.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਇਕਤਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਜਿਥੈ ਨੀਚ ਸਮਾਲੀਅਨਿ. ."- ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ "ਸਿੱਖ ਲਹਿਰ" ਅਥਵਾ "ਸਿੱਖ ਧਰਮ" ਦੀ ਜੜ੍ਹ ਕਿੱਥੇ ਹੈ? ਦੂਜਿਆਂ ਨੂੰ ਸਮਝ ਆ ਗਈ ਪਰ ਖ਼ੁੱਦ "ਗੁਰਬਾਣੀ ਗੁਰੂ" ਦੇ ਸਿੱਖ ਅਖਵਾਉਣ ਵਾਲੇ ਅੱਜ ਅਸੀਂ ਸ਼ਾਇਦ ਉਸ ਨੂੰ ਪੂਰੀ ਤਰ੍ਹਾਂ ਭੁੱਲਾ ਚੁੱਕੇ ਹਾਂ। ਸਾਨੂੰ "ਗੁਰਬਾਣੀ-ਗੁਰੂ" ਦੇ ਸਿੱਖ ਅਖਵਾਉਣ ਵਾਲਿਆਂ ਨੂੰ:-

"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫) ਗੁਰ ਫ਼ੁਰਮਾਨ ਰਾਹੀਂ "ਗੁਰਬਾਣੀ-ਗੁਰੂ" ਵੱਲੋਂ ਕੀ ਸੇਧ ਮਿਲ ਰਹੀ ਹੈ ਅਤੇ ਸਮੂਚੇ ਪੰਥਕ ਤਲ `ਤੇ ਉਸਦੇ ਉਲਟ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ?

ਗੁਰਬਾਣੀ ਆਧਾਰਤ ਇਸ ਪ੍ਰਮੁੱਖ ਵਿਸ਼ੇ ਸੰਬੰਧੀ, ਅੱਜ ਪੰਥ `ਚ ਆ ਚੁੱਕੇ ਭਰਵੇਂ ਵਿਗਾੜ ਤੇ ਨਿਘਾਰ ਬਾਰੇ ਆਖ਼ਿਰ ਕੌਣ ਅਤੇ ਕਦੋਂ ਸੋਚੇਗਾ?

ਦਰਅਸਲ ਪੰਥਕ ਤਲ `ਤੇ ਅੱਜ ਸਾਡੀ ਜਿਹੜੀ ਹਾਲਤ ਬਣੀ ਪਈ ਹੈ ਉਸਨੂੰ ਵੀ ਗੁਰਬਾਣੀ `ਚ ਇਸ ਤਰ੍ਹਾਂ ਬਿਆਣਿਆ ਹੋਇਆ ਹੈ, ਸੰਬੰਧਤ ਗੁਰਬਾਣੀ ਫ਼ੁਰਮਾਨ ਹੈ:-

() "ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ" (ਪੰ: ੩੩੫)

ਬਿਨਾ ਸ਼ੱਕ ਬਹੁਤਾ ਕਰਕੇ ਗੁਰਬਾਣੀ ਨੂੰ ਅੱਜ ਅਸਾਂ ਕੇਵਲ ਗਾਇਣ ਕਰਣ ਤੇ ਅਖੰਡ-ਪਾਠਾਂ ਰਾਹੀਂ ਰਟਣ ਜਾਂ ਕੋਤਰੀਆਂ ਆਦਿ ਦਾ ਵਿਸਾ ਹੀ ਬਣਾ ਲਿਆ ਹੈ: ਗੁਰਬਾਣੀ ਅੱਜ ਸਾਡੀ ਜੀਵਨ-ਜਾਚ ਤੇ ਨਿੱਤ ਦੀ ਰਹਿਣੀ ਦਾ ਵਿਸ਼ਾ ਸ਼ਾਇਦ ਬਿਲਕੁਲ ਹੀ ਨਹੀਂ ਰਹੀ।

ਇਹੀ ਹੈ ਅੱਜ ਸਾਡੇ ਬਹੁਤੇ ਸਿੱਖ ਅਖਵਾਉਣ ਵਾਲਿਆਂ ਦੇ ਜੀਵਨ ਦੀ, ਗੁਰਬਾਣੀ ਜੀਵਨ ਰਹਿਣੀ ਪੱਖੋਂ ਹਾਲਤ। ਇਸ ਤਰ੍ਹਾਂ ਅੱਜ ਬਹੁਤੇ ਸਿੱਖ ਅਖਵਾਉਣ ਵਾਲਿਆਂ ਨੇ ਆਪਣੇ ਨਿੱਤ ਦੇ ਜੀਵਨ `ਚ "ਗੁਰਬਾਣੀ ਜੀਵਨ-ਜਾਚ" ਲਈ ਜਿਵੇਂ ਕਿ ਸਾਰੇ ਰਸਤੇ ਹੀ ਬੰਦ ਕਰ ਰਖੇ ਹੋਣ।

ਸਿੱਖ ਧਰਮ `ਚ ਜਿੱਥੇ ਕੁਲ-ਵੰਸ਼, ਜਾਤ-ਪਾਤ, ਵਰਣ-ਗੋਤ ਆਦਿ ਨੂੰ "ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ" (ਪੰ: ੮੩) ਆਦਿ ਬੇਅੰਤ ਗੁਰਬਾਣੀ ਫ਼ੁਰਮਾਨਾ ਅਨੁਸਾਰ ਕੋਈ ਥਾਂ ਹੈ ਹੀ ਨਹੀਂ, ਜ਼ਮਾਨੇ ਦਾ ਇਹ ਜਾਤ-ਵਰਣ-ਵੰਸ਼ ਆਧਾਰਤ ਸਭ ਤੋਂ ਵੱਡਾ ਕੋੜ੍ਹ ਅੱਜ ਸਾਡੀ ਬਹੁਤਿਆਂ ਦੀ ਰਗ ਰਗ `ਚ ਧੱਸ ਚੁੱਕਾ ਹੋਇਆ ਹੈ।

