.

ਜਪੁਜੀ ਸੋਲਵੀਂ ਪਉੜੀ (੨)
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਪੰਚ ਜਨ (ਸੰਤ ਜਨ) ਨੇ ਮਿਲ ਕੇ ਪ੍ਰਮਾਤਮਾ ਨੂੰ ਮਿਲਣ ਦੀ ਖੁਸ਼ੀ ਦੇ ਗੀਤ ਉਚਾਰ ਰਹੇ ਹਨ ਉਨ੍ਹਾਂ ਤੇ ਹਰੀ ਵਿਚਕਾਰ ਕੋਈ ਫਰਕ ਨਹੀਂ ਜਾਪਦਾ:

ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ॥(ਗਉੜੀ ੫, ਪੰਨਾ ੨੦੫)

ਸਜਣ ਮਿਤਰ ਅਜ ਘਰ ਆਏ ਹਨ; ਸੱਚੇ ਸਾਈਂ ਨੇ ਮੈਨੂੰ ਉਨ੍ਹਾਂ ਦਾ ਮਿਲਾਪ ਕਰਵਾ ਦਿਤਾ ਹੈ।ਜਦ ਪਰਮਾਤਮਾ ਦੇ ਚਿਤ ਨੂੰ ਚੰਗਾ ਲਗਾ ਮੈਨੂੰ ਉਸ ਨੇ ਸੌਖਿਆਂ ਹੀ ਉਨ੍ਹਾਂ ਨਾਲ ਮਿਲਾ ਦਿਤਾ। ਪੰਚਾਂ ਨੂੰ (ਸੰਤਾਂ ਨੂੰ) ਮਿਲ ਕੇ ਮੈ ਸੁਖ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮੈਂ ਉਹ ਵਸਤ ਪ੍ਰਾਪਤ ਕਰ ਲਈ ਹੈ ਜਿਸ ਨਾਲ ਮੈਂ ਅਪਣਾ ਚਿਤ ਜੋੜਿਆ ਸੀ। ਸਾਧੂ ਜਨਾ ਨਾਲ ਮਿਲ ਕੇ ਮੇਰੀ ਆਤਮਾ ਦਿਨ ਰਾਤ ਪ੍ਰਸੰਨ ਰਹਿੰਦੀ ਹੈ ਅਤੇ ਮੈਨੂੰ ਅਪਣਾ ਘਰ ਮੰਦਿਰ ਬਣਿਆ ਲਗਦਾ ਹੈ ਜਿਸ ਵਿਚ ਪੰਜੇ ਸੰਗੀਤਕ ਸਾਜ਼ਾਂ ਦਾ ਸੁਤੇ ਸਿਧ ਸੁਰੀਲਾ ਰਾਗ ਗੂੰਜਦਾ ਹੈ ਕਿਉਂਕਿ ਮੇਰੇ ਸਜਨ ਮੀਤ ਮੇਰੇ ਘਰ ਪਹੁੰਚੇ ਹਨ:

ਹਮ ਘਰਿ ਸਾਜਨ ਆਇ॥ ਸਾਚੈ ਮੇਲਿ ਮਿਲਾਏ॥ ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੈ ਸੁਖ ਪਾਇਆ॥ਸਾਈ ਵਸਤ ਪਰਾਪਤਿ ਹੋਈ ਜਿਸ ਸੇਤੀ ਮਨੁ ਲਾਇਆ॥ ਅਨਦਿਨ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ॥ ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥ (ਸੂਹੀ ਛੰਤ ਮ: ੧, ਪੰਨਾ ੭੬੩)

ਪੰਜ ਸ਼ਬਦ (ਪੰਜ ਅਨਹਦ ਨਾਦ, ਯੋਗੀਆਂ ਦੇ ਕਲਪੇ ਹੋਏ ਦਸਮ ਦੁਆਰ ਦੇ ਪੰਜ ਧੁਨ ਸੰਖ, ਮ੍ਰਿਦੰਗ, ਕਿੰਗੁਰੀ, ਮੁਰਲੀ ਅਤੇ ਵੀਣਾ ਆਦਿ ਦੀ ਧੁਨੀ) ਉਸ ਘਰ ਵਿਚ ਵਜਦੇ ਹਨ ਜਿਸ ਦੇ ਸੁਭਾਗੇ ਘਰ (ਹਿਰਦੇ) ਵਿਚ ਪ੍ਰਮਾਤਮਾ ਦੀ ਕਲਾ ਵਰਤਦੀ ਹੈ ਭਾਵ ਨਾਮ ਆ ਵਸਦਾ ਹੈ। ਉਹ ਪੰਜ ਦੂਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਕਰ ਲੈਂਦਾ ਹੈ ਤੇ ਉਸ ਉਤੇ ਕਾਲ ਦਾ ਕਸ਼ਟ ਖਤਮ ਹੋ ਜਾਂਦਾ ਹੈ ਭਾਵ ਉਸ ਨੂੰ ਕਾਲ ਨਹੀਂ ਛੋਂਹਦਾ।ਧੁਰੋਂ ਜਿਨ੍ਹਾਂ ਦੇ ਕਰਮਾਂ ਵਿਚ ਪਰਮਾਤਮਾ ਨੇ ਨਾਮ ਪਾਇਆ ਹੈ ਉਹੋ ਹੀ ਹਰੀ ਦੇ ਨਾਮ ਸਿਮਰਨ ਵਿਚ ਲੱਗੇ ਹੋਏ ਹਨ।ਗੁਰੂ ਜੀ ਫੁਰਮਾਉਂਦੇ ਹਨ ਕਿ ਉਸੇ ਦੇ ਘਰ ਵਿਚ ਅਨਹਦ ਵਾਜੇ ਵਜਦੇ ਹਨ ਤੇ ਉਥੇ ਹੀ ਸੁੱਖ ਵਰਤਦਾ ਹੈ ਜੋ ਨਾਮ ਸਿਮਰਨ ਵਿਚ ਲੱਗੇ ਹੋਏ ਹਨ:

