.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਸ਼ਬਦ ਜਿਤੀ ਸਿਧ ਮੰਡਲੀ" -ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ, ਆਪਣੀਆਂ ੪੦ ਵਾਰਾਂ ਤੇ ੫੭੫ ਕਬਿੱਤਾਂ `ਚ ਵੀ ਸਪਸ਼ਟ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਹੀ ਸਿੱਖ ਲਹਿਰ ਦੇ ਰੂਪ `ਚ ਸਮੂਚੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੋਂ ਨਿਯਤ ਇਕੋ-ਇਕ ਇਲਾਹੀ ਤੇ ਸੱਚ ਧਰਮ ਦਾ ਪ੍ਰਕਾਸ਼ ਤੇ ਪ੍ਰਸਾਰ ਆਪ ਸਾਰੇ ਪਾਸੇ ਪਹੁੰਚ ਕੇ ਕੀਤਾ ਸੀ। ਇਹ ਵੀ ਕਿ ਉਨ੍ਹਾਂ ਨੇ ਕੇਵਲ ਸਮੂਚੇ ਭਾਰਤ `ਚ ਹੀ ਨਹੀਂ ਬਲਕਿ ਮੱਕੇ-ਮਦੀਨੇ-ਬਗ਼ਦਾਦ ਆਦਿ ਤੀਕ ਪਹੁੰਚ ਕੇ, ਪ੍ਰਚਾਰ ਫ਼ੇਰੀਆਂ (ਉਦਾਸੀਆਂ) ਦੌਰਾਨ ਕੀਤਾ।

ਹੋਰ ਤਾਂ ਹੋਰ, ਇਤਿਹਾਸਕ ਵੇਰਵਿਆਂ ਤੋਂ ਤਾਂ ਇਹ ਵਿਸ਼ਾ ਹੋਰ ਵੀ ਖੁੱਲ ਜਾਂਦਾ ਕਿ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸਿੱਖ ਲਹਿਰ ਦੇ ਰੂਪ `ਚ, ਸੱਚ ਧਰਮ ਦੇ ਪ੍ਰਕਾਸ ਤੇ ਪ੍ਰਸਾਰ ਲਈ ਗੁਰਦੇਵ ਨੇ ਅਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਅਫ਼ਗਾਨਿਸਤਾਨ, ਲੰਕਾ, ਬਰਮਾ, ਚੀਨ ਆਦਿ ਕਈ ਦੇਸ਼ਾਂ `ਚ ਵੀ ਆਪਣੇ ਚਰਣ ਪਾਏ ਤੇ ਸੰਸਾਰ ਤਲ ਦੇ ਇਕੋਇਕ ਆਲਮਗੀਰੀ:-

"ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ" (ਪੰ: ੭੨੨)

ਆਧਾਰਤ ਇਲਾਹੀ ਤੇ ਸੱਚ-ਧਰਮ ਦੀ ਵਿਚਾਰਧਾਰਾ ਨੂੰ ਬਿਨਾ ਵਿੱਤਕਰਾ ਦਲੀਲ-ਭਰਪੂਰ ਤੇ ਬੜੇ ਆਲਮਾਨਾ ਢੰਗ ਨਾਲ, ਖ਼ਾਲਕ ਦੀ ਮਖ਼ਲੂਕ ਤੀਕ ਪਹੁੰਚਾਇਆ ਸੀ। ਉਪ੍ਰੰਤ ਵਿਸ਼ੇ ਦੀ ਪ੍ਰੌੜਤਾ `ਚ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ `ਚੋਂ ਵੀ ਦੋ ਵਾਰਾਂ ਲੈ ਰਹੇ ਹਾਂ, ਜਿਵੇਂ:-

(੧) - ਘਰ ਘਰ ਅੰਦਰ ਧਰਮਸਾਲ…

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥

ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥

ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ

ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥

ਗੁਰਮੁਖ ਕਲਿ ਵਿੱਚ ਪਰਗਟ ਹੋਆ" (ਭਾ: ਗੁ: ੧/੨੭)

