.
<

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠੱਤੀਂਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(੬-ਖ) "ਸਗਲ ਧਰਮ, ਹਰਿ ਕੇ ਗੁਣ ਗਾਮ" - ਹੱਥਲੇ ਗੁਰਮੱਤ ਪਾਠ ਦੀ ਚਲ ਰਹੀ ਲੜੀ ਦੇ ਅੰਕ ੬ ‘ਰਾਹੀਂ (ੳ ਤੋਂ ਕ ਤੀਕ) ਭਲੀ ਪ੍ਰਕਾਰ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਭੂ ਦੀ ਸਮੂਚੀ ਰਚਨਾ:-

"ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥  ॥" (ਬਾਣੀ ਜਪੁ)

ਅਥਵਾ "ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ…." (ਪੰ: ੪੬੩)

ਭਾਵ ਪ੍ਰਭੂ ਦੀ ਸਮੂਚੀ ਰਚਨਾ ਦਾ ਹਰੇਕ ਅੰਗ ਬਾਹਰੋਂ-ਸਰੂਪ ਤੇ ਸ਼ਕਲ ਕਰਕੇ ਅਤੇ ਅੰਦਰੋਂ-ਸੁਭਾਅ ਤੇ ਸੀਰਤ ਕਰਕੇ "ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ" (ਬਾਣੀ ਜਪੁ) ਭਾਵ ਪ੍ਰਭੂ ਦੇ ਵਿਸ਼ੇਸ਼ ਨਿਯਮ ਅਤੇ ਉਸ ਦੇ ਹਰੇਕ ਅੰਗ `ਚ ਉਸ ਵੱਲੋਂ ਨਿਯਤ ਤੇ ਨਿਰਧਾਰਤ ਕੀਤੇ ਹੋਏ—ਹਰ ਸਮੇ ਆਪਣੇ ਆਪਣੇ "ਧਰਮ" `ਚ ਬੱਝਾ ਹੋਇਆ ਚੱਲ ਰਿਹਾ ਹੈ। ਇਹ ਵੀ ਕਿ ਪ੍ਰਭੂ ਦਾ ਇਹੀ "ਹੁਕਮੀ ਨਿਯਮ", "ਨਾਨਕ ਸਚੁ ਧਿਆਇਨਿ ਸਚੁ" (ਪੰ: ੪੬੩) ਅਨੁਸਾਰ ਸਮੂਚੇ ਮਨੁੱਖ ਮਾਤ੍ਰ `ਤੇ ਅਥਵਾ "ਮਾਨਵ-ਵਾਦ" ਲਈ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦਾ ਹੈ।

ਇਸ ਲਈ ਬਿਨਾ ਵਿੱਤਕਰਾ ਰੰਗ-ਨਸਲ, ਦੇਸ਼-ਵਿਦੇਸ਼, ਇਸਤ੍ਰੀ-ਪੁਰਖ, ਬੱਚਾ-ਬਿਰਧ, ਊਚ-ਨੀਚ, ਜਾਤ-ਵਰਣ-ਧਰਮ-ਸੰਸਾਰ ਵਿੱਚਲੀ ਸਮੂਚੀ ਸਫ਼ਲ ਜੀਵਨ ਮਨੁੱਖ ਜਾਤੀ ਵੀ-ਜੀਂਦੇ ਜੀਅ ਆਤਮਕ ਅਡੋਲਤਾ ਵਾਲਾ ਅਨੰਦਤ ਤੇ ਟਿਕਾਅ ਵਾਲਾ ਜੀਵਨ ਬਤੀਤ ਕਰਦੀ ਹੈ। ਉਪ੍ਰੰਤ ਆਪਣੇ ਸਰੀਰਾਂ ਦੇ ਬਿਨਸਨ ਬਾਅਦ ਵੀ ਉਹ ਅਸਲੇ ਪ੍ਰਭੂ `ਚ ਹੀ ਸਮਾ ਜਾਂਦੇ ਹਨ; ਇਸ ਤਰ੍ਹਾਂ ਉਹ ਮੁੜ ਜਨਮਾਂ, ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਨਹੀਂ ਆਉਂਦੇ। ਕਿਉਂਕਿ:-

() "ਸਭ ਤੇ ਊਤਮ ਇਹੁ ਕਰਮੁ॥ ਸਗਲ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਸਿਮਰਨਿ ਤੇਰਾ ਹੋਇ ਉਧਾਰੁ॥ ਜਨਮ ਜਨਮ ਕਾ ਉਤਰੈ ਭਾਰੁ" (ਪੰ: ੮੯੫)

() "ਸਗਲ ਸੂਖ ਜਪਿ ਏਕੈ ਨਾਮ॥ ਸਗਲ ਧਰਮ, ਹਰਿ ਕੇ ਗੁਣ ਗਾਮ" (ਪ: ੩੯੨)

() "ਸਰਬ ਧਰਮ ਮਾਨੋ ਤਿਹ ਕੀਏ, ਜਿਹ ਪ੍ਰਭ ਕੀਰਤਿ ਗਾਈ" (ਪ: ੯੦੨)

() "ਆਠ ਪਹਰ ਮਨਿ ਹਰਿ ਜਪੈ, ਸਫਲੁ ਜਨਮੁ ਪਰਵਾਣੁ" (ਪੰ: ੨੯੮)

ਉਸੇ ਦਾ ਨਤੀਜਾ "ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ" (ਪੰ: ੬੮੭) ਉਹ "ਸ਼ਬਦ ਗੁਰੂ" ਦੀ ਕਮਾਈ ਕਰਦੇ ਤੇ ਸਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਹੋ ਜਾਂਦੇ ਹਨ।

