.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੰਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਗਲਂੀ ਅਸੀ ਚੰਗੀਆ, ਆਚਾਰੀ ਬੁਰੀਆਹ" - ਗੁਰੂ ਪਾਤਸ਼ਾਹ ਨੇ ਤਾਂ "ਗੁਰਬਾਣੀ ਦੇ ਸਿੱਖ ਨੂੰ "ਸਿੱਘ ਅਤੇ ਕੌਰ" ਆਧਾਰਤ ਇਕੋਇਕ ਸਾਂਝੇ ਸਿੱਖ ਪ੍ਰਵਾਰ ਵਾਲੀ ਵਿਰਾਸਤ" ਨਾਲ ਨਿਵਾਜਿਆ ਸੀ ਪਰ ਉਸਦੇ ਉਲਟ ਅੱਜ ਬਹੁਤਾ ਕਰਕੇ ਸਮੂਚੇ ਸਿੱਖ ਪੰਥ ਦੀਆਂ ਜੜ੍ਹਾਂ `ਚ:-

ਧੱਸ ਚੁੱਕੇ ਮਨੂਵਾਦੀ-ਬ੍ਰਾਹਮਣੀ ਜਾਤ-ਪਾਤ-ਗੋਤ ਉਪ੍ਰੰਤ ਊਚ-ਨੀਚ ਤੇ ਵੰਸ਼-ਕੁਲ ਆਦਿ ਵਾਲੇ ਰਾਖਸ਼ ਅਥਵਾ ਦੈਂਤ ਦਾ ਹੀ ਨਤੀਜਾ ਹੈ ਕਿ:-

ਜਿਹੜਾ "ਗੁਰੂ-ਗੁਰਬਾਣੀ ਦਾ ਮਤਵਾਲਾ ਪੰਥ" ਗੁਰਬਾਣੀ ਆਦੇਸ਼ਾਂ ਤੋਂ ਪ੍ਰਾਪਤ ਸਰਬ ਸਾਂਝੇ ਮਾਨਵ-ਵਾਦੀ ਅਮਲੀ ਪ੍ਰਚਾਰ ਤੇ ਪ੍ਰਸਾਰ ਦੀ ਬਦੌਲਤ, ੧੦ ਪਾਤਸ਼ਾਹੀਆਂ ਜੀਵਨ ਕਾਲ ਤੋਂ ਵੀ ਕਾਫ਼ੀ ਸਮਾਂ ਬਾਅਦ ਤੀਕ, ਸਿੱਖ ਲਹਿਰ ਤੇ ਸਿੱਖ-ਧਰਮ, ਵੱਡੀ ਤੇਜ਼ੀ ਨਾਲ ਸਮੂਚੇ ਮਨੁੱਖ ਵਰਗ ਨੂੰ ਆਪਣੇ ਕਲਾਵੇ `ਚ ਲੈਂਦਾ ਰਿਹਾ, ਫ਼ਿਰ ਇਤਨਾ ਹੀ ਨਹੀਂ ਮਨੁੱਖ ਆਪ ਮੁਹਾਰੇ ਵੀ ਗੁਰੂ-ਦਰ ਦੀ ਨਿਰਮਲ ਸਿੱਖੀ ਵੱਲ ਲਗਾਤਾਰ ਵੱਡੀ ਗਿਣਤੀ `ਚ ਖਿੱਚਿਆ ਆਉਂਦਾ ਰਿਹਾ:-

ਜਦਕਿ ਉਸ ਸਾਰੇ ਦੇ ਉਲਟ ਅਜੋਕੇ ਅਣ-ਅਧਿਕਾਰੀ ਵਿਗੜੇ ਹੋਏ ਬਲਕਿ ਕਈ ਪਾਸਿਆਂ ਤੋਂ ਜਾਣਬੁਝ ਕੇ ਵਿਗਾੜੇ ਜਾ ਰਹੇ ਗੁਰਮੱਤ ਪ੍ਰਚਾਰ-ਪ੍ਰਸਾਰ ਕਾਰਣ, ਉਸੇ ਸਿੱਖ ਧਰਮ ਦਾ ਲਗਭਗ ੭੦ ਤੋਂ ੮੦% ਹਿੱਸਾ ਉਨ੍ਹਾਂ ਦੀ ਹੋ ਰਹੀ ਅਵਹੇਲਣਾ, ਤ੍ਰਿਸਕਾਰ ਤੇ ਮਾੜੇ ਵੱਤੀਰੇ ਕਾਰਣ:-

() "ਗਲਂੀ ਅਸੀ ਚੰਗੀਆ, ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ" (ਪੰ: ੮੫) ਅਨੁਸਾਰ:-

ਬੇਸ਼ੱਕ ਅਣਜਾਣੇ `ਚ, ਪਰ ਆਪਣੇ ਆਪ ਨੂੰ ਕੌਮ ਦਾ ਉੱਚ ਵਰਗ ਤੇ ਉੱਚੀ ਜਾਤ ਦੇ ਮੰਨ ਕੇ ਚੱਲ ਰਹੇ ਲੋਕਾਂ ਵੱਲੋਂ ਅਤੇ ਉਸ ਤੋਂ ਇਲਾਵਾ ਬਹੁਤਾ ਕਰਕੇ ਅਜੋਕੇ ਅਣ-ਆਧਿਕਾਰੀ ਗੁਰਮੱਤ ਪ੍ਰਚਾਰਕਾਂ ਕਾਰਣ,

ਬਲਕਿ ਕਈ ਹਾਲਤਾਂ `ਚ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਪੰਥ ਵਿੱਚਲੇ ਗੁਰਮੱਤ ਪ੍ਰਚਾਰਕਾਂ `ਚ ਵਿਰੌਧੀ ਤਾਕਤਾਂ ਰਾਹੀਂ ਕੀਤੀ ਜਾ ਚੁੱਕੀ ਘੁਸਪੈਠ ਕਰਕੇ ਕੀਤੇ ਜਾ ਰਹੇ ਗੁਮਰਾਹਕੁਣ ਤੇ ਕੌਮ ਨੂੰ ਭਮਲ-ਭੁਸਿਆਂ ਪਾ ਰਹੇ ਅਜੋਕੇ ਬਹੁਤੇ ਨਾਮ-ਧਰੀਕ ਗੁਰਮੱਤ ਪ੍ਰਚਾਰ ਦਾ ਨਤੀਜਾ:-

