.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 7

ਵੀਰ ਭੁਪਿੰਦਰ ਸਿੰਘ

5. ਪੰਜਵਾਂ ਸਲੋਕ -

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ॥

ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥5॥

ਇਸ ਸਲੋਕ ਦੇ ਲਫ਼ਜ਼ੀ ਅਰਥ ਇਸ ਤਰ੍ਹਾਂ ਕਰ ਦਿੱਤੇ ਜਾਂਦੇ ਹਨ ਕਿ ਜੋ ਇਨਸਾਨ ਪੈਸੇ ਨੂੰ ਆਪਣਾ ਸਮਝਦਾ ਹੈ, ਆਪਣੀ ਪਤਨੀ ਅਤੇ ਪੁਤੱਰ ਨੂੰ ਆਪਣਾ ਸਮਝਦਾ ਹੈ ਉਹ ਅੰਤ ਸਮੇ ਇਸੇ ਨੂੰ ਛੱਡ ਜਾਂਦੇ ਹਨ।

ਵਿਚਾਰਨਾ ਪਵੇਗਾ ਕਿ ਗੁਰਮਤ ਗ੍ਰਹਿਸਤ ਵਿਚ ਹੀ ਮੁਕਤ ਅਵਸਥਾ ਸਿਖਾਉਂਦੀ ਹੈ ਫਿਰ ਪਤਨੀ, ਪੁਤਰ, ਭੈਣ, ਭਰਾ ਬੇਗਾਨੇ ਨਹੀਂ ਹਨ। ਗਹਿਰਾਈ ਨਾਲ ਸੋਚਣਾ ਹੈ, ਵਿਚਾਰਨਾ ਹੈ।

ਸਭ ਕਿਛੁ ਜੀਵਤ ਕੋ ਬਿਵਹਾਰ ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥1॥ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ (536) ਜਦੋਂ ਕਿਸੇ ਘਰ ਵਿਚ ਕੋਈ ਇਨਸਾਨ ਮਰ ਜਾਂਦਾ ਹੈ ਤਾਂ ਉਸ ਦੀ ਪਤਨੀ ਇਸ ਨੂੰ ਪ੍ਰੇਤ ਸਮਝਦੀ ਹੈ ਅਤੇ ਸਾਰੇ ਮਿਲਕੇ ਸ਼ਮਸ਼ਾਨ ਭੂਮੀ ਤੇ ਲੈ ਜਾਂਦੇ ਹਨ। ਤਾਂ ਫਿਰ ਕੀ ਵਿਆਹ ਨਾ ਕਰਵਾਈਏ? ਕਿਉਕਿ ਮਰਨ ਮਗਰੋਂ ਤਾਂ ਇਹ ਸਾਨੂੰ ਪ੍ਰੇਤ ਕਹਿਣਗੇ। ਇਹ ਵੀ ਸਵਾਲ ਉਠਦਾ ਹੈ ਕਿ ਅਗਰ ਪਤਨੀ ਪਹਿਲਾਂ ਮਰ ਜਾਏ ਤਾਂ ਕੀ ਪਤੀ ਉਸ ਨੂੰ ਪ੍ਰੇਤ ਸਮਝ ਕੇ ਛੋੜ ਆਉਦਾ ਹੈ? ਨਹੀਂ! ਚਾਹੇ ਉਹ ਪਤੀ ਹੈ ਜਾਂ ਪਤਨੀ, ਦਰਅਸਲ ਇਹ ਤਾਂ ਮਿਰਤਕ ਪ੍ਰਾਣੀ ਨੂੰ ਸੰਭਾਲਣ ਦਾ ਇੱਕ ਢੰਗ ਹੈ।

ਦਰਅਸਲ ਇਸ ਦਾ ਅਰਥ ਇਹ ਨਿਕਲਿਆ ਕਿ ਜਦੋਂ ਇਨਸਾਨ ਆਤਮਕ ਤੋਰ ਤੇ ਚੰਗਾ ਜੀਵਨ ਨਹੀਂ ਜਿਊਂਦਾ ਤਾਂ ਘਰ ਦੇ ਨਾਲ ਬਾਕੀ ਮੈਂਬਰਾਂ ਨਾਲ ਇਸ ਦੀ ਸਾਂਝ ਨਹੀ ਬਣਦੀ ਤਾਂ ਸਾਰੇ ਕਹਿੰਦੇ ਹਨ ਕਿ ਇਹ ਪ੍ਰੇਤ ਸੁਭਾ ਵਾਲੇ ਕੰਮ ਕਰਦਾ ਰਹਿੰਦਾ ਹੈ। ਉਹ ਇੱਕ ਘੜੀ ਵੀ ਇਸ ਨਾਲ ਸੰਬੰਧ ਨਹੀਂ ਰੱਖਣਾ ਚਾਹੁੰਦੇ।

ਇੱਕ ਮਨੁੱਖ ਆਪਣੇ ਘਰ ਬੈਠਿਆਂ ਫੋਨ ’ਤੇ ਦਫਤਰ ਵਾਲਿਆਂ ਨਾਲ ਗੁੱਸੇ ਨਾਲ ਗੱਲਾਂ ਕਰ ਰਿਹਾ ਸੀ। ਉਸ ਦੇ ਵਹੁਟੀ ਅਤੇ ਬੱਚੇ ਉਸਦੇ ਕਮਰੇ ਵਿਚ ਵੜਨ ਤੋਂ ਵੀ ਡਰ ਰਹੇ ਸਨ। ਡਰ ਮਾਰੇ ਕੋਈ ਵੀ ਉਸਦੇ ਕਮਰੇ ਵਿਚ ਦਾਖਲ ਨਹੀਂ ਸੀ ਹੁੰਦਾ।

ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥ ਉਸਦੇ ਘਰ ਵਾਲਿਆਂ ਨੇ ਉਸਨੂੰ ਮਾਨੋ ਆਪਣੇ ਹਿਰਦੇ ਰੂਪੀ ਘਰ ਤੋਂ ਕੱਢ ਦਿੱਤਾ। ਇਹ ਉਸ ਅਵਸਥਾ ਦੀ ਗਲ ਚਲ ਰਹੀ ਹੈ ਜਦੋਂ ਅਸੀਂ ਆਪਣੇ ਵਿਕਾਰਾਂ ਕਰਕੇ ਪ੍ਰੇਤ ਸੁਭਾ ਦੇ ਬਣ ਜਾਂਦੇ ਹਾਂ। ਪਤੀ-ਪਤਨੀ ਨਾਲ ਨਫ਼ਰਤ ਬਾਰੇ ਗਲ ਨਹੀ ਚਲ ਰਹੀ ਹੈ।

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ॥

ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥5॥

ਆਪਣੇ ਬਾਰੇ ਵਿਚਾਰਕੇ ਵੇਖੋ ਤਾਂ ਭਾਵ ਅਰਥ ਸਮਝ ਪਵੇਗਾ। ਕੀ ਮੈਂ ਆਪਣਾ ਕਮਾਇਆ ਹੋਇਆ ਧਨ ਆਪਣਾ ਨਾ ਸਮਝਾਂ? ਆਪਣੀ ਵਹੁਟੀ-ਬੱਚਿਆਂ ਨੂੰ ਆਪਣਾ ਨਾ ਸਮਝਾਂ? ਆਮ ਕਿਹਾ ਜਾਂਦਾ ਹੈ ਕਿ ਲੋਕਾਂ ਦਾ ਧਨ ਮੈਂ ਮਾਰਦਾ ਨਹੀ ਤੇ ਆਪਣਾ ਹੱਕ ਮੈਂ ਛੱਡਦਾ ਨਹੀਂ। ਇਹ ਕਹਿਣ ਵਿਚ ਤੇ ਕੁਝ ਵੀ ਗਲਤ ਨਹੀਂ ਹੈ।

ਇਸ ਸਲੋਕ ਵਿਚ ਰਮਜ਼ ਹੈ, ਇਸਦੇ ਅਰਥ ਸਮਝਦੇ ਹਾਂ।

ਧਨੁ: ਧਨ ਦਾ ਅਰਥ ਪੈਸਾ ਨਹੀਂ ਹੈ। ਇਸ ਦਾ ਅਰਥ ਹੈ ਹੰਕਾਰੀ ਮੱਤ ਜਾਂ ਮਨ ਕੀ ਮੱਤ ਕਾਰਨ ਆਪਣੇ ਮੰਦੇ ਖਿਆਲਾਂ ਤੇ ਮਾਣ ਕਰਨਾ। ਜਦੋਂ ਆਕੜ ਵਿਚ ਰਹਿੰਦੇ ਹਾਂ, ਭਾਵੇਂ ਉਮਰ ਦੇ ਕਿਸੇ ਵੀ ਪੜਾਉ ਤੇ ਹਾਂ। ਦਾਰਾ: ਪਤੀ ਜਾਂ ਪਤਨੀ ਨੂੰ ਨਹੀਂ ਕਹਿੰਦੇ ਹਨ। ਇਹ ਇਸਤਰੀ ਲਿੰਗ ਰੂਪ ਵਿਚ ਤਨ ਨੂੰ ਸੰਬੋਧਨ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸ਼ਬਦ ਹੈ ਪੰਨਾ 167 ਤੇ ‘ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥’ ਉਸ ਸ਼ਬਦ ਦਾ ਪਹਿਲਾ ਪਦਾ ਹੈ - ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥

