.

ਕੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬ੍ਰਹਮਾ, ਵਿਸ਼ਨੂੰ ਤੇ ਰਿਸ਼ੀ ਬਾਲਮੀਕ ਦਾ ਸਥਾਨ ਹੈ?

ਭਾਰਤ (ਇੰਡੀਆ) ਨੂੰ ਹਿੰਦੋਸਤਾਨ ਦੇ ਨਾਂ ਹੇਠ ਇੱਕ ਹਿੰਦੂ ਰਾਸ਼ਟਰ ਦੇ ਰੂਪ ਵਿੱਚ ਸਥਾਪਤ ਕਰਨ ਦਾ ਮੁੱਖ ਏਜੰਡਾ ਮਿਥ ਕੇ ਜਦੋਂ ਤੋਂ ‘ਰਾਸ਼ਟਰੀਆ ਸਵੈਮ ਸੰਘ` (ਆਰ. ਐਸ. ਐਸ) ਨਾਂ ਦੀ ਕੱਟੜ ਹਿੰਦੂ ਜਥੇਬੰਦੀ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਭਾਰਤੀ ਮੁਸਲਮਾਨਾਂ ਤੇ ਇਸਾਈਆਂ ਨੂੰ ਤਾਂ ਵਿਦੇਸ਼ੀ ਹੋਣ ਦਾ ਇਲਜ਼ਾਮ ਲਗਾ ਕੇ ਦੇਸ਼ ਤੋਂ ਬਾਹਰ ਧਕੇਲਣ ਦਾ ਯਤਨ ਕੀਤਾ ਜਾ ਰਿਹਾ ਹੈ, ਤਾਂ ਕਿ ਉਹ ਮਜ਼ਬੂਰ ਹੋ ਕੇ ਮਜ਼ਹਬੀ ਪੱਖੋਂ ਹਿੰਦੂ ਅਖਵਾਉਣ। ਪ੍ਰੰਤੂ ਸਿੱਖ ਗੁਰੂ-ਸਾਹਿਬਾਨਾਂ ਨੂੰ ਸ਼੍ਰੀ ਵਿਸ਼ਨੂੰ ਦਾ ਅਵਤਾਰ ਮੰਨੀ ਜਾਂਦੀ ਮਿਥਿਹਾਸਕ ਹਸਤੀ ਸ਼੍ਰੀ ਰਾਮ ਚੰਦਰ ਦੇ ਬੇਟੇ ਲਵ ਤੇ ਕੁਛ ਦੇ ਵੰਸ਼ਜ ਦੱਸ ਕੇ ਸਿੱਖ ਕੌਮ ਨੂੰ ਹਿੰਦੂ-ਮਤ ਦਾ ਹੀ ਇੱਕ ਅੰਗ ਪ੍ਰਚਾਰਿਆ ਜਾ ਰਿਹਾ ਹੈ। ਸਿੱਖੀ ਵੱਲ ਝੁਕਾ ਰੱਖਣ ਵਾਲੇ ਪੰਜਾਬੀ ਦਲਿਤ ਵਰਗ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭਗਤ ਬਾਲਮੀਕ ਦੇ ਭੁਲੇਖੇ ਰਿਸ਼ੀ ਬਾਲਮੀਕ ਦੇ ਲੜ ਲਾ ਕੇ ਗੁੰਮਰਾਹ ਕਰਦਿਆਂ ਬ੍ਰਾਹਮਣ ਦੀ ਝੋਲੀ ਪਾਇਆ ਜਾ ਰਿਹਾ ਹੈ, ਤਾਂ ਕਿ ਲੋੜ ਪੈਣ `ਤੇ ਇਨ੍ਹਾਂ ਨੂੰ ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਦੇ ਖਿਲਾਫ਼ ਲੜਣ ਲਈ ਵਰਤਿਆ ਜਾ ਸਕੇ।

ਬ੍ਰਾਹਮਣ ਮੁਖੀਆਂ ਵੱਲੋਂ ਗੁਰਮਤਿ ਵਿਚਾਰਧਾਰਾ ਨੂੰ ਮਿਲਗੋਭਾ ਕਰਨ ਦੇ ਯਤਨ ਤਾਂ ਭਾਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਏ ਸਨ। ਪਰ, ਇਸ ਪ੍ਰਤੀ ਵਿਸ਼ੇਸ਼ ਕਾਰਜ ੧੮ਵੀਂ ਤੇ ੧੯ਵੀਂ ਸਦੀ ਵਿੱਚ ਉਸ ਵੇਲੇ ਹੋਇਆ, ਜਦੋਂ ਉਨ੍ਹਾਂ ਨਿਰਮਲੇ ਤੇ ਉਦਾਸੀ ਸਿੱਖਾਂ ਦੇ ਭੇਖ ਵਿੱਚ ਸਿੱਖ ਧਰਮਸ਼ਲਾਵਾਂ (ਗੁਰਦੁਆਰਾ ਸਾਹਿਬਾਨ) ਸੰਭਾਲ ਲਈਆਂ। ਕਿਉਂਕਿ ੧੮ਵੀ ਸਦੀ ਵਿੱਚ ਮੁਗਲੀਆ ਹਕੂਮਤ ਵਿਰੁਧ ਕੌਮੀ ਅਜ਼ਾਦੀ ਲਈ ਸਘੰਰਸ਼ ਕਰਦੀ ਹੋਈ ਵਧੇਰੇ ਸਿੱਖ ਕੌਮ ਜੰਗਲਾਂ ਤੇ ਪਹਾੜਾਂ ਵਿੱਚ ਦਿਨ ਕੱਟੀ ਕਰ ਰਹੀ ਸੀ। ਜੇ ਇਸ ਭਿਆਨਕ ਸਘੰਰਸ਼ ਪਿਛੋਂ ਰਾਜ-ਭਾਗ ਦਾ ਯੁਗ ਆਇਆ ਤਾਂ ਸਿੱਖ ਆਗੂ ਅਨਪੜ੍ਹ ਹੋਣ ਕਾਰਣ ਪ੍ਰਬੰਧਕੀ ਢਾਂਚਾ ਸੰਭਾਲਣ ਪੱਖੋਂ ਪਛੜ ਗਏ ਅਤੇ ਵਿਦਿਆ ਦੇ ਬਲਬੋਤੇ ਕੇਸਾਧਾਰੀ ਬ੍ਰਾਹਮਣ ਪੱਗਾਂ ਬੰਨ੍ਹ ਕੇ ਮਹਾਰਾਜਾ ਰਣਜੀਤ ਸਿੰਘ ਦੇ ਮੁੱਖ ਨੀਤੀ-ਘਾੜੇ, ਫ਼ੌਜੀ ਕਮਾਂਡਰ ਤੇ ਖ਼ਜ਼ਾਨਚੀ ਦੀਵਾਨ ਬਣ ਬੈਠੇ। ਗੁਰਮਤਿ ਦੇ ਸੋਮੇ ਤੇ ਸਿੱਖੀ ਦੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਮਿਲਗੋਭਾ ਕਰਕੇ ਬ੍ਰਾਹਮਣੀ ਮਤ ਦੀ ਪੁੱਠ ਚਾੜਣ ਲਈ ਇੱਕ ਤਾਂ ਬਚਿਤ੍ਰਨਾਟਕ, ਚੰਡੀ ਚਰਿਤ੍ਰ, ਚੌਬੀਸਅਵਤਾਰ ਅਤੇ ਚਰਿਤ੍ਰੋਪਾਖਿਆਨ ਵਰਗੇ ਕਈ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਪਿੱਛੋਂ ਇਕੱਠਿਆਂ ਕਰਕੇ ਅੰਗਰੇਜ਼ ਹਕੂਮਤ ਦੇ ਸਹਿਯੋਗ ਨਾਲ ‘ਸ੍ਰੀ ਦਸਮ ਗੁਰੂ ਗਰੰਥ` ਦਾ ਨਾਂ ਦੇ ਦਿੱਤਾ ਗਿਆ। ਦੂਜੇ, ਗੁਰਇਤਿਹਾਸ ਨੂੰ ਭਗਵਾਂ ਰੰਗ ਚਾੜ੍ਹਣ ਲਈ ‘ਗੁਰਬਿਲਾਸ ਪਾ: ੬ਵੀਂ`, ਗੁਰਬਿਲਾਸ ਪਾਤਸ਼ਾਹੀ ੧੦ਵੀਂ, ‘ਗੁਰ ਪ੍ਰਤਾਪ ਸੂਰਯ` (ਸੂਰਜ ਪ੍ਰਕਾਸ਼) ਅਤੇ ‘ਪੰਥ ਪ੍ਰਕਾਸ਼` ਵਰਗੇ ਕਾਵਿਕ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਦੀ ਕਥਾ ਹੁਣ ਤਕ ਗੁਰਦੁਆਰਾ ਸਾਹਿਬਾਨ ਵਿੱਚ ਹੋ ਰਹੀ ਹੈ।