ਅਖੌਤੀ ਉੱਚ ਜਾਤੀ ਲੋਕਾਂ ਰਾਹੀਂ ਦਸਮੇਸ਼ ਪਿਤਾ ਦੇ ਦੂਲੇ ਤੇ ਲਾਡਲੇ ਪੰਥ ਦਾ ਵਰਣਿਤ ਲਗਭਗ ੭੦ ਤੋਂ ੮੦% ਉਹ ਹਰਿਆਵਲ ਦਸਤਾ, ਪੱਛੜੀਆਂ ਤੇ ਦਲਿਤ ਸ਼੍ਰੇਣੀਆਂ ਦੇ ਨਾਮ `ਤੇ:-

ਧੜਾ-ਧੜ ਪਾਖੰਡੀ ਗੁਰੂ-ਡੰਮਾਂ ਤੇ ਬਹੁਤੇ ਸਿੱਖੀ ਸਰੂਪ `ਚ ਚੱਲ ਰਹੇ ਪਰ ਮੂਲੋਂ ਆਪਣਾ ਤੇ ਬ੍ਰਾਹਮਣਵਾਦ ਆਦਿ ਪ੍ਰਚਾਰ ਕਰ ਰਹੇ ਡੇਰਿਆਂ ਵੱਲ ਹੀ ਵੱਧਦਾ ਜਾ ਰਿਹਾ ਹੈ, ਦੂਜੇ ਲਫ਼ਜ਼ਾਂ `ਚ ਬੇਸ਼ੱਕ ਅਣਜਾਣੇ `ਚ ਪਰ ਉਨ੍ਹਾਂ ਵਿਰੋਧੀਆਂ ਵੱਲ ਧੱਕਿਆ ਜਾ ਰਿਹਾ ਹੈ ਅਤੇ ਉਹ ਇਸ ਲਈ:-

ਕਿਉਂਕਿ ਉਥੇ ਜਾ ਕੇ ਉਨ੍ਹਾਂ ਨੂੰ ਬਦਲੇ `ਚ ਮਿਲ ਰਿਹਾ ਹੈ ਬਰਾਬਰ ਦਾ ਸਤਿਕਾਰ- ਪਿਆਰ, ਆਪਣਾ-ਪਣ ਤੇ ਮਾਨਸਿਕ ਸਕੂਨ, ਜਿਸਦੇ ਕਿ ਉਹ ਮੂਲੋਂ ਹੱਕਦਾਰ ਵੀ ਸਨ।

ਹੋਰ ਤਾਂ ਹੋਰ, ਬਰਾਬਰ ਦਾ ਉਹ ਪਿਆਰ-ਸਤਿਕਾਰ, ਆਪਣਾ-ਪਣ ਤੇ ਮਾਨਸਿਕ ਸਕੂਨ ਜਿਹੜਾ ਮੂਲ ਰੂਪ `ਚ ਸਮੂਚੀ ਮਾਨਵਤਾ ਲਈ ਗੁਰਬਾਣੀ ਤੇ ਗੁਰੂ-ਦਰ ਦਾ ਹੀ ਖਜ਼ਾਨਾ ਹੈ:-

ਜਦਕਿ ਇਧਰ ਗੁਰੂ-ਗੁਰਬਾਣੀ ਦੇ ਸਿੱਖ ਅਖਵਾ ਕੇ ਅਤੇ ਆਪਣੇ ਆਪ ਨੂੰ ਸਿੱਖ ਮੰਨ ਕੇ ਵੀ, ਉਸ ਖਜ਼ਾਨੇ ਨੂੰ ਨਾ ਅਸੀਂ ਆਪ ਵਰਤ ਰਹੇ ਹਾਂ ਤੇ ਨਾ ਉਸ ਨੂੰ ਉਨ੍ਹਾਂ `ਚ ਪੁਚਾਅ ਰਹੇ ਹਾਂ।

ਇਸ ਲਈ ਪੰਥਕ ਤਲ `ਤੇ ਆ ਚੁੱਕੀ ਗਿਰਾਵਟ ਵੱਲੋਂ ਪੰਥ ਨੂੰ ਹੋਰ ਵੱਧ ਅਧੋਗਤੀ ਤੋਂ ਬਚਣ ਤੇ ਵਿਗੜੀ ਨੂੰ ਸੰਭਾਲਣ ਲਈ ਇਸ ਪੱਖੌਂ ਬਿਨਾ ਢਿੱਲ ਸੰਭਲਣ ਦੀ ਲੋੜ ਹੈ।

ਫ਼ਿਰ ਇਤਨਾ ਹੀ ਨਹੀਂ. ਸਾਡੀ ਅਜੌਕੀ ਬੋਲੀ `ਚ ਸਿੱਖ ਕੌਮ ਵਿੱਚਲੀਆਂ ਉਨ੍ਹਾਂ ਪੱਛਵੀਆਂ ਤੇ ਦਲਿਤ ਸ਼੍ਰੇਣੀਆਂ ਪਰ ਮੂਲ ਰੂਪ `ਚ ਸਿੱਖ ਕੌਮ ਦੇ ਉਸ ਹਰਿਆਵਲ ਦਸਤੇ `ਚੋਂ ਵੀ ਜਿਹੜੇ ਲੋਕ ਉਨ੍ਹਾਂ ਗੁਰੂ-ਡੰਮਾਂ ਤੇ ਸੰਬੰਧਤ ਡੇਰਿਆਂ ਦਾ ਸ਼ਿਕਾਰ ਨਹੀਂ ਹੁੰਦੇ, ਦੂਜੇ ਪਾਸੇ ਉਨ੍ਹਾਂ ਨੂੰ ਵੀ:-

ਆਪਣੇ ਅੰਦਰ ਜਜ਼ਬ ਕਰਣ ਲਈ ਇਸ ਸਮੇਂ ਬਹੁਤੇਰੀਆਂ ਸਿੱਖ ਵਿਰੋਧੀ ਤਾਕਤਾਂ, ਅਜੰਸੀਆਂ ਤੇ ਜੱਥੇਬੰਦੀਆਂ ਸਰਗਰਮ ਹਨ। ਜਿਸ ਤੋਂ ਬਹੁਤਾ ਕਰਕੇ ਸਾਡੀ ਸਿੱਖੀ ਮਾਲਾ ਦੇ ਉਹ ਕੀਮਤੀ ਹੀਰੇ-ਮਣਕੇ ਤੀ ਵੀ ਬੜੀ ਤੇਜ਼ੀ ਨਾਲ ਪਤਿੱਤਪੁਣੇ ਦਾ ਸ਼ਿਕਾਰ ਹੋ ਰਹੇ ਹਨ, ਨਸ਼ਿਆਂ `ਚ ਗ਼ਲਤਾਨ ਹੋ ਰਹੇ ਹਨ, ਨਹੀਂ ਤਾਂ ਗ਼ਰਕ ਹੋ ਰਹੇ ਹਨ ਵਿੱਭਚਾਰ ਆਦਿ ਗੰਦਗੀਆਂ `ਚ

