.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਚੌਂਤੀਵਾਂ)

ਮੌਜੂਦਾ ਦੌਰ ਦਾ ਸੰਤਵਾਦ

ਨਾਨਕਸਰ ਠਾਠ (ਕਲੇਰਾਂ) (ਭਾਗ -੩)

ਗੁਰਬਾਣੀ ਪੜ੍ਹਨ ਦੀ ਗੱਲ ਕੀਤੀ ਵੀ, ਤਾਂ ਨਿਰੋਲ ਮੰਤਰ ਦੇ ਤੌਰ`ਤੇ। ਐਸੇ ਭਰਮ ਪਾ ਦਿੱਤੇ ਕਿ ਜੇ ਮਹੀਨੇ ਵਿੱਚ ਇੱਕ ਸਹਿਜ ਪਾਠ ਕੀਤਾ ਜਾਵੇ, ਜਾਂ ਸੁਖਮਨੀ ਬਾਣੀ ਦੇ ਪੰਜਾਹ ਪਾਠ ਕੀਤੇ ਜਾਣ, ਜਾਂ ਜਪੁ ਬਾਣੀ ਦੇ ੨੫੦ ਪਾਠ ਕੀਤੇ ਜਾਣ, ਜਾਂ ੧੦੮ ਮਣਕਿਆਂ ਵਾਲੀ ਮਾਲਾ ਦੀਆਂ ਮੂਲ ਮੰਤਰ ਦੀਆਂ ੧੮੦ ਮਾਲਾ ਫੇਰੀਆਂ ਜਾਣ, ਜਾਂ ਰਾਮ ਨਾਮ ਦੀਆਂ ੧੬੦ ਮਾਲਾ ਰੋਜ਼ ਇੱਕ ਮਹੀਨੇ ਲਈ ਫੇਰੀਆਂ ਜਾਣ, ਜਾਂ ਇੱਕ ਇੱਕ ਮਣਕੇ `ਤੇ ਚਾਰ ਵਾਰੀ ਰਾਮ ਰਾਮ ਆਖ ਕੇ ੪੦ ਮਾਲਾ ਰੋਜ਼ ਫੇਰੀਆਂ ਜਾਣ, ਤਾਂ ਇਨ੍ਹਾਂ ਦਾ ਮਹਾਤਮ ਇਕੋ ਜਿਹਾ ਹੈ।

ਸੱਚਾਈ ਤਾਂ ਇਹ ਹੈ ਕਿ ਜੇ ਗੁਰਬਾਣੀ ਤੋਂ ਅਗਵਾਈ ਲਈ ਜਾਵੇ ਤਾਂ ਇਨ੍ਹਾਂ ਵਿਚੋਂ ਕਿਸੇ ਕਰਮ ਦਾ ਵੀ, ਕੌਡੀ ਮਹਾਤਮ ਨਹੀਂ। ਗੁਰਮਤਿ ਹਰ ਤਰ੍ਹਾਂ ਦੇ ਮੰਤਰ ਪਾਠ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ। ਸਤਿਗੁਰੂ ਦਾ ਉਪਦੇਸ਼ ਹੈ:

"ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ।।

ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰਸਬਦੀ ਸਚੁ ਜਾਨਿਆ।। " {ਸੂਹੀ ਮਹਲਾ ੧, ਪੰਨਾ ੭੬੬}

(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿੱਚ ਗਿੱਝ ਗਿਆ ਹੈ। ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ। (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ੪।

ਗਿਣਤੀਆਂ ਗਿਣ ਕੇ ਗੁਰਬਾਣੀ ਪੜ੍ਹਨ ਜਾਂ ਕਿਸੇ ਸ਼ਬਦ ਨੂੰ ਰਟਨ ਬਾਰੇ ਸਤਿਗੁਰੂ ਦਾ ਫੁਰਮਾਨ ਹੈ:

"ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ।।

ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ।। " {ਮਾਝ ਕੀ ਵਾਰ ਮਹਲਾ ੧, ਪੰਨਾ ੧੪੦}

(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿੱਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ)। ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਲੇਖਾ ਗਿਣ ਕੇ ਭਗਤੀ ਕੀਤਿਆਂ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।

"ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ।।

ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ।। " {ਗੂਜਰੀ ਕੀ ਵਾਰ ਮਹਲਾ ੩, ਪੰਨਾ ੫੧੦}

ਪ੍ਰਭੂ ਨੇ ਜਗਤ ਪੈਦਾ ਕਰ ਕੇ ਆਪਣੇ ਵੱਸ ਵਿੱਚ ਰੱਖਿਆ ਹੋਇਆ ਹੈ। ਪਰ ਇਹ ਗੱਲ ਭੁਲਾ ਕੇ ਗਿਣਤੀਆਂ ਮਿਣਤੀਆਂ ਨਾਲ ਉਸ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਪ੍ਰਭੂ ਨਹੀਂ ਮਿਲਦਾ, ਮਾਇਆ ਵਿੱਚ ਹੀ ਭਟਕੀਦਾ ਹੈ।

ਜੋ ਗੁਰਬਾਣੀ ਨੂੰ ਮੰਤ੍ਰ ਸਮਝ ਕੇ ਰੱਟ ਰਹੇ ਹਨ, ਜੋ ਗੁਰਬਾਣੀ ਪੜ੍ਹ ਤਾਂ ਰਹੇ ਹਨ ਪਰ ਸ਼ਬਦ ਦਾ ਭਾਵ ਨਹੀਂ ਸਮਝਦੇ, ਉਨ੍ਹਾਂ ਨੂੰ ਸਤਿਗੁਰੂ ਭਰਮਾਂ ਵਿੱਚ ਭੁਲੇ ਹੋਏ ਮਨਮੁਖ ਆਖਦੇ ਹਨ:

"ਮਨਮੁਖਿ ਭਰਮਿ ਭਵੈ ਬੇਬਾਣਿ।। ਵੇਮਾਰਗਿ ਮੂਸੈ ਮੰਤ੍ਰਿ ਮਸਾਣਿ।। ਸਬਦੁ ਨ ਚੀਨੈ ਲਵੈ ਕੁਬਾਣਿ।।

ਨਾਨਕ ਸਾਚਿ ਰਤੇ ਸੁਖੁ ਜਾਣਿ।। " {ਰਾਮਕਲੀ ਮਹਲਾ ੧, ਸਿਧ ਗੋਸਟਿ, ਪੰਨਾ ੯੪੧}

ਭੁਲੇਖੇ ਵਿੱਚ ਪਿਆ ਹੋਇਆ ਮਨਮੁਖ (ਮਾਨੋ) ਜੰਗਲ ਵਿੱਚ ਭਟਕ ਰਿਹਾ ਹੈ, ਕੁਰਾਹੇ ਪੈ ਕੇ (ਇਉਂ) ਠੱਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿੱਚ ਮੰਤ੍ਰ ਪੜ੍ਹਨ ਵਾਲਾ ਮਨੁੱਖ (ਭੈੜੇ ਪਾਸੇ ਪਿਆ ਹੈ)। (ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ (ਭਾਵ, ਗੁਰੂ ਦੇ ਸ਼ਬਦ ਦੀ ਉਸ ਨੂੰ ਸਮਝ ਨਹੀਂ ਪੈਂਦੀ), ਤੇ ਦੁਰਬਚਨ ਹੀ ਬੋਲਦਾ ਹੈ। ਹੇ ਨਾਨਕ! ਸੁਖ ਉਸ ਨੂੰ (ਮਿਲਿਆ) ਜਾਣੋ ਜੋ ਸੱਚੇ ਪ੍ਰਭੂ ਵਿੱਚ ਰੰਗਿਆ ਹੋਇਆ ਹੈ। ੨੬।

ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਕੇਵਲ ਗੁਰਬਾਣੀ ਪੜ੍ਹਨ ਨਾਲ ਜੀਵਨ ਉੱਚਾ ਨਹੀਂ ਹੋਣਾ, ਜੋ ਪੜ੍ਹ ਰਹੇ ਹਾਂ ਉਸ ਨੂੰ ਸਮਝਣਾ ਜ਼ਰੂਰੀ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:

"ਪੜੀਐ ਨਾਹੀ ਭੇਦੁ ਬੁਝਿਐ ਪਾਵਣਾ।। " {ਮਾਝ ਕੀ ਵਾਰ ਮਹਲਾ ੧, ਪੰਨਾ ੧੪੮}

ਪੜ੍ਹਨ ਨਾਲ ਭੇਤ ਨਹੀਂ ਪੈਂਦਾ। ਮਤਿ ਉੱਚੀ ਹੋਇਆਂ ਰਾਜ਼ ਸਮਝ ਵਿੱਚ ਆਉਂਦਾ ਹੈ।

ਜੋ ਗੁਰਬਾਣੀ ਦਾ ਭਾਵ ਸਮਝੇ ਬਗੈਰ ਰੱਟਾ ਪਾਠ ਕਰ ਰਹੇ ਹਨ, ਸਤਿਗੁਰੂ ਉਨ੍ਹਾਂ ਨੂੰ ਭਰਮਾਂ ਵਿੱਚ ਭੁਲਿਆ ਹੋਇਆ, ਭੇਖੀ ਆਖਦੇ ਹਨ:

"ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ।। " {ਸਿਰੀ ਰਾਗੁ ਮਹਲਾ ੩, ਪੰਨਾ ੬੬}

(ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ।

ਇਨ੍ਹਾਂ ਪਖੰਡੀਆਂ ਵਲੋਂ ਚੋਣਵੀਆਂ ਬਾਣੀਆਂ ਨੂੰ ਸੁਖਫਲ ਦੇਣ ਵਾਲੀਆਂ ਦੱਸਕੇ ਉਨ੍ਹਾਂ ਦੇ ਰੱਟੇ ਲਾਏ ਅਤੇ ਲੁਆਏ ਜਾ ਰਹੇ ਹਨ, ਜਦਕਿ ਸਾਰੀ ਗੁਰਬਾਣੀ ਹੀ ਅੰਮ੍ਰਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸੌ-ਸੌ ਅਖੰਡ ਪਾਠ ਇੱਕਠੇ ਕਰਵਾਏ ਜਾ ਰਹੇ ਹਨ। "ਜੀ! ਵਿਸ਼ਵ ਦੇ ਭਲੇ ਅਤੇ ਸੁੱਖ ਸ਼ਾਂਤੀ ਲਈ ਇਹ ਇਕੌਤਰੀ ਕਰਾ ਰਹੇ ਹਾਂ। " ਭਲਾ ਜੇ ਕੋਈ ਗੁਰਬਾਣੀ ਸੁਨਣਾ ਵੀ ਚਾਹੇ ਤਾਂ ਕਿੰਨੀਆਂ ਆਵਾਜ਼ਾਂ ਇਕੋ ਸਮੇਂ ਸੁਣ ਸਕੇਗਾ? ਜੋ ਗੁਰਬਾਣੀ ਕਿਸੇ ਦੇ ਕੰਨਾਂ ਤੱਕ ਹੀ ਨਹੀਂ ਪੁੱਜੀ, ਉਹ ਕਿਸੇ ਦੇ ਹਿਰਦੇ ਤੱਕ ਤਾਂ ਕੀ ਪਹੁੰਚਣੀ ਹੈ? ਅਤੇ ਉਸ ਦਾ ਕੀ ਪ੍ਰਭਾਵ ਹੋਣਾ ਹੈ? ਜਿਵੇਂ ਜਿਵੇਂ ਇਹ ਪਖੰਡ ਹੋ ਰਹੇ ਹਨ, ਦੁਨੀਆਂ ਹੋਰ ਵਿਕਾਰਾਂ ਦੀ ਅੱਗ ਵਿੱਚ ਝੁਲਸਦੀ ਜਾ ਰਹੀ ਹੈ। ਇਹੀ ਜੇ ਗੁਰਬਾਣੀ ਦੇ ਇਲਾਹੀ ਗਿਆਨ ਦਾ ਪ੍ਰਚਾਰ ਕੀਤਾ ਜਾਂਦਾ, ਸਤਿਗੁਰੂ ਦਾ ਪਾਵਨ ਉਪਦੇਸ਼ ਹਰ ਮਨੁੱਖ ਮਾਤਰ ਤੱਕ ਪਹੁੰਚਾਇਆ ਜਾਂਦਾ ਤਾਂ ਸਾਰੀ ਮਨੁੱਖਤਾ ਦਾ ਭਲਾ ਵੀ ਹੋ ਜਾਂਦਾ, ਸਾਰੇ ਮਨੁੱਖੀ ਸਮਾਜ ਵਿੱਚ ਸੁੱਖ ਸ਼ਾਂਤੀ ਫੈਲ ਜਾਂਦੀ। ਇਹ ਇਕੌਤਰੀਆਂ ਦੇ ਅਖੰਡ ਪਾਠ ਵੀ ਅਕਸਰ ਅਨਪੜ੍ਹ ਪਾਠੀਆਂ ਕੋਲੋਂ ਕਰਾਏ ਜਾਂਦੇ ਹਨ। ਇਥੇ ਫਿਰ ਨਿਜੀ ਜੀਵਨ ਵਿੱਚ ਵਾਪਰੀ ਇੱਕ ਘਟਨਾ ਸਾਂਝੀ ਕਰਨਾ ਚਾਹੁੰਦਾ ਹਾਂ।