ਇਹੀ ਕਾਰਣ ਹੈ ਕਿ ਹੁਣ ਕੁੱਝ ਸਾਲ ਪਹਿਲਾਂ ਆਰ. ਐਸ. ਐਸ ਦੇ ਰਾਜਸੀ ਪ੍ਰਭਾਵ ਹੇਠ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੱਕ ਜਥੇਦਾਰ ਨੇ ਐਲਾਨ ਕੀਤਾ ਕਿ ਸਿੱਖ ਲਵ-ਕੁਛ ਦੀ ਸੰਤਾਨ ਹਨ, ਤਾਂ ਉਸ ਨੇ ਆਪਣੇ ਬਚਾਅ ਲਈ ਢਾਲ ਬਣਾਇਆ ਸੀ ਕਥਿਤ ਦਸਮ ਗ੍ਰੰਥ ਵਿੱਚਲੇ ‘ਬਚਿਤ੍ਰ ਨਾਟਕ` ਨੂੰ। ਕਿਉਂਕਿ ਉਸ ਵਿੱਚ ਅਜਿਹਾ ਸਾਰਾ ਕੁਫ਼ਰ ਤੋਲਿਆ ਗਿਆ ਹੈ। ਇਸ ਉਪਰੰਤ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਆਚਰਣਿਕ ਤੌਰ `ਤੇ ਬਦਨਾਮ ਕਰਨ ਲਈ ਮਨੋਕਲਪਤ ਪਾਤਰ ਘੜੀ ਬੀਬੀ ਕੌਲਾਂ ਦੇ ਭਗਤ ਬਣੇ ਇੱਕ ਅੰਮ੍ਰਿਤਸਰੀ ਕੀਤਰਨੀਏ ਪਾਸੋਂ ਵੀਡੀਓ ਰਾਹੀਂ ਅਖਵਾਇਆ ਗਿਆ ਕਿ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਭਗਵਾਨ ਸ੍ਰੀ ਬ੍ਰਹਮਾ ਜੀ ਦਾ ਤਪ ਅਸਥਾਨ ਹੈ। ਲੱਖਾਂ ਸਾਲ ਪਹਿਲਾਂ ਸਤਿਯੁਗ ਵਿੱਚ ਸੂਰਜਵੰਸ਼ੀ ਰਾਜਾ ਇਖ਼ਵਾਕ ਨੇ ਜਦੋਂ ਜੱਗ ਕਰਵਾਇਆ ਤਾਂ ਇਥੇ ਹਵਨ-ਕੁੰਡ ਬਣਾਇਆ ਸੀ। ਉਸ ਵੇਲੇ ਭਗਵਾਨ ਬ੍ਰਹਮਾ ਜੀ ਦੇ ਨਾਲ ਸ਼੍ਰੀ ਵਿਸ਼ਨੂ ਤੇ ਸ਼ਿਵ ਜੀ ਸਮੇਤ ਸਾਰੇ ਦੇਵੀ ਦੇਵਤਿਆਂ ਇਥੇ ਚਰਨ ਪਾਏ ਸਨ । ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਸ੍ਰੀ ਵਿਸ਼ਨੂੰ ਨੇ ਵਰ ਦਿੱਤਾ ਸੀ ਕਿ ਕਲਯੁਗ ਵਿੱਚ ਮੈਂ ਗੁਰੂ ਨਾਨਕ ਦੇ ਰੂਪ ਵਿੱਚ ਪਰਗਟ ਹੋ ਕੇ ਆਪਣੇ ਚੌਥੇ ਸਰੂਪ ਵਿੱਚ ਤੀਰਥ ਸਰੋਵਰ ਰਚਾਂਗਾ ਅਤੇ ਪੰਜਵੇਂ ਜਾਮੇ ਵਿੱਚ ਇਥੇ ਮੰਦਰ ਸਿਰਜਨਾ ਕਰਾਂਗਾ। ਇਸੇ ਲਈ ਸ੍ਰੀ ਦਰਬਾਰ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਆਖਿਆ ਜਾਂਦਾ ਹੈ। ਕਿਉਂਕਿ ‘ਹਰੀ` ਲਫ਼ਜ਼ ਦਾ ਪੌਰਾਣਿਕ ਅਰਥ ਹੈ ‘ਵਿਸ਼ਨੂ`। ਪੰਥ ਦਰਦੀਆਂ ਵੱਲੋਂ ਜਦੋਂ ਇਸ ਦੀ ਪੁਛ-ਗਿਛ ਹੋਈ ਤਾਂ ਉਸ ਦਾ ਵੀ ਘੜਿਆ ਘੜਾਇਆ ਇਹੀ ਉੱਤਰ ਸੀ ਕਿ ਅਜਿਹਾ ਲਿਖਿਆ ਹੈ ਭਾਈ ਵੀਰ ਸਿੰਘ ਜੀ ਦੇ ਸੰਪਾਦਤ ਕੀਤੇ ‘ਸੂਰਜ ਪ੍ਰਕਾਸ਼` ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ‘ਗੁਰ ਬਿਲਾਸ ਪਾ: ੬ਵੀਂ ਵਿੱਚ।

