.

ਜਪੁਜੀ ਸਾਹਿਬ ਦੀ ਸਤਾਰਵੀਂ ਤੋਂ ਉਨੀਂਵੀ ਪਉੜੀ ਦੀ ਵਿਆਖਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੋਲਵੀਂ ਪਉੜੀ ਵਿਚ ਵਿਸ਼ਵ ਰਚਨਾ ਦਾ ਮੂਲ, ਕਰਤੇ ਦੇ ਕਮਾਲ, ਕੁਦਰਤ ਦੀ ਵਿਸ਼ਾਲਤਾ, ਜੀਵ ਦੀ ਸੀਮਤਾ, ਹੁਕਮ ਦਾ ਮਹਾਤਮ ਤੇ ਪਰਮਾਤਮਾ ਦੀ ਅਸੀਮਤਾ ਤੇ ਸਦੀਵਤਾ ਦਾ ਵਰਨਣ ਹੈ। ਚੰਗਿਆਈ ਤੇ ਬੁਰਿਆਈ ਵਿਸ਼ਵ ਦੀ ਗਤੀਸ਼ੀਲਤਾ ਲਈ ਜ਼ਰੂਰੀ ਮੰਨੇ ਗਏ ਹਨ ।ਪਾਜ਼ਿਟਿਵ (ਹਾਂ-ਪੱਖੀ) ਤੇ ਨੈਗੇਟਿਵ (ਨਾਂਹ-ਪੱਖੀ) ਤੱਤ ਵਿਸ਼ਵ ਚਲਨ ਲਈ ਤੇ ਜੀਵਨ ਲਈ ਅਹਿਮ ਹਨ।ਜੀਵ ਦੀ ਸੀਮਤਾ ਦੀ ਵਿਆਖਿਆ ਕਰਦੇ ਹੋਏ ਸਤਾਰਵੀਂ ਪਉੜੀ ਵਿਚ ਮਨੁਖ ਦਾ ਚੰਗਿਆਈ ਪੱਖ ਤੇ ਅਠਾਰਵੀਂ ਪਉੜੀ ਵਿਚ ਬੁਰਿਆਈ ਪੱਖ ਨੂੰ ਉਘਾੜਦਿਆਂ ਕੁਦਰਤ ਤੇ ਪਰਮਾਤਮਾ ਦੀ ਬਹੁਲਤਾ, ਵਿਸ਼ਾਲਤਾ ਤੇ ਅਸੀਮਤਾ ਨੂੰ ਰੁਸ਼ਨਾਇਆ ਗਿਆ ਹੈ।

ਅਸੰਖ ਦਾ ਭਾਵ ਸੰਖਿਆ ਰਹਿਤ, ਗਿਣਤੀ ਰਹਿਤ, ਅਣਗਿਣਤ, ਗਿਣਤੀ ਦਾ ਅਖੀਰਲਾ ਅੰਕ ਜਿਸ ਤੋਂ ਅੱਗੇ ਗਿਣਤੀ ਨਾ ਹੋ ਸਕੇ।

ਅਸੰਖ ਜਪ ਅਸੰਖ ਭਾਉ ॥ (ਜਪੁਜੀ ਪਉੜੀ ੧੮)
ਪਰਮਾਤਮਾ ਦੇ ਸਾਜੇ ਅਣਗਿਣਤ ਜੀਵ ਉਸ ਦੇ ਨਾਮ ਦਾ ਜਪ ਕਰਨ ਲੱਗੇ ਹੋਏ ਹਨ।ਅਣਗਿਣਤ ਹਨ ਜੋ ਪਰਮਾਤਮਾ ਨੂੰ ਦਿਲੋਂ ਮਨੋਂ ਪਿਆਰ ਕਰਦੇ ਹਨ।

ਜਪਹੁ ਤ ਏਕੋ ਨਾਮਾ॥ (ਸੂਹੀ ਮ: ੧, ਪੰਨਾ ੭੨੮)
ਜਪਿ ਜਪਿ ਜੀਵਹਿ ਤੇਰਾ ਨਾਉ॥ (ਮਲਾਰ ਮ: ੫, ਪੰਨਾ ੧੨੭੦)
ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥(ਮ: ੧, ਪੰਨਾ ੧੦੪੨)
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ॥ (ਟੋਡੀ ਨ: ੫, ਪੰਨਾ ੭੧੮)

ਜਪਣ ਵਾਲੇ ਅਣਗਿਣਤ ਹਨ, ਅਣਗਿਣਤ ਹਨ ਜੋ ਵਾਚਕ ਹਨ (ਮੂੰਹ ਨਾਲ ਜਪਣ ਵਾਲੇ), ਉਪਾਸੂ ਹਨ (ਜੋ ਸਿਰਫ ਰਸਨਾ ਨਾਲ, ਬਿਨਾ ਹੋਠ ਹਿਲਾਏ ਜਪਦੇ ਹਨ) ਜਾਂ ਮਾਨਸਕ ਜੋ ਮਨ ਨਾਲ ਜਪਦੇ ਹਨ।ਮੌਨ, ਚਿੰਤਨ, ਧਿਆਨ, ਛੰਦ, ਰਿਸ਼ੀ ਦਾ ਧਿਆਨ, ਦੀਰਘ ਕਾਲ ਆਦਿ ਜਪ ਦੇ ਅੰਗ ਹਨ।ਸਮਾਧੀ, ਉਨਮਨੀ, ਆਦਿ ਜਪ ਦੀਆਂ ਮਦ੍ਰਾਵਾਂ ਹਨ। ਅਸੰਖ ਸੇਵਾ, ਭਾਉ, ਭਗਤੀ, ਪੂਜਾ, ਮਨੋਰਥ, ਸਿਧੀ ਵਾਸਤੇ ਜਪ ਤਪ ਕਰ ਰਹੇ ਹਨਮ ਗ੍ਰੰਥਾਂ ਦਾ ਪਾਠ ਕਰ ਰਹੇ ਹਨ, ਮੀੰਹ ਜ਼ੁਬਾਨੀ ਵੇਦਾਂ ਦਾ ਪਾਠ ਉਚਾਰਨ ਕਰਦੇ ਹਨ।

ਅੰਦਰੋਂ ਪਰਮਾਤਮਾ ਨਾਲ ਭਾਉ ਪ੍ਰੇਮ ਜਾਗ ਪਵੇ ਤਾਂ ਹੀ ਸਾਰੇ ਜਪ ਪੂਜਾ ਪਾਠ ਦੀ ਘਾਲ ਥਾਂ ਪੈਂਦੀ ਹੈ ।

ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ॥ (ਮਾਰੂ ੫, ਪੰਨਾ ੧੦੦੨)
ਭਾਉ ਭੋਜਨੁ ਸਤਿਗੁਰਿ ਤੁਠੈ ਪਾਇ॥ (ਮਾਝ ੩, ਪੰਨਾ ੧੧੫)
ਭਾਉ ਭਗਤਿ ਗੁਰਮਤੀ ਪਾਏ॥ (ਪਰਭਾਤੀ, ਮ: ੧, ਪੰਨਾ ੧੩੪੨)
ਭਾਉ ਪਿਆਰਾ ਲਾਏ ਵਿਰਲਾ ਕੋਇ॥ (ਆਸਾ ੩, ਪੰਨਾ ੩੬੧)

ਪਰ ਇਸ ਭਾਉ ਭਗਤੀ ਦਾ ਮਾਰਗ ਸੱਚੇ ਸਤਿਗੁਰ ਤੋਂ ਹੀ ਪ੍ਰਾਪਤ ਹੁੰਦਾ ਹੈ ਜੋ ਕਿਸੇ ਟਾਂਵੇ ਟਾਂਵੇ ਦੇ ਭਾਗਾਂ ਵਿਚ ਹੁੰਦਾ ਹੈ:
ਦਿਲ ਕਾ ਮਾਲਕੁ ਕਰੇ ਹਾਕੁ॥ (ਧਨਾਸਰੀ ਮ: ੫, ਪੰਨਾ ੮੯੭)
ਦਿਲ ਮਹਿ ਖੋਜਿ ਦਿਲੇ ਦਿਲਿ ਖੋਜਹੁ॥ (ਪ੍ਰਭਾਤੀ ਕਬੀਰ ਜੀ, ਪੰਨਾ ੧੩੪੯)

ਪਰਮਾਤਮਾ ਕਰਤਾ ਹੈ ਤੇ ਅਸੀਂ ਉਸ ਦੀ ਕ੍ਰਿਤਮ ਰਚਨਾ। ਕਰਤੇ ਤੋਂ ਟੁੱਟ ਕੇ ਅਸੀਂ ਦੁੱਖ ਪਾ ਰਹੇ ਹਾਂ ।ਗੁਰੂ ਕ੍ਰਿਪਾ ਕਰਕੇ ਵਿਛੁੜੇ ਮੇਲ ਦਿੰਦਾ ਹੈ। ਜਦ ਪ੍ਰਮਾਤਮਾ ਆਪ ਗੁਰੂ ਨੂੰ ਪ੍ਰੇਰਦੇ ਹਨ ਤਦ ਗੁਰੂ ਦੀ ਕ੍ਰਿਪਾ ਹੁੰਦੀ ਹੈ।ਇਸ ਤਰ੍ਹਾਂ ਜਪ ਕਰਨ ਦਾ ਮਾਰਗ ਹੈ ਗੁਰਪ੍ਰਸਾਦਿ, ਭਾਵ ਗੁਰੂ ਦੀ ਕ੍ਰਿਪਾ ਨਾਲ ਜਪੁ, ਯਾ ਗੁਰੂ ਦੁਆਰਾ ਜਪੁ।ਸੋ ਜਪੁ ਦਾ ਸਬੰਧ ਗੁਰਪ੍ਰਸਾਦਿ ਨਾਲ ਹੈ: ਗੁਰਪ੍ਰਸਾਦਿ ਜਪੁ। ਜਪ ਨਿਯਮ ਤੇ ਸਮਗਰੀ ਸਮੇਤ ਜਪ ਕਰੇ ਤੇ ਹੀ ਸਵੈ ਸਿਧੀ ਹੁੰਦੀ ਹੈ।

ਅਸੰਖ ਪੂਜਾ ਅਸੰਖ ਤਪ ਤਾਉ ॥

ਅਣਗਿਣਤ ਹਨ ਜੋ ਉਸ ਦੀ ਪੂਜਾ ਵਿਚ ਲੱਗੇ ਰਹਿੰਦੇ ਹਨ ਤੇ ਅਣਗਿਣਤ ਹੀ ਹਨ ਜੋ ਕਠਿਨ ਤਪਸਿਆ ਕਰ ਰਹੇ ਹਨ।ਪੂਜਾ ਅਨੰਤ ਪ੍ਰਕਾਰ ਦੀ ਹੈ ਪਰ ਪਰਧਾਨ ਪੂਜਾ ਚਾਰ ਹੀ ਗਿਣੀਆਂ ਜਾਂਦੀਆਂ ਹਨ (੧) ਸਰੂਪ ਦੀ ਪੂਜਾ ਨਿਰਗੁਣ ਤੇ ਸਰਗੁਣ ਸਰੂਪ (੨) ਸਾਕਾਰ ਦੀ ਪੂਜਾ (੩) ਸ਼ਬਦ ਬ੍ਰਹਮ ਦੀ ਪੂਜਾ (੪) ਸਰਗੁਣ, ਨਿਰਗੁਣ ਵਿਚ ਨਾਮ ਦੀ ਪੂਜਾ । ਸਿਖ ਧਰਮ ਵਿਚ ਨਾਮ ਦੀ ਪੂਜਾ ਸਭ ਤੋਂ ਉਤਮ ਮੰਨੀ ਗਈ ਹੈ:

ਏਕ ਨਾਮ ਕੋ ਥੀਓ ਪੁਜਾਰੀ॥ (ਗਉੜੀ ਮ: ੫, ਪੰਨਾ ੨੦੯)
ਜਿਨ ਕਉ ਸਤਿਗੁਰ ਥਾਪਿਆ ਤਿਨ ਮੇਟਿ ਨ ਸਕੈ ਕੋਇ॥
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ॥
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚ ਸੋਇ॥ (ਸਿਰੀ ਰਾਗੁ ਮ: ੧, ਪੰਨਾ ੧੭)

ਪਰ ਅਸਲੀ ਪੂਜਾ ਅੰਤਰੀਵ ਮਨ ਦੀ ਹੈ।
ਅੰਤਰਿ ਪੂਜਾ ਮਨ ਤੇ ਹੋਇ॥ (ਬਸੰਤੁ ਮ: ੩, ਪੰਨਾ ੧੧੭੩)

ਮਾਨਸਿਕ ਪੂਜਾ ਮਨ ਨਾਲ ਹੁੰਦੀ ਹੈ। ਸੇਵਾ ਵੀ ਮਨ ਨਾਲ ਹੀ ਹੁੰਦੀ ਹੈ।

ਅਸੰਖ ਕੋਟਿ ਅਨ ਪੂਜਾ ਕਰੀ॥ (ਭੈਰਉ ਨਾਮਦੇਵ ਪੰਨਾ ੧੧੬੩)