ਉਸੇ ਦਾ ਨਤੀਜਾ ਹੈ ਕਿ ਇਸੇ ਲਈ ਅੱਜ ਅਨੇਕਾਂ ‘ਭਨਿਆਰੇ’, ‘ਆਸੂਤੋਸ਼’, ‘ਝੂਠੇ ਸੋਦੇ’, ਪਖੰਡੀ ਗੁਰੂ-ਡੰਮ, ਅਖੌਤੀ ‘ਮਹਾਪੁਰਸ਼’, ਗੋਲ ਪੱਗਾਂ ਵਾਲੇ ‘ਪਰ ਅਖੌਤੀ ਸੰਤ-ਸਾਧ ਤੇ ਕੇਵਲ ਹਜ਼ਾਰਾਂ ਬਾਬੇ ਹੀ ਨਹੀਂ, ਬਲਕਿ ਅਖੌਤੀ ਬ੍ਰਹਮ-ਗਿਆਨੀ, ਸ੍ਰੀ-ਸ੍ਰੀ ੧੦੮, ੧੦੦੮ ਆਦਿ ਜੋਕਾਂ, ਅਜੋਕੀ ਬਹੁਤੀ ਸਿੱਖ ਵਸੋਂ ਦਾ ਚੌਵੀ ਘੰਟੇ ਖੂਨ ਚੂਸ ਰਹੀਆਂ ਹਨ।

"ਜਿਥੇ ਬਾਬਾ ਪੈਰ ਧਰੇ…" - ਕੱਲ ਤੀਕ ਸਾਡੀ ਚੜ੍ਹਤ ਜਿਸ ਦਾ ਭਾ: ਗੁਰਦਾਸ ਜੀ ਆਪਣੇ ਪੂਰੇ ਸਵੈਯੇ `ਚ ਇਸ ਤਰ੍ਹਾਂ ਬਿਆਣ ਕਰਕੇ ਅਰੰਭ ਹਨ ਕਿ "ਜਿਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ. ." (੧/੨੭)

ਫ਼ਿਰ ਇਤਨਾ ਹੀ ਨਹੀਂ ਬਲਕਿ ਇਸ ਪੱਖੋਂ ਸਮਝਣ-ਵਿਚਾਰਣ ਦੀ ਵਿਸ਼ਾ ਇਹ ਵੀ ਹੈ ਜਦੋਂ ਇੱਕ ਗ਼ੈਰ ਸਿੱਖ ਲਿਖਾਰੀ, ਕਾਦੀਆਨੀ ਮੁਸਲਮਾਨ ਫ਼ਿਰਕੇ ਦੇ ਆਗੂ, ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ `ਚ ਗ੍ਰੁਰੂ ਕੇ ਸਿੱਖਾਂ ਦੀ ਗਿਣਤੀ ਤਿੰਨ ਕਰੋੜ ਤੀਕ ਪੁੱਜ ਚੁੱਕੀ ਦੱਸ ਰਿਹਾ ਹੈ ਤਾਂ ਉਸਦੇ ਉਲਟ ਅੱਜ ਸਾਡੀ ਹਾਲਤ ਕੀ ਹੈ?

ਜੇ ਕੁੱਝ ਹੋਰ ਗਹਿਰਾਈ ਵੱਲ ਵਧਾਂਗੇ ਤਾਂ ਇਹ ਪਤਾ ਲਗਦੇ ਵੀ ਦੇਰ ਨਹੀਂ ਲਗੇਗੀ ਕਿ ਬਾਕੀ ਕਈ ਕਾਰਣਾਂ ਤੋਂ ਇਲਾਵਾ ਇਸ `ਚ ਬਹੁਤ ਵੱਡੀ ਜ਼ਿੰਮੇਵਾਰੀ ਉਸ ਕੁਲ-ਵੰਸ਼, ਜਾਤ-ਵਰਣ ਆਦਿ ਦੇ ਵਲੇਵੇਂ ਦੀ ਹੈ ਜਿਸ ਨੂੰ ਅੱਜ ਅਸੀਂ ਬੜੀ ਲਾਪਰਵਾਹੀ ਨਾਲ ਸੰਭਾਲ ਰੱਖਿਆ ਹੈ।

ਦਸਮ ਪਿਤਾ ਨੇ ਤਾਂ ਸਾਡੇ ਅੰਦਰੋਂ ਇਸ ਜਾਤਾਂ-ਪਾਤਾਂ, ਵਰਣਾ-ਗੋਤਾਂ, ਕੁਲ-ਵੰਸ਼ ਆਦਿ ਵਾਲੇ ਮਨੂਵਾਦੀ ਬ੍ਰਾਹਮਣੀ ਆਦਿ ਗੰਦਗੀ ਨੂੰ ਕੱਢਣ ਲਈ ਸਾਨੂੰ ਬਿਨਾ ਵਿੱਤਕਰਾ "ਖੰਡੇ ਦੀ ਪਾਹੁਲ" ਦੇ ਸ਼ਾਂਝੇ ਬਾਟੇ ਰਾਹੀਂ "ਸਿੰਘ ਤੇ ਕੌਰ" ਵਾਲੇ ਇੱਕ ਨਿੱਖਰੇ ਹੋਏ ਸੋਹਣੇ ਪ੍ਰਵਾਰ ਦਾ ਰੂਪ ਬਖ਼ਸ਼ਿਆ ਸੀ। ਫ਼ਿਰ ਉਸ ਦੇ ਬਦਲੇ "ਗੁਰੂ ਨਾਨਕ-ਗੁਰੂ ਕਲਗੀਧਰ ਪਾਤਸ਼ਾਹ" ਤੇ "ਗੁਰਬਾਣੀ-ਗੁਰੂ" ਦੇ ਸਿੱਖ ਅਖਵਾਣ ਵਾਲਿਆਂ ਨੇ ਭਾਵ ਅੱਜ ਅਸਾਂ ਕਿਹੜੀ ਮਾਰ ਮਾਰੀ ਹੈ ਅਤੇ ਕੀ ਕਰ ਰਹੇ ਹਾਂ?

ਉਹ ਪੰਜਾਬ ਜਿਹੜਾ ਕਿ ਸਿੱਖ ਧਰਮ ਦੀ ਜਨਮ ਭੂਮੀ ਹੈ- ਉਹੀ ਪੰਜਾਬ, ਜਿੱਥੇ ਦਸਾਂ `ਚੋਂ ਨੌ ਗੁਰੂ ਪਾਤਸ਼ਾਹੀਆਂ ਦਾ ਆਗਮਨ ਹੋਇਆ, ਜਿੱਥੇ ਆਪਣੇ ਆਪ ਨੂੰ ਸਿੱਖਾਂ ਦੀ ਕੇਂਦ੍ਰੀ ਤੇ ਸ਼੍ਰੋਮਣੀ ਸੰਸਥਾ ਕਹਿਣ ਤੇ ਅਖਵਾਉਣ ਵਾਲੀ ‘ਸ਼੍ਰੋਮਣੀ ਗੁ: ਪ੍ਰ: ਕਮੇਟੀ’ ਮੌਜੂਦ ਹੈ, ਜਿੱਥੇ ਪੰਥ ਦੇ ਮੰਨੇ ਜਾ ਰਹੇ ਅਜੋਕੇ ਪੰਜਾਂ ਚੋਂ ਤਿੰਨ ਤਖਤ ਵੀ ਮੌਜੂਦ ਹਨ।

