੀ ਜੁਰੱਤ ਕਰਣੀ, ਕਿਸੇ ਹੋਰ ਦੇ ਵੱਸ ਦੀ ਹੈ ਵੀ ਨਹੀਂ ਸੀ।

"ਚਉਕੜਿ ਮੁਲਿ ਅਣਾਇਆ, ਬਹਿ ਚਉਕੈ ਪਾਇਆ" -ਜੰਜੂ ਪਾਇਆ ਕਿਵੇਂ ਜਾਂਦਾ ਹੈ? ਇਹ ਵਿਸ਼ਾ ਵੀ ਧਿਆਨ ਮੰਗਦਾ ਹੈ। ਦਰਅਸਲ ਅਜਿਹੇ ਸਮੇਂ ਪੰਡਿਤ ਜਾਂ ਕੁਲ ਪੁਰੋਹਿਤ ਪ੍ਰਵਾਰ `ਚ ਆ ਕੇ, ਚੌਕਾ ਕਾਰ ਕੱਢ ਕੇ, ਮੰਤ੍ਰਾਂ ਦੇ ਉਚਾਰਣ ਤੇ ਪੂਜਾ ਆਦਿ ਉਪ੍ਰੰਤ, ਸੰਬੰਧਤ ਧਾਗੇ ਨੂੰ ਜਜਮਾਨ ਦੇ ਗਲ `ਚ ਪਾ ਦਿੰਦਾ ਹੈ।

"ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ" - ਉਸ ਸਮੇਂ ਪੰਡਿਤ ਅਥਵਾ ਕੁਲ ਪੁਰੋਹਿਤ ਰਾਹੀਂ ਜਜਮਾਨ ਨੂੰ ਸਿੱਖਿਆ ਦਿੱਤੀ ਜਾਂਦੀ ਤੇ ਪੱਕਾ ਕੀਤਾ ਜਾਂਦਾ ਹੈ ਕਿ:-

ਅੱਜ ਤੋਂ ਬਾਅਦ ਤੇਰਾ ਗੁਰੂ ਕੇਵਲ ਤੇ ਕੇਵਲ ਬ੍ਰਾਹਮਣ ਹੈ, ਇਸ ਲਈ ਬ੍ਰਾਹਮਣ ਦੇ ਪ੍ਰਵੇਸ਼ ਤੇ ਉਸ ਦੇ ਆਦੇਸ਼ ਤੋਂ ਬਿਨਾ ਤੇਰੇ ਜੀਵਨ ਅਤੇ ਪ੍ਰਵਾਰ ਨਾਲ ਸੰਬੰਧਤ ਜਨਮ-ਮਰਨ, ਖੁਸ਼ੀ-ਗ਼ਮੀ ਆਦਿ ਸਮੂਹ ਕਾਰਜ ਤੇ ਕਾਰਵਿਹਾਰ ਕੇਵਲ ਬ੍ਰਾਹਮਣ/ਕੁਲ ਪੁਰੋਹਿਤ ਹੀ ਕਰਵਾਏ ਜਾਂ ਆਪ ਆ ਕੇ ਕਰੇਗਾ। ਬ੍ਰਾਹਮਣ ਤੋਂ ਬਿਨਾ ਹੁਣ ਤੂੰ ਆਪ ਅਜਿਹਾ ਕੋਈ ਵੀ ਕਾਰਜ ਕਰਣ ਦਾ ਹੱਕ ਨਹੀਂ ਰਖਦਾ।