ਜਦਕਿ ". . ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ" ਅਨੁਸਾਰ ਆਪਹੁੱਦਰੇ ਮਨਮੁੱਖ, ਜੀਂਦੇ ਜੀਅ ਵੀ ਖੁਆਰੀਆਂ, ਤ੍ਰਿਸ਼ਨਾ, ਭਟਕਣਾ ਵਿਕਾਰਾਂ ਆਦਿ ਦੀ ਮਾਰ ਸਹਿੰਦੇ ਅਤੇ ਹਰੇਕ ਪਲ ਆਪਣੇ ਲਈ ਆਤਮਕ ਮੌਤ ਹੀ ਸਹੇੜੀ ਰਖਦੇ ਹਨ।

ਅਜਿਹੇ ਮਨਮੁਖ, ਸਰੀਰਕ ਮੌਤ ਤੋਂ ਬਾਅਦ ਵੀ "ਜੋ ਮਰਿ ਜੰਮੇ ਸੁ ਕਚੁ ਨਿਕਚੁ" ਭਾਵ ਮੁੜ ਉਨ੍ਹਾਂ ਹੀ ਜੂਨਾਂ, ਜਨਮਾਂ ਤੇ ਭਿੰਨ ਭਿੰਨ ਗਰਭਾਂ ਨੂੰ ਭੋਗਦੇ ਅਤੇ ਬਿਰਥਾ ਕੀਤੇ ਜਾ ਚੁੱਕੇ ਮਨੁੱਖਾ ਜਨਮ ਲਈ ਪਛਤਾਉਂਦੇ ਹਨ ਪਰ ਓਦੋਂ ਉਨ੍ਹਾਂ ਦਾ ਕੁੱਝ ਵੱਸ ਨਹੀਂ ਚਲਦਾ, ਕੁੱਝ ਲਾਭ ਨਹੀਂ ਹੁੰਦਾ।

"ਨਾਮ ਜਪੋ, ਕਿਰਤ ਕਰੋ, ਵੰਡ ਛਕੋ" -ਦਰਅਸਲ ਮਨੁੱਖਾ ਜਨਮ ਦੀ ਸਫ਼ਲ ਅਵਸਥਾ ਨੂੰ ਹੀ ਗੁਰਦੇਵ ਨੇ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਵਾਲੀ ਸ਼ਬਦਾਵਲੀ ਰਾਹੀਂ ਵੀ, "ਗੁਰਬਾਣੀ ਦੇ ਇਸ ਸਿਧਾਂਤ ਨੂੰ ਹਰੇਕ ਜਗਿਆਸੂ ਤੀਕ ਪਹੁੰਚਾਇਆ ਹੋਇਆ ਹੈ।

ਇਸ ਲਈ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਵਾਲੇ ਸ਼ੰਬੰਧਤ ਵਿਸ਼ੇ ਨੂੰ ਜੇ ਕਰ ਅਸਾਂ ਕੁੱਝ ਹੀ ਲਫ਼ਜ਼ਾਂ `ਚ ਬਿਆਨਣਾ ਤੇ ਸਮਝਣਾ ਹੋਵੇ ਤਾਂ ਮੂਲ ਰੂਪ `ਚ "ਗੁਰਬਾਣੀ ਵਿੱਚਲੇ ਸ਼ਬਦ "ਨਾਮ" ਦਾ ਹੀ ਸੰਪੂਰਣ ਸਰੂਪ, ਅਰਥ ਤੇ ਵਿਆਖਿਆ ਹੈ--- "ੴਤੋਂ ਤਨੁ ਮਨੁ ਥੀਵੈ ਹਰਿਆ ਤੀਕ" ਅੱਖਰ ਰੂਪ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰਲੀ ਸੰਪੂਰਣ ਗੁਰਬਾਣੀ

ਇਸ ਤਰ੍ਹਾਂ ਗੁਰਬਾਣੀ ਅਨੁਸਾਰ ‘ਨਾਮ ਜਪੋ’ ਦਾ ਅਰਥ ਹੈ-ਹਰੇਕ ਮਨੁੱਖ ਨੇ ਆਪਣੇ-ਆਪਣੇ ਜੀਵਨ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਿੱਖਿਆ ਅਤੇ ਆਦੇਸ਼ਾਂ ਅਨੁਸਾਰ ਤਿਆਰ ਕਰਨਾ, "ਗੁਰਬਾਣੀ ਦੀ ਤਾਬਿਆ ਚਲਾਉਣਾ" ਅਤੇ "ਗੁਰਬਾਣੀ ਤੋਂ ਪ੍ਰਗਟ ਜੀਵਨ ਜਾਚ" ਦਾ ਅਨੁਸਾਰੀ ਬਨਾਉਣਾ ਹੈ।

ਉਪ੍ਰੰਤ ਜੇਕਰ ਮਨੁੱਖਾ ਜੀਵਨ ਦੀ ਗੁਰਬਾਣੀ ਵਿਚਾਰਧਾਰਾ ਆਧਾਰਿਤ ਇਹੋ ਜਿਹੀ ਉਚੀ-ਸੁੱਚੀ ਆਤਮਕ ਅਵਸਥਾ ਤਿਆਰ ਹੋ ਆ, ਤਾਂ ਹੀ ਸਮਝ ਆਵੇਗੀ ਕਿ "ਕਿਰਤ ਕਰਣ" ਦੇ ਅਰਥ ਕੀ ਹਨ? ਉਸ ਤੋਂ ਪਹਿਲਾਂ ਨਹੀਂ। ਇਹ ਤਾਂ ਕੇਵਲ ਗੁਰਬਾਣੀ ਨੇ ਹੀ ਸਾਬਤ ਕਰਨਾ ਹੈ ਕਿ ਜੋ ਕੁੱਝ ਅਸੀਂ ਕਰ ਰਹੇ ਹਾਂ ਉਹ ਗੁਰਬਾਣੀ ਆਦੇਸ਼ਾ ਦੇ ਆਧਾਰ `ਤੇ "ਕਿਰਤ" ਹੈ ਵੀ ਜਾਂ ਨਹੀਂ।

