.

ਸਿੱਖੀ-ਸਿਧਾਂਤ --ਗ੍ਰਿਹਸਤ-ਮਾਰਗ

00000: ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ॥ ਮ 5॥ ਪੰ507॥

‘ਅਕਾਲ-ਪੁਰਖ’ ਆਪ -- ਅਜ਼ਰ-ਅਮਰ-ਅਜੋਨੀ ਹੈ, ਜੋਨੀਆਂ ਵਿੱਚ ਨਹੀਂ ਆਉਂਦਾ, ਪਰ

ਸਰਬ ਵਿਆਪਿੱਕ ਹੋਣ ਕਰਕੇ ਸਾਰਿਆ ਵਿੱਚ ਸਮਾਇਆ ਹੋਇਆ ਹੈ, ਇਸ ਲਈ ਸੱਭ ਤੋਂ ਵੱਡਾ

ਗ੍ਰਿਹਸਤੀ ਹੈ।

00000: ਗ੍ਰਿਹਸਤ = ਗ੍ਰਿਹ + ਸਤ = ਘਰ + ਸਚ = ਸੱਚਾ-ਸੁੱਚਾ ਘਰ। ਜਿਥੇ ਕੋਈ ਮਾੜਾ ਕਰਮ ਜਾਂ

ਵਿੱਭਚਾਰ ਨਾ ਹੁੰਦਾ ਹੋਵੇ।

00000: ਗ੍ਰਿਹਸਤੀ – ਸੱਚੇ-ਸੁੱਚੇ ਘਰ ਵਿਚ ਇੱਕ ਦੂਜੇ ਪ੍ਰਤੀ ਵਫ਼ਾਦਾਰੀ ਅਤੇ ਰਜ਼ਾਮੰਦੀ ਨਾਲ ਰਹਿਣ ਵਾਲੇ

ਇੱਕ ਨਰ ਅਤੇ ਇੱਕ ਮਾਦਾ -ਦੰਪਤੀ, ਪਤੀ-ਪਤਨੀ।

** ਅਕਾਲ-ਪੁਰਖ, ਕੁੱਦਰਤ ਦੀ ਬਣਾਈ ਇਸ ਕਾਇਨਾਤ ਵਿੱਚ ਜੋ ਦਿੱਸਦਾ ਜਾਂ ਅਣਦਿੱਸਦਾ ਪੈਦਾ ਕੀਤਾ ਗਿਆ ਹੈ, ਉਹ ਸਾਰਾ ਕੁੱਝ ਨਾਸ਼ਵਾਨ ਹੈ। ਹਰ ਇੱਕ ਸ਼ੈਅ ਦੀ ਉੱਮਰ ਹੈ, ਆਪਣੀ ਉਮਰ ਭੋਗ ਕੇ ਹਰ ਸ਼ੈਅ ਨੇ ਖਤਮ ਹੋ ਜਾਣਾ ਹੈ।

** ਕੁੱਦਰਤ ਨੇ ਇਸ ਸੰਸਾਰ ਵਿੱਚ ਜੋ ਵੀ ਜੀਵ-ਜੰਤੂ, ਪਸੂ-ਪੰਛੀ, ਪੇੜ-ਪੌਦੇ, ਜਾਨਵਰ-ਮਨੁੱਖ, … ਪਾਣੀ ਅਤੇ ਪਾਣੀ ਤੋਂ ਬਾਹਰ ਧਰਤੀ ਉੱਪਰ ਪੈਦਾ ਕੀਤੇ, ਉਹਨਾਂ ਵਿੱਚ ਇਹ ਗੁਣ ਵੀ ਪਾ ਦਿੱਤਾ ਕਿ ਉਹ ਆਪਣੀ ਕਿਸਮ ਦੇ/ ਆਪਣੇ ਵਰਗੇ ਹੋਰ ਜੀਵ-ਜੰਤੂ, ਪਸੂ-ਪੰਛੀ, ਪੇੜ-ਪੌਦੇ, ਜਾਨਵਰ-ਮਨੁੱਖ ਪੈਦਾ ਕਰ ਸਕਦੇ ਸਨ/ਹਨ।

** ਅੱਜ ਦੀ ਸਾਇੰਸ ਦੇ ਮੁਤਾਬਿੱਕ 8. 7 ਮਿਲੀਅਨ ਜੂਨੀਆਂ/ਸ਼੍ਰੇਣੀਆਂ, ਪਾਣੀ ਅਤੇ ਪਾਣੀ ਤੋਂ ਬਾਹਰ ਧਰਤੀ ਉੱਪਰ ਹਨ (ਕੁੱਝ ਵੱਧ ਘੱਟ ਵੀ ਹੋ ਸਕਦੀਆਂ ਹਨ)।

** ਕਰੋੜਾਂ ਸਾਲ ਪਹਿਲਾਂ, ਜਦੋਂ ਤੋਂ ਇਸ ਧਰਤੀ ਉੱਪਰ ਜੀਵਨ ਸ਼ੁਰੂ ਹੋਇਆ, ਕੁੱਦਰਤ ਨੇ ਹਰ ਜੂਨੀ/ਸ਼੍ਰੇਣੀ ਵਿੱਚ ਦੋ ਤਰਾਂ ਦੇ ਜੀਵ ਪੈਦਾ ਕੀਤੇ, ਨਰ ਅਤੇ ਮਾਦਾ, (ਮੇਲ ਅਤੇ ਫੀਮੇਲ)। ਇਹਨਾਂ ਨਰ ਅਤੇ ਮਾਦਾ ਸਰੀਰਾਂ ਵਿੱਚ ਪ੍ਰਜ਼ਨਨ ਕਰਨ-ਕਰਾਉਣ ਦੇ ਗੁਣ ਵੀ ਪਾਏ। ਆਪਣੇ ਵਰਗੀ ਕਿਸਮ ਪੈਦਾ ਕਰਨ ਲਈ ਦੋਨਾਂ ਨਰ ਅਤੇ ਮਾਦਾ ਸਰੀਰਾਂ ਦਾ ਆਪਸੀ ਮਿਲਾਪ-ਸੰਬੰਧ ਜਰੂਰੀ ਸੀ, ਕਿਉਂਕਿ ਨਰ ਸਰੀਰ ਦੇ ਪਾਸ ਬੀਜ ਹੈ ਅਤੇ ਮਾਦਾ ਸਰੀਰ ਦੇ ਪਾਸ ਧਰਤੀ ਹੈ। ਕਿਸੇ ਵੀ ਬੀਜ ਦੇ ਉੱਗਣ ਲਈ ਧਰਤੀ ਚਾਹੀਦੀ ਹੈ।

** ਨਰ ਅਤੇ ਮਾਦਾ ਸਰੀਰਾਂ ਦੇ ਆਪਸੀ ਮਿਲਾਪ ਲਈ ਵੀ ਕਿਸੇ ਖਿੱਚ/ਕਸ਼ਿੱਸ/ਆਕਰਸ਼ਨ ਦਾ ਹੋਣਾ ਵੀ ਜਰੂਰੀ ਸੀ, ਜੋ ਕੁੱਦਰਤ ਨੇ ਦੋਨੋਂ ਨਰ-ਮਾਦਾ ਸਰੀਰਾਂ ਵਿੱਚ ਇਸ ਖਿੱਚ ਦੇ ਗੁਣ ਵੀ ਸਰੀਰ ਦੀ ਬਣਤਰ ਦੇ ਨਾਲ ਹੀ ਪਾਉਣੇ ਕੀਤੇ। ਨਰ-ਮਾਦਾ ਸਰੀਰਾਂ ਦੇ ਜਵਾਨ ਹੋਣ ਦੇ ਨਾਲ ਹੀ ਇਹ ਸਰੀਰਾਂ ਵਿੱਚ ਪਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ। ਮਨੁੱਖਾ ਸਮਾਜ ਵਿੱਚ ਇਸ ਨੂੰ ਕਾਮ ਜਾਂ ਸੈਕਸ ਦਾ ਨਾਂ ਵੀ ਦਿੱਤਾ ਗਿਆ ਹੈ। ਸਭਿਆ ਮਨੁੱਖਾ ਸਾਮਾਜ ਵਿੱਚ ਇਸਨੂੰ ਗ੍ਰਿਹਸਤ ਜੀਵਨ ਵੀ ਕਿਹਾ ਜਾਂਦਾ ਹੈ।