ਬਾਕੀ ਗੱਲਾਂ ਤਾਂ ਫ਼ਿਰ ਵੀ ਵੱਖਰੀਆਂ ਹਨ ਪਰ ਉਥੇ ਅਤੇ ਉਸੇ ਪੰਜਾਬ ਦੀ ਧਰਤੀ `ਤੇ ਅੱਜ ਜੋ ਸਾਡੀ ਹਾਲਤ ਬਣੀ ਪਈ ਹੈ ਇਹ ਉਹ ਇਹ ਹੈ ਕਿ ਅੱਜ ਲਗਭਗ ੯੮% ਦੇ ਕਰੀਬ ਸਾਡੀ ਸਿੱਖ ਪਨੀਰੀ, "ਗੁਰੂ ਪਾਤਸ਼ਾਹ ਦੀ ਸਿੱਖੀ" ਤੇ "ਸਿੱਖ ਧਰਮ" ਨੂੰ ਪੂਰੀ ਤਰ੍ਹਾਂ ਤਿਆਗ ਚੁੱਕੀ ਹੈ। ਉਹ ਨਸ਼ਿਆਂ ਤੇ ਪਤਿੱਤਪੁਣੇ ਦਾ ਸ਼ਿਕਾਰ ਹੋਈ ਪਈ ਹੈ ਜਾਂ ਧੜਾ-ਧੜ ਇਸਾਈ ਮੱਤ, ਅਤੇ ਪਖੰਡੀ ਗੁਰੂ ਡੰਮਾਂ ਵੱਲ ਜਾਂ ਫ਼ਿਰ ਅਨਮੱਤਾਂ ਨੂੰ ਅਪਣਾ ਰਹੀ ਹੈ।

ਇਸ ਸਚਾਈ ਦਾ ਇੱਕ ਹੋਰ ਵੱਡਾ ਸਬੂਤ ਵੀ ਹੈ। ਉਹ ਇਹ ਕਿ "ਡੇਰਾ ਬਾਬਾ ਨਾਨਕ" ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਸਾਲਾਂ ਬੱਧੀ ਆਪ ਨਿਵਾਸ ਕੀਤਾ; ਫ਼ਿਰ ਜਿੱਥੇ ਕਦੇ ਕੋਈ ਗ਼ੈਰ-ਸਿੱਖ ਨਜ਼ਰ ਨਹੀਂ ਸੀ ਆਉਂਦਾ, ਉਥੇ ਚੱਪੇ-ਚੱਪੇ `ਤੇ ਗਿਰਜਾਘਰ ਬਣ ਚੁੱਕੇ ਹਨ, ਤਾਂ ਕਿਉਂ?

ਇਸ ਤੋਂ ਬਾਅਦ ਉਸੇ ਪੰਜਾਬ `ਚ ਜੇ ਇੱਕ ਬਿਹਾਰੀ ਭਈਆ ਆਸੂਤੋਸ਼, ਨੂਰਮਹਲੀਏ ਦੇ ਨਾਂ `ਤੇ ਆ ਜਾਂਦਾ ਹੈ ਜਾਂ ਕੋਈ ਪਿਆਰਾ ਸਿੰਘ, ਭਨਿਆਰੇ ਦੇ ਨਾਂ ਤੇ ਆਪਣਾ ਬੋਗਸ ਗ੍ਰੰਥ ਰਚ ਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਮਹਾਨ ਹਸਤੀ ਨੂੰ ਵੰਗਾਰਦਾ ਹੈ; ਇਸੇ ਤਰ੍ਹਾਂ ਜੇ ਕੋਈ ਪਾਖੰਡੀ ਉਥੇ ਗੁਗੇ ਦਾ ਅਵਤਾਰ ਬਣ ਬੈਠਣ ਦੇ ਨਾਲ-ਨਾਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਪ੍ਰਕਾਸ਼ ਕਰਕੇ, ਦੁਆਲੇ ਸਪਾਂ ਤੇ ਗੁਗਿਆਂ ਵਾਲੇ ਫੁੰਕਾਰੇ ਮਾਰ ਰਿਹਾ ਹੈ ਤਾਂ ਉਥੇ ਵੀ ਜੇ ਕੱਤਾਰਾਂ `ਚ ਸ੍ਰਧਾਲੂ ਖੜੇ ਹਨ ਤਾਂ ਉਹ ਵੀ ਬਹੁਤੇ ਸਿੱਖੀ ਸਰੂਪ `ਚ ਹੀ।

ਸ਼ਰਾਬ ਦਾ ‘ਪ੍ਰਸ਼ਾਦ’ ਪ੍ਰਵਾਣ ਕਰਨ ਤੇ ਵੰਡਣ ਵਾਲੇ ਵੀ ਅੱਜ ਇਸੇ ਗੁਰੂ ਦੀ ਨਗਰੀ ਪੰਜਾਬ `ਚ ਸੰਗਤਾਂ ਦੇ ਜੀਵਨ ਨਾਲ ਖੇਡ ਰਹੇ ਹਨ। ਗੁਰੂਡੰਮਾਂ ਦੇ ਸੰਚਾਲਕ ਰਾਧਾਸੁਆਮੀਆਂ, ਝੂਠੇ ਸੋਦੇ, ਨਿਰੰਕਾਰੀਆਂ, ‘ਦਾਸ ਧਰਮ’ ਵਾਲਿਆਂ ਦੇ ਨੇੜੇ ਹੋ ਕੇ ਦੇਖੋ, ਉਥੇ ਵੀ ਬਹੁਤੇ ਉਹ ਹਨ ਜਿਹੜੇ ਕੱਲ ਤੀਕ ਸਿੱਖ ਪ੍ਰਵਾਰਾਂ ਨਾਲ ਸੰਬੰਧਤ ਸਨ। ਜੇ ਗੋਲ ਪੱਗਾਂ ਵਾਲੇ ਅਖਉਤੀ ‘ਸੰਤ, ਬਾਬੇ, ਸਾਧਾਂ, ਮਹਾਪੁਰਸ਼ਾਂ’ ਦੀਆਂ ਡਾਰਾਂ ਲੱਗੀਆਂ ਹਨ ਤਾਂ ਉਹ ਵੀ ਇਸੇ ਪੰਜਾਬ `ਚ; ਨੇੜੇ ਜਾਵੋ ਤਾਂ ਉਥੇ ਵੀ ਸਾਰੀ ਗੱਲ ਸਮਝ `ਚ ਆਉਂਦੇ ਦੇਰ ਨਹੀਂ ਲਗੇਗੀ ਕਿ ਆਖ਼ਿਰ ਇਸ ਸਾਰੇ ਦਾ ਜ਼ਿੰਮੇਵਾਰ ਕੌਣ?

