.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸੰਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਆਪੁ ਗਵਾਏ ਤਾ ਹਰਿ ਪਾਏ" - ਇਨਾਂ ਹੀ ਨਹੀਂ, ਇਸ ਪੱਖੋਂ ਅੱਜ ਲਗਭਗ ਹਰੇਕ ਗੁਰੂ ਕੇ ਸਿੱਖ ਦੀ ਜਿਹੜੀ ਮਾਨਸਿਕ ਹਾਲਤ ਬਣੀ ਪਈ ਹੈ ਉਹ ਉਪ੍ਰੌਕਤ ਗੁਰਵਾਕਾਂ "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" ਆਧਾਰਤ ਚੇਤਾਵਣੀਆਂ ਤੋਂ ਵੀ ਟੱਪ ਕੇ "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ" (ਪੰ: ੧੧੦੫) ਤੀਕ ਪੁੱਜੀ ਪਈ ਹੈ।

ਫ਼ਿਰ ਭਾਵੇਂ ਉਹ ਜ਼ਾਹਿਰਾ ਪੰਜ ਕਕਾਰੀ ਸਰੂਪ `ਚ ਹੀ ਕਿਉਂ ਨਾ ਵਿਚਰ ਰਹੇ ਹੋਣ ਅਤੇ ਆਪਣੇ ਆਪ ਨੂੰ ਗੁਰੂ-ਗੁਰਬਾਣੀ ਦੇ ਸਿੱਖ ਵੀ ਅਖਵਾ ਰਹੇ ਹੋਣ। ਜਦਕਿ ਉਨ੍ਹਾਂ `ਚੋਂ ਹੀ ਅੱਜ ਬਹੁਤੇ "ਆਪੁ ਗਵਾਏ" ਵਰਗੇ ਗੁਰਬਾਣੀ ਆਦੇਸ਼ਾਂ ਅਤੇ ਉਪਦੇਸ਼ਾਂ ਦੇ ਵਿਰੁਧ ਆਪਣੀ ਨਿੱਤ ਦੀ ਰਹਿਣੀ ਦੌਰਾਨ ਅਚਣਚੇਤ ਹੀ ਹਊਮੈ ਭਰਪੂਰ ਕਰਣੀ `ਚ ਗੜੁੱਚ ਮਨਮੱਤਾਂ, ਹੂੜਮੱਤਾਂ ਬਲਕਿ ਕਈ ਵਾਰੀ ਤਾਂ ਉਨ੍ਹਾਂ `ਚੋਂ ਕਈ ਦੁਰਮੱਤਾਂ ਭਰਪੂਰ ਰਹਿਣੀ ਦੇ ਸ਼ਿਕਾਰ ਵੀ ਹੋਏ ਹੁੰਦੇ ਹਨ।

ਇਸ ਤਰ੍ਹਾਂ ਇੱਕ ਪਾਸੇ ਉਹ ਸਿੱਖ ਧਰਮ ਤੇ ਸਿੱਖੀ ਜੀਵਨ ਬਾਰੇ ਆਪਣੇ ਆਪ ਨੂੰ ਦੂਜੇ ਸਿੱਖਾਂ ਤੋਂ, ਵੱਧ ਜਾਣਕਾਰ ਤੇ ਸਿਆਣਾ ਸਿੱਖ ਮੰਨ ਰਹੇ ਅਤੇ ਦੱਸ ਵੀ ਰਹੇ ਹੁੰਦੇ ਹਨ।

ਪਰ ਦੂਜੇ ਪਾਸੇ ਉਹ ਨਾਲ-ਨਾਲ ਆਪਣੇ ਆਪ ਨੂੰ ਪੂਰਨ ਗੁਰਸਿੱਖ ਤੇ ਬਦਲੇ `ਚ ਦੂਜਿਆਂ ਨੂੰ ਆਪਣੇ ਮੁਕਾਬਲੇ ਸਿੱਖੀ ਜੀਵਨ ਪੱਖੋਂ ਟਿੱਚ ਮੰਨ ਤੇ ਪ੍ਰਚਾਰ ਰਹੇ ਹੁੰਦੇ ਹਨ। ਥੋੜਾ ਹੋਰ ਗਹਿਰਾਈ `ਚ ਜਾਵੀਏ ਤਾਂ ਇਹ ਵੀ ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਨਿਜੀ ਤਲ ਤੋਂ ਲੈ ਕੇ ਪੰਥਕ ਤਲ ਤੀਕ ਅੱਜ ਬਹੁਤਾ ਕਰਕੇ ਇਹੀ ਜੜ੍ਹ ਹੈ ਸਿੱਖ ਧਰਮ ਵਿੱਚਲੀਆਂ ਅਜੋਕੀਆਂ ਸਮੂਚੀਆਂ ਧੜੇਬੰਦੀਆਂ, ਆਪਸੀ ਲੜਾਈ-ਝਗੜਿਆਂ, ਮਾਰਕਾਟ ਬਲਕਿ ਸਿਰਫਟੋਲਾਂ ਤੀਕ ਦੀ।

