.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਨਾਨਕਿ ਰਾਜ ਚਲਾਇਆ

ਭਾਗ ਦੂਜਾ

ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦਾ ਰਾਜ ਚਲਾ ਕੇ ਦੱਸਿਆ ਕਿ ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ। ਨਿਰਮਲ ਕਰਮ ਕਰਨੇ ਹੀ ਸੱਚੀ ਸੁੱਚੀ ਭਗਤੀ ਤੇ ਰੱਬ ਨੂੰ ਯਾਦ ਕਰਨਾ ਹੈ। ਪੂਰੀ ਪਉੜੀ ਹੇਠਾਂ ਅੰਕਤ ਹੈ—

ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋਖੀਵਦੈ।।

ਦੇ ਗੁਨਾ ਸਤਿ ਭੈਣ ਭਰਾਵ ਹੈ, ਪਾਰੰਗਤਿ ਦਾਨੁ ਪੜੀਵਦੈ।।

ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ।।

ਲਹਣੇ ਧਰਿਓਨੁ ਛਤੁ ਸਿਰਿ, ਕਰਿ ਸਿਫਤੀ ਅੰਮ੍ਰਿਤੁ ਪੀਵਦੈ।।

ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ।।

ਗੁਰਿ ਚੇਲੇ ਰਹਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ।।

ਸਹਿ ਟਿਕਾ ਦਿਤੋਸੁ ਜੀਵਦੈ।। ੧।।

ਅੱਖਰੀਂ ਅਰਥ--— (ਕਿਸੇ ਪੁਰਖ ਦਾ) ਜੋ ਨਾਮਣਾ ਕਾਦਰ ਕਰਤਾ ਆਪਿ (ਉੱਚਾ) ਕਰੇ, ਉਸ ਨੂੰ ਤੋਲਣ ਲਈ (ਕਿਸੇ ਪਾਸੋਂ) ਕੋਈ ਗੱਲ ਨਹੀਂ ਹੋ ਸਕਦੀ (ਭਾਵ, ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ?) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮ ਅਵਸਥਾ ਦੀ ਬਖ਼ਸ਼ਸ਼ ਹਾਸਲ ਕਰਨ ਲਈ ਜੋ ਸਤਿ ਆਦਿਕ ਰੱਬੀ ਗੁਣ (ਲੋਕ ਬੜੇ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਤਾਂ) ਭੈਣ ਭਰਾਵ ਹਨ (ਭਾਵ) ਉਹਨਾਂ ਦੇ ਅੰਦਰ ਤਾਂ ਸੁਭਾਵਿਕ ਹੀ ਮੌਜੂਦ ਹਨ। (ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ। ਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮਤਿ-ਰੂਪ ਤਲਵਾਰ ਨਾਲ, ਜ਼ੋਰ ਨਾਲ ਅਤੇ ਬਲ ਨਾਲ (ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ, (ਬਾਬਾ) ਲਹਿਣਾ ਜੀ ਦੇ ਸਿਰ ਉਤੇ, ਜੋ ਸਿਫ਼ਤਿ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ। (ਹੁਣ) ਆਪਣੀ ਸਲਾਮਤੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਅੱਗੇ ਮੱਥਾ ਟੇਕਿਆ, ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ।

ਵਿਚਾਰ ਚਰਚਾ—ਇਸ ਵਾਰ ਦਾ ਅਰੰਭ ਇਸ ਸਿਰਲੇਖ ਤੋਂ ਹੁੰਦਾ ਹੈ--

ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ ੴ ਸਤਿਗੁਰ ਪ੍ਰਸਾਦਿ।।

ਅਰਥ : —ਰਾਮਕਲੀ ਰਾਗਣੀ ਦੀ ਇਹ ਉਹ ‘ਵਾਰ` ਹੈ ਜੋ ਰਾਇ ਬਲਵੰਡ ਨੇ ਅਤੇ ਸੱਤੇ ਡੂਮ ਨੇ ਸੁਣਾਈ ਸੀ।

ਪਹਿਲੀਆਂ ਤਿੰਨ ਪਉੜੀਆਂ ਬਲਵੰਡ ਜੀ ਦੀਆਂ ਹਨ ਤੇ ਮਗਰਲੀਆਂ ਪੰਜ ਪਉੜੀਆਂ ਸੱਤਾ ਜੀ ਦੀਆਂ ਹਨ। ਫਿਰ ਸੰਖੇਪ ਮੰਗਲਾਚਰਣ ਆਉਂਦਾ ਹੈ।