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥ ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥ ਪੰਚ ਦੂਤ ਤੁਧ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥ ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥ ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥ ੫ ॥ (ਮ:੩, ਅਨੰਦੁ, ਪੰਨਾ ੯੧੭)

ਪੰਚਾਂ ਦਾ ਕੰਮ ਨਹੀਂ ਕਿ ਪਰਮੇਸ਼ਵਰ ਦੀ ਪੈਦਾ ਕੀਤੀ ਹੋਈ ਕੁਦਰਤ ਤੋਂ ਮੁਨਕਰ ਹੋ ਜਾਵੇ ਜਾਂ ਉਸ ਦੀ ਖੋਜ ਵਿਚ ਜੀਵਨ ਬਿਤਾ ਦੇਵੇ: ਜੇਕਰ ਕੋਈ ਆਖੇ ਤੇ ਵਿਚਾਰ ਕਰੇ:

ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥(ਸੋਰਠ ਮ: ੫, ਪੰਨਾ ੬੨੧)

ਪਰਮਾਤਮਾਂ ਦੇ ਦਰਬਾਰ ਵਿਚ ਪੰਚਾਂ ਦੀ ਇਜ਼ਤ ਹੁੰਦੀ ਹੈ। ਪੰਚ ਰਾਜਿਆਂ ਦੇ ਦਰਬਾਰ ਵਿਚ ਵੀ ਸੋਂਹਦੇ ਹਨ ਤੇ ਰਾਜੇ ਵੀ ਪੰਚਾਂ ਦੇ ਦਰ ਤੇ ਜਾ ਕੇ ਹੀ ਸੋਂਹਦੇ ਹਨ:

ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥

ਜਿਨ੍ਹਾਂ ਦੇ ਮਨ ਵਿਚ ਨਾਮ ਵਸਦਾ ਹੈ ਉਹ ਹੀ ਵੱਡੇ ਰਾਜੇ ਹਨ, ਉਨ੍ਹਾਂ ਦੇ ਸਾਰੇ ਕਾਰਜ ਸੰਪੂਰਨ ਹੁੰਦੇ ਹਨ ਤੇ ਕ੍ਰੋੜਾਂ ਧਨ ਪਰਪਤ ਕਰਦੇ ਹਨ:

ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥ ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥ ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥ (ਭੈਰਉ ਮਹਲਾ ੫, ਪੰਨਾ ੧੧੫੬)

ਜਿਨ੍ਹਾਂ ਦੇ ਹਿਰਦੇ ਵਿਚ ਨਾਮ ਹੈ ਉਨ੍ਹਾਂ ਕੋਲ ਕ੍ਰੋੜਾਂ ਸੈਨਾ ਹੋ ਜਾਂਦੀ ਹੈ, ਉਨ੍ਹਾਂ ਦਾ ਜੀਵਨ ਸਹਿਜ ਸੁਖੈਨ ਹੋ ਜਾਂਦਾ ਹੈ ਤੇ ਮਨ ਸ਼ਾਂਤ ਹੋ ਜਾਂਦਾ ਹੈ।

ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥ ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥ ਜਿਸੁ ਨਾਮੁ ਰਿਦੈ ਸੋ ਸੀਤਲੁ ਹੂਆ ॥ (ਭੈਰਉ ਮਹਲਾ ੫, ਪੰਨਾ ੧੧੫੬)

ਨਾਮ ਜਿਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ ੳਹੁ ਜੀਵਨ ਮੁਕਤੇ ਹੋ ਜਾਂਦੇ ਹਨ ਭਾਵ ਜਿਉਂਦੇ ਜੀ ਹੀ ਮੁਕਤੀ ਪਰਾਪਤ ਕਰ ਲੈਂਦੇ ਹਨ; ਸਾਰਾ ਜੱਗ ਉਨ੍ਹਾਂ ਦਾ ਹੋ ਜਾਦਾ ਹੈ; ਉਨ੍ਹਾਂ ਨੂੰ ਨਉ ਨਿਧਾਂ ਪ੍ਰਾਪਤ ਹੋ ਜਾਂਦੀਆਂ ਹਨ:

ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥ ਜਿਸੁ ਨਾਮੁ ਰਿਦੈ ਤਿਸੁ ਸਭ ਹੀ ਜੁਗਤਾ ॥ ਜਿਸੁ ਨਾਮੁ ਰਿਦੈ ਤਿਨਿ ਨਉ ਨਿਧਿ ਪਾਈ ॥ ( ਭੈਰਉ ਮਹਲਾ ੫, ਪੰਨਾ ੧੧੫੬)

ਨਾਮ ਨਾਲ ਜੁੜੇ ਬੇਫਿਕਰ, ਬੇਪਰਵਾਹ ਹੋ ਜਾਂਦੇ ਹਨ, ਉਨ੍ਹਾਂ ਨੂੰ ਹਰ ਕਾਰਜ ਵਿਚ ਸਫਲਤਾ ਮਿਲਦੀ ਹੈ, ਫਾਇਦਾ ਲਾਹਾ ਮਿਲਦਾ ਹੈ; ਉਨ੍ਹਾਂ ਦਾ ਪਰਿਵਾਰ ਵੱਡਾ ਹੋ ਜਾਂਦਾ ਹੈ ਸਾਰੀ ਦੁਨੀਆਂ ਹੀ ਉਨ੍ਹਾਂ ਦਾ ਪਰਿਵਾਰ ਬਣ ਜਾਂਦੀ ਹੈ:

ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥ ਜਿਸੁ ਨਾਮੁ ਰਿਦੈ ਤਿਸੁ ਸਦ ਹੀ ਲਾਹਾ ॥ ਜਿਸੁ ਨਾਮੁ ਰਿਦੈ ਤਿਸੁ ਵਡ ਪਰਵਾਰਾ ॥ (ਭੈਰਉ ਮਹਲਾ ੫, ਪੰਨਾ ੧੧੫੬)

ਨਾਮ ਜਿਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ ਉਨ੍ਹਾਂ ਦਾ ਟਿਕਾਣਾ ਅਟੱਲ ਹੋ ਜਾਂਦਾ ਹੈ ਭਾਵ ਉਹ ਪਰਮਾਤਮਾ ਦੇ ਦਰਬਾਰ ਟਿਕਾਣਾ ਪਾਉਂਦੇ ਹਨ ਤੇ ਉਨ੍ਹਾਂ ਨੂੰ ਭਗਤੀ ਅਨੁਸਾਰ ਗੱਦੀ ਨਸੀਬ ਹੁੰਦੀ ਹੇੈ। ਇਸ ਤਰ੍ਹਾਂ ਉਹ ਸੱਚੇ ਸ਼ਾਹ ਹੋ ਜਾਂਦੇ ਹਨ ਜੋ ਬਾਦਸ਼ਾਹਾਂ ਤੋਂ ਕਿਤੇ ਉੱਚੇ ਹੁੰਦੇ ਹਨ:

ਜਿਸੁ ਨਾਮੁ ਰਿਦੈ ਤਿਸੁ ਨਿਹਚਲ ਆਸਨੁ ॥ ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ ॥ ਜਿਸੁ ਨਾਮੁ ਰਿਦੈ ਸੋ ਸਾਚਾ ਸਾਹੁ ॥ (ਭੈਰਉ ਮਹਲਾ ੫, ਪੰਨਾ ੧੧੫੬)

ਨਾਮ ਜਿਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ ਉਹ ਪਰਮਾਤਮਾ ਨੂੰ ਹਰ ਇਕ ਵਿਚ ਵਸਿਆ ਮੰਨ ਲੈਂਦੇ ਹਨ ਤੇ ਪਰਮਾਤਮਾ ਦੇ ਅਪਣੇ ਪੁਰਖ ਹੋ ਜਾਂਦੇ ਹਨ ਤੇ ਸਭ ਤੋਂ ਉੱਚੇ ਹੋ ਜਾਂਦੇ ਹਨ:

ਜਿਸੁ ਨਾਮੁ ਰਿਦੈ ਸੋ ਸਭ ਮਹਿ ਜਾਤਾ ॥ ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥ ਜਿਸੁ ਨਾਮੁ ਰਿਦੈ ਸੋ ਸਭ ਤੇ ਊਚਾ ॥ (ਭੈਰਉ ਮਹਲਾ ੫, ਪੰਨਾ ੧੧੫੬)

ਨਾਮ ਜਿਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ ਉਨ੍ਹਾਂ ਅਗੇ ਵਿਸ਼ਵ ਦਾ ਪਾਸਾਰਾ ਪ੍ਰਗਟ ਹੋ ਜਾਦਾ ਹੈ ਤੇ ਸਭ ਤਰ੍ਹਾਂ ਦੇ ਅਗਿਆਨ-ਹਨੇਰੇ ਮਿਟ ਜਾਂਦੇ ਹਨ ਉਹ ਪਰਮ ਪੁਰਖ ਪਰਮਾਤਮਾਂ ਨੂੰ ਪਰਵਾਣ ਹੋ ਜਾਂਦੇ ਹਨ:

ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ ॥ ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ ॥ ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥ (ਭੈਰਉ ਮਹਲਾ ੫, ਪੰਨਾ ੧੧੫੬) (ਪਾਹਾਰਾ= ਪਹਾੜਾ=ਵਿਸਥਾਰਾ)

ਜਿਨ੍ਹਾਂ ਨੇ ਨਾਮ ਪਾ ਲਿਆ ਉਨ੍ਹਾਂ ਉਪਰ ਪਰਮਾਤਮਾਂ ਕ੍ਰਿਪਾਲ ਹੋ ਜਾਂਦਾ ਹੈ। ਉਹ ਸਾਧਸੰਗਤ ਵਿਚ ਸਭ ਤੋਂ ਉਚਾ ਮੰਨੇ ਜਾਂਦੇ ਹਨ। ਉਨ੍ਹਾਂ ਦਾ ਆਉਣ ਜਾਣ ਮੁਕ ਜਾਂਦਾ ਹੈ ਤੇ ਸੁਖ ਅਨੰਦ ਅਵਸਥਾ ਤੇ ਪਹੁੰਚਦੇ ਹਨ। ਇਸ ਤਰ੍ਹਾਂ ਉਹ ਪੰਜਾਂ ਤਤਾਂ ਦੇ ਜਨਮ ਦਾਤਾ ਵਿਚ ਲੀਨ ਹੋ ਜਾਂਦੇ ਹਨ:

ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ ॥ ਸਾਧਸੰਗਤਿ ਮਹਿ ਲਖੇ ਗੋੁਪਾਲ ॥ ਆਵਣ ਜਾਣ ਰਹੇ ਸੁਖੁ ਪਾਇਆ ॥ ਕਹੁ ਨਾਨਕ ਤਤੈ ਤਤੁ ਮਿਲਾਇਆ ॥ ੮ ॥ ੧ ॥ ੪ ॥ ( ਭੈਰਉ ਮਹਲਾ ੫, ਪੰਨਾ ੧੧੫੬)