ਗੁਰਦੁਆਰੇ ਤੋਂ ਇੱਕ ਬਜ਼ੁਰਗ ਸਤਿਸੰਗੀ ਸਰਦਾਰ ਜੀ ਦਾ ਮੇਰੇ ਨਾਲ ਬਹੁਤ ਪਿਆਰ ਪੈ ਗਿਆ, ਜੋ ਕੁੱਝ ਸਾਲ ਪਹਿਲੇ ਅਕਾਲ ਪਇਆਣਾ ਕਰ ਗਏ ਹਨ। ਬੜਾ ਹੀ ਪਿਆਰ ਵਾਲਾ ਸੁਭਾਅ ਸੀ, ਹਫਤੇ ਦੋ ਹਫਤੇ ਵਿੱਚ ਇੱਕ ਦੋ ਵਾਰੀ ਜ਼ਰੂਰ ਕੁੱਝ ਸਮਾਂ ਮੇਰੇ ਕੋਲ ਆ ਬੈਠਦੇ। ਸਿੱਖੀ ਵਾਸਤੇ ਅਤੇ ਸਤਿਗੁਰੂ ਵਾਸਤੇ ਉਨ੍ਹਾਂ ਦੇ ਮਨ ਵਿੱਚ ਬੜੀ ਸ਼ਰਧਾ ਭਾਵਨਾ ਸੀ। ਸਾਡਾ ਰਿਸ਼ਤਾ ਵੀ ਬੜਾ ਅਜੀਬ ਸੀ, ਉਨ੍ਹਾਂ ਦੀ ਉਮਰ ਸਦਕਾ ਮੈਂ ਉਨ੍ਹਾਂ ਨੂੰ ਪਿਤਾ ਜੀ ਬੁਲਾਉਂਦਾ, ਅਤੇ ਜਿਵੇਂ ਬਹੁਤ ਵੀਰ ਭੈਣਾਂ ਮੈਨੂੰ ਬੁਲਾਉਂਦੇ ਹਨ, ਉਹ ਮੈਨੂੰ ਵੀਰ ਜੀ ਕਹਿੰਦੇ। ਮੈਂ ਕਈ ਵਾਰੀ ਕਿਹਾ, ਮੈਂ ਤੁਹਾਡੇ ਤੋਂ ਬਹੁਤ ਛੋਟਾ ਹਾਂ, ਤੁਸੀਂ ਮੈਨੂੰ ਨਾਂਅ ਲੈਕੇ ਬੁਲਾਇਆ ਕਰੋ, ਪਰ ਉਹ ਸਦਾ ਵੀਰ ਜੀ ਹੀ ਕਹਿੰਦੇ ਰਹੇ। ਗੁਰਬਾਣੀ ਸੁਣ ਕੇ, ਗੁਰਬਾਣੀ ਦੀ ਵਿਚਾਰ ਸੁਣਕੇ, ਸਤਿਗੁਰੂ ਦੀਆਂ ਬਾਤਾਂ ਸੁਣਕੇ, ਜਿਵੇਂ ਉਨ੍ਹਾਂ ਨੂੰ ਚਾਅ ਜਿਹਾ ਚੜ੍ਹ ਜਾਂਦਾ, ਪਰ ਅਕਸਰ ਦੁੱਖ ਜ਼ਾਹਿਰ ਕਰਦੇ ਕਿ ਮੈਂ ਪੜ੍ਹਿਆ ਲਿਖਿਆ ਨਹੀਂ। ਉਨ੍ਹਾਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਣ ਦਾ ਬੜਾ ਸ਼ੌਕ ਸੀ, ਪਰ ਇਸ ਕਰਕੇ ਨਹੀਂ ਸਨ ਛਕਦੇ ਕਿ ਪੜ੍ਹਿਆ ਲਿਖਿਆ ਨਾ ਹੋਣ ਕਾਰਨ ਗੁਰਬਾਣੀ ਨਹੀਂ ਸਨ ਪੜ੍ਹ ਸਕਦੇ ਅਤੇ ਮਨ ਵਿੱਚ ਡਰ ਸੀ ਕਿ ਪੂਰਾ ਨਿਤਨੇਮ ਨਹੀਂ ਕਰ ਸਕਾਂਗਾ। ਮੈਂ ਕਈ ਵਾਰੀ ਸਮਝਾਉਣ ਅਤੇ ਪ੍ਰੇਰਨ ਦੀ ਕੋਸ਼ਿਸ਼ ਕੀਤੀ ਕਿ ਜਿਤਨੀਆਂ ਕੁ ਬਾਣੀਆਂ ਤੁਹਾਨੂੰ ਕੰਠ ਨੇ, ਉਹ ਤਾਂ ਤੁਸੀਂ ਨੇਮ ਨਾਲ ਕਰਦੇ ਹੀ ਹੋ, ਇਸ ਵਾਸਤੇ ਵਹਿਮ ਕਰਨ ਦੀ ਲੋੜ ਨਹੀਂ, ਨਾਲੇ ਅੱਜਕਲ ਤਾਂ ਸੀ ਡੀ ਪਲੇਅਰ ਆਦਿ ਲੈ ਕੇ ਗੁਰਬਾਣੀ ਸੁਣੀ ਜਾ ਸਕਦੀ ਹੈ, ਤੁਸੀਂ ਆਪਣੇ ਪੁੱਤਰ ਪੋਤਰਿਆਂ ਨੂੰ ਗੁਰਬਾਣੀ ਸੁਨਾਉਣ ਵਾਸਤੇ ਕਹਿ ਸਕਦੇ ਹੋ, ਪਰ ਉਹ ਮਨ ਪੱਕਾ ਨਹੀਂ ਕਰ ਸਕੇ। ਕੁੱਝ ਦਿਨਾਂ ਲਈ ਉਹ ਆਪਣੇ ਪਿੰਡ ਚਲੇ ਗਏ, ਜੋ ਕਿਧਰੇ ਮੋਗੇ ਨੇੜੇ ਸੀ। ਵਾਪਿਸ ਆਏ ਤਾਂ ਮੈਨੂੰ ਮਿਲਣ ਵਾਸਤੇ ਆਏ। ਬੜੇ ਖੁਸ਼, ਚਿਹਰੇ `ਤੇ ਜਿਵੇਂ ਇੱਕ ਨਵਾਂ ਚਾਅ ਸੀ। ਕਹਿਣ ਲੱਗੇ, ਵੀਰ ਜੀ, ਮੇਰਾ ਤਾਂ ਜੀਵਨ ਸਫਲਾ ਹੋ ਗਿਆ। ਮੈਂ ਸੋਚਿਆ, ਜ਼ਰੂਰ ਖੰਡੇ-ਬਾਟੇ ਦੀ ਪਾਹੁਲ ਛੱਕ ਆਏ ਹਨ, ਵਧਾਈ ਦਿੱਤੀ ਤਾਂ ਕਹਿਣ ਲੱਗੇ, ਨਹੀਂ! ਪਾਹੁਲ ਤਾਂ ਨਹੀਂ ਛਕੀ, ਮੈਂ ਪਿੰਡ ਗਿਆ ਹੋਇਆ ਸੀ, ਉਥੇ ਮਹਾਪੁਰਖਾਂ ਨੇ ਬੜਾ ਵੱਡਾ ਯੱਗ ਸ਼ੁਰੂ ਕੀਤਾ ਹੋਇਆ ਸੀ, ਇਕੌਤਰੀ ਚੱਲ ਰਹੀ ਸੀ, ਮੈਂ ਸੋਚਿਆ, ਮੈਂ ਭੀ ਦਰਸ਼ਨ ਕਰ ਆਵਾਂ। ਉਥੇ ਗਿਆ ਤਾਂ ਮਹਾਪੁਰਖ ਕਹਿਣ ਲਗੇ ਕਿ ਸਾਡੇ ਕੋਲ ਪਾਠੀਆਂ ਦੀ ਬਹੁਤ ਕਮੀ ਹੈ, ਤੁਸੀ ਵੀ ਰੌਲ ਲਾਓ। ਮੈਂ ਕਿਹਾ, ਜੀ ਮੈਂ ਤਾਂ ਪੜ੍ਹਨਾ ਨਹੀਂ ਜਾਣਦਾ। ਕਹਿਣ ਲੱਗੇ, ਕੋਈ ਨਹੀਂ, ਤੁਸੀਂ ਨੇਤਰ ਪਾਠ ਕਰ ਲਿਓ। ਮੈਂ ਪੁਛਿਆ, ਉਹ ਨੇਤਰ ਪਾਠ ਕਿਵੇਂ ਹੁੰਦਾ ਹੈ? ਮਹਾਪੁਰਖ ਕਹਿਣ ਲੱਗੇ, ਹਰ ਪੂਰੀ ਪੰਕਤੀ ਦੇ ਚੰਗੀ ਤਰ੍ਹਾਂ ਦਰਸ਼ਨ ਕਰੋ, ਜਦੋਂ ਸਾਰੇ ਅੰਗ ਦੀਆਂ ਪੰਕਤੀਆਂ ਦੇ ਦਰਸ਼ਨ ਹੋ ਜਾਣ ਤਾਂ ਅੰਗ ਪਲਟ ਲਵੋ, ਇਸ ਦਾ ਵੀ ਉਤਨਾ ਹੀ ਮਹਾਤਮ ਹੈ, ਕਿਉਂਕਿ ਤੁਸੀਂ ਸਾਰੀ ਗੁਰਬਾਣੀ ਦੇ ਦਰਸ਼ਨ ਕਰ ਲਏ। ਬਸ ਵੀਰ ਜੀ ਮੈਂ ਵੀ ਰੱਜ ਰੱਜ ਕੇ ਚਾਅ ਲਾਹੇ। ਮੈਨੂੰ ਕੁੱਝ ਸਮਝ ਨਾ ਲੱਗੇ ਕਿ ਉਨ੍ਹਾਂ ਬਜ਼ੁਰਗਾਂ ਨੂੰ ਕੀ ਆਖਾਂ? ਇਸ ਤਰ੍ਹਾਂ ਭੋਲੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਧਰਮ ਕਰਮ ਦਾ ਪਖੰਡ ਰਚਿਆ ਜਾ ਰਿਹਾ ਹੈ।