ਭਾਂਵੇ ਇਹ ਵਿਸ਼ਾ ਇਸ ਵਿਚਾਰ ਨਾਲ ਸਬੰਧ ਨਹੀਂ ਰੱਖਦਾ ਪਰ ਸੰਖੇਪ ਵਿੱਚ ਵਿਆਕਰਣਕ ਤੌਰ `ਤੇ ਮੰਗਲਾਚਰਣ ਪਹਿਲਾਂ ਆਉਣਾ ਚਾਹੀਦਾ ਹੈ ਤੇ ਬਾਕੀ ਸਿਰਲੇਖ ਬਾਅਦ ਵਿੱਚ ਆਉਣੇ ਚਾਹੀਦੇ ਹਨ। ਰੱਬ ਜੀ ਦੀ ਸਿਫਤੋ ਸਲਾਹ ਪਹਿਲਾਂ ਹੋਣੀ ਚਾਹੀਦੀ ਹੈ ਤੇ ਫਿਰ ਰਾਗ ਤਥਾ ਬਾਣੀ ਰਚੇਤਾ ਦਾ ਨਾਂ ਹੋਣਾ ਚਾਹੀਦਾ ਹੈ।

ਇਸ ਵਾਰ ਦੀ ਪਹਿਲੀ ਪਉੜੀ ਵਿੱਚ ਬਲਵੰਡ ਜੀ ਫਰਮਾੳਂਦੇ ਹਨ ਕਿ ਮੈਂ ਕੌਣ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕੋਈ ਵਡਿਆਈ ਕਰ ਸਕਾਂ? ਮੈਂ ਉਹਨਾਂ ਦੇ ਕਿਸੇ ਇੱਕ ਗੁਣ ਦੀ ਵੀ ਵਡਿਆਈ ਨਹੀਂ ਕਰ ਸਕਦਾ। ਜਿਹੜਿਆਂ ਗੁਣਾਂ ਨੂੰ ਲੋਕ ਬੜੀ ਮੁਸ਼ਕਲ ਨਾਲ ਪ੍ਰਾਪਤ ਕਰਦੇ ਹਨ ਗੁਰੂ ਨਾਨਕ ਸਾਹਿਬ ਜੀ ਮੁੱਢੋਂ ਹੀ ਰੱਬੀ ਗੁਣਾਂ ਨਾਲ ਭਰਪੂਰ ਸਨ। ਰੱਬੀ ਗੁਣ ਉਹਨਾਂ ਦੇ ਭੈਣ ਭਰਾ ਹਨ। ਬਲਵੰਡ ਜੀ ਫਰਮਾਉਂਦੇ ਹਨ ਕਿ--

"ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋਖੀਵਦੈ"।।

ਗੁਰੂ ਨਾਨਕ ਸਾਹਿਬ ਦੀ ਅਨੁਭਵਤਾ, ਵਿਸ਼ਾਲ ਗਿਆਨ ਤੇ ਰੱਬੀ ਗੁਣਾਂ ਦੀ ਭਰਪੂਰਤਾ ਨੂੰ ਨਾਪਿਆ-ਤੋਲਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਜੀ ਇੱਕ ਉਹ ਚਰਾਗ ਹਨ ਜਿਸ ਦੁਆਰਾ ਦੁਨੀਆਂ ਵਿਚੋਂ ਭਰਮਾਂ ਤੇ ਅੰਧਵਿਸ਼ਵਾਸਾਂ ਦਾ ਹਨ੍ਹੇਰਾ ਦੂਰ ਹੋਇਆ—

ਬਲਿਓ ਚਰਾਗੁ ਅੰਧ੍ਯ੍ਯਾਰ ਮਹਿ, ਸਭ ਕਲਿ ਉਧਰੀ, ਇੱਕ ਨਾਮ ਧਰਮ।।

ਪ੍ਰਗਟੁ ਸਗਲੁ ਹਰਿ ਭਵਨ ਮਹਿ, ਜਨੁ ਨਾਨਕੁ ਗੁਰੁ ਪਾਰਬ੍ਰਹਮ।। ੯।।

ਪੰਨਾ ੧੩੮੭

ਬਲਵੰਡ ਜੀ ਅਗਲੀ ਤੁਕ ਵਿੱਚ ਫਰਮਾਉਂਦੇ ਹਨ ਕਿ ਹੇ! ਗੁਰੂ ਨਾਨਕ ਸਾਹਿਬ ਜੀ ਜਿਹੜਿਆਂ ਗੁਣਾਂ ਨੂੰ ਤੁਸੀਂ ਆਪਣੇ ਭੈਣ ਭਰਾ ਬਣਾਇਆ ਹੋਇਆ ਹੈ, ਉਨ੍ਹਾਂ ਗੁਣਾਂ ਨੂੰ ਕੋਈ ਵੀ ਜੀਵ ਆਪਣੇ ਜੀਵਨ ਵਿੱਚ ਧਾਰਨ ਕਰ ਲਏ ਉਹ ਸੰਸਾਰ ਰੂਪੀ ਸਮੁੰਦਰ ਵਿਚੋਂ ਤਰ ਸਕਦਾ ਹੈ। ਭਾਵ ਅਜੇਹੇ ਮਨੁੱਖ ਨੂੰ ਸਵੈ-ਪੜਚੋਲ ਕਰਨ ਦੀ ਸੋਝੀ ਆ ਸਕਦੀ ਹੈ-- 

ਦੇ ਗੁਨਾ ਸਤਿ ਭੈਣ ਭਰਾਵ ਹੈ, ਪਾਰੰਗਤਿ ਦਾਨੁ ਪੜੀਵਦੈ।।

ਜਿਸ ਤਰ੍ਹਾਂ ਭੈਣ ਤੇ ਭਰਾ ਦਾ ਖ਼ੂਨ ਦਾ ਰਿਸ਼ਤਾ ਹੈ ਏਸੇ ਤਰ੍ਹਾਂ ਤੁਸਾਂ ਆਤਮਕ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ। ਜਿਹੜਾ ਵਿਆਕਤੀ ਇਹਨਾਂ ਗੁਣਾਂ ਨੂੰ ਆਪਣੇ ਸੁਭਾਅ ਦਾ ਹਿੱਸਾ ਬਣਾਉਂਦਾ ਹੈ ਉਸ ਨੂੰ ਅਣਖ਼ ਤੇ ਗੈਰਤ ਵਾਲੀ ਜ਼ਿੰਦਗੀ ਦੀ ਸੂਝ ਆ ਜਾਂਦੀ ਹੈ। ਉਹ ਕਿਸੇ ਦਾ ਸੁੱਖ ਖੋਏਗਾ ਨਹੀਂ ਸਗੋਂ ਹੋਰਨਾਂ ਦਾ ਦੁੱਖ ਵੰਡਾਉਣ ਵਿੱਚ ਭਲਾ ਸਮਝੇਗਾ।

ਜਦੋਂ ਕੋਈ ਮਕਾਨ ਬਣਾਉਣ ਲਗਦਾ ਹੈ ਤਾਂ ਉਹ ਹਮੇਸ਼ਾਂ ਇਹ ਖ਼ਿਆਲ ਰੱਖੇਗਾ ਕਿ ਮੇਰੇ ਮਕਾਨ ਦੀ ਨੀਂਹ ਪੱਕੀ ਹੋਵੇ ਸਿਆਣੇ ਕਹਿੰਦੇ ਹਨ ਕਿ ਜੇ ਮਕਾਨ ਦੀ ਨੀਂਹ ਵਿੱਚ ਕੋਈ ਕਚਿਆਈ ਰਹਿ ਜਾਏ ਤਾਂ ਉਹ ਮਕਾਨ ਬਹੁਤੀਆਂ ਤਿੱਖੀਆਂ ਹਨੇਰੀਆਂ-ਝਖੜਾਂ ਤੇ ਮੋਲ਼ੇਧਾਰ ਮੀਂਹ ਦਾ ਮੁਕਾਬਲਾ ਨਹੀਂ ਕਰ ਸਕਦਾ। ਅਜੇਹੇ ਮਕਾਨ ਸਮੇਂ ਤੋਂ ਪਹਿਲਾਂ ਹੀ ਢਹਿ ਢੇਰੀ ਹੋ ਜਾਂਦੇ ਹਨ। ਦੇਸ਼ ਦੀ ਰੱਖਿਆ ਲਈ ਹਾਕਮ ਮਜ਼ਬੂਤ ਕਿਲ੍ਹੇ ਬਣਾਉਂਦੇ ਹਨ ਤਾਂ ਕਿ ਬਾਹਰਲੇ ਹਮਲਾਵਰਾਂ ਤੋਂ ਆਪਣਾ ਬਚਾ ਕੀਤਾ ਜਾ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੇ ਅੰਦਰਲੇ ਕਿਲ੍ਹੇ ਦੀ ਉਸਾਰੀ ਕੀਤੀ ਹੈ ਤਾਂ ਕਿ ਵਿਕਾਰ ਰੂਪੀ ਦੁਸ਼ਮਣ ਇਸ `ਤੇ ਹਮਲਾ ਨਾ ਕਰ ਸਕਣ। ਗੁਰੂ ਸਾਹਿਬ ਜੀ ਨੇ ਇਸ ਕਿਲ੍ਹੇ ਦੀ ਨੀਂਹ ਸੱਚ `ਤੇ ਰੱਖੀ ਹੈ ਤਾਂ ਕਿ ਧਰਮ ਦੀ ਹਕੂਮਤ ਚਲ ਸਕੇ—

ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ।।

ਜੇ ਮਨੁੱਖ ਅੰਦਰਲੇ ਸੁਭਾਅ ਵਿੱਚ ਰੱਬੀ ਗੁਣਾਂ ਨੂੰ ਲੈ ਆਵੇ ਤਾਂ ਜਿੱਥੇ ਇਸ ਦੇ ਜੀਵਨ ਵਿੱਚ ਭੈ-ਭਾਵਨੀ ਵਾਲੀ ਰਵਾਨਗੀ ਪੈਦਾ ਹੋਏਗੀ, ਓੱਥੇ ਕੁਦਰਤੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ। ਸੱਚ, ਸੰਤੋਖ, ਨਿੰਮ੍ਰਤਾ, ਧੀਰਜ, ਧਰਮ, ਦਇਆ, ਸੇਵਾ, ਸ਼ਹਾਦਤ, ਪ੍ਰੇਮ ਤੇ ਮਿਠਾਸ ਵਰਗੀਆਂ ਸਚਾਈਆਂ ਉੱਤੇ ਗੁਰਦੇਵ ਪਿਤਾ ਜੀ ਨੇ ਮਨੁੱਖਤਾ ਦੇ ਅੰਦਰਲੇ ਕਿਲ੍ਹੇ ਦੀ ਬਣਤਰ ਤਿਆਰ ਕੀਤੀ ਹੈ। ਜਿਹੜਾ ਰਾਜ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਹੈ ਉਸ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਹਲੇਮੀ ਰਾਜ ਆਖਿਆ ਹੈ—

ਹੁਣਿ ਹੁਕਮੁ ਹੋਆ ਮਿਹਰਵਾਣ ਦਾ।। ਪੈ ਕੋਇ ਨ ਕਿਸੈ ਰਞਾਣਦਾ।।

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ।। ੧੩।।

ਸਿਰੀ ਰਾਗ ਮਹਲਾ ੫ ਪੰਨਾ ੭੪

ਅੱਖਰੀਂ ਅਰਥ-- (ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿੱਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ। ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ। ੧੩।

ਸੱਚ ਦੇ ਕਿਲ੍ਹੇ ਵਿੱਚ ਭਾਈ ਲਹਿਣੇ ਜੀ ਦਾ ਅੰਦਰਲਾ ਤੇ ਬਾਹਰਲਾ ਜੀਵਨ ਘੜ੍ਹਿਆ ਗਿਆ।

ਲਹਿਣੈ ਧਰਿਓਨੁ ਛਤੁ ਸਿਰਿ, ਕਰਿ ਸਿਫਤੀ ਅੰਮ੍ਰਿਤੁ ਪੀਵਦੈ।।

ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ।।

ਕਿਲ੍ਹੇ ਦੀ ਜ਼ਿੰਮੇਵਾਰੀ ਸੰਭਾਲਣ ਲਈ ਸੱਚ ਦੀ ਤਲਵਾਰ ਨਾਲ ਪਹਿਲੀ ਮਤ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ—ਭਾਈ ਲਹਿਣਾ ਜੀ ਨੇ ਆਪਣੇ ਪਹਿਲੇ ਵਿਚਾਰਾਂ ਨੂੰ ਗੁਰੂ ਦੀ ਮਤ ਦੁਆਰਾ ਖਤਮ ਕਰਕੇ ਉੱਚੀ ਆਤਮਕ ਅਵਸਥਾ ਵਾਲਾ ਨਾਮ ਜਲ ਪੀਤਾ। ਭਾਵ ਗੁਰ-ਗਿਆਨ ਨੂੰ ਚੰਗੀ ਤਰ੍ਹਾਂ ਸਮਝਿਆ। ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਜ਼ਿੰਮੇਵਾਰੀਆਂ ਦਾ ਛੱਤਰ ਭਾਈ ਲਹਿਣੇ ਦੇ ਸਿਰ `ਤੇ ਝੁਲਾ ਦਿੱਤਾ। ਛੱਤਰ ਝਲਾਉਣ ਦਾ ਅਰਥ ਹੈ ਰੱਬੀ ਗੁਣਾਂ ਵਾਲੀ ਵਿਸ਼ਾਲਤਾ ਦੀ ਸੋਝੀ ਕਰਾ ਦਿੱਤੀ। ਸੰਸਾਰ ਵਿੱਚ ਰਹਿਣ-ਸਹਿਣ, ਭਾਈਚਾਰਕ ਸਾਂਝ, ਅਧਿਆਤਮਕਤਾ ਵਾਲਾ ਰਾਜ ਤੇ ਆਪਣੀ ਸਵੈ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਦਿੱਤਾ ਜਿਸ ਨੂੰ ਗੁਰਦੇਵ ਪਿਤਾ ਜੀ ਸਿੱਧ ਗੋਸਟਿ ਨਾਮ ਵਾਲੀ ਬਾਣੀ ਹੇਠ ਫਰਮਾਉਂਦੇ ਹਨ—

