.

ਗੁਰਬਾਣੀ ਵਿੱਚ ਹਉਮੈ ਦਾ ਸੰਕਲਪ

(Sawan Singh Principal (Retired) 10561 Brier lane, Santa Ana 92705, California .714 544 [email protected])

ਗੁਰਬਾਣੀ ਕੇਵਲ ਰੂਹਾਨੀ ਖੇਤਰ ਵਿੱਚ ਹੀ ਨਹੀਂ ਸਗੋਂ ਜੀਵਨ ਦੇ ਹੋਰ ਖੇਤਰਾਂ ਵਿੱਚ ਵੀ ਸਾਡੀ ਅਗਵਾਈ ਕਰਦੀ ਹੈ। ਜੇਕਰ ਵਿਚਾਰੀਏ ਤਾਂ ਗੁਰਬਾਣੀ ਜੀਵਨ ਦੇ ਹਰ ਖੇਤਰ ਜਿਵੇਂ ਕਿ ਜ਼ਾਤਪਾਤ, ਸੰਸਾਰ ਦੀ ਉਤਪਤੀ, ਮੌਤ, ਵਿਭਚਾਰ, ਤਿਆਗ, ਗ੍ਰਿਹਸਤ, ਮੁਕਤੀ, ਧੀਰਜ, ਲਾਲਚ, ਚਾਲ-ਚਲਣ, ਖਾਣ ਪੀਣ, ਆਲਸ, ਪਖੰਡ, ਮੂਰਤੀ ਪੂਜਾ ਤੇ ਹਉਮੈ ਵਰਗੇ ਮਸਲਿਆਂ ਵਿੱਚ ਵੀ ਅਸਾਨੂੰ ਸਿੱਧੇ ਰਾਹ ਪਾਉਂਦੀ ਹੈ। ਗੁਬਾਣੀ ਵਿੱਚ ਹਉਮੈ ਲਈ ਕਈ ਹੋਰ ਸ਼ਬਦਾਂ ਜਿਵੇਂ ਹੰਕਾਰ, ਅਹੰਕਾਰ, ਗਰਬ ਤੇ ਅਭਿਮਾਨ ਆਦਿ ਦੀ ਵਰਤੋਂ ਵੀ ਕੀਤੀ ਗਈ ਹੈ। ਗੁਰਬਾਣੀ ਸਾਨੂੰ ਹਉਮੈ ਦੇ ਨੁਕਸਾਨ ਦੱਸ ਕੇ ਇਸ ਰੋਗ ਤੋਂ ਬਚਣ ਲਈ ਪਰੇਰਦੀ ਹੈ ਅਤੇ ਇਸ ਦਾ ਦਾਰੂ ਵੀ ਦੱਸਦੀ ਹੈ।

ਗੁਰਬਾਣੀ ਅਨੁਸਾਰ ਹਉਮੈ ਵੀ ਵਾਹਿਗੁਰੂ ਨੇ ਪੈਦਾ ਕੀਤੀ ਹੈ ਜੋ ਹਰੇਕ ਨੂੰ ਚਮੜੀ ਹੋਈ ਹੈ। ਅਸੀਂ ਧਨ, ਜਵਾਨੀ, ਪਦਵੀ, ਕੁਲ ਤੇ ਸੰਪਤੀ ਆਦਿ ਦਾ ਮਾਣ ਕਰਦੇ ਹਾਂ। ਮਨੁੱਖ ਦੀ ਪੰਜ ਮੁਢਲੀ ਰੁਚੀਆਂ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ (ਹਉਮੈ) -ਵਿਚੋਂ ਹਉਮੈ ਇੱਕ ਭੈੜੀ ਤੇ ਖਤਰਨਾਕ ਰੁਚੀ ਹੈ। ਇਹ ਇੱਕ ਚੋਰ ਵਾਂਗ ਚੋਰੀ ਚੋਰੀ ਸਾਨੂੰ ਆਪਣੇ ਵਸ ਵਿੱਚ ਕਰ ਲੈਂਦੀ ਹੈ ਤੇ ਕੁਰਾਹੇ ਪਾਂਦੀ ਹੈ। ਇੱਕ ਕੰਡੇ ਵਾਂਗ ਇਹ ਜੀਵ ਦੇ ਮਨ ਵਿੱਚ ਚੁਭ ਜਾਂਦੀ ਹੈ ਤੇ ਹਮੇਸ਼ਾ ਉਸ ਨੂੰ ਦੁਖੀ ਕਰਦੀ ਰਹਿੰਦੀ ਹੈ:

ਜਿਨ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ।। ਗੁਰੂ ਅਰਜਨ ਦੇਵ ਜੀ (ਪੰਨਾ ੯੯੯)

ਭਾਵ: ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ ਉਸ ਨੇ ਹਉਮੈ ਵੀ ਹਰੇਕ ਜੀਵ ਦੇ ਅੰਦਰ ਪਾ ਦਿੱਤੀ ਹੈ।

ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ।। ਗੁਰੂ ਨਾਨਕ ਦੇਵ ਜੀ (ਪੰਨਾ ੧੯)

ਭਾਵ: ਸਾਰੀ ਸ੍ਰਿਸ਼ਟੀ ਮੋਹਣੀ ਮਾਇਆ ਦੀ ਮਮਤਾ, ਹਊਮੈ ਤੇ ਹੰਕਾਰ ਵਿੱਚ ਠੱਗੀ ਜਾ ਰਹੀ ਹੈ।

ਗੁਰਬਾਣੀ ਹਉਮੈ ਦੀ ਬਿਮਾਰੀ ਤੋਂ ਬਚਣ ਲਈ ਸਾਨੂੰ ਪ੍ਰੇਰਦੀ ਹੈ ਤੇ ਨਿਮਰਤਾ ਨੂੰ ਅਪਨਾਉਣ ਦਾ ਸਬਕ ਦੇਂਦੀ ਹੈ। ਸਿੱਖ ਗੁਰੂਆਂ ਨੇ ਨਿਮਰ ਬਣ ਕੇ ਆਪਣਾ ਜੀਵਨ ਬਿਤੀਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਉੱਚੀ ਕੁੱਲ ਨਾਲ ਸਬੰਧ ਰਖਦੇ ਸਨ, ਪਰ ਉਹਨਾਂ ਨੇ ਆਪਣੀ ਬਾਣੀ ਵਿੱਚ ਆਪਣੀ ਕੁੱਲ ਦਾ ਮਾਣ ਨਾ ਕਰ ਕੇ ਆਪਣੇ ਆਪ ਨੂੰ ਨੀਚ ਕਿਹਾ ਹੈ:

ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ।। ਗੁਰੂ ਨਾਨਕ ਦੇਵ ਜੀ (ਪੰਨਾ ੯੫੬)

ਭਾਵ: ਹੇ ਨਾਨਕ! ਤੂੰ ਹੰਕਾਰ ਨਾ ਕਰ, ਮਤੇ ਤੂੰ ਸਿਰ ਦੇ ਭਾਰ ਧਰਤੀ ਤੇ ਜਾ ਪਵੇਂ।

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।। ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ।। ਗੁਰੂ ਅਮਰ ਦਾਸ ਜੀ (ਪੰਨਾ ੧੧੨੭)

ਭਾਵ: ਹੇ ਮੂਰਖ! ਤੂੰ ਉੱਚੀ ਜਾਤਿ ਦਾ ਮਾਣ ਨਾਹ ਕਰ। ਇਸ ਮਾਣ ਤੋਂ ਤੇਰੇ ਜੀਵਨ ਵਿੱਚ ਕਈ ਵਿਗਾੜ ਚੱਲ ਪੈਂਦੇ ਹਨ।

ਗਰਬੁ ਮੋਹੁ ਤਜਿ ਹੋਵਉ ਰੇਨ।। ਗੁਰੂ ਅਰਜਨ ਦੇਵ ਜੀ (ਪੰਨਾ੩੯੧)

ਭਾਵ: ਹੰਕਾਰ ਤੇ ਸੰਸਾਰੀ ਮਮਤਾ ਨੂੰ ਛੱਡ ਕੇ ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਬਣ ਜਾਵਾਂ।

ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ।। ਭਗਤ ਕਬੀਰ ਜੀ (ਪੰਨਾ ੧੧੦੬)

