.

ਆਸਾ ਕੀ ਵਾਰ

(ਕਿਸ਼ਤ ਨੰ: 20)

ਪਉੜੀ ਉਨੀਵੀਂ ਅਤੇ ਸਲੋਕ

ਸਲੋਕੁ ਮਃ ੧।।

ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ।।

ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ।।

ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ।।

ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ।।

ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ।।

ਤਾ ਹੋਆ ਪਾਕੁ ਪਵਿਤੁ।।

ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ।।

ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ।।

ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ।। ੧।।

ਪਦ ਅਰਥ:- ਪਹਿਲਾ ਸੁਚਾ ਆਪਿ ਹੋਇ – ਪਹਿਲਾਂ (ਅਖੌਤੀ ਬ੍ਰਾਹਮਣ) ਆਪ ਨਹਾ-ਧੋ ਕੇ ਸੁੱਚਾ ਹੋ ਕੇ। ਸੁਚੈ ਬੈਠਾ ਜਾਇ – ਸੁੱਚੇ (ਚੌਂਕੇ) `ਤੇ ਆ ਬੈਠਦਾ ਹੈ। ਸੁਚੇ ਅਗੈ ਰਖਿਓਨੁ – (ਨਹਾ ਧੋ ਕੇ ਆਏ ਅਖੌਤੀ) ਸੁੱਚੇ/ਬ੍ਰਾਹਮਣ ਦੇ ਅੱਗੇ ਉਸ ਨੇ (ਭੋਜਨ ਪਹਿਲਾਂ) ਰੱਖਿਆ। ਕੋਇ ਨ ਭਿਟਿਓ ਜਾਇ – ਕਿਤੇ ਭਿੱਟਿਆ ਨਾ ਜਾਵੇ। ਸੁਚਾ ਹੋਇ ਕੈ ਜੇਵਿਆ – ਜਿਸ ਨੇ ਸੁੱਚਾ ਹੋ ਕੇ ਖਾਧਾ। ਲਗਾ ਪੜਨ ਸਲੋਕੁ – ਫਿਰ ਸਲੋਕ ਪੜ੍ਹਨ ਲੱਗਾ। ਕੁਥਹੀ ਜਾਈ ਸਟਿਆ – ਜਿਹੜਾ (ਪਵਿੱਤਰਤਾ ਰੱਖ ਕੇ ਬਣਾਇਆ) ਭੋਜਨ ਆਪਣੇ ਗੰਦੇ ਅੰਦਰ ਪਾਇਆ। ਕਿਸੁ ਏਹੁ ਲਗਾ ਦੋਖ – ਇਸ ਗੱਲ ਦਾ ਦੋਸ਼ ਫਿਰ ਕਿਸ ਨੂੰ ਲੱਗਿਆ। ਅੰਨੁ ਦੇਵਤਾ ਪਾਣੀ ਦੇਵਤਾ ਲੂਣ ਦੇਵਤਾ ਬਸੰਤਰੁ – ਕਿਉਂਕਿ ਇਹ ਆਪ ਅੰਨ ਨੂੰ, ਪਾਣੀ ਨੂੰ, ਅੱਗ ਨੂੰ ਦੇਵਤਾ। ਪੰਜਵਾ ਪਾਇਆ ਘਿਰਤੁ – ਅਤੇ ਪੰਜਵਾਂ ਜਿਹੜਾ ਵਿੱਚ ਘਿਉ ਪਾਇਆ ਹੈ। ਤਾ ਹੋਆ ਪਾਕਿ ਪਵਿਤੁ – ਤਾਂ ਇਸ ਦਾ ਇਹ ਭੋਜਨ ਪਵਿੱਤਰ ਹੋਇਆ ਹੈ। ਪਾਪੀ ਸਿਉ ਤਨੁ ਗਡਿਆ – ਪਾਪੀ ਨੇ ਜਦੋਂ ਆਪਣੇ ਤਨ ਵਿੱਚ ਪਾਇਆ ਭਾਵ ਖਾਧਾ। ਥੁਕਾ ਪਈਆ ਤਿਤੁ – ਉਦੋਂ ਉਸ `ਤੇ ਥੁੱਕ ਪਿਆ। ਜਿਤੁ ਮੁਖਿ ਨਾਮੁ ਨ ਊਚਰਹਿ – ਜਿਸ ਮੂੰਹ ਨੇ ਕਦੇ ਨਾਮ/ਸੱਚ ਉਚਰਿਆ ਹੀ ਨਹੀਂ ਭਾਵ ਹਮੇਸ਼ਾਂ ਝੂਠ ਹੀ ਬੋਲਿਆ ਹੈ। ਬਿਨੁ ਨਾਵੈ ਰਸ ਖਾਹਿ – ਝੂਠ ਬੋਲ ਕੇ ਰਸ/ਸੁਆਦਲੇ ਪਦਾਰਥ ਖਾਂਦੇ ਹਨ। ਨਾਨਕ ਏਵੈ ਜਾਣੀਐ – ਨਾਨਕ ਆਖਦਾ ਹੈ, ਜਿਨ੍ਹਾਂ ਨੇ ਇਵੇਂ ਆਪਣੇ ਆਪ ਨੂੰ ਸੁੱਚਿਆ ਜਾਣ ਲਿਆ ਹੈ। ਤਿਤੁ ਮੁਖਿ ਥੁਕਾ ਪਾਹਿ – ਅਜਿਹੇ ਲੋਕਾਂ ਦਾ ਤਾਂ ਮੂੰਹ ਫਿਟਕਾਰਨਾ ਚਾਹੀਦਾ ਹੈ ਭਾਵ ਅਜਿਹੇ ਅਖੌਤੀ ਸੁੱਚਿਆਂ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਹਨ।

ਅਰਥ:- ਸਭ ਤੋਂ ਪਹਿਲਾਂ (ਅਖੌਤੀ ਸੁੱਚਾ ਬ੍ਰਾਹਮਣ) ਆਪ ਨਹਾ ਧੋ ਕੇ ਸੁੱਚੇ (ਚੌਂਕੇ) `ਤੇ ਆਣ ਬੈਠਦਾ ਹੈ ਅਤੇ ਨਹਾ ਧੋ ਕੇ ਆਏ (ਅਖੌਤੀ ਸੁੱਚੇ ਬ੍ਰਾਹਮਣ) ਅੱਗੇ (ਜਜਮਾਨ) ਨੇ ਭੋਜਨ ਪਹਿਲਾਂ ਰੱਖਿਆ ਤਾਂ ਜੋ ਕਿ ਕਿਤੇ ਭਿਟਿਆ ਨਾ ਜਾਵੇ। ਜਿਸ (ਅਖੌਤੀ ਸ਼ੁਧ ਨੇ) ਸੁੱਚਾ ਹੋ ਕੇ ਭਾਵ ਨਹਾ ਧੋ ਕੇ ਖਾਧਾ ਅਤੇ ਫਿਰ ਸਲੋਕ ਪੜ੍ਹਨ ਲੱਗਾ। ਫਿਰ ਇਹ ਕਹਿੰਦਾ ਹੈ ਕਿ ਭੋਜਨ ਤਾਂ ਪਾਕਿ ਪਵਿੱਤਰ ਹੋਇਆ ਹੈ, ਕਿਉਂਕਿ ਇਸ ਵਿੱਚ ਅੰਨ ਦੇਵਤਾ, ਪਾਣੀ ਦੇਵਤਾ, ਲੂਣ ਦੇਵਤਾ, ਬਸੰਤਰ ਦੇਵਤਾ ਅਤੇ ਪੰਜਵਾਂ ਇਸ ਵਿੱਚ ਘਿਉ (ਦੇਵਤਾ) ਪਾਇਆ ਹੈ। ਜਿਹੜਾ ਇਸ ਦੇ ਪੰਜਾਂ ਦੇਵਤਿਆਂ ਦੇ ਸਿਮਰਨ ਦਾ ਬਣਿਆ ਭੋਜਨ ਆਪਣੇ ਗੰਦੇ ਪੇਟ ਅੰਦਰ ਸੁੱਟਿਆ/ਪਾਇਆ ਤਾਂ ਇਸ ਦਾ ਦੋਸ਼ ਕਿਸ ਦੇ ਸਿਰ ਲੱਗਾ। ਪਹਿਲਾਂ ਜਦੋਂ ਇਸ ਪਾਪੀ ਨੇ ਇਸ ਭੋਜਨ ਨੂੰ ਆਪਣੇ ਤਨ ਅੰਦਰ ਗੱਡਿਆ/ਪਾਇਆ ਤਾਂ ਇਸ ਦੇ (ਆਪਣੇ ਦੇਵਤਿਆਂ ਦੇ ਸਿਮਰਨ ਦੇ ਬਣੇ ਭੋਜਨ ਤੇ ਅੰਦਰ ਲੰਘਾਉਣ ਵੇਲੇ ਵੀ ਮੂੰਹ ਵਿਚੋਂ) ਥੁੱਕ ਪਇਆ। ਨਾਨਕ ਆਖਦਾ ਹੈ! ਇਨ੍ਹਾਂ (ਪਦਾਰਥ ਬਣਾ ਕੇ ਖਵਾਉਣ ਵਾਲਿਆਂ) ਨੂੰ ਜਾਣ ਲੈਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੇ ਮੂੰਹੋਂ ਨਾਮ/ਸੱਚ ਕਦੇ ਉਚਰਿਆ ਹੀ ਨਹੀਂ ਭਾਵ ਹਮੇਸ਼ਾਂ ਝੂਠ ਹੀ ਬੋਲਿਆ ਹੈ ਅਤੇ ਬੋਲਦੇ ਹਨ, ਇਨ੍ਹਾਂ ਸੱਚ ਬੋਲਣ ਤੋਂ ਬਿਨਾਂ, ਭਾਵ ਝੂਠ ਬੋਲ ਕੇ ਰਸ ਖਾਣ ਵਾਲਿਆਂ ਨੂੰ ਫਿਟਕਾਰਾਂ/ਲਾਹਨਤਾਂ ਹੀ ਪਾਉਣੀਆਂ ਚਾਹੀਦੀਆਂ ਹਨ।

ਮਃ ੧।।

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।

ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ।।

ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।।

ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ।।

ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ।। ੨।।

ਪਦ ਅਰਥ:- ਭੰਡਿ – ਇਸਤ੍ਰੀ। ਭੰਡਿ ਜੰਮੀਐ – ਇਸਤ੍ਰੀ ਤੋਂ ਹੀ ਜਨਮ ਹੁੰਦਾ ਹੈ। ਭੰਡਿ ਨਿੰਮੀਐ – ਇਸਤ੍ਰੀ ਦੇ (ਹੀ ਪੇਟ ਵਿੱਚ ਹੀ) ਪ੍ਰਾਣੀ ਦਾ ਸਰੀਰ ਨਿਮਿਆ ਜਾਂਦਾ ਭਾਵ ਬਣਦਾ ਹੈ। ਭੰਡਿ ਮੰਗਣੁ ਵੀਆਹੁ – ਇਸਤ੍ਰੀ ਨਾਲ ਹੀ ਵਿਆਹ ਮੰਗਣਾ ਹੁੰਦਾ ਹੈ। ਭੰਡਹੁ ਹੋਵੈ ਦੋਸਤੀ – ਇਸਤ੍ਰੀ ਤੋਂ ਹੀ ਅੱਗੇ (ਪਰਵਾਰਕ) ਸੰਬੰਧ ਬਣਦੇ ਹਨ। ਭੰਡਹੁ ਚਲੈ ਰਾਹੁ – ਇਸਤ੍ਰੀ ਤੋਂ ਹੀ, ਅੱਗੇ ਤੋਂ ਅੱਗੇ (ਸੰਸਾਰਕ ਮਨੁੱਖੀ ਉਤਪਤੀ) ਦਾ ਰਸਤਾ ਚਲਦਾ ਹੈ। ਭੰਡੁ ਮੁਆ ਭੰਡੁ ਭਾਲੀਐ – ਰੱਬ ਨਾ ਕਰੇ ਜੇਕਰ ਇੱਕ ਇਸਤ੍ਰੀ ਰੱਬ ਨੂੰ ਪਿਆਰੀ ਹੋ ਜਾਏ ਤਾਂ ਦੂਸਰੀ ਦੀ ਭਾਲ ਕਰਦਾ ਹੈ। ਭੰਡਿ ਹੋਵੈ ਬੰਧਾਨੁ – ਇਸਤ੍ਰੀ ਨਾਲ ਸੰਬੰਧ ਹੋਵੇ ਭਾਵ ਬਣੇ। ਸੋ ਕਿਉ ਮੰਦਾ ਆਖੀਐ – ਇਸ ਵਾਸਤੇ ਉਸ ਨੂੰ ਕਿਉ ਮੰਦਾ ਆਖੀਐ। ਜਿਤੁ ਜੰਮੈ ਰਾਜਾਨ – ਜਿਸ ਨੇ ਅਖੌਤੀ ਰਾਜਾਨ/ਸ਼ੁਧ ਅਖਵਾਉਣ ਵਾਲੇ ਨੂੰ ਜਨਮ ਦਿੱਤਾ। (ਭਾਵ ਨਾਨਕ ਪਾਤਸ਼ਾਹ ਨੇ ਔਰਤ ਨੂੰ ਮੰਦਾ ਆਖਣ ਵਾਲਿਆਂ ਨੂੰ ਲਾਹਨਤ ਪਾਈ ਹੈ ਕਿ ਜੇ ਉਹ ਮੰਦੀ ਹੈ ਤਾਂ ਉਸ ਦੇ ਪੇਟੋਂ ਜਨਮ ਲੈਣ ਵਾਲਾ ਰਾਜਾਨ/ਸ਼ੁਧ ਬ੍ਰਾਹਮਣ ਕਿਵੇਂ ਬਣ ਗਿਆ)। ਭੰਡਹੁ ਹੀ ਭੰਡੁ ਉਪਜੇ – ਇਸਤ੍ਰੀ ਤੋ ਹੀ ਇਸਤ੍ਰੀ ਦੀ ਉੱਪਜ ਹੁੰਦੀ ਹੈ। ਭੰਡੈ ਬਾਝੁ ਨ ਕੋਇ – ਇਸਤ੍ਰੀ ਤੋਂ ਬਗੈਰ ਨਾ ਇਸਤ੍ਰੀ ਹੈ ਨਾ ਕੋਈ ਪੁਰਸ਼ ਹੈ। ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ – ਨਾਨਕ ਆਖਦਾ ਹੈ ਕਿ ਇੱਕ ਸਰਬ ਵਿਆਪਕ ਸੱਚਾ ਕਰਤਾ ਹੀ ਹੈ ਜੋ ਇਸਤ੍ਰੀ ਦੇ ਪੇਟੋਂ ਜਨਮ ਨਹੀਂ ਲੈਂਦਾ। ਜਿਤੁ ਮੁਖਿ ਸਦਾ ਸਲਾਹੀਐ ਭਾਗਾ ਰਤੀ ਚਾਰਿ – ਜਿਹੜੇ ਹਮੇਸ਼ਾਂ ਜਿਸ ਭਾਗਾਂ ਰਤੀ ਚਾਰ (ਜਿਨ ਮਨੁੱਖੀ ਜੀਵਨ ਨੂੰ ਚਾਰ ਚੰਨ ਲਾਏ ਹਨ) ਦੀ ਸਲਾਹੁਣਾ ਕਰਦੇ ਹਨ। ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ – ਨਾਨਕ ਆਖਦਾ ਹੈ, ਉਨ੍ਹਾਂ ਦੇ ਹੀ ਸੰਸਾਰ ਦੀ ਸੱਚ ਰੂਪ ਕਚਹਿਰੀ ਵਿੱਚ ਮੁਖ ਉਜਲੇ ਹਨ ਭਾਵ ਉਨ੍ਹਾਂ ਸ਼ਰਮਸਾਰ ਨਹੀਂ ਹੋਣਾ ਪੈਂਦਾ।

