.

ਜਪੁਜੀ ਪਉੜੀ ਬਾਈ ਤੇ ਤੇਈ ਦੀ ਗੁਰਬਾਣੀ ਅਨੁਸਾਰ ਵਿਆਖਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ


੨੧ਵੀਂ ਪਉੜੀ ਵਿਚ ਦੱਸਿਆ ਸੀ ਦ੍ਰਿਸ਼ਟਮਾਨ ਰਚਨਾ ਦੇ ਰਚੇ ਜਾਣ ਦੇ ‘ਆਦਿ ਕਾਲ’ ਦਾ ਪਤਾ ਕਿਸੇ ਨੂੰ ਨਹੀਂ ਸੋ ਉਸ ਦਾ ਪਤਾ ਲਾਉਣ ਦੀ ਥਾਂ ਉਸ ਦੀ ਸਿਫਤ ਸਲਾਹ ਵਿਚ ਹੀ ਜਾਣਾ ਚਾਹੀਦਾ ਹੈ। ਪਰਮਾਤਮਾ ਦਾ ਵਿਸਥਾਰ ਵੀ ਵੇਖੀਏ ਤਾਂ ਉਸ ਦਾ ਵੀ ਅੰਤ ਨਹੀਂ। ਇਸ ਦਾ ਹਿਸਾਬ ਵਿਚ ਵੇਦ ਗਏ ਤਾਂ ਉਹ ਵੀ ‘ਨੇਤਿ ਨੇਤਿ=ਇਹ ਵੀ ਨਹੀਂ ਇਹ ਵੀ ਨਹੀਂ’ ਕਰਦੇ ਰਹੇ ‘ਨੇਤਿ ਨੇਤਿ ਕਰਿ ਵੇਦ ਪੁਕਾਰਾ’(ਤੁਲਸੀ) ।ਭਾਵ ਇਹ ਕਿ ਭਾਲ ਕਰਦਿਆਂ ਓੜਕ (ਅੰਤ) ਦਾ ਪਤਾ ਨਹੀਂ ਲਭਦਾ। ਇਸ ਤਰ੍ਹਾਂ ਪੁਰਾਣ, ਸ਼ਾਸ਼ਤ੍ਰ, ਕਤੇਬ ਵੀ ਇਸੇ ਨਤੀਜੇ ਤੇ ਪਹੁੰਚਦੇ ਹਨ। ਇਓਂ ਸਭ ਦਾ ਸਿਧਾਂਤ ਇਹ ਹੈ ਕਿ ਲੇਖੇ ਨਾਲ ਪਤਾ ਨਹੀਂ ਲਗਦਾ, ਲੇਖਾ ਲਾਉ ਤਾਂ ਲੇਖਾ ਹੀ ਨਾਸ਼ ਹੋ ਜਾਂਦਾ ਹੈ। ਲੇਖਾ ਅੰਤ ਵਾਲੀ ਵਸਤ ਹੈ, ਜਿਸਦਾ ਲੇਖਾ ਲਾਉਣਾ ਹੈ ਉਹ ਅਨੰਤ ਹੈ। ‘ਅੰਤ’ ਵਾਲੇ ਦੇ ਹਿਸਾਬ ‘ਅਨੰਤ’ ਪਰ ਹਾਵੀ ਨਹੀਂ ਹੋ ਸਕਦੇ। ਜਦ ਅੰਤ ਵਾਲੇ ਦੇ ਹਿਸਾਬ ਅਨੰਤ ਪਰ ਲਾਏ ਜਾਣਗੇ ਤਾਂ ਗਲਤ ਸਾਬਤ ਹੋਣਗੇ, ਗਲਤ ਸਾਬਤ ਹੋਣਾ ਲੇਖੇ ਦਾ ਨਾਸ਼ ਹੋ ਜਾਣਾ ਹੈ।

ਪਉੜੀ ੨੨

ਇਸ ਪਉੜੀ ਵਿਚ ਕਾਦਰ ਦੀ ਬੇਅੰਤ ਕੁਦਰਤ ਦਾ ਹੋਰ ਵੇਰਵਾ ਦਿਤਾ ਹੈ।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ ੨੨ ॥

ਪਰਮਾਤਮਾ ਦੀ ਬੇਅੰਤਤਾ ਨੂੰ ਕਿਵੇਂ ਜਾਣੀਏਂ?