** ਨਰ ਅਤੇ ਮਾਦਾ ਦੇ ਸਰੀਰਾਂ ਵਿੱਚ ਦੇ ਆਪਸੀ ਮੇਲ ਮਿਲਾਪ ਦੇ ਸੰਬੰਧਾਂ ਕਰਕੇ ਨਵੇਂ ਮਨੁੱਖਾ ਜੀਵਨ ਦਾ ਆਗਾਜ਼/ਆਉਣਾ ਹੁੰਦਾ ਰਹਿੰਦਾ ਹੈ, ਆਪਣੀ ਉਮਰ ਹੰਢਾ ਚੁੱਕੇ ਪੁਰਾਣੇ ਸਰੀਰ ਇਸ ਸੰਸਾਰ ਤੋਂ ਰੁੱਖਸੁੱਤ ਹੁੰਦੇ ਰਹਿੰਦੇ ਹਨ, ਭਾਵ ਖਤਮ ਹੋ ਜਾਂਦੇ ਹਨ, ਮਰ ਜਾਂਦੇ ਹਨ। ਨਵੇਂ ਸਰੀਰ ਜਨਮ ਲੈਂਦੇ ਰਹਿੰਦੇ ਹਨ। ਇਸ ਸੰਸਾਰ ਦਾ ਇਹ ਸਾਈਕਲ ਚੱਕਰ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ, ਅਤੇ ਚੱਲਦਾ ਰਹੇਗਾ।

** ਨਰ ਜੀਵ ਦੇ ਪਾਸ ਮਜ਼ਬੂਤ ਇਰਾਦੇ ਦੇ ਨਾਲ ਬਹਾਦਰੀ ਹੈ, ਮਾਦਾ ਜੀਵ ਦੇ ਪਾਸ ਸੁੰਦਰਤਾ ਅਤੇ ਮਮਤਾ ਹੈ। ਕੁੱਦਰਤ ਨੇ ਦੋਨਾਂ ਨਰ ਅਤੇ ਮਾਦਾ ਨੂੰ ਆਪਣੀ-ਆਪਣੀ ਜਗਹ ਸਰੀਰਿਕ ਗੁਣਾਂ ਨਾਲ ਸੰਪੰਨਤਾ ਦਿੱਤੀ ਹੈ। ਜੀਵ ਉਤਪੱਤੀ ਲਈ ਨਰ ਅਤੇ ਮਾਦਾ ਜੀਵਾਂ ਦਾ ਆਪਸੀ ਸਰੀਰਿਕ ਸੰਬੰਧ ਬਨਾਉਣਾ ਜਰੂਰੀ ਹੈ। ਇਹ ਸਰੀਰਿਕ ਸੰਬੰਧ ਵੀ ਨਰ ਅਤੇ ਮਾਦਾ ਜੀਵਾਂ ਦੀ ਆਪਸੀ ਸਹਿਮਤੀ ਬਿਨਾਂ ਨਹੀਂ ਬਣਾਏ ਜਾ ਸਕਦੇ। ਕੁੱਦਰਤ ਦੀ ਖੇਡ ਵੀ ਬੜੀ ਅਜੀਬ ਹੈ, ਕਈਆਂ ਸ਼੍ਰੇਣੀਆਂ ਵਿੱਚ ਨਰ, ਮਾਦਾ ਨਾਲੋਂ ਤਾਕਤਵਰ ਹੋਣ ਕਰਕੇ, ਮਜ਼ਬੂਤ ਹੋਣ ਕਰਕੇ, ਮਾਦਾ ਨਾਲ ਸੈਕਸ ਦੇ ਮਾਮਲੇ ਵਿੱਚ ਧੱਕਾ ਕਰ ਸਕਦੇ ਹਨ, ਧੱਕਾ ਹੁੰਦਾ ਵੀ ਹੈ। ਇਹ ਜਿਆਦਾਤਰ ਮਨੁੱਖਾ ਸ਼੍ਰੇਣੀ ਵਿੱਚ ਹੀ ਹੁੰਦਾ ਹੈ, ਬਾਕੀ ਦੀਆਂ ਸਾਰੀਆਂ ਸ਼੍ਰੇਣੀਆਂ ਆਪਣਾ ਕੁੱਦਰਤੀ ਜੀਵਨ ਜਿਉਂਦੀਆਂ ਹਨ। ਸਮੇਂ ਦੇ ਅਨੁਸਾਰੀ ਬਾਕੀ ਸ਼੍ਰੇਣੀਆਂ ਵਿੱਚ ਸਰੀਰਿਕ ਬਦਲਾਅ ਦੇ ਕਾਰਨ ਨਰ ਅਤੇ ਮਾਦਾ ਦਾ ਸੰਬੰਧ ਬਣਦਾ ਰਹਿੰਦਾ ਹੈ ਅਤੇ ਇਹਨਾਂ ਸ਼੍ਰੇਣੀਆਂ ਵਿੱਚ ਵਾਧਾ ਹੁੰਦਾ ਰਹਿੰਦਾ ਹੈ।

** ਮਨੁੱਖ ਨੇ ਆਪਣੇ ਆਪ ਨੂੰ ਸਭਿਅਕ ਸਮਝਦੇ ਹੋਏ, ਨਰ ਅਤੇ ਮਾਦਾ ਦੇ ਰਿਸ਼ਤੇ ਨੂੰ ਇੱਕ ਪਵਿਤਰ ਰਿਸ਼ਤਾ ਮੰਨਿਆ, ਇਸ ਲਈ ਕੁੱਝ ਕਾਅਦੇ ਕਾਨੂੰਨ ਬਨਾਉਣੇ ਕੀਤੇ, ਜਿਹਨਾਂ ਨੂੰ ਸਖ਼ਤੀ ਨਾਲ ਮਨੁੱਖਾ-ਸਾਮਾਜ ਵਿੱਚ ਲਾਗੂ ਕੀਤਾ।

** ਇਹਨਾਂ ਕਾਇਦੇ ਕਾਨੂੰਨਾਂ ਕਰਕੇ ਨਰ ਅਤੇ ਮਾਦਾ ਮਨੁੱਖਾਂ ਦੀਆਂ ਇੱਕ-ਦੂਜੇ ਪ੍ਰਤੀ, ਦੀਆਂ ਜ਼ਿੰਮੇਂਵਾਰੀਆਂ ਵਿੱਚ ਵਾਧਾ ਹੋਇਆ। ਦੋਨਾਂ ਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਪੈਂਦਾ ਹੈ। ਘਰ-ਬਾਹਰ ਦੀਆਂ ਜ਼ਿੰਮੇਂਵਾਰੀਆਂ ਵਿੱਚ ਦੋਨਾਂ ਨੂੰ ਤਾਲਮੇਲ ਬਣਾ ਕੇ ਚੱਲਣਾ ਪੈਂਦਾ ਹੈ।

** ਇਹਨਾਂ ਕਾਇਦੇ ਕਾਨੂੰਨਾਂ ਕਰਕੇ ਮਨੁੱਖਾ ਸਾਮਾਜ ਵਿੱਚ ਇੱਕ ਮਰਿਆਦਾ ਕਾਇਮ ਹੋ ਗਈ ਕਿ ਕਿਸੇ ਵੀ ਇੱਕ ਨਰ ਦੀ ਮਾਦਾ ਵੱਲ, ਕੋਈ ਹੋਰ ਦੂਸਰਾ ਨਰ ਆਪਣੀ ਕਾਮੁੱਕ ਨਜ਼ਰ ਨਾ ਰੱਖ ਸਕੇ। ਜੇ ਕੋਈ ਕਰਦਾ ਤਾਂ ਉਸ ਲਈ ਯੋਗ ਸਜ਼ਾ ਦਾ ਪ੍ਰਬੰਧ ਕੀਤਾ ਗਿਆ।