ਇਸੇ ਤਰ੍ਹਾਂ ਬਾਲਮੀਕੀ ਭਗਤਾਂ ਨੇ ਜਦੋਂ ਚਾਰ ਕੁ ਸਾਲ ਪਹਿਲਾਂ ਆਪਣੀਆਂ ਸਟੇਜਾਂ ਤੋਂ ਅਤੇ ਫਿਰ ਹੁਣ ਸ਼ੋਸਲ ਮੀਡੀਏ ਰਾਹੀਂ ਜ਼ੋਰਦਾਰ ਢੰਗ ਨਾਲ ਪ੍ਰਚਾਰਣਾਂ ਸ਼ੁਰੂ ਕੀਤਾ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਰਾਮਤੀਰਥ ਵਾਲੇ ਮਹਾਂਰਿਸ਼ੀ ਵਾਲਮੀਕ (ਬਾਲਮੀਕ) ਜੀ ਦਾ ਅਸਥਾਨ ਹੈ। ਕਿਉਂਕਿ ਉਨ੍ਹਾਂ ਇਥੇ ਅੰਮ੍ਰਿਤ ਦਾ ਉਹ ਘੜਾ ਦੱਬਿਆ ਸੀ, ਜਿਹੜਾ ਭਗਵਾਨ ਸ੍ਰੀ ਰਾਮਚੰਦਰ ਦੀ ਫੌਜ ਨਾਲ ਲਵ ਕੁਛ ਦਾ ਜੰਗ ਹੋਣ ਉਪਰੰਤ ਮੂਰਛਤ ਹੋਈ ਸੈਨਾ ਨੂੰ ਜੀਵਾਲਣ ਲਈ ਤਿਆਰ ਕੀਤਾ ਗਿਆ ਸੀ। ਜਦੋਂ ਇਸ ਗੱਲ ਦਾ ਸਬੂਤ ਮੰਗਿਆ ਗਿਆ ਤਾਂ ਉਨ੍ਹਾਂ ਸਾਹਮਣੇ ਖੋਲ੍ਹ ਦਿੱਤਾ ਸੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੰਪਾਦਤ ਗਿ. ਗਿਆਨ ਸਿੰਘ ਦਾ ਪੰਥ ਪ੍ਰਕਾਸ਼, ਜਿਸ ਵਿੱਚ ਰਿਸ਼ੀ ਬਾਲਮੀਕ ਵੱਲੋਂ ਘੜੇ ਵਾਲੀ ਕਥਾ ਦੀ ਥਾਂ ਇੰਦਰ ਤੋਂ ਅੰਮ੍ਰਿਤ ਵਰਖਾ ਕਰਾਉਣ ਦਾ ਜ਼ਿਕਰ ਹੈ। ਭਾਵੇਂ ਸੱਚ ਤਾਂ ਇਹ ਹੈ ਕਿ ਸੂਰਜ ਪ੍ਰਕਾਸ਼ ਦੇ ਸੰਪਾਦਕ ਭਾਈ ਵੀਰ ਸਿੰਘ ਨੇ ਸੰਪਾਦਕੀ ਟਿੱਪਣੀ ਕਰਕੇ ਅਤੇ ਪੰਥ ਪ੍ਰਕਾਸ਼ ਦੇ ਸੰਪਾਦਕ ਜਥੇਦਾਰ ਗਿ. ਕ੍ਰਿਪਾਲ ਸਿੰਘ ਹੁਰਾਂ ਨੇ ‘ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ` ਪੁਸਤਕ ਲਿਖ ਕੇ ਬ੍ਰਹਮਾ, ਵਿਸ਼ਨੂੰ ਅਤੇ ਰਿਸ਼ੀ ਬਾਲਮੀਕ ਨਾਲ ਸਬੰਧਤ ਉਪਰੋਕਤ ਕਥਾਵਾਂ ਨੂੰ ਮਿਥਿਹਾਸਕ ਦੱਸ ਕੇ ਖ਼ੁਦ ਖੰਡਨ ਕੀਤਾ ਹੈ।

ਲਿਖਿਆ ਹੈ ਕਿ ਇਨ੍ਹਾਂ ਕਹਾਣੀਆਂ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੱਲੋਂ ਖ਼ੁਦ ੭੦੦ ਰੁਪੈ ਦੁਆਰਾ ਜ਼ਮੀਨ ਖ਼ਰੀਦ ਕੇ ਸਰੋਵਰ ਖੁਦਵਾਉਣ ਤੇ ਨਗਰ ਵਸਾਉਣ ਦਾ ਇਤਿਹਾਸਕ ਸੱਚ ਸ੍ਰੀ ਅੰਮ੍ਰਿਤਸਰ ਦੇ ਸਰਕਾਰੀ ਗਜ਼ਟੀਅਰਾਂ ਵਿੱਚ ਮਜੂਦ ਹੈ। ਇਹ ਰਕਬਾ ਤੁੰਗ, ਗਿਲਾਵਲੀ, ਸੁਲਤਾਨਵਿੰਡ ਤੇ ਗੁਮਟਾਲਾ ਪਿੰਡਾਂ ਦੀ ਸਾਂਝੀ ਸ਼ਾਮਲਾਟ ਸੀ, ਜਿਹੜੀ ਸਮਰਾਟ ਅਕਬਰ ਦੀ ਸਹਿਮਤੀ ਨਾਲ ਪ੍ਰਾਪਤ ਕੀਤੀ ਗਈ। ਉਸ ਦਾ ਮੁਖ ਕਾਰਣ ਇਹ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹੁਰਾਂ ਖ਼ੁਦ ਇਥੇ ਚਰਨ ਪਾ ਕੇ ਅਤੇ ਸਤਿਸੰਗ ਕਰਕੇ ਇਸ ਧਰਤੀ ਨੂੰ ਭਾਗ ਲਾਏ ਸਨ। ਗੁਰਵਾਕ ਵੀ ਹੈ:

ਜਿਥੈ ਬੈਸਨਿ ਸਾਧ ਜਨ, ਸੋ ਥਾਨੁ ਸੁਹੰਦਾ।।

ਓਇ ਸੇਵਨਿ ਸੰਮ੍ਰਿਥੁ ਆਪਣਾ, ਬਿਨਸੈ ਸਭੁ ਮੰਦਾ।। {ਗੁ. ਗ੍ਰੰ. -ਪੰ. ੩੧੯}

ਭਾਈ ਸਾਹਿਬ ਭਾਈ ਵੀਰ ਸਿੰਘ ਤੇ ਜਥੇਦਾਰ ਗਿ. ਕ੍ਰਿਪਾਲ ਸਿੰਘ ਜੀ ਦੀਆਂ ਲਿਖਤਾਂ ਤਰਤੀਬਵਾਰ ਇਸ ਪ੍ਰਕਾਰ ਹਨ: "ਅਯੁਧਿਆ ਦੇ ਪਹਿਲੇ ਸੂਰਜਬੰਸੀ ਰਾਜਾ ਦਾ ਨਾਮ ਇਕਸ਼ੑਵਾਕ (ਇਖ਼ਵਾਕ) ਹੈ, ਜੋ ਇੱਕ ਵੈਵਸ਼ਤ੍ਵਵਮਨੁ ਦਾ ਪੁਤ੍ਰ ਸੀ। ਇਹ ਮਨੁ ਤੋਂ ਨਿੱਛ (ਛਿੱਕ) ਦੇ ਰਸਤੇ ਜੰਮਿਆ ਦੱਸਿਆ ਜਾਂਦਾ ਹੈ। ਇਸ ਦੇ ਸੌ ਪੁਤ੍ਰ ਸਨ। ਵੱਡੇ ਦਾ ਨਾਮ ਕੁਕਸ਼ੀ ਸੀ। ਰਾਮਚੰਦ੍ਰ ਜੀ ਦੇ ਇਸੇ ਦੇ ਖ਼ਾਨਦਾਨ ਵਿਚੋਂ ਹੋਏ ਦੱਸੀਦੇ ਹਨ। ਜੋ ਕਾਰਨ ਕਵੀ ਜੀ ਨੇ ਦਿੱਤਾ ਹੈ, ਉਹ ਇਤਿਹਾਸਕ ਨਹੀਂ ਜਾਪਦਾ। ਗੁਰੂ ਸਾਹਿਬਾਂ ਜੈਸੀ ਇਲਾਹੀ ਜੋਤ ਦਾ ਹਰਿਮੰਦਰ ਬਨਾਉਣਾ ਕਾਫੀ ਹੈ, ਇਸ ਦੇ ਵਾਹਿਗੁਰੂ ਮੰਦਰ ਹੋਣ ਲਈ। ਜਿਸ ਧਰਤੀ ਨੂੰ ਗੁਰੂ ਨਾਨਕ ਗੁਰੂ ਅੰਗਦ ਜੀ ਨੇ ਪਵਿਤ੍ਰ ਕੀਤਾ, ਗੁਰੂ ਅਮਰ ਦੇਵ ਜੀ ਨੇ ਆਗ੍ਯਾ ਕੀਤੀ ਤੇ ਚੌਥੇ ਪੰਜਵੇਂ ਸਤਿਗੁਰਾਂ ਸਾਜਿਆ, ਜਿਥੇ ਉਨ੍ਹਾਂ ਨਾਮ ਦਾ ਨਿਵਾਸ ਕੀਤਾ ਤੇ ਕੀਰਤਨ ਦਾ ਪ੍ਰਵਾਹ ਚਲਾਇਆ, ਉਹ ਪਵਨ ਪਾਵਨ ਹਰੀ ਮੰਦਰ ਹੈ। ਉਹ ਸਤਯੁਗ ਵਿੱਚ ਹਵਨਕੁੰਡ ਸੀ ਯਾ ਨਹੀਂ, ਕੁੱਝ ਮੁੱਲ ਵਧਾਉਣ ਵਾਲੀ ਗੱਲ ਨਹੀਂ ਹੈ"। {ਸੂਰਜ ਪ੍ਰਕਾਸ਼ ਰਾਸ ਦੂਜੀ, ਅਸੂੰ ੧੧, ਅੰਕ ੪੩ ਦੀ ਟੂਕ – ਪੰ. ੧੦੨}