ਜੈਸੇ ਜਲ ਮਹਿ ਕਮਲੁ ਨਿਰਾਲਮੁ, ਮੁਰਗਾਈ ਨੈ ਸਾਣੇ।।

ਸੁਰਤਿ ਸਬਦਿ ਭਵ ਸਾਗਰੁ ਤਰੀਐ, ਨਾਨਕ ਨਾਮੁ ਵਖਾਣੇ।।

ਪੰਨਾ ੯੩੮

ਅਰਥ : —ਜਿਵੇਂ ਪਾਣੀ ਵਿੱਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿੱਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ) ਹੇ ਨਾਨਕ ! ਗੁਰੂ ਦੇ ਸ਼ਬਦ ਵਿੱਚ ਸੁਰਤਿ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।

ਇਸ ਦਾ ਭਾਵ ਅਰਥ ਹੈ ਭਾਈ ਲਹਿਣੇ ਜੀ ਨੂੰ ਸਮੁੱਚੀ ਜ਼ਿੰਮੇਵਾਰੀ ਸੌਂਪਦਿਆਂ ਇਹ ਵਲ਼ ਸਮਝਾ ਦਿੱਤਾ ਕਿ ਜਿਸ ਤਰ੍ਹਾਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ ਤੇ ਉਸ ਦੇ ਖੰਭ ਗਿੱਲੇ ਨਹੀਂ ਹੁੰਦੇ ਏਸੇ ਤਰ੍ਹਾਂ ਸੰਸਾਰ ਸੁਮੰਦਰ ਵਿੱਚ ਰਹਿੰਦਿਆਂ ਲੋਭ, ਮੋਹ, ਕਾਮ, ਲਾਲਚ, ਅੰਹਕਾਰ, ਈਰਖਾ, ਆਸਾ-ਤ੍ਰਿਸ਼ਨਾ, ਈਰਖਾ ਆਦਕ ਵਿਕਾਰਾਂ ਦੀਆਂ ਬਰੀਕੀਆਂ ਨੂੰ ਸਮਝ ਕੇ ਸੰਸਾਰ ਵਿੱਚ ਵਿਚਰਨਾ ਹੈ।

ਅੱਜ ਸਾਡੇ ਸਮਾਜ ਵਿੱਚ ਬਹੁਤ ਵੱਡੀ ਸਮੱਸਿਆ ਹੈ ਜਿਹੜਾ ਇੱਕ ਵਾਰ ਕਿਸੇ ਗੁਰਦੁਆਰੇ ਦਾ ਪ੍ਰਧਾਨ ਬਣ ਜਾਂਦਾ ਹੈ ਥੋੜੀ ਕੀਤਿਆਂ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਹੁੰਦਾ। ਰਾਜਨੀਤਕ ਨੇਤਾ ਜਿਉਂਦੇ ਜੀ ਕਦੇ ਕਿਸੇ ਨੂੰ ਅੱਗੇ ਨਹੀਂ ਆਉਣ ਦੇਂਦਾ।

ਗੁਰੂ ਨਾਨਕ ਸਾਹਿਬ ਜੀ ਨੇ ਗੰਗਾ ਦਰਿਆ ਦਾ ਚੱਲ ਰਿਹਾ ਵਹਿਣ ਮੋੜਦਿਆਂ ਜ਼ਿਉਂਦੇ ਜੀ ਭਾਈ ਲਹਿਣੇ ਨੂੰ ਆਪਣੀ ਸਾਰੀ ਜ਼ਿੰਮੇਵਾਰੀ ਦੀ ਸੌਪਣਾ ਕਰਕੇ ਮੱਥਾ ਟੇਕ ਦਿੱਤਾ—

ਗੁਰਿ ਚੇਲੇ ਰਹਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ।।

ਸਹਿ ਟਿਕਾ ਦਿਤੋਸੁ ਜੀਵਦੈ।। ੧।।

ਗੁਰਿਆਈ ਦਾ ਟਿੱਕਾ ਭਾਈ ਲਹਿਣੇ ਨੂੰ ਦੇ ਦਿੱਤਾ। ਟਿੱਕੇ ਨੂੰ ਇੰਜ ਸਮਝਿਆ ਜਾਂਦਾ ਹੈ ਜਿਵੇਂ ਹਿੰਦੂ ਮਤ ਅਨੁਸਾਰ ਮੱਥੇ ਉੱਤੇ ਤਿਲਕ ਆਦ ਦਾ ਕੋਈ ਨਿਸ਼ਾਨ ਲਗਾਇਆ ਹੋਵੇ। ਇਸ ਵਿਚਾਰ ਨੂੰ ਸਮਝਣ ਦੀ ਲੋੜ ਹੈ। ਅਸਲ ਵਿੱਚ ਗੁਰਬਾਣੀ ਵਿੱਚ ਅਨੇਕਾਂ ਸ਼ਬਦ ਹਿੰਦੂ ਜਾਂ ਇਸਲਾਮ ਮਤ ਨਾਲ ਸਬੰਧਤ ਆਏ ਹਨ ਪਰ ਉਨਾਂ ਵਿੱਚ ਭਾਵ ਅਰਥ ਗੁਰਦੇਵ ਜੀ ਨੇ ਅਧੁਨਿਕਤਾ ਤੇ ਰੂਹਾਨੀਅਤ ਵਾਲਾ ਪਾਇਆ ਹੈ।