** ਇਸ ਤਰਾਂ ਮਨੁੱਖ ਨੇ ਆਪਣੇ ਮਨੁੱਖਾ ਸਾਮਾਜ ਲਈ ਮਨੁੱਖੀ ਰਿਸ਼ਤਿਆਂ ਦੇ ਵਧੀਆ ਤਰੀਕੇ ਨਾਲ ਨਿਭਾਉਣ ਦਾ ਇੱਕ ਵਧੀਆ ਪ੍ਰਬੰਧ ਕਰ ਲਿਆ।

** ਵਧੀਆ ਪ੍ਰਬੰਧ ਹੋਣ ਦੇ ਬਾਵਯੂਦ ਅੱਜ ਵੀ ਇਸ ਸੰਸਾਰ ਵਿੱਚ ਮਨੁੱਖ ਗਲਤ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਸਿਵਾਏ ਮਨੁੱਖ ਤੋਂ ਬਾਕੀ ਸਾਰੇ ਜੀਵ ਆਪਣਾ ਕੁੱਦਰਤੀ ਜੀਵਨ ਕੁੱਦਰਤੀ ਕਾਇਦੇ ਕਾਨੂੰਨਾਂ ਦੇ ਅਨੁਸਾਰ ਹੀ ਜਿਉਂਦੇ ਹਨ, ਪਰ ਕੁੱਝ ਮਨੁੱਖ ਗਲਤ ਰਸਤੇ ਉੱਪਰ ਚੱਲਣਾ ਸ਼ਾਇਦ ਆਪਣੀ ਸ਼ਾਨ ਸਮਝਦੇ ਹਨ।

### ਅਕਾਲ ਪੁਰਖ ਆਪ ਸੈਭੰ ਹੈ, ਆ-ਜਨਮਾ ਹੈ ਭਾਵ ਜਨਮ ਤੋਂ ਰਹਿਤ ਹੈ।

## ਬਾਕੀ ਸਾਰੀ ਕਾਇਨਾਤ, ਸ੍ਰਿਸ਼ਟੀ, ਦੁਨੀਆ ਦੇ ਜੀਵ ਆਉਂਣੇ-ਜਾਣੇ ਹਨ ਭਾਵ ਮਾਤਾ ਪਿਤਾ ਦੇ ਆਪਸੀ ਸੰਬੰਧਾਂ ਕਰਕੇ ਮਾਤਾ ਦੇ ਗਰਭ ਵਿੱਚ ਦੀ ਹੀ ਜਨਮ ਲੈਂਦੇ ਹਨ ਅਤੇ ਆਪਣੀ ਉੱਮਰ ਭੋਗਕੇ ਮਰ ਜਾਂਦੇ ਹਨ।

ਗੁਰਬਾਣੀ ਫ਼ੁਰਮਾਨ ਹੈ:

** ਭਰਮਿ ਭੂਲੇ ਨਰ ਕਰਤ ਕਚਰਾਇਣ॥

ਜਨਮ ਮਰਣ ਤੇ ਰਹਤ ਨਾਰਾਇਣ॥ 1॥ ਰਹਾਉ॥ ਮ 5॥ ਪੰ 1136॥

** ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥ ਮ 5॥ ਪੰ 1136॥

** ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ 1॥ ਮ 5॥ ਪੰ 283॥

** ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ॥ 2॥ ਮ 5॥ ਪੰ 816॥

### ਕੁੱਦਰਤ ਦੇ ਕਾਇਦੇ-ਕਾਨੂੰਨ ਦੇ ਅਨੁਸਾਰ ਕੋਈ ਵੀ ਮਨੁੱਖ-ਇਨਸਾਨ, ਜੋ ਪੰਜ ਭੂਤਕ ਸਰੀਰ ਦਾ ਮਾਲਿਕ ਹੈ, ਮਾਂ-ਬਾਪ ਦੇ ਸਰੀਰਿਕ ਸੰਬੰਧਾਂ/ਮਿਲਾਪ ਬਿਨਾਂ ਇਸ ਮਨੁੱਖਾ ਸੰਸਾਰ ਵਿੱਚ ਨਹੀਂ ਆ ਸਕਦਾ। ਅੱਜ ਤੱਕ ਜੋ ਵੀ ਮਨੁੱਖ/ਇਨਸਾਨ ਇਸ ਸੰਸਾਰ ਵਿੱਚ ਆਏ ਹਨ, ਸਾਰੇ ਨਰ ਅਤੇ ਮਾਦਾ ਦੇ ਮਿਲਾਪ ਕਰਕੇ ਹੀ ਆਏ ਸਨ ਅਤੇ ਭਵਿੱਖ ਵਿੱਚ ਵੀ ਇਸੇ ਪ੍ਰਕਿਰਿਆ ਦੇ ਤਹਿਤ ਹੀ ਆਉਣਗੇ। ਇਸ ਪ੍ਰਕਿਰਿਆ ਦੇ ਅਮਲ ਵਿੱਚ ਆਏ ਬਿਨਾਂ ਕੋਈ ਵੀ ਮਨੁੱਖਾ ਸਰੀਰ ਸੰਸਾਰ ਵਿੱਚ ਨਹੀਂ ਆ ਸਕਦਾ। ਮਨੁੱਖ ਕੋਈ ਪੇੜ ਪੌਦਾ ਨਹੀਂ ਜੋ ਧਰਤੀ ਵਿਚੋਂ ਉੱਗ ਆਏਗਾ। ਇਸ ਲਈ ਤਾਂ ਬਕਾਇਦਾ ਇੱਕ ਮਾਂ ਦੀ ਕੁੱਖ ਚਾਹੀਦੀ ਹੈ, ਫਿਰ ਮਾਂ ਦੀ ਕੁੱਖ ਵਿੱਚ 270 ਦਿਨਾਂ ਵਿੱਚ ਮਨੁੱਖ ਦੀ ਬਣਤਰ ਹੋਂਦ ਵਿੱਚ ਆਉਂਦੀ ਹੈ, ਤਾਂ ਇਸ ਮਨੁੱਖਾ ਸੰਸਾਰ ਵਿੱਚ ਆਉਣਾ ਕਰਦਾ ਹੈ।

(ਹੋਰਨਾਂ ਕਈ ਮਜ਼ਹਬਾਂ-ਧਰਮਾਂ ਵਿੱਚ ਇਸ ਤਰਾਂ ਦੀਆਂ ਬਹੁਤ ਕਥਾ ਕਹਾਣੀਆਂ ਪ੍ਰਚੱਲਤ ਹਨ ਕਿ ਮਾਂ-ਬਾਪ ਦੇ ਮਿਲਾਪ ਤੋਂ ਬਿਨਾਂ ਹੀ ਬੱਚੇ ਪੈਦਾ ਹੋ ਗਏ, ਜੋ ਕੁੱਦਰਤੀ ਵਿਧੀ-ਵਿਧਾਨ ਦੇ ਤਹਿਤ ਨਾ-ਮੁੰਮਕਿੰਨ ਹੈ, ਪਰ ਕਈ ਮੱਤ ਇਸ ਤਰਾਂ ਦੀਆਂ ਕਥਾ ਕਹਾਣੀਆਂ ਨੂੰ ਮੰਨਦੇ ਹਨ। ਕੁੱਦਰਤੀ ਵਿਧੀ-ਵਿਧਾਨ ਦੇ ਤਹਿਤ ਸਾਰੀਆਂ ਹੀ ਸ਼੍ਰੇਣੀਆਂ ਦੇ ਜੀਵ-ਜੰਤੂ, ਪਸੂ-ਪੰਛੀ, ਪੇੜ-ਪੌਦੇ, ਜਾਨਵਰ-ਮਨੁੱਖਾਂ, ਵਿੱਚ ਨਰ ਅਤੇ ਮਾਦਾ ਦੇ ਮਿਲਾਪ ਕਰਕੇ ਹੀ ਇਹਨਾਂ ਸ਼੍ਰੇਣੀਆਂ ਵਿੱਚ ਅੱਗੇ ਤੋਂ ਅੱਗੇ ਇਹਨਾਂ ਵਰਗੇ ਹੋਰ ਜੀਆਂ ਦਾ ਆਉਣਾ ਮੁੰਮਕਿੰਨ ਹੋ ਪਾਉਂਦਾ ਹੈ।

ਗੁਰਬਾਣੀ ਫ਼ੁਰਮਾਨ:

** ਜੈਸੇ ਮਾਤ ਪਿਤਾ ਬਿਨੁ ਨ ਹੋਈ॥ ਕਬੀਰ ਜੀ॥ ਪੰ 872॥

** ਮਾ ਕੀ ਰਕਤੁ ਪਿਤਾ ਬਿਦੁ ਧਾਰਾ॥ ਮੂਰਤਿ ਸੂਰਤਿ ਕਰਿ ਆਪਾਰਾ॥ ਮ 1॥ ਪੰ 1022॥

** ਨਰ ਅਤੇ ਮਾਦਾ ਦੇ ਸਰੀਰਿਕ ਮਿਲਾਪ ਸਮੇਂ ਨਰ ਦੇ ਸਰੀਰ ਚੋਂ ਵੀਰਯ/ਬਿੰਦ ਰਾਂਹੀ ਸ਼ੁਕਰਾਨੂੰ, ਮਾਦਾ ਦੇ ਕੁੱਖ ਵਿੱਚ ਆਏ ਆਂਡੇ ਤੱਕ ਪਹੁੰਚਦੇ ਹਨ। ਇਸ ਵੀਰਯ ਵਿੱਚ ਹਜ਼ਾਰਾਂ ਹੀ ਸ਼ੁਕਰਾਨੂੰ ਹੁੰਦੇ ਹਨ, ਕੋਈ ਇੱਕ ਸਿਹਤਵੰਦ ਸ਼ੁਕਰਾਨੂੰ ਅੰਡੇ ਵਿੱਚ ਪਰਵੇਸ਼ ਕਰ ਪਾਉਂਦਾ ਹੈ। (ਕਦੇ ਕਦੇ ਇੱਕ ਤੋਂ ਵੱਧ ਸ਼ੁਕਰਾਨੂੰਆਂ ਦਾ ਪ੍ਰਵੇਸ਼ ਵੀ ਹੋ ਸਕਦਾ ਹੈ) ਅੰਡੇ ਵਿੱਚ ਪ੍ਰਵੇਸ਼ ਤੋਂ ਬਾਅਦ ਉਸ ਸ਼ੁਕਰਾਨੂੰ ਦੀ ਮਨੁੱਖਾ ਸਰੀਰ ਵਿੱਚ ਆਉਣ ਵਾਲੀ ਬਣਤਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਕੁੱਦਰਤੀ ਤੌਰ ਤੇ ਇਸ ਪ੍ਰਕਿਰਿਆ ਨੂੰ ਪੂਰੀ ਹੋਣ ਨੂੰ 9 ਮਹੀਨੇ ਦਾ ਸਮਾਂ ਲੱਗਦਾ ਹੈ।

### ਸਾਰੇ ਧਰਮਾਂ/ਮਜ਼ਹਬਾਂ ਵਿੱਚ ਮਨੁੱਖ ਦੇ ਜਨਮ ਲੈਣ ਬਾਰੇ ਅਲੱਗ ਅਲੱਗ ਤਰਾਂ ਦੀਆਂ ਭਰਮਾਤੀਆਂ ਜੁੜੀਆਂ ਹੋਈਆਂ ਹਨ। ਸਾਰੇ ਮਜ਼ਹਬਾਂ/ਧਰਮਾਂ/ਕਬੀਲਿਆਂ ਦੇ ਆਪਣੇ ਅਲੱਗ ਅਲੱਗ ਰੀਤੀਆਂ ਰਸਮੋ-ਰਿਵਾਜ਼ ਹਨ। ਪਰ ਬੱਚੇ ਸਾਰਿਆਂ ਦੇ ਇਕੋ ਤਰੀਕੇ ਮਾਂ ਦੀ ਕੋਖ ਵਿਚੋਂ ਹੀ ਪੈਦਾ ਹੁੰਦੇ ਹਨ। ਬਾਅਦ ਵਿੱਚ ਪਰੀਵਾਰਕ ਰੀਤੀ ਰਿਵਾਜ਼ਾਂ ਦੇ ਅਨੁਸਾਰ ਬੱਚੇ ਨੂੰ ਸਿੱਖ, ਹਿੰਦੂ, ਮੁਸਲਮਾਨ, ਕਰਿੱਸਚੀਅਨ, ਜੈਨੀ, ਬੌਧੀ, ਪਾਰਸੀ ਬਣਾ ਦਿੱਤਾ ਜਾਂਦਾ ਹੈ, ਪਰ ਮਨੁੱਖ ਤਾਂ ਮਨੁੱਖ ਹੀ ਰਹਿੰਦਾ ਹੈ, ਉਸਦੀ ਸੋਚ ਵਿੱਚ ਇਹ ਧਰਮ ਦਾ ਕੀੜਾ ਵਾੜ ਦਿੱਤਾ ਜਾਂਦਾ ਹੈ।

***********: ਸਿੱਖ ਸਮਾਜ ਵਿੱਚ (ਸਿੱਖੀ) ਗੁਰਮੱਤ ਅਸੂਲਾਂ ਦੇ ਅਨੁਸਾਰ, ਕਿਸੇ ਵੀ ਗੁਰਮੱਤ ਅਸੂਲਾਂ ਦੇ ਧਾਰਨੀ ਸਿੱਖ-ਗੁਰਸਿੱਖ ਲਈ ਗ੍ਰਿਹਸਤ ਜੀਵਨ ਦਾ ਧਾਰਨੀ ਹੋਣਾ, ਗ੍ਰਿਹਸਤ ਮਾਰਗ ਉੱਪਰ ਚਲਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ।

** ਸਿੱਖ ਸਮਾਜ ਵਿੱਚ ਵੀ ਗੁਰੁ ਸਾਹਿਬਾਨਾਂ ਦੇ ਗ੍ਰਿਹਸਤ ਜੀਵਨ ਪ੍ਰਤੀ ਬਹੁਤ ਸਾਰੀਆਂ ਮਨਘੜੰਤ ਕਹਾਣੀਆਂ, ਜੋ ਸਨਾਤਨ ਮੱਤ ਦੇ ਅਨੁਸਾਰੀ ਨਿਰਮਲੇ ਸੰਪਰਦਾ ਦੇ ਧਾਰਨੀ ਲੋਕਾਂ ਅਤੇ ਵਿਹਲੜ ਸਾਧਾਂ ਨੇ ਫੈਲਾਈਆਂ ਹੋਈਆਂ ਹਨ, ਪ੍ਰਚੱਲਤ ਹਨ। ਬਹੁਤ ਸਾਰੇ ਸਿੱਖ ਮੱਤ ਦੇ ਧਾਰਨੀ ਵੀ ਇਹਨਾਂ ਕਹਾਣੀਆਂ ਵਿੱਚ ਵਿਸ਼ਵਾਸ ਰੱਖਦੇ ਹਨ।

** 10 ਗੁਰੂ ਸਾਹਿਬਾਨਾਂ ਵਿਚੋਂ ਅੱਠਵੇਂ ਗੁਰੁ ਸਾਹਿਬ ਤੋਂ ਸਿਵਾ ਬਾਕੀ ਸਾਰੇ ਗੁਰੂ ਸਾਹਿਬਾਨ ਸ਼ਾਦੀ-ਸੁਦਾ ਸਨ। ਗ੍ਰਿਹਸਤ ਜੀਵਨ ਵਿੱਚ ਹੋਣ ਕਰਕੇ ਹੀ ਉਹਨਾਂ ਦੇ ਬੱਚੇ ਸਨ। ਬੱਚਿਆ ਦੀਆਂ ਸ਼ਾਦੀਆਂ ਹੋਈਆਂ, ਬੱਚਿਆਂ ਦੇ ਬੱਚੇ ਵੀ ਹੋਏ।

** ਗੁਰੁ ਨਾਨਕ ਸਾਹਿਬ ਜੀ ਦੇ 2 ਬੱਚੇ, ਉਹਨਾਂ ਦੇ ਪ੍ਰਚਾਰ ਫੇਰੀਆਂ ਤੋਂ ਪਹਿਲਾਂ ਹੋ ਚੁੱਕੇ ਸਨ।

** ਗੁਰੁ ਅੰਗਦ ਸਾਹਿਬ ਜੀ ਦੇ 4 ਬੱਚੇ, ਗੁਰੁ ਪਦਵੀ ਨੂੰ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਸਨ।

** ਗੁਰੁ ਅਮਰਦਾਸ ਸਾਹਿਬ ਜੀ ਦੇ 4 ਬੱਚੇ ਵੀ ਗੁਰੂ ਪਦਵੀ ਨੂੰ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਸਨ।।

** ਗੁਰੁ ਰਾਮਦਾਸ ਸਾਹਿਬ ਜੀ ਦੇ 3 ਬੱਚੇ, ਗੁਰੂ ਪਦਵੀ ਨੂੰ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਸਨ।

** ਗੁਰੁ ਅਰਜਨ ਸਾਹਿਬ ਜੀ ਦੇ 1 ਬੱਚਾ, ਗੁਰੂਪਦਵੀ ਨੂੰ ਪ੍ਰਾਪਤ ਹੋਣ ਤੋਂ ਬਾਅਦ ਵਿੱਚ ਹੋਇਆ।

** ਗੁਰੁ ਹਰਗੋਬਿੰਦ ਸਾਹਿਬ ਜੀ ਦੇ 6 ਬੱਚੇ, ਗੁਰੂਪਦਵੀ ਨੂੰ ਪ੍ਰਾਪਤ ਹੋਣ ਤੋਂ ਬਾਅਦ ਵਿੱਚ ਹੋਏ।

** ਗੁਰੁ ਹਰਿਰਾਇ ਸਾਹਿਬ ਜੀ ਦੇ 2 ਬੱਚੇ, ਗੁਰੂਪਦਵੀ ਨੂੰ ਪ੍ਰਾਪਤ ਹੋਣ ਤੋਂ ਬਾਅਦ ਵਿੱਚ ਹੋਏ।

** ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਛੋਟੀ ਉੱਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ। ਸ਼ਾਦੀ ਨਹੀਂ ਹੋਈ।