" (ਸਰੋਵਰ) ਅੰਮ੍ਰਿਤਸਰ ਦਾ ਨਾਮ ਤੀਸਰੀ ਪਾਤਸ਼ਾਹੀ ਨੇ ਦਿੱਤਾ ਸੀ ਤੇ ਆਪ ਨੇ ਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਥੇ ਸਰੋਵਰ ਰਚਣ ਦੀ ਆਗਿਆ ਦਿੱਤੀ ਸੀ, ਨਿਸ਼ਾਨ, ਪਤੇ ਤੇ ਲਛਣ ਦੱਸੇ ਸਨ। ਅਸਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਸ ਟਿਕਾਣੇ ਸਥਾਨ ਸਰੋਵਰ ਰਚਣ ਦੀ ਆਗਿਆ ਦੂਸਰੇ ਸਾਹਿਬਾਂ ਨੂੰ ਦਿੱਤੀ ਤੇ ਉਨ੍ਹਾਂ ਨੇ ਤੀਸਰੇ ਸਾਹਿਬਾਂ ਨੂੰ, ਪੁਰਾਤਨ ਇਤਿਹਾਸ ਵਿੱਚ ਇਸ ਪ੍ਰਕਾਰ ਹੈ। ਸੋ ਅੰਮ੍ਰਿਤਸਰ ਨਾਮ ਆਦਿ ਸਾਹਿਬਾਂ ਦਾ ਦਿੱਤਾ ਹੋਇਆ ਹੋਵੇ ਤਾਂ ਅਚਰਜ ਨਹੀਂ। ਜਾਪਦਾ ਹੈ ਕਿ ਸੁਲਤਾਨ ਪੁਰੋਂ ਉੱਠ ਕੇ ‘ਸੈਦ ਪੁਰ` ਨੂੰ ਜਾਂਦੇ ਹੋਏ ਤੇ ਫੇਰ ਕਰਤਾਰ ਪੁਰੋਂ ਬਹੁਤ ਵੇਰ ਆਦਿ ਗੁਰੂ ਜੀ ਏਥੇ ਆ ਕੇ ਇਕਾਂਤ ਵਾਸਾ ਕਰਦੇ ਰਹੇ। " {ਸੂਰਜ ਪ੍ਰਕਾਸ਼ ਰਾਸਿ ੩, ਅੰਸੂ ੪੧, ਅੰਕ ੨੭ ਦੀ ਟੂਕ- ਪੰ. ੪੨੩}

"(ਸੂਰਜ ਪ੍ਰਕਾਸ਼ ਦੇ ਕਰਤਾ) ਭਾਈ ਸੰਤੋਖ ਸਿੰਘ ਸਿੰਘ ਤੇ ਉਨ੍ਹਾਂ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਨੇ ਇਸ ਧਰਤੀ ਦੀ ਧਾਰਮਿਕ ਮਹੱਤਤਾ ਨੂੰ ਸੂਰਜ ਬੰਸੀ ਪਹਿਲੇ ਮਹਾਰਾਜੇ ਇਖਵਾਕ ਨਾਲ ਤੇ ਫਿਰ ਰਮਾਇਣ ਦੇ ਪ੍ਰਸੰਗ, ਲਊ ਕੁਛੂ ਦੇ ਸ੍ਰੀ ਰਾਮਚੰਦਰ ਜੀ ਨਾਲ ਹੋਏ ਜੰਗ ਤੋਂ ਬਾਅਦ ਇੰਦਰ ਤੋਂ ਅੰਮ੍ਰਿਤ ਦੀ ਬਰਖਾ ਕਰਵਾ ਕੇ ਮੂਰਛਤ ਹੋਏ ਸ੍ਰੀ ਰਾਮਚੰਦਰ ਜੀ ਸਮੇਤ ਸਾਰੀ ਫ਼ੌਜ ਨੂੰ ਸੁਰਜੀਤ ਕਰਨ `ਤੇ ਬਚਿਆ ਅੰਮ੍ਰਿਤ ਇਸ ਸਰੋਵਰ ਵਾਲੀ ਥਾਂ `ਤੇ ਦੱਬਣ ਨਾਲ ਜੋੜਿਆ ਹੈ।

ਕਈਆਂ ਨੇ ਲਿਖਿਆ ਹੈ ਕਿ ਬੁੱਧ ਧਰਮ ਦੇ ਪ੍ਰਭਾਵ ਸਦਕਾ ਇਹ ਤੀਰਥ ਅਲੋਪ ਹੋ ਗਿਆ ਸੀ, ਜਿਸ ਨੂੰ ਸਤਿਗੁਰਾਂ ਨੇ ਪ੍ਰਗਟ ਕੀਤਾ। ਪਰ ਇਨ੍ਹਾਂ ਉਪਰੋਕਤ ਤੱਥਾਂ ਨੂੰ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਪੁਰਾਣਾਂ ਤੇ ਰਮਾਇਣ ਦੀਆਂ ਕਥਾਵਾਂ ਮਿਥਿਹਾਸਕ ਹਨ, ਇਤਿਹਾਸਕ ਨਹੀਂ। ਜੇ ਇਹ ਅਸਥਾਨ ਪਹਿਲਾਂ ਕਿਸੇ ਧਾਰਮਕ ਮਹੱਤਤਾ ਵਾਲਾ ਸੀ ਤਾਂ ਕੋਈ ਚਿੰਨ ਕਿਉਂ ਨਾ ਮਿਲਿਆ? ਤੇ ਜੇ ਐਸਾ ਹੁੰਦਾ ਤਾਂ ਗੁਰੂ ਸਾਹਿਬ ਜ਼ਰੂਰ ਉਸ ਦਾ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ। ਮੇਰੇ ਖ਼ਿਆਲ ਵਿੱਚ ਇਸ ਅਸਥਾਨ ਦੀ ਮਹਤਤਾ ਇਸ ਵਿੱਚ ਹੈ ਕਿ ਇਸ ਅਸਥਾਨ ਨੂੰ ਗੁਰੂ ਸਾਹਿਬਾਨ ਦੀ ਚਰਨ-ਛੁਹ ਪ੍ਰਾਪਤ ਹੋਈ, ਉਸੇ ਚਰਨ-ਛੁਹ ਸਦਕਾ ਇਹ ਅਸਥਾਨ ਕਲਜੁਗ ਦਾ ਮਹਾਨ ਤੀਰਥ ਤੇ ਸਿੱਖ ਕੌਮ ਦਾ ਮਹਾਨ ਕੇਂਦਰੀ ਅਸਥਾਨ ਬਣਿਆ।" {ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਪ੍ਰਕਾਸ਼ਕ ਸ਼੍ਰੋਮਣੀ ਕਮੇਟੀ-ਪੰ. ੧੨}