ਬੇਲਾਗ ਹੋ ਕੇ ਜੇ ਫ਼ਿਰ ਵੀ ਇਮਾਨਦਾਰੀ ਨਾਲ ਇਸ ਪੱਖੋਂ ਕੁੱਝ ਗਹਿਰਾਈ `ਚ ਜਾਵਾਂਗੇ ਤਾਂ ਉਸ ਸਾਰੇ ਦਾ ਮੁੱਖ ਕਾਰਣ ਹੈ----ਈ: ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹੀਦੀ ਤੋਂ ਇੱਕ ਦੰਮ ਬਾਅਦ ਅਰੰਭ ਹੋਈ ਅਤੇ ਅੱਜ ਤੀਕ ਲਗਾਤਾਰ ਸਮੂਚੀ ਸਿੱਖ ਕੌਮ ਦੀ ਨਿੱਤ ਦੀ ਰਹਿਣੀ `ਚ ਵੱਧਦੀ ਜਾ ਰਹੀ ਤੇ ਕਈ ਪਾਸਿਆਂ ਤੋਂ ਜਾਣਬੁਝ ਕੇ ਵਧਾਈ ਵੀ ਜਾ ਰਹੀ:- ਸੱਚੀ-ਸੁੱਚੀ ਗੁਰਮੱਤ ਰਹਿਣੀ ਤੇ ਗੁਰਬਾਣੀ ਜੀਵਨ-ਜਾਚ ਵਾਲੀ ਘਾਟ।

ਉਂਝ ਇਸ ਪੰਥਕ ਅਧੋਗਤੀ ਦੀ ਪਛਾਣ ਲਈ ਮਿਸਾਲ ਵੱਜੋਂ ਦੋ (੨) ਇਤਿਹਾਸਕ ਘਟਣਾਵਾ ਨੂੰ ਉਘਾੜਣਾ ਤੇ ਉਨ੍ਹਾਂ ਦਾ ਹਵਾਲਾ ਦੇਣਾ ਵੀ ਜ਼ਰੂਰੀ ਸਮਝਦੇ ਹਾਂ। ਤਾਂ ਤੇ:-

(ਪਹਿਲੀ) ਇਤਿਹਾਸਕ ਸੱਚਾਈ ਹੈ ਜਦੋਂ ਸਤਿਕਾਰਜੋਗ ਡਾ: ਭੀਮ ਰਾਓ ਅੰਬੇਦਕਰ, ਗੁਰੂ-ਗੁਰਬਾਣੀ ਤੋ ਉਤਪੰਨ ਸਾਂਝੀਵਾਲਤਾ ਅਤੇ ਸਮੂਚੀ ਮਾਨਵ-ਵਾਦੀ ਸੋਚ ਤੇ ਰਹਿਣੀ ਵੱਲ ਖਿੱਚੇ ਗਏ ਤਾਂ ਉਨ੍ਹਾਂ ਆਪਣੇ ਸਮੇਤ ਮਨੂਵਾਦੀ ਵਰਣ-ਵੰਡ ਦੀ ਸੋਚ ਦਾ ਨਤੀਜਾ ਬ੍ਰਾਹਮਣੀ ਵੰਡ ਆਧਾਰਤ ਉੱਚ ਜਾਤੀਆਂ ਵੱਲੋਂ ਦਿਨ-ਰਾਤ ਕੁੱਚਲੇ ਤੇ ਤ੍ਰਿਸਕਾਰੇ ਜਾ ਰਹੇ ਕ੍ਰੋੜਾਂ ਦੀ ਗਿਣਤੀ `ਚ ਅਖੌਤੀ ਸ਼ੂਦ੍ਰਾਂ ਤੇ ਦਲਿਤਾਂ ਨਾਲ ਸਿੱਖ ਧਰਮ `ਚ ਪ੍ਰਵੇਸ਼ ਕਰਣ ਲਈ ਆਪਣਾ ਮੰਨ ਬਣਾ ਲਿਆ ਸੀ।

ਇਸ ਤਰ੍ਹ੍ਹਾਂ ਵੱਡੀ ਗਿਤਣੀ `ਚ ਸੰਭਾਵਤ ਧਰਮ ਪ੍ਰੀਵਰਤਨ ਵਾਲੀ ਲਹਿਰ ਦੇ ਵਿਰੁਧ ਵੱਕਤੀ ਕਾਰਣ ਭਾਵੇਂ ਕੁੱਝ ਹੋਰ ਵੀ ਹੈ ਸਨ ਤਾਂ ਵੀ ਉਦੋਂ ਸਭ ਤੌਂ ਵੱਡਾ ਕਾਰਣ ਸੀ -

ਸਾਡੀਆਂ ਪੰਥਕ ਜੜ੍ਹਾਂ `ਚ ਧੱਸ ਚੁੱਕਾ ਮਨੂਵਾਦੀ ਬ੍ਰਾਹਮਣੀ ਊਚੀ-ਨੀਵੀਂ ਜਾਤ-ਪਾਤ-ਗੋਤ ਵਾਲਾ ਰਾਖਸ਼, ਜਿਸ ਤੋਂ ਸਾਡੇ ਹੀ

ਭਾਵ ਸਿੱਖ ਕੌਮ ਨਾਲ ਸੰਬੰਧਤ ਆਪਣੇ ਆਪ ਨੂੰ ਉਚੀਆਂ ਜਾਤਾਂ ਦੇ ਮੰਨ ਰਹੇ ਲੋਕਾਂ ਨੂੰ "ਗਲਂੀ ਅਸੀ ਚੰਗੀਆ, ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ" (ਪੰ: ੮੫) ਅਨੁਸਾਰ ਬਿਲਕੁਲ ਵੀ ਗਵਾਰਾ ਨਹੀਂ ਸੀ ਕਿ:-

