.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚਾਲੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(੬-ਘ) "ਮੰਨੈ ਧਰਮ ਸੇਤੀ ਸਨਬੰਧੁ" -ਚਲਦੇ ਵਿਸ਼ੇ ਨੂੰ ਜੇ ਹੌਰ ਖੁੱਲੇ ਲਫ਼ਜ਼ਾਂ `ਚ ਬਿਆਣ ਤੇ ਸਪਸ਼ਟ ਕਰਣਾ ਹੋਵੇ ਤਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਬਿਨਾ ਵਿੱਤਕਰਾ ਰੰਗ-ਨਸਲ-ਧਰਮ, ਦੇਸ਼-ਵਿਦੇਸ਼, ਇਸਤ੍ਰੀ-ਪੁਰਖ, ਬੱਚਾ-ਬਿਰਧ, ਊਚ-ਨੀਚ, ਜਾਤ-ਵਰਣ ਸੰਸਾਰ ਤਲ ਦੇ ਕਿਸੇ ਵੀ ਮਨੁੱਖ ਨੂੰ "ਗੁਰਬਾਣੀ-ਗੁਰੂ" ਦਾ "ਸਿੱਖ" ਉਦੋਂ ਹੀ ਪ੍ਰਵਾਣ ਕੀਤਾ ਗਿਆ ਹੈ, ਜਦੋਂ ਉਸ ਕੋਲ ਬਾਹਰੌਂ ਕੇਵਲ ਸਰੂਪ ਕਰਕੇ ਹੀ ਨਹੀਂ ਬਲਕਿ ਸਰੂਪ ਦੇ ਨਾਲ ਨਾਲ ਸੁਭਾਅ ਭਾਵ ਸੀਰਤ ਕਰਕੇ ਗੁਰਬਾਣੀ ਸਿੱਖਿਆ ਅਧਾਰਤ ਉਸ ਦੀ ਜੀਵਨ ਰਹਿਣੀ ਵੀ ਹੋਵੇ।

ਗੁਰਬਾਣੀ ਫ਼ੁਰਮਾਨ "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ" (ਪੰ: ੪੬੫) ਰਾਹੀਂ ਵੀ ਇਹੀ ਸਪਸ਼ਟ ਕੀਤਾ ਹੋਇਆ ਹੈ ਕਿ ਬਿਨਾ ਵਿੱਤਕਰਾ ਸੰਸਾਰ ਤਲ ਦਾ ਕੌਈ ਵੀ ਮਨੁੱਖ ਜਿਉਂ-ਜਿਉਂ, ਸੰਸਾਰ ਤਲ ਦੇ ਸਮੂਚੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੋਂ ਨਿਯਤ ਆਪਣੇ ਇਕੋਇਕ ਇਲਾਹੀ ਤੇ ਸੱਚਧਰਮ ਦੇ ਨੇੜੇ ਆਉਂਦਾ ਜਾਂਦਾ ਹੈ ਤਾਂ ਉਸ ਦੇ ਸੁਭਾਅ ਵਿੱਚਲੀ ਕੁਰੂਪਤਾ, ਅਗਿਆਨਤਾ, ਆਪਹੁੱਦਰਾਪਣ, ਮਨਮੁਖਤਾ, ਕਤਲੋਗ਼ਾਰਤ ਆਦਿ ਅਉਗੁਣ ਵੀ ਆਪਣੇ ਆਪ ਨਾਸ ਹੁੰਦੇ ਜਾਂਦੇ ਹਨ। ਅਜਿਹਾ ਇਨਸਾਨ, ਗੁਰਬਾਣੀ ਫ਼ੁਰਮਾਨ "ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ" (ਬਾਣੀ ਜਪੁ) ਅਨੁਸਾਰ ਆਤਮਕ ਤਲ `ਤੇ ਬਹੁਤ ਉੱਚਾ ਉਠ ਪੈਂਦਾ ਹੈ ਅਤੇ ਉਹ ਨਿਜ-ਮੱਤ ਤੋਂ ਘੜੇ ਤੇ ਪ੍ਰਚਲਤ ਕੀਤੇ ਹੋਏ, ਸੰਸਾਰਕ ਧਰਮਾਂ ਦੇ ਪਿਛੇ ਨਹੀਂ ਟੁਰਦਾ।