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥

ਪਾਤਾਲਾਂ ਅਗੇ ਹੋਰ ਪਾਤਾਲ ਤੇ ਆਕਾਸ਼ਾਂ ਅੱਗੇ ਹੋਰ ਆਕਾਸ਼ ਹਨ।ਧਰਤੀਆਂ, ਪਾਤਾਲ ਆਕਾਸ਼ ਕਿਤਨੇ ਹਨ ਕੋਈ ਹਿਸਾਬ ਕਿਤਾਬ ਨਹੀਂ।ਉਸ ਦੀ ਰਚਨਾ ਲੱਖਾਂ ਆਕਾਸ਼ ਤੇ ਪਾਤਾਲ ਹਨ, ਲੱਖਾਂ ਧਰਤੀਆਂ ਹਨ, ਹਰੇਕ ਧਰਤੀ ਦਾ ਅਪਣਾ ਅਪਣਾ ਆਕਾਸ਼ ਹੈ, ਅਪਣਾ ਅਪਣਾ ਪਾਤਾਲ ਹੈ, ਲੱਖਾਂ ਪਾਤਾਲ ਹਨ ਲੱਖਾਂ ਆਕਾਸ਼ ਹਨ:

ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥

ਅੰਤ ਦੀ ਭਾਲ ਕਰਦੇ ਕਰਦੇ ਓੜਕ ਨੂੰ ਥੱਕ ਗਏ ਤਦ ਵੇਦਾਂ ਦੇ ਰਚਿਤਾ, ਹਜ਼ਾਰਾਂ ਰਿਖੀ, ਮੁਨੀ, ਤੇ ੧੮੦੦੦ ਆਲਮ (ਕੀਏ ਕੁਨ ਸੇ ਆਲਮ ਅਠਾਰਾਂ ਹਜ਼ਾਰ, ਮੁਨਾਜਾਤ ਸਫਾ ੧) ਉਲੇਮਾ ਵੀੇ ਅੰਤ ਦੀ ਗਿਣਤੀ ਮਿਣਤੀ ਲਭਦੇ ਥੱਕ ਗਏ। ਵੇਦਾਂ ਦੇ ਰਚਿਤਾ ਤੇ ਕੁਰਾਨ ਤੇ ਸਾਰੇ ਧਾਰਮਿਕ ਗ੍ਰੰਥਾਂ ਦੇ ਲਿਖਣਹਾਰੇ ਆਖਰ ਇਹੋ ਮੰਨਦੇ ਹਨ ਕਿ ‘ਇਕੋ ਹੀ ਮੁੱਢਲਾ ਤੱਤ ਹੈ’

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥

ਜਿਸ ਦਾ ਹਿਸਾਬ ਕਿਤਾਬ (ਲੇਖਾ) ਲਿਖਣਾ ਕਿਸੇ ਦੇ ਵਸ ਨਹੀਂ, ਲੇਖਾ ਲਿਖਦੇ ਕਿਤਨੇ ਹੀ ਖਤਮ ਹੋ ਗਏ ਪਰ ਲੇਖਾ ਨਹੀਂ ਲਿਖ ਸਕੇ ਉਸਦੀ ਵਿਸ਼ਾਲਤਾ ਬਿਆਨ ਨਹੀਂ ਕਰ ਸਕੇ ਉਸ ਦੀ ਬੇਅੰਤਤਾ ਦਾ ਅੰਤ ਨਹੀਂ ਜਾਣ ਸਕੇ। ਉਸਦਾ ਲੇਖਾ ਲਾਉਂਦੇ ਅਨੇਕਾਂ ਮੁੱਕ ਗਏ, ਗਿਣਤੀਆਂ ਮਿਣਤੀਆਂ ਦੀ ਹੱਦ ਮੁੱਕ ਗਈ ਪਰ ਉਸ ਬਾਰੇ ਕੋਈ ਨਾ ਜਾਣ ਸਕਿਆ।