ਜਨੇਊ ਪੁਆਉਣ ਬਾਅਦ, ਘਰ ਆਏ ਸਾਰੇ ਸੰਬੰਧੀ-ਮਿੱਤ੍ਰ ਵਧਾਈਆਂ ਦਿੰਦੇ ਹਨ। ਸਰਦੇ ਪੁੱਜਦੇ ਘਰਾਣਿਆਂ `ਚ ਬੱਕਰੇ ਆਦਿ ਦੇ ਮਹਿੰਗੇ ਪਕਵਾਨ ਬਣਾਏ ਜਾਂਦੇ ਹਨ। ਸਮੇਂ ਨਾਲ ਜਦੋਂ ਧਾਗਾ ਪੁਰਾਣਾ ਹੋ ਜਾਵੇ ਤਾਂ ਉਸ ਨੂੰ ਉਤਾਰ ਕੇ ਸਿੱਟ ਦਿੱਤਾ ਜਾਂਦਾ ਹੈ ਤੇ ਬਦਲੇ `ਚ ਨਵਾਂ ਪਾ ਲਿਆ ਜਾਂਦਾ ਹੈ।

ਤਾਂ ਤੇ ਜੰਜੂ ਬਨਾਮ ਵਰਣਵੰਡ-ਇਹ ਵੀ ਕਿ ਬ੍ਰਾਹਮਣੀ ਵਰਣ-ਵੰਡ ਅਨੁਸਾਰ ਜੰਜੂ ਪਾਉਣ-ਪੁਆਉਣ ਦਾ ਹੱਕ ਕੇਵਲ ਬ੍ਰਾਹਮਣ, ਖੱਤ੍ਰੀ ਤੇ ਵੈਸ਼ ਤਿੰਨ ਵਰਣਾ ਨੂੰ ਹੀ ਹੈ। ਜਦਕਿ ਬ੍ਰਾਹਮਣ ਅਨੁਸਾਰ ਅਖੌਤੀ ਸ਼ੂਦਰ ਅਤੇ ਇਸਤ੍ਰੀ ਵਰਗ ਨੂੰ ਜੰਜੂ ਪਾਉਣ ਦਾ ਹੱਕ ਨਹੀਂ।

ਇਸ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਧਰਮ ਦੇ ਪਰਦੇ ਹੇਠ ਜੰਜੂ, ਬ੍ਰਾਹਮਣ ਰਾਹੀਂ ਦੂਜਿਆਂ ਉਪਰ ਕੇਵਲ ਆਪਣੀ ਪ੍ਰਭੂਸਤਾ ਨੂੰ ਥੋਪਣ ਦਾ ਹੀ ਢੰਗ ਨਹੀਂ ਬਲਕਿ ਮਨੁੱਖ-ਮਨੁੱਖ ਵਿਚਾਲੇ ਜਾਤ-ਪਾਤ ਤੇ ਵਰਣ ਵੰਡ ਨੂੰ ਪੱਕਾ ਕਰਣਾ ਅਤੇ ਮਨੁੱਖ-ਮਨੁੱਖ ਵਿਚਾਲੇ ਵੰਡੀਆਂ ਪਾਉਣਾ ਵੀ ਹੈ;

ਜਿਹੜਾ ਕਿ ਮਨੁੱਖੀ ਭਾਈਚਾਰੇ ਨੂੰ ਫ਼ਿਰ ਤੋਂ ਉਜਾਗ੍ਰ ਕਰਣ ਲਈ ਸਮਾਜ ਅੰਦਰ ਅੱਜ ਵੀ ਬਹੁਤ ਵੱਡੀ ਰੁਕਾਵਟ ਬਣਿਆ ਹੋਇਆ ਹੈ। ਇਸ ਤਰ੍ਹਾਂ ਵਿਸ਼ੇ ਨੂੰ ਜਿਉਂ-ਜਿਉਂ ਘੋਖਾਂ-ਫਰੋਲਾਂਗੇ ਇਸ ਦਾ ਹੋਰ ਵੀ ਬਹੁਤੇਰਾ ਸੱਚ ਆਪਣੇ ਆਪ ਉਘੜਦਾ ਅਤੇ ਸਾਹਮਣੇ ਆਉਂਦਾ ਜਾਵੇਗਾ।