** ਗੁਰੂ ਤੇਗਬਹਾਦਰ ਸਾਹਿਬ ਜੀ ਦੇ 1 ਬੱਚਾ, ਗੁਰੂਪਦਵੀ ਨੂੰ ਪ੍ਰਾਪਤ ਹੋਣ ਤੋਂ ਬਾਅਦ ਵਿੱਚ ਹੋਇਆ।।

** ਗੁਰੁ ਗੋਬਿੰਦ ਸਿੰਘ ਜੀ ਦੇ 4 ਬੱਚੇ, ਗੁਰੂਪਦਵੀ ਨੂੰ ਪ੍ਰਾਪਤ ਹੋਣ ਤੋਂ ਬਾਅਦ ਵਿੱਚ ਹੋਏ।

### ਇਸ ਤਰਾਂ ਬੜੀ ਬਾਖ਼ੂਬੀ ਨਾਲ ਸਾਰੇ ਗੁਰੂ ਸਾਹਿਬਾਨਾਂ ਨੇ ਗ੍ਰਿਹਸਤ ਮਾਰਗ ਅਪਨਾਕੇ ਨਿਭਾਉਣਾ ਕੀਤਾ। ਸਿੱਖ ਸਮਾਜ ਵਿੱਚ ਸਿੱਖਾਂ ਲਈ ਪੂਰਨੇ ਪਾਉਣੇ ਕੀਤੇ।

%%%%: ਛੇਵੇਂ ਗੁਰੂ ਸਾਹਿਬ ਜੀ ਬਾਰੇ ਐਸੀ ਮਨਮੱਤ ਭਰੀ ਸਾਖੀ ਹੈ ਉਹਨਾਂ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਇਆ ਸੀ। ਜੋ ਕੋਰੀ ਗਪੌੜ ਹੈ, ਇਸ ਵਿੱਚ ਰੱਤੀ ਭਰ ਵੀ ਸਚਾਈ ਨਹੀਂ। ਗੁਰਬਾਣੀ ਵਰ ਸਰਾਪ ਨਹੀਂ ਮੰਨਦੀ। ਕੁੱਦਰਤ ਦੇ ਵਿਧੀ-ਵਿਧਾਨ ਨੂੰ ਫਲੀਭੂਤ ਹੋਣ ਵਿੱਚ ਦੇਰੀ ਹੋ ਸਕਦੀ ਹੈ, ਪਰ ਕਿਸੇ ਮਨੁੱਖ ਦੇ ਸਰੀਰ ਧਾਰਨ ਕਰਨ ਦੀ ਪ੍ਰਕਿਰਿਆ ਇਕੋ ਹੀ ਹੈ। ਨਰ ਅਤੇ ਮਾਦਾ ਦਾ ਆਪਣੀ ਸਰੀਰਿਕ ਸੰਬੰਧ ਭਾਵ ਨਰ ਦੇ ਸ਼ੁਕਰਾਨੂੰ ਅਤੇ ਮਾਦਾ ਦੇ ਆਂਡੇ ਦਾ ਆਪਸੀ ਮਿਲਾਪ ਕਰਾਉਣਾ। (ਅੱਜ ਕੱਲ ਸਾਇੰਸ ਨੇ ਇਹ ਨਰ ਦੇ ਸ਼ੁਕਰਾਨੂੰ ਅਤੇ ਮਾਦਾ ਦੇ ਆਂਡੇ ਦਾ ਆਪਸੀ ਮਿਲਾਪ ਬਾਹਰ ਲਾਬੋਟਰੀ ਵਿੱਚ ਕਰਨਾ-ਕਰਾਉਣਾ ਸੁਰੂ ਕਰ ਦਿੱਤਾ ਹੈ।)

** ਗੁਰਬਾਣੀ ਗੁਰੁ ਗਿਆਨ ਦਾ ਇਹੀ ਸੁਨੇਹਾ ਹੈ, ਸੰਦੇਸ਼ ਹੈ ਹਰ ਸਿੱਖ ਗੁਰਸਿੱਖ ਮਾਈ-ਭਾਈ, ਬੱਚਾ-ਬੱਚੀ ਵਿਆਹ-ਯੋਗ ਉਮਰ ਹੋਣ ਤੇ ਗ੍ਰਹਿਸਤ ਜੀਵਨ ਵਿੱਚ ਪ੍ਰਵੇਸ਼ ਕਰਨਾ ਕਰੇ। ਕੁੱਦਰਤ ਨੇ ਇਸ ਮਨੁੱਖਾ ਸਰੀਰ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੇਹੇ ਸੁਭਾਓ/ਬਿਰਤੀਆਂ ਪਾਈਆਂ ਹਨ, ਜੋ ਮਨੁੱਖ ਦੀ ਉੱਮਰ ਅਤੇ ਸਮੇਂ ਦੇ ਅਨੁਸਾਰ ਆਪਣਾ ਅਸਰ ਵਿਖਾਉਂਦੀਆਂ ਰਹਿੰਦੀਆਂ ਹਨ। ਜੇਕਰ ਇਹਨਾਂ ਸੁਭਾਓ/ਬਿਰਤੀਆਂ ਦੀ ਸੁਚੱਜੀ ਵਰਤੋਂ ਕੀਤੀ ਜਾਏ ਤਾਂ ਇਹ ਮਨੁੱਖਾ ਜੀਵਨ ਹਮੇਂਸ਼ਾ ਖਿੜਾਉ ਵਿੱਚ ਰਹਿੰਦਾ ਹੈ। ਅਗਰ ਵਰਤੋਂ ਵਿੱਚ ਅਗਿਆਨਤਾ/ ਅਣਗਹਿਲੀ ਸ਼ਾਮਿਲ ਹੋ ਗਈ ਤਾਂ ਉਹ ਦੁਰਵਰਤੋਂ ਬਣ ਜਾਂਦੀ ਹੈ। ਦੁਰਵਰਤੋਂ ਦਾ ਸਿੱਟਾ ਮਨੁੱਖਾ ਜੀਵਨ ਇੱਕ ਬੋਝ/ ਭਾਰ, ਦੁੱਖਾਂ ਦੀ ਭੱਠੀ ਮਹਿਸੂਸ ਹੋਣ ਲੱਗ ਜਾਂਦੀ ਹੈ।