(੨) - "ਜਾਹਰ ਪੀਰ ਜਗਤੁ ਗੁਰੁ ਬਾਬਾ"

ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ॥

ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ॥

ਬੇਸੁਮਾਰੁ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ॥

ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ॥

ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ॥

ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ॥

ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ॥

ਜਾਹਰ ਪੀਰ ਜਗਤੁ ਗੁਰੁ ਬਾਬਾ (ਭਾ: ਗੁ: ੨੪/੩)

ਇਥੋਂ ਤੀਕ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਪ੍ਰਚਾਰ ਫ਼ੇਰੀਆਂ ਦੌਰਾਨ, ਵਿਰੋਧੀ ਵੀ ਗੁਰੂ ਸਾਹਿਬ ਰਾਹੀਂ ਪ੍ਰਗਟ "ਇਲਾਹੀ ਤੇ ਸੱਚ ਧਰਮ ਦੇ ਪ੍ਰਸ਼ੰਸਕ ਤੇ ਮੁਤਲਾਸ਼ੀ ਹੋ ਨਿਬੜਦੇ। ਜਦਕਿ ਬੇਅੰਤ ਲੋਕਾਈ ਵਾਹੋ-ਦਾਹੀ "ਗੁਰੂ ਦੀ ਸਿੱਖੀ" ਨੂੰ ਆਪਣਾ ਜੀਵਨ ਤੀਕ ਅਰਪਣ ਕਰ ਦਿੰਦੀ।

ਬਾਣੀ "ਸਿਧ ਗੋਸਟਿ ਮ: ੧" -ਸ਼ੱਕ ਨਹੀਂ, ਬਾਣੀ "ਸਿਧ ਗੋਸਟਿ ਮ: ੧" ਸੰਬੰਧੀ ਵਿਸ਼ੇ `ਤੇ ਅਸੀਂ ਖੁੱਲ ਕੇ ਜ਼ਿਕਰ ਕਰ ਵੀ ਆਏ ਹਾਂ, ਤਾਂ ਵੀ ਪ੍ਰਕਰਣ ਦੀ ਲੋੜ ਅਨੁਸਾਰ ਕੇਵਲ ਟੂਕ ਮਾਤ੍ਰ ਇਥੇ ਜ਼ਿਕਰ ਕਰਣਾ ਵੀ ਜ਼ਰੂਰੀ ਸਮਝਦੇ ਹਾਂ।

ਦਰਅਸਲ ਗੁਰਬਾਣੀ ਖਜ਼ਾਨੇ `ਚ ਪਹਿਲੇ ਪਾਤਸ਼ਾਹ ਦੀ ਰਾਮਕਲੀ ਰਾਗ `ਚ ਬਾਣੀ "ਸਿਧ ਗੋਸਟਿ ਮ: ੧" (ਪੰ: ੯੩੮) ਸਾਡੇ ਪਾਸ ਗੁਰਦੇਵ ਰਾਹੀਂ ਜੋਗੀਆਂ ਨਾਲ ਹੋਏ ਵਾਰਤਾਲਾਪਾਂ/ ਗੋਸ਼ਟੀਆਂ ਦਾ, ਆਪਣੇ ਆਪ `ਚ ਸਦੀਵਕਾਲੀਨ ਅਜਿਹਾ ਸਬੂਤ ਹੈ ਕਿ ਪਾਤਸ਼ਾਹ ਦੇ ਵਾਰਤਾਲਾਪ ਦਾ ਢੰਗ ਇਤਨਾ ਵੱਧ ਪ੍ਰਭਾਵਸਾਲੀ ਤੇ ਦਲੀਲ-ਭਰਪੂਰ ਹੁੰਦਾ ਸੀ ਜਿਹੜਾ ਵਿਰੋਧੀਆਂ ਨੂੰ ਵੀ ਗੁਰਦੇਵ ਦੇ ਮੁਰੀਦ ਬਣਾ ਦਿੰਦਾ ਸੀ ਤੇ ਉਹ ਲੋਕ ਵੀ ਗੁਰੂ ਸਾਹਿਬ ਤੋਂ ਕਾਇਲ ਹੋ ਜਾਂਦੇ ਸਨ। ਜਦਕਿ ਇਸ ਸਚਾਈ ਨੂੰ ਸੰਸਾਰ ਭਰ ਦੀ ਕੋਈ ਵੀ ਤਾਕਤ ਨਾ ਝੁੱਠਲਾ ਸਕਦੀ ਹੈ ਤੇ ਨਾ ਕੱਟ ਸਕਦੀ ਹੈ।