ਭਾਵ: ਤੂੰ ਆਪਣੀ ਦੌਲਤ ਤੇ ਜੁਆਨੀ ਦਾ ਮਾਣ ਨਾ ਕਰ। ਤੂੰ ਕਾਗਜ਼ ਵਾਂਗ ਗਲ ਜਾਵੇਂਗਾ।

ਗੁਰਬਾਣੀ ਅਨੁਸਾਰ ਹੰਕਾਰ ਪ੍ਰਭੂ ਨੂੰ ਚੰਗਾ ਨਹੀਂ ਲਗਦਾ। ਹੰਕਾਰ ਤੇ ਵਾਹਿਗੁਰੂ ਦੇ ਨਾਮ ਆਪਸ ਵਿੱਚ ਮੇਲ ਨਹੀਂ ਖਾਂਦੇ। ਹੰਕਾਰੀ ਜੀਵ ਵਾਹਿਗੁਰੂ ਦੇ ਦਰਬਾਰ ਤਕ ਨਹੀਂ ਪਹੁੰਚ ਸਕਦਾ। ਹਉਮੈ ਜੀਵ ਤੇ ਪ੍ਰਭੂ ਵਿਚਕਾਰ ਇੱਕ ਦੀਵਾਰ ਹੈ। ਨਾਮ ਜਪਣ ਵਾਲਾ ਜੀਵ ਹੰਕਾਰੀ ਨਹੀਂ ਹੋ ਸਕਦਾ:

ਹੳਮੈ ਜਾਈ ਤਾ ਕੰਤ ਸਮਾਈ।। ਗੁਰੂ ਨਾਨਕ ਦੇਵ ਜੀੁ (ਪੰਨਾ ੭੫੦)

ਭਾਵ: ਜੇਕਰ ਉਹ (ਜੀਵ ਇਸਤ੍ਰੀ) ਹੰਕਾਰ ਨੂੰ ਮੇਟ ਦੇਵੇ, ਤਾਂ ਆਪਣੇ ਭਰਤੇ (ਪ੍ਰਭੂ) ਵਿੱਚ ਲੀਨ ਹੋ ਜਾਂਦੀ ਹੈ।

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ।। ਗੁਰੂ ਅਮਰ ਦਾਸ ਜੀ (ਪੰਨਾ ੫੬੦)

ਭਾਵ: ਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ, ਇਹ ਦੋਵੇਂ ਇਕੱਠੇ (ਹਿਰਦੇ ਵਿਚ) ਨਹੀਂ ਰਹਿ ਸਕਦੇ।

ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ।। ਗੁਰੂ ਅਮਰ ਦਾਸ ਜੀ (ਪੰਨਾ੧੦੮੯)

ਭਾਵ: ਵੇਦ ਆਦਿਕ ਧਰਮ-ਪੁਸਤਕ ਵੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ।

ਧਨ ਪਿਰ ਕਾ ਇੱਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ।। ਗੁਰੂ ਰਾਮ ਦਾਸ ਜੀ (ਪੰਨਾ੧੨੬੩)

ਭਾਵ: ਜੀਵ-ਇਸਤ੍ਰੀ ਤੇ ਪ੍ਰਭੂ ਪਤੀ ਦਾ ਇਕੋ ਹੀ (ਹਿਰਦੇ) ਥਾਂ ਵਿੱਚ ਵਸੇਬਾ ਹੈ, ਪਰ ਦੋਹਾਂ ਦੇ ਵਿੱਚ ਜੀਵ ਦੀ ਹਉਮੈ ਦੀ ਕਰੜੀ ਕੰਧ ਰੁਕਾਵਟ ਹੈ।

ਗਰਬਿ ਗਹੇਲੀ ਮਹਲੁ ਨ ਪਾਵੈ।। ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ।। ਗੁਰੂ ਅਰਜਨ ਦੇਵ ਜੀ (ਪੰਨਾ ੭੩੭) ਭਾਵ: ਜੇਹੜੀ ਜੀਵ-ਇਸਤ੍ਰੀ ਹੰਕਾਰ ਵਿੱਚ ਫਸੀ ਰਹਿੰਦੀ ਹੈ ਉਹ ਪ੍ਰਭ -ਪਤੀ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕਦੀ। ਜਦੋਂ ਜੀਵਨ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਪਛੁਤਾਂਦੀ ਹੈ।

ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ।। ਭਗਤ ਕਬੀਰ ਜੀ (ਪੰਨਾ ੩੩੯)

ਭਾਵ: ਜਿਤਨਾ ਚਿਰ ਅਸੀਂ ਜੀਵਾਂ ਵਿੱਚ ਹਉਮੈ ਹੁੰਦੀ ਹੈ ਉਤਨਾ ਚਿਰ ਸਾਡੇ ਵਿੱਚ ਕੋਈ ਆਤਮਕ ਬਲ ਨਹੀਂ ਹੁੰਦਾ, ਪਰ ਹੁਣ ਜਦੋਂ ਤੂੰ (ਵਾਹਿਗੁਰੂ) ਆਪ ਸਾਡੇ ਵਿੱਚ ਆ ਪ੍ਰਗਟਿਆ ਹੈਂ ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ।

ਗਰਬਵਤੀ ਕਾ ਨਾਹੀ ਠਾਉ।। ਭਗਤ ਰਵੀ ਦਾਸ ਜੀ (ਪੰਨਾ ੧੧੯੬)

ਭਾਵ: ਅਹੰਕਾਰਨ ਜੀਵ -ਇਸਤ੍ਰੀ ਦਾ (ਪ੍ਰਭੂ ਦੇ ਦਰਬਾਰ ਵਿਚ) ਕੋਈ ਥਾਂ ਨਹੀਂ ਹੈ।।

ਗੁਰਬਾਣੀ ਵਿੱਚ ਲਿਖਿਆ ਹੈ ਕਿ ਹਉਮੈ ਦੇ ਅਣਗਿਣਤ ਨੁਕਸਾਨ ਹਨ। ਹਉਮੈ ਇੱਕ ਕੰਡਾ ਹੈ। ਜਿਸ ਮਨੁੱਖ ਦੇ ਮਨ ਵਿੱਚ ਚੁਭ ਜਾਵੇ ਉਹ ਹਮੇਸ਼ਾ ਦੁਖੀ ਰਹਿੰਦਾ ਹੈ। ਉਹ ਇਹ ਨਹੀਂ ਸਮਝਦਾ ਕਿ ਇਸ ਧਰਤੀ ਤੇ ਅਨੇਕਾਂ ਆਕੜ ਵਿਖਾਣ ਵਾਲੇ ਆ ਕੇ ਚਲੇ ਗਏ ਤੇ ਕਿਸੇ ਦਾ ਕੋਈ ਨਾਂ-ਨਿਸ਼ਾਨ ਨਹੀਂ ਰਿਹਾ। ਹਉਮੈ ਵਿੱਚ ਫਸਿਆ ਜੀਵ ਸਦਾ ਖੁਆਰ ਹੁੰਦਾ ਹੈ। ਹਉਮੈ ਸਾਰੀ ਬੁਰਿਆਈਆਂ ਦੀ ਜੜ੍ਹ ਅਤੇ ਇੱਕ ਖਤਰਨਾਕ ਬੀਮਾਰੀ ਹੈ। ਹੰਕਾਰ ਵਿੱਚ ਮਨੁੱਖ ਧੀਰਜ ਖੋਹ ਬੈਠਦਾ ਹੈ ਤੇ ਆਪਣੇ ਪਰਾਏ ਦਾ ਫਰਕ ਵੀ ਭੁੱਲ ਜਾਂਦਾ ਹੈ। ਉਹ ਆਪਣੇ ਨਾਲ ਆਪਣੇ ਸਾਥੀਆਂ ਨੂੰ ਵੀ ਖੁਆਰ ਕਰਦਾ ਹੈ:

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ।। ਗੁਰੂ ਨਾਨਕ ਦੇਵ ਜੀ (ਪੰਨਾ ੧੨੪੬)

ਭਾਵ: ਹੇ ਨਾਨਕ! ਜਿੰਨ੍ਹਾਂ ਵਿੱਚ ਕੋਈ ਭੀ ਗੁਣ ਨਾਂਹ ਹੋਵੇ ਤੇ ਪਿਰ ਵੀ ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ।

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।। ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। ਗੁਰੂ ਅਮਰ ਦਾਸ ਜੀ (੧੧੨੭)