ਬਲਕਿ ਇਨ੍ਹਾਂ ਸਾਰਿਆਂ ਡੇਰਿਆਂ-ਗੁਰੂ ਡੰਮਾਂ ਆਦਿ `ਤੇ ਅੱਜ ਵੀ ਪੂਰਨ ਸਿੱਖੀ ਸਰੂਪ `ਚ ਜਾਣ ਵਾਲਿਆਂ `ਚੋਂ ਅਜੇ ਵੀ ਬਹੁਤੇ ਮੱਤ-ਗਨਣਾਂ ਸਮੇਂ ਆਪਣੇ ਆਪ ਨੂੰ ਸਿੱਖ ਹੀ ਲਿਖਵਾ ਰਹੇ ਹਨ, ਜਦਕਿ ਉਨ੍ਹਾਂ `ਚੋ ਬਹੁਤਿਆਂ ਦਾ ਸਿੱਖੀ ਜੀਵਨ ਤੇ ਰਹਿਣੀ ਨਾਲੋਂ ਪੂਰੀ ਤਰ੍ਹਾਂ ਰਿਸ਼ਤਾ ਖ਼ਤਮ ਹੋ ਚੁੱਕਾ ਹੋਇਆ ਹੈ। ਤਾਂ ਵੀ ਕੁਲ ਮਿਲਾ ਕੇ ਇਹ ਕੇਵਲ ਕੁੱਝ ਇਸ਼ਾਰੇ ਹੀ ਹਨ, ਸਾਰੀ ਵਾਰਤਾ ਨਹੀਂ, ਕਿਉਂਕਿ ਵਿਸ਼ੇ ਸੰਬੰਧੀ ਗਹਿਰਾਈ `ਚ ਜਾਣ ਨਾਲ ਤਾਂ ਹੋਰ ਵੀ ਲੂੰ-ਕੰਡੇ ਖੜੇ ਹੋ ਜਾਣਗੇ।

ਫ਼ਿਰ ਇਹ ਸਭ ਬਹੁਤਾਂ ਕਰਕੇ ਉਨ੍ਹਾਂ ਲੋਕਾਂ ਕਾਰਣ ਹੀ ਹੋ ਰਿਹਾ ਹੈ ਜੋ "ਗੁਰੂ-ਗੁਰਬਾਣੀ" ਦੇ ਸਿੱਖ ਤਾਂ ਹਨ ਫ਼ਿਰ ਵੀ ਉਹ ਸਤਿਗੁਰਾਂ ਦੀ ਬਖ਼ਸੀ ਹੋਈ "ਸਿੰਘ ਤੇ ਕੌਰ" ਵਾਲੇ ਸਾਂਝੇ ਪ੍ਰਵਾਰ ਵਾਲੀ ਆਪਣੀ ਵਸੀਅਤ ਨੂੰ ਭੁਲਾਅ ਕੇ ਜਾਂ ਉਸ ਨੂੰ ਦੂਜੇ ਨੰਬਰ `ਤੇ ਰਖ ਕੇ--ਆਪਣੇ ਆਪ ਨੂੰ ਅਖਵਾਉਂਦੇ ਹਨ ਬੇਦੀ, ਸੋਢੀ, ਮੋਂਗੇ, ਜੁਨੇਜੇ, ਭੰਡਾਰੀ, ਖਰਬੰਦੇ, ਭਾਟੀਏ, ਅਰੋਰੇ, ਖੱਤ੍ਰੀ ਤੇ ਪਤਾ ਨਹੀਂ ਕੀ ਕੀ?

ਇਸ ਤਰ੍ਹਾਂ ਮੂਲ ਰੂਪ `ਚ ਉਹ ਆਪਣੇ ਆਪ `ਤੇ ਗੁਰੂ-ਗੁਰਬਾਣੀ ਦਾ ਸਿੱਖ ਹੋਣ ਦੀ ਬਜਾਏ ਮਨੂਵਾਦੀ ਜਾਤ-ਪਾਤ ਤੇ ਵੰਸ਼-ਕੁਲ ਵਾਦ ਦੀ ਗਹਿਰੀ ਦਲ-ਦਲ `ਚ ਧੱਸੇ ਹੋਏ ਹਨ। ਉਪ੍ਰੰਤ ਇਸੇ ਤੋਂ ਅਪਣੇ ਅਮਲਾਂ ਕਰਕੇ ਉਹ ਆਪਣੇ ਆਪ ਨੂੰ "ਗੁਰੂ ਦੇ ਸਿੱਖ" ਘੱਟ ਜਦਕਿ ਸਿੱਖ ਹੋਣ ਦੇ ਨਾਲ-ਨਾਲ ਉਹ ਆਪਣੇ ਆਪ ਨੁੰ ਉੱਚੀਆਂ ਜਾਤਾਂ ਵਾਲੇ ਵੱਧ ਮੰਣਦੇ ਹਨ।

ਇਸ ਤੋਂ ਉਨ੍ਹਾਂ ਰਾਹੀਂ ਜਿਸ ਸਿੱਖ ਪਨੀਰੀ ਨੂੰ ਉਨ੍ਹਾਂ ਰਾਹੀਂ ਪਾਖੰਡੀ ਡੇਰਿਆਂ ਆਦਿ ਵੱਲ ਧੱਕਿਆ ਜਾ ਰਿਹਾ ਹੈ, ਉਨ੍ਹਾਂ ਦੇ ਮਨ ਅੰਦਰ ਆਪਣੇ ਆਪ ਨੂੰ ਉੱਚੀਆਂ ਕੁਲਾਂ, ਵੰਸ਼ਾਂ ਤੇ ਜਾਤਾਂ ਆਦਿ ਵਾਲੇ ਹੋਣ ਦਾ ਗ਼ੁਮਾਨ ਹੈ ਅਤੇ ਜਿਨ੍ਹਾਂ ਨੂੰ ਧੱਕਿਆ ਜਾ ਰਿਹਾ ਹੈ, ਉਨ੍ਹਾ ਦੇ ਮਨਾਂ ਅੰਦਰ ਉਨ੍ਹਾਂ ਲਈ ਪੱਛੜੀਆਂ ਸ਼ਰੇਣੀਆਂ ਵਾਲੇ ਹੋਣ ਵਾਲੀ ਤ੍ਰਿਸਕਾਰ ਭਰਪੂਰ ਹੀਨ ਭਾਵਨਾ ਭਰੀ ਪਈ ਹੈ। ਬਲਕਿ ਉਨ੍ਹਾਂ ਵਿਚਾਰਿਆਂ ਨੂੰ ਹਰ ਪੱਖੋਂ ਮਹਿਸੂਸ ਵੀ ਇਹੀ ਕਰਾਇਆਂ ਜਾ ਰਿਹਾ ਹੈ ਅਤੇ ਇਹੀ ਹੈ ਮੁੱਖ ਕਾਰਣ ਉਨ੍ਹਾਂ ਦੇ ਗੁਰੂ ਦੀ ਸਿੱਖੀ ਤੋਂ ਇਧਰ-ਓਧਰ ਭਟਕਣ ਤੇ ਦੂਰ ਜਾਣ ਦਾ।

ਕਮਾਲ ਤਾਂ ਇਹ ਹੈ ਜਿਸ ਗੁਰੂ ਦਰ `ਤੇ ਉਨ੍ਹਾਂ ਨੂੰ ਗਲਵੱਕੜੀਆਂ `ਚ ਲੈ ਕੇ ਬਰਾਬਰ ਦਾ ਸਤਿਕਾਰ ਮਿਲਨਾ ਚਾਹੀਦਾ ਸੀ ਉਥੇ ਉਨ੍ਹਾਂ ਨੂੰ ਮਿਲ ਰਿਹਾ ਹੈ ਭਰਵਾਂ ਤ੍ਰਿਸਕਾਰ ਤੇ ਹੀਣ ਭਾਵਨਾ ਆਦਿ; ਜਦਕਿ ਓਧਰ ਹਰ ਪਾਸੇ ਉਨ੍ਹਾਂ ਨੂੰ ਹੀ ਮਿਲਦਾ ਹੈ ਆਪਣਾ-ਪਣ ਤੇ ਭਰਵੀਂ ਹਮਦਰਦੀ।

ਇਸ ਤਰ੍ਹਾਂ "ਗੁਰੂ ਨਾਨਕ ਪਾਤਸ਼ਾਹ" ਤੇ "ਗੁਰਬਾਣੀ-ਗੁਰੂ" ਦਾ ਦਰ ਕੀ ਤੇ ਅਜਿਹੀ ਆਪਣੇ ਆਪ ਨੂੰ ਉੱਚ ਜਾਤੀ ਵਾਲੇ ਸਮਝਣ ਵਾਲਿਆਂ ਦੀ ਵੰਸ਼ ਵਾਦੀ, ਕੁਲ ਵਾਦੀ, ਮਨੂਵਾਦੀ ਆਦਿ ਵਾਲੀ ਸੋਚ ਕੀ ਅਤੇ ਨਾਲ-ਨਾਲ ਉਨ੍ਹਾਂ ਰਾਹੀਂ ਦੂਜਿਆਂ ਨੂੰ ਪੱਛੜੀਆਂ ਸ਼੍ਰੇਣੀਆਂ ਵਾਲੇ ਮੰਨ ਕੇ ਚਲਣਾ ਕੀ?

ਫ਼ਿਰ ਇਥੇ ਹੀ ਬੱਸ ਨਹੀਂ, ਅੱਜ ਪੰਜਾਬ ਦੀ ਧਰਤੀ `ਤੇ ਅਤੇ ਉਹ ਵੀ ਸਿੱਖੀ ਸਰੂਪ `ਚ ਅਜਿਹੀ ਵਿੱਤਕਰਾ ਭਰਪੂਰ ਤੇ ਨੀਚ ਸੋਚ ਤੇ ਕਰਣੀ ਵਾਲੇ ਡੇਰੇ ਵੀ ਹਨ ਜਿੱਥੇ ਉਨ੍ਹਾਂ ਰਾਹੀਂ "ਗੁਰੂ ਕੇ ਲੰਗਰਾਂ `ਚ ਵੀ ਇਨ੍ਹਾਂ ਅਖਉਤੀ ਪੱਛੜੀਆਂ ਜਾਤੀਆਂ ਲਈ ਕੇਵਲ ਪੰਕਤਾਂ ਹੀ ਵੱਖ ਨਹੀਂ ਹਨ ਬਲਕਿ ਉਨ੍ਹਾਂ ਲਈ ਬਰਤਨ ਵੀ ਵੱਖਰੇ ਹਨ। ਹੋਰ ਤਾਂ ਹੋਰ ਗੁਰੂ ਸਾਹਿਬਾਨ ਦੀ ਅਤੇ ਸਿੱਖ ਧਰਮ ਦੀ ਇਸੇ ਜਨਮ-ਭੂਮੀ ਚ ਜਿਨ੍ਹਾਂ ਗੁਰੂ ਕੇ ਲਾਡਲੇ ਸਿੱਖਾਂ ਨੂੰ ਮਜ਼੍ਹਬੀਆਂ, ਰਵੀਦਾਸੀਆਂ ਆਦਿ ਦੇ ਲੇਬਲ ਲਗਾਏ ਹੋਏ ਹਨ ਅੱਜ ਉਨ੍ਹਾਂ ਦੇ ਗੁਰਦੁਆਰੇ ਤਾਂ ਕੀ, ਸ਼ਮਸ਼ਾਨ ਘਾਟ ਵੀ ਵੱਖਰੇ ਹਨ।

ਤਾਂ ਫ਼ਿਰ ਗੁਰਬਾਣੀ-ਗੁਰੂ ਅਤੇ ਗੁਰੂ ਸਾਹਿਬਾਨ ਦੇ ਨਾਂ `ਤੇ ਹੀ, ਗੁਰਬਾਣੀ-ਗੁਰੂ ਅਤੇ ਗੁਰੂ ਸਾਹਿਬ ਦੀ ਮੂਲ ਵਿਚਾਰਧਾਰਾ ਦੇ ਉਲਟ ਇਸ ਵਿੱਤਕਰੇ ਭਰਪੂਰ ਸਮੂਚੇ ਪਰ ਅਖਉਤੀ ਗੁਰਮੱਤ ਪ੍ਰਚਾਰ `ਚੋਂ, ਗੁਰੂ ਪਾਤਸ਼ਾਹ ਤੇ ਗੁਰਬਾਣੀ ਦੀ ਕਿਹੜੀ ਸਿੱਖੀ ਦੇ ਵੱਧਣ-ਫ਼ੁਲਣ ਤੇ ਪਣਪਣ ਦੀ ਉਮੀਦ ਲਾਈ ਬੈਠੇ ਹਾਂ। ਸਭ ਤੋਂ ਪਹਿਲਾਂ ਲੋੜ ਹੈ ਸਾਨੂੰ ਆਪਣੇ ਪੀੜੇ ਹੇਠਾਂ ਸੋਟਾ ਫ਼ੇਰਣ ਦੀ।