ਅਰਥ:- ਹੇ ਭਾਈ! ਇਸਤ੍ਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਨਿਮਿਆ ਜਾਂਦਾ ਭਾਵ ਬਣਦਾ ਹੈ ਅਤੇ ਪ੍ਰਾਣੀ ਜਨਮ ਲੈਂਦੇ ਹਨ ਅਤੇ ਵਿਆਹ ਮੰਗਣਾ ਵੀ ਇਸਤ੍ਰੀ ਦੇ ਨਾਲ ਹੁੰਦਾ ਹੈ। ਇਸਤ੍ਰੀ ਤੋਂ ਹੀ ਅੱਗੇ (ਪਰਿਵਾਰਕ) ਸੰਬੰਧ ਬਣਦੇ ਹਨ। ਇਸ ਤਰ੍ਹਾਂ ਅੱਗੇ ਤੋਂ ਅੱਗੇ (ਸੰਸਾਰਕ ਉਤਪਤੀ) ਦਾ ਰਸਤਾ ਚਲਦਾ ਹੈ। ਜੇਕਰ ਇੱਕ ਇਸਤ੍ਰੀ ਰੱਬ ਨੂੰ ਪਿਆਰੀ ਹੋ ਜਾਵੇ ਤਾਂ ਮਰਦ ਦੂਸਰੀ ਭਾਲਣ/ਲੱਭਣ ਤੁਰ ਪੈਂਦਾ ਹੈ (ਉਂਝ ਇਸਤ੍ਰੀ ਨੂੰ ਮੰਦਾ ਆਖਦਾ ਹੈ) ਪਰ ਫਿਰ ਸੋਚਦਾ ਹੈ ਕਿ (ਕਿਵੇਂ ਨਾ ਕਿਵੇਂ) ਇਸਤ੍ਰੀ ਨਾਲ ਸੰਬੰਧ ਹੋਵੇ ਭਾਵ ਜੁੜੇ। ਇਸ ਵਾਸਤੇ ਉਸ ਨੂੰ ਕਿਉਂ ਮੰਦਾ ਆਖੀਏ ਜਿਸ ਨੇ ਤੈਨੂੰ ਅਖੌਤੀ ਰਾਜਾਨ/ਸ਼ੁਧ ਬ੍ਰਾਹਮਣ ਅਖਵਾਉਣ ਵਾਲੇ ਨੂੰ ਜਨਮ ਦਿੱਤਾ ਹੈ। (ਭਾਵ ਇਸਤ੍ਰੀ ਦੇ ਪੇਟੋਂ ਜਨਮ ਲੈ ਕੇ ਤੂੰ ਰਾਜਾਨ/ਸ਼ੁਧ ਬ੍ਰਾਹਮਣ ਕਿਵੇਂ ਬਣ ਗਿਆ)। ਇਸਤ੍ਰੀ ਤੋਂ ਹੀ ਇਸਤ੍ਰੀ ਦੀ ਉੱਪਜ ਹੁੰਦੀ ਹੈ, ਇਸਤ੍ਰੀ ਤੋਂ ਬਗੈਰ ਕੋਈ ਵੀ ਨਹੀਂ ਹੈ ਭਾਵ ਨਾ ਇਸਤ੍ਰੀ ਹੈ ਨਾ ਪੁਰਸ਼ ਹੈ, ਦੋਹਾਂ ਦੀ ਜਨਮ ਦਾਤੀ ਹੈ। ਇਕੋ ਸੱਚਾ ਹੀ ਇਸ ਗੱਲ ਤੋਂ ਬਾਹਰਾ ਹੈ ਜੋ ਇਸਤ੍ਰੀ ਦੇ ਪੇਟੋਂ ਜਨਮ ਨਹੀਂ ਲੈਂਦਾ ਹੈ। ਨਾਨਕ ਆਖਦਾ ਹੈ, ਜਿਹੜੇ ਹਮੇਸ਼ਾਂ, ਜਿਸ ਭਾਗਾਂ ਰਤੀ ਚਾਰ ਨੇ (ਮਨੁੱਖੀ ਜੀਵਨ ਨੂੰ ਚਾਰ ਚੰਨ ਲਾਏ ਹਨ) ਦੀ ਸਲਾਹੁਣਾ ਕਰਦੇ ਭਾਵ ਸਤਿਕਾਰਦੇ ਹਨ ਉਨ੍ਹਾਂ ਦੇ ਹੀ ਸੰਸਾਰ ਦੀ ਸੱਚ ਰੂਪੀ ਕਚਹਿਰੀ ਵਿੱਚ ਮੁਖ ਉਜਲੇ ਹਨ ਭਾਵ ਉਨ੍ਹਾਂ ਨੂੰ ਸ਼ਰਮਸਾਰ ਝੂਠੇ ਨਹੀਂ ਹੋਣਾ ਪੈਂਦਾ।

