.

ਆਰਾਧਨਾ ਆਰਾਧਨੁ ਨੀਕਾ……

ਪੁਜਾਰੀਆਂ ਦੇ ਢਹੇ ਚੜ੍ਹੇ ਹੋਏ ਅੰਧਵਿਸ਼ਵਾਸੀ ਲੋਕ ਆਪਣੇ ਇਸ਼ਟ-ਦੇਵ ਦੇ ਦਰਸ਼ਨ ਕਰਕੇ ‘ਮੁਕਤੀ’ ਪ੍ਰਾਪਤ ਕਰਨ, ਮਨ ਦੀਆਂ ਮੁਰਦਾਂ/ਮਨਸਾਵਾਂ ਪੂਰੀਆਂ ਕਰਵਾ ਕੇ ਦੁੱਖਾਂ-ਸੰਤਾਪਾਂ ਤੋਂ ਛੁਟਕਾਰਾ ਪਾਉਣ ਅਤੇ ਸੰਸਾਰਕ ਸੁੱਖ ਹਾਸਿਲ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਸਾਧਨ ਅਪਣਾਉਂਦੇ ਤੇ ਉਪਾਉ ਕਰਦੇ/ਕਰਵਾਉਂਦੇ ਰਹੇ ਹਨ। ਇਹ ਸਾਰੇ ਸਾਧਨ ਤੇ ਉਪਾਉ ਬਾਹਰਮੁਖੀ ਸਨ/ਹਨ। ਬਾਣੀਕਾਰਾਂ ਨੇ ਇਨ੍ਹਾਂ ਦਿਖਾਵੇ ਦੇ ਸਾਰੇ ਸੰਸਾਰਕ ਸੰਸਕਾਰਾਂ, ਸਾਧਨਾਂ ਤੇ ਉਪਾਵਾਂ ਦੀ ਨਿਰਾਰਥਕਤਾ ਨੂੰ ਤਰਕ ਨਾਲ ਮੂਲੋਂ ਹੀ ਨਕਾਰਿਆ ਹੈ। ਅਤੇ, ਮਨੁੱਖ ਵਾਸਤੇ ਇਸ਼ਟ ਦੇ ਦਰਸ਼ਨ ਕਰਨ, ਸੰਸਾਰਕ ਦੁੱਖਾਂ ਤੇ ਮਾਨਸਿਕ ਸੰਤਾਪਾਂ ਤੋਂ ਛੁਟਕਾਰਾ ਪਾ ਕੇ ਨਿਰਵਾਣ-ਪਦ ਦੀ ਪ੍ਰਾਪਤੀ ਕਰਨ ਵਾਸਤੇ ਸਹੀ ਸੱਚੇ ਰਾਹ (ਰਹਿਤ) ਦੀ ਜੋ ਰੂਪ-ਰੇਖਾ ਨਿਰਧਾਰਤ ਕੀਤੀ ਹੈ, ਉਸ ਦੀ ਝਲਕ ਗੁਰਬਾਣੀ ਦੇ ਹਰ ਇੱਕ ਸ਼ਬਦ ਵਿੱਚ ਦਿਖਾਈ ਦਿੰਦੀ ਹੈ। ਗੁਰੂ ਅਰਜਨ ਦੇਵ ਜੀ ਦੀਆਂ ਰਾਗੁ ਮਾਰੂ ਵਿੱਚ ਲਿਖੀਆਂ ਕੁੱਝ ਇੱਕ ਅਸ਼ਟਪਦੀਆਂ ਇਸ ਕਥਨ ਦਾ ਅਨਕੱਟ ਪ੍ਰਮਾਣ ਹਨ। ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਚਾਦਨਾ ਚਾਦਨੁ ਆਂਗਨਿ ਪ੍ਰਭੁ ਜੀਉ ਅੰਤਰਿ ਚਾਦਨਾ॥ ੧॥