ਅਸੰਖ ਗਰੰਥ ਮੁਖਿ ਵੇਦ ਪਾਠ ॥
ਅਣਗਿਣਤ ਹਨ ਜੋ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦਾ ਮੁਖੋਂ ਪਾਠ ਕਰਦੇ ਰਹਿੰਦੇ ਹਨ।

ਅਸੰਖ ਜੋਗ ਮਨਿ ਰਹਹਿ ਉਦਾਸ ॥
ਅਣਗਿਣਤ ਹਨ ਜੋ ਯੋਗ ਧਾਰਨ ਕਰਦੇ ਹਨ ਤੇ ਦੁਨੀਆਂ ਤੋਂ ਸਦੀਵੀ ਉਦਾਸੀ ਧਾਰਨ ਕਰ ਲੈਂਦੇ ਹਨ ਭਾਵ ਮੋਹ ਮਾਇਆ ਤੋਂ ਦੂਰ ਹੋ ਜਾਂਦੇ ਹਨ।

ਅਸੰਖ ਬੈਰਾਗੀ ਕਰਹਿ ਬੈਰਾਗ ਸੇ ਬੈਰਾਗੀ ਜਿ ਖਸਮੁ ਭਾਵੈ॥ (ਸੋਰਠ ਮ: ੧, ਪੰਨਾ ੬੩੪)

ਅਸੰਖ ਭਗਤ ਗੁਣ ਗਿਆਨ ਵੀਚਾਰ ॥
ਅਣਗਿਣਤ ਹਨ ਉਹ ਭਗਤ ਜੋ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਚਰਚਾ ਵਿਚ ਲੱਗੇ ਰਹਿੰਦੇ ਹਨ।

ਅਸੰਖ ਸਤੀ ਅਸੰਖ ਦਾਤਾਰ ॥
ਅਣਗਿਣਤ ਹਨ ਜੋ ਅਪਣਾ ਜਤ ਸਤ ਕਾਇਮ ਰਖਦੇ ਹਨ: ਅਣਗਿਣਤ ਹਨ ਜੋ ਦਾਨ ਦੇਈ ਜਾਂਦੇ ਹਨ ।

ਅਸੰਖ ਸੂਰ ਮੁਹ ਭਖ ਸਾਰ ॥
ਅਨੇਕਾਂ ਅਜਿਹੇ ਸੂਰਮੇ ਹਨ ਜੋ ਅਪਣੇ ਅਸੂਲਾਂ ਦੀ ਰੱਖਿਆ ਲਈ ਰਣ ਤੱਤੇ ਵਿਚ ਸਾਹਵੇਂ ਜੂਝਦੇ ਹਨ, ਲੋਹਾ ਲੈਂਦੇ ਹਨ, ਲੋਹ-ਸ਼ਸ਼ਤਰਾਂ ਦਾ ਸਵਾਦ ਚਖਦੇ ਹਨ, ਵਾਰ ਸਹਿੰਦੇ ਹਨ।

ਅਸੰਖ ਮੋਨਿ ਲਿਵ ਲਾਇ ਤਾਰ ॥
ਅਣਗਿਣਤ ਹਨ ਜੋ ਚੁੱਪ ਧਾਰ ਕੇ ਧਿਆਨ ਲਗਾ ਕੇ ਇਕ ਟੱਕ ਬੈਠ ਜਾਂਦੇ ਹਨ।

ਗੁਰੂ ਜੀ ਧਿਆਨ ਨੂੰ ਹੀ ਲਿਵ ਆਖਦੇ ਹਨ: ‘ਪੰਚਾ ਕਾ ਗੁਰੁ ਏਕੁ ਧਿਆਨੁ॥(ਪਉੜੀ ੧੬)

ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ। (ਪ੍ਰਭਾਤੀ ਮ: ੪, ਪੰਨਾ ੧੩੩੭)
ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ॥ (ਰਵਿਦਾਸ ਜੀ, ਪੰਨਾ ੧੧੦੬)

ਕੁਦਰਤਿ ਕਵਣ ਕਹਾ ਵਿਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ ੧੭ ॥

ਪਰਮਾਤਮਾ ਦੇ ਬੇਅੰਤ ਗੁਣਾਂ ਵਿਸ਼ਾਲ ਕੁਦਰਤ ਬਾਰੇ ਕੋਈ ਕਿਵੇਂ ਵਿਚਾਰ ਕਰ ਸਕਦਾ ਹੈ? ਮੈਂ ਤਾਂ ਪਰਮਾਤਮਾ ਦੇ ਵਾਰੇ ਇਕ ਵਾਰ ਵੀ ਜਾਣ ਜੋਗਾ ਨਹੀਂ । ਉਸ ਦੇ ਰੋਮ ਬਰਾਬਰ ਵੀ ਨਹੀਂ। ਜੋ ਉਸਨੂੰ ਚੰਗਾ ਲਗਦਾ ਹੈ ਉਹੀ ਭਲਾ ਕਾਰਜ ਹੈ। ਪਰਮਾਤਮਾ ਤਾਂ ਸਦਾ ਸਲਾਮਤ ਹੈ: ਸਦਾ ਸਥਿਰ ਹੈ।

ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਿਆਂ ਦਾ ਕੋਈ ਅੰਤ ਨਹੀਂ। ਪਰ ਉਸ ਨੂੰ ਪੁੱਜਣ ਵਾਲੇ ਤਾਂ ਟਾਂਵੇਂ ਟਾਂਵੇ ਹੀ ਹਨ।ਉਸ ਦੇ ਪਸਾਰੇ ਦੀ ਅਸੀਮਤਾ ਅਚੰਭੇ ਭਰੀ ਹੈ ਹੈਰਾਨੀਜਨਕ ਹੈ। ਉਸ ਦੀ ਸਿਫਤ ਸਲਾਹ ਕਰਦਿਆਂ ਬਲਿਹਾਰ ਜਾਂਦਿਆਂ ਮਹਿਸੂਸ ਹੁੰਦਾ ਹੈ ਕਿ ਮੈਂ ਤਾਂ ਅਜੇ ਗੋੜ੍ਹੇ ਵਿਚੋਂ ਪੂਣੀ ਵੀ ਨਹੀਂ ਕੱਤੀ।ਭਲੇ ਕਾਰਜ ਕਰਨ ਵਾਲਿਆਂ ਦਾ ਇਰਾਦਾ ‘ਪੰਚ’ ਪਦਵੀ ਪ੍ਰਾਪਤ ਕਰਨ ਦਾ ਹੈ। ਪੰਚ ਜੋ ਹਮੇਸ਼ਾਂ ਇਕ ਪਰਮਾਤਮਾ ਵਿਚ ਧਿਆਨ ਲਾਈ ਰਖਦੇ ਹਨ ਤੇ ਨਾਲੋ ਨਾਲ ਉਹ ਵੀ ਕਰੀ ਜਾਂਦੇ ਹਨ ਜੋ ਉਸ ਦਾ ਹੁਕਮ ਹੁੰਦਾ ਹੈ। ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ ਤੇ ਉਸ ਨਾਲ ਜੁੜਣਾ, ਉਸ ਦੀ ਰਚੀ ਵਿਸ਼ਾਲ ਕੁਦਰਤ ਦਾ ਰੰਗ ਮਾਨਣਾ ਤੇ ਉਸ ਦੀ ਕਾਰੀਗਰੀ ਦੇ ਗੁਣ ਗਾਉਣੇ, ਆਪ ਵੀ ਗਾਉਣੇ ਹੋਰਾਂ ਤੋਂ ਵੀ ਗਵਾਉਣੇ, ‘ਆਪ ਜਪੇ ਅਵਰਾ ਨਾਮ ਜਪਾਵੇ’ ਅਨੁਸਾਰ ਉਸ ਦਾ ਨਾਮ ਆਪ ਵੀ ਜਪਣਾ ਤੇ ਹੋਰਾਂ ਤੋਂ ਵੀ ਗਵਾਉਣਾ, ਉਸ ਦੀ ਵਿਸ਼ਾਲਤਾ ਦੀ ਖੋਜ ਕਰਦੇ ਰਹਿਣਾ ਤੇ ਜਿੱਥੋਂ ਤਕ ਪਹੁੰਚ ਸਕੇ ਉਤਨਾ ਗਿਆਨ ਹੋਰਾਂ ਵਿਚ ਵੰਡਣਾ ਤੇ ਜਿੱਥੇ ਨਾ ਪਹੁੰਚਿਆ ਜਾ ਸਕੇ ਹੱਥ ਜੋੜ ਲੈਣਾ ਤੇ ਪਰਮਾਤਮਾ ਅਗੇ ਬੇਨਤੀ ਕਰਨਾ ਕਿ ਹੇ ਵਾਹਿਗੁਰੂ!ਮੇਰੇ ਕੋਲੋਂ ਤੇਰਾ ਅੰਤ ਨਹੀਂ ਪਾਇਆ ਜਾਂਦਾ, ਤੇਰੀ ਕੁਦਰਤ, ਤੇਰੀ ਰਚਨਾ ਤੂੰ ਹੀ ਜਾਣੇ ਤੇਰੇ ਬਿਨਾ ਹੋਰ ਕੋਈ ਨਹੀਂ ਜਾਣ ਸਕਦਾ, ਮੇਰੀ ਇਸ ਮਜਬੂਰੀ ਨੂੰ ਮਾਫ ਕਰੀਂ ਤੇ ਅਪਣੇ ਲੜ ਲਾਈ ਰੱਖੀਂ।

ਅੱਗੇ ੧੮ ਵੀਂ ਪਉੜੀ ਵਿਚ ਬੁਰੇ ਲੋਕਾਂ ਦੀ ਤੇ ਬੁਰਾ ਕੰਮ ਕਰਨ ਵਾਲਿਆਂ ਦਾ ਵਿਆਖਿਆ ਹੈ:

ਅਸੰਖ ਮੂਰਖ ਅੰਧ ਘੋਰ ॥

ਪਰਮਾਤਮਾ ਦੇ ਸਾਜੇ ਅਨੇਕਾਂ ਭਲੇ ਕਾਰਜ ਕਰਨ ਵਾਲੇ ਹੀ ਨਹੀ ਅਨੇਕਾਂ ਬੁਰੇ ਕਾਰਜ ਵੀ ਨਿਭਾਉਂਦੇ ਹਨ।ਅਣਗਿਣਤ ਅਜਿਹੇ ਵੀ ਹਨ ਜਿਨ੍ਹਾਂ ਦੇ ਦਿਲ-ਦਿਮਾਗ ਬਿਲਕੁਲ ਅੰਨ੍ਹੇ ਹਨ, ਬੇਚਿਰਾਗ ਹਨ, ਜਿਨ੍ਹਾਂ ਨੂੰ ਅਸੀਂ ਮੂਰਖ ਆਖਦੇ ਹਾਂ।

ਮੂਰਖ ਕਿਸ ਨੋ ਆਖੀਐ ? ਬੋਲੈ ਝੂਠ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ॥
(ਰਾਮਕਲੀ ਮ: ੫, ਪੰਨਾ ੯੦੦)
ਅੰਧਕਾਰ ਸੁਖਿ ਕਬਹਿ ਨ ਸੋਈ ਹੈ॥ ਰਾਜਾ ਰੰਕ ਦੋਊ ਮਿਲਿ ਰੋਈ ਹੈ। (ਗਉੜੀ ਕਬੀਰ ਜੀ, ਪੰਨਾ ੩੨੫)

ਅਸੰਖ ਚੋਰ ਹਰਾਮਖੋਰ॥ ਅਸੰਖ ਅਮਰ ਕਰਿ ਜਾਹਿ ਜੋਰ ॥
ਅਨੇਕਾਂ ਹਨ ਜੋ ਚੋਰ ਹਨ ਤੇ ਹਰਾਮ ਦੀ ਖਾਂਦੇ ਹਨ। ਅਣਗਿਣਤ ਹਨ ਜੋ ਜ਼ੁਲਮ-ਜਬਰ ਰਾਹੀਂ ਅਪਣਾ ਰਾਜ-ਭਾਗ ਜਾਂ ਅਫਸਰੀ ਕਮਾ ਜਾਂਦੇ ਹਨ।

ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥
ਅਨੇਕਾਂ ਹਨ ਜੋ ਦੂਜਿਆਂ ਦਾ ਗਲਵੱਢ ਦਿੰਦੇ ਹਨ ਤੇ ਪਾਪ ਕਮਾਉਂਦੇ ਜ਼ਰਾ ਵੀ ਕਿਰਕ ਨਹੀਂ ਕਰਦੇ। ਅਣਗਿਣਤ ਹਨ ਪਾਪੀ ਜੋ ਪਾਪ ਕਰੀ ਜਾਂਦੇ ਹਨ।

ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥
ਅਣਗਿਣਤ ਝੂਠੇ ਹਨ ਜੋ ਝੂਠ ਦਾ ਪਰਚਾਰ ਕਰੀ ਜਾਂਦੇ ਹਨ।ਅਣਗਿਣਤ ਹਨ ਮੈਲੀ ਇਛਾ ਵਾਲੇ ਜੋ ਹਰ ਸਮੇਂ ਮਾੜੀ ਸੋਚਦੇ ਹਨ, ਮਾੜੀ ਕਰਦੇ ਹਨ, ਬੋਲਦੇ ਵੀ ਮਾੜਾ ਹਨ, ਖਾਂਦੇ ਵੀ ਗੰਦਾ ਹਨ।

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
ਅਣਗਿਣਤ ਹਨ ਜੋ ਨਿੰਦਾ ਕਰ ਕਰ ਪਾਪ ਅਪਣੇ ਸਿਰ ਚੜ੍ਹਾਈ ਜਾਂਦੇ ਹਨ।ਉਨ੍ਹਾਂ ਦਾ ਆਚਾਰ ਵਿਹਾਰ ਬੋਲ ਚਾਲ ਸਭ ਗੰਦੇ ਹਨ। ਚੋਰ, ਹਰਾਮਖੋਰ, ਜੁਆਰੀਏ, ਐਬੀ, ਵੱਢੀ ਖੋਰ, ਕਾਤਿਲ, ਜ਼ਾਲਿਮ, ਜਾਬਰ, ਨਿੰਦਕ, ਮਲੇਛ, ਅਘੋਰੀ, ਅਧਰਮੀਂ, ਝੂਠੇ ਆਦਿ ਸਭ ਤਰ੍ਹਾਂ ਦੇ ਪਾਪੀ ਏਸੇ ਵਿਆਖਿਆ ਵਿਚ ਆਉਂਦੇ ਹਨ। ਉਹ ਸੱਚ ਦੇ ਰਾਹ ਤੋਂ ਭਟਕੇ ਹੋਏ ਹਨ ਤੇ ਪਾਪ ਦੀ ਦੁਨੀਆਂ ਦਾ ਹਸ਼ਰ ਸਮਝਣੋਂ ਅਸਮਰਥ ਹਨ, ਸੱਚ ਦੇ ਚਾਨਣ ਤੋਂ ਦੂਰ ਹਨੇਰੇ ਵਿਚ ਹਨ ।

ਪਰ ਜੀਭ ਵਿਚਲੇ ਕਠੋਰਤਾ, ਨਿੰਦਿਆ, ਝੂਠ ਤੇ ਚੁਗਲੀ ਅੰਦਰੋਂ ਨਹੀਂ ਜੁੜਣ ਦਿੰਦੇ:
ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ॥ ( ਵਾਰ ਆਸਾ ਮ:੧, ਪੰਨਾ ੪੭੩)
ਪਰ ਨਿੰਦਾ ਪਰਮਲੁ ਮੁਖ ਸੁਧੀ ਅਗਨਿ ਕ੍ਰੋਧ ਚੰਡਾਲ॥ (ਮ: ੧, ਪੰਨਾ ੧੫)
ਕੂੜੁ ਬੋਲਿ ਮੁਰਦਾਰਿ ਖਾਇ॥ (ਮਾਝ ਵਾਰ ਮ: ੧, ਪੰਨਾ ੧੪੦)
ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ॥(ਵਾਰ ਗਉੜੀ, ਮ: ਪੰਨਾ ੩੦੮)
ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ। (ਜੈਤਸਰੀ ਮ: ੫, ਪੰਨਾ ੭੦੪)

ਮੇਰੇ ਵਿਚ ਅਣਗਿਣਤ ਅਉਗਣ ਹਨ ਗਲਤੀਆਂ ਮੁੜ ਮੁੜ ਕਰਦਾ ਹਾਂ ਪਰ ਹਰ ਰੋਜ਼ ਅਪਣੀਆਂ ਅਉਗੁਣਾਂ ਗਲਤੀਆਂ ਨੂੰ ਭੁਲ ਜਾਂਦਾ ਹਾਂ।

ਅਸੰਖ ਖਤੇ ਖਿਨ ਬਖਸਨਹਾਰਾ॥ (ਗਉੜੀ ਮ: ੫, ਪੰਨਾ ੨੬੦)

ਅਸੀਂ ਅਣਗਿਣਤ ਗਲਤੀਆਂ ਕਰਦੇ ਰਹਿੰਦੇ ਹਾਂ ਪਰ ਬਖਸ਼ਣਹਾਰਾ ਪਰਮਾਤਮਾ ਪਲ ਵਿਚ ਹੀ ਬਖਸ਼ ਦਿੰਦਾ ਹੈ।

ਨਾਨਕੁ ਨੀਚੁ ਕਹੈ ਵਿਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੮ ॥

ਗੁਰੂ ਨਾਨਕ ਜੀ ਕਹਿੰਦੇ ਹਨ ਕਿ ਜੀਵ ਜੋ ਖੁਦ ਨੀਚ ਹੈ ਪਰਮਾਤਮਾ ਦੇ ਬੇਅੰਤ ਗੁਣਾਂ ਬਾਰੇ ਕਿਵੇਂ ਵਿਚਾਰ ਕਰ ਸਕਦਾ ਹੈ? ਮੈਂ ਤਾਂ ਪਰਮਾਤਮਾ ਦੇ ਵਾਰੇ ਇਕ ਵਾਰ ਵੀ ਜਾਣ ਜੋਗਾ ਨਹੀਂ, ਉਸ ਦੇ ਰੋਮ ਬਰਾਬਰ ਵੀ ਨਹੀਂ। ਜੋ ਉਸਨੂੰ ਚੰਗਾ ਲਗਦਾ ਹੈ ਉਹੀ ਭਲਾ ਕਾਰਜ ਹੈ। ਪਰਮਾਤਮਾ ਤਾਂ ਸਦਾ ਸਲਾਮਤ ਹੈ: ਸਦਾ ਸਥਿਰ ਹੈ।ਬਾਕੀ ਸਭ ਆਉਣ ਜਾਣ ਦਾ ਮੇਲਾ ਹੈ। ਚੰਗਾ ਕੀ ਤੇ ਮੰਦਾ ਕੀ ਉਹ ਤਾਂ ਪਰਮਾਤਮਾ ਦੀ ਨਜ਼ਰ ਹੈ ।