ਭਾਵ ਉਹ ਮਨੁੱਖ "ਮੰਨੈ ਮਗੁ ਨ ਚਲੈ ਪੰਥੁ" ਸੰਸਾਰਕ ਧਰਮਾਂ, ਮਜ਼ਹਬਾਂ ਤੇ ਰਸਤਿਆਂ ਪਿਛੇ ਨਹੀਂ ਟੁਰਦਾ "ਮੰਨੈ ਧਰਮ ਸੇਤੀ ਸਨਬੰਧੁ" ਅਜਿਹੇ ਮਨੁੱਖ ਦੀ ਜੀਵਨ ਰਹਿਣੀ `ਚ ਆਪਣੇ ਆਪ, ਗੁਰਬਾਣੀ-ਗੁਰੂ ਦੀ ਭੈ-ਭਾਵਨੀ ਉਗਮ ਆਉਂਦੀ ਹੈ। ਉਹ ਮਨ ਕਰਕੇ ਸਮੂਚੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੋਂ ਨਿਯਤ ਇਕੋਇਕ "ਸਚ ਤੇ ਇਲਾਹੀ ਧਰਮ" ਦਾ ਹੀ ਅਨੁਸਾਰੀ ਹੋ ਨਿਬੜਦਾ ਹੈ।

ਬਲਕਿ ਉਸ ਦੀ ਜ਼ਮੀਰ, ਕਿਸੇ ਵੀ ਮਾੜੀ ਕਰਣੀ ਵੱਲੋਂ ਉਸ ਨੂੰ ਰੋਕਾਂ ਪਾਉਣੀਆਂ ਅਰੰਭ ਕਰ ਦਿੰਦੀ ਹੈ। ਸੰਤੋਖ, ਪਰ-ਉਪਕਾਰ, ਉੱਚਾ ਆਚਰਨ, ਦਇਆ-ਸੱਚ ਧਰਮ, ਧੀਰਜ, ਖਿਮਾ, ਆਦਿ ਰੱਬੀ ਤੇ ਇਲਾਹੀ ਗੁਣ ਹੀ, ਉਸ ਦਾ ਜੀਵਨ ਬਣਦੇ ਜਾਂਦੇ ਹਨ। ਇਹ ਉਹੀ ਇਲਾਹੀ ਗੁਣ ਹਨ ਜਿਨ੍ਹਾਂ ਨੂੰ ਅਪਨਾਉਣ ਲਈ, ਪਾਤਸ਼ਾਹ ਨੇ ਆਪਣੇ ਸਮੇਂ ਦੇ ਹਰੇਕ ਧਰਮ ਦੇ ਆਗੂ- ਕਾਜ਼ੀਆਂ-ਮੌਲਾਣਿਆਂ, ਬ੍ਰਾਹਮਣਾਂ, ਜੋਗੀਆਂ ਆਦਿ ਨੂੰ, ਬਲਕਿ ਉਨ੍ਹਾਂ ਦੇ ਵੱਡੇ-ਵੱਡੇ ਇਕੱਠਾ `ਚ ਆਪ ਪੁੱਜ ਕ ਵੀੇ, ਉਨ੍ਹਾਂ ਨੂੰ ਉਸ ਇਕੋਇਕ "ਸੱਚ ਧਰਮ" ਦੇ ਰਾਹੀ ਬਨਣ ਲਈ ਪ੍ਰੇਰਿਆ ਤੇ ਤਾਕੀਦ ਵੀ ਕੀਤੀ।