ਇਹ ਵੀ ਕਿ ਬ੍ਰਾਹਮਣ ਅਨੁਸਾਰ ਹਰੇਕ ਵਰਣ ਲਈ ਜਨੇਊ ਬਨਾਉਣ, ਪਾਉਣ ਦੀ ਵਿਧੀ, ਸਮਾਂ ਤੇ ਉਮਰ ਵੀ ਵੱਖੋ ਵੱਖਰੇ ਹੁੰਦੇ ਹਨ।

ਇਹ ਵੀ ਕਿ ਬ੍ਰਾਹਮਣ ਆਪ, ਪਹਿਲਾਂ ਤੋਂ ਬਣੇ ਧਾਗੇ ਦਾ ਜਨੇਊ ਵੀ ਧਾਰਨ ਨਹੀਂ ਕਰਦਾ। ਵਹਿਮਾਂ-ਭਰਮਾਂ ਤੇ ਸੁੱਚ-ਭਿੱਟ ਦਾ ਜਨਮਦਾਤਾ ਬ੍ਰਾਹਮਣ ਆਪਣੇ ਜਨੇਊ ਲਈ ਖੇਤ `ਚੋਂ ਆਪ ਜਾ ਕੇ (ਕਥਿਤ) ‘ਸੁੱਚੀ ਕਪਾਹ’ ਲਿਆਉਂਦਾ ਹੈ।

ਫਿਰ ਉਸ ਕਪਾਹ ਨੂੰ ਮੁੰਢੇਰ `ਤੇ ਬੈਠ ਕੇ ਆਪ ਵੱਟਦਾ ਹੈ ਤਾ ਕਿ ਉਸ ਕਪਾਹ ਹੇਠਾਂ ‘ਕਿਸੇ ਚੰਗੀ-ਮੰਦੀ’ ਜ਼ਮੀਨ ਨਾਲ ਵੀ ਉਸ ਛੂਹ ਨ ਜਾਵੇ। ਉਪ੍ਰੰਤ ਧਾਗਾ ਵੱਟਣ ਲਈ ਇਥੇ ਉਸ ਕਪਾਹ ਨਾਲ ਲਟਕਾਇਆ ਹੋਇਆ ਲਾਟੂ ਵੀ, ਆਪਣੇ ਚੱਕਰਾਂ ਨਾਲ ਧਾਗੇ ਨੂੰ ਵੱਟਣੀ ਦਿੰਦਾ ਜਾਂਦਾ ਹੈ।

ਇਸ ਤਰ੍ਹਾਂ ਉਹ ਧਾਗਾ ਜਦੋਂ ਲੋੜੀਂਦੀ ਲੰਬਾਈ ਦਾ ਹੋ ਜਾਂਦਾ ਤਾਂ ਉਹ ਧਾਗੇ ਨੂੰ ਤਿਹਰਾ ਕਰਕੇ ਵੱਟ ਲੈਂਦਾ ਹੈ। ਇਸ ਤਰ੍ਹਾਂ ਤਿਆਰ ਤਿੰਨਾਂ ਡੋਰਾਂ ਦਾ ਇੱਕ ਅਗ੍ਰ ਬਣਾ ਕੇ ਫ਼ਿਰ ਉਸ ਚੋਂ ਦੋ ਅਗ੍ਰਾਂ ਦਾ ਇੱਕ ਜਨੇਊ ਬਣਦਾ ਹੈ।

ਇਹੀ ਜਨੇਊ ਬ੍ਰਾਹਮਣ ਦੇ ਪਹਿਨਣ ਜੋਗ ਹੁੰਦਾ ਹੈ ਜਿਸ ਨੂੰ ਉਹ ਖੱਬੇ ਮੋਢੇ ਤੋਂ ਪਾ ਕੇ ਸੱਜੀ ਵੱਖੀ ਵੱਲ ਲਟਕਾ ਦਿੰਦਾ ਹੈ ਤੇ ਪਿਤ੍ਰੀ ਕਰਮਾਂ ਵੇਲੇ ਉਸ ਨੂੰ ਉਲਟਾ ਲੈਂਦਾ ਹੈ।