ਜਿਸ ਤਰ੍ਹਾਂ ਇਨ੍ਹਾਂ ਦੋ ਪਉੜੀਆਂ ਵਿਚ ਪਰਮਾਤਮਾ ਦੀ ਇਸ ਅਦਭੁੱਤ ਰਚਨਾ ਦੇ ਇਨਸਾਨੀ ‘ਹਾਂ-ਪੱਖ’ ਤੇ ‘ਨਾਂਹ ਪੱਖ’ਨੂੰ ਬਖੂਬੀ ਉਘਾੜ ਕੇ ਬਿਆਨਿਆ ਹੈ । ਇਸਤੋਂ ਕੁਦਰਤ ਦੇ ਮੈਟਰ ਤੇ ਐਂਟੀ-ਮੈਟਰ ਦੀ ਫਿਤਰਤ ਤੇ ਜ਼ਰੂਰਤ ਦਾ ਪਤਾ ਲਗਦਾ ਹੈ।ਇਕ ਪਾਸੇ ਅਣਗਿਣਤ ਚੰਗੇ ਨੇਕ ਪੁਰਖ, ਜਪ ਕਰਨ ਵਾਲੇ, ਪ੍ਰੇਮ ਕਰਨ ਵਾਲੇ, ਪੂਜਾ ਪਾਠ ਕਰਨ ਵਾਲੇ, ਦਾਨੀ ਲੋਕ, ਚਰਿਤ੍ਰਵਾਨ ਜਤ ਸਤ ਵਾਲੇ, ਸੂਰਮੇ ਬਿਆਨੇ ਹਨ ਤਾਂ ਦੂਜੇ ਪਾਸੇ ਅਨੇਕਾਂ ਚੋਰ, ਹਰਾਮਖੋਰ, ਜ਼ਾਲਿਮ ਜਾਬਰ ਹਾਕਮ, ਪਾਪੀ, ਨਿੰਦਕ, ਕਾਤਿਲ ਬਿਆਨੇ ਹਨ। ਵੱਖ ਵੱਖ ਪ੍ਰਕਾਰ ਦੀ ਸ਼੍ਰਿਸ਼ਟੀ ਨੂੰ ਵੇਖ ਕੇ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿੰਦੇ ਹਨ ਕਿ ਵੱਖ ਵੱਖ ਪ੍ਰਕਾਰ ਦੇ ਜੀਵਾਂ ਨੂੰ ਵੇਖ ਕੇ ਆਪਣੀ ਬਿਰਤੀ ਅਨੇਕਤਾ ਵਿਚ ਨਹੀਂ ਲੈ ਜਾਣੀ ਕਿ ਇਹ ਨੀਚ ਕਿਓਂ ਹੈ? ਉਹ ਉੱਚਾ ਕਿਓਂ ਹੈ? ਸਗੋਂ ਅਨੇਕਤਾ ਵਿਚੋਂ ਇਕ ਨਾਲ ਜੁੜਣਾ ਹੈ ਕਿ ਹੇ ਪਰਮਾਤਮਾ! ਤੂੰ ਬੇਅੰਤ ਹੈਂ ਬੇਅੰਤ ਹੈ ਤੇਰੀ ਕੁਦਰਤ।

ਏਹ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ (ਜਪੁਜੀ ਪਉੜੀ ੨੪)

ਇਸੇ ਬੇਅੰਤ ਨੂੰ ਬਿਆਨਦੇ ਹੋਏ ਗੁਰੂ ਨਾਨਕ ਦੇਵ ਜੀ ਉਨੀਂਵੀ ਪਉੜੀ ਵਿਚ ਉਨ੍ਹਾਂ ਜੀਵਾਂ ਦੇ ਨਾਵਾਂ ਥਾਵਾਂ ਬਾਰੇ ਬਿਆਨਦੇ ਹਨ
ਅਸੰਖ ਨਾਵ ਅਸੰਖ ਥਾਵ ॥
ਅਣਗਿਣਤ ਹੀ ਪਰਮਾਤਮਾ ਦੇ ਸਾਜੇ ਨਾਮ ਹਨ ਤੇ ਅਣਗਿਣਤ ਹੀ ਰਚੇ ਹੋਏ ਸਥਾਨ।

ਅਗੰਮ ਅਗੰਮ ਅਸੰਖ ਲੋਅ ॥
ਅਜਿਹੇ ਅਨੇਕਾਂ ਹੀ ਥਾਂ ਹਨ, ਲੋਕ ਹਨ ਜਿਨ੍ਹਾਂ ਤਕ ਸਾਡੀ ਪਹੁੰਚ ਨਹੀ ਹੋ ਸਕਦੀ।

ਅਸੰਖ ਕਹਹਿ ਸਿਰਿ ਭਾਰੁ ਹੋਇ ॥
ਉਨਾਂ ਅਣਗਿਣਤਾਂ ਬਾਰੇ ਕਹਿੰਦਿਆਂ ਵੀ ਸਿਰ ਭਾਰਾ ਹੋਣ ਲਗਦਾ ਹੈ ਭਾਵ ਅਸੰਖ ਕਹਿਣਾ ਵੀ ਗਿਣਤੀ ਵਿਚ ਲਿਆਉਣਾ ਹੈ ਅਤੇ ਅਪਣੇ ਉਪਰ ਹੋਰ ਭਾਰ ਚੜ੍ਹਾਉਣਾ ਹੈ ਕਿਉਂਕਿ ਉਸ ਦੀ ਰਚਨਾ ਅਸੰਖ ਤੋਂ ਵੀ ਪਰੇ ਹੈ।ਜਿਹੜੀ ਗਲ ਸੋਚ ਤੋਂ ਪਰੇ ਹੁੰਦੀ ਹੈ ਉਸ ਬਾਰੇ ਸੋਚਦਿਆਂ ਸੋਚਦਿਆ ਸਿਰ ਦੁਖਣ ਲੱਗ ਜਾਂਦਾ ਹੈ ਕਿਉਂਕਿ ਉਸਦਾ ਅੰਤ ਤਾਂ ਲੱਭਦਾ ਹੀ ਨਹੀਂ।