ਸੰਪਟ ਪਾਠ ਦਾ ਬ੍ਰਾਹਮਣੀ ਰੋਗ ਵੀ ਸਿੱਖ ਕੌਮ ਦੇ ਭੋਲੇ ਭਾਲੇ ਹਿੱਸੇ ਨੂੰ ਨੰਦ ਸਿੰਘ ਨੇ ਹੀ ਲਾਇਆ। ਇਨ੍ਹਾਂ ਦੇ ਚਾਟੜਿਆਂ ਵੱਲੋਂ ਸੰਪਟ ਪਾਠ ਦੀ ਬਹੁਤ ਮਹੱਤਤਾ ਦੱਸੀ ਜਾਂਦੀ ਹੈ। ਸਤਿਗੁਰੂ ਨੂੰ ਤਾਂ ਇਸ ਸੰਪਟ ਪਾਠ ਦੀ ਮਹੱਤਤਾ ਦਾ ਪਤਾ ਹੀ ਨਹੀਂ ਸੀ, ਨਹੀਂ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਸੰਪਟ ਲਾਕੇ ਲਿਖ ਜਾਂਦੇ, ਹੋਰ ਨਹੀਂ ਤਾਂ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤਾਂ ਦਰਜ ਤਾਂ ਕਰ ਹੀ ਜਾਂਦੇ ਕਿ ਸੰਪਟ ਪਾਠ ਦੀ ਇਤਨੀ ਮਹੱਤਤਾ ਹੈ, ਸਭ ਸਿੱਖ ਸੰਪਟ ਲਗਾ ਕੇ ਅਖੰਡ ਪਾਠ ਕਰਾਉਣ। ਇਹ ਸਤਿਗੁਰੂ ਨਾਲੋਂ ਵੀ ਸਿਆਣੇ ਹੋ ਗਏ ਹਨ। ਜੋ ਭੋਲੇ ਭਾਲੇ ਅਗਿਆਨੀ ਸਿੱਖ ਇਨ੍ਹਾਂ ਦੇ ਮੱਗਰ ਲੱਗ ਕੇ ਇਹ ਅਖੌਤੀ ਸੰਪਟ ਪਾਠ ਕਰਾਉਂਦੇ ਹਨ, ਉਹ ਆਪਣੀ ਮਿਹਨਤ ਦੀ ਕਮਾਈ ਤਾਂ ਅਜਾਈ ਗੁਆਉਂਦੇ ਹੀ ਹਨ, ਸੇਵਾ ਅਤੇ ਮਰਿਯਾਦਾ ਦੇ ਨਾਂ `ਤੇ ਬਹੁਤ ਸਾਰੇ ਕਸ਼ਟ ਵੀ ਸਹਿੰਦੇ ਹਨ, ਉਤੋਂ ਸਾਰੀ ਜ਼ਿੰਦਗੀ ਇੱਕ ਗੁਨਾਹਗਾਰ ਦੀ ਭਾਵਨਾ ਵਿੱਚ ਬਤੀਤ ਕਰਦੇ ਹਨ। ਇਨ੍ਹਾਂ ਵਲੋਂ ਇਸ ਅਖੌਤੀ ਸੰਪਟ ਪਾਠ ਦੀ ਮਰਿਯਾਦਾ ਇਤਨੀ ਔਖੀ ਦੱਸ ਦਿੱਤੀ ਜਾਂਦੀ ਹੈ ਕਿ ਕੋਈ ਆਮ ਆਦਮੀ ਉਸ ਨੂੰ ਸੌਖਿਆਂ ਨਹੀਂ ਨਿਭਾ ਸਕਦਾ। ਕੋਈ ਨਾ ਕੌਈ ਕਮੀਆਂ ਰਹਿ ਹੀ ਜਾਂਦੀਆਂ ਹਨ। ਪਹਿਲਾਂ ਤਾਂ ਜਿਸ ਕੰਮ ਵਾਸਤੇ ਇਹ ਅਖੌਤੀ ਸੰਪਟ ਪਾਠ ਕਰਾਇਆ ਹੈ, ਉਸ ਦੇ ਨਾ ਹੋਣ ਦਾ ਦੋਸ਼ੀ ਉਹ ਆਪਣੇ ਆਪ ਨੂੰ ਸਮਝਦੇ ਹਨ ਕਿ ਪੂਰੀ ਮਰਿਯਾਦਾ ਨਹੀਂ ਨਿਭਾਈ ਜਾ ਸਕੀ, ਉਤੋਂ ਇਹ ਭਾਵਨਾ ਵੀ ਰਹਿੰਦੀ ਹੈ ਕਿ ਇਤਨੇ ਮਹਾਨ ਧਾਰਮਿਕ ਕੰਮ ਦੀ ਮਰਿਯਾਦਾ ਨਿਭਾਉਣ ਵਿੱਚ ਕਮੀ ਰਹਿ ਗਈ।

ਨੰਦ ਸਿੰਘ ਬ੍ਰਾਹਮਣੀ ਪ੍ਰਭਾਵ ਹੇਠ, ਇਹ ਅਖੌਤੀ ਨਾਮ ਸਿਮਰਨ ਵੀ ਰਾਮ ਰਾਮ ਦਾ ਹੀ ਕਰਾਉਂਦਾ ਸੀ, ਇਸ ਦੇ ਚੇਲੇ ਈਸ਼ਰ ਸਿੰਘ ਨੇ ਸੋਚਿਆ ਕਿ ਹੌਲੀ ਹੌਲੀ ਸਿੱਖਾਂ ਵਿੱਚ ਚੇਤਨਤਾ ਵਧ ਰਹੀ ਹੈ, ਇਸ ਨਾਲ ਤਾਂ ਸਿੱਖਾਂ ਵਿੱਚ ਮਾਨਤਾ ਪ੍ਰਾਪਤ ਕਰਨੀ ਔਖੀ ਹੋ ਜਾਵੇਗੀ, ਉਸ ਨੇ ਬਦਲ ਕੇ ਵਹਿਗੁਰੂ ਦਾ ਰਟਨ ਸ਼ੁਰੂ ਕਰਾ ਦਿੱਤਾ।

ਹਰ ਡੇਰੇ ਦੀ ਦੁਕਾਨਦਾਰੀ ਆਪਣੇ ਅਖੌਤੀ ਮਹਾਪੁਰਖਾਂ ਦੇ ਕਰਿਸ਼ਮੇਂ ਦਸ ਕੇ ਹੀ ਚਲਦੀ ਹੈ। ਇਹ ਵੱਡੇ ਬਾਬਿਆਂ ਦੇ ਕਰਿਸ਼ਮੇ ਦਸਣ ਲੱਗੇ ਵੱਡੇ ਤੋਂ ਵੱਡਾ ਗਪੌੜ ਮਾਰਦੇ ਹਨ। ਹੈ ਵੀ ਸਹੀ, ਜਿਤਨਾ ਵੱਡਾ ਗਪੌੜ, ਉਤਨਾ ਵੱਡਾ ਚਮਤਕਾਰ। ਮੈਂ ਇਥੇ ਇਨ੍ਹਾਂ ਦੇ ਅਖੌਤੀ ਚਮਤਕਾਰਾਂ ਦਾ ਵਰਣਨ ਜਾਂ ਪੜਚੋਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜੇ ਇਹ ਲੇਖਾ ਜੋਖਾ ਸ਼ੁਰੂ ਕਰ ਦਿਆਂ ਤਾਂ ਇਸ ਕਿਤਾਬ ਦੇ ਆਕਾਰ ਦੀਆਂ ਦੋ ਤਿੰਨ ਕਿਤਾਬਾਂ ਹੋਰ ਲਿਖਣੀਆਂ ਪੈਣਗੀਆਂ। ਪਰ ਇੱਕ ਐਸਾ ਵਿਸ਼ੇਸ਼ ਡਰਾਮਾ ਇਥੇ ਜ਼ਰੂਰ ਵਿਚਾਰਨਾ ਚਾਹੁੰਦਾ ਹਾਂ। ਕਹਿੰਦੇ ਹਨ ਕਿ ਇੱਕ ਵਾਰੀ ਬਾਬਾ ਨੰਦ ਸਿੰਘ ਇਸ਼ਨਾਨ ਕਰ ਰਹੇ ਸਨ। ਇਸ਼ਨਾਨ ਕਰਦਿਆਂ ਪਾਣੀ ਦਾ ਜੱਗ ਆਪਣੇ ਉਪਰ ਪਾਇਆ ਤਾਂ ਉਨ੍ਹਾਂ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਚਲਾ ਗਿਆ। ਧਿਆਨ ਉਧਰ ਜਾਣ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਗਿੱਲੇ ਹੋ ਗਏ। ਹੁਣ ਕਿਸੇ ਵੀ ਸੂਝਵਾਨ ਵਿਅਕਤੀ ਦੇ ਸਾਮ੍ਹਣੇ ਕਈ ਸੁਆਲ ਆ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਅਨੇਕਾਂ ਸਰੂਪ ਸਾਰੇ ਜਗਤ ਵਿੱਚ ਹਨ, ਕਿਸ ਦੇ ਰੁਮਾਲੇ ਗਿੱਲੇ ਹੋਏ? ਜੇ ਕਿਸੇ ਇੱਕ ਵਿਸ਼ੇਸ਼ ਦੇ ਹੋਏ ਤਾਂ ਉਹ ਕਿਉਂ? ਜੇ ਰੁਮਾਲੇ ਗਿਲੇ ਹੋ ਗਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ਕਿਵੇਂ ਬੱਚ ਗਏ? ਜੇ ਇਸ਼ਨਾਨ ਕਰਦਿਆਂ ਇਨ੍ਹਾਂ ਮਹਾਪੁਰਖਾਂ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਵਲ ਜਾਣ ਨਾਲ ਰੁਮਾਲੇ ਗਿੱਲੇ ਹੋ ਸਕਦੇ ਹਨ ਤਾਂ ਕੋਈ ਹੋਰ ਕਿਰਿਆ ਕਰਦਿਆਂ ਧਿਆਨ ਜਾਣ ਨਾਲ ਉਸ ਦਾ ਪ੍ਰਭਾਵ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ `ਤੇ ਪੈ ਸਕਦਾ ਹੈ। …. ਇਸ ਤੋਂ ਅੱਗੇ ਸੂਝਵਾਨ ਪਾਠਕ ਆਪ ਹੀ ਸੋਚ ਲੈਣ। ਇਹ ਆਪਣੀ ਜਾਂ ਆਪਣੇ ਅਖੌਤੀ ਮਹਾਪੁਰਖਾਂ ਦੀ ਵਡਿਆਈ ਕਰਦੇ ਇਹ ਵੀ ਨਹੀਂ ਸੋਚਦੇ ਕਿ ਗੁਰੂ ਗ੍ਰੰਥ ਸਾਹਿਬ ਦਾ ਕਿਤਨਾ ਨਿਰਾਦਰ ਕਰ ਰਹੇ ਹਾਂ। ਬਲਿਹਾਰ ਹਾਂ ਇਨ੍ਹਾਂ ਦੇ ਡੇਰਿਆਂ `ਤੇ ਜਾਣ ਵਾਲਿਆਂ ਦੇ, ਜੋ ਆਪਣੀ ਅੰਧੀ ਸ਼ਰਧਾ ਤਹਿਤ, ਗੁਰੂ ਗ੍ਰੰਥ ਸਾਹਿਬ ਦਾ ਇਤਨਾ ਅਪਮਾਨ ਕਰਨ ਵਾਲੀਆਂ ਗੱਲਾਂ ਸੁਣ ਕੇ ਵੀ ਸਹਿ ਜਾਂਦੇ ਹਨ।

