.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਨਾਨਕਿ ਰਾਜ ਚਲਾਇਆ

ਭਾਗ ਪਹਿਲਾ

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਸਮੇਂ ਛਲ਼, ਫਰੇਬ, ਠੱਗੀ, ਠੋਰੀ ਤੇ ਚਲਾਕੀ ਦਾ ਸਾਰੇ ਪਾਸੇ ਰਾਜ ਚੱਲ ਰਿਹਾ ਸੀ। ਭਾਰਤ ਦੀ ਹਰ ਨੁਕਰ ਵਿੱਚ ਬੇ-ਚੈਨੀ ਤੇ ਘਬਰਾਹਟ ਸੀ। ਪਾਪ-ਅਪਰਾਧ, ਜ਼ੁਲਮ, ਐਸ਼-ਇਸ਼ਰਤ ਤੋਂ ਬਿਨਾ ਕੁੱਝ ਲੱਭਦਾ ਹੀ ਨਹੀਂ ਸੀ।

ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ।।

ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ।।

ਹਉ ਭਾਲਿ ਵਿਕੁੰਨੀ ਹੋਈ।।

ਆਧੇਰੈ ਰਾਹੁ ਨ ਕੋਈ।।

ਵਿਚਿ ਹਉਮੈ ਕਰਿ ਦੁਖੁ ਰੋਈ।।

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ।। ੧।।

ਸਲੋਕ ਮ: ੧ ਪੰਨਾ ਪੰਨਾ ੧੪੫

ਅੱਖਰੀਂ ਅਰਥ--—ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। (ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ ? । ੧।

ਰਾਜੇ ਆਪਣੇ ਹੱਥ ਵਿੱਚ ਛੁਰੀ ਲੈ ਕੇ ਖ਼ੁਦ ਕਸਾਈ ਬਣੇ ਹੋਏ ਸਨ। ਧਰਮ ਦਾ ਮੁੱਖ ਮੰਤਵ ਫ਼ਰਜ਼, ਜੋ ਖੰਭ ਲਾ ਕੇ ਉੱਡ ਗਿਆ ਸੀ। ਇਨਸਾਨੀਅਤ ਦੇ ਰਾਖੇ ਰਾਜੇ ਸ਼ਿਕਾਰੀਆਂ ਵਾਲੀ ਬਿਰਤੀ ਧਾਰਨ ਕਰ ਚੁੱਕੇ ਸਨ। ਅੱਗੋਂ ਇਹਨਾਂ ਦੇ ਅਹਿਲਕਾਰ ਕੁੱਤਿਆਂ ਦਾ ਰੂਪ ਧਾਰਨ ਕਰ ਚੁੱਕੇ ਸਨ। ਨੌਕਰ ਚਾਕਰ ਰਾਜਿਆਂ ਦੀਆਂ ਨਹੁੰਦਰਾਂ ਦਾ ਕੰਮ ਕਰ ਰਹੇ ਸਨ। ਵਿਚਾਰੀ ਜਨਤਾ ਦੇ ਸੀਨੇ ਨੂੰ ਚੀਰ ਕੇ ਇਹਨਾਂ ਨੇ ਆਪਣਾ ਮੂੰਹ ਖ਼ੂਨ ਨਾਲ ਭਰਿਆ ਹੋਇਆ ਸੀ।

ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿੑ ਬੈਠੇ ਸੁਤੇ।।

ਚਾਕਰ ਨਹਦਾ ਪਾਇਨਿੑ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।।

ਜਿਥੈ ਜੀਆਂ ਹੋਸੀ ਸਾਰ।। ਨਕੀ ਵਢੀ ਲਾਇਤਬਾਰ।। ੨।।

ਸਲੋਕ ਮ: ੧ ਪੰਨਾ ੧੨੮੮

ਅੱਖਰੀਂ ਅਰਥ---ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ)