ਆਖ਼ਿਰ ਅਜੋਕਾ ਸਿੱਖ ਮਾਨਸ ਖੜਾ ਕਿੱਥੇ ਹੈ? -ਜਿਨ੍ਹਾਂ ਮੂਲ ਲੋੜਾਂ ਤੇ ਸਾਂਝੀਆਂ ਕੜੀਆਂ ਦੀ ਹਰੇਕ ਮਨੁੱਖ ਨਾਲ ਸਾਂਝ ਦੀ ਕੁੱਦਰਤੀ ਲੋੜ ਹੁੰਦੀ ਹੈ ਦਰਅਸਲ ਉਸੇ ਹੀ ਵਾਧੇ ਨੇ ਅੱਜ ਸੰਸਾਰ ਤਲ `ਤੇ ਇਸਾਈ ਮੱਤ ਦੇ ਘੇਰੇ ਨੂੰ ਇਨਾਂ ਵਿਸ਼ਾਲ ਕਰ ਦਿੱਤਾ ਹੈ ਕਿ ਅੱਜ ਇਸਾਈ ਮੱਤ ਲਗਭਗ ਅੱਧੀ ਤੋਂ ਵਧ ਦੁਨੀਆ `ਤੇ ਛਾ ਚੁੱਕਾ ਹੈ। ਉਪ੍ਰੰਤ ਉਨ੍ਹਾਂ ਦਾ ਇਹ ਵਾਧਾ, ਹਰ ਸਮੇਂ ਅਤੇ ਹਰ ਪਲ ਹੋ ਵੀ ਰਿਹਾ ਹੈ।

ਬੱਸ ਉਨ੍ਹਾਂ `ਚ ਇਹੀ ਵੱਡਾ ਗੁਣ ਹੈ ਕਿ ਜਿੱਥੇ ਕੋਈ ਜ਼ਰੂਰਤ ਮੰਦ ਇਲਾਕਾ ਜਾਂ ਮਨੁੱਖ ਦੇਖਿਆ ਤਾਂ ਇਕਦੰਮ ਉਸ ਦੀ ਮਦਦ ਨੂੰ ਟੁਰ ਪਏ ਤੇ ਮਦਦ ਵੀ ਕਰ ਦਿੱਤੀ। ਜਦਕਿ ਉਨ੍ਹਾਂ ਉਸ ਮਨੁੱਖ ਤੋਂ ਜਾਂ ਉਨ੍ਹਾਂ ਲੋਕਾਂ ਤੋਂ ਕੇਵਲ ਇਹੀ ਵਾਇਦਾ ਲੈਣਾ ਹੁੰਦਾ ਹੈ ਕਿ ਉਹ ਸੱਜਨ ਜਾਂ ਅਮੁੱਕਾ ਇਲਾਕਾ ਅਥਵਾ ਸਮਾਜ ਇਸਾਈ ਪ੍ਰਵਾਰ ਤੇ ਇਸਾਈ ਧਰਮ `ਚ ਸ਼ਾਮਿਲ ਹੋ ਜਾਵੇਗਾ।

ਅੱਜ ਉਨ੍ਹਾਂ ਨੁੰ ਸੰਸਾਰ ਤਲ `ਤੇ ਕੋਈ ਵੀ ਮਨੁੱਖ ਕਿਸੇ ਉਲਟੇ ਹਾਲਾਤ `ਚ ਫ਼ਸਿਆ ਮਿਲ ਜਾਵੇ ਤਾਂ ਉਹ ਉਸ ਨਾਲ ਇਤਨੀ ਵੱਧ ਹਮਦਰਦੀ ਨਾਲ ਪੇਸ਼ ਆਉਂਦੇ ਹਨ ਜਿਵੇਂ ਕਿ ਸੰਬੰਧਤ ਮਨੁੱਖ ਉਨ੍ਹਾਂ ਦਾ ਆਪਣਾ ਹੀ ਕੋਈ ਸਗਾ-ਸਬੰਧੀ ਤੇ ਮਿਤ੍ਰ ਹੈ ਅਤੇ ਇਸੇ ਤਰ੍ਹਾਂ ਇਸ ਪੱਖੋਂ ਹੋਰ ਬਹੁਤ ਕੁਝ।

ਇਸੇ ਤਰ੍ਹਾਂ ਉਨ੍ਹਾਂ ਦਾ ਹਰੇਕ ਕਿੱਤਾ ਚਾਹੇ ਰਾਜਸੀ ਹੋਵੇ ਜਾਂ ਸਾਧਾਰਣ ਤਲ ਦਾ, ਇੰਡਸਟਰੀ ਚਲਾ ਰਹੇ ਹੋਣ ਜਾਂ ਹਸਪਤਾਲ; ਉਥੇ ਉਨ੍ਹਾਂ ਦੇ, ਇਸ ਪੱਖੋਂ ਉਚੇਚੀ ਵਿਦਿਆ ਪ੍ਰਾਪਤ (Well traind) ਅਜਿਹੇ ਮਿਠਬੋਲੜੇ ਸਜਨ, ਦੂਜਿਆਂ ਲਈ ਹਮਦਰਦੀ ਨਾਲ ਭਰੇ ਹੋਏ ਤੇ ਆਪਣੇ ਪਣ ਦੇ ਵਤੀਰੇ ਆਦਿ ਵਾਲੇ ਲੋਕਾਂ (staff) ਨੂੰ ਸਹਿਜੇ ਹੀ ਦੇਖਿਆ ਤੇ ਮਿਲਿਆ ਜਾ ਸਕਦਾ ਹੈ। ਉਹ ਲੋਕ ਹਰੇਕ ਬੀਮਾਰ ਤੇ ਪੀੜਤ ਦੇ ਮਨ `ਚ ਵੀ ਇਸਾਈ ਮੱਤ ਪ੍ਰਤੀ ਇਤਨੀ ਵੱਧ ਠੰਡਕ ਪੈਦਾ ਕਰ ਦਿੰਦੇ ਹਨ ਕਿ ਆਮ ਮਨੁੱਖ ਵੀ ਤਨੋ-ਮਨੋ ਇਸਾਈ ਮੱਤ ਦਾ ਪ੍ਰਸ਼ੰਸਕ ਬਣ ਜਾਂਦਾ ਹੈ।