ਇਨ੍ਹਾਂ ਨੇ ਭੋਲੇ-ਭਾਲੇ ਸਿੱਖਾਂ ਨੂੰ ਮੂਰਖ ਬਣਾਕੇ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਇੱਕ ਹੋਰ ਝੂਠ ਪਖੰਡ ਦੀ ਚਰਚਾ ਚਲਾਈ ਹੋਈ ਹੈ ਕਿ ਜਨਮਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦਸ ਪਰਗਟ ਰੂਪਾਂ ਵਿੱਚ ਆਉਣਗੇ, ਗਿਆਰਵਾਂ ਸਰੂਪ ਸ਼ਬਦ ਗੁਰੂ ਦਾ ਹੋਵੇਗਾ ਅਤੇ ਉਸ ਤੋਂ ਬਾਅਦ ਬਹੱਤਰ (੭੨) ਵਾਰੀ ਨਿਤ ਅਵਤਾਰ ਦੇ ਰੂਪ ਵਿੱਚ ਆਉਣਗੇ। ਇਨ੍ਹਾਂ ਅਨੁਸਾਰ ਸੌ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਉਨ੍ਹਾਂ ੭੨ ਨਿਤ ਅਵਤਾਰਾਂ ਦੇ ਨਾਂ ਲਿਖੇ ਹਨ ਅਤੇ ਨੰਦ ਸਿੰਘ ਉਨ੍ਹਾਂ ਵਿਚੋਂ ਇੱਕ ਹੈ। ਪਹਿਲਾਂ ਤਾਂ ਜਿਹੜੇ ਸਤਿਗੁਰੂ ਆਪ ਅਵਤਾਰ-ਵਾਦ ਨੂੰ ਰੱਦ ਕਰਦੇ ਰਹੇ, ਉਨ੍ਹਾਂ ਨੂੰ ਕਿਸੇ ਰੂਪ ਵਿੱਚ ਵੀ ਅਵਤਾਰ ਕਹਿਣਾ ਜਾਂ ਉਨ੍ਹਾਂ ਦੇ ਆਪਣੇ ਮੁੜ ਮੁੜ ਅਵਤਾਰ ਧਾਰਨ ਦੀ ਗੱਲ ਸਿਧਾਂਤਕ ਤੌਰ `ਤੇ ਹੀ ਗਲਤ ਹੈ, ਦੂਸਰਾ ਇਹ ਨਿਰਾ ਝੂਠ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਕੋਈ ਜਨਮ ਸਾਖੀ ਆਪ ਲਿੱਖੀ ਸੀ। ਇਨ੍ਹਾਂ ਦੀ ਆਪਣੀ ਇਸ ਗੱਲ ਵਿੱਚ ਹੀ ਕੋਈ ਦਮ ਨਹੀਂ ਕਿਉਂਕਿ ਇਨ੍ਹਾਂ ਦੇ ਕਹਿਣ ਮੁਤਾਬਕ ‘ਗਿਆਰਵਾਂ ਸਰੂਪ ਸ਼ਬਦ ਗੁਰੂ ਦਾ ਹੋਵੇਗਾ ਅਤੇ ਉਸ ਤੋਂ ਬਾਅਦ ਬਹੱਤਰ (੭੨) ਵਾਰੀ ਨਿਤ ਅਵਤਾਰ ਦੇ ਰੂਪ ਵਿੱਚ ਆਉਣਗੇ`। ਫੇਰ ਸਤਿਗੁਰੂ ਦਾ ਸ਼ਬਦ ਸਰੂਪ ਤਾਂ ਅੱਜ ਵੀ ਕਾਇਮ ਹੈ ਅਤੇ ਇਹ ਸਰੂਪ ਤਾਂ ਰਹਿੰਦੀ ਦੁਨੀਆਂ ਤਕ ਕਾਇਮ ਰਹਿਣ ਵਾਲਾ ਹੈ, ਉਸ ਦੇ ਹੁੰਦਿਆਂ ਸਤਿਗੁਰੂ ਦੇ ਕਿਸੇ ਹੋਰ ਰੂਪ ਵਿੱਚ ਅਵਤਾਰ ਧਾਰਨ ਦੀ ਗੱਲ ਪੂਰਨਤਾ ਮੂਰਖਤਾ ਵਾਲੀ ਜਾਪਦੀ ਹੈ। ਇਨ੍ਹਾਂ ਦੀ ਇਸ ਗੱਲ ਤੋਂ ਇੱਕ ਚੀਜ਼ ਹੋਰ ਸਾਬਤ ਹੁੰਦੀ ਹੈ ਕਿ ਇਹ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਚਾਰਕ ਨਹੀਂ ਸਮਝਦੇ ਬਲਕਿ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਅਵਤਾਰ ਸਾਬਤ ਕਰ ਕੇ ਉਨ੍ਹਾਂ ਦੇ ਬਰਾਬਰ ਸਥਾਪਤ ਕਰਨਾ ਚਾਹੁੰਦੇ ਹਨ।