ਇਥੇ ਵੀ ਬੱਸ ਨਹੀਂ-ਮਨੂੰ ਸਿਮ੍ਰਤੀ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾਹ ਦਾ ਹੋਣਾ ਹੈ, ਖੱਤ੍ਰੀ ਦਾ ਸਨ ਦਾ ਅਤੇ ਵੈਸ਼ ਦਾ ਮੀਢੇ ਦੀ ਉਂਨ ਦਾ ਹੋਣਾ ਹੈ।

ਜਨੇਊ ਸੰਸਕਾਰ ਸਮੇਂ ਬ੍ਰਾਹਮਣ ਨੇ ਕਾਲੇ ਹਿਰਨ ਦੀ ਖੱਲ, ਖੱਤ੍ਰੀ ਨੇ ਲਾਲ ਮਿਰਗ ਦੀ ਅਤੇ ਵੈਸ਼ ਨੇ ਬੱਕਰੇ ਦੀ ਖੱਲ ਪਾਉਣੀ ਹੁੰਦੀ ਹੈ।

ਜੰਜੂ ਪਾਉਣ ਸਮੇਂ ਬ੍ਰਾਹਮਣ ਦੇ ਹੱਥ `ਚ ਬਿਲ ਜਾਂ ਪਲਾਹੀ ਦਾ ਡੰਡਾ, ਖੱਤ੍ਰੀ ਕੋਲ ਵਟ (ਬੋਹੜ) ਦਾ ਡੰਡਾ ਜਦਕਿ ਵੈਸ਼ ਦੇ ਹੱਥ `ਚ (ਮਾਲ) ਦਾ ਡੰਡਾ ਹੋਣਾ ਜ਼ਰੂਰੀ ਹੈ।

ਉਮਰਾਂ `ਚ ਫ਼ਰਕ? -ਇਸ ਤਰ੍ਹਾਂ ਗਰਭ ਧਾਰਨ ਕਰਣ ਤੋਂ ਬ੍ਰਾਹਮਣ ਲਈ ਉਮਰ ਦੇ ਅਠਵੇਂ, ਖੱਤ੍ਰੀ ਲਈ ਗਿਆਰ੍ਹਵੇਂ ਤੇ ਵੈਸ਼ ਲਈ ਬਾਰ੍ਹਵੇਂ ਸਾਲ ਜਨੇਊ ਪਉਣ/ਪੁਆਉਣ ਦਾ ਨਿਯਮ ਹੈ।

ਰੁਤ ਵੀ ਵੱਖਰੀ-ਵੱਖਰੀ- ਇਹ ਵੀ ਕਿ ਜਨੇਊ ਪਹਿਨਣ ਲਈ ਵਰਣ-ਵਰਣ ਅਨੁਸਾਰ ਰੁਤ ਵੀ ਵੱਖਰੀ-ਵੱਖਰੀ ਹੁੰਦੀ ਹੈ। ਬ੍ਰਾਹਮਣ ਲਈ ਬਸੰਤ ਰੁੱਤ, ਖੱਤ੍ਰੀ ਲਈ ਗਰਮ ਰੁੱਤ ਅਤੇ ਵੈਸ਼ ਲਈ ਸਰਦ ਰੁੱਤ ਦਾ ਵਿਧਾਨ ਹੈ।

ਦਰਅਸਲ ਉਸ ਜ਼ਮਾਨੇ `ਚ ਉਪਰਲੇ ਧੜ `ਤੇ ਕੱਪੜੇ ਪਾਉਣ ਦਾ ਰਿਵਾਜ ਨਹੀਂ ਸੀ। ਜੰਜੂ ਤੋਂ ਹੀ ਪਤਾ ਲਗ ਜਾਂਦਾ ਸੀ ਕਿ ਕਿਹੜਾ ਮਨੁੱਖ ਕਿਸ ਵਰਣ ਨਾਲ ਸੰਬੰਧਤ ਹੈ ਤੇ ਇਸ ਤਰ੍ਹਾਂ ਵਰਣ ਵੰਡ ਸੰਬੰਧੀ ਭਰਮ-ਭੁਲੇਖੇ ਦੀ ਗੁੰਜਾਇਸ਼ ਵੀ ਨਹੀਂ ਸੀ ਰਹਿੰਦੀ।