ਪਉੜੀ।।

ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ।।

ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ।।

ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ।।

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ।।

ਮੂਰਖੈ ਨਾਲਿ ਨ ਲੁਝੀਐ।। ੧੯।।

ਪਦ ਅਰਥ:- ਸਭੁ ਕੋ ਆਖੈ ਆਪਣਾ – ਹਰੇਕ ਜੀਵ ਨੂੰ ਆਪਣਾ ਆਖਣਾ ਸਮਝਣਾ ਚਾਹੀਦਾ ਹੈ, (ਭਾਵ ਲਿੰਗ ਭੇਦ ਦੇ ਆਧਾਰ `ਤੇ ਵਿਤਕਰਾ ਨਹੀਂ ਕਰਨਾ ਚਾਹੀਦਾ)। ਜਿਸੁ ਨਾਹੀ ਸੋ ਚੁਣਿ ਕਢੀਐ - ਜਿਹੜੀ (ਵਿਚਾਰਧਾਰਾ ਵਿੱਚ ਅਪਣਤ) ਨਹੀਂ, ਉਸ ਨੂੰ ਜੀਵਨ ਵਿੱਚੋਂ ਚੁਣ ਕੇ ਬਾਹਰ ਕੱਢ ਦੇਣਾ ਚਾਹੀਦਾ ਹੈ। ਕੀਤਾ ਆਪੋ ਆਪਣਾ – ਆਪੋ ਆਪਣੇ ਕੀਤੇ ਦਾ। ਆਪੇ ਹੀ ਲੇਖਾ ਸੰਢੀਐ – ਆਪ ਹੀ ਲੇਖਾ ਸੰਢੀਐ ਭਾਵ (self analysis) ਕਰਨਾ ਚਾਹੀਦਾ ਹੈ। ਜਾ ਰਹਣਾ ਨਾਹੀ ਐਤੁ ਜਗਿ – ਜਦੋਂ ਇਹ ਪਤਾ ਹੈ ਕਿ ਇਸ ਸੰਸਾਰ ਵਿੱਚ ਰਹਿਣਾ ਨਹੀਂ ਹੈ। ਤਾ ਕਾਇਤੁ ਗਾਰਬਿ ਹੰਢੀਐ - ਤਾਂ (ਆਪਣੇ ਸ਼ੁਧ ਹੋਣ) ਦੇ ਹੰਕਾਰ ਵਿੱਚ ਕਿਉਂ ਗਰਕ ਹੋਈਏ। ਮੰਦਾ ਕਿਸੇ ਨ ਆਖੀਐ – ਇਸ ਕਰ ਕੇ ਕਿਸੇ ਨੂੰ (ਰੰਗ ਨਸਲ ਜਾਤ-ਪਾਤ ਲਿੰਗ ਭੇਦ ਦੇ ਨਾਂਅ) `ਤੇ ਮੰਦਾ ਨਹੀਂ ਆਖਣਾ ਚਾਹੀਦਾ। ਪੜਿ ਅਖਰੁ ਏਹੋ ਬੁਝੀਐ – ਇਹ ਗਿਆਨ ਦੇ ਅੱਖਰ ਪੜ੍ਹ ਕੇ ਬੁੱਝਣੇ ਚਾਹੀਦੇ ਹਨ (ਕਿਸੇ ਨਾਲ ਲਿੰਗ ਭੇਦ ਅਤੇ ਜਾਤੀ ਵਿਤਕਰਾ ਨਹੀਂ ਕਰਨਾ ਚਾਹੀਦਾ)। ਮੂਰਖ – ਅਗਿਆਨੀ। ਮੂਰਖੈ – ਮੂਰਖਾਂ ਦੀ ਮੂਰਖਤਾ ਭਾਵ ਅਗਿਆਨਤਾ। ਮੂਰਖੈ ਨਾਲਿ ਨ ਲੁਝੀਐ – ਅਗਿਆਨੀਆਂ ਦੀ ਅਗਿਆਨਤਾ ਦੇ ਭੰਬਲ ਭੂਸੇ ਵਿੱਚ ਨਹੀਂ ਪੈਣਾ ਚਾਹੀਦਾ।