੧੯੪੩ ਵਿੱਚ ਨੰਦ ਸਿੰਘ ਦੀ ਮੌਤ ਹੋ ਗਈ। ਇਸ ਦੇ ਚੇਲੇ ਈਸ਼ਰ ਸਿੰਘ, ਜੋ ੧੨-੧੩ ਸਾਲ ਤੋਂ ਇਸ ਦੇ ਨਾਲ ਹੀ ਸੀ, ਨੇ ਇਸ ਦੀ ਗੱਦੀ ਸੰਭਾਲ ਲਈ। ਜੇ ਈਸ਼ਰ ਸਿੰਘ ਦੇ ਬਚਪਨ ਵੱਲ ਝਾਤੀ ਮਾਰੀਏ ਤਾਂ ਨੰਦ ਸਿੰਘ ਨਾਲੋਂ ਬਹੁਤਾ ਅਲੱਗ ਨਹੀਂ ਹੈ। ਇਸ ਦਾ ਵੀ ਪੜ੍ਹਾਈ ਵਿੱਚ ਮਨ ਨਹੀਂ ਸੀ ਲਗਦਾ। ਇਹ ਵੀ ਨੰਦ ਸਿੰਘ ਵਾਂਗੂ ਹੀ ਗੈਰਜ਼ਿਮੇਂਵਾਰ ਸੀ। ਪਿਤਾ ਖੇਤਾਂ ਵਿੱਚ ਖਰਬੂਜਿਆਂ ਦੀ ਰਾਖੀ ਵਾਸਤੇ ਭੇਜਦੇ ਅਤੇ ਇਹ ਨੰਦ ਸਿੰਘ ਦੇ ਦੀਵਾਨ ਸੁਣਨ ਚਲਾ ਜਾਂਦਾ। ਕਰਿਸ਼ਮਿਆਂ ਵਾਲੀਆਂ ਕਹਾਣੀਆਂ ਇਸ ਦੇ ਜੀਵਨ ਨਾਲ ਵੀ ਸ਼ੁਰੂ ਤੋਂ ਹੀ ਜੋੜ ਦਿੱਤੀਆਂ ਗਈਆਂ ਹਨ। ਇਸ ਦਾ ਨੰਦ ਸਿੰਘ ਦੇ ਡੇਰੇ `ਤੇ ਜਾਣਾ ਵੀ ਕਰਿਸ਼ਮਈ ਤਰੀਕੇ ਨਾਲ ਦਸਿਆ ਗਿਆ ਹੈ। ਇਹ ਸੁੱਤਾ ਪਿਆ ਸੀ, ਪਰ ਇਸ ਦਾ ਧਿਆਨ ਨੰਦ ਸਿੰਘ ਨਾਲ ਜੁੜਿਆ ਹੋਇਆ ਸੀ। ਜਦੋਂ ਇਸ ਨੇ ਅੱਖਾਂ ਖੋਲ੍ਹੀਆਂ ਤਾਂ ਨੰਦ ਸਿੰਘ ਪਰਗੱਟ ਹੋ ਗਿਆ ਅਤੇ ਉਸ ਨੇ ਆਖਿਆ ਕਿ ਦੇਖ ਮੈਂ ਕਿਤਨੀ ਦੂਰੋਂ ਤੈਨੂੰ ਲੈਣ ਆਇਆ ਹਾਂ। ਖੈਰ ਇਸ ਵਿੱਚ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਕਿਉਂਕਿ ਸਾਰੇ ਡੇਰਿਆਂ ਦੀਆਂ ਦੁਕਾਨਦਾਰੀਆਂ ਐਸੀਆਂ ਝੂਠੀਆਂ ਕਰਿਸ਼ਮਈ ਕਹਾਣੀਆਂ ਦੇ ਸਿਰ `ਤੇ ਹੀ ਚਲਦੀਆਂ ਹਨ। ਇੱਕ ਵਾਰੀ ਇਹ ਨੰਦ ਸਿੰਘ ਦੇ ਨਾਲ ਗਿਆ ਤਾਂ ਫਿਰ ਉਸ ਤੋਂ ਬਾਅਦ ਉਸ ਦੇ ਨਾਲ ਹੀ ਰਿਹਾ। ਇਸ ਦਾ ਨਾਂ ਪਹਿਲਾਂ ਇੰਦਰ ਸਿੰਘ ਸੀ, ਪਰ ਨੰਦ ਸਿੰਘ ਨੂੰ ਇਸ ਦਾ ਇਹ ਨਾਂ ਢੁਕਵਾਂ ਨਹੀਂ ਜਾਪਿਆ ਤਾਂ ਉਸ ਨੇ ਇਸ ਦਾ ਨਾਂ ਬਦਲ ਕੇ ਈਸ਼ਰ ਸਿੰਘ ਰੱਖ ਦਿੱਤਾ। ਨੰਦ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਗੱਦੀ `ਤੇ ਬੈਠਾ। ਇਸ ਨੇ ਹੀ ੧੯੫੦ ਵਿੱਚ ਕਲੇਰਾਂ ਵਾਲਾ ਨਾਨਕ ਸਰ ਠਾਠ ਬਣਵਾਇਆ। ਇਸ ਨੇ ਨੰਦ ਸਿੰਘ ਦੀਆਂ ਝੂਠੀਆਂ ਸੱਚੀਆਂ ਕਹਾਣੀਆਂ ਸੁਣਾਕੇ, ਆਪਣੇ ਡੇਰੇ ਦੀ ਅਤੇ ਆਪਣੀ ਖੂਬ ਮਹਤੱਤਾ ਬਣਾ ਲਈ। ਅੱਗੋਂ ਉਸ ਦੇ ਚਾਟੜੇ ਨੰਦ ਸਿੰਘ ਅਤੇ ਈਸ਼ਰ ਸਿੰਘ ਦੀਆਂ ਜਾਦੂਈ ਅਤੇ ਕਰਿਸ਼ਮਈ ਕਹਾਣੀਆਂ ਸੁਣਾਕੇ ਭੋਲੀ ਭਾਲੀ ਸੰਗਤ ਨੂੰ ਮੂਰਖ ਬਣਾਉਂਦੇ ਹਨ। ਹਰ ਡੇਰੇ ਦਾ ਸਾਰਾ ਅਡੰਬਰ ਇਸੇ ਗੱਲ `ਤੇ ਚਲਦਾ ਹੈ ਕਿ ਫਲਾਨੇ ਵੱਡੇ ਮਹਾਪੁਰਖਾਂ ਨੇ ਇਹ ਕਰਿਸ਼ਮਾ ਕੀਤਾ ਅਤੇ ਫਲਾਣਿਆਂ ਨੇ ਉਹ। ਪਤਾ ਨਹੀਂ ਲੋਕੀ ਇਨ੍ਹਾਂ ਨੂੰ ਸੰਤ ਮਹਾਪੁਰਖ ਕਿਉਂ ਬੁਲਾਉਂਦੇ ਹਨ? ਇਨ੍ਹਾਂ ਦੇ ਵੱਡੇ ਮਹਾਪੁਰਖਾਂ ਦੇ ਨਾਂ `ਤੇ ਬਣੀਆਂ ਕਹਾਣੀਆਂ ਦੇ ਅਧਾਰ `ਤੇ ਤਾਂ ਇਨ੍ਹਾਂ ਨੂੰ ਮਦਾਰੀ ਬੁਲਾਉਣਾ ਚਾਹੀਦਾ ਹੈ।

੧੯੬੩ ਵਿੱਚ ਇਸ ਦੀ ਮੌਤ `ਤੇ ਇਸ ਦੇ ਚੇਲਿਆਂ ਵਿੱਚ ਗੱਦੀ ਲਈ ਲੜਾਈ ਸ਼ੁਰੂ ਹੋ ਗਈ। ਕੰਮ ਚਲਾਉਣ ਲਈ ਇੱਕ ੧੦ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਇਸ ਦੇ ਪ੍ਰਮੁਖ ਚੇਲੇ ਨਰਿੰਜਣ ਸਿੰਘ, ਸਾਧੂ ਸਿੰਘ ਅਤੇ ਕੁੰਦਨ ਸਿੰਘ ਵੀ ਸਨ। ਨਰਿੰਜਣ ਸਿੰਘ ਨੇ ਪੂਰਾ ਕਬਜ਼ਾ ਲੈਣ ਲਈ ਅਦਾਲਤ ਵਿੱਚ ਕੇਸ ਪਾ ਦਿੱਤਾ। ਕਹਿੰਦੇ ਨੇ, ‘ਸਾਰਾ ਜਾਂਦਾ ਵੇਖੀਏ, ਤਾਂ ਅੱਧਾ ਦੇਈਏ ਲੁਟਾ`, ਇਸੇ ਅਨੁਸਾਰ ਇਨ੍ਹਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ। ਇਨ੍ਹਾਂ ਦਾ ਆਪਸ ਵਿੱਚ ਸਮਝੌਤਾ ਹੋਣ ਨਾਲ ਕੇਸ ਅਦਾਲਤ ਵਿਚੋਂ ਵਾਪਸ ਲੈ ਲਿਆ ਗਿਆ।