ਪੁੱਤਰ ਦਾ ਜਨਮ ਜ਼ਰੂਰੀ-ਇਹ ਵੀ ਕਿ ਬ੍ਰਾਹਮਣ ਮੱਤ ਅਨੁਸਾਰ, ਚਾਹੇ ਕੋਈ ਮਨੁੱਖ ਕਿੱਤਨੇ ਵੀ ਉੱਚੇ-ਸੁੱਚੇ ਜੀਵਨ ਅਤੇ ਆਚਰਣ ਵਾਲਾ ਵੀ ਕਿਉਂ ਨਾ ਹੋਵੇ।

ਜੇਕਰ ਉਸ ਨੇ ਕੇਵਲ ਧੀਆਂ ਨੂੰ ਹੀ ਜਨਮ ਦਿੱਤਾ ਹੈ ਅਤੇ ਪੁੱਤਰ ਪੈਦਾ ਨਹੀਂ ਕੀਤਾ ਤਾਂ ਉਹ ਮਰਨੋਂ-ਬਾਅਦ, ਗਰੁੜ ਪੁਰਾਨ ਅਨੁਸਾਰ ਸਭ ਵੱਧ ਭਿਅੰਕਰ, ਪੂੰ ਨਾਮਕ, ਨਰਕ ਤੋਂ ਕਿਸੇ ਤਰ੍ਹਾਂ ਵੀ ਨਹੀਂ ਬੱਚ ਸਕਦਾ। ਇਸੇ ਆਧਾਰ `ਤੇ ਪੁਰਾਣਾ ਅਨੁਸਾਰ ਪੂੰ ਨਾਮਕ ਨਰਕ ਤੋਂ ਬਚਾਉਣ ਕਰਕੇ ਹੀ ਉਸ ਲਈ "ਪੁੱਤਰ" ਲਫ਼ਜ਼ ਦੀ ਵਰਤੋਂ ਕੀਤੀ ਹੋਈ ਹੈ ਭਾਵ ਪੂੰ ਨਰਕ ਤੋਂ ਬਚਾਉਣ ਵਾਲਾ।

ਇਹ ਵੀ ਜ਼ਰੂਰੀ ਦੱਸਿਆ ਹੈ ਕਿ ਹਰੇਕ ਪ੍ਰਵਾਰ ਪੁੱਤ੍ਰ ਜ਼ਰੂਰ ਜਨਮੇ। ਬਲਕਿ ਇਸ ਲੋੜ ਦੀ ਪੂਰਤੀ ਲਈ ਨਿਯੋਗ ਵਰਗੇ ਅਸਭਯ ਢੰਗ ਦੀ ਵਰਤੋਂ ਲਈ ਵੀ ਸਲਾਹ ਦਿੱਤੀ ਹੋਈ ਹੈ

ਦਰਅਸਲ ਸਮਾਜਿਕ ਤਲ `ਤੇ ਨਿਯੋਗ ਅਜਿਹਾ ਅਸਭਯ ਢੰਗ ਹੈ ਜਿੱਥੇ ਪੁਤ੍ਰ ਪੈਦਾ ਕਰਣ ਲਈ ਕੁੱਝ ਵਿਸ਼ੇਸ਼ ਰਿਸ਼ਤਿਆਂ ਵਿਚਾਲੇ ਸਰੀਰਕ ਸੰਬੰਧ ਬਨਾਉਣ ਲਈ ਵੀ ਕਿਹਾ ਹੋਇਆ ਹੈ।