ਆਰਾਧਨਾ ਆਰਾਧਨੁ ਨੀਕਾ ਹਰਿ ਹਰਿ ਨਾਮੁ ਆਰਾਧਨਾ॥ ੨॥

ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ॥ ੩॥

ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥ ੪॥

ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ॥ ੫॥

ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ॥ ੬॥

ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ॥ ੭॥

ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ॥ ੮॥ ਮਾਰੂ ਅ: ਮ: ੫

ਸ਼ਬਦ ਅਥ: ਚਾਦਨਾ: ਚੰਦ ਦੀ ਚਾਂਦਨੀ, ਪ੍ਰਕਾਸ਼, ਰੌਸ਼ਨੀ, ਉਜਾਲਾ। ਆਂਗਨਿ: ਆਂਗਨ: ਵਿਹੜਾ; ਆਂਗਨਿ: ਵਿਹੜੇ ਵਿੱਚ। ਜੀਉ: ਆਤਮਾ, ਮਨ, ਹਿਰਦਾ, ਅੰਤਹਕਰਣ ਰੂਪੀ ਵਿਹੜਾ। ਅੰਤਰਿ: ਅੰਦਰ, ਵਿੱਚ। ੧। ਆਰਾਧਨਾ: (ਇਸ਼ਟ-ਦੇਵ ਨੂੰ) ਰੀਝਾਉਣਾ, ਖ਼ੁਸ਼ ਕਰਨਾ, ਉਪਾਸਨਾ-ਭਗਤੀ। ਨੀਕਾ: ਅਤਿ ਉੱਤਮ, ਸਰਬ ਉੱਤਮ, ਸਰਬ ਸ੍ਰੇਸ਼ਠ। ੨। ਤਿਆਗਨਾ: ਤਿਆਗ ਕਰਨਾ, ਤਰਕ ਕਰਨਾ, ਛੱਡਣਾ, ਪਰਹੇਜ਼ ਕਰਨਾ। ੩। ਮਾਗਨਾ: ਮੰਗਣਾ, ਯਾਚਨਾ ਕਰਨਾ। ਹਰਿ ਜਸੁ: ਪ੍ਰਭੂ ਦੇ ਗੁਣਾਂ ਦਾ ਗਾਇਣ, ਹਰਿ ਦੀ ਵਡਿਆਈ, ਹਰਿ-ਸਿਮਰਣ। ੪। ਜਾਗਨਾ: ਅਗਿਆਨਤਾ ਦੀ ਨੀਂਦ `ਚੋਂ ਬਾਹਰ ਆਉਣਾ, ਬਿਬੇਕ-ਬਲ ਨਾਲ ਸੁਚੇਤ ਅਤੇ ਚੇਤਨ ਹੋਣਾ। ਕੀਰਤਨ: ਰੱਬ ਦੇ ਦੈਵੀ ਗੁਣਾਂ ਦਾ ਵਖਿਆਣ, ਕਰਤਾਰ ਦੇ ਗੁਣਾਂ ਦਾ ਗਾਇਣ। ੫। ਲਾਗਨਾ: ਲਿਵ ਲਾਉਣੀ, ਪ੍ਰੇਮ-ਪਿਆਰ ਪਾਉਣਾ, ਜੁੜਣਾ, ਲਗਨ ਲਾਉਣੀ। ਗੁਰ ਚਰਣੀ: ਗੁਰੂ ਦੀ ਸਿੱਖਿਆ ਵਿੱਚ। ੬। ਬਿਧਿ: ਰਹਿਤ, ਜੁਗਤਿ, ਢੰਗ, ਜੀਵਨ-ਜਾਚ, ਧਾਰਮਿਕ ਨਿਯਮ। ਪਰਾਪਤੇ: ਮਿਲਦਾ ਹੈ। ਜਾ ਕੈ: ਜਿਸ ਦੇ। ਮਸਤਕਿ ਭਾਗਨਾ: ਭਾਗਾਂ/ਕਿਸਮਤ ਵਿੱਚ ਹੋਵੇ। ੭। ਸਰਨਾਗਨਾ: ਸਰਣ: ਓਟ-ਆਸਰਾ, ਪਨਾਹ, ਸਹਾਰਾ, ਜਾਣਾ; ਸਰਨ+ਆਗਤ: ਸਰਣ ਵਿੱਚ ਆਇਆ ਹੋਇਆ। ੮।