ਇਸ ਤਰ੍ਹਾਂ ਜਿਉਂ ਜਿਉਂ ਸਾਡਾ ਜੀਵਨ "ਸਭ ਮਹਿ ਜੋਤਿ ਜੋਤਿ ਹੈ ਸੋਇ" (ਪੰ: ੧੩) ਅਨੁਸਾਰ, ਸਚਮੁਚ ਹੀ ਗੁਰਬਾਣੀ ਸਿੱਖਿਆਵਾਂ ਆਧਾਰਤ ਪ੍ਰਫ਼ੁਲਤ ਹੁੰਦਾ ਜਾਵੇਗਾ ਤਾਂ ਸਾਡਾ ਜੀਵਨ ਸੁਆਰਥ ਭਰਪੂਰ, ਲੋਭੀ ਤੇ ਤ੍ਰਿਸ਼ਨਾਲੂ ਆਦਿ ਹੋਣ ਦੀ ਬਜਾਏ, ਦਿਨੋਦਿਨ ਪਰਉਪਕਾਰ ਵਰਗੇ ਦੈਵੀ, ਇਲਾਹੀ ਅਤੇ ਆਤਮਕ ਗੁਣਾਂ ਨਾਲ ਭਰਪੂਰ ਹੁੰਦਾ ਜਾਵੇਗਾ।

ਸਾਡੇ ਜੀਵਨ `ਚ "ਨਾਮ ਜਪੇ" ਵਾਲੀ ਅਜਿਹੀ ਪ੍ਰਾਪਤ ਹੋ ਚੁੱਕੀ ਅਵਸਥਾ ਸਮੇਂ ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਦਿਆਨਤਦਾਰੀ ਆਦਿ ਇਲਾਹੀ ਗੁਣ ਸਾਡੇ ਨਿਤਾਪ੍ਰਤੀ ਦੇ ਜੀਵਨ ਦਾ ਆਪਣੇ ਆਪ ਹਿੱਸਾ ਬਣਦੇ ਜਾਣਗੇ।

"ਘਾਲਿ ਖਾਇ ਕਿਛੁ ਹਥਹੁ ਦੇਇ" -ਇਸ ਤਰ੍ਹਾਂ ਗੁਰਬਾਣੀ ਆਗਿਆ `ਚ "ਨਾਮ ਜਪੋ" ਆਧਾਰਤ ਸਾਡੀ ਆਜੀਵਕਾ ਦਾ ਆਧਾਰ ਹੀ ਸਾਡੀ ਸੱਚੀ ਸੁੱਚੀ "ਕਿਰਤ" ਹੋਵੇਗੀ ਤਾਂ ਗੁਰਬਾਣੀ ਆਦੇਸ਼ਾਂ ਅਨੁਸਾਰ ਸਾਡੇ ਜੀਵਨ ਦਾ ਅਗ਼ਲਾ ਤੇ ਜੁੜਵਾਂ ਕੱਦਮ ਵੀ:-

"ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ" (ਪੰ: ੧੨੪੫)

ਆਪਣੇ ਆਪ ਹੁੰਦਾ ਜਾਵੇਗਾ ਭਾਵ ‘ਵੰਡ ਛਕੋ’ ਵਾਲਾ ਗੁਰਬਾਣੀ ਆਧਾਰਤ ਰੱਬੀ ਉਤਸਾਹ ਵੀ ਸਾਡੇ ਜੀਵਨ `ਚ ਆਪ ਮੁਹਾਰੇ ਪਣਪਣਾ ਸੁਰੂ ਹੋ ਜਾਵੇਗਾ ਅਤੇ ਉਭਰੇਗਾ ਵੀ। ਉਸ ਸਮੇਂ ‘ਵੰਡ ਛਕੋ’ ਦੇ ਅਰਥ ਵੀ ਸਾਡੇ ਜੀਵਨ `ਚ:-

() "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ" (ਪੰ: ੪੬੫) ਵਾਲੇ ਨਹੀਂ ਰਹਿਣਗੇ ਅਤੇ ਨਾ ਹੀ ਹੋਣਗੇ, ਭਾਵ

ਉਸ ਸਮੇਂ ‘ਵੰਡ ਛਕੋ’ ਦੇ ਅਰਥ ਵੀ ਸਾਡੇ ਜੀਵਨ `ਚ ਬ੍ਰਾਹਮਣੀ ਦਾਨ-ਪੁੰਨ ਵਾਲੇ ਪੁਰਾਤਨ, ਬਨਾਵਟੀ ਤੇ ਗੁਰਮੱਤ ਵਿਰੋਧੀ ਤਿਆਰ ਨਹੀਂ ਹੋਣਗੇ।

ਜੇ ਅਜਿਹਾ ਨਹੀਂ ਤਾਂ ਅਸੀਂ ਵੀ, ‘ਵੰਡ ਛਕੋ’ ਦੇ ਉਹੀ ਪੁਰਾਤਨ ਬ੍ਰਾਹਮਣੀ ਅਤੇ ਮਨ-ਮਰਜ਼ੀ ਦੇ ਬਨਾਵਟੀ ਦਾਨ ਪੁੰਨ ਵਾਲੇ ਅਰਥਾਂ `ਚ ਹੀ ਡੁੱਬੇ ਰਹਾਂਗੇ। ਉਸੇ ਦਲ-ਦਲ, `ਚ ਜਿਸ ਚੋਂ ਗੁਰਦੇਵ ਨੇ ਸਾਨੂੰ ਦਸ ਜਾਮੇ ਧਾਰਣ ਕਰਕੇ ਅਤੇ ਅਨੇਕਾਂ ਘਾਲਣਾਵਾਂ ਘਾਲ ਕੇ ਕੱਢਿਆ ਸੀ।