ਜੋ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਧਨਵੰਤ (ਧਨ ਵਾਲੇ, ਅਮੀਰ) ਹਨ, ਪਤਿਵੰਤ (ਉੱਚ ਸਨਮਾਨ ਯੋਗ, ਇਜ਼ਤਦਾਰ), ਜਨ ਪਰਵਾਣ ਹਨ (ਲੋਕਾਂ ਵਿਚ ਪਰਵਾਨ ਹਨ), ਪੁਰਖ ਪ੍ਰਧਾਨ ਹਨ (ਮਹਾਂ ਪੁਰਖ, ਸਭ ਤੋਂ ਉਪਰ ਪੁਰਖ, ਸਰਵੋਤਮ ਪੁਰਖ), ਬੇਮੁਹਤਾਜੇ ਹਨ (ਕਿਸੇ ਦੇ ਮੁਥਾਜ ਨਹੀਂ), ਸਾਰਿਆਂ ਦੇ ਰਾਜੇ ਹਨ, ਸੁੱਖਾਂ ਦੀ ਦੁਨੀਆਂ ਵਿਚ ਵਸਦੇ ਹਨ, ਅਵਿਨਾਸ਼ੀ (ਨਾ ਵਿਨਾਸ਼ ਹੋਣ ਵੇਲੇ, ਅਮਰ) ਹਨ। ਜੋ ਸਿਮਰਨ ਵਿਚ ਲੱਗ ਗਏ ਹਨ ਉਨ੍ਹਾਂ ਤੇ ਪਰਮਾਤਮਾਂ ਆਪ ਦਿਆਲ ਹੁੰਦਾ ਹੈ, ਅਜਿਹੇ ਸੰਤਾਂ, ਭਗਤਾਂ, ਪੰਚਾਂ ਦੀ ਧੂੜ ਮੰਗੀਦੀ ਹੈ:

ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ॥ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ॥ ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥ ੫ ॥ (ਮ: ੫ , ਪੰਨਾ ੨੬੩)

ਜੇ ਕੋਈ ਕਹੇ ਕਿ ਅਸੀਂ ਨਾਮ ਦੀ ਵੀਚਾਰ ਕਰੀਏ ਤਾਂ ਵੀਚਾਰ ਕਿਸ ਦਾ? ਕੀ ਵੀਚਾਰ ਸ਼ੁਮਾਰ ਕਰਨ ਲਈ ਕੀਤਾ ਜਾਵੇ। ਕਰਤੇ ਦੇ ਕੀਤੇ ਦਾ ਕੋਈ ਸ਼ੁਮਾਰ ਨਹੀਂ, ਬਿਅੰਤ ਹੈ, ਅਣਗਿਣਤ ਹੈ: ਅਣਗਿਣਤ ਦਾ ਵੀਚਾਰ ਕਰਨਾ ਸ਼ੁਮਾਰ ਕਰਨਾ ਅਸੰਭਵ ਹੈ।

ਜੇ ਕੋ ਕਹੇ ਕਰੇ ਵੀਚਾਰੁ॥

ਨਾ ਕਰਤੇ ਤੇ ਨਾ ਹੀ ਉਸ ਦੀ ਕੁਦਰਤ ਦਾ ਕੋਈ ਅੰਤ ਹੈ; ਕੋਈ ਗਿਣਤੀ ਮਿਣਤੀ ਨਹੀਂ ਹੋ ਸਕਦੀ।ਫਿਰ ਵਿਚਾਰ ਕਿਸ ਦਾ ਕਰੀਏ? ਪਰਮਾਤਮਾਂ ਦੇ ਸਰੂਪ ਦਾ ? ਪਰਮਾਤਮਾਂ ਦੀ ਸ਼ਕਤੀ ਦਾ? ਪਰਮਾਤਮਾ ਦੀ ਦਾਤ ਦਾ? ਪਰਮਾਤਮਾ ਦੀ ਰਚਨਾ ਦਾ? ਰਚਨਾ ਪਰਬੰਧ ਦਾ? ਰਚਨਾ ਦੀ ਵਿਸ਼ਾਲਤਾ ਦਾ? ਕਿਾ ਦਾ ਵਿਚਾਰ ਕਰੀਏ? ਕੀ ਟੁਕੜਿਆਂ ਦੀ ਵਿਚਾਰ ਸੰਪੂਰਨ ਵੀਚਾਰ ਹੋਏਗੀ?

ਕਰਤੇ ਕੈ ਕਰਣੈ ਨਾਹੀ ਸੁਮਾਰੁ ॥ (ਸੁਮਾਰੁ=ਗਿਣਤੀ)

