.

ਸ਼ਰਧਾ ਜਾਂ ਸ਼ਰਾਰਤ

ਜਦੋਂ ਤੋਂ ਮਨੁੱਖ ਨੂੰ ਪੜ੍ਹਨ ਲਿਖਣ ਦੀ ਸੋਝੀ ਆ ਗਈ। ਉਸ ਨੇ ਲੰਘ ਚੁੱਕੇ ਸਮੇ ਦੀਆ ਘਟਨਾਵਾਂ ਨੂੰ ਲਿਖਣਾ ਸੁਰੂ ਕਰ ਦਿੱਤਾ। ਇਹ ਘਟਨਾਵਾਂ ਪੀੜ੍ਹੀ ਦਰ ਪੀੜ੍ਹੀ ਸਾਨੂੰ ਪੜ੍ਹਨ ਨੂੰ ਮਿਲਦੀਆ ਰਹੀਆਂ ਤੇ ਸਾਡਾ ਇਤਿਹਾਸ ਬਣ ਗਈਆਂ। ਸਮੇ-ਸਮੇ ਦੇ ਲਿਖਾਰੀਆਂ ਨੇ ਅਪਣਾਂ ਅਤੇ ਦੁਸਰੀਆ ਕੌਮਾਂ ਦਾ ਇਤਿਹਾਸ ਲਿਖਿਆ। ਚਲਾਕ ਅਤੇ ਸਵਾਰਥੀ ਲਿਖਾਰੀਆਂ ਨੇ ਕਈ ਮਨਘੜਤ ਗੱਪਾਂ ਇਸ ਤਰੀਕੇ ਨਾਲ ਇਤਿਹਾਸ ਬਣਾਂ ਕਿ ਪਾਠਕਾ ਸਾਹਮਣੇ ਰੱਖੀਆਂ ਕਿ ਆਉਣ ਵਾਲੀਆ ਪੀੜੀਆਂ ਉਸ ਨੂੰ ਸੱਚ ਹੀ ਸਮਝਣ ਲੱਗ ਪਈਆਂ। ਉਦਾਹਰਨ ਦੇ ਤੋਰ ਤੇ ਮੈ ਅਪਣੇ ਨਾਲ ਬੀਤੀ ਇੱਕ ਸੱਚੀ ਘਟਨਾਂ ਹੀ ਪਾਠਕਾ ਨਾਲ ਸਾਝੀ ਕਰ ਰਿਹਾ ਹਾਂ। ਮੇਰੀ ਆਦਤ ਹੈ ਕਿ ਮੈ ਹਰ ਮਹੀਨੇ ਕੱਪੜੇ ਜਾਂ ਹੋਰ ਚੀਜਾ ਖਰੀਦਣ ਨਾਲੋ ਪੁਸਤਕਾ ਖਰੀਦਣ ਨੂੰ ਵੱਧ ਤਰਜੀਹ ਦਿੰਦਾ ਹਾਂ। ਪਿਛਲੇ ਦੀਨੀ ਮੈ ਗੁਰਦੁਆਰਾ ਫਤਹਿਗੜ੍ਹ ਸਾਹਿਬ ਗਿਆ ਤਾਂ ਬਸ ਅੱਡੇ ਵਾਲੀਆਂ ਦੁਕਾਨਾਂ ਤੋ ਇੱਕ ਪੁਸਤਕ ਖਰੀਦ ਲਿਆਇਆ। ਇਸ ਪੁਸਤਕ ਦਾ ਨਾਮ ਸੀ ਭਾਈ ਸਾਹਿਬ ਭਾਈ ਸੰਤੋਖ ਸਾਹਿਬ ਜੀ ਰਚਿਤ “ਸ੍ਰੀ ਦਸਮ ਗੁਰੁ ਚਮਤਕਾਰ” ਜੋ ਕਿ ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਅੰਮ੍ਰਿਤਸਰ ਵਾਲਿਆ ਵੱਲੋ ਪ੍ਰਕਾਸ਼ਤ ਕੀਤੀ ਗਈ ਹੈ। ਇਸ ਪੁਸਤਕ ਦੇ ਪਹਿਲੇ ਵੀਹ ਕੁ ਪੰਨੇ ਪੜ੍ਹ ਕਿ ਲੇਖਕ ਦੇ ਵਿਕਾਉ ਜਾਂ ਚਾਲਬਾਜ ਜਾਂ ਅੰਨੀ ਸ਼ਰਧਾ ਵਿੱਚ ਡੁਬੇ ਹੋਣ ਦਾ ਸਾਫ ਹੀ ਪਤਾ ਲੱਗ ਜਾਦਾ ਹੈ। ਇੱਕ ਹੋਰ ਗੱਲ ਮੈ ਪਹਿਲਾਂ ਹੀ ਪਾਠਕਾ ਨੂੰ ਦੱਸਣੀ ਚਾਹਾਗਾਂ ਕਿ ਸ਼ਰਧਾਵਾਨ ਸਿੱਖਾਂ ਨੂੰ ਮੇਰੀ ਗੱਲ ਸੂਲ ਵਾਗ ਚੁਭੇਗੀ ਕਿਉਕਿ ਸ਼ਰਧਾ ਅੰਨੀ ਹੰਦੀ ਹੈ। ਜਿਸ ਦੀ ਤਰੋ ਤਾਜਾ ਉਦਾਹਰਨ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਖੇ ਵੇਖਣ ਨੂੰ ਮਿਲੀ ਹੈ। ਇੱਕ ਸ਼ਰਧਾਵਾਨ ਬੀਬੀ ਸੁਰਜੀਤ ਕੌਰ ਅਰੋੜਾ ਨੇ 1212 ਗ੍ਰਾਮ ਸੋਨੇ ਦਾ ਹਾਰ ਭੇਟ ਕੀਤਾ ਜਿਸ ਦੀ ਕੀਮਤ 41 ਲੱਖ ਰੁਪਏ ਸੀ। 41 ਸਕਿੰਟਾ ਵਿੱਚ ਹੀ ਇਸ ਬੀਬੀ ਨੇ 41 ਲੱਖ ਰੁਪਿਆ ਉਹਨਾਂ ਲੋਕਾਂ ਨੂੰ ਸੋਪ ਦਿੱਤਾ ਜੋ ਬੰਦੇ ਜਾਂ ਮਰਦ ਕਹਾਉਣ ਦੇ ਲਾਇਕ ਹੀ ਨਹੀ ਹਨ। ਬੀਬੀ ਜੀ, ਗੁਰੁ ਸਾਹਿਬ ਤਾਂ ਆਖ ਰਹੇ ਹਨ ਕਿ “ਅਕਲੀ ਕੀਚੈ ਦਾਨੁ” (ਪੰਨਾ 1245) ਭਗਤ ਕਬੀਰ ਜੀ ਆਖਦੇ ਸਨ “ਕੰਚਨ ਸਿਉ ਪਾਈਐ ਨਹੀ ਤੋਲਿ॥ ਮਨੁ ਦੇ ਰਾਮੁ ਲੀਆ ਹੈ ਮੋਲਿ॥” ਭਾਵ ਕਿ ਸੋਨਾਂ ਸਾਵਾ ਤੋਲ ਕਿ ਵੱਟੇ ਵਿੱਚ ਦਿੱਤਿਆ ਰੱਬ ਨਹੀ ਮਿਲਦਾ। ਮੈ ਤਾਂ (ਕਬੀਰ ਜੀ ਨੇ) ਅਪਣਾ ਮਨ ਦੇ ਕਿ ਰੱਬ ਲੱਭਾ ਹੈ। ਹੋਰ ਵੇਖੋ ਗੁਰੁ ਨਾਨਕ ਪਾਤਸ਼ਾਹ ਜੀ ਆਖਦੇ ਹਨ “ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨ॥ ਭੂਮਿ ਦਾਨ ਗਊਆ ਘਣੀ ਭੀ ਅੰਤਰ ਗਰੁਬ ਗੁਮਾਨੁ॥ ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ॥ ਭਾਵ ਜੇ ਮੈ (ਨਾਨਕ) ਸੋਨੇ ਦੇ ਕਿਲੇ ਦਾਨ ਕਰਾਂ ਬਹੁਤ ਸਾਰੇ ਵਧੀਆ ਘੋੜੇ ਤੇ ਹਾਥੀ ਦਾਨ ਕਰਾਂ। ਜਮੀਨ ਦਾਨ ਕਰਾਂ, ਬਹੁਤ ਸਾਰੀਆਂ ਗਉਆਂ ਦਾਨ ਕਰਾ। ਇਸ ਦਿਤੇ ਹੋਏ ਦਾਨ ਦਾ ਮੇਰੇ ਮਨ ਅੰਦਰ ਅਹੰਕਾਰ ਬਣ ਸਕਦਾ ਹੈ।