ਜਦਕਿ ਗੁਰਬਾਣੀ ਦੀ ਸੇਧ ਚ ਅਸਾਂ ਆਪਣੀ ਇਸ ਨਿਜੀ ਤੇ ਸਮੂਹਿਕ ਤੌਰ `ਤੇ ਪੰਥਕ ਤਲ `ਤੇ ਇਸ ਪੱਖੋਂ ਕਿਵੇਂ ਬਚਣਾ ਹੈ? ਗੁਰਬਾਣੀ `ਚ ਇਸ ਬਾਰੇ ਬਿਲਕੁਲ ਸਪਸ਼ਟ ਸੇਧ ਹੈ।

ਅਜੋਕੇ ਪ੍ਰਚਲਤ "ਸਿੱਖ ਧਰਮ" `ਚ ਧੂ ਅੰਦਰ ਤੀਕ ਨਿਜੀ ਤਲ ਤੋ ਲੈ ਉਪਰਲੇ ਸਿਰੇ ਤੀਕ, ਪੰਥ ਦੀ ਰਗ-ਰਗ `ਚ ਆਪਣਾ ਟਿਕਾਣਾ ਬਣਾ ਚੁੱਕੀ ਸੋਚਣੀ "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ" (ਅੰ: ੧੧੦੫) ਭਾਵ ਅਚਣਚੇਤ ਹੀ ਪਸਰ ਚੁੱਕੇ ਇਸ ਹਉਮੈ ਭਰਪੂਰ ਰਹਿਣੀ ਤੇ ਸੋਚਣੀ ਵੱਲੋਂ ਸੁਚੇਤ ਰਹਿਣ ਲਈ ਵੀ ਗੁਰਬਾਣੀ `ਚ ਸਾਡੇ ਲਈ ਬੇਅੰਤ ਆਦੇਸ਼ ਤੇ ਚੇਤਾਵਣੀਆਂ ਹਨ, ਜੇਕਰ ਅਸੀਂ ਉਨ੍ਹਾਂ ਦੇ ਅਨੁਸਾਰੀ ਹੋ ਚਲੀਏ ਤਾਂ:-

() "ਆਪੁ ਗਵਾਏ ਤਾ ਹਰਿ ਪਾਏ, ਹਰਿ ਸਿਉ ਸਹਜਿ ਸਮਾਵਣਿਆ" (ਪੰ: ੧੧੭)

() "ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ॥ ਭਾਇ ਭਗਤਿ ਜਾ ਹਉਮੈ ਸੋਖੈ॥ ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ, ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ" (ਪੰ: ੧੨੪)

() "ਕਾਇਆ ਅੰਦਰਿ ਹਉਮੈ ਮੇਰਾ॥ ਜੰਮਣ ਮਰਣੁ ਨ ਚੂਕੈ ਫੇਰਾ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ, ਸਚੋ ਸਚੁ ਧਿਆਵਣਿਆ" (ਪੰ: ੧੨੬)

() "ਜਿ ਹਉਮੈ ਮਾਰੈ॥ ਗੁਰ ਕੈ ਸਬਦਿ, ਪੰਚ ਸੰਘਾਰੈ॥ ਆਪਿ ਤਰੈ ਸਗਲੇ ਕੁਲ ਤਾਰੈ" (ਪੰ: ੨੩੦)

() ਜੇ ਕੋ ਅਪੁਨੀ ਸੋਭਾ ਲੋਰੈ॥ ਸਾਧਸੰਗਿ ਇਹ ਹਉਮੈ ਛੋਰੈ" (ਪੰ: ੨੬੬)

() "ਆਪਸ ਕਉ ਕਰਮਵੰਤੁ ਕਹਾਵੈ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ … ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ …. . ਜਬ ਲਗੁ ਜਾਨੈ ਮੁਝ ਤੇ ਕਛੁ ਹੋਇ॥ ਤਬ ਇਸ ਕਉ ਸੁਖੁ ਨਾਹੀ ਕੋਇ॥ ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ" (ਪੰ: ੨੭੮)

() "ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ" (ਪੰ: ੨੭੮)

() "ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ॥ ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ" (ਪੰ: ੨੬੬)

() "ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥ ਸਰਬ ਕੀ ਰੇਨ ਜਾ ਕਾ ਮਨੁ ਹੋਇ॥ ਕਹੁ ਨਾਨਕ ਤਾ ਕੀ ਨਿਰਮਲ ਸੋਇ" (ਪੰ: ੨੭੮)

() "ਨਾਨਕ ਜੇ ਕੋ ਆਪੌ ਜਾਣੈ, ਅਗੈ ਗਇਆ ਨ ਸੋਹੈ" (ਬਾਣੀ ਜਪੁ) ਆਦਿ

ਫ਼ਿਰ ਇਹ ਵੀ ਕਿ "ੴ" ਤੋਂ ਲੈ ਕੇ "ਤਨੁ ਮਨੁ ਥੀਵੈ ਹਰਿਆ ਤੀਕ" ਸਮੂਚੀ ਗੁਰਬਾਣੀ `ਚ ਪਾਤਸ਼ਾਹ ਨੇ ਕੇਵਲ ਗੁਰਬਾਣੀ ਦੇ ਸਿੱਖਾਂ ਨੂੰ ਹੀ ਨਹੀਂ

ਬਲਕਿ ਉਪ੍ਰੋਕਤ ਗੁਰਬਾਣੀ ਫ਼ੁਰਮਨਾਂ ਰਾਹੀਂ ਸੰਪੂਰਣ ਮਨੁੱਖ ਮਾਤ੍ਰ ਨੂੰ ਹਉਮੈ ਵਾਲੇ ਇਸ ਦੀਰਘ ਰੋਗ ਵੱਲੋਂ ਸੁਚੇਤ ਰਹਿਣ ਦੇ ਨਾਲ-ਨਾਲ, ਉਸ ਨੂੰ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ ਹਉਮੈ ਰੋਗ ਤੋਂ ਛੁਟਕਾਰਾ ਪਾਉਣ ਲਈ ਸੇਧ ਵੀ ਦਿੱਤੀ ਹੋਈ ਹੈ। ਇਸ ਤਰ੍ਹਾਂ ਇਸ ਵਿਸ਼ੇ ਨਾਲ ਸੰਬੰਧਤ ਬਹੁਤੇਰੇ ਗੁਰ-ਗੁਰਬਾਣੀ ਫ਼ੁਰਮਾਨ ਹਨ, ਜਿਵੇਂ:-

() "ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ" (ਪੰ੪੬੬)।

"ਕਤ ਝਖਿ ਝਖਿ ਅਉਰਨ ਸਮਝਾਵਾ" - ਗੁਰੂ-ਗੁਰਬਾਣੀ ਵਿਚਾਰਧਾਰਾ ਦੇ ਦਾਅਵੇਦਾਰ ਹੋਣ ਦੇ ਨਾਲ-ਨਾਲ ਅਸਾਂ ਆਪਣੇ ਅਪ ਨੂੰ ਘੋਖਣਾ ਵੀ ਹੁੰਦਾ ਹੈ, ਤਾਂ ਤੇ:-

(ੳ) ਸੰਸਾਰ ਤਲ `ਤੇ ਗੁਰਸਿੱਖੀ ਦੇ ਅਲੰਬਰਦਾਰ ਕਹਿਲਵਾਉਣ ਦੇ ਨਾਲ-ਨਾਲ ਗੁਰਬਾਣੀ ਦੀ ਕਸਵੱਟੀ `ਤੇ ਕੱਸ ਕੇ ਅਸਾਂ ਆਪਣੇ ਆਪ ਨੂੰ ਘੌਖਣਾ ਵੀ ਹੈ ਕਿ ਕੀ ਸਾਡੇ ਨਿਜ ਦੇ ਜੀਵਨ ਤੇ ਰਹਿਣੀ `ਚੋਂ ਵੀ ਗੁਰਬਾਣੀ ਵਿਚਾਰਧਾਰਾ ਤੇ ਗੁਰਬਾਣੀ ਤੋਂ ਪ੍ਰਗਟ "ਜੀਵਨ ਜਾਚ" ਦਾ ਪ੍ਰਗਟਾਵਾ ਹੋ ਰਿਹਾ ਹੈ ਜਾਂ ਨਹੀਂ। ਜੇ ਨਹੀਂ ਹੋ ਰਿਹਾ ਤਾਂ ਕਿਉਂ? ਤਾਂ ਕਮੀ ਕਿੱਥੇ ਹੈ?

(ਅ) ਸੰਸਾਰ ਤਲ `ਤੇ ਗੁਰਸਿੱਖੀ ਦੇ ਅਲੰਬਰਦਾਰ ਹੋਣ ਦੇ ਨਾਤੇ, ਸਾਡੇ ਆਪਸੀ ਮੇਲ-ਮਿਲਾਪ ਸਮੇਂ ਸਾਡੇ ਮਨਾਂ ਅੰਦਰ ਗੁਰਬਾਣੀ ਸੇਧ `ਚ ਇੱਕ ਦੂਜੇ ਲਈ "ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ" (ਪੰ: ੭੨੫) ਵਾਲੀ ਭਾਵਨਾ ਅਤੇ ਹੁਲਾਰਾ ਵੀ ਪੈਦਾ ਹੁੰਦਾ ਹੈ ਜਾਂ ਨਹੀਂ। ਜੇ ਅਜਿਹਾ ਨਹੀਂ ਹੋ ਰਿਹਾ ਤਾਂ ਉਹ ਕਿਉਂ? ਇਸੇ ਤਰ੍ਹਾਂ:-