ਉਸ ਕਰਤੇ ਦੇ ਕਰਨੇ ਦਾ ਤਾਂ ਕੋਈ ਸ਼ੁਮਾਰ ਨਹੀਂ ਪਾ ਸਕਦਾ। ਉਸ ਦਾ ਕੋਈ ਅੰਤ ਨਹੀਂ। ਪਰਮਾਤਮਾਂ ਦੀਆਂ ਸਿਫਤਾਂ ਤੇ ਸਿਫਤ ਕਰਨ ਵਾਲਿਆਂ ਦਾ ਕੋਈ ਅੰਤ ਨਹੀਂ। ਪਰਮਾਤਮਾਂ ਦੀ ਰਚਨਾ ਦਾ ਕੋਈ ਅੰਤ ਨਹੀਂ ਜੋ ਵੀ ਕਰਦਾ ਹੈ; ਜੋ ਸਾਰੇ ਵਿਸ਼ਵ ਨੂੰ ਦਿੰਦਾ ਹੈ ਉਸਦਾ ਕੋਈ ਅੰਤ ਨਹੀਂ।ਪ੍ਰਮਾਤਮਾਂ ਅਨੰਤ ਹੈ ਇਸ ਲਈ ਵੇਖਣੋਂ ਸੁਨਣੋਂ ਪਰੇ ਹੈ, ਸੁਣ ਕੇ ਵੇਖ ਕੇ ਇਹ ਨਹੀਂ ਆਖਿਆ ਜਾ ਸਕਦਾ ਕਿ ਪਰਮਾਤਮਾ ਕਿਥੇ ਤਕ ਹੈ, ਉਸਦਾ ਅੰਤ ਕੀ ਹੈ।ਉਸ ਦੇ ਮਨ ਵਿਚ ਕੀ ਵਿਚਰ ਰਿਹਾ ਹੈ ਕੋਈ ਕਿਵੇਂ ਆਖੇ ਉਸ ਦੇ ਮਨ ਦੀ ਸੋਚ ਵਿਚਾਰ ਨੂੰ; ਬਸ ਬੇਅੰਤ ਹੀ ਕਿਹਾ ਜਾ ਸਕਦਾ ਹੈ। ਉਸ ਦੀ ਰਚਨਾ ਦਾ ਕੋਈ ਅੰਤ ਨਹੀਂ ਪਾਰਾਵਾਰ ਨਹੀਂ; ਉਸ ਦਾ ਮੁਢਲੀ ਤੇ ਅਖੀਰਲੀ ਹੱਦ ਕਿਥੇ ਹੈ? ਕੁਝ ਨਹੀਂ ਕਿਹਾ ਜਾ ਸਕਦਾ। ਉਸ ਦਾ ਅੰਤ ਲਭਦੇ ਕਿਤਨੇ ਤਰਲੇ ਲੈਂਦੇ ਚਲੇ ਗਏ ਪਰ ਉਸਦੇ ਅੰਤ ਦਾ ਪਤਾ ਨਹੀਂ ਲੱਗਿਆ।ਉਸ ਦੇ ਹੱਦ ਬੰਨੇ ਕੋਈ ਨਹੀਂ ਜਾਣਦਾ, ਜੇ ਬਹੁਤਾ ਕਹੀਏ ਤਾਂ ਇਹ ਤਾਂ ਬਹੁਤੇ ਤੋਂ ਵੀ ਬਹੁਤਾ ਹੈ।ਪ੍ਰਮਾਤਮਾਂ ਸਭ ਤੋਂ ਵੱਡਾ ਹੈ ਤੇ ਉਸ ਦਾ ਦਰਜਾ ਸਭ ਤੋਂ ਉਚਾ ਹੈ ਤੇ ਉਸ ਤੋਂ ਉਪਰ ਹੈ ਉਸਦਾ ਨਾਉਂ (ਨਾਮ)।ਜੇ ਕੋਈ ਉਸ ਤੋਂ ਉੱਚਾ ਹੋਵੇ ਉਹ ਹੀ ਦਸ ਸਕਦਾ ਹੈ ਕਿ ਉਹ ਕਿਤਨਾ ਕੁ ਉਚਾ ਹੈ ਜਾਂ ਫਿਰ ਪਰਮਾਤਮਾ ਖੁਦ ਆਪ ਦਸ ਸਕਦਾ ਹੈ ਕਿ ਉਹ ਕਿਤਨਾ ਉੱਚਾ, ਕਿਤਨਾ ਵੱਡਾ ਹੈ; ਬਾਕੀ ਤਾਂ ਐਵੇਂ ਕਿਆਸਰਾਈਆਂ ਹੀ ਹਨ। ਉਸ ਦੇ ਬਾਰੇ ਗਿਆਨ ਤਾਂ ਉਸ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਮਿਲ ਸਕਦਾ ਹੈ:

ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥ ੨੪ ॥ (ਜਪੁਜੀ, ਮ:੧, ਪੰਨਾ ੫)

ਕੇਤਾ ਤਾਣੁ ਸੁਆਲਿਹੁ ਰੂਪੁ॥ਕੇਤੀ ਦਾਤਿ ਜਾਣੈ ਕੌਣੁ ਕੂਤੁ॥

ਕਈ ਸਵਾਲ ਕਰਦੇ ਹਨ ਕਿ ਕਰਤੇ ਦੀ ਇਹ ਰਚਨਾ ਕਿਸ ਸਹਾਰੇ ਖੜ੍ਹੀ ਹੈ? ਧਰਤੀ ਧਰਮ ਦੇ ਆਸਰੇ ਖੜ੍ਹੀ ਹੈ ਤੇ ਧਰਮ ਦਇਆ ‘ਚੋਂ ਉਪਜਦਾ ਹੈ ਜਿਸ ਸਦਕਾ ਸਬਰ ਸੰਤੋਖ ਸ਼ਹਿਨਸ਼ੀਲਤਾ ਆਈ ਜਿਸਨੇ ਧਰਤੀ ਨੂੰ ਵਿਸ਼ਵ ਰਚਨਾ ਦੇ ਧਾਗੇ ਵਿਚ ਪਰੋ ਕੇ ਰਖਿਆ ਹੋਇਆ ਹੈ:

ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ (ਜਪੁ ਮ: ੧, ਪੰਨਾ ੩)
ਸੰਤੋਖ=ਸਬਰ=ਸ਼ੁਕਰਾਨਾ=ਤ੍ਰਿਪਤੀ। ਸੂਤ=ਮਰਿਆਦਾ=ਬੰਧਨ= ਨਿਯਮ=ਸਿਸਟਮ

ਧਰਤੀ ਨੂੰ ਕਿਸੇ ਬੈਲ ਨੇ ਨਹੀਂ ਸਾਂਭਿਆ ਹੋਇਆ ਜਿਵੇਂ ਕਿ ਕੁਝ ਲੋਕਾਂ ਵਿਚ ਪਰਚਲਿਤ ਹੈ।ਧਰਤੀ ਦੀ ਟੇਕ ਧਰਮ ਤੇ ਧੀਰਜ ਦੇ ਥੰਮ ਤੇ ਟਿਕੀ ਹੋਈ ਹੈ ਕਿਸੇ ਬੈਲ ਦੇ ਸਹਾਰੇ ਨਹੀਂ :