ਸ਼ਰਧਾਵਾਨ ਦੀ ਸੋਚ ਕੋਈ ਬਹੁਤੀ ਚੰਗੀ ਨਹੀ ਹੰਦੀ। ਉਸ ਨੇ ਤਾਂ ਗੁਰੁ ਸਾਹਿਬ ਅੱਗੇ ਭੇਟਾ ਰੱਖ ਕਿ ਦੁਧ ਪੁਤ ਦੀ ਦਾਤ ਵੀ ਮੰਗਣੀ ਹੰਦੀ ਹੈ। ਅਪਣੇ ਕਾਰੋਬਾਰਾ ਦੀ ਅਰਦਾਸ ਵੀ ਕਰਵਾਉਣੀ ਹੰਦੀ ਹੈ। ਮੁੰਡੇ ਜਾਂ ਕੁੜੀ ਦੇ ਵਿਆਹ ਲਈ ਵੀ ਅਰਦਾਸ ਕਰਵਾਉਣੀ ਹੰਦੀ ਹੈ। ਅਪਣੀ ਸਿਹਤ ਦੀ ਤੰਦਰੁਸਤੀ ਲਈ ਪਖੰਡ ਪਾਠ ਵੀ ਸੁਖਣਾ ਹੁੰਦਾ ਹੈ। ਸ਼ਰਧਾਵਾਨ ਲਈ ਗੁਰੂਦੁਆਰਾ ਇੱਕ ਪੁਜਾ ਸਥਾਨ ਹੰਦਾ ਹੈ ਜਿਥੇ ਜਾ ਕਿ ਉਸ ਨੇ ਅਪਣੇ ਇਸ਼ਟ ਦੀ ਅਰਾਧਨਾ ਕਰਨੀ ਹੰਦੀ ਹੈ। ਪਰ ਗਿਆਨਵਾਨ ਇਹ ਸਭ ਕੁੱਝ ਨਹੀ ਕਰਦਾ। ਉਸ ਨੇ ਅਪਣੀ ਸਮਰੱਥਾ ਅਨੁਸਾਰ ਅਪਣਾ ਦਸਵੰਧ ਲੋੜਵੰਦ ਜਾਂ ਗਰੀਬ ਦੇ ਮੂੰਹ ਵਿੱਚ ਪਾਉਣਾ ਹੰਦਾ ਹੈ। ਗੁਰਬਾਣੀ ਆਖਦੀ ਹੈ “ਭਗਤਾ ਕੀ ਚਾਲ ਨਿਰਾਲੀ”॥ ਗਿਆਨਵਾਨ ਉਸ ਰਸਤੇ ਨਹੀ ਤੁਰਦਾ ਜਿਸ ਰਸਤੇ ਦੁਨੀਆ ਵਾਹ ਵਾਹ ਖੱਟਣ ਲਈ ਤੁਰਦੀ ਹੈ। ਹੋ ਸਕਦਾ ਹੈ ਭਾਈ ਸੰਤੋਖ ਸਿੰਘ ਜੀ ਵੀ ਸ਼ਰਧਾਵਾਨ ਸਿੱਖਾਂ ਦੀ ਹੀ ਕਤਾਰ ਵਿੱਚ ਅਉਦੇ ਹੋਣ। ਤੇ ਸਾਡੀ ਸਿਰਮੋਰ ਕਮੇਟੀ ਦੇ ਮਹਾਨ ਪ੍ਰਧਾਨ ਜੀ ਤਾਂ 29 ਅਕਤੁਬਰ ਨੂੰ ਭਾਈ ਸੰਤੋਖ ਸਿੰਘ ਜੀ ਦੀ ਯਾਦ ਵਿੱਚ ਮਹਾਨ ਮਹਾਨ ਸਮਾਗਮ ਵੀ ਕਰਵਾ ਚੁਕੇ ਹਨ। ਸ੍ਰੀ ਦਸਮ ਗੁਰੂ ਚਮਤਕਾਰ ਸੱਚਮੁਚ ਹੀ ਚਮਤਕਾਰਾ ਨਾਲ ਭਰੀ ਹੋਈ ਪੁਸਤਕ ਹੈ। ਇਸ ਦੇ ਅਰੰਭ ਵਿੱਚ ਗੁਰੁ ਜੀ ਅਪਣੇ ਪਿਛਲੇ ਜਨਮ ਦਾ ਹਾਲ ਦੱਸਦੇ ਹਨ ਜਿਸ ਦਾ ਆਧਾਰ ਦਸਮ ਗ੍ਰੰਥ ਵਿੱਚਲੇ ਬਚਿਤਰ ਨਾਟਕ ਨੂੰ ਬਣਾਇਆ ਗਿਆ ਹੈ। ਲਿਖਾਰੀ ਇਸ “ਬਚਿਤਰ ਨਾਟਕ” ਲਿਖਤ ਨੂੰ ਬਹੁਮੁਲੀ ਇਤਿਹਾਸਕ ਲਿਖਤ ਦੱਸਦਾ ਹੈ। ਜਿਸ ਗੁਰੁ ਪਾਤਸ਼ਾਹ ਜੀ ਦਾ ਉਪਦੇਸ਼ ਸਿਖਾਉਦਾ ਹੈ ਕਿ ਦੇਵੀ ਦੇਵਾ ਮੂਲੁ ਹੈ ਮਾਇਆ॥ (ਪੰਨਾ 129) ਉਸੇ ਗੁਰੁ ਸਾਹਿਬ ਜੀ ਨੂੰ ਪਿਛਲੇ ਜਨਮ ਵਿੱਚ ਲਿਖਾਰੀ ਜੀ ਨੇ ਦੇਵੀ ਦਾ ਉਪਾਸ਼ਕ ਬਣਾ ਦਿੱਤਾ। ਹੋਰ ਤਾਂ ਹੋਰ ਲਿਖਾਰੀ ਜੀ ਨੇ ਤਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਨੂੰ ਵੀ ਯੋਗ ਸਾਧਨਾਂ ਅਤੇ ਤਪੱਸਿਆ ਕਰਦੇ ਵਿਖਾ ਦਿੱਤਾ। ਲਿਖਾਰੀ ਜੀ ਲਿਖਦੇ ਹਨ “ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ”॥ ਚਲੋ ਜੇ ਨਾਂ ਮੰਨਣ ਯੋਗ ਗੱਲ ਨੂੰ ਮੰਨ ਵੀ ਲਈਏ ਕਿ ਗੁਰੁ ਸਾਹਿਬ ਜੀ ਨੂੰ ਅਪਣਾ ਪਿਛਲਾ ਜਨਮ ਯਾਦ ਸੀ ਤੇ ਉਹ ਤਪ ਆਦਿਕ ਕਰਿਆ ਕਰਦੇ ਸਨ ਫਿਰ ਅਗਲੇ ਜਨਮ ਵਿੱਚ ਗੁਰੁ ਸਾਹਿਬ ਜੀ ਨੇ ਅਪਣੇ ਸਿੱਖਾ ਨੂੰ ਜਾਂ ਖਾਲਸਾ ਪੰਥ ਨੂੰ ਕਿਉ ਨਾਂ ਹੁਕਮ ਕੀਤਾ ਕਿ ਉਹ ਤਪ ਕਰਿਆ ਕਰਨ ਤੇ ਕਾਲਕਾ ਦੇਵੀ ਦੀ ਪੂਜਾ ਕਰਿਆ ਕਰਨ। ਇਸ ਤਰਾ ਦੀਆ ਬੇਅੰਤ ਹੀ ਗੱਪਾ ਇਸ ਪੁਸਤਕ ਦੀ ਸ਼ਾਨ ਹਨ ਜਿਸ ਦੀਆ ਪਰਤਾਂ ਹੋਲੀ ਹੋਲੀ ਖੁਲਦੀਆਂ ਹੀ ਰਹਿਣਗੀਆ। ਜੇ ਅਸੀਂ ਅਪਣੇ 24 ਘੰਟਿਆਂ ਵਿੱਚੋ ਕੇਵਲ 30 ਕੁ ਮਿੰਟ ਹੀ ਇਹਨਾ ਪੁਸਤਕਾਂ ਦਾ ਸੁਚੇਤ ਹੋ ਕਿ ਅਧਿਐਨ ਕਰ ਲਈਏ ਤਾਂ ਬੜੇ ਹੀ ਸੋਖੇ ਤਰੀਕੇ ਨਾਲ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਹੈ। ਮਨੁੱਖਤਾ ਨੂੰ ਮੁਰਖ ਬਣਾਉਣ ਵਿੱਚ ਸਭ ਤੋ ਵੱਡਾ ਹੱਥ ਪੁਜਾਰੀਆਂ ਅਤੇ ਚਲਾਕ ਲਿਖਾਰੀਆਂ ਦਾ ਹੈ ਤੇ ਪੁਜਾਰੀਆਂ ਕੋਲ ਸਭ ਤੋਂ ਵੱਡਾ ਹਥਿਆਰ ਹੈ ਧਰਮ।
ਮਨੁੱਖਤਾ ਨੂੰ ਇੱਕ ਹੋਰ ਅਹਿਮ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਪੁਜਾਰੀ ਸ਼੍ਰੇਣੀ ਹਮੇਸ਼ਾ ਹੀ ਧਰਮ ਦਾ ਨੁਕਸਾਨ ਕਰਦੀ ਆਈ ਹੈ। ਪੁਜਾਰੀਆਂ ਨੇ ਆਮ ਲੋਕਾਈ ਨੂੰ ਧਾਰਮਿਕ ਡਰਾਬੇ ਦੇ ਕਿ ਹਮੇਸ਼ਾ ਲੁਟਿਆ ਹੀ ਹੈ। ਇਤਿਹਾਸ ਵਿੱਚ ਮਿਥਿਹਾਸ ਦੀ ਰਲਾਵਟ ਵੀ ਸਭ ਤੋ ਵੱਧ ਪੁਜਾਰੀ ਵਰਗ ਨੇ ਹੀ ਕੀਤੀ।
ਇਸ ਗੱਲ ਤੋ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਹਰ ਕੋਮ ਦੇ ਇਤਿਹਾਸ ਵਿੱਚ ਰਲਾਵਟ ਕਰਨਾ ਮੁੱਢ ਤੋ ਹੀ ਚੱਲਿਆ ਆ ਰਿਹਾ ਹੈ। ਇਸ ਸੱਚਾਈ ਦੀ ਪ੍ਰੌੜ੍ਹਤਾ ਯਹੂਦੀ ਇਸਾਈ ਅਤੇ ਮੁਸਲਮਾਨ ਆਦਿ ਮਤਾਂ ਦੀਆ ਪੁਸਤਕਾਂ ਪੜ੍ਹ ਕਿ ਆਮ ਹੀ ਹੋ ਜਾਦੀ ਹੈ। ਕੂਏਨਨ ਅਤੇ ਵੈਲ ਦੋ ਯਹੂਦੀ ਵਿਦਵਾਨਾ ਨੇ ਇਹ ਸਿੱਧ ਕਰ ਦਿੱਤਾ ਸੀ ਕਿ “ਪੁਰਾਣਾ ਅਹਿਦਨਾਮਾ” ਨਾਮੀ ਪੁਸਤਕ ਵਿੱਚ ਵੀ ਵਾਧਾ-ਘਾਟਾ ਕੀਤਾ ਗਿਆ ਹੈ। ਈਸਾਈਆ ਨੇ ਹਜਰਤ ਈਸਾ ਦੇ ਮਗਰੋ ਮਨਘੜਤ ਬਾਰਾ ਅੰਜੀਲਾਂ ਬਾਰਾ ਸ਼ਾਗਿਰਦਾ ਦੇ ਨਾਮ ਤੇ ਬਣਾ ਦਿਤੀਆ। ਦਾਰਸ਼ਨਿਕ ਸੈਨਿਕਾਂ ਨੂੰ ਸੈਟ ਪਾਲ ਦਾ ਚੇਲਾ ਸਿੱਧ ਕਰਨ ਲਈ ਪਾਦਰੀ (ਪੁਜਾਰੀਆ) ਨੇ ਸੈਕੜੇ ਚਿਠੀਆ ਮਨਘੜ੍ਹਤ ਹੀ ਲਿਖ ਕਿ ਕਿਤਾਬਾ ਵਿੱਚ ਦਰਜ ਕਰ ਲਈਆਂ। ਮੁਸਲਿਮ ਫਿਰਕਿਆ ਦੀ ਆਪਸੀ ਵੰਡ ਨੇ ਇਤਿਹਾਸ ਵਿੱਚ ਕਈ ਵਾਧੇ-ਘਾਟੇ ਕੀਤੇ। ਸੁੰਨੀਆਂ ਨੇ ਸ਼ੀਆਂ ਨੂੰ ਨੀਵਾਂ ਵਿਖਾਉਣ ਲਈ ਇਹਨਾਂ ਦੇ ਇਮਾਮਾਂ ਨੂੰ ਬੁਰਾ ਲਿਖਿਆ ਤੇ ਸ਼ੀਆਂ ਨੇ ਸੁੰਨੀਆਂ ਦੇ ਖਲੀਫਿਆ ਦੀ ਬੁਰਿਆਈ ਕੀਤੀ ਅਤੇ ਅਪਣੇ-ਅਪਣੇ ਕਥਨ ਨੂੰ ਸੱਚਾ ਸਿੱਧ ਕਰਨ ਲਈ ਇਹ ਸਭ ਕੁੱਝ ਹਜਰਤ ਮੁਹੰਮਦ ਜੀ ਦੇ ਮੂੰਹੋ ਨਿਕਲਿਆ ਹੋਇਆ ਸਿੱਧ ਕਰ ਦਿੱਤਾ। ਜਿਵੇ ਕਈ ਚਲਾਕ ਪੁਜਾਰੀਆ ਨੇ ਬਚਿਤਰ ਨਾਟਕ ਉਰਫ ਦਸਮ ਗ੍ਰੰਥ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਰਚਨਾਂ ਸਿੱਧ ਕੀਤਾ ਹੋਇਆ ਹੈ ਸੱਚਾਈ ਜਾਨਣ ਲਈ ਸਿੱਖਾਂ ਨੂੰ ਦਸਮ ਗ੍ਰੰਥ ਦਾ ਲਿਖਾਰੀ ਕੋਣ (ਚਾਰ ਭਾਗ ਲੇਖਕ ਜਸਵਿੰਦਰ ਸਿੰਘ ਜੀ ਦੁਬਈ) ਪੁਸਤਕ ਜਰੂਰ ਪੜ੍ਹਨੀ ਚਾਹੀਦੀ ਹੈ। ਇੱਕ ਹੋਰ ਅਹਿਮ ਗੱਲ ਇਹ ਹੈ ਕਿ ਕਿਸੇ ਪੁਸਤਕ ਵਿੱਚ ਲਿਖੀ ਤੇ ਛਪੀ ਹੋਈ ਘਟਨਾ ਨੂੰ ਬਿਨਾ ਸੋਚੇ ਸਮਝੇ ਉਸ ਨੂੰ ਸਹੀ ਮੰਨ ਲੈਣ ਨਾਲ ਕਾਫੀ ਮਾਨਸਿਕ ਨੁਕਸਾਨ ਹੂੰਦਾ ਹੈ। ਗੁਰੂ ਸਾਹਿਬ ਜੀ ਵੀ ਆਖਦੇ ਹਨ ਕਿ “ਅਕਲੀ ਸਾਹਿਬ ਸੇਵਿਐ” ਪਰ ਅਸੀ ਹਰ ਅਨਪੜ੍ਹ ਬਾਬੇ ਸਾਧ ਜਾਂ ਪ੍ਰਚਾਰਕ ਦੀ ਗੱਲ ਨੂੰ ਬਿਨਾ ਰੋਕ ਟੋਕ ਦੇ ਸਹੀ ਮੰਨ ਲੈਦੇ ਹਾਂ ਅਸੀ ਖੋਜੀ ਨਹੀ ਹਾਂ। ਜੋ ਇਤਿਹਾਸ ਵਿੱਚ ਲਿਖਿਆ ਹੋਇਆ ਸਾਨੂੰ ਮਿਲਿਆ ਅਸੀ ਉਸ ਉਪਰ ਭਰੋਸਾ ਕਰ ਲਿਆ। ਬੁਬਨੇ ਸਾਧਾ, ਸੰਤਾ ਨੇ ਅਪਣੇ ਤੋ ਪਹਿਲਾ ਹੋ ਚੁਕੇ ਸਾਧਾ ਨੂੰ ਹੀ ਰੱਬ ਬਣਾ ਦਿੱਤਾ। ਕੀ ਸਹੀ ਹੈ, ਕੀ ਗਲਤ ਹੈ ਇਸ ਦਾ ਫੇਸਲਾ ਮੈ ਜਾਂ ਤੁਸੀ ਨਹੀ ਕਰ ਸਕਦੇ ਇਸਦਾ ਫੈਸਲਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧਾਰ ਬਣਾ ਕਿ ਹੀ ਕਰਨਾਂ ਹੋਵੇਗਾ। ਇਤਿਹਾਸ ਕਿਸੇ ਵੀ ਕੋਮ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਹੂੰਦਾ ਹੈ। ਇਤਿਹਾਸ ਆਉਣ ਵਾਲੀ ਪੀੜ੍ਹੀ ਨੂੰ ਅਪਣੇ ਪੁਰਖਿਆਂ ਨਾਲ ਮਿਲਾਉਦਾ ਹੈ ਪਰ ਅਸੀ ਬੜ੍ਹੇ ਹੀ ਆਲਸੀ ਹੋਈ ਬੇਠੈ ਹਾਂ ਜਿਸ ਵਿੱਚ ਮੈ ਵੀ ਸ਼ਾਮਲ ਹਾਂ। ਸਿੱਖ ਇਤਿਹਾਸ ਵਿੱਚ ਵੀ ਰੱਜ ਕਿ ਰਲਾਵਟ ਕੀਤੀ ਗਈ ਹੈ ਕਿਸੇ ਵੀ ਧਰਮ ਪੁਸਤਕ ਜਾਂ ਲਿਖਿਾਰੀਆਂ ਦੀਆਂ ਕਿਤਾਬਾ ਨੂੰ ਘੋਖਿਆ ਨਹੀ ਜਾ ਰਿਹਾ। ਸਭ ਤੋ ਵੱਡੀ ਮਾਰ ਇਹ ਹੈ ਕਿ ਸਾਨੂੰ ਪੁਸਤਕਾ ਨਾਲ ਪਿਆਰ ਹੀ ਨਹੀ ਹੈ। ਜਦੋ ਮੈ ਇਤਿਹਾਸ ਦੀ ਐਮ. ਏ ਕਰ ਰਿਹਾ ਸੀ ਤਾ ਮੈ ਇਹ ਕਦੇ ਵੀ ਨਹੀ ਸੋਚਿਆ ਕਿ ਮੈ ਡਿਗਰੀ ਜਾਂ ਨੋਕਰੀ ਹਾਸਲ ਕਰਨ ਲਈ ਪੜ੍ਹ ਰਿਹਾ ਹਾਂ। ਮੇਰੇ ਲਈ ਸਿਲੇਬਸ ਦੀਆਂ ਪੁਸਤਕਾਂ ਪੜ੍ਹਨਾ ਕੋਈ ਵੱਡੀ ਗੱਲ ਨਹੀ ਸੀ ਭਾਵੇ ਕਿ ਇਹਨਾ ਵਿੱਚ ਵੀ ਕਾਫੀ ਗਿਆਨ ਭਰਿਆ ਹੋਇਆ ਸੀ ਮੈਨੂੰ ਇਤਿਹਾਸ ਪੜ੍ਹਨਾਂ ਬਹੁਤ ਹੀ ਚੰਗਾ ਲਗਦਾ ਸੀ ਤੇ ਇਹ ਮੇਰੀ ਆਦਤ ਅਤੇ ਸ਼ੋਕ ਬਣ ਚੁਕਾ ਸੀ। ਇਸ ਸਮੇ ਦੋਰਾਨ ਹੀ ਮੈ ਸਮਝ ਲਿਆ ਸੀ ਕਿ “ਕਾਜੀ ਕੁੜ੍ਹ ਬੋਲ ਕਿ ਮਲ” ਖਾ ਰਹੇ ਹਨ ਤੇ “ਰਾਜੇ ਸ਼ੀ” ਬਣੇ ਹੋਏ ਹਨ। ਇਹਨਾਂ ਹਾਲਤਾ ਵਿੱਚ ਇਤਿਹਾਸ ਦੀ ਮੋਤ ਹੋਣਾ ਲਾਜਮੀ ਹੈ। ਤੁਸੀ ਦੋਸਤ ਨੂੰ ਦੋਸਤ ਦੀ ਤਾਰੀਫ ਕਰਦਿਆ ਸੁਣਿਆ ਹੋਵੇਗਾ ਪਰ ਦੁਸ਼ਮਣ ਨੂੰ ਦੁਸ਼ਮਣ ਦੀ ਤਾਰੀਫ ਕਰਦਿਆ ਕਦੇ ਵੀ ਨਹੀ ਸੁਣਿਆ ਹੋਵੇਗਾ ਪਰ ਇਤਿਹਾਸ ਵਿੱਚ ਕਈ ਅਜਿਹੀਆਂ ਘਟਨਾਵਾ ਵੀ ਦਰਜ ਹਨ ਜਿਸ ਦਾ ਜਿਕਰ ਕਰਦਿਆ ਗੈਰ ਸਿੱਖਾਂ ਨੇ ਵੀ ਸਿੱਖਾਂ ਦੀ ਤਾਰੀਫ ਕੀਤੀ ਹੈ (ਪੜ੍ਹੋ ਪੁਸਤਕ ਜੰਗਨਾਮਾਂ ਕਾਜੀ ਨੂਰ ਮੁਹੰਮਦ) ਕਿਸੇ ਮਨੁੱਖ ਦੀ ਧੰਨ ਦੋਲਤ ਲੁਟੀ ਜਾਵੇ ਤਾਂ ਦੁਬਾਰਾ ਮਿਹਨਤ ਅਤੇ ਉਦਮ ਸਦਕਾ ਹਾਸਲ ਕੀਤੀ ਜਾਂ ਸਕਦੀ ਹੈ। ਪਰ ਜੇ ਕਿਸੇ ਦਾ ਸਹੀ ਇਤਿਹਾਸ ਅਤੇ ਸੱਚਾ ਇਤਿਹਾਸ ਲੁਟ ਲਿਆ ਜਾਵੇ ਤਾਂ ਉਸ ਨੂੰ ਪ੍ਰਾਪਤ ਕਰਨਾਂ ਬਹੁਤ ਹੀ ਮੁਸ਼ਕਲ ਕੰਮ ਹੋ ਜਾਦਾ ਹੈ। ਆਵੋ ਯਤਨ ਕਰੀਏ ਕਿ ਸਾਡੇ ਇਤਿਹਾਸ ਵਿੱਚ ਜੋ ਰਲਾਵਟ ਹੋ ਹਈ ਹੈ ਉਸ ਨੂੰ ਸੋਧਿਆ ਜਾਵੇ। ਕੰਮ ਕੋਈ ਮੁਸ਼ਕਮ ਨਹੀ ਹੈ। ਗੁਰੁ ਸਾਹਿਬ ਵੱਲੋ ਬਖਸ਼ੇ ਗਿਆਨ ਸਦਕਾ ਅਸੀ ਕਲਮ ਦੀ ਜੰਗ ਬੜੇ ਹੀ ਅਰਾਮ ਨਾਲ ਜਿੱਤ ਸਕਦੇ ਹਾਂ। ਗੁਰੁ ਸਾਹਿਬ ਜੀ ਦੀ ਕ੍ਰਿਪਾ ਸਦਕਾ ਇਸ ਤਰਾ ਦੀਆਂ ਝੂਠੀਆਂ ਗੱਪਾਂ ਜੋ ਗੁਰੁ ਜੀ ਦੇ ਪਾਕ ਪਵਿਤਰ ਜੀਵਨ ਨਾਲ ਜੋੜੀਆਂ ਗਈਆਂ ਹਨ ਲੱਭ ਕੇ ਪਾਠਕਾ ਦੀ ਕਚਿਹਰੀ ਵਿੱਚ ਅੱਗੇ ਵਾਸਤੇ ਵੀ ਰੱਖੀਆ ਜਾਣਗੀਆਂ।
ਹਰਪ੍ਰੀਤ ਸਿੰਘ (ਐਮ ਏ ਇਤਿਹਾਸ)
ਮੋਬਾਇਲ ਨੰ 9814702271
ਸ਼ਬਦ ਗੁਰੁ ਵੀਚਾਰ ਮੰਚ ਸੋਸਾਇਟੀ (ਰਜਿ) ਫਤਹਿਗੜ੍ਹ ਸਾਹਿਬ




.