ਜਦਕਿ ਇਧਰ ਗੁਰੂ ਦਰ `ਤੇ ਕਿਸੇ ਲੋੜਵੰਦ ਲਈ ਇਹ ਪਾਬੰਦੀ ਤੇ ਵਿਸ਼ਾ ਵੀ ਲਾਗੂ ਨਹੀਂ ਹੁੰਦਾ ਕਿ ਉਹ ਜਿਸ ਦੀ ਮਦਦ ਜਾਂ ਜਿਸ ਨਾਲ ਹਮਦਰਦੀ ਕਰ ਰਹੇ ਹਨ। ਉਸ ਤੋਂ ਬਾਅਦ ਉਹ ਸਿੱਖ ਧਰਮ `ਚ ਵੀ ਜ਼ਰੂਰ ਆਵੇ ਜਾਂ ਉਹ ਲੋਕ ਗੁਰਬਾਣੀ-ਗੁਰੂ ਦੀ ਸਿੱਖੀ ਨੂੰ ਅਪਨਾਉਣ। ਤਾਂ ਵੀ ਵੱਡਾ ਫ਼ਰਕ ਹੈ ਤਾਂ ਇਹ ਕਿ ਇਨ੍ਹਾਂ ਇਲਾਹੀ ਗੁਣਾਂ ਦਾ ਧੁਰਾ, ਸਿੱਖ ਧਰਮ--ਅੱਜ ਆਪਣੇ ਇਸ ਮੂਲ ਧੁਰੇ ਤੋਂ ਹੀ ਟੁੱਟਾ ਪਿਆ ਹੈ, ੁਨ੍ਹਾਂ ਗੁਣਾਂ ਨੂੰ ਜਿਨ੍ਹਾਂ ਨੂੰ ਦੂਜਿਆਂ ਨੇ ਵੀ ਅਪਣਾ ਲਿਆ ਹੈ।

ਇਤਨਾ ਹੀ ਨਹੀਂ ਅਜੋਕੇ ਇਸਾਈ ਮੱਤ ਵਿੱਚਲੀ ਸਾਧਾਰਨ ਤੇ ਲੋੜਵੰਦ ਲੋਕਾਈ ਪ੍ਰਤੀ ਉਨ੍ਹਾਂ ਗੁਣਾਂ ਨੂੰ ਰਾਧਾ ਸੁਆਮੀਆਂ, ਨਿਰੰਕਾਰੀਆਂ, ਸੌਦਾ ਸਾਧ, ਨੂਰਮਹਲੀਆਂ, ਭਨਿਆਰਿਆ ਆਦਿ ਭਾਵ ਕਿਸੇ ਵੀ ਅਜਿਹੇ ਗੁਰੂਡੰਮ ਦੇ ਅਦਾਰੇ `ਚ ਜਾ ਕੇ ਵੀ, ਸਹਿਜੇ ਹੀ ਘੋਖਿਆ ਤੇ ਪਹਿਚਾਣਿਆ ਤੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਦੇ ਉਨ੍ਹਾਂ ਸ਼੍ਰਧਾਲੂਆਂ ਦੀਆਂ ਭੀੜਾ `ਚ ਪੁੱਜਣ ਤੇ ਉਨ੍ਹਾਂ ਡੇਰਿਆਂ-ਗੁਰੂ ਡੰਮਾਂ ਆਦਿ ਦੀ ਗਿਣਤੀ ਤੇ ਤਾਕਤ ਨੂੰ ਵਧਉਣ ਵਾਲੇ ਬਹੁਤਾ ਕਰਕੇ ਮੂਲ ਰੂਪ `ਚ ਸਿੱਖ ਪ੍ਰਵਾਰਾਂ `ਚੋਂ ਦੂਰ ਜਾ ਰਹੇ ਅਤੇ ਧੜਾ-ਧੜ ਕੁਰਾਹੇ ਪੈ ਰਹੇ ਮੁਲੋਂ ਸਿੱਖ ਪ੍ਰਵਾਰ ਹੀ ਹਨ।

ਤਾਂ ਵੀ ਸੱਚ ਇਹੀ ਹੈ- ਇਸ ਪੱਖੋਂ ਬੇਸ਼ੱਕ ਅਜੋਕੇ ਇਸਾਈ ਮਿਸ਼ਨਰੀ ਹਨ ਜਾਂ ਗੁਰੂ-ਡੰਮ। ਉਨ੍ਹਾਂ ਵਿੱਚਕਾਰ ਨਿੱਤ ਦੇ ਵਾਧੇ ਦਾ ਮੂਲ, ਉਨ੍ਹਾਂ ਪਾਸ "ਗੁਰੂ ਨਾਨਕ ਦਰ" ਤੇ "ਗੁਰਬਾਣੀ-ਗੁਰੂ" ਦੀ ਵਿਚਾਰਧਾਰਾ ਰਾਹੀਂ ਮਨੁੱਖ ਮਾਤ੍ਰ ਲਈ ਸੰਭਾਲੀਆਂ ਹੋਈਆਂ ਸਾਂਝੀਆਂ ਕੜੀਆਂ ਹੀ ਹਨ।

ਉਪ੍ਰੋਕਤ ਸਮੂਹ ਸੰਗਠਨਾਂ ਅੰਦਰ ਜਿਹੜਾ ਇਤਨਾ ਵੱਡਾ ਅਨੁਸ਼ਾਸਨ, ਮਿਠਬੋਲੜਾ ਸੁਭਾਅ ਆਦਿ ਇਲਾਹੀ ਗੁਣ ਪਣਪ ਰਹੇ ਹਨ ਕਿ ਮਨੁੱਖ ਚਾਹੇ ਕੋਈ ਵੀ ਹੋਵੇ ਜਦੋਂ ਉਨ੍ਹਾਂ ਸੰਗਠਨਾ ਵਿਚਾਲੇ ਉਨ੍ਹਾਂ ਦਾ ਗੁਰ-ਭਾਈ ਬਣ ਕੇ ਉਭਰਦਾ ਜਾਂ ਜਾਂਦਾ ਹੈ ਤਾਂ ਉਹ ਲੋਕ, ਉਸ ਦੀ ਅੱਗੇ ਵੱਧ ਕੇ ਇਸ ਤਰ੍ਹਾਂ ਮਦਦ ਕਰਦੇ ਹਨ ਜਿਵੇਂ ਕਿ ਉਹ ਸਚਮੁਚ ਉਨ੍ਹਾਂ ਦਾ ਕੋਈ ਆਪਣਾ ਹੀ ਹੋਵੇ।