ਇਸ ਤਰ੍ਹਾਂ ਮੂਲ ਰੂਪ `ਚ ਗੁਰਬਾਣੀ ਆਧਾਰਤ ‘ਨਾਮ ਜਪੋ’ ਦੇ ਅਰਥਾਂ ਨਾਲ ਤਿਆਰ ਹੋਇਆ ਸਾਡਾ ਜੀਵਨ ਹੀ ਸਾਨੂੰ ‘ਕਿਰਤ ਕਰੋ’ ਅਤੇ ‘ਵੰਡ ਛਕੋ’ ਦੋਨਾਂ ਦੇ ਸਹੀ ਅਰਥ ਦੇ ਸਕੇਗਾ।

ਸਪਸ਼ਟ ਹੋਇਆ ਕਿ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਸਾਡੇ ਜੀਵਨ ਲਈ ਗੁਰਮੱਤ ਦਾ ਲੜੀਬੱਧ ਇਕੋ ਹੀ ਨਿਵੇਕਲਾ ਅਤੇ ਵੱਡਮੁਲਾ ਅਜਿਹਾ ਸਿਧਾਂਤ ਹੈ।

ਜਿੱਥੇ "ਕਿਰਤ ਕਰੋ" ਅਤੇ "ਵੰਡ ਛਕੋ" ਗੁਰਬਾਣੀ ਅਨੁਸਾਰ ਦੋਵੇਂ ਇਕੱਲੇ "ਨਾਮ ਜਪੋ" ਦਾ ਹੀ ਵਿਸਤਾਰ ਹਨ।

ਸ਼ਰਤ ਇਕੋ ਹੈ ਅਤੇ ਉਹ ਕਿ ਜਦੋਂ ਅਸਾਂ "ਨਾਮ ਜਪੋ" ਦੇ ਅਰਥ ਵੀ ਨਿਰੋਲ ਗੁਰਬਾਣੀ ਚੋਂ ਹੀ ਲਏ ਹੋਣ ਗੇ। ਜਦਕਿ ਉਂਝ ਵੀ ਪੜ੍ਹ ਆਏ ਕਿ ਗੁਰਦੇਵ ਨੇ ਗੁਰਬਾਣੀ `ਚ ਵੀ ਇਨ੍ਹਾਂ ਦੋਨਾਂ ਨੂੰ "ਨਾਮ ਜਪੋ" ਆਧਾਰਤ ਇਕੱਠੇ ਅਤੇ ਜੁੜਵੇਂ ਹੀ ਅਰਥਾਂ ਬਿਆਣਿਆ ਹੋਇਆ ਹੈ ਜਿਵੇਂ:-

"ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ" (ਪੰ: ੧੨੪੫)

ਜਿਸਦੇ ਸਪਸ਼ਟ ਅਰਥ ਹਨ, ਐ ਬੰਦਿਆ! ਜਦੋਂ ਤੇਰਾ ਜੀਵਨ ਗੁਰਬਾਣੀ ਅਨੁਸਾਰ ‘ਨਾਮ ਜਪੋ’ ਆਧਾਰਤਕਰ ਕਰਤਾਰ ਦੇ ਰੰਗ ਰੰਗਿਆ ਜਾਵੇਗਾ ਤਾਂ ਹੀ ਤੈਨੂੰ ਸਮਝ ਆਵੇਗੀ "ਘਾਲਿ ਖਾਇ ਤੇਰੀ ਕਮਾਈ "ਘਾਲਿ ਕਮਾਈ" ਅਥਵਾ ਕਿਰਤ ਕਰੋ, ਹੈ ਵੀ ਤੇ ਕਰ ਵੀ ਰਿਹਾ ਹੈ ਜਾਂ ਨਹੀਂ।

ਓਦੋਂ ਤੈਨੂੰ ਇਹ ਸਮਝ ਵੀ ਆਪਣੇ ਆਪ ਆ ਜਾਵੇਗੀ ਕਿ ਉਸ ‘ਕਿਰਤ ਕਮਾਈ’ ਨੂੰ ਤੂੰ ਇਕਲਿਆਂ ਨਹੀਂ ਬਲਕਿ "ਕਿਛੁ ਹਥਹੁ ਦੇਇ" ਲੋੜਵੰਦਾਂ ਨਾਲ ਵੰਡ ਕੇ ਵੀ ਛਕਣਾ ਹੈ।

ਕਿਉਂਕਿ ਤੂੰ ਇਕੱਲਾ ਨਹੀਂ ਬਲਕਿ ਇੱਕ ਸਮਾਜਿਕ ਤੇ ਧਾਰਮਿਕ ਪ੍ਰਾਣੀ ਵੀ ਹੈਂਇਸ ਲਈ ਤੇਰੀਆਂ ਕੁੱਝ ਹੋਰ ਜ਼ਿਮੇਵਾਰੀਆਂ ਵੀ ਹਨ। ਜਦਕਿ ਤੇਰੇ ਅੰਦਰ ਉਨ੍ਹਾਂ ਜ਼ਿਮੇਵਾਰੀਆਂ ਦਾ ਇਹਸਾਸ ਵੀ ਗੁਰਬਾਣੀ-ਗੁਰੂ ਤੋਂ ਪ੍ਰਾਪਤ ਸਿਖਿਆ ਭਾਵ ‘ਨਾਮ ਜਪੋ’ ਤੋਂ ਹੀ ਪੈਦਾ ਹੋਵੇਗਾ, ਉਂਝ ਨਹੀਂ।