ਤਾਂ ਤੇ ਇਸ ਸੰਬੰਧ `ਚ ਇਸੇ ਲੜੀ `ਚ ਲੈਂਦੇ ਹਾਂ, ਗੁਰੂ ਸਾਹਿਬ ਦੀਆਂ ਸਿਧਾਂ ਨਾਲ ਹੋਈਆਂ ਗੋਸ਼ਟੀਆਂ ਦਾ ਪ੍ਰਤੀਕਰਮ, ਭਾਈ ਗੁਰਦਾਸ ਜੀ ਦੇ ਲਫ਼ਜ਼ਾਂ `ਚ; ਆਪ ਫ਼ੁਰਮਾਉਂਦੇ ਹਨ:-

"ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ॥ ਕਲਿਜੁਗ ਨਾਨਕ ਨਾਮ ਸੁਖਾਲਾ" (੧/੩੧ ਭਾ: ਗੁ)

ਇਸ ਤਰ੍ਹਾਂ ਬੇਅੰਤ ਲੋਕਾਈ ਗੁਰੂ ਦਰ ਦੀ ਸਿੱਖੀ ਨੂੰ ਆਪਣਾ ਜੀਵਨ ਅਰਪਣ ਕਰਦੀ ਅਤੇ ਵਾਹੋ-ਦਾਹੀ ਸਿੱਖ ਵੀ ਸਜਦੀ। ਇਥੌਂ ਤੀਕ ਕਿ ਗ਼ੈਰ ਸਿੱਖ ਲਿਖਾਰੀ, ਕਾਦੀਆਨੀ ਮੁਸਲਮਾਨ ਫ਼ਿਰਕੇ ਦੇ ਆਗੂ, ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਅਨੁਸਾਰ ਤਾਂ, ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ `ਚ ਹੀ ਗ੍ਰੁਰੂ ਕੇ ਸਿੱਖਾਂ ਦੀ ਗਿਣਤੀ ਤਿੰਨ ਕ੍ਰੋੜ `ਤੇ ਪੁੱਜ ਚੁੱਕੀ ਸੀ।

"ਨਾਨਕ ਨਿਰਮਲ ਪੰਥ ਚਲਾਇਆ" -ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅੱਜ ਅਸੀਂ ਉਸ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਦਾਅਵੇਦਾਰ ਅਖਵਾਉਂਦੇ ਹਾਂ ਜਿਨ੍ਹਾਂ ਨੇ ਕੇਵਲ ਨੌ ਸਾਲ ਦੀ ਉਮਰ `ਚ ਹੀ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰਕੇ, ਗੁਰੂ ਦਰ ਨਾਲ ਜੁੜਣ ਤੇ ਆਉਣ ਵਾਲੀਆਂ ਸਮੂਹ ਸੰਗਤਾਂ ਲਈ, ਬ੍ਰਾਹਮਣੀ-ਮਨੂਵਾਦੀ ਵਰਣ-ਵਂਡ ਸਮੇਤ ਮਨੁੱਖ-ਮਨੁੱਖ `ਚ ਵੰਡੀਆਂ ਪਾਉਣ ਵਾਲੇ ਸੰਸਾਰ ਤਲ ਦੇ ਸਮੂਹ ਕਰਮਕਾਂਡੀ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਸਨ। ਕਿਉਂਕਿ ਗੁਰੂ ਦਰ ਦਾ ਸਿਧਾਂਤ ਹੀ:-

() "ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨ ॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ" (ਪੰ: ੬੭੧) ਹੋਰ