ਇਸੇ ਤੋਂ ਅਜੋਕੇ ਇਸਾਈ ਮੱਤ ਜਾਂ ਉਨ੍ਹਾਂ ਸੰਗਠਨਾ ਅੰਦਰ ਕੋਈ ਦੱਬਿਆ, ਕੁਚਲਿਆ ਜਾਂ ਮਜਬ੍ਰੂਰ ਇਨਸਾਨ ਨਹੀਂ ਮਿਲਦਾ ਜਿਹੜਾ ਰੋਟੀ, ਕਪੜਾ ਤੇ ਮਕਾਨ ਭਾਵ ਮਨੁੱਖਾ ਜੀਵਨ ਦੀਆਂ ਮੂਲ ਲੋੜਾਂ ਤੋਂ ਹੀ ਥੁੜਿਆ ਹੋਇਆ ਹੋਵੇ।

ਤਾਂ ਵੀ ਸੱਚ ਇਹੀ ਹੈ ਕਿ ਅਜਿਹੇ ਮਾਨਵ-ਵਾਦੀ ਗੁਣਾਂ ਦੀ ਜੜ੍ਹ ਤੇ ਇਨ੍ਹਾਂ ਦਾ ਸ੍ਰੌਤ ਕੇਵਲ ਤੇ ਕੇਵਲ "ਗੁਰੂ ਦਰ ਹੀ ਹੈ ਅਤੇ ਇਨ੍ਹਾਂ ਦਾ ਅਰੰਭ ਗੁਰਬਾਣੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਰਾਹੀਂ ਹੀ ਹੋਇਆ ਸੀ ਅਤੇ ਕਿਧਰੋਂ ਵੀ ਬਾਹਰੋਂ ਜਾਂ ਕਿਸੇ ਹੋਰ ਪਾਸਿਓਂ ਨਹੀਂ। ਤਾਂ ਵੀ ਦੇਖਣਾ ਇਹ ਹੈ ਇਸ ਪੱਖੋਂ ਅਜੋਕਾ ਸਿੱਖ ਬਲਕਿ ਸਮੂਚੇ ਤੌਰ `ਤੇ ਸਿੱਖ ਪੰਥ ਕਿੱਥੇ ਖੜਾ ਹੈ?

ਹਾਲਾਂਕਿ ਮਨੁੱਖ-ਮਨੁੱਖ ਵਿੱਚਕਾਰ ਅਜਿਹੇ ਸਾਰੇ ਇਨਸਾਨੀ ਗੁਣਾਂ ਤੇ ਇਨ੍ਹਾਂ ਸਾਂਝੀਆਂ ਕੜੀਆਂ ਦੇ ਸ੍ਰੋਤ ਹਨ ਕੇਵਲ ਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"। ਉਹ ਗੁਰੂ, ਜਿਸ "ਗੁਰੂ-ਗੁਰਬਾਣੀ" ਦੇ ਦਾਅਵੇਦਾਰੇ, ਅੱਜ ਅਸੀਂ ਗੁਰਬਾਣੀ ਦੇ ਇਸ ਮੂਲ ਪੱਖ "ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ" (ਪੰ: ੧੧੮੫) ਆਦਿ ਇਲਾਹੀ ਆਦੇਸ਼ਾਂ ਨੂੰ ਹੀ ਪੂਰੀ ਤਰ੍ਹਾਂ ਵਿਸਾਰੀ ਬੈਠੇ ਹਾਂ।

ਫ਼ਿਰ ਚਾਹੇ ਅਜੋਕੇ ਸਿੱਖ ਧਰਮ ਵਿੱਚਲੇ ਗੁਰਦੁਆਰਾ ਪ੍ਰਬੰਧਕ ਹਨ, ਪੰਥਕ ਅਤੇ ਰਾਜਸੀ ਆਗੂ, ਰਾਗੀ, ਢਾਡੀ, ਕਥਾਵਾਚਕ, ਗ੍ਰੰਥੀ ਸਾਹਿਬਾਨ, ਸੇਵਾਦਾਰ ਉਪ੍ਰੰਤ ਕੌਮ ਦੇ ਲਿਖਾਰੀ ਤੇ ਭਾਵੇਂ ਬਾਕੀ ਸਮੂਚੀ ਸਿੱਖ ਵੱਸੋਂ। ਇਸ ਵੱਕਤ ਸਿੱਖਾਂ ਵਿੱਚਕਾਰ ਆਪਣੇ ਇਨ੍ਹਾਂ ਮੂਲ ਅਤੇ ਗੁਰਬਾਣੀ ਰਾਹੀਂ ਪ੍ਰਗਟ ਇਲਾਹੀ ਗੁਣਾਂ ਤੋਂ ਦੂਰ, ਆਪਸੀ ਟੋਕਾ-ਟਾਕੀ ਅਤੇ ਇੱਕ ਦੂਜੇ ਦੀ ਟੰਗ ਕਿੱਚੀ ਦਾ ਹੀ ਬੋਲਬਾਲਾ ਹੈ।

ਇਸ ਤਰ੍ਹਾਂ ਅਜੋਕਾ ਗੁਰੂ ਕਾ ਸਿੱਖ, ਬਹੁਤਾ ਕਰਕੇ ਗੁਰਬਾਣੀ ਦੀ ਛਤਰ ਛਾਇਆ ਹੇਠ ਅਪਣੇ ਸੰਗਤੀ ਧਰਮ ਵਾਲੀ ਵਿਰਾਸਤ ਤੋਂ ਕੋਹਾਂ ਦੂਰ ਹੋਇਆ ਪਿਆ ਹੈ ਅਤੇ ਇਹੀ ਹੈ ਮੌਜੂਦਾ ਸਿੱਖ ਧਰਮ ਵਿੱਚਲੇ ਨਿਘਾਰ ਦਾ ਬਹੁਤ ਵੱਡਾ ਕਾਰਨ। (ਚਲਦਾ) #234P-XXXXI,-02.17-0217#P41v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXXI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਇਕਤਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.