() "ਮੈ ਬਧੀ ਸਚੁ ਧਰਮ ਸਾਲ ਹੈ॥ ਗੁਰਸਿਖਾ ਲਹਦਾ ਭਾਲਿ ਕੈ॥ ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀੳ" (ਪੰ੭੩-੭੪)

() "ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ॥ ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ" (ਪੰ: ੧੬੪) ਆਦਿ

(ੲ) ਸੰਸਾਰ ਤਲ `ਤੇ ਗੁਰਸਿੱਖੀ ਦੇ ਅਲੰਬਰਦਾਰ ਕਹਾਉਣ ਤੇ ਹੋਣ ਦੇ ਨਾਤੇ, ਸਾਨੂੰ ਇਸ ਪੱਖੋਂ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਨਿਜੀ, ਸੰਸਥਾਗਤ ਅਤੇ ਪੰਥਕ ਤਲ `ਤੇ ਆਪਸੀ ਸੋਚਣੀ ਅਤੇ ਵਿਚਾਰਾਂ `ਚ ਅੰਤਰ ਪਹਿਲਾਂ ਤੋਂ ਹੋਣਾ ਜਾਂ ਹੋ ਜਾਣਾ, ਇਹ ਵੱਖਰੀ ਗੱਲ ਹੈ ਜਦਕਿ ਅਜਿਹਾ ਹੋਣਾ ਜਾਂ ਹੋ ਜਾਣਾ ਕੁੱਦਰਤੀ ਤੇ ਸੁਭਾਵਿਕ ਵੀ ਹੈ।

ਪਰ ਉਸ ਮੱਸਲੇ ਨੂੰ ਅਸਾਂ ਕਿਸ ਢੰਗ ਨਾਲ ਨਿਭਾਉਣਾ ਤੇ ਲੈਣਾ ਹੈ--ਇਸ ਦੀ ਸਭ ਤੋਂ ਵੱਡੀ ਪਹਿਚਾਣ ਗੁਰਬਾਣੀ ਖਜ਼ਾਨੇ ਚ, ਰਾਗ ਰਾਮਕਲੀ `ਚ ਬਾਣੀ "ਸਿਧ ਗੋਸਟਿ ਮ: ੧" (ਪੰ: ੯੩੮) ਸਾਡੇ ਪਾਸ ਗੁਰਦੇਵ ਦੀ ਸਾਨੂੰ ਬਹੁਤ ਵੱਡੀ ਦੇਣ ਤੇ ਸਾਡੇ ਲਈ ਸੇਧ ਵੀ ਹੈ।

ਇਹ ਵੀ ਕਿ ਉਸ ਵਿਸ਼ੇ ਤੇ ਮੱਸਲੇ ਨਾਲ ਸੰਬੰਧਤ ਉਸ ਤੋਂ ਵੱਡੀ ਪਹਿਚਾਣ ਤੇ ਮਿਸਾਲ ਸੰਸਾਰ ਭਰ `ਚੋਂ ਹੋਰ ਕਿੱਧਰੋਂ ਵੀ ਨਹੀਂ ਮਿਲ ਸਕਦੀ।

ਕਮਾਲ ਤਾਂ ਇਹ ਕਿ ਉਥੇ, ਇੱਕ ਪਾਸੇ ਪਾਤਸ਼ਾਹ ਦੀ ਉਸ ਮਹਾਨ ਦੇਣ `ਚ ਗੁਰਦੇਵ ਵੱਲੋਂ ਉੱਤਰਾਂ ਦੀ ਲੜੀ--ਦੂਜੇ ਪਾਸੇ ਜੋਗੀਆਂ ਦੀ ਰਹਿਣੀ ਬਲਕਿ ਜੀਵਨ-ਜਾਚ ਵਿਚਾਲੇ ੧੦੦% ਦਾ ਕੇਵਲ ਅੰਤਰ ਹੀ ਨਹੀਂ, ਵਿਰੋਧਾਭਾਸ ਵੀ ਸੀ।

ਇਸ ਤੋਂ ਵੱਡੀ ਕਮਾਲ ਤਾਂ ਇਹ ਵੀ ਹੈ ਕਿ ਗੁਰਦੇਵ ਅਤੇ ਉਨ੍ਹਾਂ ਜੌਗੀਆਂ ਵਿੱਚਕਾਰ ਇਤਨਾ ਲਮਾਂ ਵਿਚਾਰ-ਵਿਟਾਂਦਾਰਾ।