ਇਸੇ ਲਈ ਹੀ ਗੁਰਦੇਵ ਵੀ ਇਥੇ ਫ਼ੁਰਮਾਅ ਰਹੇ ਹਨ "ਨਾਨਕ ਰਾਹੁ ਪਛਾਣਹਿ ਸੇਇ" ਭਾਵ ਕੇਵਲ ਇਹੀ ਤਰੀਕਾ ਹੈ ਜਿਸ ਰਾਹੀਂ ਜੀਵਨ ਨੂੰ ਠੀਕ ਰਾਹ ਤੇ ਟੋਰਿਆ ਜਾ ਸਕਦਾ ਹੈ ਅਤੇ ਇਸ ਮਨੁੱਖਾ ਜਨਮ ਦੀ ਗੁਰਬਾਣੀ ਆਧਾਰਤ ਅਸਲੀਅਤ ਨੂੰ ਸਮਝਿਆ ਜਾ ਸਕਦਾ ਹੈਂ।

ਅੱਗੇ ਚੱਲ ਕੇ ਚੌਥੇ ਜਾਮੇ ਸਮੇਂ ਦਰਅਸਲ ਇਸੇ "ਵੰਡ ਛਕੋ" ਵਾਲੀ ਹਿਦਾਇਤ ਦਾ ਹੀ ਪ੍ਰਗਟ ਤੇ ਬਦਲਵਾਂ ਰੂਪ ਸੀ "ਦਸਵੰਧ’ ਪ੍ਰਥਾ"। ਉਪ੍ਰੰਤ ਪੰਜਵੇਂ ਪਾਤਸ਼ਾਹ ਨੇ, ਚੌਥੇ ਪਾਤਸ਼ਾਹ ਰਾਹੀਂ ਅਰੰਭ ਕੀਤੀ ਉਸ "ਦਸਵੰਧ’ ਪ੍ਰਥਾ" ਨੂੰ ਬਾਕਾਇਦਾ ਸੰਸਥਾ ਦਾ ਰੂਪ ਬਖ਼ਸ਼ਿਆ ਸੀ।

"ਗਿਆਨ ਵਿਹੂਣਾ ਗਾਵੈ ਗੀਤ" - ਦਰਅਸਲ ਉਪ੍ਰੋਕਤ "ਘਾਲਿ ਖਾਇ ਕਿਛੁ ਹਥਹੁ ਦੇਇ" ਵਾਲਾ ਪੂਰਾ ਸਲੋਕ, ਸੰਗਤਾਂ ਦੀ ਸੰਬੰਧਤ ਜਾਣਕਾਰੀ ਲਈ ਇਸ ਤਰ੍ਹਾਂ ਹੈ:-

"ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ" (ਪੰ: ੧੨੪੫)

ਇਸ ਤਰ੍ਹਾਂ ਇਸ ਪੱਖੋਂ ਅੱਜ ਆਪਣੇ ਘਰ ਵਿੱਚਲੀ ਸਚਾਈ ਨੂੰ ਸਮਝਦੇ ਵੀ ਦੇਰ ਨਹੀਂ ਲਗਣੀ ਚਾਹੀਦੀ। ਖਾਸ ਤੌਰ `ਤੇ ਉਦੋਂ ਜਦੋਂ ਸਾਡੀ ਹੀ ਪੁਜਾਰੀ ਤੇ ਪ੍ਰਚਾਰਕ ਸ਼੍ਰੇਣੀ ਵਿੱਚਲੇ ਬਹੁਤੇ ਲੋਕ ਅਤੇ ਉਹ ਵੀ ਧਰਮ ਦੇ ਪਰਦੇ ਹੇਠ "ਨਾਮ ਜਪੋ, ਕਿਰਤ ਕਰੋ" ਵਾਲੇ ਲਫ਼ਜ਼ਾਂ ਦੀ ਵਰਤੋਂ ਤਾਂ ਬਹੁਤ ਕਰਦੇ ਹਨ ਦੂਜੇ ਪਾਸੇ ਉਨ੍ਹਾਂ ਦੀ ਬਹੁਤਾ ਕਰਕੇ ਦੌੜ ਭੋਲੀਆਂ ਭਾਲੀਆਂ ਗੁਰੂ ਕੀਆਂ ਸੰਗਤਾਂ ਦੀਆਂ ਜੇਬਾਂ `ਚੌਂ ਆਪਣੇ ਲਈ ਵੱਧ ਤੋਂ ਵੱਧ ਮਾਇਆ ਦੇ ਗਫੇ ਘਡਵਾਉਣ ਵੱਲ ਹੀ ਹੁੰਦੀ ਹੈ।

ਸਪਸ਼ਟ ਹੈ ਕਿ ਇਸਤਰ੍ਹਾਂ ਉਨ੍ਹਾਂ ਦੇ ਆਪਣੇ ਜੀਵਨ ਅੰਦਰ ਗੁਰਬਾਣੀ ਆਧਾਰਤ "ਵੰਡ ਛਕੋ" ਵਾਲੀ ਮਾਨਸਿਕ ਅਵਸਥਾ ਤਿਆਰ ਹੋਵੇਗੀ ਵੀ ਤਾਂ ਕਿਵੇਂ? ਕਿਉਂਕਿ ਉਸ ਸਮੇਂ ਉਥੇ ਤਾਂ ਅਜਿਹੇ ਸਜਣਾਂ ਦਾ ਗੁਰਬਾਣੀ ਸਿਧਾਂਤ ਦੇ ਬਦਲੇ ਨਿਜ ਸੁਆਰਥ ਹੀ ਉਪਰ ਆਇਆ ਹੁੰਦਾ ਹੈ।