ਇਸ ਏਕਾਂਤ ਤੇ ਸ਼ਾਂਤ ਵਾਤਾਵਰਣ ਵਾਲੇ ਅਸਥਾਨ ਨੂੰ ਪਹਿਲੇ-ਪਹਿਲ ੧੫੫੯ ਬਿ: ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਣ-ਛੁਹ ਪ੍ਰਾਪਤ ਹੋਈ। ਜਦੋਂ ਆਪ ਆਪਣੀ ਪਹਿਲੀ ਉਦਾਸੀ ਸਮੇਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਿਆਸ ਦਰਿਆ ਪਾਰ ਕਰਕੇ ਫਤਿਆਬਾਦ ਰਾਤ ਕੱਟ ਕੇ ਸੁਲਤਾਨਪੁਰ ਦੀ ਜੂਹ ਵਿੱਚ ਪਹੁੰਚੇ ਜਿਥੇ ਹੁਣ ਅੰਮ੍ਰਿਤਸਰ ਸਰੋਵਰ ਹੈ। ਇਥੇ ਪਾਣੀ ਦੀ ਢਾਬ ਦੇ ਕਿਨਾਰੇ ਬ੍ਰਿਛ ਹੇਠ ਬੈਠ ਕੇ ਸ਼ਬਦ ਗਾਉਣ ਲੱਗੇ, ਇੱਕ ਜ਼ਿਮੀਦਾਰ ਦੇ ਘਰ ਧਮਾਣ ਸੀ, ਇਨ੍ਹਾਂ ਨੂੰ ਸੰਤ ਸਮਝ ਕੇ ਖੀਰ, ਖੰਡ ਕੜਾਹ ਤੇ ਮੰਡੇ ਲੈ ਆਇਆ। ਮਰਦਾਨੇ ਨੇ ਛਕ ਕੇ ਖੁਸ਼ ਹੋ ਬੜੇ ਪਰੇਮ ਨਾਲ ਸ਼ਬਦ ਗਾਏ। ਗੁਰੂ ਜੀ ਬੋਲੇ ਏਥੇ ਭੋਗ ਮੋਖ ਦਾ ਪ੍ਰਵਾਹ ਚੱਲੇਗਾ। {ਦੇਖੋ ਤਵਾਰੀਖ਼ ਗੁਰੂ ਖ਼ਾਲਸਾ, ਛਾਪਾ ਪੱਥਰ -ਪੰਨਾ ੬੬-੬੭}

ਸ੍ਰੀ ਗੁਰੂ ਅੰਗਦ ਸਾਹਿਬ ਜੀ ਵੀ ਕਈ ਵਾਰ ਮੁਬਾਰਕ ਚਰਨ ਪਾਏ। ਕਿਉਂਕਿ ਉਨ੍ਹਾਂ ਦੇ ਆਪਣੇ ਪਿੰਡ ਖਡੂਰ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਜੀ ਪਾਸ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਉਣ ਜਾਣ ਦਾ ਰਸਤਾ ਇਹੀ ਸੀ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦਾ ਇਲਾਜ ਲੱਭਦੇ ਇਸ ਢਾਬ ਦੇ ਕੰਢੇ `ਤੇ ਅਪੜੇ। ਇਥੋਂ ਹੀ ਉਨ੍ਹਾਂ ਨੂੰ ਉਹ ਬੂਟੀ ਲੱਭੀ, ਜਿਸ ਨਾਲ ਗੁਰੂ ਜੀ ਦੇ ਅੰਗੂਠੇ ਦਾ ਦਰਦ ਦੂਰ ਹੋਇਆ। ਉਸ ਬੂਟੀ ਦਾ ਨਾਂ ਸੀ ‘ਅੰਮ੍ਰਿਤੀ`। ਉਪਰੋਕਤ ਪ੍ਰਮਾਣਾਂ ਤੋਂ ਸਿੱਧ ਹੈ ਕਿ ਇਹ ਅਸਥਾਨ ਸੁੰਦਰਤਾ, ਹਰਿਆਵਲਤਾ, ਏਕਾਂਤ ਤੇ ਸ਼ਾਂਤ ਵਾਤਾਵਰਨ, ਭਜਨ ਸਿਮਰਨ ਕਰਨ ਲਈ ਢੁਕਵਾਂ ਅਤੇ ਆਮ ਆਵਾਜਾਈ ਤੇ ਰੌਲੇ ਰੱਪੇ ਤੋਂ ਰਹਿਤ ਹੋਣ ਕਾਰਨ ਪਹਿਲੇ ਤਿੰਨ ਗੁਰੂ ਸਾਹਿਬਾਨ ਦੀ ਚਰਨ-ਛੁਹ ਨਾਲ ਪਵਿਤ੍ਰ ਹੋ ਚੁੱਕਾ ਸੀ। ਜਿਵੇਂ ਕਿ ਹਜ਼ੂਰ (ਸ੍ਰੀ ਗੁਰੂ ਰਾਮਦਾਸ ਮਹਾਰਾਜ) ਦਾ ਫ਼ੁਰਮਾਣ ਹੈ:

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।। {ਗੁ. ਗ੍ਰੰ. -ਪੰ. ੪੫੦}

ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ।। {ਗੁ. ਗ੍ਰੰ. -ਪੰ. ੩੧੦}

ਬਾਕੀ ਰਹੀ ਗੱਲ ਬਚਿਤ੍ਰਨਾਟਕ ਵਾਲੀ ਗੁਰਬੰਸਾਵਲੀ ਦੀ ਅਤੇ ਗੁਰਬਿਲਾਸ ਵਾਲੀ ਵਿਸ਼ਨੂੰ ਕਹਾਣੀ ਦੀ। ਉਸ ਦੇ ਬਖੀਏ ਉਧੇੜ ਦਿੱਤੇ ਹਨ ਸ੍ਰ. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ‘ਗੁਰੂ-ਬਾਣੀ ਦੀ ਕਸਵੱਟੀ `ਤੇ ਗੁਰਬਿਲਾਸ ਪਾ: ੬ਵੀਂ` ਲਿਖ ਕੇ, ਜਿਸ ਦੀ ਬਦੌਲਤ ਸ਼੍ਰੋਮਣੀ ਕਮੇਟੀ ਨੂੰ ਆਪਣੀ ਇਹ ਪ੍ਰਕਾਸ਼ਨਾ ਵਾਪਸ ਲੈਣੀ ਪਈ ਸੀ। ਭਾਵੇਂ ਕਿ ਬਚਿਤ੍ਰਨਾਟਕੀ ਕਹਾਣੀ ਦੀਆਂ ਜੜ੍ਹਾਂ ਪਹਿਲਾਂ ਹੀ ਕੱਟ ਦਿੱਤੀਆਂ ਸਨ ਪ੍ਰਸਿੱਧ ਸਾਹਿਤਕ ਖੋਜੀ ਡਾ. ਰਤਨ ਸਿੰਘ ਜੱਗੀ ਨੇ ‘ਦਸਮ ਗ੍ਰੰਥ ਕਿਰਤ੍ਰਿਤਵ` ਪੁਸਤਕ ਵਿੱਚ ਇਹ ਲਿਖ ਕੇ ਕਿ "ਪੁਰਬ ਜਨਮ ਦੀ ਕਥਾ ਕੁੱਝ ਅਪਭ੍ਰੰਸ਼ ਗ੍ਰੰਥਾਂ ਵਿੱਚ ਉਪਲਭਧ ਹੈ"। ਸ੍ਰ. ਗੁਰਦੀਪ ਸਿੰਘ ਬਾਗੀ ਮੁਤਾਬਿਕ ਉਨ੍ਹਾਂ ਅਪਭ੍ਰੰਸ਼ਾਂ ਵਿੱਚੋਂ ਇੱਕ ਗ੍ਰੰਥ ਹੈ ਗੋਰੇਲਾਲ ਉਰਫ਼ ‘ਲਾਲ ਕਵਿ` (ਸੰਨ ੧੬੫੮ ਤੋਂ ੧੭੧੦) ਦੀ ਰਚਨਾ ‘ਛਤ੍ਰਪ੍ਰਕਾਸ਼`, ਜਿਸ ਵਿੱਚ ਬੁੰਦੇਲ ਖੰਡ ਦੇ ਰਾਜਿਆਂ ਦੀ ਬੰਸਾਵਲੀ ਸ੍ਰੀ ਰਾਮਚੰਦਰ ਨਾਲ ਜੋੜੀ ਗਈ ਹੈ। ਮੰਨਿਆ ਜਾਂਦਾ ਹੈ ਕਿ ਬਚਿਤ੍ਰਨਾਟਕ ਦੇ ਲਿਖਾਰੀ ਨੇ ਗੁਰੂ ਬੰਸਾਵਲੀ ਨੂੰ ਸ਼੍ਰੀ ਰਾਮਚੰਦਰ ਨਾਲ ਜੋੜਣ ਦਾ ਖ਼ਿਆਲ ਉਥੋਂ ਹੀ ਚੋਰੀ ਕੀਤਾ ਹੈ।