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ ੨੨ ॥

ਅਸੀਂ ਉਸਨੂੰ ਵੱਡਾ ਕਹਿ ਸਕਦੇ ਹਾਂ ਪਰ ਉਹ ਕਿਤਨਾ ਵੱਡਾ ਹੈ ਇਹ ਤਾਂ ਉਹ ਆਪ ਹੀ ਜਾਣਦਾ ਹੈ ਹੋਰ ਕੋਈ ਨਹੀਂ।

ਪਉੜੀ ੨੩

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥ ੨੩ ॥

ਜੇ ਪਰਮਾਤਮਾ ਬੇਅੰਤ ਹੈ, ਉਸਨੂੰ ਕੋਈ ਜਾਣ ਨਹੀਂ ਸਕਦਾ, ਉਥੇ ਤਕ ਕਿਸੇ ਦੀ ਪਹੁੰਚ ਨਹੀਂ ਤਾਂ ਫਿਰ ਉਸ ਦੀ ਪ੍ਰਾਪਤੀ ਲਈ ਯਤਨ, ਭਜਣ, ਜਪਣ, ਸਤਿਸੰਗ, ਕਥਾ, ਕੀਰਤਨ ਦਾ ਕੀ ਲਾਭ ਜਦੋਂ ਅੰਤ ਹੀ ਨਹੀਂ ਪਾਇਆ ਜਾਣਾ:

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥

ਬਹੁਤ ਭਗਤ ਉਸ ਦੀ ਵਡਿਆਈ ਦੇ ਗੁਣ ਗਾਉਂਦੇ ਹਨ ਪਰ ਉਨ੍ਹਾਂ ਨੂੰ ਇਤਨਾ ਗਿਆਨ ਨਹੀਂ ਹੋ ਸਕਦਾ ਜੋ ਉਸਦਾ ਅੰਤ ਜਾਣ ਸਕਣ ਤੇ ਹੋਰਾਂ ਨੂੰ ਦਸ ਸਕਣ।

ਧਿਆਇ ਧਿਆਇ ਭਗਤਹ ਸੁਖ ਪਾਇਆ॥ ਨਾਨਕ ਤਿਸੁ ਪੁਰਖੁ ਕਾ ਕਿਨੈ ਅੰਤੁ ਨ ਪਾਇਆ॥(ਗਉੜੀ ਮ:੫, ਪੰਨਾ ੨੮੪)

ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥

ਜਿਸ ਤਰ੍ਹਾਂ ਨਦੀਆਂ ਨਾਲੇ ਜਿਨ੍ਹਾਂ ਨੇ ਸਮੁੰਦਰ ਵੇਖਿਆਂ ਹੀ ਨਹੀਂ ਪਰ ਇਕ ਤਾਰ ਬਿਨਾ ਸੋਚੇ ਸਮਝੇ ਉਸ ਵਲ ਤੁਰੇ ਜਾਂਦੇ ਹਨ। ਉਹ ਤੁਰੇ ਜਾਂਦੇ ਹਨ ਸੁਤੇਸਿਧ ਤੁਰੇ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਟਿਕਾਣਾ ਹੀ ਸਮੁੰਦਰ ਵਿਚ ਨਿਸ਼ਚਿਤ ਹੈ। ਉਨ੍ਹਾਂ ਦਾ ਅਕਦਿਾ ਸਾਗਰ ਨੂੰ ਪਾਉਣਾ ਤੇ ਸਮਾਉਣਾ ਹੈ ਹੋਰ ਕੁਝ ਨਹੀਂ। ਤੇ ਜਦ ਸਮੁੰਦਰ ਕੋਲ ਪਹੁੰਚਦੇ ਹਨ ਤਾਂ ਸਮੁੰਦਰ ਉਛਾਲਾ ਲੈ ਕੇ ਉਨ੍ਹਾਂ ਨੂੰ ਗਲਵਕੜੀ ਵਿਚ ਲੈਣ ਲਈ ਅਹੁਲਦਾ ਹੈ। ਆਖਰ ਜਦ ਇਹ ਸਮੁੰਦਰ ਵਿਚ ਮਿਲਦੇ ਹਨ ਤਾਂ ਆਪਾ ਖਤਮ ਕਰ ਦਿੰਦੇ ਹਨ। ਉਹ ਇਹ ਨਹੀਂ ਦੇਖਦੇ ਕਿ ਸਾਗਰ ਕਿਤਨਾ ਵਿਸ਼ਾਲ ਹੈ, ਸਾਗਰ ਦੀ ਹੱਦ ਕਿਤਨੀ ਕੁ ਹੈ ਹੈਸੀਅਤ ਕਿਤਨੀ ਕੁ ਹੈ।ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਹ ਪਤਾ ਲਗਦਾ ਹੈ ਕਿ ਸਮੁੰਦਰ ਕਿਤਨਾ ਵਿਸ਼ਾਲ ਹੈ। ਉਨ੍ਹਾਂ ਨੂੰ ਤਾਂ ਸਮੁੰਦਰ ਦੇ ਉਤਨੇ ਹਿੱਸੇ ਦਾ ਹੀ ਪਤਾ ਹੈ ਜਿੱਥੇ ਜਾ ਕੇ ਮਿਲਦੇ ਹਨ ਹੋਰ ਅੱਗੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਸਕਦਾ ਕਿਉਂਕਿ ਅੱਗੇ ਤਾਂ ਉਨ੍ਹਾਂ ਦਾ ਅਸਿਤਤਵ ਹੀ ਨਹੀਂ ਰਹਿੰਦਾ।ਇਸ ਤਰ੍ਹਾਂ ਜੋ ਭਗਤ ਉਸ ਦੀ ਵਡਿਆਈ ਦੇ ਗੁਣ ਗਾਉਂਦੇ ਹਨ ਉਹ ਪਰਮਾਤਮਾ ਦੀ ਬੇਅੰਤਤਾ ਨਹੀਂ ਜਾਣਦੇ ਨਾਂ ਹੀ ਉਹ ਜਾਣਦੇ ਹਨ ਕਿ ਪਰਮਾਤਮਾ ਦੀਆਂ ਹਦਾਂ ਕੀ ਹਨ ਵਿਸ਼ਾਲਤਾ ਕਿਤਨੀ ਹੈ। ੳਨ੍ਹਾਂ ਦਾ ਇਰਾਦਾ ਤਾਂ ਉਸ ਵਿਚ ਮਿਲਣ ਤੇ ਸਮਾਉਣ ਦਾ ਹੁੰਦਾ ਹੈ ਇਹ ਜਾਨਣ ਦਾ ਨਹੀਂ ਕਿ ਪਰਮਾਤਮਾ ਕਿਤਨਾ ਕੁ ਵੱਡਾ ਹੈ। ਜੋ ਭਗਤ ਉਸ ਵਿਚ ਮਿਲ ਗਏ, ਉਨ੍ਹਾਂ ਨੂੰ ਤਾਂ ਇਹ ਵਡਿਆਈ, ਉਚਾਈ, ਵਿਸ਼ਾਲਤਾ ਜਾਨਣ ਦੀ ਲੋੜ ਹੀ ਨਹੀਂ ਰਹਿੰਦੀ।