ਅਰਥ:- ਇਸ ਲਈ ਹੇ ਭਾਈ! ਹਰੇਕ ਪ੍ਰਾਣੀ ਨੂੰ ਆਪਣਾ ਸਮਝਣਾ ਚਾਹੀਦਾ ਹੈ ਭਾਵ (ਕਿਸੇ ਨਾਲ ਰੰਗ ਨਸਲ ਲਿੰਗ ਭੇਦ ਦੇ ਆਧਾਰ `ਤੇ ਵਿਤਕਰਾ ਨਹੀਂ ਕਰਨਾ ਚਾਹੀਦਾ)। ਜਿਸ (ਵਿਚਾਰਧਾਰਾ ਵਿੱਚ ਅਪਣਤ ਨਹੀਂ) ਉਹ ਚੁਣ ਕੇ ਆਪਣੇ ਅੰਦਰੋਂ ਕੱਢ ਦੇਣੀ ਚਾਹੀਦੀ ਹੈ। ਆਪੋ ਆਪਣੇ ਕੀਤੇ ਦਾ ਆਪ ਹੀ ਲੇਖਾ ਭਾਵ (self analysis) ਕਰਨਾ ਚਾਹੀਦਾ ਹੈ। ਇਸ ਸੰਸਾਰ ਵਿੱਚ ਕਿਸੇ ਨੇ ਵੀ ਰਹਿਣਾ ਨਹੀਂ ਤਾਂ ਫਿਰ ਕਿਉਂ (ਆਪਣੇ ਅਖੌਤੀ ਸ਼ੁਧ ਹੋਣ) ਦੇ ਹੰਕਾਰ ਵਿੱਚ ਗਰਕ ਕਿਉਂ ਹੋਈਏ। ਇਸ ਕਰ ਕੇ ਕਿਸੇ ਨੂੰ (ਰੰਗ ਨਸਲ ਜਾਤ-ਪਾਤ ਲਿੰਗ ਭੇਦ ਦੇ ਨਾਂਅ) `ਤੇ ਮੰਦਾ ਨਹੀਂ ਆਖਣਾ ਚਾਹੀਦਾ। ਗਿਆਨ ਦੇ ਅੱਖਰ ਪੜ੍ਹ ਕੇ ਬੁੱਝਣੇ/ਸਮਝਣੇ ਚਾਹੀਦੇ ਹਨ ਅਗਿਆਨੀਆਂ ਦੀ ਅਗਿਆਨਤਾ ਦੇ ਨਾਲ (ਜਾਤ-ਪਾਤ ਲਿੰਗ ਭੇਦ ਦੇ) ਭੰਬਲਭੂਸੇ ਵਿੱਚ ਨਹੀਂ ਪੈਣਾ ਚਾਹੀਦਾ।

ਬਲਦੇਵ ਸਿੰਘ ਟੌਰਾਂਟੋ।




.