() "ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ, ਘਟਿ ਘਟਿ ਨਾਨਕ ਮਾਝਾ" (ਪੰ: ੭੪੭) ਇਸੇ ਤਰ੍ਹਾਂ

() "ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ" (ਪੰ: ੧੧੯੮) ਬਲਕਿ

() "ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ" (ਪੰ: ੭੨੮)

() "ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ" (ਪੰ: ੬੭੧) ਹੋਰ

() "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧) ਆਦਿ

ਉਪ੍ਰੰਤ ਚਲ ਰਹੇ ਵਿਸ਼ੇ "ਨਾਨਕ ਨਿਰਮਲ ਪੰਥ ਚਲਾਇਆ" ਦੌਰਾਨ ਕੁੱਝ ਗੁਰੂ ਹਸਤੀਆਂ ਬਾਰੇ ਵੀ:-

() "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬)

() "ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ।। ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ।। ੩।। ਖੇਲੁ ਗੂੜੑਉ ਕੀਅਉ ਹਰਿ ਰਾਇ ਸੰਤੋਖਿ ਸਮਾਚਰਿ੍ਯ੍ਯਓ ਬਿਮਲ ਬੁਧਿ ਸਤਿਗੁਰਿ ਸਮਾਣਉ।। ਆਜੋਨੀ ਸੰਭਵਿਅਉ ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ।। ਗੁਰਿ ਨਾਨਕਿ ਅੰਗਦੁ ਵਰ੍ਯ੍ਯਉ ਗੁਰਿ ਅੰਗਦਿ ਅਮਰ ਨਿਧਾਨੁ।। ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ ਪ੍ਰਮਾਣੁ" (ਪੰ: ੧੪੦੭) ਹੋਰ

() "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ ੧ ॥" (ਪੰ: ੧੪੦੮) ਇਸੇ ਤਰ੍ਹਾਂ ਭਾ: ਗੁ: ਜੀ ਅਨੁਸਾਰ ਵੀ:-

() ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ॥

ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ॥

ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥

ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥

ਕਾਯਾਂ ਪਲਟ ਸਰੂਪ ਬਣਾਯਾ (ਭਾ: ਗੁ: ੧/੪੫) ਇਸਤਰ੍ਹਾਂ

ਗੁਰੂ ਨਾਨਕ ਪਾਤਸ਼ਾਹ ਨੇ ਲਗਾਤਾਰ ਦਸ ਜਾਮੇ ਧਾਰਨ ਕਰਕੇ ਅਤੇ ਬੇਅੰਤ ਘਾਲਣਾਵਾਂ ਘਾਲ ਕੇ ਕੇਵਲ ਤੇ ਕੇਵਲ ਉਸ ਇਕੋਇਕ ਇਲਾਹੀ ਸੱਚ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੀ ਕੀਤਾ ਸੀ।

ਉਸ ਇਕੋ-ਇਕ ਸੱਚ ਧਰਮ ਦਾ-- ਜਿਸ ਨੂੰ ਸਮੂਚੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੌਂ ਮਨੁੱਖ ਦੇ ਜਨਮ ਦੇ ਸਮੇਂ ਤੋਂ ਹੀ ਨਿਯਤ ਕੀਤਾ ਹੁੰਦਾ ਹੈ; ਨਾ ਕਿ ਭਿੰਨ-ਭਿੰਨ ਸੰਸਾਰਕ ਧਰਮਾਂ ਦਾ।

ਇਤਨਾ ਹੀ ਨਹੀਂ, ਅੰਤ ਗੁਰਦੇਵ ਨੇ ਆਪਣੇ ਦਸਵੇਂ ਜਾਮੇ `ਚ ੬ ਅਕਤੂਬਰ ਸੰਨ ੧੭੦੮ ਵਾਲੇ ਦਿਨ ਨੂੰ, ਦਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ, ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ, ਆਪਣੇ ਕਰ ਕਮਲਾਂ ਨਾਲ ਉਸ ਇਕੋ-ਇਕ ਇਲਾਹੀ ਤੇ ਸੱਚ ਧਰਮ ਨੂੰ, ਸਮੂਚੇ ਮਨੁੱਖ ਮਾਤ੍ਰ ਲਈ, ਜੁਗੋ-ਜੁਗ ਅਟੱਲ, ਅੱਖਰ ਰੂਪ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਪ੍ਰਕਾਸ਼ ਰਹੀਂ ਸਦੀਵ ਕਾਲ ਲਈ ਸੰਸਾਰ `ਚ ਸਥਾਪਿਤ ਵੀ ਕਰ ਦਿੱਤਾ।