ਅੰਤੁ ਨ ਪਾਵਹਿ ਜਲਹਿ ਮੀਨ॥ (ਬਸੰਤਰ ਮ: ੫, ੧੧੮੨)

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥

ਉਸਦੀ ਵਡਿਆਈ ਤਾਂ ਇਤਨੀ ਵੱਡੀ ਹੈ ਜੋ ਕਿਸੇ ਕਥਨ ਵਿਚ ਨਹੀਂ ਆ ਸਕਦੀ।ਜੇ ਕਦੇ ਕੋਈ ਪੁਰਸ਼ ਸਮੁੰਦਰਾਂ ਦਾ ਰਾਜਾ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਵੀ ਹੋਵੇ ਤੇ ਉਸਦੇ ਕੋਲ ਧਨ ‘ਗਿਰਹਾ ਸੇਤੀ’ ਹੋਵੇ ਅਰਥਾਤ ਪਹਾੜਾਂ ਨਾਲ ਮਾਪਿਆ ਜਾਣ ਵਾਲਾ ਧਨ ਹੋਵੇ ।ਲੋਕ ਇਹ ਨਾ ਆਖਣ ਕਿ ਸੋਨਾ ਚਾਂਦੀ ਇਤਨੇ ਮਣ ਹੋਵੇ ਸਗੋਂ ਇਹ ਆਖਣ ਕਿ ਇਤਨੇ ਪਹਾੜ ਉਸਦੇ ਕੋਲ ਸੋਨਾ ਚਾਂਦੀ ਦੇ ਹਨ ਤਾਂ ਇਤਨਾ ਵੱਡਾ ਪੁਰਸ਼ ਵੀ ਪਰਮਾਤਮਾ ਸਾਹਮਣੇ ਉਸ ਕੀੜੀ ਬਰਾਬਰ ਨਹੀਂ ਜਿਸਨੂੰ ਪਰਮਾਤਮਾ ਕਦੇ ਨਹੀਂ ਵਿਸਰਦਾ।

ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥ ੨੩ ॥

ਵਾਹਿਗੁਰੂ ਕਿਤਨਾ ਵੱਡਾ ਹੈ? ਇਹ ਦਸਣਾ ਤਾਂ ਕਿਤੇ ਦੂਰ ਰਿਹਾ ਜੇ ਕਦੇ ਕੀੜੀ ਦੇ ਮਨ ਵਿਚ ਪਰਮਾਤਮਾ ਆ ਕੇ ਵਾਸ ਕਰੇ ਤਾਂ ਉਸ ਦੀ ਵਡਿਆਈ ਕਰਨੀ ਵੀ ਔਖੀ ਹੈ।

ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ (ਸਹਸਕ੍ਰਿਤੀ ਸਲੋਕ ਮ: ੫, ਪੰਨਾ ੧੩੫੯)