ਨਰਿੰਜਣ ਸਿੰਘ ਦੀ ਮੌਤ ਤੋਂ ਬਾਅਦ ਕਰੋੜਾਂ ਦੀ ਜਾਇਦਾਦ ਵਾਸਤੇ ਕੁੰਦਨ ਸਿੰਘ ਅਤੇ ਸਾਧੂ ਸਿੰਘ ਵਿੱਚ ਫੇਰ ਲੜਾਈ ਸ਼ੁਰੂ ਹੋ ਗਈ। ਇਹ ਲੜਾਈ ਅਦਾਲਤ ਤੋਂ ਇਲਾਵਾ ਬਾਹਰ ਵੀ ਕ੍ਰਿਪਾਨਾਂ, ਬੰਦੂਕਾਂ, ਗੋਲੀਆਂ ਨਾਲ ਲੜੀ ਜਾਂਦੀ ਹੈ। ਇਹ ਦੋਵੇਂ ਮਹਾਪੁਰਖ ਵਡੇਰੀ ਉਮਰ ਦੇ ਹੋ ਜਾਣ ਕਾਰਨ, ਇਹ ਜੰਗ ਸਾਧੂ ਸਿੰਘ ਵਲੋਂ ਲੱਖਾ ਸਿੰਘ ਅਤੇ ਕੁੰਦਨ ਸਿੰਘ ਵਲੋਂ ਹਰਭਜਨ ਸਿੰਘ ਲੜ ਰਹੇ ਹਨ, ਜੋ ਅੱਜ ਤੱਕ ਜਾਰੀ ਹੈ।

ਇਹ ਆਪਣੀਆਂ ਠਾਠਾਂ ਵਿੱਚ ਨਿਸ਼ਾਨ ਸਾਹਿਬ ਨਹੀਂ ਲਗਾਉਂਦੇ, ਲੰਗਰ ਨਹੀਂ ਪਕਾਉਂਦੇ। ਬਾਹਰੋਂ ਆਇਆ ਪ੍ਰਸ਼ਾਦਾ ਹੀ ਆਪ ਛਕਦੇ ਅਤੇ ਸੰਗਤ ਨੂੰ ਛਕਾਉਂਦੇ ਹਨ। ਕਹਿਣ ਨੂੰ ਭੇਟਾ ਰੂਪ ਵਿੱਚ ਕੋਈ ਪੈਸਾ ਨਹੀਂ ਲੈਂਦੇ। ਕਰੋੜਾਂ ਦੇ ਠਾਠ ਤੇ ਹੋਰ ਜਾਇਦਾਦਾਂ, ਵੱਡੀਆਂ ਵੱਡੀਆਂ ਕਾਰਾਂ ਕਰੋੜਾਂ ਦੇ ਹਥਿਆਰ ਇਹ ਸਭ ਪੈਸੇ ਦੇ ਬਗ਼ੈਰ ਹੀ ਬਣ ਗਏ ਹਨ। ਗੱਲ ਸਪੱਸ਼ਟ ਹੈ ਇਹ ਨਗਦੀ ਨਹੀਂ ਪਦਾਰਥਾਂ ਦੇ ਲੈਣ ਵਿੱਚ ਵਿਸ਼ਵਾਸ ਰਖਦੇ ਹਨ। ਜੋ ਕੋਈ ਲੋੜ ਜੋਗੀ ਨਗਦੀ ਚਾਹੀਦੀ ਹੁੰਦੀ ਹੈ, ਉਹ ਗੁਪਤ ਦਾਨ ਦੇ ਰੂਪ ਵਿੱਚ ਆ ਜਾਂਦੀ ਹੈ।

ਜਿਵੇਂ ਕਿ ਉਪਰ ਵੀ ਦੱਸਿਆ ਜਾ ਚੁੱਕਾ ਹੈ, ਇਹ ਵਿਆਹ ਨਹੀਂ ਕਰਾਉਂਦੇ ਅਤੇ ਬ੍ਰਹਮਚਾਰੀ ਰਹਿਣ ਦਾ ਭੇਖ ਕਰਦੇ ਹਨ। ਇਹ ਇਸ ਨੂੰ ਬਿਹੰਗਮ ਰਹਿਣਾ ਕਹਿੰਦੇ ਹਨ। ਬ੍ਰਹਮਚਾਰ ਕਹਿ ਲਓ ਜਾਂ ਬਿਹੰਗਮਪੁਣਾ, ਇਸ ਬਾਰੇ ਗੁਰਮਤਿ ਵਿਚਾਰ ਉਪਰ ਕਾਫੀ ਵਿਸਥਾਰ ਨਾਲ ਦਿੱਤੀ ਜਾ ਚੁੱਕੀ ਹੈ, ਇਸ ਲਈ ਦੁਹਰਾਉਣਾ ਠੀਕ ਨਹੀਂ ਹੋਵੇਗਾ। ਪਰ ਇੱਕ ਵਿਸ਼ੇਸ਼ ਗੱਲ ਵਿਚਾਰਨੀ ਜ਼ਰੂਰੀ ਹੈ। ਇਨ੍ਹਾਂ ਦੀਆਂ ਠਾਠਾਂ ਵਿੱਚ ਇੱਕ ਵਿਸ਼ੇਸ਼ ਸਥਾਨ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ, ਜਿਸਨੂੰ ਇਹ ਸੱਚਖੰਡ ਕਹਿੰਦੇ ਹਨ, ਉਥੇ ਕੋਈ ਗ੍ਰਿਹਸਤੀ ਵਿਅਕਤੀ ਨਹੀਂ ਜਾ ਸਕਦਾ। ਗੱਲ ਵੀ ਠੀਕ ਹੈ ਜੂਠੇ ਗ੍ਰਿਹਸਤੀ ਦੇ ਜਾਣ ਨਾਲ ਉਹ ਪਵਿੱਤਰ ਸਥਾਨ ਵੀ ਜੂਠਾ ਹੋ ਜਾਵੇਗਾ। ਪਰ ਸੁਆਲ ਤਾਂ ਇਹ ਹੈ ਕਿ ਜਿਨ੍ਹਾਂ ੩੫ ਸ਼ਖਸ਼ੀਅਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਤਾਂ ਸਾਰੇ ਗ੍ਰਿਹਸਤੀ ਸਨ। ਜੇ ਕਿਤੇ ਅੱਜ ਗੁਰੂ ਨਾਨਕ ਪਾਤਿਸ਼ਾਹ ਆ ਜਾਣ ਤਾਂ ਇਨ੍ਹਾਂ ਗ੍ਰਿਹਸਤੀ ਗੁਰੂ ਨਾਨਕ ਨੂੰ ਵੀ ਨੇੜੇ ਨਹੀਂ ਢੁਕਣ ਦੇਣਾ। ਗ੍ਰਿਹਸਤੀਆਂ ਦਾ ਦਿੱਤਾ ਖਾਂਦੇ ਹਨ, ਗ੍ਰਿਹਸਤੀਆਂ ਦੇ ਸਿਰ `ਤੇ ਐਸ਼ ਕਰਦੇ ਹਨ ਅਤੇ ਗ੍ਰਿਹਸਤ ਨੂੰ ਨਿੰਦਦੇ ਹਨ।