"ਖੰਡੇ ਦੀ ਪਾਹੁਲ" ਲੈ ਕੇ, ਕ੍ਰੋੜਾਂ ਦੀ ਗਿਣਤੀ `ਚ ਅਖੌਤੀ ਸ਼ੂਦ੍ਰ ਤੇ ਪੱਛੜੀਆਂ ਜਾਤੀਆਂ- ਸ਼੍ਰੇਣੀਆਂ ਦੇ ਲੋਕ, ਗੁਰੂ ਦੇ ਸਿੱਖ ਸੱਜ ਕੇ ਰਾਤੋ-ਰਾਤ ਤੇ ਅਚਾਣਕ ਹੀ ਉਨ੍ਹਾਂ `ਤੇ ਭਾਰੂ ਹੋ ਜਾਣ।

(ਦੂਜਾ) … ਦੂਜੇ ਨੰਬਰ `ਤੇ ਗੱਲ ਕਰਦੇ ਹਾਂ "ਬਹੁਜਨ ਸਮਾਜ ਪਾਰਟੀ" ਦੇ ਸੰਯੋਜਕ ਸਤਿਕਾਰ ਜੋਗ ਸ੍ਰੀ ਕਾਂਸ਼ੀ ਰਾਮ ਜੀ ਦੀ:-

ਗਹਿਰਾਈ `ਚ ਜਾਵੀਏ ਤਾਂ ਪਤਾ ਲਗਦਾ ਹੈ ਕਿ ਸ੍ਰੀ ਕਾਂਸ਼ੀ ਰਾਮ ਜੀ ਰਾਹੀਂ "ਬਹੁਜਨ ਸਮਾਜ ਪਾਰਟੀ" ਖੜੀ ਕਰਣ ਦਾ ਮਕਸਦ ਵੀ ਬਹੁਤਾ ਕਰਕੇ ਬ੍ਰਾਹਮਣੀ ਵਰਣ-ਵੰਡ ਆਧਾਰਤ ਉੱਚ ਜਾਤੀਆਂ ਵੱਲੋਂ ਦਿਨ-ਰਾਤ ਕੁੱਚਲੇ ਲਿਤਾੜੇ ਤੇ ਤ੍ਰਿਸਕਾਰੇ ਜਾ ਰਹੇ ਕ੍ਰੋੜਾਂ ਦੀ ਗਿਣਤੀ `ਚ ਅਖੌਤੀ ਸ਼ੂਦ੍ਰਾਂ ਤੇ ਦਲਿਤਾਂ ਆਦਿ ਦੇ ਜੀਵਨ ਨੂੰ ਉੱਚਾ ਚੁੱਕਣਾ ਹੀ ਸੀ।

ਇਹੀ ਕਾਰਣ ਸੀ ਕਿ ਬਹੁਤਾ ਕਰਕੇ ਉਸ "ਬਹੁਜਨ ਸਮਾਜ ਪਾਰਟੀ" `ਚ ਵੀ ਵੱਡੀ ਗਿਣਤੀ `ਚ ਸਦੀਆਂ ਤੋਂ ਲਿਤਾੜੇ ਜਾ ਰਹੇ ਸਿੱਖ ਕੌਮ ਵਿੱਚਲੇ ਭਾਵ ਅਸਲੋਂ ਸਿੱਖ ਧਰਮ ਦੇ ਉਸੇ ਹਰਿਆਵਲ ਦਸਤੇ ਦੇ ਲੋਕ ਵੀ ਵੱਡੀ ਗਿਣਤੀ `ਚ:-

ਉਸ ਨਵ-ਨਿਰਮਿਤ "ਬਹੁਜਨ ਸਮਾਜ ਪਾਰਟੀ" `ਚ ਕੇਵਲ ਸ਼ਾਮਲ ਹੀ ਨਹੀਂ ਸਨ ਹੋਏ; ਬਲਕਿ ਉਥੇ ਉਨ੍ਹਾਂ `ਚੋਂ ਬਹੁਤੇ ਉਸ ਪਾਰਟੀ ਦੇ ਉੱਚੇ-ਉਚੇ ਤੇ ਸਤਿਕਾਰ ਭਰਪੂਰ ਉਹਦਿਆਂ ਨੂੰ ਵੀ ਪ੍ਰਾਪਤ ਹੋਏ ਸਨ, ਜਿਸਦੇ ਕਿ ਉਹ ਮੂਲੋਂ ਹੱਕਦਾਰ ਵੀ ਸਨ।

ਇਤਨਾ ਹੀ ਨਹੀਂ, ਇੱਕ ਹੋਰ ਅਧਿਕਾਰਿਤ ਸੂਚਨਾ ਅਨੁਸਾਰ, ਪੰਥ `ਚ ਅੱਜ ਲਗਭਗ ੭੦ ਤੋਂ ੮੦ % ਦੀ ਗਿਣਤੀ `ਚ ਵਿਚਰ ਰਿਹਾ ਤੇ ਫੈਲਿਆ ਹੋਇਆ ਸਿੱਖ ਕੌਮ ਦਾ ਅਸਲੋਂ ਉਹ ਹਰਿਆਵਲ ਦਸਤਾ ਹੀ ਹੈ ਜਿਹੜਾ, ਅੱਜ ਆਪਣੇ ਆਪ ਨੂੰ ਉੱਚ ਜਾਤੀਆਂ ਦੇ ਮੰਨ ਰਹੇ ਸਿੱਖਾਂ ਮੁਤਾਬਕ, ਸਿੱਖ ਧਰਮ ਦੀਆਂ ਦਲਿਤ ਤੇ ਪੱਛੜੀਆਂ ਸ਼੍ਰੇਣੀਆਂ ਹਨ। ਇਹੀ ਨਹੀਂ ਮੂਲ ਰੂਪ `ਚ:-

"ਗੁਰੂ ਪਾਤਸਾਹ ਦੀ ਇਕੋ-ਇਕ ਨਿਰਾਲੀ ਤੇ ਸਰਬ ਸਾਂਝੀ ਸਿੱਖ ਕੌਮ ਵਿੱਚਕਾਰ ਅੱਜ ਉਨ੍ਹਾਂ ਦੇ ਕੇਵਲ ਗੁਰਦੁਆਰੇ ਤੇ ਗੁਰਮੱਤ-ਪ੍ਰਚਾਰਕ ਹੀ ਵੱਖਰੇ ਨਹੀਂ ਹਨ, ਬਲਕਿ ਉਨ੍ਹਾਂ ਲਈ ਸ਼ਮਸ਼ਾਨਘਾਟ ਤੀਕ ਵੀ ਵੱਖਰੇ ਬਣੇ ਹੋਏ ਹਨ। ਹੋਰ ਤਾਂ ਹੋਰ:-