ਉਸ ਦੇ ਬਾਵਜੂਦ ਦੋਵੇਂ ਪਾਸਿਓਂ ਆਪਸੀ ਪਿਆਰ ਤੇ ਸਤਿਕਾਰ ਦੇ ਵਾਤਾਵਰਣ `ਚ ਉੱਕਾ ਫ਼ਰਕ ਨਹੀਂ ਆਇਆ, ਬਲਕਿ ਉਹ ਤਾਂ ਪਹਿਲਾਂ ਤੋਂ ਵੀ ਵੱਧਿਆ।

ਹੋਰ ਤਾਂ ਹੋਰ, ਇਤਿਹਾਸਕ ਪੱਖੋਂ ਗੁਰਦੇਵ ਦੀਆਂ ਜੋਗੀਆਂ ਨਾਲ ਉਹ ਗੋਸ਼ਟੀਆਂ ਤੇ ਵਾਰਤਾਲਾਪ ਵੀ ਇੱਕ ਵਾਰੀ ਨਹੀਂ ਸਨ ਹੋਏ ਬਲਕਿ ਉਹ ਵੀ ਘਟੋ-ਘਟ ਚਾਰ ਵਾਰ ਹੋਈਆਂ ਸਨ ਤਾਂ ਵੀ ਦੋਵੇਂ ਪਾਸਿਓਂ ਇਹ ਗੋਸ਼ਟੀਆਂ ਭਰਵੇਂ ਸਤਿਕਾਰ ਤੇ ਪਿਆਰ ਦੇ ਵਾਤਵਰਣ `ਚ ਚੱਲੀਆਂ।

ਇਥੋਂ ਤੀਕ ਕਿ ਉਨ੍ਹਾਂ ਸਮੂਹ ਵਾਰਤਾਲਾਪਾਂ ਤੇ ਗੋਸ਼ਟੀਆਂ ਨੇ, ਬਿਲਕੁਲ ਵੀ ਆਪਸੀ ਤੱਕਰਾਰ, ਵਿਰੋਧ ਤੇ ਧੜੇ ਬੰਦੀ ਦਾ ਰੂਪ ਧਾਰਨ ਨਹੀਂ ਕੀਤਾ।

ਜਦਕਿ ਗੁਰਦੇਵ ਦੀਆਂ ਇਹ ਗੋਸ਼ਟੀਆਂ ਤਾਂ ਹੈਣ ਵੀ ਉਨ੍ਹਾਂ ਜੋਗੀਆਂ ਤੇ ਸਮੁਦਾਇਆ ਨਾਲ ਸਨ ਜਿਹੜੇ ਮੂਲੋਂ ਹੀ ਨਿਤਾਂਤ ਭਿੰਨ ਅਤੇ ਗੁਰੂ ਸਾਹਿਬ ਤੋਂ ਵਿਰੋਧੀ ਵਿਚਾਰਧਾਰਾਵਾਂ ਤੇ ਜੀਵਨ ਰਹਿਣੀਆਂ ਨਾਲ ਸੰਬੰਧਤ ਸਨ।

ਉਸ ਸਾਰੇ ਦੇ ਉਲਟ, ਦੀਰਘ ਵਿਚਾਰ ਦਾ ਵਿਸ਼ਾ ਹ ਕਿ ਕੀ ਉਸੇ ਗੁਰਬਾਣੀ ਖਜ਼ਾਨੇ ਤੋਂ ਪ੍ਰਗਟ ਉਸੇ ਇਕੋਇਕ ਵਿਚਾਰਧਾਰਾ ਦੇ ਦਾਅਵੇਦਾਰ ਅਖਵਾਉਣ ਵਾਲੇ ਅਤੇ ਆਪਣੇ ਆਪ ਨੂੰ ਉਸ ਦੇ ਅਲੰਬਰਦਾਰ ਦੱਸਣ ਵਾਲੇ ਗੁਰੂ ਕੇ ਸਿੱਖ, ਅੱਜ ਅਸੀਂ ਖੜੇ ਕਿੱਥੇ ਹਾਂ:-

ਇਸ ਤਰ੍ਹਾਂ ਅਜੋਕੇ ਧੜਾਬੰਦੀਆਂ-ਲੜਾਈਆਂ-ਝਗੜਿਆਂ ਨਾਲ ਭਰਪੂਰਪੰਥਕ ਹਾਲਾਤ `ਚ ਸੰਸਾਰ ਨੂੰ ਅਸਾਂ ਕੀ ਦੇਣਾ ਅਤੇ ਸਮੂਚੀ ਮਾਨਵਤਾ ਨੂੰ ਆਪਣੇ ਨਾਲ ਕਿਵੇਂ ਲੈਣਾ ਹੈ?