‘ਕੰਚਨ ਨਾਰੀ’ ਦਾ ਮਤਲਬ ਹੈ ਇਹ ਸਰੀਰ, ਦੇਹ ਅਧਿਆਸ, ਸਰੀਰਕ ਸੁੱਖਾਂ ਦੀ ਖਾਤਿਰ ਮੌਤ ਤੋਂ ਡਰਨਾ।

ਨੋਟ: ਕੰਚਨ ਨਾਰੀ: ਇਸਦੇ ਲਫਜ਼ੀ ਅਰਥ ਬਣਦੇ ਹਨ ਕਿ ਇਸਤਰੀ ਵਿਚ ਮੇਰਾ ਮਨ ਲਗਦਾ ਹੈ। ਪਰ ਗੁਰਬਾਣੀ ਦਾ ਹਰ ਸ਼ਬਦ ਬਿਨਾਂ ਵਿਤਕਰੇ ਦੇ ਸਾਰਿਆਂ ਲਈ ਹੁੰਦਾ ਹੈ। ਇਹ ਸ਼ਬਦ ਇਸਤਰੀ ਵਾਚਕ ਹੈ ਪਰ ਸੁਨੇਹਾ ਇਸਤਰੀ-ਮਰਦ ਦੋਨਾਂ ਲਈ ਹੈ। ਇਕ ਥਾਂ ਹੋਰ ਵੀ ਗੁਰਬਾਣੀ ਵਿਚ ਆਇਆ ਹੈ ‘ਅਨਦੁ ਕਰਹੁ ਮਿਲਿ ਸੁੰਦਰ ਨਾਰੀ’। ਇਸ ਦੇ ਕੇਵਲ ਲਫਜ਼ੀ ਅਰਥਾਂ ਤਕ ਹੀ ਸੀਮਤ ਨਹੀਂ ਰਹਿਣਾ। ਇਸ ਦਾ ਭਾਵ ਹੈ ਕਿ ਹਰੇਕ ਮਨੁੱਖ ਨੇ ਸੁਚੱਜੀ ਮੱਤ ਨਾਲ ਆਪਣੇ ਜੀਵਨ ਵਿਚ ਅਨੰਦ ਮਾਣਨਾ ਹੈ। ਜੋ ਇਨਸਾਨ ਕੇਵਲ ਆਪਣੇ ਸ਼ਰੀਰ ਤੱਕ ਮਹਿਦੂਦ ਰਹਿੰਦਾ ਹੈ। ਜੋ ਧਨ, ਦਾਰਾ ਅਤੇ ਇਸ ਦੇ ਖਜ਼ਾਨੇ ਨਾਲ ਚੰਬੜਿਆ ਰਹਿੰਦਾ ਹੈ ਉਹ ਦੇਹ ਅਧਿਆਸ ਤਕ ਹੀ ਸੀਮਿਤ ਰਹਿੰਦਾ ਹੈ। ਖੁਦਗਰਜ਼ ਹੋਕੇ ਕੇਵਲ ਆਪਣੇ ਬਾਰੇ ਹੀ ਸੋਚਦਾ ਹੈ।

ਮੈਂ ਉਠਿਆ ਹਾਂ ਮੇਰੇ ਲਈ ਅਖਬਾਰ ਲੈਕੇ ਆਉ!

ਮੈਂ ਉਠਿਆ ਹਾਂ ਮੇਰੇ ਲਈ ਚਾਹ ਲੈਕੇ ਆਉ!

ਮੈਂ ਹੁਣ ਕੰਮ ਤੇ ਜਾਣਾ ਹੈ, ਨਾਸ਼ਤਾ ਜਲਦੀ ਦਿਓ!

ਪਰ ਘਰ ਜਾਂ ਸਮਾਜ ਵਾਲਿਆਂ ਦੇ ਕਿਸੇ ਕੰਮ ਨਾ ਆਉਣਾ।

ਕੇਵਲ ਸਰੀਰਕ ਸੁੱਖ ਆਰਾਮ ਤਕ ਹੀ ਮਹਿਦੂਦ ਰਹਿਣਾ ਇਸਨੂੰ ਗੁਰਬਾਣੀ ਵਿਚ ਦੇਹ ਅਧਿਆਸ ਕਹਿੰਦੇ ਹਨ। ਐਸੀ ਮਨੋਬਿਰਤੀ ਦੇ ਮਨੁੱਖ ਬਿਮਾਰ ਹੀ ਹਨ ਕਿਉਂਕਿ ਉਨ੍ਹਾਂ ਦਾ ਧਿਆਨ ਦੇਹ ਅਧਿਆਸ ਤਕ ਹੀ ਸੀਮਿਤ ਹੈ।

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥

ਆਪਣੇ ਮੰਦੇ, ਨੀਚ ਖਿਆਲਾਂ ਦੀ ਜਿਹੜੀ ਸੰਪਤੀ ਇੱਕਠੀ ਕੀਤੀ ਹੋਈ ਹੈ ਤੂੰ ਇਨ੍ਹਾਂ ਪਿੱਛੇ ਲਗਿਆ ਹੋਇਆ ਹੈਂ ਅਤੇ ਸੱਚ ਨੂੰ ਅਣਗੌਲਾ ਕਰ ਰਿਹਾ ਹੈਂ। ਇਹ ਤੇਰਾ ਸਾਥ ਨਹੀਂ ਦੇਣਗੇ।

‘ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥’ (1104) ਇਸ ਸ਼ਬਦ ਵਿਚ ਅੱਗੇ ਕਹਿੰਦੇ ਹਨ, ‘ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥1॥ ਬਾਬਾ ਅਬ ਨ ਬਸਉ ਇਹ ਗਾਉ ॥’ ਇਸ ਗਾਉ ਵਿਚ ਹੁਣ ਮੈਂ ਨਹੀਂ ਵਸ ਸਕਣਾ! ਕਿਉ? ਕਿਉਂਕਿ ਇੱਥੇ ਤਾਂ ਇਹ ਸਾਰੇ ਵਿਕਾਰ ਚੋਧਰੀ ਬਣੇ ਹੋਏ ਹਨ। ਇਹ ਸਾਰੇ ਆਪਣਾ-ਆਪਣਾ ਲੇਖਾ ਮੰਗਦੇ ਹਨ ਜਿਊਣ ਨਹੀਂ ਦੇਂਦੇ ਹਨ।

ਜਦੋਂ ਮੇਰੇ ਕੋਲੋਂ ਲੇਖਾ ਮੰਗਣਗੇ, ਇਹ ਮੇਰੇ ਪੰਜ ਸਾਥੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਿਨ੍ਹਾਂ ਵਿਚ ਮੇਰੀਆਂ ਇੰਦਰੀਆਂ ਸਾਰਾ ਸਮਾਂ ਰਚੀਆਂ ਰਹਿੰਦੀਆਂ ਹਨ, ਦੌੜ ਜਾਂਦੇ ਹਨ। ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥ (1104) ਮੈਨੂੰ ਪਕੜ ਲੈਂਦੇ ਹਨ। ਵਿਕਾਰਾਂ ਨੇ ਮੈਨੂੰ ਕੈਦ ਕਰ ਲਿਆ। ਜਵਾਨੀ ਦਾ ਧਨ, ਜੋ ਮੇਰੀ ਸੰਪਦਾ ਹੈ, ਮੇਰਾ ਮਾਣ, ਪ੍ਰਤਿਸ਼ਠਾ ਜਿਸ ਨਾਲ ਮੇਰਾ ਰੁਤਬਾ ਬਣਦਾ ਹੈ ਇਹ ਕਿਸੇ ਵੀ ਕੰਮ ਨਹੀਂ ਆਉਂਦੇ।

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥

ਇਸ ਸਲੋਕ ਵਿਚ ਪਤਨੀ, ਪੈਸਾ, ਸੰਪਤੀ ਆਦਿ ਬਾਰੇ ਗਲ ਨਹੀਂ ਚਲ ਰਹੀ। ਸਗੋਂ ਗਲ ਇਹ ਚਲ ਰਹੀ ਹੈ ਕਿ ਤੂੰ ਝੂਠਾ ਰੁਤਬਾ ਬਣਾਇਆ ਹੋਇਆ ਹੈ ਕਿ ਮੈਂ ਬਹੁਤ ਧਰਮੀ ਹਾਂ, ਅਸੀਂ ਬੜੇ ਅਮੀਰ ਹਾਂ, ਅਸੀਂ ਉੱਚ ਜ਼ਾਤੀਏ ਹਾਂ। ਇਹ ਜਿਹੜਾ ਝੂਠਾ ਰੁਤਬਾ ਬਣਾਇਆ ਹੋਇਆ ਹੈ ਇਹ ਵਾਲੀ ਸੰਪਤੀ ਤੇਰੇ ਕੰਮ ਨਹੀਂ ਆਏਗੀ। ਕਿਉਂ? ਜਿਸ ਮਨੁੱਖ ਨੇ ਸੰਪਤੀ ਨਾ ਬਣਾਈ ਹੋਵੇ ਸਰੀਰਕ ਅੰਤ ਵੇਲਾ ਤਾਂ ਉਸਦਾ ਵੀ ਆਉਂਦਾ ਹੈ ਅਤੇ ਜਿਸ ਮਨੁੱਖ ਨੇ ਬਣਾਈ ਹੋਈ ਹੈ ਅੰਤ ਵੇਲਾ ਉਸ ਦਾ ਵੀ ਆਏਗਾ।

ਇਹ ਸਰੀਰਕ ਅੰਤ ਵੇਲੇ ਦੀ ਗਲ ਨਹੀਂ ਚਲ ਰਹੀ ਅਤੇ ਨਾ ਹੀ ਮਰਨ ਤੋਂ ਉਪਰੰਤ ਵਾਲੇ ਸਮੇਂ ਦੀ ਗਲ ਚਲ ਰਹੀ ਹੈ। ਸਲੋਕ ਮ: 9 ਦੀ ਬਾਣੀ ਨੂੰ ਮਰਨ ਮਗਰੋਂ ਵਾਲੇ ਵਿਸ਼ੇ ਵਿਚ ਲਿਜਾਉਣਾ ਸਾਡੀ ਭੁੱਲ ਅਤੇ ਅਗਿਆਨਤਾ ਹੋਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨੂੰ ਮਰਨ ਪਿੱਛੋਂ ਵਾਲੇ ਸਮੇਂ ਤੇ ਢੁਕਾਉਣ ਦੀ ਲੋੜ ਨਹੀਂ ਹੈ। ਗੁਰਬਾਣੀ ਸਾਰੀ ਮਨੁੱਖਤਾ ਨੂੰ ਵਰਤਮਾਨ ਵਿਚ ਜੀਵਨ ਜਾਚ ਲਈ ਸੇਧ ਦੇਂਦੀ ਹੈ ਕਿਉਂਕਿ ਗੁਰੂ ਪਾਤਸ਼ਾਹ ਇੱਕ ਬੜਾ ਕੀਮਤੀ ਫੈਸਲਾ ਦੇਂਦੇ ਹਨ -

ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥ (648)

ਕੁਝ ਲੋਕ ਮਿਰਤਕ ਨੂੰ ਜਲਾਉਂਦੇ ਹਨ, ਕੁਝ ਦਬਾਉਂਦੇ ਹਨ, ਕੁਝ ਲੋਕ ਮਿਰਤਕ ਸਰੀਰ ਨੂੰ ਕੁੱਤਿਆਂ ਅੱਗੇ ਪਾ ਦੇਂਦੇ ਹਨ, ਕੁਝ ਲੋਕ ਪਾਣੀ ਵਿਚ ਪਰਵਾਹ ਕਰ ਦੇਂਦੇ ਹਨ। ਪਾਰਸੀ ਲੋਕੀ ਸੁੱਕੇ ਖੂਹ ਵਿਚ ਮਿਰਤਕ ਪ੍ਰਾਣੀ ਨੂੰ ਸੁੱਟ ਦੇਂਦੇ ਹਨ ਜਿੱਥੇ ਇਲਾਂ ਆ ਕੇ ਮਿਰਤਕ ਪ੍ਰਾਣੀ ਦਾ ਮਾਸ ਨੋਚਕੇ ਖਾ ਜਾਂਦੀਆਂ ਹਨ। ਦੁਨੀਆ ਵਿਚ ਮਿਰਤਕ ਪ੍ਰਾਣੀ ਨੂੰ ਸਾਂਭਣ ਦੇ ਜਿਤਨੇ ਵੀ ਪ੍ਰਚਲਤ ਤਰੀਕੇ ਹਨ ਗੁਰੂ ਸਾਹਿਬ ਉਹ ਬਿਆਨ ਕਰਦੇ ਹਨ। ਮਿਰਤਕ ਸਰੀਰ ਨੂੰ ਇਨ੍ਹਾਂ ਤਰੀਕਿਆਂ ਨਾਲ ਇਹ ਸਮਝ ਕੇ ਸੰਭਾਲਿਆ ਜਾਂਦਾ ਹੈ ਕਿ ਇਸ ਮਨੁੱਖ ਨੇ ਜਿਤਨੇ ਪਾਪ ਕੀਤੇ ਹਨ ਉਹ ਬਖ਼ਸ਼ੇ ਜਾਣ।

ਪਰ ਗੁਰੂ ਪਾਤਸ਼ਾਹ ਆਪਣੇ ਆਪ ਨੂੰ ਕਹਿੰਦੇ ਹਨ ਕਿ ‘ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥’ (648) ਕੋਈ ਨਹੀਂ ਦਸ ਸਕਦਾ ਕਿ ਮਰਨ ਮਗਰੋਂ ਕੌਣ ਕਿੱਥੇ ਜਾਂਦਾ ਹੈ। ਜੇਕਰ ਕੋਈ ਨਹੀਂ ਦਸ ਸਕਦਾ ਕਿ ਮਰਨ ਮਗਰੋਂ ਮਨੁੱਖ ਕਿੱਥੇ ਜਾਂਦਾ ਹੈ ਅਤੇ ਇਹ ਵੀ ਕੋਈ ਨਹੀਂ ਦਸ ਸਕਦਾ ਕਿ ਮਨੁੱਖ ਕਿੱਥੋਂ ਆਉਂਦਾ ਹੈ। ਇਹ ਸਾਨੂੰ ਭੁਲੇਖੇ ਪਾਏ ਗਏ ਹਨ। ਗੁਰੂ ਪਾਤਸ਼ਾਹ ਬੜੀ ਨਿਮਰਤਾ ਵਿਚ ਕਹਿੰਦੇ ਹਨ ਕਿ ਕੋਈ ਦਸ ਨਹੀਂ ਸਕਦਾ ਕਿ ਮਰਨ ਮਗਰੋਂ ਮਨੁੱਖ ਕਿੱਥੇ ਜਾਂਦਾ ਹੈ। ਜੇ ਨਹੀਂ ਪਤਾ ਕਿ ਮਰਨ ਮਗਰੋਂ ਸ੍ਵਰਗ-ਨਰਕ ਹੈ ਜਾਂ ਨਹੀਂ ਤਾਂ ਫਿਰ ਅਸੀਂ ਵਰਤਮਾਨ ਦੀ ਗਲ ਕਰੀਏ। ਅੱਜ ਕੀ ਕਰਨਾ ਹੈ, ਕਿਉਂ ਨਾ ਇਸ ਦੀ ਗਲ ਕਰੀਏ! ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥ (969)

ਗੁਰਬਾਣੀ ਦੀ ਰਹਨੁਮਾਈ ਹੇਠ ਚਲਦਿਆਂ ਸਾਨੂੰ ਇਹ ਫਿਕਰ ਨਹੀਂ ਰਹਿੰਦਾ ਕਿ ਮਰਨ ਮਗਰੋਂ ਅਸੀਂ ਨਰਕ ਜਾਵਾਂਗੇ ਜਾਂ ਸ੍ਵਰਗ। ਸੋ ਗੁਰਬਾਣੀ ਦਾ ਫਲਸਫਾ ਸਾਨੂੰ ਵਰਤਮਾਨ ਦੀ ਜੀਵਨ ਜਾਚ ਤੇ ਧਿਆਨ ਕੇਂਦਰਿਤ ਕਰਵਾਉਂਦਾ ਹੈ।

ਗੁਰੂ ਪਾਤਸ਼ਾਹ ਕਹਿੰਦੇ ਹਨ, ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥ ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥ (793 ਜਦੋਂ ਚਾਰੋਂ ਪਾਸੋਂ ਸਾਡਾ ਮਨ ਰੱਜ ਜਾਂਦਾ ਹੈ ਫਿਰ ਵੀ ਉਸ ਬਿਖਿਅਨ ਪਾਸੋਂ ਨਹੀ ਰੱਜਦਾ। ਇਸ ਬਿਖਿਅਨ ਵਿਚ ਅਸੀਂ ਰਚੇ ਹੋਏ ਹਾਂ ਅਤੇ ਸਾਡਾ ਸਾਰਾ ਸਮਾਂ, ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।

ਲੋਕ ਦਿਨ ਵਿਚ 3-3 ਫਿਲਮਾਂ ਵੇਖ ਸਕਦੇ ਹਨ, ਕਿਸੇ ਵੀ ਮਾੜੇ ਕੰਮ ਲਈ ਉਨ੍ਹਾਂ ਨੂੰ ਲੈ ਜਾਣਾ ਹੋਵੇ ਤਾਂ ਉਹ ਚਲ ਪੈਣਗੇ ਕਿਉਂਕਿ ‘ਬੁਰੇ ਕਾਮ ਕਉ ਊਠਿ ਖਲੋਇਆ’। ਐਸੀ ਅਵਸਥਾ ਵਿਚ ਮਨੁੱਖ ਜਵਾਨ ਹੋਕੇ ਵੀ ਬੁੱਢਾ ਹੈਂ। ਇਸ ਦਾ ਮਨ ਨਹੀਂ ਠਹਿਰਦਾ ਪਰ ਇਸਨੂੰ ਨਹੀਂ ਪਤਾ ਕਿ ‘ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥’ (584)। ਇਸਦਾ ਧਿਆਨ ਨਾ ਕੀਤਾ ਤਾਂ ਤੈਨੂੰ ਜ਼ਰ ਆ ਜਾਂਦੀ ਹੈ, ਭਾਵ ਬੁਢੇਪਾ ਆ ਜਾਂਦਾ ਹੈ। ਫਿਰ ਇਸਨੂੰ ਅਚਾਨਕ ਸਦਮਾ ਲਗਦਾ ਹੈ। ਜੇ ਜਵਾਨੀ ਦੇ ਧਨ ਅਤੇ ਇਨ੍ਹਾਂ ਸਾਰਿਆਂ ਦਾ ਖਿਆਲ ਤੂੰ ਕਰਦਾ ਰਿਹਾ ਲੇਕਿਨ ਸੱਚ ਨਾਲ ਨਾ ਜੁੜਿਆ ਤਾਂ ਨੁਕਸਾਨ ਪਹੁੰਚੇਗਾ। ਇਹ ਨੁਕਸਾਨ ਪਹੁੰਚਾਉਣ ਵਾਲੇ - ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ। ਇਹ ਸਾਡੇ ਮਨ ਵਿਚ ਹਾਜ਼ਰ ਹਨ। ਸਰੀਰਕ ਤੌਰ ਤੇ ਜਿੱਥੇ ਮਰਜ਼ੀ ਚਲੇ ਜਾਉ ਪਰ ਇਹ ਵਿਕਾਰ ਰੂਪੀ ਚੋਰ ਘਰ ’ਚ ਲੁੱਟਣ ਲਈ ਹਮੇਸ਼ਾਂ ਹੀ ਬੈਠੇ ਹੋਏ ਹਨ।