** ਅੱਜ ਦੇ ਸਿੱਖ ਸਮਾਜ ਵਿੱਚ ਵਿਹਲੜ ਸਾਧੜਿਆਂ ਅਤੇ ਨਿਹੰਙਾਂ ਦੀ ਸੋਚ ਇਸ ਤਰਾਂ ਦੀ ਬਣ ਗਈ ਹੈ ਕਿ ਉਹ ਗ੍ਰਿਹਸਤੀ ਜੀਵਨ ਧਾਰਨ ਨਹੀਂ ਕਰਦੇ। ਗ੍ਰਿਹਸਤੀ ਜੀਵਨ ਧਾਰਨ ਨਾ ਕਰਨ ਦੇ ਪਿੱਛੇ ਹਰ ਮਨੁੱਖ ਦੇ ਆਪਣੇ ਆਪਣੇ ਅਲੱਗ ਅਲੱਗ ਕਈ ਨਿਜ਼ੀ ਕਾਰਨ ਹੋ ਸਕਦੇ ਹਨ। ਕਿਸੇ ਵੀ ਮਨੁੱਖਾ ਸਰੀਰ ਦੇ ਜਵਾਨੀ ਦੀ ਉੱਮਰ ਆਉਣ ਦੇ ਨਾਲ ਸਰੀਰ ਵਿੱਚ ਬਦਲਾਅ ਸੁਰੂ ਹੋ ਜਾਂਦੇ ਹਨ, ਜਿਸ ਨਾਲ ਮਨੁੱਖ ਦੇ ਵਿਚਾਰਾਂ ਵਿੱਚ ਵੀ ਬਦਲਾਅ ਅਉਣਾ ਸੁਰੂ ਹੋ ਜਾਂਦਾ ਹੈ। ਇਹ ਬਦਲਾਅ, ਨਰ ਅਤੇ ਮਾਦਾ ਸਰੀਰਾਂ ਦਾ ਆਪਸੀ ਆਕਰਸ਼ਨ ਦਾ ਕਾਰਨ ਵੀ ਬਣਦਾ ਹੈ। ਜੋ ਕੇ ਇੱਕ ਕੁੱਦਰਤੀ ਪ੍ਰਕਿਰਿਆ ਹੈ, ਹਰ ਮਨੁੱਖਾ ਸਰੀਰ ਵਿੱਚ ਇਹ ਬਦਲਾਅ ਅਤੇ ਆਕਰਸ਼ਨ ਦਾ ਪੈਦਾ ਹੋਣਾ ਸੁਭਾਵਿਕ ਹੈ, ਕੋਈ ਅਣਹੋਣੀ ਨਹੀਂ ਹੈ।

** ਜਦ ਇਹ ਬਦਲਾਅ ਦੀ ਪ੍ਰਕਿਰਿਆ ਮਨੁੱਖਾ ਸਰੀਰਾਂ ਵਿੱਚ ਸੁਭਾਵਿਕ ਹੈ ਤਾਂ ਇਹ ਬਿਹੰਗਯਮ ਵਿਹਲੜ ਸਾਧ ਆਪਣੇ ਆਪ ਨੂੰ ਇਸ ਕੁੱਦਰਤੀ ਪ੍ਰਕਿਰਿਆ ਬਦਲਾਅ ਤੋਂ ਨਿਰਲੇਪ ਕਿਸ ਤਰਾਂ ਰੱਖ ਸਕਦੇ ਹਨ? ? ? ?

** ਕਿਸ ਤਰਾਂ ਬਚ ਸਕਦੇ ਹਨ? ? ?

** ਉੱਮਰ ਦੇ ਅਨੁਸਾਰ ਸਰੀਰਿਕ ਬਦਲਾਅ ਦੇ ਕਾਰਨ ਸਰੀਰਿਕ ਆਕਰਸ਼ਨ ਜਦ ਪੈਦਾ ਹੁੰਦਾ ਹੈ ਤਾਂ ਕਾਮ ਦੇ ਵਿਚਾਰ ਮਨ ਵਿੱਚ ਪੈਦਾ ਹੁੰਦੇ ਹਨ। ਇਹਨਾਂ ਵਿਚਾਰਾਂ ਨੂੰ ਸ਼ਾਂਤ ਕਰਨ ਲਈ ਹੀ ‘ਗੁਰਮੱਤ’ ‘ਸਿੱਖੀ’ ਵਿੱਚ ਗ੍ਰਿਹਸਤੀ ਜੀਵਨ ਧਾਰਨ ਕਰਨ ਲਈ ਸਾਲਾਹ ਦਿੱਤੀ ਗਈ ਹੈ, ਭਾਵ ਵਿਆਹ ਕਰਨਾ (ਇੱਕ ਨਰ ਅਤੇ ਇੱਕ ਮਾਦਾ ਜੀਵਾਂ ਦਾ ਆਪਸੀ ਸਹਿਮਤੀ ਨਾਲ ਇਕੱਠੇ ਰਹਿਣ ਦਾ ਫੈਸਲਾ)। ਮਨੁੱਖਾ ਸਮਾਜ ਵਿੱਚ ਇਹ ਨਰ ਅਤੇ ਮਾਦਾ ਦਾ ਇੱਕ ਘਰ ਵਿੱਚ ਰਹਿਣ ਦਾ ਫੈਸਲਾ, (ਪ੍ਰੀਵਾਰ ਅਤੇ ਸਮਾਜ ਦੇ ਮੈਂਬਰ ਰਲ-ਮਿੱਲ ਕੇ ਵੀ ਕਰ ਸਕਦੇ ਹਨ।) ਤਾਂ ਜੋ ਮਨੁੱਖ ਦੁਰਾਚਾਰੀ ਨਾ ਬਣੇ। ਸਮਾਜ ਵਿੱਚ ਵਿੱਭਚਾਰ ਨਾ ਫੈਲੇ। ਅਗਰ ਮਨੁੱਖ ਦੀ ਇਹ ਕਾਮ ਦੀ ਅੱਗ ਸ਼ਾਂਤ ਨਹੀਂ ਹੋਏਗੀ ਤਾਂ ਮਨੁੱਖ ਜਰੂਰ ਹੀ ਬਾਹਰ ਵੱਲ ਨੂੰ ਮੂੰਹ ਕਰੇਗਾ। ਕਿਸੇ ਹੋਰ ਦੀ ਧੀ- ਭੈਣ ਨਾਲ ਸਰੀਰਿਕ ਸੰਬੰਧ ਬਨਾਉਣ ਦੀ ਚੇਸ਼ਟਾ ਮਨ ਵਿੱਚ ਪ੍ਰਬਲ ਹੋਵੇਗੀ।

** ਗ੍ਰਿਹਸਤੀ ਜੀਵਨ ਧਾਰਨ ਨਾ ਕਰਨ ਦੇ ਨਾਲ ਮਨੁੱਖਾ ਸਮਾਜ ਅੰਦਰ ਬੁਰਿਆਈਆਂ ਚੋਂ ਵਾਧਾ ਹੋ ਰਿਹਾ ਹੈ। ਆਪਣੇ ਆਪ ਨੂੰ ਬਿਹੰਗਯਮ ਅਖਵਾਉਣ ਵਾਲੇ ਆਪਣੀ ਸਰੀਰ ਦੀ ਕਾਮ ਦੀ ਭੁੱਖ ਮਿਟਾਉਣ ਦੀ ਖਾਤਰ ਗਲਤ ਹਰਕਤਾਂ ਅਤੇ ਤਰੀਕੇ ਅਪਨਾਉਂਦੇ ਹਨ। ਸਾਮਾਜ ਵਿੱਚ ਬਦਫੈਲੀਆਂ ਕਰਦੇ ਹਨ।

** ਤੰਦਰੁਸਤ ਸਰੀਰ ਨੂੰ ਸਰੀਰਿਕ ਕਿਰਿਆਵਾਂ ਕਰਦੇ ਕਰਦੇ ਭੁੱਖ ਵੀ ਲੱਗਦੀ ਹੈ, ਕਾਰਨ ਹੈ ਮਿਹਦੇ ਵਿਚੋਂ ਖਾਧੇ ਖਾਣੇ ਦਾ ਅੱਗੇ ਛੋਟੀ ਆਂਤੜੀ/ਨਾੜੀ ਵਿੱਚ ਚਲੇ ਜਾਣਾ। ਮਿਹਦਾ ਖਾਲੀ ਹੈ ਤਾਂ ਹੋਰ ਖਾਣਾ ਖਾਣ ਦੀ ਜਰੂਰਤ ਮਹਿਸੂਸ ਹੁੰਦੀ ਹੈ, ਤਾਂ ਮਨੁੱਖ ਲੋੜ ਅਨੁਸਾਰ ਕੋਈ ਨਾ ਕੋਈ ਖਾਣ ਵਾਲੀ ਚੀਜ਼ ਨਾਲ ਆਪਣੀ ਪੇਟ ਪੂਰਤੀ ਕਰਦਾ ਹੈ।

