.

ਕੈਲੰਡਰ ਸਬੰਧੀ ਪਈ ਦੁਬਿਧਾ ਲਈ ਜਿੰਮੇਵਾਰ ਕੌਣ?

ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਦਿਨੀਂ ਇਕ ਲੇਖ “ਚਿੰਤਾਜਨਕ ਹੈ ਕੈਲੰਡਰ ਸਬੰਧੀ ਸਿੱਖ ਪੰਥ ਵਿਚ ਪਈ ਦੁਬਿਧਾ” ਪੜ੍ਹਨ ਨੂੰ ਮਿਲਿਆ। ਲੇਖਕ ਨੇ ਸਮੱਸਿਆ ਦਾ ਤਾਂ ਜਿਕਰ ਕੀਤਾ ਹੈ, ਪਰ ਸਮੱਸਿਆ ਦਾ ਹੱਲ ਨਹੀਂ ਦੱਸਿਆ। ਨਾ ਹੀ ਦੁਬਿਧਾ ਪਾਉਣ ਵਾਲਿਆਂ ਦੀ ਨਿਸ਼ਾਨਦੇਹੀ ਕੀਤੀ ਹੈ। ਸਗੋਂ ਆਪ ਹੀ ਜੱਜ ਬਣ ਕੇ ਫ਼ਤਵਾ ਵੀ ਸੁਣਾ ਦਿੱਤਾ ਹੈ, “ ਝੂਠਾ ਰੌਲਾ ਪਾਉਣ ਵਾਲੇ ਇਨ੍ਹਾਂ ਲੋਕਾਂ ਦੀ ਮਨਸ਼ਾ ਸਾਡੇ ਤੋਂ ਲੁਕੀ ਹੋਈ ਨਹੀਂ ਹੈ। ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਨ੍ਹਾਂ ਲੋਕਾਂ ਦੇ ਮਨਾਂ ਵਿਚ ਕੀ ਪਾਪ ਛੁਪਿਆ ਹੋਇਆ ਹੈ। ਸਾਨੂੰ ਇਸ ਗੱਲ ਦਾ ਵੀ ਭੁਲੇਖਾ ਨਹੀਂ ਕਿ ਇਹ ਲੂਤੀ ਕਿਵੇਂ ਲਾਈ ਗਈ ਹੈ। ਕਿਨ੍ਹਾਂ ਲੋਕਾਂ ਦੀ ਸੋਚ ਨੇ ਪੰਥ ਵਿਚ ਇਹ ਵੱਡੀ ਦੁਬਿਧਾ ਖੜ੍ਹੀ ਕਰਕੇ ਰੱਖ ਦਿੱਤੀ ਪਰ ਸਤਿਗੁਰੂ ਜੀ ਦਾ ਫੁਰਮਾਣ ਹੈ ਕਿ 'ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ'”।
ਆਓ ਪਹਿਲਾ ਦੁਬਿਧਾ ਪਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰੀਏ;
ਲੇਖਕ, ਜਿਸ ਸ਼ਬਦ ਦੀ ਵਾਰ-ਵਾਰ ਵਰਤੋ ਕਰਦਾ ਹੈ ਉਹ ਹੈ ਦੁਬਿਧਾ। ਦੁਬਿਧਾ, ਮਨ ਦੀ ਡਾਵਾਂ ਡੋਲ ਸਥਿਤੀ ਅਤੇ ਫੈਸਲਾ ਲੈਣ ਦੀ ਅਸਮਰੱਥਾ ਨੂੰ ਕਿਹਾ ਜਾਂਦਾ ਹੈ। ਇਸ ਦਾ ਮੁਖ ਕਾਰਨ ਹੈ ਅਗਿਆਨਤਾ। ਦੁਬਿਧਾ ਏਨੀ ਮਾੜੀ ਵੀ ਨਹੀ ਹੁੰਦੀ ਕਿ ਜਿਸ ਦਾ ਕੋਈ ਹਲ ਹੀ ਨਾ ਹੋਵੇ, ਪਰ ਜਿੰਮੇਵਾਰ ਵਿਅਕਤੀਆਂ ਵੱਲੋਂ, ਸਮੇਂ ਸਿਰ ਆਪਣੀ ਜਿੰਮੇਵਾਰੀ ਨਾ ਨਿਭਾਉਣ ਕਰਕੇ ਇਹ ਬਹੁਤ ਹੀ ਗੁੰਝਲਦਾਰ ਸਮੱਸਿਆ ਬਣ ਜਾਂਦੀ ਹੈ ਜਾਂ ਜਾਣਬੁਝ ਕੇ ਬਣਾ ਦਿੱਤੀ ਜਾਂਦੀ ਹੈ। ਅੱਜ ਸਿਆਸਤ ਏਨੀ ਭਾਰੂ ਹੋ ਚੁੱਕੀ ਹੈ ਕਿ ਹਰ ਸਮੱਸਿਆ, ਜਿਸ ਨੂੰ ਬਾਣੀ ਦੇ ਸਿਧਾਂਤ, “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ” ਅਨੁਸਾਰ ਬੈਠ ਕਿ ਸੁਲਝਾਇਆ ਜਾਂ ਸਕਦਾ ਹੈ, ਸਿਆਸੀ ਲੋਕਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਖਾਤਰ ਉਲਝਾ ਦਿੱਤੀ ਜਾਂਦੀ ਹੈ। ਅਜੇਹਾ ਹੀ ਨਾਨਕਸ਼ਾਹੀ ਕੈਲੰਡਰ ਨਾਲ ਹੋਇਆ ਹੈ। ਸਿੱਖ ਰਹਿਤ ਮਰਯਾਦਾ ਤੋਂ ਪਿਛੋਂ ਕੈਲੰਡਰ ਹੀ ਅਜੇਹਾ ਵਿਸ਼ਾ ਹੈ ਜਿਸ ਸਬੰਧੀ ਵਿਦਵਾਨਾਂ ਵੱਲੋਂ ਕਈ ਸਾਲਾਂ ਦੀ ਵਿਚਾਰ ਚਰਚਾ ਉਪ੍ਰੰਤ, ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 535 ਨਾਨਕਸ਼ਾਹੀ (2003 ਈ:) ਵਿੱਚ ਲਾਗੂ ਕੀਤਾ ਗਿਆ ਸੀ। ਜਿਸ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਸੀ। ਪਰ ਅਚਾਨਕ ਹੀ 2010 ਈ: ਵਿਚ ਸ਼੍ਰੋਮਣੀ ਕਮੇਟੀ ਵੱਲੋਂ, ਸੋਧਾਂ ਦੇ ਨਾਮ ਹੇਠ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਹੁਣ ਹਰ ਸਾਲ ਸ਼੍ਰੋਮਣੀ ਕਮੇਟੀ ਨੂੰ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ, ਪਾਕਿਸਤਾਨ ਨੂੰ ਜਥਾ ਭੇਜਣ ਵੇਲੇ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ।
ਹੁਣ, ਜੇ ਅੱਜ ਦੀ ਸਮੱਸਿਆ ਬਾਰੇ ਗੱਲ ਕਰੀਏ ਤਾਂ ਇਸ ਨੂੰ ਆਰੰਭ ਹੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਵੱਲੋਂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਜੰਤਰੀ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 11 ਪੋਹ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਦਰਜ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਦਫਤਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨੂੰ ਬਦਲੀ ਕਰਨ ਲਈ, ਸ਼੍ਰੋਮਣੀ ਕਮੇਟੀ ਨੂੰ ਪੱਤਰ ਕਿਉਂ ਲਿਖਿਆ ਗਿਆ? ਅਕਾਲ ਤਖਤ ਸਾਹਿਬ ਦੇ ਦਫਤਰ ਵੱਲੋਂ ਲਿਖੇ ਪੱਤਰ (ਨੰਬਰ ਅ:ਤ/17/3372 ਮਿਤੀ 26/10/2017) ਵਿੱਚ ਦਰਜ ਪੰਗਤੀ, “ਇਸ ਸਬੰਧੀ ਪਹਿਲ ਦੇ ਅਧਾਰ ਪੁਰ ਕੈਲੰਡਰ ਸਬ-ਕਮੇਟੀ ਰਾਹੀਂ ਉਕਤ ਪ੍ਰਕਾਸ਼ ਪੁਰਬ ਮਨਾਉਣ ਬਾਬਤ ਤੁਰੰਤ ਘੋਖ ਪੜਤਾਲ ਕਰਦਿਆਂ ਅਗਲੀ ਤਾਰੀਖ ਨਿਸ਼ਚਿਤ ਕਰਕੇ ਆਪਣੀ ਰਿਪੋਰਟ ਦਫ਼ਤਰ ਸਕੱਤਰੇਤ, ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭਿਜਵਾਉਣ ਦੀ ਖੇਚਲ ਕਰਨੀ ਜੀ” ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਬਦਲੀ ਕਰਨ ਦਾ ਆਦੇਸ਼ ਹੈ। ਜਿਸ ਤੇ ਅਮਲ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ, ਮਤਾ ਨੰਬਰ 1216 ਮਿਤੀ 6/11/2017 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 11 ਪੋਹ ਤੋਂ ਬਦਲ ਕੇ ਨਾਨਕਸ਼ਾਹੀ ਕੈਲੰਡਰ ਮੁਤਾਬਕ 23 ਪੋਹ (5 ਜਨਵਰੀ) ਕਰ ਦਿੱਤੀ। ਇਸ ਅੰਤ੍ਰਿੰਗ ਕਮੇਟੀ ਵਿਚ, ਇਸ ਲੇਖ ਦਾ ਲੇਖਕ ਭਾਈ ਅਮਰਜੀਤ ਸਿੰਘ ਚਾਵਲਾ ਵੀ ਸ਼ਾਮਿਲ ਸੀ। ਜਦੋਂ ਇਹ ਖ਼ਬਰ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਜੀ ਪਾਸ ਪੁੱਜੀ ਤਾਂ ਉਨ੍ਹਾਂ ਨੇ ਬਿਆਨ ਦਾਗ਼ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਬਦਲਣ ਦਾ ਕੋਈ ਅਧਿਕਾਰ ਨਹੀ ਹੈ। ਇਹ ਦਿਹਾੜਾ ਪੋਹ ਸੁਦੀ 7 ਮੁਤਾਬਕ 25 ਦਸੰਬਰ ਨੂੰ ਹੀ ਮਨਾਇਆ ਜਾਵੇਗਾ। 13 ਨਵੰਬਰ ਦਿਨ ਸੋਮਵਾਰ ਨੂੰ ਪੰਜ ਸਿੰਘ ਸਾਹਿਬਾਨ ਤੇ ਆਪਣੀ ਇਕੱਤਰਤਾ ਵਿੱਚ, ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਗਿਆ ਉਹ ਸੁਝਾਉ (ਨੰਬਰ ਅ:ਤ/17/3372 ਮਿਤੀ 26/10/2017) ਰੱਦ ਕਰ ਦਿੱਤਾ ਜੋ ਅਕਾਲ ਤਖਤ ਸਾਹਿਬ ਦੇ ਦਫਤਰ ਵੱਲੋਂ ਪੱਤਰ ਭੇਜ ਕੇ ਹੀ ਮੰਗਵਾਇਆ ਗਿਆ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਕੱਲਾ ਗਿਆਨੀ ਇਕਬਾਲ ਸਿੰਘ, ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤੇ ਕਿਵੇਂ ਭਾਰੀ ਪੈ ਗਿਆ, ਇਸ ਪਿਛੇ ਕਿਹੜੀ ਸਾਜ਼ਿਸ਼ ਕੰਮ ਕਰਦੀ ਸੀ? ਚੰਗਾ ਹੁੰਦਾ ਜੇ ਭਾਈ ਅਮਰਜੀਤ ਸਿੰਘ ਚਾਵਲਾ, ਇਸ ਬਾਰੇ ਚਾਰ ਸ਼ਬਦ ਲਿਖ ਕੇ ਚਾਨਣ ਪਾ ਦਿੰਦੇ। ਖੈਰ...ਇਸ ਗੱਲ ਨੂੰ ਤਾਂ ਹੁਣ ਸਾਰਾ ਸਿੱਖ ਜਗਤ ਜਾਣਦਾ ਹੀ ਹੈ।