ਰਿਸ਼ਵਤ ਦਾ ਪੂਰਾ ਬੋਲਬਾਲਾ ਸੀ। ਇਸ ਹਫੜਾ ਦਫੜੀ ਵਿੱਚ ਖਤਰੀਆਂ ਨੇ ਆਪਣਾ ਧਰਮ ਹੀ ਛੱਡ ਦਿੱਤਾ ਹੋਇਆ ਸੀ ਤੇ ਪਰਾਈ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੋਈ ਸੀ— "ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ"।।

ਸਮਾਜਕ ਅਵਸਥਾ ਵੀ ਅਜੀਬੋ ਗਰੀਬ ਬਣੀ ਹੋਈ ਸੀ। ਮੁਸਲਮਾਨ ਹਾਕਮ ਏਹੀ ਸਮਝਦੇ ਸਨ ਕਿ ਹਿੰਦੂਆਂ ਨੂੰ ਮੁਸਲਮਾਨਾਂ ਦੀ ਗੁਲਾਮੀ ਕਰਨ ਲਈ ਹੀ ਖ਼ੁਦਾ ਨੇ ਭੇਜਿਆ ਹੈ। ਸਮੇਂ ਦੇ ਹਾਕਮਾਂ ਤੇ ਧਾਰਮਕ ਆਗੂਆਂ ਵਲੋਂ ਹਿੰਦੂਆਂ ਨਾਲ ਪੂਰੀ ਨਫ਼ਰਤ ਕੀਤੀ ਜਾਂਦੀ ਸੀ। ਭਾਰਤ ਦੇ ਹਿੰਦੂ ਗੁਲਾਮੀ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸਨ। ਜਿਹੜੇ ਹਿੰਦੂ ਸਰਕਾਰ ਨਾਲ ਰਲ਼ ਕੇ ਚਲਦੇ ਸਨ ਉਹ ਆਪਣਿਆਂ `ਤੇ ਹੀ ਜ਼ੁਲਮ ਕਰਦੇ ਦਿਖਾਈ ਦੇਂਦੇ ਸਨ ਤੇ ਹਿੰਦੂ ਅਹਿਲਕਾਰ ਬੋਲੀ ਵੀ ਉਹਨਾਂ ਦੀ ਬੋਲਦੇ ਸਨ। ਅਜੇਹੇ ਹਲਾਤਾਂ ਵਿੱਚ ਇਸਤ੍ਰੀਆਂ ਹਲੇਮੀ, ਸਾਦਗੀ, ਪਵਿਤ੍ਰਤਾ, ਮਿੱਠਾ ਸੁਭਾਅ, ਦਿੱਲ ਦੀ ਸਾਫ਼ਗੋਈ ਸਾਰਾ ਕੁੱਝ ਛੱਡ ਚੁੱਕੀਆਂ ਸਨ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ "ਇਸਤ੍ਰੀ ਪੁਰਖੇ ਦਾਮ ਹਿੱਤ ਭਾਂਵੇਂ ਆਏ ਕੁਥਾਉਂ ਜਾਈ" ਵਾਲੀ ਹਾਲਤ ਬਣੀ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਅਜੇਹੀ ਅਵਸਥਾ ਨੂੰ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ।

ਰੰਨਾ ਹੋਈਆ ਬੋਧੀਆ, ਪੁਰਸ ਹੋਏ ਸਈਆਦ।।

ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ।।

ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ।।

ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ।। ੨।।

ਸਲੋਕ ਮ: ੧ ਪੰਨਾ ੧੨੪੩

ਅੱਖਰੀਂ ਅਰਥ--— (ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿੱਚ ਰਹਿਣਾ, ਦਿਲ ਦੀ ਸਫ਼ਾਈ—ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ। ਹੇ ਨਾਨਕ! (ਜੇ ‘ਸੀਲ ਸੰਜਮ ਸੁਚ` ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ) ਧਰਮ ਦਾ ਪ੍ਰਚਾਰ ਕਰਨ ਵਾਲੀਆਂ ਤਿੰਨ ਇਕਾਈਆਂ ਨੇ ਧਰਮ ਦੇ ਨਾਂ `ਤੇ ਲੋਕਾਂ ਨੂੰ ਕੁਰਾਹੇ ਪਾਇਆ ਹੋਇਆ ਸੀ। ਧਾਰਮਿਕ ਅਗੂਆਂ ਦੀਆਂ ਕਾਲ਼ੀਆਂ ਕਰਤੂਤਾਂ ਨੇ ਦੁਨੀਆਂ ਦੇ ਸੋਹਣੇ ਬਾਗ ਨੂੰ ਉਜਾੜਿਆ ਹੋਇਆ ਸੀ

ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। ੨।।

ਧਨਾਸਰੀ ਮਹਲਾ ੧ ਪੰਨਾ ੬੬੨

ਅੱਖਰੀਂ ਅਰਥ--- ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ। ਭਾਰਤ ਦੀ ਬਹੁਤੀ ਦੁਨੀਆਂ ਰਾਜਿਆਂ, ਅਹਿਲਕਾਰਾਂ, ਧਾਰਮਿਕ ਅਗੁਆਂ ਤੇ ਇਲਾਕੇ ਦੇ ਚੌਧਰੀਆਂ ਹੱਥੋਂ ਸਤਾਈ ਹੋਈ ਸੀ। ਹਿੰਦੂ ਆਪਣਿਆਂ ਹੱਕਾਂ ਦੀ ਰਾਖੀ ਦੀ ਥਾਂ `ਤੇ ਜਾਦੂ-ਟੂਣਿਆਂ, ਹੱਥ ਦਿਖਾਉਣਾ, ਜੋਤਸ਼ੀਆਂ ਪਾਸੋਂ ਆਪਣੀ ਹੋਣੀ ਬਾਰੇ ਪੁੱਛਣਾ, ਸਾਧਾਂ ਸੰਤਾਂ ਪਾਸੋਂ ਅਰਦਾਸਾਂ ਕਰਾਉਣੀਆਂ, ਨਾਮ ਜਪਣਾ, ਮਾਲ਼ਾ ਫੇਰਨੀਆਂ ਚਲੀਹੇ ਕਟਣੇ ਆਦ ਧਾਰਮਕ ਰਸਮਾਂ ਨੂੰ ਧਰਮ ਸਮਝ ਲਿਆ ਹੋਇਆ ਸੀ ਕਿ ਸ਼ਾਇਦ ਇੰਜ ਕਰਨ ਨਾਲ ਸਾਡੀ ਹੋਣੀ ਬਦਲ ਜਾਏਗੀ। ਭਾਰਤੀ ਹਿੰਦੂ ਇਹ ਸਮਝ ਰਿਹਾ ਸੀ ਕਿ ਦੇਵੀ ਦੇਵਤਿਆਂ ਦੀ ਪੂਜਾ ਕਰਨ ਨਾਲ ਉਹ ਸਾਡੇ `ਤੇ ਖੁਸ਼ ਹੋਣਗੇ ਫਿਰ ਸਾਡੀ ਉਹ ਤਕਦੀਰ ਬਦਲ ਦੇਣਗੇ।