ਇਕ ਹੋਰ ਅਧਿਕਾਰਿਤ ਸੂਚਨਾ ਅਨੁਸਾਰ ਸਿੱਖ ਕੌਮ ਦੇ ਹੀ ਅਖਵਾ ਰਹੇ ਅਤੇ ਮੰਨੇ ਵੀ ਜਾਂਦੇ ਕੁੱਝ ਡੇਰਿਆਂ `ਚ ਚਲ ਰਹੇ ਗੁਰੂ ਕੇ ਸਾਂਝੇ ਲੰਗਰਾਂ ਦੀਆਂ ਕੱਤਾਰਾਂ `ਚ ਵੀ, ਉਨ੍ਹਾਂ ਨੂੰ ਆਪਣੀਆਂ ਵੱਖਰੀਆਂ ਕੱਤਾਰਾਂ ਲਗਾਉਣ ਲਈ ਹਿਦਾਇਤਾਂ ਕੀਤੀਆਂ ਹੋਈਆਂ ਹਨ।

ਤਾਂ ਤੇ ਸਮੂਚੇ ਪੰਥਕ ਤਲ `ਤੇ ਪਸਰ ਰਹੇ ਅਜੋਕੇ ਗੁਰਮੱਤ ਜੀਵਨ ਵਿਹੂਣੇ ਵਾਤਾਵਰਣ `ਚ ਅੱਜ ਪੰਥਕ ਤਲ `ਤੇ ਬਿਨਾ ਹੋਰ ਢਿੱਲ ਗਹਿਰਾਈ ਤੋਂ ਵਿਚਾਰ ਕਰਣ ਦਾ ਵੇਲਾ ਹੈ ਕਿ:-

ਮੂਲ ਰੂਪ `ਚ ਗੁਰੂ ਕੇ ਪੰਥ ਦੇ ਲਗਭਗ ੭੦ ਤੋਂ ੮੦% ਦੀ ਗਿਣਤੀ `ਚ ਵਿਚਰ ਰਹੇ ਉਹ ਪੰਥ ਦੇ ਹੀਰੇ ਪਰ ਮੂਲੋਂ ਪੰਥ ਦਾ ਹਰਿਆਵਲ ਦਸਤਾ, ਇਸ ਤਰ੍ਹਾਂ ਅਜੋਕੇ ਤ੍ਰਿਸਕਾਰ ਭਰਪੂਰ ਹਾਲਾਤਾਂ `ਚ ਕਦੋਂ ਤੀਕ ਪੰਥ ਨਾਲ ਜੁੜਿਆ ਰਵੇਗਾ ਜਾਂ ਜੁੜਿਆ ਰਹਿ ਸਕੇਗਾ?

ਇਸ ਤੋਂ ਬਾਅਦ ਜੇ ਹੋਰ ਖੁੱਲੇ ਲਫ਼ਜ਼ਾਂ `ਚ ਵਿਸ਼ੇ ਨੂੰ ਬਿਆਨਣਾ ਹੋਵੇ ਤਾਂ ਸੱਚ ਇਹੀ ਹੈ ਕਿ ਅਜੋਕੇ "ਮਨਂੂਵਾਦੀ ਜਾਤ-ਪਾਤ ਆਧਾਰਤ ਗੁਰੂ ਕੇ ਪੰਥ" ਵੱਲ ਬਾਹਰੋਂ ਤਾਂ ਲੋਕਾਈ ਨਾ ਦੇ ਬਰਾਬਰ ਹੀ ਆ ਰਹੀ ਹੈ;

ਉਸਦੇ ਉਲਟ, ਉਹ ਲੋਕ, ਜਿਹੜੇ ਕਲ ਤੀਕ ਗੁਰੂ ਕੇ ਪੰਥ ਦੇ ਬਹੁਮੁੱਲੇ ਹਾਰ ਦੇ ਹੀ ਮਣਕੇ ਤੇ ਹੀਰੇ ਸਨ, ਅੱਜ ਧੜਾ-ਧੜ ਰਾਧਾਸੁਅਮੀਆਂ, ਨਕਲੀ ਨਿਰੰਕਾਰੀਆਂ, ਝੂਠੇ ਸੌਦੇ, ਭਨਿਆਰਿਆਂ, ਆਸ਼ੁਤੋਸ਼ਾਂ ਆਦਿ ਗੁਰੂ-ਡੰਮਾਂ ਦਾ ਸ਼ਿੰਗਾਰ ਬਣ ਕੇ ਉਨ੍ਹਾਂ ਦੇ ਡੇਰਿਆਂ ਦੀਆਂ ਹੀ ਰੌਣਕਾਂ ਵਧਾ ਰਹੇ ਹਨ।

ਹੋਰ ਤਾਂ ਹੋਰ, ਨਾਲ-ਨਾਲ ਅਜਿਹੇ ਡੇਰੇ ਵੀ ਨਿੱਤ ਵੱਧ ਰਹੇ ਹਨ ਜਿਹੜੇ ਜ਼ਾਹਿਰਾ ਤਾਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਪ੍ਰਕਾਸ਼ ਹੀ ਕਰ ਰਹੇ ਹਨ ਪਰ ਕੇਵਲ ਗੁਰਮੱਤ ਦੀ ਚਾਸ਼ਨੀ ਚੜ੍ਹਾ ਕੇ ਉਹ ਲੋਕ ਸਵੇਰ ਤੋਂ ਰਾਤ ਤੀਕ, ਬਹੁਤਾ ਕਰਕੇ ਪ੍ਰਚਾਰ ਹੀ ਕਰ ਰਹੇ ਹਨ ਆਪਣਾ, ਅਣਮੱਤੀ ਤੇ ਵਿਪ੍ਰਨ ਰੀਤਾਂ ਦਾ। ਉਪ੍ਰੰਤ ਉਨ੍ਹਾਂ ਡੇਰਿਆਂ ਦੀ ਵੀ ਜਿਹੜੇ ਰੌਣਕ ਵਧਾ ਰਹੇ ਹਨ ਉਹ ਵੀ ਬਹੁਤਾ ਕਰਕੇ ਉਹੀ ਲੋਕ ਹਨ:-

ਜਿਹੜੇ ਪੰਥਕ ਤਲ `ਤੇ ਅਜੋਕੇ ਹੋ ਰਹੇ ਆਪਣੇ ਤ੍ਰਿਸਕਾਰ ਦਾ ਸਾਹਮਣਾ ਨਹੀਂ ਸਨ ਕਰ ਪਾ ਰਹੇ ਜਾਂ ਨਾ ਕਰ ਸਕੇ। ਇਸ ਤਰ੍ਹਾਂ ਉਨ੍ਹਾਂ ਡੇਰਿਆਂ `ਚ ਵੀ ਬਹੁਤੇ ਉਹੀ ਲੋਕ ਪਹੁੰਚ ਰਹੇ ਤੇ ਜਾ ਹਨ ਜਿਹੜੇ ਕਲ ਤੀਕ ਸਿੱਖ ਕੌਮ ਦੇ ਉਸੇ ਹਰਿਆਵਲ ਦਸਤੇ ਦੇ ਹੀ ਵਾਰਿਸ ਸਨ।

ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜੇ ਕੁੱਝ ਸਜਨਾਂ ਨੂੰ ਜੇ ਅਜੇ ਵੀ ਯਕੀਣ ਨਾ ਹੋਵੇ ਤਾਂ ਉਹ ਖ਼ੁੱਦ ਇਸ ਸਚਾਈ ਨੂੰ ਉਨ੍ਹਾਂ ਗ੍ਰੁਰੂ ਡੰਮਾਂ ਤੇ ਸੰਬੰਧਤ ਡੇਰਿਆਂ `ਚ ਆਪ ਵਿਚਰ ਕੇ ਵਿਸ਼ੇ ਦੀ ਘੋਖ ਤੇ ਪਛਾਣ ਕਰ ਸਕਦੇ ਹਨ; ਉਨ੍ਹਾਂ ਲਈ ਵੀ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਜਦਕਿ ਵਿਸ਼ੇ ਦੇ ਅਰੰਭ `ਚ ਬਿਅਣੇ ਦੋ ਮੁੱਖ ਕਾਰਣਾ `ਚੋਂ ਇੱਕ ਕਾਰਣ, ਗੁਰਦੇਵ ਵੱਲੋਂ "ਗੁਰੂ ਕੇ ਪੰਥ" ਲਈ "ਸਿੰਘ ਤੇ ਕੌਰ" ਵਾਲੀ ਇਕੋ-ਇਕ ਸਾਂਝੀ ਵਿਰਾਸਤ ਦੀ ਅਲੰਬਰਦਾਰ:-

ਸਿੱਖ ਕੌਮ ਦੀਆਂ ਰਗਾਂ `ਚ ਧੱਸ ਚੁੱਕੇ ਮਨੂਵਾਦੀ ਤੇ ਬ੍ਰਾਹਮਣੀ ਵਰਣ-ਵੰਡ ਵਾਲੇ ਰਾਖਸ਼ ਦੀ ਬਦੌਲਤ ਹੀ, ਪੰਥਕ ਤਲ `ਤੇ ਅੱਜ ਇਸ ਵੱਡੇ ਦੁਖਾਂਤ ਨੂੰ ਹੰਡਾ ਰਿਹਾ ਹੈ। ਇਸ ਤੋਂ ਬਾਅਦ ਜੇ ਅਜੇ ਵੀ ਪੰਥਕ ਤਲ `ਤੇ ਅਸੀਂ ਇਸ ਪਾਸਿਓਂ ਨਾ ਸੰਭਲੇ ਤਾਂ ਕਦੋਂ ਸੰਭਲਾਂਗੇ?

ਉਂਝ ਵੀ ਇਹ ਸਾਰਾ ਪੰਥਕ ਦੁਖਾਂਤ ਬਹੁਤਾ ਕਰਕੇ ਇੱਕ ਪੱਖੀ ਤੇ ਇੱਕ ਪਾਸੜ ਹੀ ਹੈ। ਕਿਉਂਕਿ ਗੁਰੂ-ਗੁਰਬਾਣੀ ਦੇ ਸਿੱਖ ਅਖਵਾਉਂਦੇ ਅਤੇ ਆਪਣੇ ਆਪ ਨੂੰ ਮੰਣਦੇ ਹੋਏ ਨਾਲ-ਨਾਲ ਅਸੀਂ ਗੁਰਮੱਤ-ਵਿਰੋਧੀ ਮਨੂਵਾਦੀ ਵਰਣ-ਵੰਡ ਦੇ ਆਧਾਰ `ਤੇ ਆਪਣੇ-ਆਪ ਨੂੰ ਉੱਚੀਆਂ ਜਾਤਾਂ-ਗੋਤਾਂ ਤੇ ਵੰਸ਼ਾਂ ਆਦਿ ਵਾਲੇ ਵੀ ਮੰਨੀ ਬੈਠੇ ਹਾਂ ਜਿਸ ਨਾਲ ਸਾਡਾ ਦੂਰ-ਦੂਰ ਦਾ ਵੀ ਵਾਸਤਾ ਨਹੀਂ।

ਇਸ ਤਰ੍ਹਾਂ ਇਹ ਪੰਥਕ ਵਿਗਾੜ ਉਨ੍ਹਾਂ ਲੋਕਾਂ ਵੱਲੋਂ ਬਿਲਕੁਲ ਵੀ ਨਹੀਂ ਜਿਨ੍ਹਾਂ ਨੂੰ "ਸਿੰਘ ਤੇ ਕੌਰ" ਆਧਾਰਤ ਗੁਰੂ ਕੇ ਇਕੋ-ਇਕ ਸਾਂਝੇ ਪੰਥ ਦਾ ਅਣਿਖੜਵਾਂ ਅੰਗ ਹੋਣ ਦੇ ਬਾਵਜੂਦ, ਅਸੀਂ ਉਨ੍ਹਾਂ ਨੂੰ ਬਰਾਬਰ ਦਾ ਸਤਿਕਾਰ-ਪਿਆਰ ਤੇ ਆਪਣਾ-ਪਣ ਦੇਣ ਦੀ ਬਜਾਏ:-

ਬੇਸ਼ੱਕ ਅਣਜਾਣੇ `ਚ ਹੀ, ਪਰ ਅੱਜ ਅਸੀਂ ਉਨ੍ਹਾਂ ਨੂੰ "ਸਭੇ ਸਾਝੀਵਾਲ ਸਦਾਇਨਿ" (ਪੰ: ੯੭) ਅਦਿ ਬੇਅੰਤ ਗੁਰਬਾਣੀ ਫ਼ੁਰਮਾਨਾ ਉਲਟ:-