ਦੂਜੀ ਗੱਲ, ਸ੍ਰੀ ਰਾਮਚੰਦਰ ਜੀ ਦੇ ਵਡੇਰੇ ਸੂਰਜਬੰਸੀ ਰਾਜਿਆਂ ਦਾ ਪੌਰਾਣਿਕ ਦ੍ਰਿਸ਼ਟੀਕੋਨ ਤੋਂ ਜਿਹੜਾ ਅਧਾਰ ਮੰਨਿਆ ਜਾਂਦਾ ਹੈ ਉਹ ਬਿਲਕੁਲ ਝੂਠਾ ਤੇ ਹਾਸੋਹੀਣਾ ਹੈ। ਕਿਉਂਕਿ ਆਖਿਆ ਜਾਂਦਾ ਹੈ ਕਿ ਮੁਢਲੇ ਰਾਜੇ ਇਕਸ਼ੑਵਾਕ (ਇਖ਼ਵਾਕ) ਦਾ ਜਨਮ ਇੱਕ ਵੈਵਸ਼ਤ੍ਵਵ-ਮਨੂੰ ਦੀ ਨਿੱਛ ਤੋਂ ਹੋਇਆ ਸੀ। ਜਦੋਂ ਸਰਬਪ੍ਰਵਾਣਿਤ ਕੁਦਰਤੀ ਸਚਾਈ ਇਹ ਹੈ ਕਿ ਮਾਂ ਬਾਪ ਦੇ ਸੰਜੋਗ ਤੋਂ ਬਿਨਾ ਬੱਚੇ ਦਾ ਜਨਮ ਨਹੀਂ ਹੋ ਸਕਦਾ। ਗੁਰਬਾਣੀ ਵਿੱਚ ਵੀ "ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ"।। {ਗੁ. ਗ੍ਰੰ. -ਪੰ. ੮੭੨} ਕਹਿ ਕੇ ਇਸ ਹਕੀਕਤ `ਤੇ ਮੋਹਰ ਲਗਾਈ ਗਈ ਹੈ। ਇਸ ਲਈ ਜੇ ਰਾਜਾ ਇਖਵਾਕ ਨਹੀਂ ਜੰਮਿਆ ਤਾਂ ਸ੍ਰੀ ਰਾਮ ਤੇ ਉਨ੍ਹਾਂ ਦੇ ਬੇਟੇ ਲਵ ਤੇ ਕੁਛ ਦੀ ਹੋਂਦ ਕਿਵੇਂ ਮੰਨੀ ਜਾ ਸਕਦੀ ਹੈ?

‘ਗੁਰਬਿਲਾਸ ਪਾ: ੬ਵੀਂ` ਦੇ ਸੰਪਾਦਕ ਗਿ. ਜੋਗਿੰਦਰ ਸਿੰਘ ਵੇਦਾਂਤੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਜੋ ਭੂਮਿਕਾ ਲਿਖੀ ਹੈ, ਉਸ ਵਿੱਚ ਪੰਨਾ ੮੧ `ਤੇ ਖ਼ੁਦ ਮੰਨਿਆ ਹੈ ਕਿ ਇਸ ਗਰੰਥ ਵਿੱਚ "ਬਹੁਤ ਸਾਰੇ ਪ੍ਰਸੰਗ ਅਜਿਹੇ ਹਨ, ਜਿਨ੍ਹਾਂ ਵਿੱਚ ਬ੍ਰਾਹਮਣਵਾਦੀ ਤੱਤਾਂ ਦੀ ਭਰਮਾਰ ਹੈ। ……ਆਖੇਪ ਕਰਨ ਵਾਲੀ (ਰਲਾ ਪਾਉਣ ਵਾਲੀ) ਇਸ ਧਿਰ ਦਾ ਮੰਤਵ ਵੀ ਸਪਸ਼ਟ ਹੈ ਕਿ ਉਹ ਗੁਰਮਤਿ ਨੂੰ ਬ੍ਰਾਹਮਣਵਾਦੀ ਨਜ਼ਰੀਏ ਤੋਂ ਪੇਸ਼ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੁਚੇਸ਼ਟਾ ਰੱਖਣ ਵਾਲੀ ਧਿਰ ਸੀ। " ਹੈਰਾਨੀਜਨਕ ਤੇ ਦੁੱਖ ਭਰਿਆ ਤੱਥ ਇਹ ਹੈ ਕਿ ਸੰਪਾਦਕ ਵੱਲੋਂ ਅਜਿਹਾ ਸਪਸ਼ਟ ਵੇਰਵਾ ਦੇਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਨੇ ਇਸ ਗ੍ਰੰਥ ਨੂੰ ਵਿਸ਼ੇਸ਼ ਤੌਰ `ਤੇ ਪ੍ਰਕਾਸ਼ਤ ਕਰਨ ਦੀ ਭੁੱਲ ਕੀਤੀ। ਪ੍ਰੰਤੂ ਜੇ ਇਸ ਗ੍ਰੰਥ ਦੀ ਸੰਪਾਦਕੀ ਨੂੰ ਅਧਾਰ ਬਣਾ ਕੇ ਅਫ਼ਗਾਨਾ ਜੀ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਇਸ ਦਾ ਬ੍ਰਾਹਮਣੀ ਪੱਖ ਵਿਸਥਾਰ ਪੂਰਵਕ ਨੰਗਾ ਕਰ ਦਿੱਤਾ ਤਾਂ ਬਦਲੇ ਵਜੋਂ ਸਨਮਾਨਤ ਕਰਨ ਦੀ ਥਾਂ ਜਥੇਦਾਰ ਜੀ ਵੱਲੋਂ ਉਸ ਨੂੰ ਪੰਥ ਵਿਚੋਂ ਛੇਕਣ ਵਰਗਾ ਗੁਨਾਹ ਕਰਨ ਤੋਂ ਵੀ ਸੰਕੋਚ ਨਾ ਕੀਤਾ ਗਿਆ। ਧੱਕੇ ਦਾ ਸਿਖਰ ਇਹ ਹੈ ਕਿ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਨੂੰ ਵੀ ਨਾ ਬਖ਼ਸ਼ਿਆ ਗਿਆ, ਜਿਸ ਨੇ ਅਫ਼ਗਾਨਾ ਜੀ ਦੀ ਪੁਸਤਕ ਦੇ ਲੇਖਾਂ ਨੂੰ ਅਖ਼ਬਾਰ ਵਿੱਚ ਪ੍ਰਕਾਸ਼ਤ ਕਰਨ ਦੀ ਹਿੰਮਤ ਵਖਾਈ।