ਭਾਵ ਅਰਥ: ਹਰਿਨਾਮ-ਸਿਮਰਨ ਸਦਕਾ ਮਨ ਦੇ ਵਿਹੜੇ ਵਿੱਚ ਉਤਪੰਨ ਹੋਇਆ ਆਤਮ-ਗਿਆਨ ਦਾ ਚਮਤਕਾਰੀ ਚਾਨਣ (ਬਾਹਰਲੇ ਦਿਖਾਵੇ ਦੇ) ਹੋਰ ਸਾਰੇ ਚਾਨਣਾਂ ਤੋਂ ਸ੍ਰੇਸ਼ਠ ਹੈ। ੧।

ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਹੀ ਸਰਬ ਉੱਤਮ ਸਿਮਰਨ ਹੈ। ੨।

ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰਾਂ ਨੂੰ ਛੱਡਣਾ ਹੋਰ ਸਾਰੇ (ਦਿਖਾਵੇ ਦੇ ਦੁਨਿਆਵੀ) ਤਿਆਗਾਂ ਤੋਂ ਚੰਗੇਰਾ ਹੈ। ੩।

ਗਿਆਨ-ਗੁਰੂ ਪਾਸੋਂ ਗੁਣ-ਨਿਧਾਨ ਹਰਿ ਦੇ ਗੁਣਾਂ ਦਾ ਵਖਯਾਨ ਤੇ ਗਾਇਣ ਕਰਨ ਦੀ ਸਮਰੱਥਾ ਦੀ ਮੰਗ ਕਰਨਾ ਹੋਰ ਸਾਰੀਆਂ ਮੰਗਾਂ ਤੋਂ ਉੱਤਮ ਹੈ। ੪।

ਰੱਬ ਦੇ ਦੈਵੀ ਗੁਣਾਂ ਦਾ ਵਖਿਆਣ ਅਤੇ ਉਸ (ਕਰਤਾਰ) ਦੇ ਗੁਣਾਂ ਦੇ ਕੀਰਤਨ/ਵਡਿਆਈ ਸਦਕਾ ਅਗਿਆਨਤਾ ਦੀ ਨੀਂਦ `ਚੋਂ ਬਾਹਰ ਆਉਣਾ ਤੇ ਬਿਬੇਕ-ਬਲ ਨਾਲ ਆਤਮਿਕ ਪੱਖੋਂ ਸੁਚੇਤ ਅਤੇ ਚੇਤਨ ਹੋਣਾ ਹੀ ਸਰਬ ਸੱਚਾ ਜਾਗਨਾ ਹੈ। ੫।

ਮਨ ਨੂੰ ਗਿਆਨ-ਗੁਰੂ ਦਾ ਅਗਿਆਕਾਰੀ ਬਣਾਉਣ ਦੀ ਲਿਵ/ਲਗਨ ਹੋਰ ਸਾਰੀਆਂ ਲਗਨਾਂ ਤੋਂ ਸ੍ਰੇਸ਼ਠ ਲਗਨ ਹੈ। ੬।

ਉਪਰੋਕਤ ਰਹਿਤ/ਜੀਵਨ-ਜਾਚ ਉਸੇ ਸੁਭਾਗੇ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੀ ਕਿਸਮਤ ਵਿੱਚ ਲਿਖਿਆ ਹੋਵੇ। ੭।

ਨਾਨਕ ਕਥਨ ਕਰਦਾ ਹੈ ਕਿ, ਜਿਹੜਾ ਮਨੁੱਖ ਪ੍ਰਭੂ ਨੂੰ ਆਪਣਾ ਓਟ-ਆਸਰਾ ਮੰਨ ਕੇ ਉਸ ਦੀ ਸਰਣ ਵਿੱਚ ਆ ਜਾਂਦਾ ਹੈ, ਉਸ ਦਾ ਸਭ ਕੁੱਝ (ਤਨ, ਮਨ, ਸੋਚ ਅਤੇ ਆਤਮਾ) ਅਤਿ ਸੁੰਦਰ ਹੋ ਜਾਂਦਾ ਹੈ। ੮।