ਧੀਰਜ ਧਰਮ ਧਰਣੀਧਰ ਟੇਕ॥ (ਧਨਾਸਰੀ ਮ: ੧, ਪੰਨਾ ੬੮੬)

ਧਰਤੀ ਨੂੰ ਧਰਮ ਫੈਲਾਉਣ ਵਾਲੀ ਧਰਮਸਾਲ ਦੇ ਤੌਰ ਤੇ ਦਾਤੇ ਨੇ ਰਚਿਆ ਹੈ:

ਧਰਤਿ ਉਪਾਇ ਧਰੀ ਧਰਮਸਾਲਾ॥ (ਮਾਰੂ ਮ: ੧, ਪੰਨਾ ੧੦੩੩)

ਇਸ ਕਰਕੇ ਜੀਵ ਨੂੰ ਧਰਤੀ ਨੂੰ ਧਰਮ ਫੈਲਾਉਣ ਦੀ ਥਾਂ ਸਮਝ ਕੇ ਇਥੇ ਸੱਚ ਦਾ ਬੀਜ ਬੀਜ ਕੇ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਧਰਮ ਦਾ ਕਰਮ ਕਰਨਾ ਜੀਵ ਲਈ ਧੁਰੋਂ ਫੁਰਮਾਨ ਹੈ:

ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ॥ (ਆਸਾ ਮ: ੧, ਪੰਨਾ ੪੧੮)
ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ॥ (ਮਲਾਰ ਮ: ੧, ਪੰਨਾ ੧੨੮੦)

ਪਰਮਾਤਮਾਂ ਧਰਮ ਕਰਮ ਵੇਖ ਕੇ ਜੀਵ ਉਪਰ ਆਪ ਹੀ ਦਇਆ ਕਰਦਾ ਹੈ:

ਦਇਆ ਧਾਰੀ ਤਿਨਿ ਧਾਰਣਹਾਰ॥ (ਮਾਝ ਮ: ੫, ਪੰਨਾ ੯੧੫)
ਦਇਆ ਧਾਰੀ ਤਿਨਿ ਸਿਰਜਣਹਾਰੇ॥(ਮਾਝ ਮ: ੫, ੧੦੩)

ਧਰਤੀ ਬਾਰੇ ਉਪਰੋਕਤ ਤੱਥ ਜੋ ਸਮਝ ਲਵੇ ਉਹ ਹੀ ਸਚਿਆਰ ਹੈ ਸੱਚ ਦਾ ਰੂਪ ਹੋ ਜਾਂਦਾ ਹੈ:

ਜੇ ਕੋ ਬੂਝੈ ਹੋਵੈ ਸਚਿਆਰੁ ॥

ਜੋ ਕਹਿੰਦੇ ਹਨ ਕਿ ਧਰਤੀ ਨੂੰ ਬੈਲ ਨੇ ਚੁਕਿਆ ਹੋਇਆ ਹੈ ਤਾਂ ਉਨ੍ਹਾਂ ਤੋਂ ਪੁੱਛੋ ਕਿ ਇਸ ਬੈਲ ਉਪਰ ਕਿਤਨਾ ਕੁ ਭਾਰ ਹੈ? ਇਸ ਧਰਤੀ ਤੋਂ ਪਰੇ ਹੋਰ ਵੀ ਧਰਤੀਆਂ ਹਨ ਉਨ੍ਹਾਂ ਥੱਲੇ ਕਿਸ ਦੀ ਤਾਕਤ ਹੈ ਜੋ ਉਨ੍ਹਾਂ ਸਾਰੀਆਂ ਧਰਤੀਆਂ ਨੂੰ ਚੁੱਕੀ ਖੜ੍ਹੀ ਹੈ?

ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਇਸ ਦਾ ਜਵਾਬ ਗੁਰੂ ਜੀ ਦਿੰਦੇ ਹਨ ਕਿ ਪਰਮਾਤਮਾ ਆਪ ਸਾਰੀ ਦੁਨੀਆਂ ਨੂੰ ਸਾਜਦਾ ਹੈ, ਰਚਦਾ ਹੈ ਸਭ ਆਪ ਹੀ ਕਰਦਾ ਹੈ ਤੇ ਸਾਰੀ ਰਚਨਾ ਨੂੰ ਆਪ ਹੀ ਸੰਭਾਲਦਾ ਹੈ। ਅਜਿਹਾ ਕੋਈ ਬੈਲ ਨਹੀਂ, ਕੋਈ ਸ਼ੇਸ਼ ਨਾਗ ਨਹੀਂ ਕੋਈ ਮੱਛ ਨਹੀਂ, ਕੋਈ ਕੱਛੂ ਨਹੀਂ ਜਿਸ ਦੇ ਆਸਰੇ ਸਾਰੀਆਂ ਧਰਤੀਆਂ ਟਿਕੀਆਂ ਹੋਈਆਂ ਹਨ; ਅਤਲ, ਵਿਤਲ, ਸੁਤਲ, ਤਲਾਤਲ, ਮਹਾਤਲ, ਰਸਾਤਲ ਆਦਿ ਧਰਤੀ ਦੇ ਸਹਾਰੇ ਸਭ ਮਨਘੜੰਤ ਹਨ। ਸਾਰੀਆਂ ਧਰਤੀਆਂ ਹੀ ਇਕ ਨਿਯਮ ਇਕ ਸਿਸਟਮ ਵਿਚ ਬੱਝੀਆਂ ਹੋਈਆਂ ਹਨ ਜਿਸ ਨੂੰ ਧਰਮ ਕਿਹਾ ਗਿਆ ਹੈ: ਧਰਮ ਜੀਵ ਦੇ ਜੀਵਨ ਜਿਉਣ ਦਾ ਨਿਯਮ ਵੀ ਕਿਹਾ ਜਾ ਸਕਦਾ ਹੈ ਸਾਰੀ ਰਚਨਾ ਪ੍ਰਬੰਧ ਨੂੰ ਚਲਾਉਣ ਦਾ ਨਿਯਮ ਜਿਸ ਨੂੰ ਅਸੀਂ ਕੁਦਰਤੀ ਨਿਯਮ ਕਹਿ ਸਕਦੇ ਹਾਂ। ਸਾਰਾ ਵਿਸ਼ਵ ਹੀ ਇਨ੍ਹਾਂ ਕੁਦਰਤੀ ਨਿਯਮਾਂ ਦਾ ਬੱਧਾ ਚਲ ਰਿਹਾ ਹੈ:

ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ॥ ਜੇਨ ਕਲਾ ਸਸਿ ਸੂਰ ਨਖੵਤ੍ਰ ਜੋਤਿੵ ਸਾਸੰ ਸਰੀਰ ਧਾਰਣੰ ॥ ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ॥ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥ ੫੩ ॥ (ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੯)

ਪਰਮਾਤਮਾ ਨੇ ਹੀ ਧਰਤੀਆਂ ਬਣਾਈਆਂ ਤੇ ਸਾਰਾ ਸਿਸਟਮ ਬਣਾਇਆ ਹੈ, ਕੁਦਰਤੀ ਨਿਯਮ ਬਣਾਏ ਹਨ।ਵਾਹਿਗੁਰੂ ਦੀ ਸਦਾ ਵਗਦੀ ਕਲਮ ਨੇ ਸਾਰੇ ਜੀਵਾਂ ਦੀਆਂ ਵੰਨਗੀਆਂ, ਰੰਗਤਾਂ ਦੇ ਨਾਮ ਉਕਰੇ ਹਨ, ਲੇਖ ਲਿਖੇ ਹਨ। ਉਸਨੇ ਕਿਤਨਿਆਂ ਦੇ ਲੇਖ ਲਿਖੇ ਹਨ ਇਸਦਾ ਤਾਂ ਕੋਈ ਅੰਤ ਹੀ ਨਹੀਂ:

ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥
ਵੁੜੀ=ਤਿਖੀ, ਸਦਾ ਵਗਦੀ

ਇਹ ਲੇਖ ਕਿਉਂ ਤੇ ਕਿਵੇਂ ਲਿਖੇ ਇਸ ਬਾਰੇ ਕੋਈ ਵਿਰਲਾ, ਰੱਬ ਨੂੰ ਪਹੁੰਚਿਆ ਹੀ ਸ਼ਾਇਦ ਦਸ ਸਕੇ। ਹਿਸਾਬ ਕਿਤਾਬ ਵਿਰਲੇ ਹੀ ਲਿਖਣਾ ਜਾਣਦੇ ਹਨ। ਜੇ ਇਹ ਲਿਖ ਵੀ ਲੈਣਗੇ ਤਾਂ ਸਭਨਾਂ ਦੇ ਲੇਖ ਲਿਖਣ ਵਾਲਾ ਕਿਤਨਾ ਵੱਡਾ ਹੈ ਉਸਦਾ ਕੀਤਾ ਹਿਸਾਬ ਕਿਤਾਬ ਕਿਤਨਾ ਵਿਸ਼ਾਲ ਹੈ ਇਹ ਤਾਂ ਸਭ ਇਨਸਾਨੀ ਹਿਸਾਬ-ਕਿਤਾਬਾਂ ਤੋਂ ਬਾਹਰਾ ਹੈ; ਕੀਤਾ ਹੀ ਨਹੀਂ ਜਾ ਸਕਦਾ:

ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥

ਪਰਮਾਤਮਾਂ ਨੇ ਜੋ ਲੇਖਾ (ਹਿਸਾਬ-ਕਿਤਾਬ) ਲਿਖਿਆ ਹੋਇਆ ਹੈ ਜਾਂ ਲੇਖ ਲਿਖੇ ਹਨ ਉਹ ਕੋਈ ਵਿਰਲਾ ਹੀ ਜਾਣ ਸਕਦਾ ਹੈ? ਲਿਖਿਆ ਹੋਇਆ ਲੇਖਾ ਕਿਸ ਤਰ੍ਹਾਂ ਦਾ ਹੈ? ਕੀ ਲੇਖ ਲਿਖੇ ਹੋਏ ਹਨ? ਉਸਨੇ ਕਿਤਨਿਆਂ ਦੇ ਲੇਖ ਲਿਖੇ ਹਨ ? ਇਹ ਕੌਣ ਜਾਣ ਸਕਦਾ ਹੈ ? ਜਿਤਨਾ ਵੀ ਲੇਖਾ ਲਿਖ ਲਈਏ ਉਸ ਤੋਂ ਹੋਰ ਕਿਤੇ ਜ਼ਿਆਦਾ ਲਿਖਣੋਂ ਰਹਿ ਜਾਵੇਗਾ।

ਪਰਮਾਤਮਾ ਦਾ ਤਾਣ ਕਿਤਨਾ ਹੈ? ਉਸਦਾ ਰੂਪ ਕਿਤਨਾ ਮਨਮੋਹਕ ਹੈ? ਉਸਦੀਆਂ ਦਾਤਾਂ ਕਿਤਨੀਆਂ ਬੇਅੰਂਤ ਹਨ? ਉਸ ਦੀਆਂ ਕਿਤਨੀਆਂ ਸ਼ਕਤੀਆਂ ਹਨ? ਵਿਸ਼ਾਲਤਾ ਕਿਤਨੀ ਹਨ? ਇਹ ਸਭ ਬਿਆਨੋਂ ਬਾਹਰ ਹੈ:

ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥
(ਕੂਤ= ਕੂਵਤ, ਤਾਕਤ, ਸ਼ਕਤੀ, ਹਿੰਮਤ)