ਮਿਥਿਹਾਸਕ ਗ੍ਰੰਥ ਰਾਮਾਇਣ ਦੇ ਰਚੇਤਾ ਤੇ ਬ੍ਰਾਹਮਣ ਰਿਸ਼ੀ ਵਾਲਮੀਕ ਜੀ ਪ੍ਰਤੀ ਤਾਂ ਹੁਣ ਕੋਈ ਭੇਲੇਖਾ ਹੀ ਨਹੀਂ ਰਿਹਾ ਕਿ ਉਹ ਮਹਾਂਰਿਸ਼ੀ ਕੱਸ਼ਪ ਦੇ ਪੋਤਰੇ, ਰਾਣੀ ਚਰਸ਼ਣੀ ਦੀ ਕੁੱਖੋਂ ਰਾਜਾ ਵਰੁਣ ਪ੍ਰਚੇਤਾ ਦੇ ਪੁਤਰ ਸਨ। ਡਾ. ਹਰੀ ਪ੍ਰਸਾਦ ਸ਼ਾਸ਼ਤਰੀ ਦੀ ਪੁਸਤਕ (The Ramayan of valmiki, volume 111 page 637) ਮੁਤਾਬਿਕ ਰਿਸ਼ੀ ਵਾਲਮੀਕ ਨੇ ਰਾਮਾਇਣ ਦੇ ਅੰਤ ਵਿੱਚ ਖ਼ੁਦ ਲਿਖਿਆ ਹੈ ਕਿ ਮੈਂ ਪ੍ਰਚੇਤਾ ਦਾ ਦਸਵਾਂ ਪੁਤਰ ਹਾਂ। ਪ੍ਰਸਿੱਧ ਸੰਸਕ੍ਰਿਤ ਕੋਸ਼ ‘ਹਿੰਦੂ ਕਲਾਸੀਕਲ ਡਿਕਸ਼ਨਰੀ` ਅਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਮੁਤਾਬਿਕ ਉਨ੍ਹਾਂ ਨੇ ਪਹਿਲਾਂ ਤਾਂ ਕੁੱਝ ਸਮਾ ‘ਤਮਸਾ` ਨਦੀ ਦੇ ਕੰਢੇ ਬਿਤਾਇਆ। ਪ੍ਰੰਤੂ, ਹੜਾਂ ਦੀ ਮਾਰ ਤੋਂ ਬਚਣ ਲਈ ਫਿਰ ਉਹ ਪਿਯਸ੍ਵਿਨੀ (ਮੰਦਾਕਿਨੀ) ਨਦੀ ਦੇ ਕੰਢੇ ਚਿਤ੍ਰਕੂਟ (ਮਧਪ੍ਰਦੇਸ਼, ਜ਼ਿਲਾ ਬਾਂਦਾ) ਨਾਂ ਦੇ ਪਹਾੜ ਉੱਤੇ ਸਥਾਈ ਆਸ਼ਰਮ ਬਣਾ ਕੇ ਰਹਿੰਦੇ ਰਹੇ। ਇਸ ਆਸ਼ਰਮ ਦੇ ਨੇੜੇ ਹੀ ਕੁਟੀਆ ਬਣਾ ਕੇ ਗੁਜ਼ਾਰੇ ਸਨ ਦੇਸ਼ ਨਿਕਾਲੇ (ਬਨਵਾਸ) ਦੇ ਲਗਭਗ ਪਹਿਲੇ ੮ ਸਾਲ ਸ਼੍ਰੀ ਰਾਮ, ਲਛਮਣ ਤੇ ਸੀਤਾ ਜੀ ਨੇ। ਕਿਉਂਕਿ, ਸ੍ਰੀ ਰਾਮਚੰਦਰ ਜੀ ਦੇ ਗੁਰੂ ਰਿਸ਼ੀ ਵਿਸ਼ਿਸ਼ਟ ਜੀ, ਰਿਸ਼ੀ ਵਾਲਮੀਕ ਦਾ ਭਰਾ ਸੀ ਅਤੇ ਸੀਤਾ ਜੀ ਦੀ ਸਹੇਲੀ ਸੀ ਉਹਦੀ ਸੁਪਤਨੀ ‘ਅਰੁੰਧਤੀ`। ਇਹੀ ਕਾਰਣ ਹੈ ਕਿ ਰਾਮ ਜੀ ਵੱਲੋਂ ਧੱਕੇ ਨਾਲ ਗਰਭਵਤੀ ਸੀਤਾ ਨੂੰ ਜਦੋਂ ਘਰੋਂ ਕੱਢ ਦਿੱਤਾ ਤਾਂ ਉਸ ਨੇ ਉਪਰੋਕਤ ਆਸ਼ਰਮ ਵਿੱਚ ਸ਼ਰਣ ਲਈ ਤੇ ਇਥੇ ਹੀ ਜਨਮ ਦਿੱਤਾ ਜੁੜਵੇਂ ਬੇਟੇ ਲਵ ਤੇ ਕੁਛ ਨੂੰ।

ਇਸ ਸੱਚਾਈ `ਤੇ ਹੁਣ ਮੋਹਰ ਲਗਾਈ ਹੈ ਯੂਨੀਵਰਸਿਟੀ ਪਟਿਆਲਾ ਵਿਚਲੀ ਮਹਾਂਰਿਸ਼ੀ ਵਾਲਮੀਕ ਚੇਅਰ ਦੀ ਪਹਿਲੀ ਚੇਅਰਪਰਸਨ ਡਾ. ਮੰਜੁਲਾ ਸਹਿਦੇਵ ਨੇ ‘ਮਹਾਂਰਿਸ਼ੀ ਵਾਲਮੀਕ-ਇੱਕ ਸਮੀਸ਼ਾਤਮਕ ਅਧਿਐਨ` ਨਾਂ ਦੀ ਖੋਜ ਪੁਸਤਕ ਲਿਖ ਕੇ, ਜਿਸ ਨੂੰ ਅਧਾਰ ਬਣਾ ਕੇ ਸੁਪਰੀਮ ਕੋਰਟ ਦਿੱਲੀ ਨੇ ਸਤੰਬਰ 2016 ਵਿਖੇ ਉਪਰੋਕਤ ਪੁਸਤਕ `ਤੇ ਆਧਾਰਿਤ ਇੱਕ ਟੀਵੀ ਚੈਨਲ ਦੇ ਕੇਸ ਸਬੰਧੀ ਫੈਸਲਾ ਸੁਣਾਂਦਿਆਂ ਮੀਡੀਏ ਨੂੰ ਆਦੇਸ਼ ਦਿੱਤਾ ਹੈ ਕਿ "ਮਹਾਂਰਿਸ਼ੀ ‘ਵਾਲਮੀਕ` ਦੇ ਨਾਂ ਨਾਲ ‘ਡਾਕੂ` ਉਪਨਾਮ ਦੀ ਵਰਤੋਂ ਨਾ ਕੀਤੀ ਜਾਏ। ਅਜਿਹੀ ਵਰਤੋਂ ਅਪਰਾਧ ਮੰਨੀ ਜਾਏਗੀ।" ਕਿਉਂਕਿ ਡਾਕੂ ਉਪਨਾਮ ਤਾਂ ਵਰਤਿਆ ਸੀ ਬ੍ਰਾਹਮਣਾਂ ਨੇ ਦੁਆਪਰਯੁਗੀ ਦਲਿਤ ਭਗਤ ਬਾਲਮੀਕ ਨੂੰ ਬਦਨਾਮ ਕਰਨ ਲਈ। ਇਸ ਲਈ ਹੁਣ ਜਦੋਂ ਸੁਪਰੀਮ ਕੋਰਟ ਅਤੇ ਅਕਾਦਮਿਕ ਤੌਰ `ਤੇ ਵੀ ਪ੍ਰਵਾਨ ਕਰ ਲਿਆ ਗਿਆ ਹੈ ਰਿਸ਼ੀ ਵਾਲਮੀਕ ਯੂਪੀ ਤੇ ਮੱਧ ਪ੍ਰਦੇਸ਼ ਵਿੱਚ ਹੀ ਰਿਹਾ ਹੈ, ਪੰਜਾਬ ਵਿੱਚ ਉਹ ਆਇਆ ਹੀ ਨਹੀਂ। ਤਾਂ ਬਾਲਮੀਕ ਭਗਤਾਂ ਵੱਲੋਂ ਅਜਿਹੇ ਦਾਅਵੇ ਕਰਨੇ ਕਿ ‘ਰਾਮ ਤੀਰਥ ਸ੍ਰੀ ਅੰਮ੍ਰਿਤਸਰ` ਰਿਸ਼ੀ ਬਾਲਮੀਕ ਦਾ ਉਹ ਅਸਥਾਨ ਹੈ, ਜਿਥੇ ਲਵ ਕੁਛ ਨੂੰ ਮਾਤਾ ਸੀਤਾ ਨੇ ਜਨਮ ਦਿੱਤਾ ਅਤੇ ‘ਸ੍ਰੀ ਦਰਬਾਰ ਅੰਮ੍ਰਿਤਸਰ` ਉਹ ਅਸਥਾਨ ਹੈ ਜਿਥੇ ਰਿਸ਼ੀ ਨੇ ਅੰਮ੍ਰਿਤ ਦਾ ਘੜਾ ਦੱਬਿਆ ਸੀ, ਬਿਲਕੁਲ ਅਧਾਰਹੀਣ ਤੇ ਹਾਸੋਹੀਣੇ ਸਿੱਧ ਹੁੰਦੇ ਹਨ।