ਗੁਰਮਤਿ ਦੇ ਵਿਸ਼ਾਲ ਤੇ ਪਵਿਤ੍ਰ ਵਿਹੜੇ ਉੱਤੇ ਗੰਭੀਰ ਵਿਚਾਰਸ਼ੀਲਤਾ ਨਾਲ ਸਰਸਰੀ ਜਿਹੀ ਨਿਗਾਹ ਮਾਰੀਏ ਤਾਂ ਨਿਰਸੰਦੇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤਿ-ਪ੍ਰਚਾਰ ਦਾ ਬੀੜਾ ਚੁੱਕਣ ਦਾ ਦਾਅਵਾ ਕਰਨ ਵਾਲੇ ਢਕੌਂਸਲੇਬਾਜ਼, ਦਰਅਸਲ, ਗੁਰਮਤਿ ਨੂੰ ਟਿੱਚ ਸਮਝਦੇ ਹਨ। ਗੁਰਮਤਿ ਉੱਤੇ ਕਾਬਜ਼ ਮਾਇਆਧਾਰੀ, ਭੇਖੀ, ਪਾਖੰਡੀ ਤੇ ਕਪਟੀ ਲੋਕ ਆਪਣੇ ਸਵਾਰਥ ਲਈ ਸਭ ਪਾਸੇ ਮਨਮਤਿ ਦੀ ਖੇਹ ਉਡਾਈ ਜਾ ਰਹੇ ਹਨ। ਉਪਰ ਵਿਚਾਰੀ ਗਈ ਅਸ਼ਟਪਦੀ ਵਿੱਚ ਪ੍ਰਗਟਾਏ ਗਏ ਸਿੱਧਾਂਤਾਂ ਦੀ ਕਸੌਟੀ ਉੱਤੇ ਇਸ ਕੌੜੇ ਕਥਨ ਨੂੰ ਪਰਖੀਏ:-

*ਗੁਰਮਤਿ* ਬਨਾਮ #ਮਨਮਤਿ#

੧. *ਗੁਰਮਤਿ*: ਜੀਵਨ ਸਫ਼ਲਾ ਕਰਨ ਵਾਸਤੇ ਨਾਮ-ਸਿਮਰਨ ਕਰਕੇ ਅੰਤਹਕਰਣ ਰੂਪੀ ਆਂਗਣ ਵਿੱਚ ਆਤਮਗਿਆਨ ਦਾ ਸੱਚਾ ਚਾਨਣ ਕਰਨਾ ਲੋੜੀਏ।

#ਮਨਮਤਿ#: ਆਤਮ-ਗਿਆਨ ਦਾ ਚਾਨਣ ਧਰਮ ਦੇ ਧੰਦੇ ਦੀ ਸਫ਼ਲਤਾ ਦੇ ਰਾਹ ਦੀ ਬਹੁਤ ਵੱਡੀ ਰੁਕਾਵਟ ਹੈ। ਇਸ ਰੁਕਾਵਟ ਨੂੰ ਰਾਹੋਂ ਹਟਾਉਣ ਵਾਸਤੇ ਧਰਮ ਦੇ ਮਨਮਤੀਏ ਸ਼ਾਤਰ ਵਪਾਰੀਆਂ ਨੇ ਆਤਮਗਿਆਨ ਦੇ ਅਭਿਲਾਸ਼ੀਆਂ ਨੂੰ ਸੰਸਾਰਕ ਨਜ਼ਾਰਿਆਂ ਦੇ ਚਾਨਣ ਨਾਲ ਇਤਨਾ ਚਕਚੌਂਧ ਕਰ ਰੱਖਿਆ ਹੈ ਕਿ ਉਨ੍ਹਾਂ ਨੂੰ ਆਤਮਗਿਆਨ ਦੇ ਸੱਚੇ ਚਾਨਣ ਦੀ ਅਭਿਲਾਸ਼ਾ ਹੀ ਨਹੀਂ ਰਹੀ। ਇਸ ਕਥਨ ਦੀ ਪੁਸ਼ਟੀ ਲਈ ਕੁੱਝ ਇੱਕ ਪ੍ਰਮਾਣ ਹਾਜ਼ਿਰ ਹਨ: "ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌਅ ਦਾ ਦ੍ਰਿਸ਼"। … "ਸੁੰਦਰ ਜਲੌਅ, ਦੀਪਮਾਲਾ ਤੇ ਆਤਿਸ਼ਬਾਜ਼ੀ ਨਾਲ ਰੁਸ਼ਨਾਇਆ ਸ੍ਰੀ ਹਰਿਮੰਦਰ ਸਾਹਿਬ ਦਾ ਚੌਗਿਰਦਾ"। … "ਸ਼ਰਧਾਲੂਆਂ ਨੂੰ ਮੋਹ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦੇਸ਼ੀ ਫੁੱਲਾਂ ਦੀ ਸਜਾਵਟ"। … "ਅਲੌਕਿਕ ਨਗਰ ਕੀਰਤਨ ਸਜਾਇਆ… ਹੈਲੀਕਾਪਟਰ ਰਾਹੀਂ ਨਗਰ ਕੀਰਤਨ `ਤੇ ਕੀਤੀ ਫੁੱਲਾਂ ਦੀ ਵਰਖਾ"। … "ਜਾਹੋ ਜਲਾਲ ਨਾਲ ਮਹੱਲਾ ਕੱਢਿਆ"। … "ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ ਜੋੜ ਮੇਲਾ"। ……