ਅਖਰੀ ਨਾਮੁ ਅਖਰੀ ਸਾਲਾਹ ॥
ਉਸ ਨੂੰ ਪਾਉਣ ਲਈ ਨਾਮ ਜਪਣਾ, ਗੁਣ ਗਾਉਣੇ, ਸਿਫਤ ਸਲਾਹ ਕਰਨੀ ਜ਼ਰੂਰੀ ਹੈ। ਪਰਮਾਤਮਾ ਦੇ ਗੁਣ ਮੂੰਹੋਂ ਬੋਲਦਿਆਂ ਬੰਦਾ ਥੱਕ ਜਾਂਦਾ ਹੈ ਸਿਰ ਭਾਰਾ ਹੋਣ ਲੱਗ ਪੇਂਦਾ ਹੈ । ਇਸ ਦਾ ਬਦਲ ਹੈ ਅੱਖਰਾਂ ਵਿਚ ਨਾਮ ਨੂੰ ਲਗਾਤਾਰ ਉਤਾਰਦੇ ਰਹਿਣਾ। ਲਿਖੀ ਬਾਣੀ, ਨਾਮ ਦੀ ਸਿਫਤ ਸਲਾਹ ਸਾਨੂੰ ਅੱਖਰਾਂ ਵਿਚੋਂ ਮਿਲੇਗੀ। ਇਸ ਲਈ ਅੱਖਰਾਂ ਦਾ ਗਿਆਨ ਹੋਣਾ ਬੇਹਦ ਜ਼ਰੂਰੀ ਹੈ। ਜਿਸ ਨਾਮ ਨੂੰ ਜਪ ਕੇ ਉਸ ਵਿਚ ਲੀਨ ਹੋਣਾ ਹੈ ਉਹ ਨਾਮ ਅੱਖਰਾਂ ਵਿਚ ਵੀ ਲਿਖਿਆ ਮਿਲੇਗਾ।ਇਸ ਤਰ੍ਹਾਂ ਅੱਖਰ ਪਰਮਾਤਮਾ ਨੂੰ ਜੋੜਣ ਦਾ ਸਾਧਨ ਬਣਦੇ ਹਨ।

ਅਖਰੀ ਗਿਆਨੁ ਗੀਤ ਗੁਣ ਗਾਹ ॥
ਅੱਖਰਾਂ ਵਿਚ ਅਥਾਹ ਗਿਆਨ ਹੈ ਤੇ ਅੱਖਰਾਂ ਵਿਚ ਹੀ ਪਰਮਾਤਮਾ ਦੀ ਸਿਫਤ ਦੇ ਗੀਤ ਲਿਖੇ ਮਿਲਦੇ ਹਨ।ਇਸ ਲਈ ਅੱਖਰਾਂ ਦਾ ਗਿਆਨ ਬਹੁਤ ਜ਼ਰੂਰੀ ਹੈ।

ਅਖਰੀ ਲਿਖਣੁ ਬੋਲਣੁ ਬਾਣਿ ॥
ਜੋ ਲਿਖਣਾ ਹੈ ਬੋਲਣਾ ਹੈ, ਜੋ ਬਾਣੀ ਉਚਾਰਨੀ ਹੈ ਸਭ ਅੱਖਰਾਂ ਵਿਚ ਹੀ ਹੋ ਜਾਵੇਗੀ ।

ਅਖਰਾ ਸਿਰਿ ਸੰਜੋਗੁ ਵਖਾਣਿ ॥
ਵਾਹਿਗੁਰੂ ਨੇ ਜੋ ਜੀਵ ਦੇ ਸੰਜੋਗ ਆਪਣੇ ਹੁਕਮ ਨਾਲ ਲਿਖੇ ਹਨ ਉਹ ਵੀ ਮੱਥੇ ਤੇ ਅੱਖਰੀ ਰੂਪ ਵਿਚ ਲਿਖੇ ਹਨ।ਫਿਰ ਤਾਂ ਅੱਖਰ ਬਹੁਤ ਜ਼ਰੂਰੀ ਹੋ ਗਏ।

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
ਪਰ ਜੋ ਪਰਮਾਤਮਾ ਸਭ ਦੇ ਮੱਥੇ ਤੇ ਲੇਖ ਲਿਖਦਾ ਹੈ ਇਹ ਲੇਖ ਉਸ ਅਕਾਲ ਪੁਰਖ ਦੇ ਅਪਣੇ ਮੱਥੇ ਨਹੀਂ ਲਿਖੇ ਹੋਏ। ਜਿਸ ਤਰ੍ਹਾਂ ਆਜੜੀ ਅਪਣੇ ਇਜੜ ਦੇ ਹਰ ਪਸ਼ੂ ਦੀ ਪਿਠ ਤੇ ਨੰਬਰ ਲਿਖ ਦਿੰਦਾ ਹੈ ਪਰ ਆਜੜੀ ਅਪਣੇ ਸਰੀਰ ਤੇ ਤਾਂ ਕੋਈ ਨੰਬਰ ਨਹੀਂ ਲਿਖਦਾ।

ਜਿਵ ਫੁਰਮਾਏ ਤਿਵ ਤਿਵ ਪਾਹਿ ॥
ਜਿਵੇਂ ਜਿਵੇਂ ਉਸ ਦਾ ਫੁਰਮਾਨ ਹੁੰਦਾ ਹੈ, ਹੁਕਮ ਹੁੰਦਾ ਹੈ ਤਿਵੇਂ ਤਿਵੇਂ ਜੀਵਾਂ ਨੂੰ ਅਪਣਾ ਕਰਮਾਂ ਅਨੁਸਾਰ ਫਲ ਮਿਲਦਾ ਹੈ।

ਜੇਤਾ ਕੀਤਾ ਤੇਤਾ ਨਾਉ ॥
ਅਕਾਲ ਪੁਰਖ ਦੀ ਬੇਅੰਤ ਰਚਨਾ, ਥਾਵਾਂ, ਟਿਕਾਣਿਆਂ ਦਾ ਜ਼ਿਕਰ ਕਰਦਿਆਂ ਇਹ ਤਾਂ ਸਾਫ ਜ਼ਾਹਿਰ ਹੈ ਜੋ ਕੁਝ ਵੀ ਰਚਿਆ ਗਿਆ ਹੈ ਉਹ ਸਭ ਉਸ ਦੇ ਨਾਮ ਨਾਲ ਜੁੜਿਆ ਹੋਇਆ ਹੈ। ਕੋਈ ਵਸਤ, ਥਾਂ ਜਾਂ ਰਚਨਾ ਅਜਿਹੀ ਨਹੀਂ ਜੋ ਉਸ ਨੇ ਨਾਂ ਰਚੀ ਹੋਵੇ। ਇਸ ਲਈ ਉਸ ਦਾ ਨਾਮ ਹੀ ਹੈ ਜੋ ਸਾਰੀ ਰਚਨਾ ਨਾਲ ਜੋੜਦਾ ਹੈ ਸੋ ਸਾਨੂੰ ਹਮੇਸ਼ਾ ਉਸਦਾ ਨਾਮ ਹੀ ਰਿਦੇ ਵਿਚ ਰੱਖਣਾ ਹੈ ਹੋਰ ਕੋਈ ਨਾਮ ਨਹੀਂ ਹੋਰ ਕੋਈ ਦੇਵੀ ਦੇਵਤਾ ਨਹੀਂ ਜਿਸ ਨੂੰ ਅਸੀਂ ਧਿਆਉਣਾ ਹੈ।