ਕਿਉਂਕਿ ਇਹ ਕਸੂਰ ਗੁਰਬਾਣੀ ਵਿਚਾਰਧਾਰਾ ਦਾ ਨਹੀਂ, ਇਹ ਨੁੱਕਸ ਹੈ ਜ਼ਾਹਿਰਾ ਗੁਰਬਾਣੀ ਆਧਾਰਤ ਸਾਡੀ ਨਿਜ ਦੇ ਨਾਲ-ਨਾਲ ਸਾਡੀ ਅਜੋਕੀ ਪੰਥਕ ਕਰਣੀ ਤੇ ਰਹਿਣੀ `ਚ।

ਇਸੇ ਤੋਂ ਅੱਜ ਪੰਥਕ ਤਲ `ਤੇ ਹੀ ਸਾਡੇ ਵਿੱਚਕਾਰ---ਨਿਜੀ ਤਲ ਤੋਂ ਅਰੰਭ ਹੋ ਕੇ ਪੰਥ ਦੇ ਉਪਰਲੇ ਸਿਰੇ ਤੀਕ, ਧੜੇਬੰਦੀਆਂ, ਲੜਾਈਆਂ, ਝਗੜਿਆਂ, ਸਿਰਫਟੋਲਾਂ, ਦੂਜਿਆਂ ਦੇ ਗਾਟੇ ਲਾਉਣ ਬਲਕਿ ਖ਼ਾਲਸੇ ਦੀ ਸ਼ਾਨ-ਪੱਗਾਂ ਤੀਕ ਉਤਾਰਣ ਦੀ ਨੋਬਤ ਆਈ ਪਈ ਹੈ।

ਤਾਂ ਇਸ ਪੰਥਕ ਦੁਖਾਂਤ ਨੂੰ ਕੌਣ ਘੋਖੇਗਾ ਤੇ ਇਸ ਦੀ ਤਹਿ `ਚ ਕੌਣ ਜਾਵੇਗਾ ਤੇ ਕਦੋਂ? ਕੀ ਓਦੋਂ ਜਾਵਾਂਗੇ ਜਦੋਂ ਪੰਥ ਵੀ ਨਹੀਂ ਰਵੇਗਾ?

ਜਦਕਿ ਗੁਰਬਾਣੀ `ਚ ਸਾਡੇ ਵਾਸਤੇ ਬੇਅੰਤ ਉਪਦੇਸ਼ ਤੇ ਆਦੇਸ਼ ਹਨ ਕਿ ਐ ਗੁਰੂ-ਗੁਰਬਾਣੀ ਦੇ ਸਿੱਖ ਅਖਵਾਉਣ ਵਾਲਿਓ ਅਤੇ ਆਪਣੇ ਆਪ ਨੂੰ ਗੁਰੂ-ਗੁਰਬਾਣੀ ਦੀ ਵਿਚਾਰਧਾਰਾ ਦੇ ਦਾਅਵੇਦਾਰ ਦੱਸਨ ਵਾਲਿਓ! ਤੁਸੀਂ ਆਪਣੀ ਸੰਭਾਲ ਅਜਿਹੇ ਗੁਰਬਾਣੀ ਆਦੇਸ਼ਾ ਦੇ ਅਨੁਸਾਰੀ ਹੋ ਕੇ ਕਰੋ:-

() "ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਸੋ ਗੁਰਸਿਖੁ ਗੁਰੂ ਮਨਿ ਭਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਸੋ ਗੁਰਸਿਖੁ ਗੁਰੂ ਮਨਿ ਭਾਵੈ" (ਪੰ: ੩੦੫-੩੦੬)

() "ਸਚਿਆਰ ਸਿਖ ਬਹਿ ਸਤਿਗੁਰ ਪਾਸਿ, ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ" (ਪੰ: ੩੦੫)

() "ਝਾਲਾਘੇ ਉਠਿ ਨਾਮੁ ਜਪਿ, ਨਿਸਿ ਬਾਸੁਰ ਆਰਾਧਿ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ" (ਪੰ: ੨੫੫)

() "ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ" (ਪੰ: ੨੮੮-੮੯)

() "ਸੋ ਸਿਖੁ ਸਖਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ" (ਪੰ: ੬੦੧)

() "ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ" (ਪੰ: ੭੬੩)

() "ਮਨ ਕੀ ਮਤਿ ਤਿਆਗਹੁ ਹਰਿ ਜਨ, ਏਹਾ ਬਾਤ ਕਠੈਨੀ॥ ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ" (ਪੰ: ੮੦੦) ਬਲਕਿ

() "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥॥  ॥ ਇਨੑ ਬਿਧਿ ਪਾਸਾ ਢਾਲਹੁ ਬੀਰ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ" (ਪੰ: ੧੧੮੫) ਆਦਿ

ਕਿਉਂਕਿ ਗੁਰਬਾਣੀ ਦੇ ਸਿੱਖ ਲਈ ਇਕੋ ਹੀ ਰਸਤਾ ਹੈ ਤੇ ਉਹ ਹੈ:-.

() "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ" (੪੬੫)

ਭਾਵ ਉਹ ਮਨੁੱਖ ਜਿਸਨੇ ਆਂਪਣਾ ਤਨ, ਮਨ, ਧਨ ਭਾਵ ਸਭਕੁਝ ਗੁਰੂ-ਗੁਰਬਾਣੀ ਦੀ ਸਿੱਖਿਆ ਨੂੰ ਅਰਪਣ ਕਰ ਦਿੱਤਾ ਹੈ। ਇਸਤਰ੍ਹਾਂ "ਨਦਰੀ ਕਰਮਿ ਲਘਾਏ ਪਾਰਿ" ਭਾਵ

ਅਜਿਹੇ ਜੀਊੜਿਆਂ ਦੇ ਪ੍ਰਾਪਤ ਮਨੁੱਖਾ ਜਨਮ ਨੂੰ, ਪ੍ਰਭੂ ਆਪ ਹੀ ਮਿਹਰ ਕਰਕੇ ਉਨ੍ਹਾਂ ਦਾ ਇਹ ਵੀ ਲੋਕ ਵੀ ਅਤੇ ਪ੍ਰਲੋਕ, ਦੋਵੇਂ ਸੁਹੇਲੇ ਕਰ ਦਿੰਦਾ ਹੈ। ਜਿਸਦੇ ਅਰਥ ਹਨ ਕਿ:-

ਮਨੁੱਖਾ ਸਰੀਰ ਦੇ ਬਿਨਸਨ ਤੋਂ ਬਾਅਦ ਉਹ ਮੁੜ ਭਿੰਨ ਭਿੰਨ ਜੂਨਾਂ, ਜਨਮਾਂ ਤੇ ਗਰਭਾਂ `ਚ ਨਹੀਂ ਪੈਂਦੇ। ਬਲਕਿ ਉਹ ਜੀਂਦੇ ਜੀਅ ਹੀ ਪ੍ਰਭੂ `ਚ ਅਭੇਦ ਹੋ ਚੁੱਕੇ ਹੁੰਦੇ ਹਨ, ਫ਼ੁਰਮਾਨ ਹਨ:-

() "ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ" (ਪੰ: ੨੭੮)

() "ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ" (ਪੰ: ੬੦੪)

() "ਸਬਦਿ ਮਰੈ ਸੋ ਮਰਿ ਰਹੈ, ਫਿਰਿ ਮਰੈ ਨ ਦੂਜੀ ਵਾਰ" (ਪੰ: ੫੮) ਬਲਕਿ

() "ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ॥ ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ" (ਪੰ: ੬੧੪) ਹੋਰ

() "ਤਹ ਜਨਮ ਨ ਮਰਣਾ ਆਵਣ ਜਾਣਾ, ਬਹੁੜਿ ਨ ਪਾਈਐ ਜ+ਨੀਐ॥ ਨਾਨਕ ਗੁਰੁ ਪਰਮੇਸਰੁ ਪਾਇਆ, ਜਿਸੁ ਪ੍ਰਸਾਦਿ ਇਛ ਪੁਨੀਅ" ੈ (ਪੰ: ੭੮੩) ਉਹ ਜੀਦੇ ਜੀਅ ਹੀ:-

() "ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ" (ਪੰ: ੮੪੬) ਆਦਿ॥

ਇਸ ਲਈ ਗੁਰਦੇਵ ਦੀ ਨਿਜ ਰਚਨਾ ਬਾਣੀ "ਸਿਧ ਗੋਸ਼ਟਿ" ਮਾਨੋ ਗੁਰੂ ਕੀਆਂ ਸੰਗਤਾਂ ਲਈ ਸਪਸ਼ਟ ਆਦੇਸ਼ ਵੀ ਹੈ ਕਿ ਐ ਗੁਰੂ-ਗੁਰਬਾਣੀ ਦੇ ਸਿੱਖ ਅਖਵਾਉਣ ਵਾਲਿਓ!

() "ਝਝਾ ਉਰਝਿ ਸੁਰਝਿ ਨਹੀ ਜਾਨਾ॥ ਰਹਿਓ ਝਝਕਿ ਨਾਹੀ ਪਰਵਾਨਾ॥ ਕਤ ਝਖਿ ਝਖਿ ਅਉਰਨ ਸਮਝਾਵਾ॥ ਝਗਰੁ ਕੀਏ ਝਗਰਉ ਹੀ ਪਾਵਾ" (ਪੰ: ੩੪੧)

ਭਵ ਗੁਰੂ ਕੀਆਂ ਸੰਗਤਾਂ ਨੇ ਵੀ ਆਪਸੀ ਵਿਚਾਰ ਅੰਤਰ ਤੇ ਵਿਰੋਧ ਸਮੇਂ ਵੀ, ਆਪਸੀ ਝਗੜਿਆਂ `ਚ ਨਹੀਂ ਉਲਝਣਾ ਬਲਕਿ:-