ਦੂਜੇ ਲਫ਼ਜ਼ਾਂ `ਚ ਗੁਰਬਾਣੀ `ਚ "ਇਕੋਇਕ ਸੱਚ ਧਰਮ’ ਨੂੰ ਹੀ, ਪ੍ਰਭੂ ਵੱਲੋਂ ਸੰਸਾਰ ਤਲ ਦੇ ਹਰੇਕ ਮਨੁੱਖ ਦਾ ਇਕੋਇਕ ‘ਧਰਮ’ ਦੱਸਿਆ ਹੋਇਆ ਹੈ। ਉਪ੍ਰੰਤ ਗੁਰਬਾਣੀ ਆਧਾਰਤ ਉਨ੍ਹਾਂ ਇਲਾਹੀ ਗੁਣਾਂ ਨੂੰ ਅਪਨਾਉਣ ਲਈ ਹੀ, ਪ੍ਰਭੂ ਦੀਆਂ ਅਨੰਤ ਜੂਨਾਂ ਚੋਂ ਮਨੁੱਖਾ ਜੂਨ ਅਥਵਾ ਜਨਮ ਲਈ "ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ" (ਬਾਣੀ ਜਪੁ) ਅਤੇ "ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ" (ਪੰ: ੪੬੮) ਆਦਿ ਗੁਰਬਾਣੀ ਫ਼ੁਰਮਾਨਾਂ `ਚ "ਅੰਮ੍ਰਿਤ ਵੇਲਾ", "ਰੁਤੀ ਹੂ ਰੁਤਿ" (ਵਿਸ਼ੇਸ਼ ਰੁੱਤ) ਆਦਿ ਸ਼ਬਦਾਵਲੀ ਰਾਹੀਂ ਇਸ ਨੂੰ ਪ੍ਰਭੂ ਮਿਲਾਪ ਲਈ ਵਿਸ਼ੇਸ਼ ਸਮਾਂ ਦੱਸਿਆ ਹੋਇਆ ਹੈ।

ਧਰਮਾਂ ਦੀ ਗਿਣਤੀ `ਚ ਵਾਧਾ ਕਰਣ ਲਈ ਨਹੀਂ- ਚਲਦੇ ਪ੍ਰਕਰਣ ਦੀ ਸਮਾਪਤੀ ਵੱਲ ਵੱਧਦੇ ਹੋਏ ਪੱਕਾ ਕਰ ਦੇਵੀਏ ਕਿ ਨਿਰਾ-ਪੁਰਾ ਸੰਸਰਕ ਧਰਮਾਂ ਦੀ ਗਿਣਤੀ `ਚ ਵਾਧਾ ਕਰ ਲੈਣਾ, ਇਹ ਕਿਸੇ ਤਰ੍ਹਾਂ ਅਤੇ ਕਦੇ ਵੀ ਬਹੁਤ ਵੱਡਾ ਕੰਮ ਨਹੀਂ ਹੁੰਦਾ। ਇਹ ਤਾਂ ਅੱਜ ਵੀ ਨਿੱਤ ਨਵੇਂ ਧਰਮ ਪੈਦਾ ਹੋ ਰਹੇ ਹਨ ਤੇ ਪਹਿਲਾਂ ਵੀ ਹੁੰਦੇ ਆਏ ਹਨ। ਇਸ ਤਰ੍ਹਾਂ ਨਿੱਤ ਨਵੇਂ-ਨਵੇਂ ਧਰਮਾਂ ਨੂੰ ਜਨਮ ਦੇਣ ਵਾਲਿਆਂ ਨੂੰ ਤੱਤੀਆਂ ਤਵੀਆਂ ਦੇ ਤਸੀਹੇ ਨਹੀਂ ਝਲਣੇ ਪੈਂਦੇ।

ਬੱਸ-ਮਾੜਾ ਜਿਹਾ ਸ਼ੋਸ਼ਾ ਹੀ ਛੱਡਿਆ ਤੇ ਧਰਮ ਵੀ ਚਾਲੂ ਹੋ ਗਿਆ। ਨਵੇਂ ਨਵੇਂ ਧਰਮ ਚਲਾ ਕੇ, ਨਿੱਤ ਨਵੇਂ ਧਰਮਾਂ ਦੀ ਗਿਣਤੀ `ਚ ਵਾਧੇ ਕਰਣ ਵਾਲੇ ਤਾਂ-ਸੋਨੇ ਦੀਆਂ ਪਾਲਕੀਆਂ `ਚ ਬੈਠਦੇ, ਆਪਣੇ ਆਪ ਨੂੰ ਸਿੱਕਿਆਂ ਨਾਲ ਤੁਲਵਾਂਦੇ, ਗਲਾਂ `ਚ ਹਾਰ ਪੁਆਂਦੇ ਅਤੇ ਆਪਣੇ ਸਤਿਕਾਰ ਲਈ ਬੇਅੰਤ ਆਡੰਬਰ ਕਰਦੇ ਤੇ ਕਰਵਾਉਂਦੇ ਹਨ।