ਮਨੂਵਾਦੀ ਤੇ ਬ੍ਰਾਹਮਣੀ ਵਰਣ-ਵੰਡ ਆਧਾਰਤ ਪੱਛੜੀਆਂ, ਨੀਵੀਆਂ, ਦਲਿਤ ਸ਼੍ਰੇਣੀਆਂ ਤੇ ਜਾਤਾਂ ਆਦਿ ਦੇ ਮੰਨ ਕੇ, ਸਿਧੇ ਤੌਰ `ਤੇ ਉਨ੍ਹਾਂ ਦਾ ਤ੍ਰਿਸਕਾਰ ਕਰਣ ਦਾ ਕਾਰਣ ਬਣੇ ਹੋਏ ਹਾਂ।

ਇਸ ਤਰ੍ਹਾਂ ਅਣਜਾਣੇ `ਚ ਅੱਜ ਅਸੀਂ ਅਚਣਚੇਤ ਹੀ ਉਨ੍ਹਾਂ ਨੂੰ ਆਪਣੇ ਤੋਂ ਦੁਰੇਡੇ ਧੱਕਣ ਤੇ ਗੁਰੂ ਕੇ ਲਾਡਲੇ ਤੇ ਦੂਲੇ ਪੰਥ `ਚੋਂ ਬਾਹਿਰ ਕੱਢਣ ਤੇ ਆਪਣੇ ਤੋਂ ਵਿਛੋੜਣ ਦਾ ਕਾਰਣ ਬਣੇ ਹੋਏ ਹਾਂ। ਉਪ੍ਰੰਤ ਸੱਚ ਵੀ ਇਹੀ ਹੈ ਕਿ ਬਦਲੇ `ਚ ਬੜੀ ਤੇਜ਼ੀ ਨਾਲ ਅੱਜ ਇਹ ਸਭ ਹੋ ਵੀ ਰਿਹਾ ਹੈ।

ਤਾਂ ਤੇ ਜ਼ਰੂਰੀ ਹੈ ਕਿ ਸੰਬੰਧਤ ਸਿੱਖ ਵਰਗ ਬਿਨਾ ਢਿੱਲ ੭੦-੮੦% ਨਾਲੋ ਵੱਧ ਗਿਣਤੀ `ਚ ਵਿਚਰ ਰਹੇ ਮੂਲੋਂ ਪੰਥ ਦੇ ਉਸ ਹਰਿਆਵਲ ਦਸਤੇ ਨੂੰ ਆਪਣੇ ਬਰਾਬਰ ਦਾ ਸਤਿਕਾਰ ਦੇਵੇ।

ਭਾਵ ਪੰਥਕ ਤਲ `ਤੇ ਜਿਹੜੇ ਲੋਕ ਗੁਰਮੱਤ ਵਿਰੁਧ ਆਪਣੇ ਆਪ ਨੂੰ ਉੱਚੀਆਂ ਜਾਤਾਂ, ਕੁਲਾਂ ਤੇ ਵੰਸ਼ਾ ਦੇ ਮੰਨ ਕੇ ਪੰਥ ਦੇ ੭੦-੮੦% ਨਾਲੋ ਵੱਧ ਗਿਣਤੀ `ਚ ਵਿਚਰ ਰਹੇ ਪੰਥ ਦੇ ਉਸ ਹਰਿਆਵਲ ਦਸਤੇ ਦਾ ਤ੍ਰਿਸਕਾਰ ਕਰ ਰਹੇ ਹਨ ਉਹ ਬਿਨਾ ਢਿੱਲ ਉਨ੍ਹਾਂ ਨੂੰ ਆਂਪਣੀ ਗਲਵੱਕੜੀ `ਚ ਲੈ ਕੇ ਬਰਾਬਰ ਦਾ ਸਤਿਕਾਰ, ਪਿਆਰ, ਆਪਣਾ-ਪਣ ਅਰਪਣ ਕਰਣ।

ਜਦਕਿ ਇਸ ਤਰ੍ਹ੍ਰਾਂ, ਆਪਣੇ ਅਜੋਕੇ ਵੱਤੀਰੇ ਨਾਲ ਉਹ ਬਦੋ-ਬਦੀ ਉਨ੍ਹਾਂ ਨੂੰ ਪੰਥ ਦੀਆਂ ਨੀਵੀਆਂ, ਦਲਿਤ ਤੇ ਪੱਛੜੀਆਂ ਸ਼੍ਰੇਣੀਆ ਮੰਨ ਕੇ ਤੇ ਪ੍ਰਚਲਤ ਕਰਕੇ, ਹਰ ਕੱਦਮ `ਤੇ ਉਨ੍ਹਾਂ ਦੀ ਅਵਹੇਲਣਾ ਕਰਣ ਦਾ ਕਾਰਣ ਬਣੇ ਹੋਏ ਹਨ। ਇਸ ਤਰ੍ਹਾਂ ਬੇਸ਼ੱਕ ਅਣਜਾਣੇ `ਚ ਹੀ, ਪਰ ਅਚਣਚੇਤ ਹੀ ਅੱਜ ਉਹ ਲੋਕ ਉਨ੍ਹਾਂ ਨੂੰ ਆਪਣੇ ਤੋਂ ਦੂਰ ਧੱਕਣ ਤੇ ਪੰਥ ਤੋਂ ਦੁਰੇਡੇ ਕਰਣ ਦਾ ਗੁਣਾਹ ਵੀ ਕਰ ਰਹੇ ਹਨ।

"ਬ੍ਰਹਮ ਬਿੰਦੁ ਤੇ ਸਭ ਉਤਪਾਤੀ" -ਗੁਰੂ-ਗੁਰਬਾਣੀ ਦੇ ਸਿੱਖ ਹੋਣ ਦੇ ਨਾਤੇ ਸਾਨੂੰ ਹਰ ਸਮੇਂ ਚੇਤੇ ਰਖਣ ਦੀ ਲੋੜ ਹੈ ਕਿ ਜਿਸ ਗੁਰੂ-ਗੁਰਬਾਣੀ ਦੇ ਸਿੱਖ ਹੋਣ ਦੇ ਅਸੀਂ ਦਾਅਵੇਦਾਰ ਹਾਂ ਉਸ ਗੁਰਬਾਣੀ ਦੀ ਸਿਖਿਆ ਅਨੁਸਾਰ:

ਸਾਡੀ ਸਾਰਿਆਂ ਦੀ ਉੱਤਪੱਤੀ ਦਾ ਮੂਲ ਕੇਵਲ ਤੇ ਕੇਵਲ ਇਕੋ ਇੱਕ ਅਕਾਲਪੁਰਖ ਹੀ ਹੈ, ਜਦਕਿ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਦੂਜਹੈ ਵੀ ਨਹੀਂ।

ਇਹੀ ਨਹੀਂ, ਸਾਡੇ ਸਾਰਿਆਂ ਅੰਦਰ ਉਸੇ ਇਕੋ-ਇਕ ਪ੍ਰਭੂ ਦਾ ਹੀ ਨੂਰ ਹੈ ਉਪ੍ਰੰਤ ਇਸ ਵਿਸ਼ੇ `ਤੇ ਗੁਰਬਾਣੀ `ਚ ਬੇਅੰਤ ਫ਼ੁਰਮਾਨ ਪ੍ਰਾਪਤ ਹਨ ਜਿਵੇਂ-

() "ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ॥ ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ" (ਪੰ: ੧੧) ਹੋਰ

() "ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ" (ਪੰ: ੧੩) ਬਲਕਿ ਇਥੋਂ ਤੀਕ

() ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ (ਪੰ: ੧੯) ਇਸੇ ਤਰ੍ਹਾਂ ਹੋਰ

() "ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ, ਸਤਿਗੁਰੁ ਹੋਇ ਲਖਾਵੈ" (ਪੰ: ੬੯੫) ਉਪ੍ਰੰਤ

() "ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ੧ ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ ੧ ॥ ਰਹਾਉ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ੨ ॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ ੩ ॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ" (ਪੰ: ੩੨੪) ਆਦਿ

ਇਸ ਸਾਰੇ ਦੇ ਬਾਵਜੂਦ, ਵੱਡੇ ਦੁੱਖ ਤੇ ਸ਼ਰਮ ਦਾ ਮੁਕਾਮ ਹੈ ਕਿ ਗੁਰਬਾਣੀ ਵਰਗੇ ਜੁਗੋ-ਜੁਗ ਅਟੱਲ ਖਜ਼ਾਨੇ ਦੇ ਅਲੰਬਰਦਾਰ ਹੋਣ ਦੇ ਬਾਵਜੂਦ:-

ਇਹ ਉੱਚੀ-ਨੀਵੀਂ ਜਾਤ-ਪਾਤ-ਗੋਤ ਆਧਾਰਤ ਮਨੁੱਖ ਸਮਾਜ `ਚ ਵੱਡੀਆਂ ਪਾਉਣ ਵਾਲਾ ਮਨੂਵਾਦੀ-ਬ੍ਰਾਹਮਣੀ ਕੋੜ੍ਹ ਅੱਜ, ਗੁਰੂ ਪਾਤਸ਼ਾਹ ਵੱਲੋਂ ਸਾਨੂੰ ਬਖ਼ਸ਼ੀ ਹੋਈ ਸਰਬ-ਸਾਂਝੀ "ਸਿੰਘ ਤੇ ਕੌਰ" ਵਾਲੀ ਵਿਰਾਸਤ ਨੂੰ ਪ੍ਰਾਪਤ ਸਿੱਖ ਕੌਮ ਦੀਆਂ ਰਗਾਂ `ਚ ਵੀ ਆਪਣਾ ਅੱਡਾ ਬਣਾਈ ਬੈਠਾ ਹੈ।

ਇਸ ਤੋਂ ਬਾਅ, ਇਹ ਵੀ ਕਿ ਗੁਰਬਾਣੀ ਦੀ ਅਲੌਕਿਕ ਰੋਸ਼ਨੀ `ਚ ਸੰਭਲਣ ਦੀ ਬਜਾਏ ਅੱਜ ਅਸੀਂ ਉਸ ਤੋਂ ਵੀ ਅੱਗੇ ਜਾ ਕੇ ਵੰਸ਼ਾ-ਕੁਲਾਂ ਆਦਿ ਵਾਲੇ ਹੋਰ ਕਈ ਪੁਆੜੇ ਪਾਲੀ ਬੈਠੇ ਹਾਂ, ਜਿਨ੍ਹਾਂ ਦਾ ਸਿੱਖੀ ਬਾਗ਼ ਦੀ ਨਿਵੇਕਲੀ ਤੇ ਖੁਸ਼ਬੂਦਾਰ ਫੁਲਵਾੜੀ ਨਾਲ ਦੂਰ ਦਾ ਵੀ ਵਾਸਤਾ ਨਹੀਂ।

ਉਪ੍ਰੰਤ "ਹਮ ਨਹੀ ਚੰਗੇ ਬੁਰਾ ਨਹੀ ਕੋਇ" (ਪੰ: ੭੨੮) ਵਾਲੇ ਉੱਚੇ-ਸੁੱਚੇ ਗੁਰਬਾਣੀ ਸਿਧਾਂਤਾਂ ਤੇ ਆਦੇਸ਼ਾਂ ਦੀ ਵੀ ਅਣਦੇਖੀ ਕਰਕੇ ਸਾਡੀਆਂ ਆਪਸੀ ਧੜੇਬੰਦੀਆਂ ਤੇ ਦੁਸ਼ਮਣੀਆਂ ਦੀ ਅਜਿਹੀ ਭਰਮਾਰ, ਜਿਸਦਾ ਅੱਜ ਗੁਰਬਾਣੀ ਵਿਚਾਰਧਾਰਾ ਅਧਾਰਤ ਸਿੱਖ ਧਰਮ ਦੇ ਪਵਿਤ੍ਰ ਸਰੋਵਰ `ਚ ਵੀ ਅੰਤ ਦਿਖਾਈ ਨਹੀਂ ਦੇ ਰਿਹਾ, ਇਸੇ ਗੁਰਮੱਤ ਪਾਠ ਦੀ ਇਸੇ ਕੜੀ ਦੇ ਦੂਜੇ ਅੰਗ ਨੂੰ ਇਸ ਤੋਂ ਅਗ਼ਲੇ ਭਾਗ `ਚ ਲੈ ਰਹੇ ਹਾਂ ਜੀ। (ਚਲਦਾ) #234P-XXXXV,-02.17-0217#P45v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXV

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੰਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.