ਭਾਵ: ਹੇ ਮੂਰਖ! ਹੇ ਗਵਾਰ! ਉੱਚੀ ਜਾਤਿ ਦਾ ਮਾਣ ਨਾਹ ਕਰ। ਇਸ ਮਾਣ ਤੋਂ ਕਈ ਵਿਗਾੜ ਚੱਲ ਪੈਂਦੇ ਹਨ।

ਜਿਸ ਕੈ ਅੰਤਰਿ ਰਾਜ ਅਭਿਮਾਨੁ।। ਸੋ ਨਰਕਪਾਤੀ ਹੋਵਤ ਸੁਆਨੁ।। ਗੁਰੂ ਅਰਜਨ ਦੇਵ ਜੀ (ਪੰਨਾ੨੭੮)

ਭਾਵ: ਜਿਸ ਮਨੁੱਖ ਦੇ ਮਨ ਵਿੱਚ ਰਾਜ ਦਾ ਮਾਣ ਹੈ, ਉਹ ਕੁੱਤਾ ਨਰਕ ਵਿੱਚ ਪੈਣ ਦੀ ਸਜ਼ਾ ਦਾ ਹਕਦਾਰ ਹੁੰਦਾ ਹੈ।

ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ।। ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ।। (ਪੰਨਾ੧੩੫੮)

ਭਾਵ: ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ। ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਤੂੰ ਮਿੱਤ੍ਰਾਂ ਦਾ ਤਿਆਗ ਕਰਾ ਕੇ ਪੱਕੇ ਵੈਰੀ ਬਣਾਈ ਜਾਂਦਾ ਹੈਂ।

ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ।। ਭਗਤ ਕਬੀਰ ਜੀ (ਪੰਨਾ ੪੭੬)

ਭਾਵ: ਮੰਦ-ਕਰਮੀ ਮਨੁੱਖ ਹਮੇਸ਼ਾ ਹੰਕਾਰ ਵਿੱਚ ਮੱਤੇ ਫਿਰਦੇ ਹਨ। ਇਹ ਆਪਣੇ ਪਰਵਾਰ ਨੂੰ ਵੀ ਆਪਣੇ ਨਾਲ ਡੋਬਦੇ ਹਨ।

ਗੁਰਬਾਣੀ ਅਨੁਸਾਰ ਹਉਮੈ ਤਿਆਗ ਕੇ ਨਿਮਰ ਜੀਵਨ ਬਿਤੀਤ ਕਰਨ ਦੇ ਕਈ ਲਾਭ ਹਨ। ਨਿਮਰ ਮਨੁੱਖ ਰੱਬ ਨੂੰ ਭਾਉਂਦਾ ਹੈ ਤੇ ਸੁਖੀ ਜੀਵਨ ਗੁਜ਼ਾਰਦਾ ਹੈ। ਉਹ ਕਦੇ ਖੁਆਰ ਨਹੀਂ ਹੁੰਦਾ ਤੇ ਫਲਦਾ ਫੁਲਦਾ ਹੈ:

ਹਉ ਹਉ ਕਰਤ ਨਹੀ ਸਚੁ ਪਾਈਐ।। ਹਉਮੈ ਜਾਇ ਪਰਮ ਪਦੁ ਪਾਈਐ।। ਗੁਰੂ ਨਾਨਕ ਦੇਵ ਜੀ (ਪੰਨਾ੨੨੬)

ਭਾਵ: ਮੈਂ ਮੈਂ ਕਰਦਿਆਂ (ਆਪਣੇ ਆਪ ਨੂੰ ਵੱਡਾ ਕਹਿਦਿਆਂ) ਪ੍ਰਭੂ ਨਹੀਂ ਮਿਲ ਸਕਦਾ। ਜਦੋਂ ਇਹ ਹਉਮੈ ਦੂਰ ਹੋਵੇ, ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ।

ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ।। ਗੁਰੂ ਅਮਰ ਦਾਸ ਜੀ (ਪੰਨਾ੧੧੦)

ਭਾਵ: ਜਦੋਂ ਮਨੁੱਖ ਹਉਮੈ ਮਾਰ ਕੇ ਮਾਇਆ ਦਾ ਮੋਹ ਦੂਰ ਕਰਦਾ ਹੈ ਤਾਂ ਹਮੇਸ਼ਾ ਆਤਮਕ ਅਨੰਦ ਮਾਣਦਾ ਹੈ।

ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ।। ਗੁਰੂ ਅਰਜਨ ਦੇਵ ਜੀ (ਪੰਨਾ ੨੦੭)

ਭਾਵ: ਜਦੋਂ ਮਨੁੱਖ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰ ਕੇ ਉਹਨਾਂ ਨੂੰ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।

ਗੁਰਬਾਣੀ ਨੇ ਹਉਮੈ ਤੋਂ ਛੁਟਕਾਰਾ ਪਾਉਣ ਦੇ ਢੰਗ ਤੇ ਇਲਾਜ ਵੀ ਦੱਸੇ ਹਨ। ਇਸ ਮੰਤਵ ਲਈ ਨਾਮ ਜਪਣਾ, ਰੱਬ ਦੇ ਪਿਆਰ ਤੇ ਡਰ ਨੂੰ ਮਨ ਵਿੱਚ ਵਸਾਉਣਾ. ਸਤਸੰਗ ਤੇ ਨਿਮਰਤਾ ਵਾਲੇ ਜੀਵਨ ਤੇ ਜ਼ੋਰ ਦਿੱਤਾ ਗਿਆ ਹੈ। ਹਉਮੈ ਦੀ ਕਾਲੀ ਹਨੇਰੀ ਰਾਤ ਵਿੱਚ ਭਟਕਦੇ ਮਨੁੱਖ ਨੂੰ ਸਤਸੰਗ ਵਿੱਚ ਆਤਮਕ ਜੀਵਨ ਦਾ ਰਾਹ ਦਿੱਸਦਾ ਹੈ। ਸਾਧ ਸੰਗਤ ਵਿੱਚ ਮਨ ਨੂੰ ਨਿਮਰ ਬਣਾਇਆ ਜਾ ਸਕਦਾ ਹੈ। ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸੰਸਾਰ ਸਦੀਵੀ ਨਹੀਂ ਹੈ:

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।। ਗੁਰੂ ਨਾਨਕ ਦੇਵ ਜੀ (ਪੰਨਾ ੧)

ਭਾਵ: ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਹਉਮੈ ਦੇ ਬਚਨ ਨਹੀਂ ਆਖਦਾ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ।। ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ।।

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ।। ਗੁਰੂ ਅੰਗਦ ਦੇਵ ਜੀ (ਪੰਨਾ ੪੬੬)

ਭਾਵ: ਇਹ ਹਉਮੈ ਇੱਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ ਹਉਮੈ ਤੋਂ ਪੈਦਾ ਹੋਏ ਦੁਖ ਦੂਰ ਹੋ ਜਾਂਦੇ ਹਨ।

ਹਉਮੈ ਮੈਲੁ ਗੁਰ ਸਬਦੇ ਧੋਵੈ।। ਗੁਰੂ ਅਮਰ ਦਾਸ ਜੀ (ਪੰਨਾ੧੨੧)

ਭਾਵ: ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਆਪਣੇ ਅੰਦਰੋਂ ਹਉਮੈ ਦੀ ਮੈਲ ਧੋ ਲੈਂਦਾ ਹੈ।

ਜਿਨ ਜਪਿਆ ਇੱਕ ਮਨਿ ਇੱਕ ਚਿਤਿ ਤਿਨ ਲਥਾ ਹਉਮੈ ਭਾਰੁ।। ਗੁਰੂ ਰਾਮ ਦਾਸ ਜੀ (ਪੰਨਾ੩੦੨)

ਭਾਵ: ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਜਾਂਦਾ ਹੈ।

ਜੇ ਕੋ ਅਪੁਨੀ ਸੋਭਾ ਲੋਰੈ।। ਸਾਧਸੰਗਿ ਇਹ ਹਉਮੈ ਛੋਰੈ।। ਗੁਰੂ ਅਰਜਨ ਦੇਵ ਜੀ (ਪੰਨਾ ੨੬੬)

ਭਾਵ: ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੈ ਤਾਂ ਸਤਸੰਗ ਵਿੱਚ ਰਹਿ ਕੇ ਹਉਮੈ ਦਾ ਤਿਆਗ ਕਰੇ।




.