** ਠੀਕ ਇਸੇ ਤਰਾਂ ਤੰਦਰੁਸਤ ਨੌਜਵਾਨ ਮਨੁੱਖਾਂ ਵਿੱਚ ਉੱਮਰ ਦੇ ਹਿਸਾਬ ਨਾਲ ਕਾਮ ਪ੍ਰਕਿਰਿਆਵਾਂ ਸੁਰੂ ਹੋ ਜਾਂਦੀਆਂ ਹਨ। ਨਰ ਅਤੇ ਮਾਦਾ ਸਰੀਰਾਂ ਵਿੱਚ ਬਦਲਾਅ ਸੁਰੂ ਹੋ ਜਾਂਦੇ ਹਨ। ਇਹਨਾਂ ਬਦਲਾਵਾਂ ਕਰਕੇ ਨੌਜਵਾਨ ਨਰ ਅਤੇ ਮਾਦਾ ਸਰੀਰਾਂ ਦਾ, ਨੌਜਵਾਨ ਨਰ-ਮਾਦਾ ਸਰੀਰਾਂ ਵੱਲ ਝੁਕਾਅ ਵੱਧਦਾ ਹੈ। ਮਨਾਂ ਵਿੱਚ ਤਰਾਂ ਤਰਾਂ ਦੇ ਭਾਵ ਵੀ ਬਣਦੇ ਹਨ। ਨਰ ਮਾਦਾ ਲਈ ਅਤੇ ਮਾਦਾ ਨਰ ਲਈ ਆਪਣੇ ਮਨਾਂ ਵਿੱਚ ਲਲਚਾਉਂਦੇ ਹਨ। ਆਪਣੀਆਂ ਇਹਨਾਂ ਕਾਮ-ਇੱਛਿਆਵਾਂ ਦੀ ਪੂਰਤੀ ਲਈ ਉਹ ਦੋਨੋਂ (ਨਰ-ਮਾਦਾ) ਏਧਰ ਉਧਰ ਹੱਥ ਪੈਰ ਮਾਰਦੇ ਹਨ।

** ਪਰ! ! ਮਨੁੱਖਾ ਸਮਾਜ ਵਿੱਚ ਇਸ ਤਰਾਂ ਦਾ ਮੇਲ-ਮਿਲਾਪ ਪ੍ਰਵਾਨ ਨਹੀਂ ਹੈ, ਇਸ ਦੀ ਇਜ਼ਾਜਤ ਨਹੀਂ ਹੈ। (ਪਰ ਅੱਜ ਵੀ ਲੁਕ-ਛਿੱਪ ਕੇ ਚੋਰੀ ਚੋਰੀ ਸੱਭ ਕੁੱਝ ਹੋ ਰਿਹਾ ਹੈ)

** ਕਾਮ-ਇਛਿਆਵਾਂ ਦੀ ਪੂਰਤੀ ਦਾ ਸਹੀ ਤਰੀਕਾ ਹੈ ‘ਸ਼ਾਦੀ’। ਗ੍ਰਿਹਸਤੀ ਜੀਵਨ ਅਪਨਾਉਂਣਾ।

** ਆਪਣੀ ਉੱਮਰ ਦੇ ਬਰਾਬਰ ਦਾ ਹਾਣੀ ਲੱਭਕੇ (ਨਰ ਲਈ ਮਾਦਾ, ਮਾਦਾ ਲਈ ਨਰ) ਮਨੁੱਖਾ ਸਮਾਜ ਦੇ ਸਾਹਮਣੇ ਦੋਨਾਂ ਵਲੋਂ ਇਹ ਪ੍ਰਣ/ਵਾਧਾ ਕਰਨਾ ਕਿ ਮੈਂ ਤਾ-ਜਿੰਦਗੀ ਇਸਦਾ ਸਾਥ ਨਿਭਾਵਾਂਗਾਂ/ਨਿਭਾਵਾਂਗੀ। ਇਹ ਪ੍ਰਣ-ਵਾਧਾ ਧਾਰਮਿੱਕ ਰਸਮਾਂ ਦੇ ਅਨੁਸਾਰੀ ਕੀਤਾ ਜਾਂਦਾ ਹੈ।

** ਅੱਜ ਕੱਲ ਧਾਰਮਿੱਕ ਰਸਮਾਂ ਨੂੰ ਅਣਦੇਖਾ ਕਰਕੇ ਕੋਰਟਾਂ-ਕਚਾਹਿਰੀਆਂ ਵਿੱਚ ਵੀ ਇਹ ਵਿਆਹ ਸ਼ਾਦੀਆਂ ਦਾ ਕੰਮ ਚੱਲ ਪਿਆ ਹੈ। ਜਿਸਦਾ ਬਕਾਇਦਾ ਸਬੂਤ ਰੱਖਿਆ ਜਾਂਦਾ ਹੈ।

** ਗੱਲ ਤਾਂ ਇਥੇ ਮੁੱਕਦੀ ਹੈ ਕਿ ਮਨੁੱਖਾ ਸਮਾਜ ਵਿੱਚ ਨਰ ਅਤੇ ਮਾਦਾ ਇੱਕੱਠੇ ਰਹਿਣ ਲਈ ਮਨੁੱਖਾ ਸਮਾਜ ਤੋਂ ਇਜ਼ਾਜਤ ਲੈਂਦੇ ਹਨ। ਵਿਆਹ ਦਾ ਲਾਇਸੈਂਸ ਜਾਂ ਸਰਟੀਫੀਕੇਟ ਚਾਹੀਦਾ ਹੈ। ਇਹ ਇਜ਼ਾਜਤੀ ਲਾਇਸੈਂਸ ਜਾਂ ਸਰਟੀਫੀਕੇਟ ਲੋਕਲ ਪੱਧਰ ਤੇ ਧਾਰਮਿੱਕ ਰਸਮਾਂ ਪੂਰੀਆਂ ਕਰਕੇ ਵੀ ਸਮਾਜ ਵਲੋਂ ਮਿਲ ਜਾਂਦਾ ਹੈ ਜਾਂ ਫਿਰ ਕੋਰਟਾਂ-ਕਚਾਹਿਰੀਆਂ ਵਿੱਚ ਜਾ ਕੇ ਬਕਾਇਦਾ ਲਿਖਾ-ਪੜ੍ਹੀ ਕਰਕੇ ਰਾਜਿਸਟਰਾਰ ਕੋਲੋਂ ਇਹ ਸਰਟੀਫੀਕੇਟ ਮਿਲ ਜਾਂਦਾ ਹੈ।

** ਕਾਮ ਬਿਰਤੀ ਦਾ ਹਰ ਮਨੁੱਖਾ ਸਰੀਰ ਵਿੱਚ ਆਪਣਾ ਪ੍ਰਭਾਵ ਹੋਣ ਕਰਕੇ ਕੋਈ ਵੀ ਮਨੁੱਖਾ ਸਰੀਰ ਚਾਹੇ ਨਰ ਹੋ ਜਾਂ ਚਾਹੇ ਮਾਦਾ ਹੋ, ਇਸ ਭਾਵਨਾ ਤੋਂ/ਬਿਰਤੀ ਤੋਂ ਆਜ਼ਾਦ ਨਹੀਂ ਹੋ ਸਕਦਾ/ ਬਚਿਆ ਨਹੀਂ ਹੈ। ਇਹ ਕੁੱਦਰਤੀ ਪ੍ਰਕਿਰਿਆ ਹੈ। ਇਹ ਮਨੁੱਖ ਦੇ ਵੱਸ ਦੀ ਖੇਡ ਨਹੀਂ ਹੈ।

** ਹਾਂ! ! ! ਗਿਆਨਵਾਨ ਹੋ ਕੇ ਆਪਣੇ ਆਪਨੂੰ ਇੱਕ ਮਰਿਆਦਾ ਵਿੱਚ ਲੈ ਆਉਣਾ ਇਹ ਹਰ ਮਨੁੱਖ (ਨਰ-ਮਾਦਾ) ਦਾ ਆਪਣਾ ਫੈਸਲਾ ਹੋ ਸਕਦਾ ਹੈ, ਕਿ ਉਸਨੇ ਗ੍ਰਿਹਸਤ ਮਾਰਗ ਨੂੰ ਅਪਨਾਉਣਾ ਹੈ ਜਾਂ ਨਹੀਂ।

** ਇਹ ਗ੍ਰਿਹਸਤ ਮਾਰਗ ਨਾ ਅਪਨਾਉਣ ਦਾ ਫੈਸਲਾ ਕਰਕੇ, ਮਨ ਦੇ ਵੇਗ ਨੂੰ ਨਹੀਂ ਰੋਕਿਆ ਜਾ ਸਕਦਾ। ਇਹ ਕੁੱਦਰਤੀ ਸਰੀਰਿਕ ਬਦਲਾਵਾਂ ਨੂੰ ਵੀ ਨਹੀਂ ਰੋਕਿਆ ਜਾ ਸਕਦਾ। ਨਰ ਅਤੇ ਮਾਦਾ ਦੇ ਸਰੀਰਾਂ ਵਿੱਚ ਜੋ ਬਦਲਾਅ ਆਉਣੇ ਹਨ, ਉਹ ਤਾਂ ਆ ਕੇ ਰਹਿਣਗੇ। ਉਹ ਮਨੁੱਖ ਦੇ ਰੋਕੇ ਨਹੀਂ ਰੋਕੇ ਜਾ ਸਕਦੇ।