ਮਹਾਨ ਕੋਸ਼ ਵਿੱਚ ਟਿੱਕੇ ਦਾ ਅਰਥ ਇਸ ਪਰਕਾਰ ਆਇਆ ਹੈ- ਤਿਲਕ, ਟੀਕਾ ੨. ਵਲੀਅਹਿਦ, ਯੁਵਰਾਜ, ਰਾਜ ਤਿਲਕ ਦਾ ਅਧਿਕਾਰੀ ਰਾਜਕੁਮਾਰ।

ਤਿਲਕ ਜਾਂ ਟਿੱਕਾ ਸ਼ਬਦ ਗੁਰਬਾਣੀ ਵਿੱਚ ਜਿੱਥੇ ਪੰਡਤ ਦੀ ਪਹਿਛਾਣ ਲਈ ਆਇਆ ਹੈ ਓੱਥੇ ਗੁਰਬਾਣੀ ਨੇ ਤਿਲਕ ਤੇ ਟਿੱਕੇ ਦੇ ਵਿਖਾਵੇ ਨੂੰ ਮੁੱਢੋਂ ਰੱਦ ਵੀ ਕੀਤਾ ਹੈ—

ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ।। ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ।।

ਪਉੜੀ ਪੰਨਾ ੧੦੯੯

ਅੱਖਰੀਂ ਅਰਥ--ਕਈ ਇਸ਼ਨਾਨ ਕਰ ਕੇ (ਮੱਥੇ ਉੱਤੇ) ਤਿਲਕ ਲਾਂਦੇ ਹਨ, ਪਰ ਉਹਨਾਂ ਨੇ ਮਨ ਵਿੱਚ (ਵਿਕਾਰਾਂ ਦੀ) ਕਾਲਖ ਹੁੰਦੀ ਹੈ (ਉਹਨਾਂ ਨੂੰ ਭੀ ਰੱਬ ਨਹੀਂ ਮਿਲਦਾ)। ਪਰਮਾਤਮਾ ਭੇਖਾਂ ਦੀ ਰਾਹੀਂ ਨਹੀਂ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਨਾ ਨਹੀਂ ਮਿਲਦਾ।

ਗੁਰਬਾਣੀ ਵਿੱਚ ਰੱਬੀ ਗੁਣਾਂ ਨਾਲ ਖਿੜੀ ਹੋਈ ਮਤ ਦਾ ਨਾਂ ਟਿੱਕਾ ਹੈ—

ਕੁੰਗੂ ਕੀ ਕਾਂਇਆ, ਰਤਨਾ ਕੀ ਲਲਿਤਾ, ਅਗਰਿ ਵਾਸੁ ਤਨਿ ਸਾਸੁ।।

ਅਠਸਠਿ ਤੀਰਥ ਕਾ ਮੁਖਿ ਟਿਕਾ, ਤਿਤੁ ਘਟਿ ਮਤਿ ਵਿਗਾਸੁ।।

ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ।। ੧।।

ਸਿਰੀ ਰਾਗੁ ਮਹਲਾ ੧ ਪੰਨਾ ੧੭

ਅੱਖਰੀਂ ਅਰਥ- -—ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿੱਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ), ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ, ਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।

ਸਦ ਬਾਣੀ ਵਿੱਚ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰ-ਸ਼ਬਦ ਦੀ ਰਾਹਦਾਰੀ ਤੇ ਗੁਰਆਈ ਦਾ ਤਿਲਕ ਬਖਸ਼ਿਆ—

ਰਾਮਦਾਸ ਸੋਢੀ ਤਿਲਕੁ ਦੀਆ, ਗੁਰ ਸਬਦੁ ਸਚੁ ਨੀਸਾਣੁ ਜੀਉ।। ੫।।

ਪੰਨਾ ੯੨੩

ਅੱਖਰੀਂ ਅਰਥ--ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ। ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ। ੫।

ਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣੀ ਮਤ ਵਾਲੇ ਮੱਥੇ `ਤੇ ਲਗਾਏ ਜਾਂਦੇ ਟਿੱਕਿਆਂ ਦੀ ਥਾਂ `ਤੇ ਗੁਰਬਾਣੀ ਗਿਆਨ ਦਾ ਟਿੱਕਾ ਦੇ ਕੇ ਉਲਟੇ ਪਾਸੇ ਨੂੰ ਗੰਗਾ ਵਹਾ ਦਿੱਤੀ।

ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਕਿਲ੍ਹਾ ਉਸਾਰਨ ਲਈ ਸਦ ਗੁਣਾਂ ਦੀਆਂ ਦੀਵਾਰਾਂ ਤੇ ਧਰਮ ਦੀ ਛੱਤ ਪਾ ਕੇ ਮੁਕੰਮਲ ਕੀਤਾ ਹੈ। ਇਸ ਕਿਲ੍ਹੇ ਦੀ ਪ੍ਰਪੱਕਤਾ ਲਈ ਨੌਂ ਹੋਰ ਜਾਮੇ ਧਾਰਨ ਕੀਤੇ।

ਤੱਤਸਾਰ— ਆਮ ਗੱਲਾਂ ਪਰਚੱਲਤ ਹੋ ਗਈਆਂ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਾਰੀਅਲ ਤੇ ਮੱਥੇ `ਤੇ ਤਿਲਕ ਲਗਾ ਕੇ ਗੁਰਗੱਦੀ ਸੌਂਪਣਾ ਭਾਈ ਲਹਿਣਾ ਜੀ ਦੀ ਕੀਤੀ ਬਾਕੀ ਗੁਰੂ ਸਾਹਿਬਾਨ ਨਾਲ ਵੀ ਨਾਰੀਅਲ ਤੇ ਮੱਥੇ ਦੇ ਤਿਲਕ ਵਾਲੀ ਘਟਨਾ ਹਰੇਕ ਗੁਰਪੁਰਬ `ਤੇ ਸੁਣਾਈ ਜਾਂਦੀ ਹੈ।

ਗੁਰੂ ਸਾਹਿਬ ਜੀ ਨੇ ਪੁਰਾਣੀਆਂ ਪ੍ਰੰਪਰਾਵਾਂ ਨੂੰ ਰੱਦ ਕਰਦਿਆਂ ਕਿਸੇ ਕੇਸਰ ਆਦ ਦਾ ਟਿੱਕਾ ਮੱਥੇ `ਤੇ ਨਹੀਂ ਲਗਾਇਆ ਸਗੋਂ ਸ਼ਬਦ ਦੇ ਗਿਆਨ ਦਾ ਟਿੱਕਾ ਮੱਥੇ ਵਿੱਚ ਲਗਾਇਆ। ਭਾਵ ਦੇਵੀ ਦੇਵਤਿਆਂ ਵਾਲੀ ਵਿਚਾਰ ਧਾਰਾ ਨੂੰ ਖਤਮ ਕਰਕੇ ਰੱਬੀ ਗੁਣਾਂ ਵਾਲੀ ਮਤ ਨਾਲ ਭਰਪੂਰ ਕਰ ਦਿੱਤਾ।

ਇਸ ਪਉੜੀ ਵਿੱਚ ਇਹ ਸਪੱਸ਼ਟ ਕੀਤਾ ਹੈ ਕਿ ਗਰੁ ਨਾਨਕ ਸਾਹਿਬ ਜੀ ਨੇ ਸੱਚ ਦਾ ਕਿਲ੍ਹਾ ਉਸਾਰ ਕੇ ਧਰਮ ਦਾ ਰਾਜ ਚਲਾਇਆ। ਜਿਹੜਾ ਮਨੁੱਖ ਦੇ ਅੰਦਰੋਂ ਸ਼ੂਰੂ ਹੋ ਕੇ ਨਿਰੋਏ ਸਮਾਜ ਦੀ ਸਿਰਜਣਾ ਕਰਦਾ ਹੈ।

ਜਿਹੜੇ ਗੁਣ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਜੀ ਦੇ ਦੱਸੇ ਹਨ ਉਹ ਸਾਰੇ ਗੁਣ ਉਨ੍ਹਾਂ ਵਿੱਚ ਸਨ। ਇੰਜ ਕਹੀਏ ਕਿ ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ।।

ਤਾ ਤੇ ਅੰਗਦੁ ਭਯਉ, ਤਤ ਸਿਉ ਤਤੁ ਮਿਲਾਯਉ।।

ਪੰਨਾ ੧੪੦੮

ਹਰੇਕ ਮੁਲਕ ਆਪਣਾ ਰਾਜ ਪ੍ਰਬੰਧ ਚਲਾਉਣ ਲਈ ਸਵਧਾਨ ਘੜਦਾ ਹੈ। ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਤੇ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ ਬਣਾਉਂਦਾ ਹੈ। ਚੰਗੇ ਰਾਜ ਪ੍ਰਬੰਧ ਦੀਆਂ ਨਿਸ਼ਾਨੀਆਂ ਆਮ ਨਾਗਰਕਾਂ ਦੇ ਜੀਵਨ ਵਿਚੋਂ ਦੇਖੀਆਂ ਜਾ ਸਕਦੀਆਂ।

ਚੰਗਾ ਰਾਜ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਹਰੇਕ ਨੂੰ ਬਿਨਾ ਜਾਤ-ਪਾਤ ਤੇ ਵਿਤਕਰਿਆਂ ਤੋਂ ਰਹਿਤ ਵਾਲਾ ਜੀਵਨ ਮਿਲੇ।

ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਰਾਜ ਦੀ ਨੀਂਹ ਰੱਖੀ ਹੈ ਉਸ ਦੀ ਸਾਰੀ ਵਿਆਖਿਆ ਗੁਰਬਾਣੀ ਵਿੱਚ ਆਉਂਦੀ ਹੈ।

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।।

ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ।। ੨।।

ਸਲੋਕ ਮ: ੧ ਪੰਨਾ ੪੬੮

ਅੱਖਰੀਂ ਅਰਥ--ਨਾਨਕ ਅਰਜ਼ ਕਰਦਾ ਹੈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ, ਉਨ੍ਹਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ)

ਮਨੁੱਖੀ ਸੁਭਾਅ ਦੇ ਕਿਲ੍ਹੇ ਦੀ ਉਸਾਰੀ ਗੁਰੂ ਸਾਹਿਬ ਜੀ ਨੇ ਇਹਨਾਂ ਸਚਾਈਆਂ `ਤੇ ਕੀਤੀ ਹੈ।

ਧੌਲ ਧਰਮੁ, ਦਇਆ ਕਾ ਪੂਤੁ।। ਸੰਤੋਖੁ ਥਾਪਿ ਰਖਿਆ ਜਿਨਿ ਸੂਤਿ।।

੨ ਸਭਿ ਗੁਣ ਤੇਰੇ, ਮੈ ਨਾਹੀ ਕੋਇ।। ਵਿਣੁ ਗੁਣ ਕੀਤੇ, ਭਗਤਿ ਨ ਹੋਇ।।

੩ ਅਮਲੁ ਕਰਿ ਧਰਤੀ, ਬੀਜੁ ਸਬਦੋ ਕਰਿ, ਸਚ ਕੀ ਆਬ ਨਿਤ ਦੇਹਿ ਪਾਣੀ।।

ਹੋਇ ਕਿਰਸਾਣੁ ਈਮਾਨੁ ਜੰਮਾਇ ਲੈ, ਭਿਸਤੁ ਦੋਜਕੁ, ਮੂੜੇ, ਏਵ ਜਾਣੀ।। ੧।।

ਸਿਰੀ ਰਾਗ ਮਹਲਾ ੧ ਪੰਨਾ ੨੪

੪ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।

੫ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।। ੨।।

ਪੰਨਾ ੯੫੩

ਨਿਰ ਸੰਦੇਹ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੇ ਅੰਦਰਲੇ ਕਿਰਦਾਰ ਦੀ ਘਾੜਤ ਘੜੀ ਹੈ ਜਿਹੜੀ ਮਨੁੱਖ ਨੂੰ ਖ਼ੁਦ ਮੁਖਤਿਆਰ ਬਣਾਉਂਦੀ ਹੈ।

ਇਸ ਅੰਦਰਲੇ ਕਿਰਦਾਰ ਦੀ ਸਮਾਜ ਵਿੱਚ ਵਰਤੋਂ ਕਰਦਿਆਂ ਚੰਗੇ ਤੇ ਨਿਰੋਏ ਸਮਾਜ ਦੀ ਸਿਰਜਣਾ ਕਰਨੀ ਹੈ। ਉਪਰੋਕਤ ਗੁਣਾਂ ਵਾਲੇ ਹੀ ਚੰਗੇ ਰਾਜਨੀਤਕ ਨੇਤਾ, ਸਮਾਜ ਸੇਵੀ, ਸਮਾਜ ਸੁਧਾਰਕ, ਉੱਚ ਪਾਏ ਦੇ ਧਾਰਮਕ ਆਗੂ, ਨਿੱਡਰ ਸਾਹਿਤਕਾਰ, ਇਖ਼ਲਾਕੀ ਅਫ਼ਸਰਸ਼ਾਹੀ, ਮਨੁੱਖਤਾ ਨਾਲ ਪਿਆਰ ਕਰਨ ਵਾਲੇ ਡਾਕਟਰ, ਵੱਢੀ ਤੋਂ ਰਹਿਤ ਵਾਲੇ ਜੱਜ, ਕਿਰਤੀ ਕਿਰਸਾਨ ਹੋਣਗੇ। ਜਨੀ ਕੇ ਹਰ ਮਨੁੱਖ ਆਤਮਕ ਗੁਣਾਂ ਨਾਲ ਭਰਪੂਰ ਹੋ ਕੇ ਦੁਨੀਆਂ ਨੂੰ ਸੁਹਾਵਾਣਾ ਬਾਗ ਬਣਾਏਗਾ। ---

ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ।।

ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ।। ੨।।

ਸਲੋਕ ਮ: ੧ ਪੰਨਾ ੪੬੪

(ਹੇ ਪ੍ਰਭੂ!) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ।

ਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿੱਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ।




.