() "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥॥  ॥ ਇਨੑ ਬਿਧਿ ਪਾਸਾ ਢਾਲਹੁ ਬੀਰ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ" (ਪੰ: ੧੧੮੫)

ਆਦਿ ਗੁਰਬਾਣੀ ਆਦੇਸ਼ਾਂ ਅਨੁਸਾਰ ਹੀ ਆਪਣੀ, ਸਮੂਚੇ ਗੁਰੂ ਕੇ ਪੰਥ ਉਪ੍ਰੰਤ ਸਮੂਚੀ ਮਾਨਵਤਾ ਦੀ ਸੰਭਾਲ ਵੀ ਕਰਣੀ ਹੈ।

ਖ਼ੂਬੀ ਇਹ ਕਿ ਜਿਹੜੀਆਂ ਗੁਰੂ ਕੀਆਂ ਸੰਗਤਾਂ ਨੇ ਆਪਣੇ ਜੀਵਨ ਨੂੰ ਗੁਰਬਾਣੀ-ਗੁਰੂ ਤੋਂ ਜੀਵਨ-ਜਾਚ ਲੈ ਕੇ ਤਿਆਰ ਕਰਣਾ ਅਤੇ ਆਪਸੀ ਪਿਆਰ ਵਧਉਣੇ ਸਨ ਜਿਸ ਤੋਂ ਕਿ ਉਹ ਦੂਜਿਆਂ ਤੀਕ ਵੀ ਗੁਰਬਾਣੀ ਵਿਚਾਰਧਾਰਾ ਤੋਂ ਤਿਆਰ ਆਪਣੇ ਜੀਵਨ ਦੀ ਠੰਡਕ ਪਹੁੰਚਾ ਸਕਦੇ।

ਅੱਜ ਉਹ ਆਪ, ਆਪਣੇ ਘਰ `ਚ ਹੀ:-

() "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" (ਪੰ: ੪੬੮) ਤੋਂ ਵੀ ਟੱਪ ਕੇ

() "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ" (ਪੰ: ੧੧੦੫) ਆਦਿ ਗੁਰਬਾਣੀ ਫ਼ੁਰਮਾਨਾ ਦੀ ਵਿਆਖਿਆ ਅਨੁਸਾਰ:-

ਅਗਿਆਨਤਾ ਦੇ ਅੰਨੇ ਖੂਹ `ਚ ਡਿੱਗੇ ਹੋਏ ਹਊਮੈ `ਚ ਗੜੁੱਚ ਹੋਏ ਆਪਸੀ ਲੜਾਈ-ਝਗੜਿਆਂ, ਧੜੇ-ਬੰਦੀਆਂ, ਟੰਗ-ਖਿੱਚੀ, ਸਿਰ-ਫਟੋਲਾਂ ਬਲਕਿ ਇੱਕ ਦੂਜੇ ਦੀਆਂ ਪੱਗਾਂ ਤੀਕ ਉਤਾਰਣ `ਚ ਵੀ ਲੱਗੇ ਹੋਏ ਹਨ।

ਤਾਂ ਤੇ ਕਰਤਾਪੁਰਖ ਦੇ ਚਰਣਾ `ਚ ਹੀ ਅਰਦਾਸ ਤੇ ਜੋਦੜੀ ਹੈ ਕਿ ਅਕਾਲਪੁਰਖ ਆਪ ਬਖ਼ਸ਼ਿਸ਼ ਕਰਕੇ ਇਨ੍ਹਾਂ ਨੂੰ ਸੁਮੱਤ ਬਖ਼ਸ਼ੇ:-

ਤਾ ਕਿ ਆਪਣੇ ਆਪ ਨੂੰ ਗੁਰੂ ਕੀ ਸਿੱਖਿਆ ਦੇ ਸਿੱਖ ਅਤੇ ਦਾਅਵੇਦਾਰ ਅਖਵਾਉਣ ਵਾਲੀਆਂ ਗੁਰੂ ਕੀਆਂ ਇਹ ਸੰਗਤਾਂ ਆਪਣੇ ਪਿਛੋਕੜ ਵਾਂਙ ਸਚਮੁਚ ਗੁਰਬਾਣੀ ਵਿਚਾਰਧਾਰਾ ਆਧਾਰਤ ਜੀਵਨ ਦਾ ਅਨੰਦ ਆਪ ਵੀ ਮਾਨਣ ਅਤੇ

ਨਾਲ-ਨਾਲ ਅੱਗੇ ਵੱਧ ਕੇ, ਉਸ ਅਨੰਦ ਨੂੰ ਉਸ ਅਨੰਦ ਦੀ ਹੱਕਦਾਰ ਸਮੂਚੀ ਲੋਕਾਈ ਨੂੰ ਵੀ ਵੰਡ ਸਕਣ। (ਚਲਦਾ) #234P-XXXXVII-02.17-0217#P47v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXVII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਸੰਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.