ਦਰਅਸਲ ਮਨੁੱਖ, ਸੱਚ ਧਰਮ ਨੂੰ ਪੂਰੀ ਤਰ੍ਹਾਂ ਵਿਸਾਰ ਹੀ ਚੁੱਕਾ ਹੋਇਆ ਸੀ। ਉਸ ਦੇ ਅੰਦਰਲੇ ਤੇ ਬਾਹਰੋਂ ਦਿਖਾਈ ਦੇ ਰਹੇ ਧਰਮ `ਚ ਬਿਲਕੁਲ ਵੀ ਸਾਂਝ ਨਹੀਂ ਸੀ ਰਹਿ ਚੁੱਕੀ। ਜਦਕਿ ਸਭ ਤੋਂ ਮੁਸ਼ਕਲ ਕੰਮ ਵੀ ਇਹੀ ਸੀ ਕਿ ਮਨੁੱਖ ਦੇ ਜੀਵਨ ਅੰਦਰੋਂ, ਪ੍ਰਭੂ ਵੱਲੋਂ ਉਸ ਲਈ ਨਿਯਤ ਇਕੋਇਕ ਇਲਾਹੀ, ਸੱਚ ਤੇ ਰਬੀ ਧਰਮ ਨੂੰ ਮੁੜ ਉਜਾਗਰ ਕਰਣਾ।

ਉਸ ਮਨੁੱਖ ਅੰਦਰ, ਜਿਹੜਾ ਪ੍ਰਭੂ ਵੱਲੋਂ ਨਿਯਤ ਆਪਣੇ ਇਕੋ ਇੱਕ ਇਲਾਹੀ, ਸੱਚ ਤੇ ਮੂਲ ਰਬੀ ਧਰਮ ਤੋਂ ਕੋਹਾਂ ਦੂਰ ਜਾ ਚੁੱਕਾ ਸੀ। ਉਪ੍ਰੰਤ ਉਸ ਦੀਆਂ ਰਗਾਂ `ਚ ਤਾਂ ਹਰ ਪੱਖੋਂ ਮਨਮੁੱਖੀ ਸੁਭਾਅ, ਆਪਹੁੱਦਰਾ ਪਣ, ਹਉਮੈ ਆਦਿ ਵਿਕਾਰ, ਮਾਇਕ ਬੰਧਨ ਤੇ ਆਸਾ-ਤ੍ਰਿਸ਼ਨਾ ਦੀ ਅੱਗ ਆਦਿ ਹੀ ਆਪਣੀਆਂ ਜੜ੍ਹਾਂ ਪੱਕੀਆਂ ਕਰ ਚੁੱਕੀਆਂ ਹੋਈਆਂ ਸਨ। ਪਰ ਉਸ ਸਾਰੇ ਦੇ ਉਲਟ ਗੁਰਦੇਵ ਨੇ ਸਭਕੁਝ ਉਸ ਮਨੁੱਖ ਦੇ ਭਲੇ ਤੇ ਉਸਦੇ ਜੀਵਨ ਦੇ ਉਧਾਰ ਲਈ ਹੀ ਕਰਣਾ ਸੀ।

ਮਨੁੱਖ ਆਪ ਹੀ, ਮਾਨਵੀ ਕੱਦਰਾਂ-ਕੀਮਤਾਂ ਦਾ ਵੈਰੀ ਬਣਿਆ ਪਿਆ ਸੀ। ਇਹੀ ਕਾਰਣ ਸਨ ਕਿ ਮੁੜ ਸੱਚ ਧਰਮ ਦੇ ਪ੍ਰਕਾਸ਼ ਲਈ ਪਾਤਸ਼ਾਹ ਘਰੋਂ ਬੇਘਰ ਹੋਏ, ਬੇਅੰਤ ਤਸੀਹੇ ਝੱਲੇ, ਤੱਤੀਆਂ ਤਵੀਆਂ `ਤੇ ਬੈਠੇ, ਚਾਂਦਨੀ ਚੌਂਕ `ਚ ਆਪਣਾ ਸੀਸ ਕਟਵਾਇਆ, ਮਾਸੂਮ ਜਿੰਦੜੀਆਂ ਨੂੰ ਨੀਹਾਂ `ਚ ਚਿਣਵਾਇਆ; ਸਰਬੰਸ ਵਾਰਿਆ ਅਤੇ ਅਣਗਿਣਤ ਘਾਲਣਾਵਾਂ ਘਾਲੀਆਂ