** ਜਦ ਇਹ ਬਦਲਾਅ ਰੋਕੇ ਨਹੀਂ ਜਾ ਸਕਦੇ ਤਾਂ ਮਨ ਦੇ ਵੇਗ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ? ? ? ? ? ?

** ਸਿੱਖੀ ਵਿੱਚ ਇਸੇ ਲਈ ਗ੍ਰਿਹਸਤ ਮਾਰਗ ਪ੍ਰਧਾਨ ਹੈ। ਤਾਂ ਕਿ ਮਨੁੱਖ ਦੀ ਇਸ ਬਿਰਤੀ ਤੇ ਲਗਾਮ ਪਾਈ ਜਾ ਸਕੇ। ਬਾਹਰ ਹਰ ਪਾਸੇ ਮੂੰਹ ਨਾ ਮਾਰੀ ਜਾਏ। ਇੱਕ ਘਰ ਵਿੱਚ ਰਹਿਕੇ, ਇੱਕ ਪ੍ਰੀਵਾਰ ਦੇ ਤੌਰ ਤੇ ਆਪਸੀ ਰਜ਼ਾਮੰਦੀ ਨਾਲ ਰਲਮਿਲ ਕੇ ਰਹਿਣ ਵਾਲੇ ਨਰ ਅਤੇ ਮਾਦਾ, ਆਪਣੀ ਇਹ ਕਾਮ ਦੀ ਭੁੱਖ ਦੀ ਪੂਰਤੀ ਕਰ ਸਕਣ ਅਤੇ ਆਪਣੇ ਪ੍ਰੀਵਾਰ ਵਿੱਚ ਵਾਧਾ ਕਰ ਸਕਣ।

** ਇਸ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ। ਇਹ ਕੁੱਦਰਤੀ ਦਸਤੂਰ ਹੈ। (ਇਸ ਗ੍ਰਿਹਸਤੀ ਦੇ ਹਮਾਮ ਵਿੱਚ ਸਾਰੇ ਨੰਗੇ ਹੀ ਹਨ।) ਭਾਵ ਸਾਰੇ ਮਨੁੱਖਾ ਨੂੰ ਗ੍ਰਿਹਸਤੀ ਜੀਵਨ ਦੀ ਜਾਣਕਾਰੀ ਹੋ ਜਾਂਦੀ ਹੈ। ਜਾਣਕਾਰੀ ਮਿਲ ਜਾਂਦੀ ਹੈ। ਜਾਣਕਾਰੀ ਲੈ ਲੈਂਦੇ ਹਨ।

%%%%%%: ਗੁਰਬਾਣੀ ਗੁਰੁ, ਗਿਆਨ ਦਾ ਅਥਾਹ ਸਾਗਰ ਹੈ। ਗੁਰਬਾਣੀ ਗਿਆਨ ਲੈ ਕੇ ਆਪਾਂ, ਆਪਣੇ ਆਪ ਦੀ ਪੜਚੋਲ ਕਰਨੀ ਹੈ ਕਿ ਮੈਂ ਕਿਥੇ ਖੜਾ ਹਾਂ ਜਾਂ ਖੜੀ ਹਾਂ? ? ।

** ਅੱਜ ਜੋ ਸਿੱਖ ਸਮਾਜ ਵਿੱਚ ਹੋ ਰਿਹਾ ਹੈ, ਉਹ ਹੈ ਕਿ ਇਸ ਗੁਰਬਾਣੀ ਗਿਆਨ ਨੂੰ ਅਸੀਂ ਆਪ ਲੈਣ ਨੂੰ ਤਿਆਰ ਨਹੀਂ ਹਾਂ, ਪਰ ਦੂਜਿਆਂ ਉੱਪਰ ਥੋਪਨ ਨੂੰ ਤਿਆਰ ਹਾਂ, …… ਦੂਜਿਆਂ ਲਈ ਖ਼ੂਬ ਲੈਕਚਰ ਕਰਦੇ ਹਾਂ … ਕਿ ਆਹ ਕਰੋ …ਔਹ ਕਰੋ … ਇੰਜ ਕਰੋ … ਉੰਝ ਕਰੋ …

** ਗੁਰਬਾਣੀ ਗਿਆਨ ਵਿਚਾਰ ਤਾਂ ਹਰ ਮਨੁੱਖ ਨੇ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ ਆਪਣੇ ਆਪ ਤੇ ਲਾਗੂ ਕਰਨਾ ਹੈ।

ਆਪੇ ਦੀ ਪੜਚੋਲ ਕਰਨੀ ਹੈ।

ਆਪੇ ਦੀ ਪੜਚੋਲ ਕਰਕੇ, ਅਗਰ ਲੋੜ ਹੈ ਤਾਂ, ਆਪਣੇ ਆਪ ਵਿੱਚ ਬਦਲਾਅ ਲੈਕੇ ਆਉਣਾ ਹੈ।

ਬਦਲਾਅ ਲਿਆਕੇ ਫਿਰ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਨਾਉਣਾ।

ਰੱਬੀ ਗੁਣਾਂ ਦੇ ਅਨੁਸਾਰੀ ਮਨੁੱਖਾ ਜੀਵਨ ਜਿਉਂਣਾ ਕਰਨਾ।

ਖ਼ੁਸ਼ੀ ਖ਼ੁਸ਼ੀ ਰਹਿਣਾ ਅਤੇ ਦੂਜਿਆਂ ਨੂੰ ਖ਼ੁਸ਼ੀ ਵੇਖਣ ਦੀ ਮਨ ਵਿੱਚ ਇੱਛਾ।

ਜੀਉ ਅਤੇ ਜਿਉਂਣ ਦਿਉ।

ਗੁਰਬਾਣੀ ਫ਼ੁਰਮਾਨ: ੴ ਸਤਿਗੁਰ ਪ੍ਰਸਾਦਿ॥ ਧਨਾਸਰੀ ਮਹਲਾ 9॥

ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ 1॥ ਰਹਾਉ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ 1॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥ 2॥ 1॥

ਸੋ ਆਪੇ ਦੀ ਪੜਚੋਲ ਕਰਕੇ ਆਪਣੇ ਆਪ ਵਿੱਚ ਬਦਲਾਅ ਲਿਆ ਕੇ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੀ ਗੁਰੂ ਦੇ ਅਨੁਸਾਰੀ ਹੋਣਾ ਹੈ, ਸਿੱਖੀ ਦੇ ਅਨੁਸਾਰੀ ਚੱਲਣਾ ਹੈ। ਸਿੱਖੀ ਧਾਰਨ ਕਰਨਾ ਹੈ।

ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ॥ ਗ੍ਰਿਹਸਤ ਮਹਿ ਸੋਈ ਨਿਰਬਾਨੁ॥

ਭਾਵ ਰੱਬੀ ਗੁਣਾਂ ਨੂੰ ਗ੍ਰਹਿਣ ਕਰਕੇ, ਧਾਰਨ ਕਰਕੇ, ਅਕਾਲ-ਪੁਰਖ ਦੀ ਕੀਰਤੀ- ਵਡਿਆਈ-ਸਿਫਤਿ ਸਾਲਾਹ ਕਰਦੇ ਹੋਏ ਗ੍ਰਿਹਸਤ ਜੀਵਨ ਦੀਆਂ ਆਪਣੀ ਜ਼ਿੰਮੇਂਵਾਰੀਆਂ ਨੂੰ ਨਿਭਾਂਉਂਦੇ ਖ਼ੁਸ਼ੀ ਖ਼ੁਸ਼ੀ ਜੀਵਨ ਨਿਰਬਾਹ ਕਰਨਾ।

ਧੰਨਵਾਧ।

ਇੰਜ ਦਰਸ਼ਨ ਸਿੰਘ ਖਾਲਸਾ

ਸਿੱਡਨੀ ਅਸਟਰੇਲੀਆ

12 ਜਨਵਰੀ 2018




.