ਹੇ ਕੀੜੀ ਤੂ ਬਹੁਤ ਵੱਡੀ ਹੈਂ ਕਿਉਂਕਿ ਤੂੰ ਗੋਬਿੰਦ ਭਜਨ ਕਰਦੀ ਹੈਂ, ਧੰਨ ਹੈਂ ਤੂੰ ।

ਸ਼ਾਹ ਤੇ ਸੁਲਤਾਨ ਜਿਨ੍ਹਾਂ ਪਾਸ ਮਾਲ ਧਨ ਦੇ ਪਹਾੜ ਸਮੁੰਦਰ ਹਨ ਉਸ ਕੀੜੀ ਦੇ ਤੁਲ ਨਹੀਂ ਜਿਸ ਦੇ ਮਨ ਵਿਚ ਪਰਮਾਤਮਾ ਵਸ ਜਾਵੇ ਤੇ ਜਿਸ ਤੇ ਪਰਮਾਤਮਾ ਦੀ ਕ੍ਰਿਪਾ ਹੋ ਜਾਵੇ।ਦੁਨੀਆਂ ਵਿਚ ਵਡੇ ਵਡੇ ਰਾਜੇ ਹਨ, ਪ੍ਰਲੋਕ ਵਿਚ ਇੰਦਰ ਰਾਜੇ ਆਦਿਕ ਹਨ, ਅਵਤਾਰ ਬੜੇ ਹਨ ਪਰ ਇਹ ਜੋ ਦੇਵੀ ਦੇਵਤਾ ਜਾਂ ਵੱਡੇ ਬਣੇ ਫਿਰਦੇ ਹਨ ਉਹ ਸਭ ਵੱਡੇ ਸਾਹਿਬ ਪਰਮ ਪੁਰਖ ਪਰਮਾਤਮਾ ਦੇ ਹੀ ਬਣਾਏ ਹੋਏ ਹਨ ਤੇ ਉਹ ਪਰਮਾਤਮਾ ਦੇ ਤਾਂ ਪਾਂ ਪਾਸਕ ਵੀ ਨਹੀਂ॥ ਪਰਮਾਤਮਾ ਦੀ ਸ਼ਰਨ ਵਿਚ ਆਕੇ ਹੀ ਉਨ੍ਹਾਂ ਦੀ ਅਸਲੀ ਪਛਾਣ ਬਣਨੀ ਹੈ।

ਇਸ ਲਈ ਨਾਉ ਹੀ ਮੰਨਣਾ ਪੂਜਣਾ ਚਾਹੀਦਾ ਹੈ ਜਿਸ ਰਾਹੀਂ ਸਚੇ ਪਰਮਾਤਮਾ ਤਕ ਪਹੁੰਚੀਦਾ ਹੈ:

ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ॥ (ਸਿਰੀ ਰਾਗ ਨ: ੧, ਪੰਨਾ ੧੭)
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ॥ (ਸਿਧ ਗੋਸਟਿ, ਮ:੧, ਪੰਨਾ ੯੩੯)

ਏਥੇ ਪਹਿਲਾਂ ਤਾਂ ਵਾਹਿਗੁਰੂ ਨੂੰ ਸਮੁੰਦਰ ਨਾਲ ਉਪਮਾ ਦਿਤੀ ਹੈ। ਫੇਰ ਇਸ ਨੂੰ ਹੋਰ ਵੀ ਵਧੀਆ ਉਪਮਾ ਦੇ ਦਿਤੀ ਤੇ ਸਮੁੰਦਰ ਨੂੰ ਉਸ ਕਿਣਕੇ ਤੋਂ ਵੀ ਛੋਟਾ ਦੱਸਿਆ ਹੈ ਜੋ ‘ਕਿਣਕਾ’ ਇਕ ਛੋਟੀ ਜਿਹੀ ਕੀੜੀ ਦੇ ਮਨ ਵਿਚ ਵਸ ਸਕਦਾ ਸੀ। ‘ਕਿਣਕੇ’ ਤੋਂ ਮਤਲਬ ਏਥੇ ਪਰਮੇਸ਼ਵਰ ਦੀ ਉਤਨੀ ਅੰਸ਼ ਮਾਤ੍ਰ ਹੈ ਜੋ ਕੀੜੀ ਦਾ ਮਨ ਧਾਰਨ ਕਰ ਸਕਦਾ ਹੈ।

ਕਿਨਕਾ ਏਕ ਜਿਸੁ ਜੀਅ ਬਸਾਵੈ॥ ਤਾ ਕੀ ਮਹਿਮਾ ਗਨੀ ਨ ਆਵੈ॥ (ਸੁਖਮਨੀ ਮ: ੫, ਪੰਨਾ ੨੬੨)