ਵਿਸ਼ਾਲ ਹੈ ਪਰਮਾਤਮਾ ਤੇ ਵਿਸ਼ਾਲ ਹੈ ਉਸ ਦਾ ਨਾਮ, ਜੋ ਕੁਝ ਉਹ ਕਰਦਾ ਹੈ ਉਸੇ ਤਰ੍ਹਾਂ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਜੋ ਅਪਣੇ ਆਪੇ ਨੂੰ ਜਣਾਵੇ ਤੇ ਸਭ ਅਪਣਾ ਕੀਤਾ ਕਹੇ ਉਹ ਅੱਗੇ ਜਾ ਕੇ ਸ਼ੋਭਾ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਉਹ ਤਾਂ ਹਉਮੈਂ ਦਾ ਮਾਰਿਆ ਝੂਠ ਨੰ ਸੱਚ ਬਣਾਈ ਜਾਂਦਾ ਹੈ।

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ ੨੧ ॥
(ਜਪੁਜੀ: ਮ: ੧, ਪੰਨਾ ੫)

ਲਖਾਂ ਪਾਤਾਲ ਹਨ ਲੱਖਾਂ ਹੀ ਅਸਮਾਨ।ਹਿੰਦੂ ਧਰਮ ਗ੍ਰੰਥ ਕਹਿੰਦੇ ਹਨ ਕਿ ਰੱਬ ਦੇ ਹੱਦ ਬੰਨਿਆਂ ਨੂੰ ਬੜੇ ਹੀ ਭਾਲ ਭਾਲ ਕੇ ਥੱਕ ਥੱਕ ਗਏ, ਨਾਕਾਮਯਾਬ ਹੋ ਗਏ ਹਨ ਪਰਮਾਤਮਾਂ ਦਾ ਅੰਤ ਲੱਭਦੇ ਲੱਭਦੇ। ਯਹੂਦੀ, ਈਸਾਈ, ਤੇ ਮੁਸਲਿਮ ਧਾਰਮਿਕ ਗ੍ਰੰਥ ਆਖਦੇ ਹਨ ਕਿ ਅਠਾਰਾਂ ਹਜ਼ਾਰ ਆਲਮ ਹਨ ਪ੍ਰੰਤੂ ਸਾਰ ਤਤ ਇਕੋ ਹੈ ਕਿ ਪ੍ਰਭੂ ਬੇਅੰਤ ਹੈ।ਜੇ ਕਰ ਉਸਦਾ ਕੋਈ ਹਿਸਾਬ ਕਿਤਾਬ ਹੋਵੇ ਤਾਂ ਹੀ ਇਨਸਾਨ ਉਸ ਨੂੰ ਲਿਖ ਸਕਦਾ ਹੈ। ਵਾਹਿਗੁਰੂ ਦੇ ਹਿਸਾਬ ਕਿਤਾਬ ਦਾ ਅੰਤ ਨਹੀਂ ਹਿਸਾਬ ਕਿਤਾਬ ਨੂੰ ਬਿਆਨਦਾ ਤਾਂ ਆਦਮੀ ਮਰ ਮੁਕ ਜਾਂਦਾ ਹੈ ਪਰ ਫਿਰ ਵੀ ਲਖਣੋਂ ਰਹਿ ਜਾਂਦਾ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਨੂੰ ਬੇਅੰਤ ਵਿਸ਼ਾਲ ਮੰਨ ਲਵੋ ਤੇ ਬਿਆਨ ਕਰੋ। ਅਪਣੇ ਆਪੇ ਨੂੰ ਸਿਰਫ ਪਰਮਾਤਮਾਂ ਆਪ ਹੀ ਜਾਣਦਾ ਹੈ ਹੋਰ ਕੋਈ ਨਹੀਂ।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ ੨੨ ॥ (ਜਪੁਜੀ ਮ: ੧, ਪੰਨਾ ੫)

ਪਰਮਾਤਮਾ ਨੇ ਇਕ ਸ਼ਬਦੋਂ ਹੀ ਸਾਰਾ ਪਸਾਰਾ ਫੈਲਾ ਦਿਤਾ; ਸ਼ਬਦੋਂ ਹੀ ਅਣੂਆਂ ਦੇ ਦਰਿਆ ਵਗ ਪਏ।

ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥

ਪਰਮਾਤਮਾ ਦੀ ਕੁਦਰਤ ਨੂੰ ਵਿਚਾਰ ਕੇ ਕੌਣ ਬਿਆਨ ਸਕਦਾ ਹੈ ?

ਕੁਦਰਤਿ ਕਵਣ ਕਹਾ ਵੀਚਾਰੁ ॥

ਪਰਮਾਤਮਾ ਉਪਰ ਤਾਂ ਮੈਂ ਇਕ ਵਾਰ ਵੀ ਵਾਰਿਆ ਜਾਣ ਜੋਗਾ ਨਹੀਂ:

ਵਾਰਿਆ ਨ ਜਾਵਾ ਏਕ ਵਾਰ ॥

ਉਹੀਓ ਕੰਮ ਭਲਾ ਹੈ ਉਤਮ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ:

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਨਿਰੰਕਾਰ ਸਦਾ ਸਲਾਮਤ ਹੈ, ਕਿਸੇ ਰੋਗ ਨਾਲ ਲਿਪਿਤ ਨਹੀਂ, ਕਿਸੇ ਵਿਕਾਰ ਵਿਚ ਨਹੀਂ ਫਸਿਆ ਹੋਇਆ; ਮਰਨ ਜੰਮਣ ਵਿਚ ਨਹੀਂ; ਆਉਣ ਜਾਣ ਵਿਚ ਨਹੀਂ:

ਤੂ ਸਦਾ ਸਲਾਮਤਿ ਨਿਰੰਕਾਰ ॥ ੧੬ ॥ (ਜਪੁਜੀ ਮ: ੧, ਪੰਨਾ ੩)




.