ਹੋਰ ਤਾਂ ਹੋਰ, ਦੇਖਿਆ ਜਾਵੇ ਤਾਂ ਅੱਜ ਬਹੁਤਾ ਕਰਕੇ ਸਿੱਖ ਜਗਤ `ਚ ਤੇਜ਼ੀ ਨਾਲ ਕੱਦਮ ਜਮਾਅ ਚੁੱਕੀ ਪੁਜਾਰੀ ਸ਼੍ਰੇਣੈ ਬਲਕਿ ਬਹੁਤਾ ਕਰਕੇ ਨਾਲ-ਨਾਲ ਸਾਡੀ ਅਜੋਕੀ ਬਹੁਤੀ ਪ੍ਰਚਾਰਕ ਸ਼੍ਰੇਣੀ ਦੀ ਸੋਚ ਵੀ ਨਿਰੋਲ ਗੁਰਮੱਤ ਦੇ ਪ੍ਰਚਾਰ ਵਾਲੇ ਪਾਸੇ ਘੱਟ ਹੁੰਦੀ ਹੈ; ਜਦਕਿ ਉਸ ਦੇ ਉਲਟ ਉਥੇ ਵੀ ਉਨ੍ਹਾਂ ਦੀ ਸੋਚ ਸੰਗਤਾਂ ਤੋਂ ਬਹੁਤੀ ਮਾਇਆ ਆਦਿ ਇਕਤ੍ਰ ਕਰਣ ਵੱਲ ਹੀ ਵੱਧ ਹੁੰਦੀ ਹੈ।

ਉਸੇ ਦਾ ਨਤੀਜਾ ਹੈ ਕਿ ਅੱਜ ਗੁਰੂ ਦੇ ਅਖਵਾਉਣ ਵਾਲੇ ਅਜਿਹੇ ਸਜਣਾਂ ਨੇ ਦੂਜਿਆਂ ਨੂੰ ਤਾਂ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਦੇ ਜੀਵਨ ਰਾਹ `ਤੇ ਕਿਵੇਂ ਟੋਰਣਾ ਹੈ? ਜਦੋਂ ਅੱਜ ਉਨ੍ਹਾਂ ਰਾਹੀਂ "ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ" (ਪੰ: ੪੮੮) ਆਧਾਰਤ ਕੀਤੇ ਜਾ ਰਹੇ ਅਜਿਹੇ ਗੁਰਮੱਤ ਪ੍ਰਚਾਰ ਕਾਰਣ, ਗੁਰੂ ਕਾ ਸਮੂਚਾ ਪੰਥ ਹੀ, ਦਿਨੋ-ਦਿਨ ਰਸਾਤਲ ਨੂੰ ਜਾ ਰਿਹਾ ਹੈ।

"ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ" -ਅੰਦਾਜ਼ਾ ਲਗਾਓ! ਜਿਸ ਕੌਮ ਕੋਲ "ਆਈ ਪੰਥੀ ਸਗਲ ਜਮਾਤੀ" (ਬਾਣੀ ਜਪੁ) ਭਾਵ ਸਮੂਚੀ ਮਾਨਵਤਾ ਨੂੰ ਸੰਸਾਰ ਤਲ ਦੇ ਇਕੋ-ਇਕ ਸਰਬ-ਸ਼ਾਂਝੇ "ਸ਼ਬਦ-ਗੁਰੂ" ਵਾਲੇ ਕਲਾਵੇ `ਚ ਲੈ ਕੇ ਚਲਣ ਲਈ, ਗੁਰਬਾਣੀ ਰਾਹੀਂ ਹਰ ਪੱਖੋਂ ਇਤਨੀ ਵੱਡੀ ਅਤੇ ਇਤਨੀ ਮਹਾਨ ਵਿਰਾਸਤ ਹੋਵੇ- ਫ਼ਿਰ ਉਹ ਦੋਸ਼ ਤਾਂ ਭਾਵੇਂ ਕਿਸੇ ਦੇ ਵੀ ਸਿਰ ਮੜ੍ਹਦੇ ਫ਼ਿਰਣ ਤੇ ਕਿਸੇ ਨੂੰ ਦਿੰਦੇ ਰਹਿਣ ਪਰ ਅਸਲੀਅਤ ਇਹੀ ਹੈ ਕਿ ਅਜਿਹੀ ਨਿਵੇਕਲੀ ਸਿੱਖ ਕੌਮ ਅੱਜ ਆਪ ਹੀ ਸਾਰੇ ਪਾਸਿਓਂ ਜੇਕਰ ਪੱਛੜ ਰਹੀ ਤੇ ਮਾਰ ਖਾ ਰਹੀ ਹੈ ਤਾਂ ਆਪਣੇ ਗੁਰਮੱਤ ਕੇਂਦ੍ਰਾਂ ਭਾਵ ਅਜੋਕੇ ਸਾਰੇ ਨਹੀਂ ਪਰ ਬਹੁਤੇ ਗੁਰਦੁਆਰਿਆਂ ਰਸਤੇ ਹੀ।