() "ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ" (ਪੰ: ੧੪੫)

ਅਨੁਸਾਰ ਸਮੂਚੇ ਮਨੁੱਖ ਸਮਾਜ ਅੰਦਰ ਬੇ-ਤਹਾਸ਼ਾ ਫੈਲ ਚੁੱਕੇ ਝੂਠ, ਫ਼ਰੇਬ, ਦਿਖਾਵੇ, ਭੇਖਾਂ, ਅਧਰਮ, ਕਪਟ, ਆਪਸੀ ਵੈਰ-ਵਿਰੋਧ, ਸ਼ੰਕੀਰਣਤਾ ਆਦਿ ਸਮਾਜਕ ਬੁਰਾਈਆਂ ਤੇ ਵਿਗਾੜਾਂ ਨਾਲ ਡੱਟਵੀਂ ਟੱਕਰ ਲਈ ਤੇ ਗੁਰਦੇਵ ਨੇ ਆਪਣਾ ਇੱਕ ਕਦਮ ਵੀ ਉਸ ਤੋਂ ਪਿੱਛੇ ਨਹੀਂ ਹਟਾਇਆ।

ਸਪਸ਼ਟ ਹੈ ਗੁਰਦੇਵ ਨੇ ਕਿਸੇ ਨਵੇਂ ਧਰਮ ਨੂੰ ਜਨਮ ਨਹੀਂ ਸੀ ਦਿੱਤਾ ਬਲਕਿ ਇਲਾਹੀ ਤੇ ‘ਸੱਚ ਧਰਮ’ ਨੂੰ ਹੀ ਸੰਸਾਰ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ "ਗੁਰਬਾਣੀ ਗੁਰੂ ਤੋਂ ਪ੍ਰਗਟ ਹੋਣ ਵਾਲੇ ਮਨੁੱਖਾ ਜੀਵਨ ਦੇ ਕਿਰਦਾਰ ਰਾਹੀਂ" ਸਿੱਖ ਲਹਿਰ ਅਥਵਾ ਸਿੱਖ ਧਰਮ ਦੇ ਨਾਮ `ਤੇ ਸਦਾ ਲਈ ਉਜਾਗਰ ਕੀਤਾ। ਕਾਸ਼! ਅੱਜ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ "ਗੁਰਬਾਣੀ ਗੁਰੂ" ਰਾਹੀਂ ਪ੍ਰਗਟ ਸੱਚ ਧਰਮ ਅਤੇ ਉਸ ਕਿਰਦਾਰ ਦਾ ਹੀ ਪ੍ਰਗਟਾਵਾ ਹੋਣ।

"ਨਾਨਕ ਨਿਰਮਲ ਪੰਥ ਚਲਾਇਆ" - ਭਾਈ ਗੁਰਦਾਸ ਜੀ ਅਨੁਸਾਰ ਵੀ "ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ" (੧/੩੧ ਭਾ: ਗੁ) ਅਤੇ "ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ" (੧/੪੫ ਭਾ: ਗੁ) ਭਾਵ ਦਸ ਜਾਮੇ ਧਾਰਨ ਕਰਕੇ ਗੁਰਦੇਵ "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ, ਸਦੀਵ ਕਾਲ ਲਈ ਉਸ ਸੱਚ, ਇਲਾਹੀ, ਰੱਬੀ ਤੇ ਨਿਰਮਲ ਧਰਮ ਦਾ ਪ੍ਰਕਾਸ਼ ਹੀ ਕੀਤਾ ਸੀ।