ਜਦਕਿ ਸੰਬੰਧਤ ਵਿਸ਼ੇ ਨਾਲ ਹੋਰ ਵੇਰਵੇ ਗੁਰਮੱਤ ਪਾਠ ਦੀ ਚੱਲ ਰਹੀ ਇਸੇ ਲੜੀ `ਚ ਪਹਿਲਾਂ ਆ ਚੁੱਕੇ ਹਨ, ਉਨ੍ਹਾਂ ਨੂੰ ਦੌਰਾਨ ਦੀ ਲੋੜ ਨਹੀਂ। ਗੁਰੂ ਕੀਆਂ ਸੰਗਤਾਂ ਉਨ੍ਹਾਂ ਵੇਰਵਿਆਂ ਦਾ ਉਥੋਂ ਪੂਰਾ-ਪੂਰਾ ਲਾਭ ਲੈ ਸਕਦੀਆਂ ਹਨ।

ਧੰਨ ਧੰਨ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" - ਇਸ ਤਰ੍ਹਾਂ ਗੁਰੂ ਨਾਮਕ ਪਾਤਸ਼ਾਹ ਨੇ ੨੩੯ ਸਾਲਾਂ ਦਾ ਲਗਾ ਕੇ ਅਤੇ ੧੦ ਜਾਮੇ ਧਾਰਨ ਕਰਕੇ, ਦਸਮੇਸ਼ ਪਿਤਾ ਦੇ ਰੂਪ `ਚ ਪ੍ਰਭੂ ਵੱਲੋਂ ਸਮੂਚੇ ਮਨੁੱਖ ਮਾਤ੍ਰ ਲਈ ਨਿਯਤ ਜਿਸ ਇਕੋਇਕ ਨਿਰਾਲੇ ਇਲਾਹੀ, ਰਬੀ ਤੇ ਸੱਚ ਧਰਮ ਨੂੰ ਅੱਖਰ ਰੂਪ ਗੁਰਬਾਣੀ ਦੀ ਰਚਨਾ ਕਰਕੇਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ ਸੰਸਾਰ ਤਲ `ਤੇ ਸਦੀਵਕਾਲ ਲਈ ਪ੍ਰ੍ਰ੍ਰਕਾਸ਼ ਕਰਕੇ ਉਜਾਗਰ ਤੇ ਸਥਾਪਤ ਵੀ ਕਰ ਦਿੱਤਾ।

ਇਥੋਂ ਤੀਕ ਕਿ ਗੁਰਦੇਵ ਨੇ ਸੰਸਾਰ ਭਰ ਦੇ ਹਰੇਕ ਫ਼ਿਰਕੇ, ਵਿਸ਼ਵਾਸਾਂ, ਪ੍ਰਚਲਤ ਧਰਮਾਂ-ਮਜ਼ਹਬਾਂ ਤੇ ਭਿੰਨ-ਭਿੰਨ ਵਿਚਾਰਧਾਰਾਵਾਂ ਦੇ ਲੋਕਾਂ ਕੋਲ ਹੀ ਨਹੀਂ, ਬਲਕਿ ਸਮੇਂ-ਸਮੇਂ `ਤੇ ਉਨ੍ਹਾਂ ਦੇ ਵੱਡੇ-ਵੱਡੇ ਜੋੜ-ਮੇਲਿਆਂ-ਇਕੱਠਾਂ `ਚ ਆਪ ਪੁੱਜ ਕੇ ਉਸ ਦਾ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ।