ਕਿਉਂਕਿ ਉਥੇ ਹੋ ਰਹੇ ਅਜੋਕੇ ਬਹੁਤੇ ਨਿਖਿੱਧ ਤੇ ਬੇ-ਸਿਰਪੈਰ ਦੇ ਗੁਰਮੱਤ ਪ੍ਰਚਾਰ ਅਤੇ ਉਨ੍ਹਾਂ ਗੁਰਮੱਤ ਪ੍ਰਚਾਰਕਾਂ ਉਪਰ ਛਾਏ ਹੋਏ, ਗੁਰਦੁਆਰਾ ਚੋਣਾਂ ਵਾਲੇ ਨਿਖਿਧ ਰਸਤੇ ਆਏ ਹੋਏ ਗੁਰਦੁਆਰਾ ਪ੍ਰਬੰਧਕਾਂ ਫ਼ਿਰ ਉਨ੍ਹਾਂ ਪ੍ਰਬੰਧਕਾਂ ਰਾਹੀਂ ਕੀਤੇ ਜਾ ਰਹੇ ਗੁਰਦੁਆਰਾ ਪ੍ਰਬੰਧ ਤੋਂ ਹੀ ਬਹੁਤਾ ਕਰਕੇ ਇਹ ਸਾਰੇ ਨਤੀਜੇ ਆ ਰਹੇ ਹਨ।

ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇ ਧਾਰਣ ਕਰਕੇ, ਬਿਨਾ ਵਿੱਤਕਰਾ ਸਮੂਚੇ ਮਨੁੱਖ ਮਾਤ੍ਰ ਨੂੰ ਗੁਰਬਾਣੀ ਰਾਹੀਂ ਮਨੁੱਖਾ ਜੀਵਨ ਦੀ ਸਫ਼ਲਤਾ ਤੇ ਸੰਭਾਲ ਲਈ ਬੇਅੰਤ ਅਮੋਲਕ ਸਿਧਾਂਤ ਬਖ਼ਸ਼ੇ ਸਨ। ਗੁਰਦੇਵ ਨੇ "ਹੁਕਮਿ ਰਜਾਈ ਚਲਣਾ" ਦੇ ਨਾਲ-ਨਾਲ ਪੰਥ ਨੂੰ "ਸਾਂਝੇ ਲੰਗਰ-ਪੰਗਤ-ਸਰੋਵਰ", "ਬਿਨਾ ਵਿੱਤਕਰਾ ਸਾਂਝੀਆਂ ਗੁਰੂ ਕੀਆਂ ਸੰਗਤਾਂ" ਉਪ੍ਰੰਤ ਮਨੁੱਖਾ ਜੀਵਨ ਨੂੰ ਜੀਊਣ ਲਈ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਵਰਗੇ ਆਲਮਗੀਰੀ ਅਮੋਲਕ ਸਿਧਾਂਤ ਵੀ ਬਖਸ਼ੇ। ਗੁਰਦੇਵ ਰਾਹੀਂ ਆਤਮਕ ਤਲ ਦੇ ਬਖ਼ਸੇ ਹੋਏ ਗੁਰਬਾਣੀ ਆਧਾਰਤ ਉਨ੍ਹਾਂ ਬੇਅੰਤ ਆਲਮਗੀਰੀ ਸਿਧਾਂਤਾਂ ਦਾ ਤੋੜ ਤੇ ਬਦਲ ਤਾਂ ਅੱਜ ਪੂਰੇ ਸੰਸਾਰ ਕੋਲ ਨਹੀਂ। ਇਸ ਸਾਰੇ ਦੇ ਬਾਵਜੂਦ:-

ਅੱਜ ਆਪਣੇ ਘਰ `ਚ ਹੀ ਆਪਣਿਆਂ ਰਾਹੀਂ ਵਿਗੜੇ ਹੋਏ ਅਤੇ ਨਾਲ-ਨਾਲ ਵਿਰੋਧੀਆਂ ਰਾਹੀਂ ਤੇਜ਼ੀ ਨਾਲ ਸ਼ਾਡੇ ਅੰਦਰ ਕੀਤੀ ਜਾ ਰਹੀ ਘੁਸਪੈਠ ਕਰਕੇ ਨਿੱਤ ਵਿਗਾੜੇ ਜਾ ਰਹੇ, ਗੁਰਬਾਣੀ ਪ੍ਰਚਾਰ-ਪ੍ਰਸਾਰ ਦੇ ਸਿੱਸਟਮ ਕਾਰਣ, ਸਮੂਚੇ ਪੰਥਕ ਤਲ `ਤੇ ਜਿਤਨੀ ਵੱਧ ਚੋਟ ਅੱਜ ਅਸੀਂ ਖਾ ਰਹੇ ਹਾਂ ਉਤਨੀ ਤਾਂ ਅੱਜ ਸੰਸਾਰ ਭਰ ਦੀ ਊਨੀ ਤੋਂ ਊਨੀ ਕੌਮ ਅਤੇ ਕੋਈ ਹੋਰ ਵਿਚਾਰਧਾਰਾ ਵੀ ਨਹੀਂ ਖਾ ਰਹੀ।

ਇਸ ਤੋਂ ਵੱਡੀ ਗੱਲ ਕਿ ਗੱਲ-ਗੱਲ `ਤੇ ਅੱਜ ਦੋਸ਼ ਤਾਂ ਦਿੱਤਾ ਜਾ ਰਿਹਾ ਹੈ ਤੇ ਦੇ ਰਹੇ ਹਾਂ ਗੁਰੂ ਦਰ ਦੇ ਉਨ੍ਹਾਂ ਵਿਰੋਧੀਆਂ ਨੂੰ ਜਿਹੜੇ ਅੱਜ ਪੈਦਾ ਨਹੀਂ ਹੋਏ ਬਲਕਿ ਉਹ ਤਾਂ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਪਣਪਣੇ ਸ਼ੁਰੂ ਹੋ ਗਏ ਸਨ ਅਤੇ ਦਸਮੇਸ਼ ਪਿਤਾ ਦੇ ਸਮੇਂ ਤੀਕ ਵੀ ਦਣ-ਦਨਾਉਂਦੇ ਰਹੇ। ਜਦਕਿ ਇੰਨਾ ਕੁੱਝ ਹੋਣ ਦੇ ਬਾਵਜੂਦ ਉਹ ਵਿਰੋਧੀ, ਪੰਥਕ ਕਿਲੇ ਅੰਦਰ ਓਦੋਂ ਤੀਕ ਇੱਕ ਸੁਰਾਖ ਤੀਕ ਵੀ ਨਹੀਂ ਸਨ ਕਰ ਸਕੇ।