ਭਾਵੇਂ ਕੁੱਝ ਵਿਦਵਾਨਾਂ ਦੀ ਰਾਇ ਹੈ ਕਿ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਉਪਰੋਕਤ ਕਥਾ-ਕਹਾਣੀਆਂ ਨੂੰ ਭਾਈਚਾਰਕ ਸਾਂਝ ਵਧਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਪਰ ਬਹੁਤ ਸੂਝਵਾਨ ਤੇ ਦੂਰਦ੍ਰਿਸ਼ਟ ਸੱਜਣਾ ਦਾ ਮੰਨਣਾ ਹੈ ਕਿ ਫਿਰਕਾਪ੍ਰਸਤੀ ਵਾਲੇ ਅਜੋਕੇ ਰਾਜਨੀਤਕ ਮਹੌਲ ਨੂੰ ਮੁੱਖ ਰੱਖਦਿਆਂ ਭਵਿੱਖ ਵਿੱਚ ਅਜਿਹੀ ਆਸ ਰੱਖਣੀ ਬਹੁਤ ਵੱਡਾ ਭੁਲੇਖਾ ਹੈ। ਵਧੇਰੇ ਸਭਾਵਨਾਵਾਂ ਫ਼ਿਰਕਾਪ੍ਰਸਤ ਕਲੇਸ਼ ਪੈਦਾ ਕਰਕੇ ਵਿੱਥਾਂ ਵਧਾਉਣ ਵਾਲੀਆਂ ਹਨ। ਇਸ ਲਈ ਸਿੱਖ ਪੰਥ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਚਾਹੀਦਾ ਹੈ ਕਿ ਉਹ ਗੁਰਬਾਣੀ, ਗੁਰਮਤਿ ਸਿਧਾਂਤਾਂ ਤੇ ਇਤਿਹਾਸ ਦੀ ਗਹਿਰੀਸੂਝ ਰੱਖਣ ਵਾਲੇ ਵਿਦਵਾਨਾਂ ਪਾਸੋਂ ਇੱਕ ਅਜਿਹੇ ਪ੍ਰਮਾਣੀਕ ਗੁਰ ਇਤਿਹਾਸ ਦੀ ਪੋਥੀ ਤਿਆਰ ਕਰਵਾਏ, ਜਿਹੜੀ ਗੁਰਬਾਣੀ ਦੀ ਕੱਸਵੱਟੀ ਤੇ ਵੀ ਪੂਰੀ ਉੱਤਰੇ ਅਤੇ ਗੁਰਸਿੱਖ ਸੰਗਤਾਂ ਨੂੰ ਭਵਿੱਖ ਲਈ ਗੁਰਮਤੀ ਸੇਧ ਬਖਸ਼ੇ। ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਵਿਸ਼ੇਸ਼ ਐਲਾਨ ਕੀਤਾ ਜਾਵੇ ਕਿ ਸਿੱਖ ਕੌਮ ਲਈ ਉਪਰੋਕਤ ਪੋਥੀ ਤੋਂ ਇਲਾਵਾ ਹੋਰ ਕੋਈ ਵੀ ਇਤਿਹਾਸਕ ਗ੍ਰੰਥ ਜਾਂ ਪੁਸਤਕ ਪ੍ਰਮਾਣੀਕ ਨਹੀਂ ਹੈ।

ਪਰ ਮੇਰਾ ਵਿਚਾਰ ਹੈ ਕਿ ਅਜਿਹਾ ਉਦਮ ਤਦ ਹੀ ਸਫਲ ਸਿੱਧ ਹੋ ਸਕਦਾ ਹੈ, ਜੇ ਵਿਦਵਾਨਾਂ ਦੀ ਕਮੇਟੀ ਵਿੱਚ ਅਜ਼ਾਦਾਨਾ ਢੰਗ ਨਾਲ ਚੱਲ ਰਹੇ ਸਿੱਖ ਮਿਸ਼ਨਰੀ ਕਾਲਜਾਂ ਦੇ ਘਟੋ-ਘਟ ਦੋ ਵਿਦਵਾਨ ਸ਼ਾਮਲ ਕੀਤੇ ਜਾਣ ਅਤੇ ਉਨ੍ਹਾਂ ਦੀ ਰਾਇ ਨੂੰ ਮਹੱਤਵ ਵੀ ਦਿੱਤਾ ਜਾਏ। ਕਿਉਂਕਿ ਯੂਨੀਵਰਸਿਟੀਆਂ ਦੇ ਵਿਦਵਾਨ ਰਾਜਸੀ ਦਬਾਅ ਹੇਠੋਂ ਅਤੇ ਸੰਪਰਦਾਈ ਵਿਦਵਾਨ ਅਜੇ ਤੱਕ ਬਿਪਰਵਾਦੀ ਪ੍ਰਭਾਵ ਤੋਂ ਮੁਕਤ ਨਹੀਂ ਹੋ ਰਹੇ। ਕਾਰਣ ਇਹ ਹੈ ਕਿ ਡੇਰਿਆਂ ਵਿੱਚ ਉਨ੍ਹਾਂ ਦੀ ਵਿਦਿਆ ਦੇ ਸ਼੍ਰੋਤ ਅਜੇ ਵੀ ਓਹੀ ਗ੍ਰੰਥ ਹਨ, ਜਿਹੜੇ ਵਧੇਰੇ ਕਰਕੇ ਕਾਂਸ਼ੀ ਦੇ ਵਿਦਵਾਨ ਬ੍ਰਾਹਮਣਾਂ ਦੁਆਰਾ ਲਿਖੇ ਹੋਏ ਹਨ। ਆਸ ਰੱਖਦਾ ਹਾਂ ਕਿ ਸਿੱਖ ਮਾਰਗ ਦੇ ਸੂਝਵਾਨ ਪਾਠਕ ਤੇ ਪੰਥ-ਦਰਦੀ ਵਿਦਵਾਨ ਆਪਣੀਆਂ ਉਸਾਰੂ ਟਿਪਣੀਆਂ ਦੁਆਰਾ ਉਪਰੋਕਤ ਲੇਖ ਸਬੰਧੀ ਸੇਧਾਂ ਜ਼ਰੂਰ ਬਖ਼ਸ਼ਣਗੇ, ਤਾਂ ਜੋ ਇਸ ਲਿਖਤ ਪੰਥਕ ਹਿਤਾਂ ਵਿੱਚ ਅੰਤਮ ਰੂਪ ਦਿੱਤਾ ਜਾ ਸਕੇ। ਭੁੱਲ-ਚੁੱਕ ਮੁਆਫ਼।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ। ਮੁਬਾਈਲ ੧-੫੧੬ ੩੨੩ ੯੧੮੮

ਮਿਤੀ ੨੦ ਸਤੰਬਰ ੨੦੧੭




.