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ (600) ਇਨ੍ਹਾਂ ਵਿਕਾਰਾਂ ਵਿਚ ਫਸਿਆ ਮਨੁੱਖ ਆਪਣੀ ਜ਼ਿੰਦਗੀ ਦਾ ਸਾਰਾ ਸਮਾ ਇੰਝ ਹੀ ਗਵਾਈ ਜਾਂਦਾ ਹੈ। ਜੇ ਇਹ ਸਮਝ ਪੈ ਜਾਏ ਕਿ ਮਨੁੱਖ ਆਪਣਾ ਸਮਾਂ ਗਵਾ ਰਿਹਾ ਹੈ ਤਾਂ ਉਹ ਸਾਰਾ ਕੁਝ ਤਿਆਗ ਕਰਨ ਦੀ ਬਿਰਤੀ ਵਲ ਵੱਧਦਾ ਹੈ। ਜਦ ਕਿ ਅਸੀਂ ਸਮਝ ਚੁਕੇ ਹਾਂ ਕਿ ‘ਧਨੁ ਦਾਰਾ ਸੰਪਤਿ ਸਗਲ’ ਸਰੀਰਕ ਤੌਰ ਤੇ ਇਨ੍ਹਾਂ ਨੂੰ ਤਿਆਗਣਾ ਨਹੀਂ ਹੈ ਸਗੋਂ ਇਨ੍ਹਾਂ ਵਿਚ ਰਹਿੰਦੇ ਹੋਏ ਆਪਣੀ ਮਨ ਕੀ ਮਤ ਦੁਆਰਾ ਇਕੱਠਾ ਕੀਤਾ ਹੋਇਆ ਕੂੜ ਜਿਸਨੂੰ ਮਨੁੱਖ ਆਪਣਾ ਖਜ਼ਾਨਾ ਸਮਝਕੇ ਛੱਡਣਾ ਨਹੀਂ ਚਾਹੁੰਦਾ, ਇਸ ਸੰਪਤੀ ਨੂੰ ਤਿਆਗਣਾ ਹੈ।

ਉਦਾਹਰਣ ਦੇ ਤੌਰ ਤੇ ਜੇ ਕੋਈ ਦੁਕਾਨਦਾਰ ਗ੍ਰਾਹਕ ਨਾਲ ਹੇਰਾ-ਫੇਰੀ ਕਰਦਾ ਹੈ ਤਾਂ ਉਸ ਵੇਲੇ ਉਸਦੇ ਮਾਤਾ-ਪਿਤਾ ਨੂੰ, ਪਤਨੀ-ਬਚਿਆਂ ਨੂੰ, ਦਾਦਾ-ਦਾਦੀ ਨੂੰ ਨਹੀਂ ਪਤਾ ਚਲਦਾ। ਉਸਦੇ ਅਖੌਤੀ ਸੰਤ ਜੀ ਜਾਂ ਦੇਹਧਾਰੀ ਗੁਰੂ ਨੂੰ ਵੀ ਨਹੀਂ ਪਤਾ ਲਗਦਾ ਤੇ ਇਨ੍ਹਾਂ ਵਿਚੋਂ ਕੋਈ ਵੀ ਸਾਥ ਨਹੀਂ ਦੇਂਦਾ। ਗੁਰਬਾਣੀ ਦਾ ਕਥਨ ਹੈ, ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ (264)

ਸਾਡੇ ਜੀਵਨ ਦੇ ਔਖੇ ਵੇਲੇ ਸੱਚ ਦਾ ਗਿਆਨ ਹੀ ਮਨੁੱਖ ਦੀ ਰਹਿਨੁਮਾਈ ਕਰਦਾ ਹੈ। ਫਰਜ ਕਰੋ ਕਿ ਜੇ ਕਿਸੇ ਕਾਰਨ ਮੈਨੂੰ ਕ੍ਰੋਧ ਚੜ੍ਹਨ ਲਗਾ ਹੈ ਇੱਕਦਮ ਮੇਰੇ ਅੰਦਰ ਕ੍ਰੋਧ ਦਾ ਉਬਾਲ ਉੱਠ ਗਿਆ ਹੈ ਐਸੀ ਦਸ਼ਾ ਵਿਚ ਮੇਰੇ ਘਰ ਵਾਲੇ ਮੈਨੂੰ ਨਹੀਂ ਰੋਕ ਸਕਦੇ ਹਨ। ਉਹ ਭਾਵੇਂ ਮੇਰੀ ਬਾਂਹ ਫੜਨ - ਕੀ ਕਰ ਰਿਹਾ ਹੈਂ! ਪਰ ਕ੍ਰੋਧ ਮੇਰੇ ਅੰਦਰੋਂ ਜਾਗ ਚੁਕਾ ਹੈ ਉਹ ਸ਼ਾਂਤ ਨਹੀਂ ਹੋ ਰਿਹਾ। ‘ਕੌੜਾ ਸੱਚ’ ਨਾਮ ਦੀ ਪੁਸਤਕ ਵਿਚ ਇੱਕ ਲੇਖ ‘ਰੋਗ ਦਾਰੂ’ ਰਾਹੀਂ ਸਮਝਿਆ ਸੀ ਕਿ ਪਹਿਲਾਂ ਅਸੀਂ ਆਪਣੇ ਆਪ ਨੂੰ ਤਾਂ ਪਛਾਣੀਏ। ਜਦੋਂ ਆਪੇ ਨੂੰ ਪਛਾਣਾਗੇ ਤਾਂ ਪਤਾ ਲਗੇਗਾ ਕਿ ਮੈਨੂੰ ਕ੍ਰੋਧ ਦੀ ਬਿਮਾਰੀ ਹੈ, ਮੈਨੂੰ ਭੈੜੇ ਬੋਲ ਦੀ ਬਿਮਾਰੀ ਹੈ, ਮੈਨੂੰ ਗਾਲ੍ਹਾਂ ਕਢਣ ਦੀ ਬਿਮਾਰੀ ਹੈ। ਇਨ੍ਹਾਂ ਬਿਮਾਰੀਆਂ ਦਾ ਪਤਾ ਲਗ ਜਾਏ ਤਾਂ ਇਸ ਕੰਮ ਵਿਚ ਥੋੜੀ ਵਿੱਥ ਪਾਕੇ ਇਹ ਸੋਚਣ ਦੀ ਲੋੜ ਹੈ ਕਿ ਮੈਂ ਇਹ ਕਿਉਂ ਕਰ ਰਿਹਾ ਹਾਂ। ਇਸਦੇ ਦੂਜੇ ਪਲ੍ਹ ਹੀ ਇਹ ਮਹਿਸੂਸ ਹੋਵੇਗਾ ਕਿ ਕ੍ਰੋਧ ਵਿਲੀਨ ਹੋ ਗਿਆ। ਨਹ ਬਿਲੰਬ ਧਰਮੰ ਬਿਲੰਬ ਪਾਪੰ ॥ (1354)

ਪਰ ਮੈਨੂੰ ਕੋਈ ਰੋਕੇ, ਪਕੜੇ, ਸਜ਼ਾ ਦੇਵੇ, ਕੋਈ ਮੈਨੂੰ ਭੈੜਾ ਕਹੇ ਤਾਂ ਮੇਰਾ ਕ੍ਰੋਧ ਨਹੀ ਜਾਂਦਾ। ਕੋਈ ਵੀ ਮੇਰਾ ਸਾਥ ਨਹੀਂ ਦੇ ਸਕਦਾ ਨਾ ਹੀ ਮੇਰਾ ਅਹੁਦਾ, ਨਾ ਮੇਰੀ ਸਾਹਿਬੀ ਸਾਥ ਦੇ ਸਕਦੀ ਹੈ। ਇੱਥੋ ਤਕ ਕਿ ਮੇਰਾ ਸਰੀਰ ਜਾਂ ਮੇਰੀ ਜਵਾਨੀ ਵੀ ਮੇਰਾ ਸਾਥ ਨਹੀਂ ਦੇਂਦੀ। ‘ਧਨੁ ਦਾਰਾ ਸੰਪਤਿ’ ਇਹ ਸਾਰੇ ਮੇਰਾ ਸਾਥ ਨਹੀਂ ਦੇ ਸਕਦੇ। ਭਾਂਵੇ ਮੈਂ ਸੋਲਾਹ ਸਾਲਾਂ ਦਾ ਹੱਟਾ ਕੱਟਾ ਜਵਾਨ ਹਾਂ ਪਰ ਮੇਰੇ ਸਰੀਰ ਨੂੰ ‘ਲੀਓ ਜਰਾ ਤਨੁ ਜੀਤਿ’ ਜਿੱਤ ਲਿਆ ਹੈ। ‘ਜੀਤਿ’ ਹੁੰਦਾ ਹੈ ਦਿਲ ਤੋਂ ਜਿੱਤ ਲੈਣਾ। ਭਾਵ ਮੇਰੇ ਮਨ ਉੱਤੇ ਆਲਸਪੁਣਾ ਹਾਵੀ ਹੋ ਗਿਆ ਹੈ। ਮੈਂ ਆਪਣੇ ਸਮੇਂ ਨੂੰ ਚੰਗੇ ਕੰਮਾ ਲਈ ਲਗਾ ਨਹੀਂ ਪਾ ਰਿਹਾ ਹਾਂ, ਮੈਂ ਸੱਚ ਲੈਣ ਲਈ ਕੋਈ ਉੱਦਮ ਨਹੀਂ ਕਰਦਾ। ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥ ਨਾਨਕ ਜੀ ਕਹਿੰਦੇ ਹਨ ਕਿ ਇਹ ਸੱਚ ਸਮਝ ਲੈ! ਇਹ ਤੇਰਾ ਸਾਥ ਨਹੀਂ ਦੇਣਗੇ। ਸਗੋਂ ਇਨ੍ਹਾਂ ਦੇ ਨਾਲ ਤੇਰੀ ਰੱਬ ਨਾਲੋਂ ਦੂਰੀ ਵਧਦੀ ਜਾਏਗੀ।