੨. *ਗੁਰਮਤਿ*: ਇਹ ਲੋਕ ਸੁਖੀਏ ਪਰਲੋਕ ਸੁਹੇਲੇ॥ ਲਈ, ਗੁਣੀ-ਨਿਧਾਨ ਕਰਤਾਰ ਦੇ ਨਾਮ ਦਾ ਸਿਮਰਣ (ਗੁਣਾਂ ਦਾ ਚਿੰਤਨ ਤੇ ਗਾਇਣ) ਕਰਨਾ ਲੋੜੀਂਦਾ ਹੈ। ਐਸਾ ਕੀਰਤਨੁ ਕਰਿ ਮਨ ਮੇਰੇ॥ ਈਹਾ ਊਹਾ ਜੋ ਕਾਮਿ ਤੇਰੈ॥ ਗਉੜੀ ਅ: ਮ: ੫

#ਮਨਮਤਿ#: ਨਾਮ-ਚਰਚਾ ਅਤੇ ਨਾਮ ਸਿਮਰਨ ਦੀ ਬਰਕਤ ਨੂੰ ਪਰੋਖੇ ਰੱਖ ਕੇ ਤਰ੍ਹਾਂ ਤਰ੍ਹਾਂ ਦੇ ਕਰਮਕਾਂਡ ਤੇ ਲੋਕਾਚਾਰੀ ਸੰਸਾਰਕ ਸੰਸਕਾਰ ਕੀਤੇ/ਕਰਵਾਏ ਜਾ ਰਹੇ ਹਨ। ਗਿਆਨ ਵਿਹੂਣਾ ਗਾਵੈ ਗੀਤ॥ …, ਅਤ ਕਰਮਕਾਂਡਾਂ ਵਾਲੇ ਮਨਮਤੀ ਮਾਹੌਲ ਕਾਰਣ ਗੁਰੂਦਵਾਰਿਆਂ ਦੇ ਵਾਤਾਵਰਣ ਵਿੱਚੋਂ, ਮਨ/ਆਤਮਾ ਨੂੰ ਸਜੀਵ ਅਤੇ ਆਨੰਦਿਤ ਕਰਨ ਵਾਲੀ, ਹਰਿ-ਕੀਰਤਨ ਦੀ ਅਰਸ਼ੀ ਮਹਿਕ ਕਦੋਂ ਦੀ ਉਡ-ਪੁਡ ਗਈ ਹੈ।

੩. *ਗੁਰਮਤਿ*: ਆਤਮਾ ਤੇ ਪਰਮਾਤਮਾ ਦੇ ਪੁਨਰ-ਮਿਲਨ ਵਿੱਚ ਰੁਕਾਵਟ ਬਣਨ ਵਾਲੀਆਂ ਵਿਕਾਰੀ ਰੁਚੀਆਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ ਨਿੰਦਾ ਅਤੇ ਭਰਮਾਊ ਭੇਖਾਂ ਤੇ ਚਿੰਨ੍ਹਾਂ ਆਦਿ) ਦਾ ਤਿਆਗ ਹੀ ਸੱਚਾ ਤਿਆਗ ਹੈ।