ਇਸ ਤਰ੍ਹਾਂ ਉਸ "ਇਲਾਹੀ, ਰੱਬੀ, ਸੱਚ ਤੇ "ਨਿਰਮਲ ਧਰਮ" ਦਾ "ਗੁਰਬਾਣੀ ਗੁਰੂ ਦੇ ਸਿੱਖ" ਅਥਵਾ "ਸਿੱਖ ਧਰਮ" ਦੇ ਰੂਪ `ਚ ਪ੍ਰਕਾਸ਼ ਤਾਂ ਗੁਰੂ ਨਾਨਕ ਸਾਹਿਬ ਰਾਹੀਂ ਆਪਣੇ ਪਹਿਲੇ ਜਾਮੇ `ਚ ਹੀ ਕਰ ਦਿੱਤਾ ਗਿਆ ਸੀ। ਜੇ ਕੁੱਝ ਹੋਰ ਗਹਿਰਾਈ `ਚ ਜਾਵੀਏ ਤਾਂ ਆਪਣੇ ਆਪ `ਚ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ "ਗੁਰਬਾਣੀ ਵਿਚਾਰਧਾਰਾ" ਮੂਲ ਰੂਪ `ਚ ਹੈ ਹੀ ਪ੍ਰਭੂ ਵੱਲੋਂਸਮੂਚੇ ਮਨੁੱਖ ਮਾਤ੍ਰ ਲਈ "ਆਦਿ-ਜੁਗਾਦੀ ਨਿਰਮਲ ਤੇ ਸੱਚ ਧਰਮ" ਦਾ ਪ੍ਰਗਟਾਵਾ। ਦਰਅਸਲ "ਮਨੁੱਖਾ ਜੀਵਨ ਦੇ ਚਲਣ ਲਈ" "ਗੁਰਬਾਣੀ ਗੁਰੂ" ਰਾਹੀਂ ਪ੍ਰਗਟ ਨਿਰਮਲ ਵਿਚਾਰਧਾਰਾ, ਸੰਸਾਰਕ ਧਰਮਾਂ ਦੀ ਗਿਣਤੀ `ਚ ਬਿਲਕੁਲ ਵੀ ਵਾਧਾ ਕਰਣ ਲਈ ਨਹੀਂ ਸੀ।

ਗੁਰਬਾਣੀ ਦੇ ਸਿੱਖ ਦੇ ਰੂਪ `ਚ ਸਮੂਚੇ ਮਨੁੱਖ ਮਾਤ੍ਰ ਦੇ ਇਕੋਇਕ ਸੱਚ, ਰਬੀ, ਇਲਾਹੀ ਤੇ ਮਾਨਵ-ਵਾਦੀ ਧਰਮ ਦਾ ਹੀ ਅਸਲ `ਚ ਪ੍ਰਕਾਸ਼ ਸਿੱਖ ਲਹਿਰ ਤੇ ਸਿੱਖ ਧਰਮ ਦਾ ਹੀ ਸੀ।

ਗੁਰਬਾਣੀ ਦੇ ਸਿੱਖ ਦੇ ਰੂਪ `ਚ ਮਨੁੱਖੀ ਜੀਵਨ ਦਾ ਵਿਕਾਸ, "ਗੁਰਬਾਣੀ ਗੁਰੂ" ਦੇ ਪ੍ਰਕਾਸ਼ ਰਾਹੀਂ ਪਹਿਲੇ ਜਾਮੇਂ `ਚ ਹੀ ਕਰ ਦਿੱਤਾ ਗਿਆ ਸੀ। ਇਸੇ ਇਲਾਹੀ ਗਿਆਨ ਨੂੰ ਹੀ ਸਾਰੇ ਮਨੁੱਖ ਮਾਤ੍ਰ ਦਾ "ਇਕੋ ਇੱਕ ਗੁਰੂ" ਹੋਣ ਵਾਲੀ ਗੱਲ ਵੀ ਪਹਿਲੇ ਜਾਮੇ ਤੋਂ ਹੀ ਸਮਝਾਈ ਤੇ ਦ੍ਰਿੜ ਕਰਵਾਈ ਜਾ ਰਹੀ ਸੀ। ਇਹ ਵੀ ਕਿ ਬਦਲੇ `ਚ ਨਾਲ ਨਾਲ ਗੁਰਬਾਣੀ ਰਾਹੀਂ ਸਰੀਰ ਗੁਰੂਆਂ ਵਾਲੀ ਗੱਲ ਵੀ ਪਹਿਲੇ ਜਾਮੇ ਤੋਂ ਹੀ ਪੂਰੀ ਤਰ੍ਹਾਂ ਨਕਾਰ ਦਿੱਤੀ ਗਈ ਸੀ। ਇਸ ਸਾਰੇ ਦਾ ਸਭ ਤੋਂ ਵੱਡਾ ਸਬੂਤ ਇਹ ਵੀ ਹੈ ਕਿ ਖ਼ੁੱਦ ਗੁਰੂ ਹਸਤੀਆਂ ਨੇ, ਗੁਰਬਾਣੀ ਦੀ ਰਚਨਾ ਦੌਰਾਨ, ਆਪਣੇ ਸਰੀਰਾਂ ਨੂੰ ਵੀ ਵੱਖ ਕਰਕੇ ਇਲਾਹੀ ਗੁਰੂ ਵਾਲਾ ਵਿਸ਼ਾ ਨਿਭਾਇਆ ਤੇ ਪ੍ਰਗਟਾਇਆ ਹੈ।