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥

ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥4॥

ਗੁਰਬਾਣੀ ਦਾ ਕਥਨ ਹੈ - ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹੁ ਮਨੁ ਪੰਚ ਤਤੁ ਤੇ ਜਨਮਾ ॥ (415) ਜੇ ਪੰਜ ਤੱਤ ਹਨ ਤਾਂ ਮਨ ਹੈ। ਹੁਣ ਨਿਤਾਰਾ ਕਰਨਾ ਸੌਖਾ ਹੋ ਗਿਆ। ਜਦੋਂ ਪੰਜ ਤੱਤਾਂ ਦਾ ਸਰੀਰ ਬਣਿਆ ਤਾਂ ਮਨ ਪੈਦਾ ਹੋਇਆ। ਇਸ ਦਾ ਮਤਲਬ ਇਹ ਸਾਫ ਹੋ ਗਿਆ ਕਿ ਜਦੋਂ ਪੰਜ ਤੱਤਾਂ ਦਾ ਸਰੀਰ ਬਣਦਾ ਹੈ, ਇਹ ਮਨ ਉਸ ਪਿੱਛੋਂ ਹੀ ਪੈਦਾ ਹੁੰਦਾ ਹੈ। ਇਹ ਕੋਈ ਗਿਆਨ-ਵਿਗਿਆਨ ਦੀ ਗੱਲ ਨਹੀਂ। ਹਰੇਕ ਮਨੁੱਖ ਦੇ ਸਮਝ ਆ ਸਕਣ ਲਈ ਸਿੱਧੀ-ਸਾਦੀ ਗਲ ਹੈ।

ਜੇ ਪੰਜ ਤੱਤਾਂ ਦਾ ਸਰੀਰ ਕੁੱਤੇ ਦਾ ਬਣਿਆ ਤਾਂ ਕੁੱਤੇ ਦਾ ਮਨ ਪੈਦਾ ਹੋਇਆ, ਜੇ ਪੰਜ ਤੱਤਾਂ ਦਾ ਸਰੀਰ ਸ਼ੇਰ ਦਾ ਬਣਿਆ ਤਾਂ ਸ਼ੇਰ ਦਾ ਮਨ ਪੈਦਾ ਹੋਇਆ, ਜੇ ਪੰਜ ਤੱਤਾਂ ਦਾ ਸਰੀਰ ਹੰਸ ਦਾ ਬਣਿਆ ਤਾਂ ਹੰਸ ਦਾ ਮਨ ਬਣਿਆ, ਜੇ ਕਾਂ ਬਣਿਆ ਤਾਂ ਕਾਂ ਬਿਰਤੀ ਵਾਲਾ ਮਨ ਪੈਦਾ ਹੋਇਆ। ਇਹ ਕੋਈ ਗੁੰਝਲਦਾਰ ਗਲ ਨਹੀਂ ਹੈ ਸਗੋਂ ਬਹੁਤ ਸੌਖੀ ਹੈ ਪਰ ਵਿਚੋਲਿਆਂ ਨੇ ਮੁਸ਼ਕਲ ਬਣਾ ਦਿੱਤੀ ਹੈ।

ਗੁਮਰਾਹ ਕਰਨ ਵਾਲਿਆਂ ਨੇ ਕਹਿ ਦਿੱਤਾ ਕਿ ਇਹ ਮਨ ਪਿਛਲੇ ਜਨਮਾਂ ਤੋਂ ਆ ਰਿਹਾ ਹੈ। ਇਸ ਮਨ ਨੇ ਪਿਛਲੇ ਜਨਮ ਵਿਚ ਜੋ-ਜੋ ਕਰਤੂਤਾਂ ਕੀਤੀਆਂ ਸਨ ਇਹ ਉਸੇ ਕਰਤੂਤਾਂ ਦੇ ਪਕੇ ਸੁਆਦ ਨੂੰ ਜਦੋਂ ਪੂਰਾ ਨਹੀਂ ਕਰ ਪਾਉਂਦਾ ਤਾਂ ਇਹ ਦੁਬਾਰਾ ਜਨਮ ਲੈਂਦਾ ਹੈ। ਸਾਨੂੰ ਇਹ ਭੁਲੇਖਾ ਪੈ ਗਿਆ ਕਿ ਮਨ ਪਿਛਲੇ ਜਨਮ ਵਾਲਾ ਹੀ ਇਸ ਜਨਮ ਵਿਚ ਆ ਗਿਆ ਅਤੇ ਪਿਛਲੇ ਭੋਗੇ ਜਨਮ ਦਾ ਫਲ ਅੱਜ ਇਸ ਜਨਮ ਵਿਚ ਭੋਗ ਰਿਹਾ ਹੈ।

ਅੱਜ ਵਿਗਿਆਨ ਮੰਨਦਾ ਹੈ ਕਿ ਸਾਰੇ ਮਨੁੱਖ ਇੱਕੋ ਹੀ ਅੰਸ਼ ਤੋਂ ਬਣੇ ਹਨ। ਗੁਰਬਾਣੀ ਉਸ ਅੰਸ਼ ਨੂੰ ‘ਕਹੁ ਕਬੀਰ ਇਹੁ ਰਾਮ ਕੀ ਅੰਸੁ’ ਕਹਿੰਦੀ ਹੈ। ਅਸੀਂ ਸਾਰੇ ਰੱਬ ਦੇ ਇੱਕੋ ਜੀਨਸ ਤੋਂ ਬਣੇ ਹਾਂ। ਇਹ ਗੱਲ ਵਖਰੀ ਹੈ ਕਿ ਉਹ ਜੀਨਸ ਜੇ ਧਰਤੀ ਦੇ ਪੂਰਬ ਵਿਚ ਪਨਪਿਆ ਤਾਂ ਉੱਥੇ ਠੰਡ ਹੋਣ ਕਾਰਨ ਉੱਥੋਂ ਦੇ ਮਨੁੱਖਾਂ ਦਾ ਰੰਗ ਗੋਰਾ ਹੋ ਗਿਆ। ਉਹੀ ਜੀਨਸ ਦੱਖਣ ਦਿਸ਼ਾ ਵਿਚ ਪਨਪਿਆ ਤਾਂ ਗਰਮੀ ਕਾਰਨ ਕਾਲਾ ਹੁੰਦਾ ਗਿਆ। ਪਰ ਦੋਵੇ ਹੀ ਇੱਕੋ ਰੱਬ ਦੀ ਉਤਪਤੀ ਹਨ।

ਅਸੀਂ ਸਾਰੇ ਰੱਬ ਦੀ ਅੰਸ਼ ਹਾਂ। ਸਾਡੇ ਸਾਰਿਆਂ ਦੇ ਅੰਦਰ ਇੱਕ ਜ਼ਮੀਰ ਹੈ। ਇਹ ਜ਼ਮੀਰ ਹਰ ਮਨੁੱਖ ਦੇ ਅੰਦਰ ਰੱਬ ਦੀ ਹੋਂਦ ਦਾ ਪ੍ਰਤੀਕ ਹੈ। ਇਸਨੂੰ ਰੂਹ ਜਾਂ ਆਤਮਾ ਵੀ ਕਹਿੰਦੇ ਹਨ। ਅਸੀਂ ਸਾਰੇ ਆਪਣੀ ਜ਼ਮੀਰ ਦੇ ਤਲ ਤੇ ਤਾਂ ਚੰਗੇ ਇਨਸਾਨ ਹੀ ਹਾਂ ਪਰ ਇਸ ਤੋਂ ਇਲਾਵਾ ਸਾਡਾ ਮਨ ਪੈਦਾ ਹੋ ਜਾਂਦਾ ਹੈ। ਇਹ ਸਾਡੇ ਆਲ਼ੇ-ਦੁਆਲ਼ੇ, ਮਾਤਾ-ਪਿਤਾ ਅਤੇ ਨਾਨਕੇ-ਦਾਦਕੇ ਦੇ ਅਤੇ ਸੁਭਾਵਾਂ ਦਾ, ਪੈਦਾ ਹੋਣ ਤੋਂ ਹੁਣ ਤਕ, ਬੀਤੇ ਸਮੇ ਦੀਆਂ ਯਾਦਾਂ ਦਾ ਸੰਗ੍ਰਹ ਹੁੰਦਾ ਹੈ। ਇਸ ਤੋਂ ਇਲਾਵਾ ਸਾਡੀਆਂ ਸਰੀਰਕ ਲੋੜਾਂ ਮੁਤਾਬਕ ਸਾਡੇ ਮਨ ਦੇ ਸੰਸਕਾਰ ਜਿਉਂ-ਜਿਉਂ ਪੈਦਾ ਹੁੰਦੇ ਜਾਂਦੇ ਹਨ ਸਾਡੇ ਮਨ ਦੇ ਵੈਸੇ ਖਿਆਲ ਬਣਦੇ ਜਾਂਦੇ ਹਨ। ਅੱਜ ਵਿਗਿਆਨ ਵੀ ਇਹ ਖੋਜ ਕਰ ਚੁਕਾ ਹੈ ਕਿ ਮਨੁੱਖ ਜੈਸੀਆਂ ਫਿਲਮਾਂ, ਡਰਾਮੇ ਆਦਿ ਵੇਖਦਾ ਹੈ ਵੈਸਾ ਹੀ ਉਸ ਦਾ ਮਨ ਘੜਿਆ ਜਾਂਦਾ ਹੈ।