ਕੀੜੀ ਕਿਤਨੀ ਨਿਕੀ ਹੈ, ਉਸ ਦਾ ਮਨ ਕਿਤਨਾ ਕੁ ਹੋਇਆ, ਉਸ ਮਨ ਵਿਚ ਵਾਹਿਗੁਰੂ ਕਿਤਨਾ ਕੁ ਵਸੇਗਾ? ਸੋ ਉਸ ਵਾਹਿਗੁਰੂ ਦੀ ਨਿਕੀ ਜਿਹੀ ਅੰਸ਼, ਜੋ ਕੀੜੀ ਦੇ ਨਿਕੇ ਜਿਹੇ ਮਨ ਵਿਚ ਵਸਦੀ ਹੈ, ਇਤਨੀ ਮਹਤਤਾ ਰਖਦੀ ਹੈ ਕਿ ਸਾਰੇ ਸਮੁੰਦਰ ਆਪਣੇ ਮਾਲ ਧਨ ਸਮੇਤ (ਸਮੁੰਦਰ ਦੇ ਅੰਦਰ ਵੀ ਦੁਨੀਆਂ ਵਿਸ਼ਾਲ ਹੈ) ਉਸ ਅਗੇ ਤੁੱਛ ਹਨ।ਪਰ ਉਸ ਦਾ ਰਚਿਆ ਇਕ ਸਮੁੰਦਰ ਤਾਂ ਨਹੀਂ ਉਸ ਦੇ ਰਚੇ ਤਾਂ ‘ਕੇਤੇ ਰਤਨ ਸਮੁੰਦ’ ਹਨ । ਰਚੇ ਗਏ ਸਾਰੇ ਸਮੁੰਦਰ ਤੇ ਸਾਰੇ ਸਮੁੰਦਰਾਂ ਦੇ ਟਾਪੂਆਂ ਅੰਦਰ ਰਾਜ ਕਰਨ ਵਾਲੇ ਬਾਦਸ਼ਾਹ ਲੋਕ ਅਤੇ ਧਰਤੀਆਂ ਤੇ ਰਾਜ ਕਰਨ ਵਾਲੇ ਸ਼ਹਿਨਸ਼ਾਹਾਂ ਕੋਲ ਮਾਲ ਧਨ ਦੇ ਪਹਾੜਾਂ ਜਿੱਡੇ ਢੇਰ ਲੱਗੇ ਪਏ ਹਨ। ਇਹ ਸਾਰਾ ਕੁਝ ਉਸ ਨਿੱਕੀ ਜਿਹੀ ਕੀੜੀ ਵਰਗੇ ਜੀਵ ਦੇ ਬਰਾਬਰ ਨਹੀਂ ਹੈ ਜਿਸ ਜੀਵ ਦੇ ਅੰਦਰ ਵਾਹਿਗੁਰੂ ਦੀ ਯਾਦ ਹੈ। ਵਾਹਿਗੁਰੂ ਤਾਂ ਕਿਤੇ ਵੱਡਾ ਹੈ।

ਅਨਤਾ ਧਨ ਧਰਣੀ ਧਰੇ ਅਨਤ ਨ ਚਾਹਿਆ ਜਾਇ॥ (ਗਉੜੀ ਮ: ੧, ਪੰਨਾ ੧੫੬)

ਅੰਤ ਲੱਭਣ ਦੀ ਥਾਂ ਜੀਵ ਨੂੰ ਉਸ ਨੂੰ ਪਾਉਣ ਤੇ ਸਮਾਉਣ ਦੀ ਇਛਾ ਚਾਹੀਦੀ ਹੈ ਜਿਸ ਲਈ ਉਸ ਨੂੰ ਨਾਮ ਭਗਤੀ ਕਰਨੀ ਹੈ ਤੇ ਉਸ ਵਿਚ ਮਿਲਣਾ ਸਮਾਉਣਾ ਹੈ ਪਰਮਾਤਮਾ ਦਾ ਅੰਤ ਪਾਉਣ ਦੀ ਲੋੜ ਨਹੀਂ।




.