ਅੱਜ ਦੀ ਸਮੱਸਿਆ ਇਹ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਇਕੱਠੇ ਆ ਰਹੇ ਹਨ। ਜਦੋਂ ਕਿ ਪਿਛਲੇ ਸਾਲ ਇਹ ਵੱਖ-ਵੱਖ ਤਾਰੀਖ਼ਾਂ ਨੂੰ ਆਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ 2016-17 ਈ: ਦੀ ਜੰਤਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 22 ਪੋਹ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਦਰਜ ਹੈ। 2017-18 ਈ: ਦੀ ਜੰਤਰੀ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਹੀ ਦਰਜ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 11 ਪੋਹ ਦਰਜ ਹੈ। ਜਦੋਂ ਕਿ ਇਹ ਤਿੰਨੇ ਤਾਰੀਖ਼ਾਂ ਹੀ ਸੂਰਜੀ ਬਿਕ੍ਰਮੀ ਕੈਲੰਡਰ ਦੇ ਪੋਹ ਮਹੀਨੇ ਦੀਆਂ ਹਨ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜੇ 8 ਪੋਹ ਅਗਲੇ ਸਾਲ ਵੀ 8 ਪੋਹ ਹੈ, ਜੇ 13 ਪੋਹ ਵੀ ਅਗਲੇ 13 ਪੋਹ ਹੀ ਹੈ ਤਾਂ 22 ਪੋਹ ਅਗਲੇ ਸਾਲ 11 ਪੋਹ ਕਿਵੇਂ ਹੋ ਗਈ? ਕੀ ਇਹ ਦੁਬਿਧਾ ਨਹੀਂ ਹੈ? ਇਸ ਲਈ ਜਿੰਮੇਵਾਰ ਕੌਣ ਹੈ? ਕੀ ਇਸ ਬਾਰੇ ਲੇਖਕ ਨੂੰ ਜਾਣਕਾਰੀ ਨਹੀਂ ਹੈ, ਜਾਂ ਉਹ ਜਾਣਬੁਝ ਕੇ ਚੁੱਪ ਹੈ?
ਲੇਖਕ ਲਿਖਦਾ ਹੈ, ਅੱਜ ਬਿਕਰਮੀ, ਸੰਮਤਾਂ, ਵਦੀਆਂ-ਸੁਦੀਆਂ ਉੱਤੇ ਕਿੰਤੂ ਕਰਨ ਵਾਲੇ ਇਹ ਲੋਕ ਕਿਵੇਂ ਭੁੱਲ ਗਏ ਕਿ ਗੁਰਬਾਣੀ ਦੇ ਅੰਦਰ ਜਿਥੇ ਸਮੇਂ ਦਾ ਜ਼ਿਕਰ ਆਇਆ ਹੈ, ਉਹ ਸਾਰਾ ਇਨ੍ਹਾਂ ਹੀ ਸੰਮਤਾਂ, ਵਦੀਆਂ-ਸੁਦੀਆਂ ਦੇ ਆਧਾਰ 'ਤੇ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿ ਗੁਰਾਂ ਨੇ ਦੋ ਵਾਰ ਬਾਰਾਂ ਮਾਹ ਦੀ ਬਾਣੀ ਦਰਜ ਕੀਤੀ ਹੋਈ ਹੈ। ਸਾਡੇ ਇਤਿਹਾਸ ਦੇ ਵੀ ਜੋ ਹਵਾਲੇ ਮਿਲਦੇ ਹਨ, ਉਹ ਵੀ ਇਨ੍ਹਾਂ ਸੰਮਤਾਂ, ਵਦੀਆਂ-ਸੁਦੀਆਂ ਦੇ ਆਧਾਰ 'ਤੇ ਹੀ ਹਨ ਅਤੇ ਇਸੇ ਢੰਗ ਨਾਲ ਇਤਿਹਾਸ ਨੂੰ ਵਾਚਿਆ ਤੇ ਵਿਚਾਰਿਆ ਜਾਂਦਾ ਰਿਹਾ ਹੈ”। ਇਨ੍ਹਾਂ ਸ਼ਬਦਾਂ ਤੋਂ ਇਕ ਗੱਲ ਤਾ ਸਪੱਸ਼ਟ ਹੋ ਜਾਂਦੀ ਹੈ ਕਿ ਲੇਖਕ ਖ਼ੁਦ ਦੁਬਿਧਾ ਦਾ ਸ਼ਿਕਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਦੋਵੇਂ ਬਾਰਾ-ਮਾਂਹ (ਚੇਤ ਤੋਂ ਫੱਗਣ) ਸੂਰਜੀ ਕੈਲੰਡਰ ਹੈ। ਨਾ ਕਿ ਚੰਦਰ ਸੂਰਜੀ। ਚੰਦਰ ਸੂਰਜੀ ਕੈਲੰਡਰ ਦੇ ਸਾਲ ਦਾ ਆਰੰਭ ਤਾਂ ਚੇਤ ਸੁਦੀ 1 ਤੋਂ ਹੁੰਦਾ ਹੈ ਨਾਕਿ 1 ਚੇਤ ਤੋਂ। ਇਸ ਧਰਤੀ ਤੇ ਰੁੱਤਾਂ ਵੀ, ਜਿਨ੍ਹਾਂ ਦਾ ਬਾਣੀ ਵਿੱਚ ਹਵਾਲਾ ਮਿਲਦਾ ਹੈ, ਸੂਰਜ ਕਾਰਨ ਹੀ ਬਦਲਦੀਆਂ ਹਨ। ਰੁੱਤਾਂ ਦਾ ਚੰਦ ਨਾਲ ਕੋਈ ਸਬੰਧ ਨਹੀ ਹੈ। ਇਸੇ ਕਾਰਨ ਹੀ ਨਾਨਕਸ਼ਾਹੀ ਕੈਲੰਡਰ ਵਿੱਚ ਸੂਰਜੀ ਤਾਰੀਖ਼ਾਂ ਨੂੰ ਮੁਖ ਰੱਖਿਆ ਗਿਆ ਹੈ। ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਇਹ ਗੱਲ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਲਿਖੀ ਹੋਈ ਹੈ ਕਿ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰਖਿਆ ਜਾਵੇਗਾ”। ਇਸ ਮੁਤਾਬਕ ਗੁਰੂ ਜੀ ਦੇ ਜਨਮ ਦੀ ਤਾਰੀਖ 23 ਪੋਹ ਹੈ। ਇਹ ਤਾਰੀਖ ਹੀ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਹੈ। ਜਦੋਂ ਇਹ ਤਾਰੀਖ ਜੂਲੀਅਨ ਕੈਲੰਡਰ ਵਿੱਚ ਲਿਖੀ ਗਈ ਤਾਂ ਇਹ 22 ਦਸੰਬਰ ਲਿਖੀ ਗਈ। ਫਰਜ਼ ਕਰੋ, ਇੰਗਲੈਂਡ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ ਅਕਤੂਬਰ 1582 ਈ: ਵਿਚ ਹੀ ਲਾਗੂ ਕਰ ਦਿੰਦਾ ਤਾਂ ਇਹ ਤਾਰੀਖ 1 ਜਨਵਰੀ 1667 ਈ: (ਗਰੈਗੋਰੀਅਨ) ਲਿਖੀ ਜਾਣੀ ਸੀ। ਜੇ ਕਿਸੇ ਸੱਜਣ ਨੇ ਇਸ ਤਾਰੀਖ ਨੂੰ ਹਿਜਰੀ ਕੈਲੰਡਰ ਵਿੱਚ ਲਿਖਿਆ ਹੋਵੇ ਤਾਂ ਉਥੇ ਇਹ 5 ਰਜ਼ਬ 1077 ਹਿਜਰੀ ਹੋਵੇਗੀ। ਹੁਣ ਜਦੋਂ ਨਾਨਕਸ਼ਾਹੀ ਕੈਲੰਡਰ ਦੀ 23 ਪੋਹ ਹੋਵੇਗੀ ਤਾਂ ਉਸ ਦਿਨ 5 ਜਨਵਰੀ ਹੀ ਹੋਵੇਗੀ।
ਭਾਈ ਅਮਰਜੀਤ ਸਿੰਘ ਚਾਵਲਾ ਦੇ ਇਹ ਸ਼ਬਦ, “ਇਥੇ ਇਕ ਗੱਲ ਸਮਝਣ ਵਾਲੀ ਹੈ ਕਿ ਅਖੌਤੀ ਨਾਨਕਸ਼ਾਹੀ ਕੈਲੰਡਰ ਦਾ ਨਿਰਮਾਤਾ ਪੁਰੇਵਾਲ ਤਾਰੀਖ਼ਾਂ ਅੰਗਰੇਜ਼ੀ ਕੈਲੰਡਰ ਮੁਤਾਬਿਕ ਦੇਣੀਆਂ ਚਾਹੁੰਦਾ ਹੈ ਪਰ ਆਪਣੇ ਕੈਲੰਡਰ ਦੇ ਮਹੀਨਿਆਂ ਦੇ ਨਾਂਅ ਬਿਕਰਮੀ ਕੈਲੰਡਰ ਵਾਲੇ ਦੇਣੇ ਚਾਹੁੰਦਾ ਹੈ। ਇਸ ਮਿਲਗੋਭੇ ਨੇ ਅਤੇ ਪੁਰੇਵਾਲ ਦੀ ਆਪਣੀ ਦੁਬਿਧਾ ਨੇ ਹੀ ਸਾਰੀ ਕੌਮ ਵਿਚ ਦੁਬਿਧਾ ਖੜ੍ਹੀ ਕਰ ਦਿੱਤੀ ਹੈ” ਵੀ ਅਸਲੀਅਤ ਤੋਂ ਕੋਹਾਂ ਦੂਰ ਹਨ। ਜਦੋਂ ਕਿ ਸਚਾਈ ਇਹ ਹੈ ਕਿ ਮਿਲਗੋਭਾ ਕੈਲੰਡਰ, ਨਾਨਕਸ਼ਾਹੀ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਦੇ ਨਾਮ ਹੇਠ ਛਾਪਿਆ ਜਾਂਦਾ ਬਿਕ੍ਰਮੀ ਕੈਲੰਡਰ ਹੈ। ਜਿਸ ਵਿੱਚ ਕੁਝ ਦਿਹਾੜੇ ਚੰਦਰ ਸੂਰਜੀ ਬਿਕ੍ਰਮੀ ਮੁਤਾਬਕ, ਜਿਸ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ ਜਦੋਂ ਇਸ ਵਿਚ ਤੇਰਵਾਂ ਮਹੀਨਾ ਜੋੜ ਦਿੱਤਾ ਜਾਂਦਾ ਹੈ ਤਾ ਇਸ ਦੇ ਸਾਲ ਦੀ ਲੰਬਾਈ 384/85 ਦਿਨ ਹੋ ਜਾਂਦੀ ਹੈ। ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਜਿਸ ਦੇ ਸਾਲ ਦੀ ਲੰਬਾਈ 365.2563 ਦਿਨ ਅਤੇ ਕੁਝ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਕ ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਮਨਾਏ ਜਾਂਦੇ ਹਨ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪੰਗਤੀ “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” ਮੁਤਾਬਕ ਰੱਖੀ ਗਈ ਹੈ। ਸਾਰੇ ਗੁਰਪੁਰਬ, ਸ਼ਹੀਦੀ ਦਿਹਾੜੇ ਅਤੇ ਇਤਿਹਾਸਿਕ ਦਿਹਾੜੇ, ਇਕੋ ਕੈਲੰਡਰ ਭਾਵ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਂਦੇ ਹਨ। ਉਪ੍ਰੋਕਤ ਚਰਚਾ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ, ਮਿਲਗੋਭਾ ਕੈਲੰਡਰ ਲਾਗੂ ਕਰਕੇ ਪੰਥ ਨੂੰ ਦੁਬਿਧਾ ਵਿੱਚ ਪਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਜਿੰਮੇਵਾਰ ਹੈ। ਆਓ, ਸ਼੍ਰੋਮਣੀ ਕਮੇਟੀ ਦੀ ਨੀਤੀ ਨੂੰ ਸਮਝੀਏ ਅਤੇ ਦੁਬਿਧਾ ਤੋਂ ਛੁਟਕਾਰਾ ਪਾਈਏ ਅਤੇ ਆਪਣੇ ਸਾਰੇ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਈਏ।
ਸਰਵਜੀਤ ਸਿੰਘ ਸੈਕਰਾਮੈਂਟੋ
[email protected]




.