ਇੱਕ ਵਾਕਿਆ ਮੈਨੂੰ ਯਾਦ ਹੈ, ਇੱਕ ਪਿਤਾ ਕਹਿੰਦਾ ਹੈ ਕਿ ਮੇਰੀ ਦੋ ਬੇਟੀਆਂ ਹਨ। ਵੱਡੀ ਬੇਟੀ ਮਾਤਾ-ਪਿਤਾ ਦਾ ਜ਼ਿਆਦਾ ਖਿਆਲ ਰੱਖਦੀ ਹੈ। ਛੋਟੀ ਬੇਟੀ ਥੋੜ੍ਹੀ ਚੁਲਬੁਲੀ ਅਤੇ ਸ਼ਰਾਰਤੀ ਹੈ। ਗਲ ਦੀ ਤਹਿ ਤਕ ਜਾਣ ਤੇ ਪਤਾ ਚਲਿਆ ਕਿ ਜਦੋਂ ਮਾਤਾ-ਪਿਤਾ ਦਾ ਵਿਆਹ ਹੋਇਆ ਸੀ ਤਾਂ ਬਹੁਤ ਹੀ ਔਖਾ ਵੇਲਾ ਸੀ, ਮਾਇਆ ਦੀ ਘਾਟ ਸੀ, ਮਕਾਨ ਆਪਣਾ ਨਹੀਂ ਸੀ। ਸਮੱਸਿਆਵਾਂ ਦਾ ਅੰਤ ਨਹੀਂ ਸੀ। ਵੱਡੀ ਬੇਟੀ ਨੇ ਦੁੱਖ ਦੇ ਦਿਨ ਮਾਤਾ-ਪਿਤਾ ਨਾਲ ਹੰਢਾਏ ਸੀ। ਇਸ ਲਈ ਉਹ ਮਾਤਾ-ਪਿਤਾ ਦੀ ਬਹੁਤੀ ਹਮਦਰਦ ਸੀ। ਪਰ ਜਦੋਂ ਦੂਜੀ ਬੇਟੀ ਪੈਦਾ ਹੋਈ 6-7 ਸਾਲਾਂ ਦੀ ਵਿੱਥ ਪੈ ਚੁਕੀ ਸੀ। ਕਾਰੋਬਾਰ ਵਿਚ ਮੁਨਾਫੇ ਕਾਰਨ ਘਰ ਵਿਚ ਸੁੱਖ ਸਹੂਲਤਾਂ ਬਹੁਤ ਸਨ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਨੌਕਰ-ਚਾਕਰ ਵੀ ਸਨ। ਇਸ ਲਈ ਉਹ ਜ਼ਿਆਦਾ ਚੁਲਬੁਲੀ ਅਤੇ ਬੇਪਰਵਾਹ ਸੀ।

ਸੋ ਇੱਕੋ ਮਾਤਾ ਪਿਤਾ ਦੀ ਸੰਤਾਨ ਹੋਣ ਦੇ ਬਾਵਜੂਦ ਵੀ ਦੋਵਾਂ ਦੇ ਕਿਰਦਾਰ ਅਤੇ ਸੋਚਣੀ ਵਿਚ ਫਰਕ ਸੀ। ਇਸਤੋਂ ਪਤਾ ਚਲਦਾ ਹੈ ਕਿ ਬੱਚੇ ਦੀ ਪਰਵਰਿਸ਼ ਦੇ ਢੰਗ ਤੇ ਹੀ ਉਸ ਬੱਚੇ ਦੇ ਕਿਰਦਾਰ, ਸੋਚਣ ਦਾ ਢੰਗ, ਨਜ਼ਰੀਆ ਨਿਰਭਰ ਕਰਦਾ ਹੈ।

ਅਸੀਂ ਜੇ ਆਪਣੇ ਆਲ਼ੇ-ਦੁਆਲੇ ਝਾਤ ਮਾਰਕੇ ਵੇਖੀਏ ਕਿ ਜਿਹੜਾ ਬੱਚਾ ਗੱਲ-ਗੱਲ ਤੇ ਜ਼ਿਆਦਾ ਰੋਂਦਾ ਹੈ, ਜ਼ਿਆਦਾ ਤੰਗ ਕਰਦਾ ਹੈ, ਚੀਖਦਾ-ਚਿੱਲਾਉਂਦਾ ਹੈ, ਹਰ ਗਲ ਨੂੰ ਰੋ ਕੇ ਮੰਨਵਾਉਂਦਾ ਹੈ ਤਾਂ ਵਿਗਿਆਨ ਨੇ ਖੋਜ ਲਿਆ ਹੈ ਕਿ ਇਹ ਬੱਚਾ ਜਦੋਂ ਨੋ ਮਹੀਨੇ ਮਾਤਾ ਦੇ ਪੇਟ ਵਿਚ ਸੀ ਉਸ ਵੇਲੇ ਮਾਂ ਦਿਮਾਗੀ ਤੋਰ ਤੇ ਪਰੇਸ਼ਾਨ ਸੀ, ਉਸਨੂੰ ਸਕੂਨ ਅਤੇ ਸ਼ਾਂਤੀ ਦਾ ਮਾਹੋਲ ਨਹੀਂ ਮਿਲਿਆ। ਗਰਭਵਤੀ ਮਾਂ ਜੈਸੇ ਵੀ ਮਾਹੋਲ ਵਿਚ ਰਹਿੰਦੀ ਹੈ ਉਸ ਦਾ ਅਸਰ ਬੱਚੇ ਤੇ ਪੈਂਦਾ ਹੈ। ਮਾਂ ਦੀ ਸਰੀਰਕ ਅਤੇ ਮਾਨਸਕ ਖੁਰਾਕ ਦੋਵੇ ਹੀ ਬੱਚੇ ਨੂੰ ਗਰਭ ਵਿਚ ਹੀ ਮਿਲ ਜਾਂਦੀ ਹੈ।

ਜੇ ਗਰਭਵਤੀ ਮਾਂ ਸ਼ਾਂਤ ਹੋਵੇ ਤਾਂ ਬੱਚਾ ਵੀ ਸਹਜ ਵਿਚ ਹੁੰਦਾ ਹੈ। ਇਸੇ ਲਈ ਵੱਡੇ-ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਕਿ ਮਾਂ ਨੂੰ ਗਰਭ ਤੋਂ ਪਹਿਲਾਂ ਹੀ ਰੱਬੀ ਗੁਣਾਂ ਵਾਲਾ ਸੁਭਾ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਉਸਨੂੰ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ, ਅਰਥ ਸਮਝਣੇ ਚਾਹੀਦੇ ਹਨ। ਲੋਕਾਂ ਦੇ ਅਉਗੁਣ ਦੇਖ ਕੇ ਅਣਡਿਠ ਕਰਨਾ ਸਿੱਖਣਾ ਚਾਹੀਦਾ ਹੈ। ਵਡਿਆਂ ਦਾ ਪਿਆਰ-ਸਤਿਕਾਰ ਕਰਨਾ ਚਾਹੀਦਾ ਹੈ। ਗਿਲੇ-ਸ਼ਿਕਵੇ ਅਤੇ ਨਿਹੋਰੇ ਨਹੀਂ ਕਰਨੇ ਚਾਹੀਦੇ ਹਨ। ਮਾਂ ਜੇ ਗਿਲੇ-ਸ਼ਿਕਵੇ ਕਰੇ, ਚੀਕਾਂ ਮਾਰੇ, ਉੱਚਾ ਬੋਲੇ ਤਾਂ ਬੱਚਾ ਵੀ ਐਸੇ ਅਉਗੁਣਾਂ ਦਾ ਧਾਰਨੀ ਹੁੰਦਾ ਜਾਂਦਾ ਹੈ। ਬੱਚਾ ਤੰਗ ਕਰਦਾ ਹੈ। ਧਾਰਮਕ ਦੁਨੀਆ ਵਿਚ ਤਾਂ ਇਸਨੂੰ ਪਹਿਲਾਂ ਹੀ ਖੋਜ ਲਿਆ ਗਿਆ ਸੀ ਅਤੇ ਹੁਣ ਵਿਗਿਆਨ ਵੀ ਇਸ ਗਲ ਨੂੰ ਮੰਨ ਰਹੀ ਹੈ। ਇਸ ਲਈ ਕਹਿੰਦੇ ਹਨ ਕਿ ਜੋ ਇਸਤਰੀ ਮਾਂ ਬਣਨਾ ਚਾਹੁੰਦੀ ਹੈ ਤਾਂ ਮਾਂ ਬਣਨ ਤੋਂ ਪਹਿਲਾਂ ਧਾਰਮਕ ਵਿਦਿਆ ਪ੍ਰਾਪਤ ਕਰੇ।

ਜੇ ਉਹ ਐਸਾ ਨਾ ਕਰੇ ਤਾਂ ਉਸਨੂੰ ਸੁੱਚਜੀ ਜੀਵਨ ਜਾਚ ਨਹੀਂ ਆਵੇਗੀ ਅਤੇ ਉਹ ਇੱਕ ਐਸਾ ਬੱਚਾ ਪੈਦਾ ਕਰੇਗੀ ਜੋ ਮਾਤਾ-ਪਿਤਾ ਅਤੇ ਸਮਾਜ ਲਈ ਘਾਤਕ ਸਾਬਤ ਹੋਵੇਗਾ। ਜੇ ਮਾਂ ਸੁੱਚਜੀ ਜੀਵਨ ਜਾਚ ਸਿੱਖੇ ਤਾਂ ਬੱਚਾ ਸ਼ਾਂਤ ਸੁਭਾ ਵਾਲਾ ਹੋਵੇਗਾ। ਐਸਾ ਬੱਚਾ ਮਾਤਾ-ਪਿਤਾ, ਦੇਸ਼, ਸਮਾਜ ਲਈ ਇਕ ਚਾਨਣ ਮੁਨਾਰਾ ਬਣਨ ਜੋਗ ਹੋਵੇਗਾ। ਆਪਣੀਆਂ ਗੱਲਾਂ ਰੋ-ਰੋ ਕੇ ਨਹੀਂ ਮੰਨਵਾਏਗਾ। ਬਹੁਤਾ ਭੜਕੀਲਾ ਨਹੀਂ ਹੋਵੇਗਾ। ਸੋ, ਬੱਚੇ ਦਾ ਕਿਰਦਾਰ ਮਾਤਾ-ਪਿਤਾ, ਸਮਾਜ, ਮਿਤਰ, ਅਧਿਆਪਕ ਆਦਿ ਸਾਰੇ ਹੀ ਕਿਰਦਾਰਾਂ ਤੇ ਨਿਰਭਰ ਕਰਦਾ ਹੈ।