ਇਸ ਲਈ ਦੋਰਾਅ ਦੇਵੀਏ ਕਿ ਮਨੁੱਖ ਨੂੰ ਉਸਦੇ ਇਲਾਹੀ ਤੇ ਸੰਪੂਰਣ ਕੇਸਾਧਾਰੀ ਸਰੂਪ `ਚ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਪਹਿਲੇ ਜਾਮੇ `ਚ ਹੀ ਸੰਸਾਰ `ਚ ਪ੍ਰਗਟ ਕਰ ਦਿੱਤਾ ਸੀ। ਸਮਝਣਾ ਹੈ ਕਿ "ਹੁਕਮਿ ਰਜਾਈ ਚਲਣਾ" ਭਾਵ ਪ੍ਰਭੂ ਦੀ ਰਜ਼ਾ `ਚ ਚੱਲਣ ਵਾਲਾ ਮਨੁੱਖ, ਆਪਣੇ ਸਰੂਪ ਦੀ ਕੱਟ ਵੱਢ ਨਹੀਂ ਕਰਦਾ। ਬਲਕਿ ਅਜਿਹਾ ਮਨੁੱਖ ਤਾਂ ਜੋਗੀ, ਸੰਨਿਆਸੀ, ਨਾਂਗੇ, ਬਿਭੂਤ ਧਾਰੀ, ਭਗਤ, ਸਾਧ, ਸੰਤ, ਮੋਨੀ, ਵਿਰੱਕਤ ਆਦਿ ਵਾਲੇ ਭੇਖਾਂ `ਚ ਵੀ ਵਿਸ਼ਵਾਸ ਨਹੀਂ ਰੱਖਦਾ।

ਕਿਉਂਕਿ ਸਿੱਖ ਪਹਿਲੇ ਜਾਮੇਂ ਤੋਂ ਹੀ ਕੇਸਾਧਾਰੀ ਸਰੂਪ `ਚ ਸੀ। ਤਾਂ ਤੇ ਕੇਸਾਂ ਦੀ ਸੰਭਾਲ-ਸਤਿਕਾਰ ਲਈ ਸਿੱਖ, ਕੰਘਾਧਾਰੀ, ਦਸਤਾਰਧਾਰੀ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸੀ।