ਜਦਕਿ ਪੰਥ ਦੀ ਅੱਜ ਜਿਹੜੀ ਹਾਲਤ ਬਣੀ ਪਈ ਹੈ ਅਤੇ ਪੂਰਾ ਪੰਥ ਜਿਵੇਂ ਖੇਰੂੰ ਖੇਰੂੰ ਹੋਇਆ ਪਿਆ ਹੈ; ਓਧਰ ਦੋਖੀਆਂ-ਵਿਰੋਧੀਆਂ ਨੇ ਤਾਂ ਸਾਡਾ ਕੀ ਵਿਗਾੜਣਾ ਸੀ, ਇਹ ਸਮੂਚੀ ਪੰਥਕ ਤੱਬਾਹੀ ਹੋ ਰਹੀ ਹੈ ਬਹੁਤਾ ਕਰਕੇ ਅਜੋਕੇ ਸਾਡੇ ਆਪਣੇ ਗੁਰਦੁਆਰਾ ਪਲੇਟਫ਼ਾਰਮ ਰਸਤੇ।

ਕਿਉਂਕਿ ਅਜੋਕੇ ਗੁਰਦੁਆਰਾ ਪਲੇਟਫ਼ਾਰਮ `ਤੇ ਬਹੁਤਾ ਕਰਕੇ ਕਿ ਪਾਸੇ ਤਾਂ ਛਾਏ ਹੋਏ ਹਨ ਅਣ-ਅਧਿਕਾਰੀ, ਚਾਪਲੂਸ, ਝੋਲੀ-ਚੁੱਕ ਗੁਰਮੱਤ ਵਿਹੂਣੇ ਪ੍ਰਚਾਰਕ। ਉਪ੍ਰੰਤ ਉਨ੍ਹਾਂ ਅਣ-ਅਧਿਕਾਰੀ, ਚਾਪਲੂਸ, ਝੋਲੀ-ਚੁੱਕ ਗੁਰਮੱਤ ਵਿਹੂਣੇ ਪ੍ਰਚਾਰਕਾਂ ਉਪਰ ਹਕੂਮਤ ਕਰ ਰਹੇ, ਗੁਰਦੁਆਰਾ ਚੋਣਾਂ ਦੇ ਨਿਖਿੱਧ ਰਸਤੇ ਆਏ ਹੋਏ ਗੁਰਦੁਆਰਿਆ ਤੇ ਛਾਏ ਹੋਏ ਬਹੁਤੇ ਅਣ-ਅਧਿਕਾਰੀ ਗੁਰਮੱਤ ਵਿਹੂਣੇ ਪ੍ਰਬੰਧਕ।

ਇਤਨਾ ਹੀ ਨਹੀਂ, ਫ਼ਿਰ ਉਨ੍ਹਾਂ ਪ੍ਰਬੰਧਕਾਂ ਦੀ ਵੀ ਪੁਸ਼ਤ ਪਨਾਹੀ ਕਰ ਰਹੇ ਹਨ ਬਹੁਤੇ ਬੇਸ਼ੱਕ ਸਿੱਖੀ ਸਰੂਪ `ਚ ਹੀ ਨਜ਼ਰ ਆ ਰਹੇ, ਸਾਰੇ ਪਾਸੇ ਫੈਲੇ ਹੋਏ ਤੇ ਵਿਚਰ ਰਹੇ ਵਿਕਾਊ ਬਿਰਤੀ ਵਾਲੇ ਸਮੇਂ-ਸਮੇਂ ਦੇ ਸਾਡੇ ਹੀ ਬਹੁਤੇ ਰਾਜਸੀ ਆਗੂ।

ਸ਼ੱਕ ਨਹੀਂ, ਇਸ ਕੜੀ `ਚ ਸਾਰੇ ਪ੍ਰਚਾਰਕ ਅਤੇ ਪ੍ਰਬੰਧਕ ਵੀ ਦੋਸ਼ੀ ਨਹੀਂ ਹਨ, ਕਿਉਂਕਿ ਉਨ੍ਹਾਂ ਵਿੱਚਕਾਰ ਟਾਵੇਂ-ਟਾਵੇਂ ਅਜਿਹੇ ਸਜਨ ਵੀ ਹਨ ਜੋ ਯੋਗ ਅਤੇ ਮਨ ਦੀਆਂ ਗਹਿਰਾਈਆਂ ਤੋਂ ਪੰਥ ਦਰਦੀ ਹਨ; ਪਰ ਬਹੁਤੇ ਅਣ-ਅਧਿਕਾਰੀ, ਗੁਰਮੱਤ-ਵਿਹੂਣੇ ਗੁਰਦੁਆਰਾ ਪ੍ਰਬੰਧਕਾਂ ਵਿੱਚਕਾਰ ਫਸੇ ਹੋਣ ਕਾਰਣ, ਉਹ ਯੋਗ ਤੇ ਤਨੋ-ਮਨੋ ਪੰਥਕ ਦਰਦੀ ਸੱਜਣ ਵੀ ਅਪਣੇ ਆਪ ਨੂੰ ਬੇਵੱਸ ਤੇ ਲਾਚਾਰ ਹੀ ਮਹਿਸੂਸ ਕਰਦੇ ਹਨ। (ਚਲਦਾ) #234P-XXXVIII,-02.17-0217#P38v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXXVIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠੱਤੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.