ਕੇਕ ਦਾ ਠੀਕ ਬਣਨਾ ਇਸ ਗਲ ਤੇ ਬਹੁਤ ਨਿਰਭਰ ਕਰਦਾ ਹੈ ਕਿ ਓਵਨ ਦਾ ਸੇਕ, ਤਾਪਮਾਨ ਠੀਕ ਹੋਵੇ। ਮਾਂ ਦਾ ਪੇਟ ਓਵਨ ਦੀ ਤਰ੍ਹਾਂ ਕੰਮ ਕਰਦਾ ਹੈ। ਜਿਵੇਂ ਕੇਕ ਬਣਾਉਣ ਲਈ ਓਵਨ ਵਿਚ ਸਾਰੀ ਸਮਗਰੀ ਸਹੀ ਮਾਤਰਾ ਵਿਚ ਪਾ ਕੇ ਉਚਿਤ ਤਾਪ ਤੇ ਪਕਾਇਆ ਜਾਵੇ ਤਾਂ ਕੇਕ ਠੀਕ ਬਣਦਾ ਹੈ। ਪਰ ਜੇ ਸਹੀ ਮਾਤਰਾ ਵਿਚ ਸਮਗਰੀ ਨਾ ਹੋਵੇ ਜਾਂ ਤਾਪ ਉਚਿਤ ਨਾ ਹੋਵੇ ਤਾਂ ਕੇਕ ਸਹੀ ਨਹੀਂ ਬਣਦਾ। ਨੌ ਮਹੀਨੇ ਲਗਾਤਾਰ ਬੱਚੇ ਨੂੰ ਮਾਤਾ ਦੇ ਗਰਭ ਵਿਚ ਸੇਕ ਦਿੱਤਾ ਜਾਂਦਾ ਹੈ, ਜੇ ਸਹੀ ਸੇਕ, ਖੁਰਾਕ ਬੱਚੇ ਤਕ ਪਹੁੰਚੇ ਤਾ ਅਵਸ਼ ਹੀ ਬੱਚਾ ਤੰਦਰੁਸਤ ਅਤੇ ਉੱਚੇ ਕਿਰਦਾਰ ਵਾਲਾ ਬਣਦਾ ਹੈ।

ਕਈ ਲੋਕੀ ਸਵਾਲ ਪੁੱਛਦੇ ਹਨ ਕਿ ਇੱਕੋ ਮਾਤਾ-ਪਿਤਾ ਦੇ ਚਾਰ ਬੱਚੇ ਤੇ ਸਾਰਿਆਂ ਦਾ ਸੁਭਾ ਅਲਗ ਅਲਗ ਕਿਉਂ ਹੁੰਦਾ ਹੈ? ਇਸ ਦਾ ਇਹੀ ਕਾਰਨ ਹੈ ਕਿ ਜਦੋਂ ਬੱਚਾ ਗਰਭ ਵਿਚ ਸੀ ਤਾਂ ਮਾਤਾ-ਪਿਤਾ ਦੇ ਕੈਸੇ ਖਿਆਲ ਸਨ, ਮਾਹੋਲ ਕੈਸਾ ਸੀ। ਸੋ, ਇੱਕੋ ਮਾਤਾ-ਪਿਤਾ ਦੇ ਚਾਰੋਂ ਬੱਚੇ ਅਲਗ-ਅਲਗ ਸੁਭਾ ਦੇ ਬਣ ਜਾਂਦੇ ਹਨ। ਪਰ ਸਾਰੀ ਖੇਡ ਮਨ ਦੀ ਹੀ ਹੈ। ਕਾਸ਼! ਵਿਗਿਆਨਿਕ ਐਸਾ ਜੰਤਰ ਬਣਾਉਣ ਜੋ ਸਾਡੇ ਦਿਮਾਗ ਜਾਂ ਛਾਤੀ ਤੇ ਲਗਾਉਣ ਸਾਰ ਹੀ ਸਾਡੇ ਮਨ ਦੀ ਆਵਾਜ਼ ਸੁਣ ਸਕੇ।

ਇਸ ਮਨ ਨੂੰ ਹੀ ਮੁਖਾਤਿਬ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਹਨ ‘ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਜਬ ਤੇ ਸੁਧੁ ਨਾਹੀ ਮਨੁ ਅਪਨਾ ॥’ ਐ ਮਨੁੱਖ ਤੂੰ ਕੀ ਰੱਬ ਦੇ ਨਾਮ ਦੀ ਲਿਵ ਲਗਾਉਂਦਾ ਹੈਂ, ਜ਼ੁਬਾਨ ਤੋਂ ਰਟਨ ਕਰਦਾ ਹੈਂ ਪਰ ਤੇਰਾ ਮਨ ਤੇ ਸ਼ੁੱਧ ਹੋਇਆ ਹੀ ਨਹੀਂ। ਮਨ ਸ਼ੁੱਧ ਕਰਨ ਲਈ ਕੁਝ ਕਰ। ਜੇਕਰ ਮਨ ਸ਼ੁਧ ਨਹੀ ਤਾਂ ਬਾਹਰੋਂ ਜ਼ੁਬਾਨ ਤੋਂ ਰਾਮ-ਰਾਮ, ਅਲਾਹ-ਅਲਾਹ, ਖੁਦਾ-ਖੁਦਾ, ਅਲਖ-ਅਲਖ ਕਰਨ ਦਾ ਕੋਈ ਫਾਇਦਾ ਨਹੀਂ। ਜੇ ਮਨ ਮੈਲਾ ਹੈ ਤਾਂ ਸਭ ਕੁਝ ਮੈਲਾ ਹੀ ਹੈ, ਗੁਰਬਾਣੀ ਦਾ ਫੁਰਮਾਨ ਹੈ, ‘ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥’ (558) ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣਾ ਮਨ ਸਾਫ ਕਰਨਾ ਹੈ। ਗੁਰਬਾਣੀ ਸਾਨੂੰ ਮਨ ਸਾਫ ਕਰਨ ਬਾਰੇ ਹੀ ਸੇਧ ਦੇਂਦੀ ਹੈ। ਗੁਰਮਤ ਫਲਸਫਾ ਸਾਰੀ ਦੁਨੀਆ ਨੂੰ ਦਸਦਾ ਹੈ ਕਿ ਮਨ ਸਾਫ ਕਿਵੇਂ ਕੀਤਾ ਜਾ ਸਕਦਾ ਹੈ। ਜੇ ਮਨ ਸਾਫ ਹੋਵੇ ਤਾਂ ਰੱਬ ਦਾ ਨਿਵਾਸ ਸਥਾਨ ਬਣਦਾ ਹੈ।

ਰੱਬ ਦਾ ਕੋਈ ਵੀ ਨਾਮ ਰੱਖੋ ਅਲਾਹ, ਖੁਦਾ, ਰਾਮ ਜਾਂ ਵਾਹਿਗੁਰੂ। ਅਲਾਹ, ਖੁਦਾ, ਰਾਮ, ਵਾਹਿਗੁਰੂ, ਬੀਠਲ ਆਦਿ ਕਿਸੇ ਵੀ ਰੱਬੀ ਨਾਮ ਨੂੰ ਕਹਿਣਾ ਮਾੜੀ ਗਲ ਨਹੀਂ ਹੋ ਸਕਦੀ। ਲੇਕਿਨ ਖੁਦਾ ਕਹਿੰਦਿਆਂ ਜੇ ਰਾਮ ਲਫਜ਼ ਨਾਲ ਨਫਰਤ ਹੈ ਤਾਂ ਮਨ ਮੈਲਾ ਹੈ। ਰਾਮ ਕਹਿੰਦਿਆ ਜੇ ਖੁਦਾ ਅਤੇ ਵਹਿਗੁਰੂ ਕਹਿਣ ਵਾਲਿਆਂ ਨਾਲ ਨਫਰਤ ਹੈ ਤਾਂ ਮਨ ਮੈਲਾ ਹੈ।

ਜੇ ‘ਨਾ ਕੋ ਬੈਰੀ ਨਹੀ ਬਿਗਾਨਾ’ ਸਿੱਖੇ ਹੀ ਨਹੀਂ ਤਾਂ ਮਾਨੋ ਮਨ ਮੈਲਾ ਹੈ। ਇਹੀ ਜਾਚ ਸਿੱਖਣੀ ਹੈ ਕਿ ਮਨ ਇਸ ਤੇਰ-ਮੇਰ, ਬੈਰੀ-ਬੇਗਾਨਾ, ਈਰਖਾ, ਨਫ਼ਰਤ ਤੋਂ ਛੁੱਟੇ। ਜਦੋਂ ਇਸ ਮਲੀਨ ਬਿਰਤੀ ਤੋਂ ਛੁੱਟੇਗਾ ਤਾਂ ‘ਸਗਲ ਸੰਗਿ ਹਮ ਕਉ ਬਨਿ ਆਈ’ ਵਾਲੀ ਅਵਸਥਾ ਤੇ ਅੱਪੜੇਗਾ। ‘ਬਿਸਰਿ ਗਈ ਸਭ ਤਾਤਿ ਪਰਾਈ’ ਇਹ ਤਾਤ ਪਰਾਈ ਮਨੁੱਖ ਨੂੰ ਰੱਬ ਤੋਂ ਦੂਰ ਕਰਦੀ ਹੈ। ਪਰ ਜਦੋਂ ਮਨੁੱਖ ਸਤਿਗੁਰ ਦੀ ਮਤ ਲੈਂਦਾ ਹੈ ਤਾਂ ਇਹ ਮਲੀਨ ਬਿਰਤੀ ਮੁਕਦੀ ਜਾਂਦੀ ਹੈ।

ਨੋਟ: ਗੁਰਬਾਣੀ ਵਿਚ ਸਾਧਸੰਗਤ ਦਾ ਅਰਥ ਬਾਹਰਲੀ ਸੰਗਤ ਤੋਂ ਨਹੀਂ ਲੈਣਾ। ਗੁਰਬਾਣੀ ਦੇ ਭਾਵ ਅਰਥਾਂ ਵਿਚ ਸਾਧਸੰਗਤ ਦਾ ਅਰਥ ਹੈ - ਸਤਿਗੁਰ ਦੀ ਮਤ ਲੈਕੇ ਰੱਬੀ ਗੁਣਾਂ ਦਾ ਸੰਗ ਕਰਨਾ। ਜਦੋਂ ਸਾਡਾ ਮਨ ਸੱਚ ਦਾ ਸੰਗ ਕਰਦਾ ਹੈ ਤਾਂ ਅੰਦਰ ਵਸਦੇ ਸਤਿਗੁਰ ਦੀ ਮਤ ਹੀ ਤਾਤਿ ਪਰਾਈ ਤੋਂ ਮੁਕਤ ਕਰਵਾਉਂਦੀ ਹੈ। ਇਸ ਲਈ ਉਸਦਾ ਸੰਗ ਕਰਨਾ ਚਾਹੀਦਾ ਹੈ।