ਬ੍ਰਾਹਮਣ ਮੱਤ ਵਾਲਾ ਜੀਵਨ ਪਹਿਲੇ ਜਾਮੇ ਤੋਂ ਹੀ ਜੰਜੂ ਨਾ ਪਾ ਕੇ ਗੁਰੂ ਨਾਨਕ ਸਾਹਿਬ ਨੇ ਤਿਆਗ ਦਿੱਤਾ ਸੀ। ਇਹ ਵੀ ਕਿ ਬ੍ਰਾਹਮਣ ਦੇ ਸਾਰੇ ਸੰਸਕਾਰ ਬਿਨਾ ਸੀਤੇ ਕਪੜਿਆਂ ਨਾਲ ਹੁੰਦੇ ਹਨ ਜਦਕਿ ਕਛਹਿਰਾ ਤਾਂ ਬਿਨਾ ਸਿਲਾਈਆਂ ਦੇ ਬਣਦਾ ਹੀ ਨਹੀਂ। ਇਸ ਤੋਂ ਇਹ ਵੀ ਆਪਣੇ-ਆਪ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਨੂੰ ਕਛਹਿਰਾ ਵੀ ਪਹਿਲੇ ਜਾਮੇ ਤੋਂ ਹੀ ਪੁਆ ਦਿੱਤਾ ਗਿਆ ਸੀ। ਇਸ ਤਰ੍ਹਾਂ ਕਛਹਿਰਾ, ਗੁਰੂ ਸਾਹਿਬ ਵੱਲੋਂ ਸਿੱਖ ਨੂੰ ਅਪਣੇ ਆਪ `ਚ ਚੇਤਾਵਨੀ ਹੈ ਕਿ ‘ਸਿੱਖ ਨੇ ਬ੍ਰਾਹਮਣ ਮੱਤ ਅਨੁਸਾਰ ਨਹੀਂ, ਜੀਵਨ ਭਰ ਕੇਵਲ "ਗੁਰੂ-ਗੁਰਬਾਣੀ" ਦੀ ਆਗਿਆ `ਚ ਹੀ ਵਿਚਰਣਾ ਹੈ।

ਉਪ੍ਰੰਤ ਬਿਨਾ ਵਿੱਤਕਰਾ ਜਗਿਆਸੂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ "ਚਰਨ ਪਾਹੁਲ" ਭਾਵ "ਆਪਣੇ ਕੋਲ ਕੁੱਝ ਜਲ ਲੈਣਾ ਤੇ ਗੁਰਬਾਣੀ ਦਾ ਕੋਈ ਸ਼ਬਦ ਪੜ੍ਹ ਕੇ ਉਹ ਜਲ ਅਭਿਲਾਸ਼ੀ ਸੱਜਨ ਨੂੰ ਪਿਲਾ ਦੇਣਾ" ਇਸ ਤਰ੍ਹਾਂ ਅਭਿਲਾਸ਼ੀ ਨੂੰ "ਗੁਰਬਾਣੀ ਗੁਰੂ" ਦੇ ਚਰਣਾਂ ਨਾਲ ਜੋੜਣ ਵਾਲਾ ਢੰਗ ਵੀ, ਗੁਰੂ ਨਾਨਕ ਸਾਹਿਬ ਨੇ ਆਪਣੇ ਪਹਲੇ ਜਾਮੇ `ਚ ਹੀ ਅਰੰਭ ਕਰ ਦਿੱਤਾ ਸੀ। ਜਦਕਿ ਉਸ `ਚਰਨਪਾਹੁਲ’ ਦਾ ਮਤਲਬ ਵੀ "ਪੂਰਨ ਕੇਸਾਧਾਰੀ ਸਰੂਪ `ਚ ਵਿਚਰਦੇ ਹੋਏ ਜੀਵਨ ਭਰ "ਗੁਰਬਾਣੀ ਗੁਰੂ" ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਣ ਲਈ ਪ੍ਰਣ ਹੀ ਹੁੰਦਾ ਸੀ।

ਜਦਕਿ ਵਿਸਾਖੀ ਸੰਨ ੧੬੯੯ ਵਾਲੇ ਇਤਿਹਾਸਕ ਦਿਹਾੜੇ ਵਾਲੇ ਦਿਨ ਤੋਂ ਅਰੰਭ ਕਰਕੇ ਸਦੀਵ ਕਾਲ ਲਈ ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਪਾਸੋਂ ‘ਖੰਡੇ ਦੀ ਪਾਹੁਲ’ ਲੈਣ ਦਾ ਮਤਲਬ ਵੀ ਉਹੀ ਹੈ, ਬਿਲਕੁਲ ਵੀ ਭਿੰਨ ਨਹੀਂ। (ਚਲਦਾ) #234P-XXXX,-02.17-0217#P40v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXX

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚਾਲੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.