ਇਤਨਾ ਹੀ ਨਹੀਂ, ਗੁਰਦੇਵ ਨੇ ਲਾਸਾਨੀ ਮ੍ਰਦਾਨਗੀ ਦਾ ਸਬੂਤ ਦਿੰਦੇ ਹੋਏ, ਲੋਕਾਈ ਵਿਚਾਲੇ ਹਜ਼ਾਰਾਂ ਸਾਲਾਂ ਤੋਂ ਜੜ੍ਹਾ ਜਮਾ ਚੁੱਕੇ ਭਿੰਨ-ਭਿੰਨ ਅਗਿਆਨਤਾ ਭਰਪੂਰ ਅੰਧ-ਵਿਸ਼ਵਾਸਾਂ, ਰੀਤੀ-ਰਿਵਾਜਾਂ, ਪਰੰ-ਪ੍ਰਾਵਾਂ ਤੇ ਕਰਮ-ਕਾਡਾਂ ਦੇ ਫੋਕਟ ਹੋਣ ਨੂੰ ਵੀ ਉਘਾੜਿਆ ਤੇ ਸੰਬੰਧਤ ਫ਼ਿਰਕਿਆਂ ਨੂੰ ਉਸ ਪੱਖੋਂ ਸੁਚੇਤ ਕੀਤਾ ਤਾ ਕਿ:-

ਸਮੂਚੀ ਲੋਕਾਈ ਬਿਨਾ ਵਿੱਤਕਰਾ, ਆਪਣੇ ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰਣ ਦੀ ਬਜਾਏ, ਪ੍ਰਭੂ ਵੱਲੋਂ ਪ੍ਰਾਪਤ ਆਪਣੇ ਇਸੇ ਮਨੁੱਖਾ ਜਨਮ ਵਾਲੇ ਵਿਸ਼ੇਸ਼ ਅਵਸਰ ਦਾ ਲਾਹਾ ਲੈ ਸਕੇ ਅਤੇ ਮੁੜ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਨਾ ਪਵੇ। ਇਸ ਤਰ੍ਹਾਂ ਉਨ੍ਹਾਂ ਦੇ ਇਹ ਮਨੁੱਖਾ ਜਨਮ ਹੀ ਸਫ਼ਲ ਹੋ ਜਾਣ।

ਹੋਰ ਤਾਂ ਹੋਰ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸਵੇਂ ਜਾਮੇ `ਚ, ਕਲਗੀਧਰ ਸੁਆਮੀ ਦੇ ਰੂਪ `ਚ ੬ ਅਕਤੂਬਰ ਸੰਨ ੧੭੦੮ ਵਾਲੇ ਦਿਨ, ਦਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ:-

ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ, ਆਪਣੇ ਕਰ ਕਮਲਾਂ ਨਾਲ, ਪ੍ਰਭੂ ਵੱਲੋਂ ਸਮੂਚੇ ਮਨੁੱਖ ਮਾਤ੍ਰ ਲਈ ਨਿਯਤ ਉਸੇ ਇਕੋਇਕ ਇਲਾਹੀ ਤੇ ਸੱਚ ਧਰਮ ਦੇ ਪ੍ਰਗਟਾਵੇ ਦਾ ਅੱਖਰ ਰੂਪ `ਚ "ੴ "‘ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਗੁਰਬਾਣੀ ਰਚਨਾ ਦੀ ਸੰਪੂਰਣਤਾ ਵਾਲਾ ਐਲਾਨ ਕਰਕੇ:-

ਜੁਗੋ-ਜੁਗ ਅਟੱਲ, "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਪ੍ਰ੍ਰ੍ਰਕਾਸ਼ ਰਾਹੀਂ, ਸਦੀਵ ਕਾਲ ਲਈ ਸੰਸਾਰ ਭਰ ਦੇ ਲਾਹੇ ਲਈ, "ਸੱਚ ਧਰਮ" ਨੂੰ ਉਜਾਗਰ ਤੇ ਸਥਾਪਿਤ ਵੀ ਕਰ ਦਿੱਤਾ। (ਚਲਦਾ) #234P-XXXXVIII-02.17-0217#P48v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXVIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.