ਗੁਰਬਾਣੀ ਦਾ ਕਥਨ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥ (1168) ਵਾਹਿਗੁਰੂ ਦਾ ਅਰਥ ਅਸੀ ਗੁਰਬਾਣੀ ਵਿਚੋਂ ਸਮਝਣ ਦਾ ਜਤਨ ਕਰਦੇ ਹਾਂ। ਵਾਹ! ਗੁਰੂ ਤੇਰਾ ਗਿਆਨ ਅਥਾਹ ਹੈ। ਗੁਰਬਾਣੀ ਵਿਚ ਗਿਆਨ ਗੁਰੂ ਦੀ ਵਾਹ ਕੀਤੀ ਹੈ।

ਮਨ ਨੂੰ ਸਮਝਾਇਆ ਹੈ ‘ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥’ (732) ਹੁਣ ਇਸ ਤੋਂ ਸੋਖਾ ਉਦਾਹਰਨ ਹੋਰ ਕੀ ਹੋ ਸਕਦਾ ਹੈ ਕਿ ਬਾਹਰੋ-ਬਾਹਰੋ ਤਾਂ ਹਰ ਹਰ ਕਰਦਾ ਹੈਂ ਪਰ ਤੇਰਾ ਮਨ ਤੇ ਸ਼ੁਧ ਨਹੀਂ ਤੂੰ ਆਪਣੇ ਮਨ ਨੂੰ ਸ਼ੁਧ ਕਰਨ ਲਈ ਮਿਹਨਤ ਕਰ। ਇਕ ਥਾਂ ਤੇ ਗੁਰੂ ਪਾਤਸ਼ਾਹ ਉੱਤਮ ਪੁਰਖ ਦੀ ਬੋਲੀ ਵਿਚ ਆਪਣੇ ਆਪ ਤੇ ਢੁਕਾ ਕੇ ਸਾਨੂੰ ਸਮਝਾਉਣ ਲਈ ਕਹਿੰਦੇ ਹਨ, ‘ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥’ (612) ਮੈਨੂੰ ਹਰੀ ਦੀ ਅਰਾਧਨਾ ਤੇ ਆਉਂਦੀ ਨਹੀਂ ਮੈਂ ਹਰਿ-ਹਰਿ ਤੇ ਗੁਰ-ਗੁਰ ਕਰਦਾ ਰਹਿੰਦਾ ਸੀ। ਮੈਂ ਰਾਮ-ਰਾਮ, ਅਲਾਹ-ਅਲਾਹ ਕਰਦਾ ਰਹਿੰਦਾ ਸੀ। ਫਿਰ ਕਹਿੰਦੇ ਹਨ ਕਿ ਜਦੋਂ ਮੈਂ ਹਰਿ-ਹਰਿ ਜਾਂ ਰੱਬ ਦਾ ਕੋਈ ਵੀ ਇੱਕ ਨਾਮ ਦਾ ਲਫ਼ਜ਼ੀ ਰਟਨ ਕਰਦਾ ਸੀ ਤਾਂ ਲੋਕੀ ਮੈਨੂੰ ਬੜਾ ਧਰਮੀ ਸਮਝਦੇ ਸਨ। ਮੇਰੇ ਹਰਿ ਜੀ! ਰੱਬ ਜੀ! ਮੇਰਾ ਨਾਮ ਰਾਮਦਾਸ ਪੈ ਗਿਆ। ਲੋਕੀ ਸਮਝਣ ਲਗ ਪਏ ਕਿ ਮੈਂ ਰਾਮ ਦਾ ਦਾਸ ਹਾਂ, ਮੈਂ ਬੜਾ ਸਤਸੰਗੀ ਹਾਂ, ਬੜਾ ਧਾਰਮਿਕ ਹਾਂ, ਮੈਂ ਬੜਾ ਪਵਿੱਤਰ ਹਾਂ, ਮੇਰਾ ਐਸਾ ਨਾਮ ਪੈ ਗਿਆ। ਨਾਮ ਕਿਵੇਂ ਪੈ ਗਿਆ, ਲੋਕਾਂ ਨੇ ਮੈਨੂੰ ਬਾਹਰੋ ਧਰਮ ਦੇ ਕੰਮ ਕਰਦਿਆਂ ਵੇਖਿਆ। ਜਦੋਂ ਲੋਕਾਂ ਨੇ ਮੇਰੀ ਵਡਿਆਈ ਕੀਤੀ ਮੈਂ ਸੋਚਿਆ ਕਿ ਮੈਂ ਧਰਮੀ ਹਾਂ। ਪਰ ਦਰਅਸਲ ਮੈਨੂੰ ਹਰਿ ਆਰਾਧਨਾ ਆਉਂਦਾ ਨਹੀਂ ਹੈ।

ਅਸੀਂ ਸੋਚ ਰਹੇ ਹੁੰਦੇ ਹਾਂ ਕਿ ਲੋਕੀ ਮੈਨੂੰ ਕਿਵੇਂ ਮੰਨਦੇ ਹਨ। ਲੋਕਾਂ ਨੇ ਮੇਰੇ ਕਪਟੀ ਹਿਰਦੇ ਨੂੰ ਧਾਰਮਿਕ ਸਮਝ ਲਿਆ। ਜਦੋਂ ਇਹ ਭੁਲੇਖਾ ਪਿਆ ਤਾਂ ਇਸ ਭੁਲੇਖੇ ਵਿਚ ਮਨ ਉਭਰ ਕੇ ਆਕੜ ਕੇ ਰਾਜਾ ਬਣ ਜਾਂਦਾ ਹੈ। ਕਬੀਰ ਸਾਹਿਬ ਐਸੇ ਰਾਜਾ ਬਣੇ ਮਨ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ, ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥ (656) ਜਦੋਂ ਜਾਣਿਆ ਕਿ ਅਸਲੀਅਤ ਕੀ ਹੈ ਤਾਂ ਮਨ ਵੀ ਮੰਨ ਗਿਆ। ਹੁਣ ਕਬੀਰ ਜੀ ਬੜੇ ਪਿਆਰ ਦੇ ਹੁਲਾਰੇ ਵਿਚ ਕਹਿੰਦੇ ਹਨ ‘ਨ ਪਤੀਜੈ ਤਉ ਕਿਆ ਕੀਜੈ’ ਜੇ ਲੋਕੀ ਨਹੀਂ ਮੰਨਦੇ ਤੇ ਨਾ ਮੰਨਣ। ਭਾਵ ਇਹ ਕਿ -

ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥

‘ਰਾਮੁ’ ਦੇ ਮਮੇ ਨੂੰ ਔਕੜ ਲੱਗੀ ਹੈ। ਇਸ ਦਾ ਭਾਵ ਹੈ ਇਕ ਰੱਬ। ਇੱਕ ਰੱਬ, ਅਲਾਹ, ਖੁਦਾ, ਵਾਹਿਗੁਰੂ ਨੂੰ ਆਪਣੀ ਸਿਮਰਤੀ ਵਿਚ ਕਿਉਂ ਨਹੀਂ ਰੱਖਦਾ? ਮੇਰਾ ਮਨ ਮੈਲ਼ਾ ਹੈ ਇਸ ਲਈ ਮੈਂ ਆਪਣੇ ਮਨ ਵਿਚ ਤੇ ਰੱਬ ਦਾ ਨਾਮ ਰੱਖ ਹੀ ਨਹੀਂ ਸਕਦਾ। ਮੇਰਾ ਮਨ ਮੈਲਾ ਹੈ ਤੇ ਬਿਖਿਆ ਵਾਲੀਆਂ ਚੀਜ਼ਾ ਵਿਚ ਰਚਿਆ ਰਹਿੰਦਾ ਹੈ, ਉਸੇ ਵਿਚ ਹੀ ਖਚਿੱਤ ਅਤੇ ਲੀਨ ਰਹਿੰਦਾ ਹੈ।

ਤੀਸਰੇ ਸਲੋਕ ਵਿਚ ਕਹਿ ਰਹੇ ਹਨ - ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥ ਇਕ ਲੜੀਵਾਰ ਪਰਕਰਣ ਚਲ ਰਿਹਾ ਹੈ ਕਿ ਇਸ ਮਨ ਨੂੰ ਠੀਕ ਕਰਨਾ ਹੈ। ਇਸਨੂੰ ਰੱਬੀ ਗੁਣਾਂ ਵਾਲਾ ਸੁਭਾ ਪਾਉਣਾ ਹੈ, ਤਾਂ ਜੋ ਇਹ ਗਿੱਝ ਜਾਵੇ।

ਜਦੋਂ ਵੀ ਮਨੁੱਖ ਸੱਚ ਨੂੰ ਸੁਣਨਾ ਨਹੀਂ ਚਾਹੁੰਦਾ ਤੇ ਇਸ ਨੂੰ ਹਰ ਗਲ ਭੁਲ ਜਾਂਦੀ ਹੈ। ਇਸ ਨੂੰ ਕਹਿੰਦੇ ਹਨ ‘ਸਿਮਰਤ ਕਾਹਿ ਨ ਰਾਮੁ ॥’।

ਐ ਮਨੁੱਖ! ਤੂੰ ਬਾਰ-ਬਾਰ ਕਿਉਂ ਭੁੱਲ ਜਾਂਦਾ ਹੈਂ? ਗੁਰੂ ਸਾਹਿਬ ਕਹਿੰਦੇ ਹਨ ਕਿ ਆਪਣੀ ਸਿਮਰਤੀ ਵਿਚ ਪੱਕੀ ਧਾਰ ਲੈ ਤਾਕਿ ਤੈਨੂੰ ਭੁੱਲੇ ਨਾ।




.