ਮੁੱਕਦੀ ਗੱਲ ਇਸ ਤਰ੍ਹਾਂ ਬ੍ਰਾਹਮਣ ਨੂੰ ਆਪਣਾ ਧਰਮ ਗੁਰੂ ਮੰਨਣ ਵਾਲੇ ਹਰੇਕ ਮਨੁੱਖ ਲਈ ਜ਼ਰੂਰੀ ਹੈ ਕਿ ਉਹ ਪੁੱਤ੍ਰ ਨੂੰ ਜਨਮ ਜ਼ਰੂਰ ਦੇਵੇ।

ਹੋਰ ਤਾਂ ਹੋਰ, ਬ੍ਰਾਹਮਣ ਮੱਤ ਅਨੁਸਾਰ ਕਿਸੇ ਦੀ ਮੌਤ ਤੋਂ ਬਾਅਦ ਪਿਤ੍ਰੀ ਕਰਮਾਂ ਦਾ ਹੱਕ ਵੀ ਕੇਵਲ ਪੁੱਤ੍ਰ, ਪੌਤੇ, ਨਾਤੀ ਆਦਿ ਨੂੰ ਹੀ ਹੈ। ਇਸ ਦੇ ਉਲਟ, ਪ੍ਰਵਾਰ `ਚ ਅਜਿਹਾ ਹੱਕ ਪਤਨੀ, ਪੁਤ੍ਰੀ, ਨੂੰਹ (ਪੁਤ੍ਰ ਵਧੂ) ਆਦਿ ਇਸਤ੍ਰੀ ਵਰਗ ਚੋਂ ਕਿਸੇ ਵੀ ਮੈਂਬਰ ਨੂੰ ਨਹੀਂ।

ਇਹ ਵੀ ਕਿ ਬ੍ਰਾਹਮਣ ਮੱਤ ਅਨੁਸਾਰ ਮਰਨੋ-ਬਾਅਦ ਜਿਸ ਮਨੁੱਖ ਲਈ ਪਿਤ੍ਰੀ ਕਰਮ ਨਹੀਂ ਹੁੰਦੇ, ਉਸ ਦੀ ਸਦਗਤੀ ਵੀ ਨਹੀਂ ਹੋ ਸਕਦੀ। ਉਸਦੀ ਆਤਮਾ ਲੰਮਾਂ ਸਮਾਂ ਭੂਤਾਂ-ਪ੍ਰੇਤਾਂ ਦੀਆਂ ਜੂਨਾਂ `ਚ ਭਟਕਦੀ ਰਹਿੰਦੀ ਹੈ।

ਇਹੀ ਕਾਰਣ ਹੈ ਬ੍ਰਾਹਮਣੀ-ਹਿੰਦੂ ਪ੍ਰਵਾਰਾਂ `ਚ ਪੁੱਤ੍ਰ ਦੇ ਜਨਮ ਦੀ ਵਧੇਰੀ ਖੁਸ਼ੀ ਕੀਤੀ ਜਾਂਦੀ ਹੈ ਅਤੇ ਉਸੇ ਤਰ੍ਹਾਂ ਉਸ ਨੂੰ ਜੰਜੂ ਪਾਉਣ ਸਮੇਂ ਵੀ। ਖਾਸ ਤੌਰ `ਤੇ ਜੇ ਪ੍ਰਵਾਰ `ਚ ਪਹਿਲਾ ਬੱਚਾ ਹੀ ਪੁੱਤ੍ਰ ਹੋਵੇ, ਤਾਂ ਪ੍ਰਵਾਰਕ ਖੁਸ਼ੀਆਂ ਦਾ ਤਾਂ ਠਿਕਾਣਾ ਨਹੀਂ ਰਹਿੰਦਾ…। (ਚਲਦਾ) #234P-XXXXVIIII-02.17-0217#P49v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXVIIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਉਨਵਿੰਜਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.