ਭਾਰਤ ਦੀ ਬ੍ਰਾਹਮਣੀ ਸੋਚ ਨੇ ਪੂਜਾ, ਵਰਤ, ਨੌਂ ਗ੍ਰਹਿ, ਜਿੰਨੇ ਕੰਕਰ ਓਨੇ ਹੀ ਸ਼ੰਕਰਾਂ ਦੀ ਪੂਜਾ, ਮਨੋ ਕਲਪਤ ਦੇਵੀ ਦੇਵਤਿਆਂ ਦੀ ਪੂਜਾ ਨੇ ਲੋਕਾਂ ਵਿਚੋਂ ਸਵੈ ਮਾਣ, ਅਣਖ-ਗੈਰਤ ਵਰਗੀਆਂ ਹਕੀਕਤਾਂ ਹੀ ਗਵਾ ਦਿੱਤੀਆਂ ਹੋਈਆਂ ਸਨ। ਕਰਮ-ਕਾਂਡੀ ਸੋਚ ਨੇ ਲੋਕਾਂ ਨੂੰ ਇਹ ਸਮਝਾ ਦਿੱਤਾ ਹੋਇਆ ਸੀ ਕਿ ਤੁਹਾਨੂੰ ਆਪਣੇ ਹੱਕ ਮੰਗਣ ਦੀ ਲੋੜ ਨਹੀਂ ਹੈ, ਇਹਨਾਂ ਦੀ ਪੂਜਾ ਕਰੀ ਜਾਓ ਭਗਵਾਨ ਆਪੇ ਖੁਸ਼ ਹੋ ਕੇ ਆਪੇ ਤੁਹਾਡੀਆਂ ਮੁਸੀਬਤਾਂ ਕੱਟ ਦੇਵੇਗਾ। ਰੁੱਖਾਂ, ਪੰਛੀਆਂ, ਪਸ਼ੂਆਂ ਤੇ ਹੋਰ ਕਈ ਪ੍ਰਕਾਰ ਦੀ ਪੂਜਾ ਕਰਨ ਨਾਲ ਕੋਈ ਗ਼ੈਬੀ ਸ਼ਕਤੀ ਪੈਦਾ ਹੋਏਗੀ ਜਿਹੜੀ ਸਾਨੂੰ ਅਜ਼ਾਦੀ ਦਿਵਾਏਗੀ। ਬਾਬਰ ਦੇ ਹਮਲੇ ਨੇ ਇਹਨਾਂ ਅਖੌਤੀ ਸਾਧਾਂ ਦਾ ਪਾਜ ਓਘਾੜ ਕੇ ਰੱਖ ਦਿੱਤਾ—

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।।

ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।।

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।। ੪।।

ਆਸਾ ਮਹਲਾ ੧ ਪੰਨਾ ੪੧੭

ਅੱਖਰੀਂ ਅਰਥ--ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ। ੪।

ਅਜੇਹੀ ਅਵਸਥਾ ਵਿੱਚ ਬਲਵੰਡ ਜੀ ਫਰਮਾਉਂਦੇ ਹਨ—ਕਿ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮਾਜ ਦੀ ਨੀਂਹ ਰੱਖੀ ਜਿਹੜਾ ਖ਼ੁਦਮੁਖਤਿਆਰੀ ਦਾ ਹੱਕ ਦੇਂਦਾ ਹੋਵੇ ਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣੀ ਕੁਰਬਾਨੀ ਦੇ ਸਕਦਾ ਹੋਵੇ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਨੇ ਭਾਰਤੀਆਂ ਨੂੰ ਆਤਮਕ ਤੌਰ `ਤੇ ਬਲਵਾਨ ਬਣਾਇਆ। ਅਜੇਹੇ ਸਮਾਜ ਵਿੱਚ ਭੈ-ਭਾਵਨੀ, ਆਪਸ ਵਿੱਚ ਮਿਲ ਬੈਠਣਾ, ਸੰਤੋਖ, ਧੀਰਜ, ਖਿਮਾਂ ਕਿਸੇ ਦੇ ਵਿਚਾਰਾਂ ਨੂੰ ਸਹਿਜ ਨਾਲ ਸੁਣਨ ਦੀ ਸ਼ਕਤੀ ਰੱਖਣੀ, ਭਾਵ ਰੱਬੀ ਗੁਣਾਂ ਨਾਲ ਭਰਪੂਰਤਾ ਵਾਲੇ ਸਮਾਜ ਦੀ ਬਣਤਰ ਨੂੰ ਸਾਕਾਰ ਕੀਤਾ। ਗੁਰੂ ਨਾਨਕ ਸਾਹਿਬ ਨੇ ਹਰ ਮਨੁੱਖ ਨੂੰ ਅਜ਼ਾਦੀ ਨਾਲ ਜ਼ਿੰਦਗੀ ਜਿਉਣ ਤੇ ਹਰ ਪ੍ਰਕਾਰ ਦੀ ਖਸ਼ਹਾਲੀ ਵਾਲੇ ਮੁਲਕ ਦੀ ਨੀਂਹ ‘ਸੱਚ` `ਤੇ ਰੱਖੀ --- "ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ"।।




.