ਇਨ੍ਹਾਂ ਠਾਠਾਂ ਵਿੱਚ ਆਏ ਨੈਤਿਕ ਪਤਨ ਦਾ ਅੰਦਾਜ਼ਾ, ਜਿਥੇ ਡੇਰਿਆਂ ਦੀਆਂ ਜਾਇਦਾਦਾਂ ਅਤੇ ਗੱਦੀਆਂ ਵਾਸਤੇ ਹੋ ਰਹੀਆਂ ਜੰਗਾਂ ਤੋ ਸਹਿਜੇ ਹੀ ਲੱਗ ਜਾਂਦਾ ਹੈ। ਦੂਸਰੇ ਪਾਸੇ ਇਸ ਬਿਹੰਗਮ ਪੁਣੇ ਕਾਰਨ ਇਨ੍ਹਾਂ ਡੇਰੇਦਾਰਾਂ ਦੇ ਆਚਰਣ ਵਿੱਚ ਆਈ ਗਿਰਾਵਟ ਦੇ ਵੀ ਕਈ ਨਜ਼ਾਰੇ ਵੇਖਣ ਨੂੰ ਮਿਲਦੇ ਹਨ। ਇਨ੍ਹਾਂ ਦੇ ਹੀ ਇੱਕ ਗੱਦੀਦਾਰ ਹਰਨੇਕ ਸਿੰਘ (ਗਰੇਵਾਲ) ਵਲੋਂ ਕਈ ਬੀਬੀਆਂ ਦੀ ਪੱਤ ਨਾਲ ਖੇਡਣ, ਗੁਰਦੁਆਰੇ ਦੇ ਪੈਸੇ ਦੀ ਚੋਰੀ ਅਤੇ ਦੁਰਵਰਤੋਂ ਕਰਨ ਦੀਆਂ ਖਬਰਾਂ ਅਕਸਰ ਸੁਰਖੀਆਂ ਬਣਦੀਆਂ ਰਹੀਆਂ ਹਨ। ਗੁਰਮਤਿ ਤਾਂ ਭਾਵੇਂ ਪਹਿਲਾਂ ਹੀ ਇਨ੍ਹਾਂ ਦੇ ਨੇੜਿਓਂ ਹੀ ਨਹੀਂ ਲੰਘੀ, ਇਹ ਪਖੰਡੀ ਹਰਨੇਕ ਸਿੰਘ ਆਪਣੀ ਕਾਮਲੀਲਾ ਨੂੰ ਧਾਰਮਿਕ ਰੰਗ ਦੇਣ ਵਾਸਤੇ, ਬਾਕੀ ਸਭ ਕੁੱਝ ਛੱਡ ਕੇ ਰਜਨੀਸ਼ (ਓਸ਼ੋ), ਜਿਸ ਨੇ ਅਧਿਆਤਮ ਨੂੰ ਕਾਮ ਨਾਲ ਜੋੜ ਕੇ ਨਵੀਂ ਗੁੰਮਰਾਹ ਕੁੰਨ ਵਿਚਾਰ ਧਾਰਾ ਪ੍ਰਚਲਤ ਕੀਤੀ, ਦਾ ਪ੍ਰਚਾਰ ਕਰਦਾ ਹੈ।

੩੦ ਮਈ ਤੋਂ ਪਹਿਲੀ ਜੂਨ ੨੦੦੨ ਤਕ, ਜਗਰਾਓ ਵਾਲੀ ਸੜਕ ਲੁਧਿਆਣਾ ਦੇ ਨਾਨਕਸਰ ਠਾਠ ਵਿਚ, ਇਸ ਡੇਰੇ ਦੇ ਚਾਰ ਪਖੰਡੀ ਬਾਬਿਆਂ ਵਲੋਂ ਇੱਕ ਬੀਬੀ ਨੂੰ ਬੰਦੀ ਬਣਾ ਕੇ, ਉਸ ਨੂੰ ਨਸ਼ੇ ਦੇ ਟੀਕੇ ਲਾਕੇ, ਉਸ ਦੀ ਪੱਤ ਲੁਟਣ ਦਾ ਅਤਿ ਸ਼ਰਮਨਾਕ ਕਾਰਾ ਕੀਤਾ ਗਿਆ। ਪੁਲੀਸ ਵਲੋਂ ਤਲਾਸ਼ੀ ਲੈਣ `ਤੇ ਇਸ ਡੇਰੇ ਵਿਚੋਂ ਨਸ਼ਿਆਂ ਦੇ ਟੀਕੇ ਆਦਿ ਅਤੇ ਅਸ਼ਲੀਲ ਫਿਲਮਾਂ ਨਿਕਲੀਆਂ, ਜੋ ਇਸ ਤਰ੍ਹਾਂ ਕਾਬੂ ਕੀਤੀਆਂ ਬੀਬੀਆਂ ਨੂੰ ਵਰਗਲਾਉਣ ਲਈ ਵਿਖਾਈਆਂ ਜਾਂਦੀਆਂ ਸਨ। ਇਸ ਡੇਰੇ ਵਿੱਚ ਵਾਪਰੀ ਇਹ ਘਟਨਾ ਪੰਜਾਬ ਦੀ ਹਰ ਅਖਬਾਰ ਦੀ ਸੁਰਖੀ ਬਣੀ, ਇਸ ਨੇ ਜਿਥੇ ਇਨ੍ਹਾਂ ਠਾਠਾਂ ਵਿੱਚ ਚਲ ਰਹੇ ਕੁਕਰਮਾਂ ਨੂੰ ਦੁਨੀਆਂ ਦੇ ਸਾਹਮਣੇ ਨੰਗਾ ਕਰ ਦਿੱਤਾ, ਉਥੇ ਸਾਰੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ। ਇਹ ਤਾਂ ਐਵੇ ਆਟੇ ਵਿੱਚ ਲੂਣ ਬਰਾਬਰ ਉਹ ਕਾਂਡ ਹਨ ਜੋ ਜੱਗ ਜ਼ਾਹਿਰ ਹੋ ਗਏ, ਲੇਕਿਨ ਬਹੁਤੇ ਡੇਰਿਆਂ ਦੀ ਸੱਚਾਈ ਇਹੀ ਹੈ। ਐਸੇ ਪਖੰਡੀ ਲੋਕਾਂ ਵਾਸਤੇ ਹੀ ਸਤਿਗੁਰੂ ਨੇ ਗੁਰਬਾਣੀ ਵਿੱਚ ਫੁਰਮਾਇਆ ਹੈ:

"ਹਿਰਦੈ ਜਿਨੑ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ।। ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ।। ੨।। "

{ਗੂਜਰੀ ਮਹਲਾ ੩, ਪੰਨਾ ੪੯੧}

(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ (ਆਪਣੇ ਆਪ ਨੂੰ ਉਹ) ਸੰਤ ਅਖਵਾਂਦੇ ਹਨ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ; ਆਖ਼ਰ ਜਦੋਂ ਉਹ ਜਗਤ ਤੋਂ ਤੁਰ ਪੈਂਦੇ ਹਨ ਤਦੋਂ ਹੱਥ ਮਲਦੇ ਹਨ। ੨।

ਅੱਜ ਸਿੱਖਾਂ ਦੇ ਭੋਲੇਪਨ ਅਤੇ ਗੁਰਮਤਿ ਸਿਧਾਂਤਾਂ ਦੀ ਅਗਿਆਨਤਾ ਕਾਰਨ, ਨੰਦ ਸਿੰਘ ਅਤੇ ਨਾਨਕਸਰ ਦੇ ਨਾਂ `ਤੇ ਦੇਸ਼ ਵਿਦੇਸ਼ਾਂ ਵਿੱਚ ਕਈ ਡੇਰੇ (ਠਾਠ) ਸਥਾਪਤ ਹੋ ਚੁਕੇ ਹਨ। ਇਨ੍ਹਾਂ ਠਾਠਾਂ ਦਾ ਗੁਰਮਤਿ ਨਾਲ ਕਦੇ ਵੀ ਕੋਈ ਸਬੰਧ ਨਹੀਂ ਰਿਹਾ। ਆਮ ਤੌਰ `ਤੇ ਇਹ ਸਿੱਖੀ ਸਰੂਪ ਵਾਲੇ ਬ੍ਰਾਹਮਣ ਬਣਾਉਣ ਅਤੇ ਸਿੱਖੀ ਦੇ ਭਗਵਾਕਰਨ ਦਾ ਕੰਮ ਹੀ ਕਰਦੇ ਰਹੇ ਹਨ, ਜੋ ਅੱਜ ਵੀ ਪੂਰੇ ਜ਼ੋਰਸ਼ੋਰ ਨਾਲ ਜਾਰੀ ਹੈ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.