#ਮਨਮਤਿ#: ਮਨ ਨੂੰ ਮਲੀਨ ਤੇ ਆਤਮਾ ਨੂੰ ਮੂਰਛਿਤ ਕਰਨ ਵਾਲੀਆਂ ਵਿਕਾਰੀ ਰੁਚੀਆਂ ਨੂੰ ਉਤੇਜਿਤ ਕਰਨ ਵਾਲੇ ਅਧਾਰਮਿਕ ਕਰਮ ਕੀਤੇ/ਕਰਵਾਏ ਜਾਂਦੇ ਹਨ। ਭੇਖ, ਚਿੰਨ੍ਹ, ਭਾੜੇ ਦੇ ਪਾਠ, ਮੁੱਲ ਦੀਆਂ ਅਰਦਾਸਾਂ, ਮਾਇਕ ਭੇਟਾਵਾਂ, ਸਿਰੋਪੇ, ਸਨਮਾਨ, ਲਕਬ, ਖ਼ਿਤਾਬ, ਉਪਾਧੀਆਂ……ਵਗ਼ੈਰਾ ਵਗ਼ੈਰਾ ਦੀ ਪ੍ਰਧਾਨਤਾ ਹੈ।

੪. *ਗੁਰਮਤਿ*: ਦਾਤਾਰ ਦਾਤੇ ਪ੍ਰਭੂ ਪਾਸੋਂ ਕੇਵਲ ਤੇ ਕੇਵਲ ਕਲਿਆਣਕਾਰੀ ਨਾਮ ਦੀ ਦਾਤ ਦੀ ਮੰਗ ਹੀ ਕਰਨੀ ਹੈ। ਅਵਰ ਸਭ ਮਿਥਿਆ ਲੋਭ ਲਬੀ॥ ਗੁਰਿ ਪੂਰੈ ਦੀਓ ਹਰਿਨਾਮਾ ਜੀਅ ਕਉ ਏਹਾ ਵਸਤੁ ਫਬੀ॥ ਗੂਜਰੀ ਮ: ੫

#ਮਨਮਤਿ#: ਗੁਰਬਾਣੀ ਦੀ ਸਿੱਖਿਆ, ਝੂਠਾ ਮੰਗਣੁ ਜੇ ਕੋਈ ਮਾਗੈ॥ ਤਿਸ ਕਉ ਮਰਤੇ ਘੜੀ ਨ ਲਾਗੈ॥ ਮਾਝ ਮ: ੫; ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ , ਦੇ ਸਿੱਧਾਂਤ ਦੇ ਬਿਲਕੁਲ ਉਲਟ, ਝੂਠ ਤੇ ਮਨਮਤਿ ਦੇ ਮੁਦਈ ਮਾਇਆ-ਦਾਸ ਪੁਜਾਰੀਆਂ ਅਤੇ ਇਨ੍ਹਾਂ ਦੇ ਚੁੰਗਲ ਵਿੱਚ ਫਸੇ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਦੁਆਰਾ, ਨਾਮ ਦੀ ਸੱਚੀ ਸ੍ਰੇਸ਼ਠ ਮੰਗ ਨੂੰ ਵਿਅਰਥ ਸਮਝ ਕੇ ਟਿੱਚ ਜਾਣਦਿਆਂ, ਨਾਮ ਤੋਂ ਬਿਨਾਂ ਹੋਰ ਸੱਭ ਕੁੱਝ ਮੰਗਿਆ/ਮੰਗਵਾਇਆ ਜਾਂਦਾ ਹੈ।

੫. *ਗੁਰਮਤਿ*: ਹਰਿ-ਕੀਰਤਨ (ਸੱਚੇ ਸਿਮਰਨ) ਨਾਲ ਆਤਮਿਕ ਤੌਰ `ਤੇ ਸੁਚੇਤ ਹੋਣਾ ਅਤੇ ਅਗਿਆਨਤਾ ਦੀ ਨੀਂਦ ਵਿੱਚੋਂ ਜਾਗਣਾ ਹੀ ਸਹੀ ਅਰਥਾਂ ਵਿੱਚ ਜਾਗਣਾ ਹੈ।