ਵਿਣੁ ਨਾਵੈ ਨਾਹੀ ਕੋ ਥਾਉ ॥

ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਕੋਈ ਵੀ ਥਾਂ ਨਹੀਂ :
ਜਿਹ ਧਿਰ ਦੇਖਾ ਤਿਹ ਧਿਰਿ ਮਉਜੂਦ॥ (ਸਲੋਕ ਮ:੧, ਪੰਨਾ ੮੪)
ਸਗਲ ਬਨਸਪਤਿ ਮਹਿ ਬੈਸੰਤਰਿ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥ ( ਸੋਰਠਿ ਮ: ੫, ਪੰਨਾ ੬੧੭)
ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਕੰਡ ਬ੍ਰਹਿਮੰਡ॥ (ਗਉੜੀ ਸੁਖਮਨੀ ਮ:੫, ਪੰਨਾ ੨੮੪)

ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ ੧੯ ॥

ਪਰਮਾਤਮਾ ਦੀ ਵਿਸ਼ਾਲ ਰਚਨਾ ਦਾ ਵੀਚਾਰ ਕਰ ਕੇ ਕਿਵੇਂ ਕਹਾਂ?ਇਹ ਸਭ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ ਜੋ ਮੇਰੀ ਸਮਝੋਂ ਬਾਹਰ ਹੈ ਕਿ ਪਰਮਾਤਮਾ ਇਸ ਤਰ੍ਹਾਂ ਚੰਗੇ ਤੇ ਮੰਦੇ ਮਨੁਖ ਕਿਉਂ ਬਣਾਉਂਦਾ ਹੈ? ਮੈਂ ਤਾਂ ਪਰਮਾਤਮਾ ਦੇ ਵਾਰੇ ਇਕ ਵਾਰ ਵੀ ਜਾਣ ਜੋਗਾ ਨਹੀਂ, ਉਸ ਦੇ ਰੋਮ ਬਰਾਬਰ ਵੀ ਨਹੀਂ। ਜੋ ਉਸਨੂੰ ਚੰਗਾ ਲਗਦਾ ਹੈ ਉਹੀ ਭਲਾ ਕਾਰਜ ਹੈ। ਪਰਮਾਤਮਾ ਤਾਂ ਸਦਾ ਸਥਿਰ ਹੈ, ਬਾਕੀ ਸਭ ਆਉਣ ਜਾਣ ਦਾ ਮੇਲਾ ਹੈ। ਚੰਗਾ ਕੀ ਤੇ ਮੰਦਾ ਕੀ ਉਹ ਤਾਂ ਪਰਮਾਤਮਾ ਦੀ ਨਜ਼ਰ ਹੈ ।

ਪਰਮਾਤਮਾ ਤਾਂ ਆਪ ਬੇਅੰਤ ਹੈ ਤੇ ਬੇਅੰਤ ਹੈ ਉਸ ਦੀ ਰਚਨਾ । ਉਸ ਬਾਰੇ ਕੁਝ ਕਹਿਣਾ, ਕਥਨ ਕਰਨਾ, ਜਾਂ ਪੜ੍ਹਣਾ ਪੜ੍ਹਾਉਣਾ ਸੂਰਜ ਨੂੰ ਦੀਵਾ ਦਿਖਾਉਣਾ ਹੈ।ਉਸ ਪ੍ਰਭੂ ਬਾਰੇ ਕੁਝ ਕਹਿਣਾ, ਸਿਫਤ ਸਲਾਹ ਕਰਨੀ, ਨਾਮ ਜਪਣਾ ਉਸ ਦਾ ਅੰਤ ਪਾਉਣ ਲਈ ਨਹੀਂ। ਇਹ ਤਾਂ ਅਪਣੇ ਆਪ ਨੂੰ ਅਪਣੀ ਹੋਂਦ ਦੀ ਨਿਰਮੂਲਤਾ ਤੇ ਹਉਮੈਂ ਨੂੰ ਸਮਝਾਉਣ ਲਈ, ਮਨ ਮਾਰਨ ਲਈ ਹੈ ਤੇ ਆਪਾ ਤਿਆਗ ਕੇ ਉਸ ਨਾਲ ਜੁੜਣ ਤੇ ਆਤਮ ਅਨੰਦ ਪ੍ਰਾਪਤ ਕਰਨ ਲਈ ਹੈ।ਇਹ ਤਾਂ ਉਸ ਬੂੰਦ ਵਾਂਗ ਹੈ ਜੋ ਲੁੜਕਦੀ ਢਲਕਦੀ ਛੋਟੇ ਨਾਲੇ ਦੇ ਪਾਣੀ ਵਿਚ ਗੁਆਚਦੀ ਹੈ ਤੇ ਫਿਰ ਅਗੇ ਦਰਿਆ ਵਿਚ ਗਾਇਬ ਹੋ ਜਾਂਦੀ ਹੈ ।ਅੱਗੇ ਦਰਿਆ ਵੀ ਵਧਦਾ ਜਾਂਦਾ ਹੈ ਪਰ ਉਸ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਸ ਨੇ ਕਿਥੇ ਖਤਮ ਹੋਣਾ ਹੈ। ਜਦ ਸਮੁੰਦਰ ਤਕ ਪਹੁੰਚਦਾ ਹੈ ਤੇ ਉਸ ਵਿਚ ਜਾ ਮਿਲਦਾ ਹੈ ਤਾਂ ਉਸ ਦੀ ਅੱਗੋਂ ਦੀ ਹੋਂਦ ਸਮਾਪਤ ਹੋ ਜਾਂਦੀ ਹੈ।ਨਾ ਬੂੰਦ ਦਾ ਮਕਸਦ ਹੁੰਦਾ ਹੈ ਦਰਿਆ ਦੀ ਥਾਹ ਜਾਨਣ ਦਾ ਤੇ ਨਾ ਦਰਿਆ ਦਾ ਮਕਸਦ ਹੁੰਦਾ ਹੈ ਸਮੁੰਦਰ ਦੀ ਵਿਸ਼ਾਲਤਾ ਨੂੰ ਜਾਨਣ ਦਾ। ਇਸੇ ਤਰ੍ਹਾਂ ਜੀਵ ਦਾ ਮਕਸਦ ਪਰਮਾਤਮਾ ਦੀ ਵਿਸ਼ਾਲਤਾ, ਬੇਅੰਤਤਾ ਜਾਨਣਾ ਨਹੀਂ। ਬਸ ਆਪਾ ਭਾਵ ਤਿਆਗ ਕੇ ਜੀਵ ਆਤਮਾ ਨੇ ਪਰਮ-ਆਤਮਾ ਵਿਚ ਲੀਨ ਹੋਣਾ ਹੈ, ਅੰਤ ਨਹੀ ਪਾਉਣਾ।




.