#ਮਨਮਤਿ#: ਰੈਣ ਸਬਾਈ ਕੀਰਤਨ, ਪ੍ਰਭਾਤ ਫੇਰੀਆਂ, ਨਗਰ ਕੀਰਤਨ ਸਜਾਇਆ; ਸਜਾਏ ਨਗਰ ਕੀਰਤਨ ਵਿੱਚ ਸੰਗਤਾਂ ਦਾ ਉਮੜਿਆ ਸੈਲਾਬ। ……

੬. *ਗੁਰਮਤਿ*: ਰੱਬ ਦੇ ਰਾਹ ਪਾਉਣ ਵਾਲੇ ਗਿਆਨ-ਗੁਰੂ ਦੀ ਸਿੱਖਿਆ ਵਿੱਚ ਸੁਰਤ ਜੋੜਣੀ ਤੇ ਲਿਵ/ਲਗਨ ਲਾਉਣੀ ਹੈ।

#ਮਨਮਤਿ#: ਗੁਰੁ-ਸਿੱਖਿਆ ਨੂੰ ਨਜ਼ਰ-ਅੰਦਾਜ਼ ਕਰਕੇ ਮਾਇਆ ਤੇ ਪਦਾਰਥਕ ਜਗਤ ਨਾਲ ਨਾਤਾ ਜੋੜਣਾ ਹੈ।

੭. *ਗੁਰਮਤਿ*: ਆਤਮਿਕ ਗੁਣਾਂ ਵਾਲੀ ਉਪਰੋਕਤ ਜੀਵਨ-ਜੁਗਤਿ (ਆਤਮ ਕੀ ਰਹਿਤ) ਉਸੇ ਨੂੰ ਸਮਝ ਆਉਂਦੀ ਹੈ, ਜਿਸ ਦੇ (ਪੂਰਬਲੇ ਕਰਮਾਂ ਅਨੁਸਾਰ) ਕਿਸਮਤ ਵਿੱਚ ਲਿਖਿਆ ਹੋਵੇ।

#ਮਨਮਤਿ#: ਮਨਮਤਿ ਦੇ ਮੁਰੀਦ ਮਾਇਆਧਾਰੀਆਂ ਦਾ ਆਤਮਿਕ ਗੁਣਾਂ (ਆਤਮ ਕੀ ਰਹਿਤ) ਨਾਲ ਕੋਈ ਸਰੋਕਾਰ ਹੀ ਨਹੀਂ ਹੁੰਦਾ।

੮. *ਗੁਰਮਤਿ*: ਮਨ/ਆਤਮਾ ਨੂੰ ਸ਼ੁੱਧ, ਸਵਸਥ ਤੇ ਸੁੰਦਰ ਬਣਾਉਣ ਵਾਸਤੇ ਪ੍ਰਭੂ ਨੂੰ ਓਟ-ਆਸਰਾ ਬਣਾ ਕੇ ਉਸ ਦੇ ਭਾਣੇ ਵਿੱਚ ਵਿਚਰਣਾ ਲੋੜੀਂਦਾ ਹੈ।

#ਮਨਮਤਿ#: ਮਨਮਤਿ ਮਨੁੱਖਾਂ ਨੂੰ ਮਾਇਆ ਦੀ ਦੇਵੀ ਦੇ ਦਾਸ ਬਣ ਕੇ ਰਹਿਣ ਲਈ ਉਕਸਾਉਂਦੀ ਹੈ। ਮਨਮਤੀਆਂ ਦਾ ਓਟ-ਆਸਰਾ ਸਿਰਫ਼ ਮਾਇਆ ਹੀ ਹੈ। ਪ੍ਰਭੂ ਨਾਲ ਉਨ੍ਹਾਂ ਦਾ ਨਾਤਾ ਨਾਮ-ਮਾਤਰ ਹੀ ਹੁੰਦਾ ਹੈ।

ਗੁਰਇੰਦਰ ਸਿੰਘ ਪਾਲ

ਸਤੰਬਰ 24, 2017.
.