.

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਭ ਤੋਂ ਪਹਿਲਾ ਆਪਣਾ ਗੁਰਬਾਣੀ ਪਾਠ ਰਾਹੀਂ ਹੀ ਸਬੰਧ ਜੁੜਦਾ ਹੈ। ਮਹਾਰਾਜ ਜੀ ਸਮਝਾਉਦੇ ਹਨ ਕਿ ਗੁਰਬਾਣੀ ਨੂੰ ਸਮਝ ਕੇ ਪੜਨ ਨਾਲ ਹੀ ਗੁੱਝੇ ਅਮੋਲਕ ਖਜਾਨਿਆਂ ਦੇ ਦਰਵਾਜੇ ਖੁੱਲਦੇ ਹਨ। ਆਪਣੀ ਅਕਲ ਨਾਲ ਸਮਝ ਕੇ ਪੜਨਾ ਅਤੇ ਫਿਰ ਉਸਦੀ ਦੂਜਿਆ ਨਾਲ ਸਾਂਝ ਪਾਉਣੀ ਹੈ। ਕਿਉਂਕਿ ਗੁਰਬਾਣੀ ਦਾ ਅੱਖਰ ਅੱਖਰ ਸਿੱਖ ਵਾਸਤੇ ਮੋਤੀ, ਹੀਰੇ ਤੇ ਮਾਣਿਕ ਨਾਲੋਂ ਕਿਤੇ ਕੀਮਤ ਰੱਖਦਾ ਹੈ।
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ।
ਜਿਸ ਕਰਕੇ ਆਪਾਂ ਗੁਰਬਾਣੀ ਪਿਆਰ ਨਾਲ, ਸਮਝ ਸਮਝ ਕੇ ਪੜਨੀ ਹੈ। ਛੇਤੀ ਛੇਤੀ ਦਸ ਮਿੰਨਟ ਵਿੱਚ ਕੀਤਾ ਜਪੁਜੀ ਦਾ ਪਾਠ ਕੇਵਲ ਰਸਮ ਬਣ ਜਾਂਦਾ ਹੈ। ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਰਹਿਰਾਸ ਦਾ ਪਾਠ ਅੱਧੇ ਘੰਟੇ ਵਿੱਚ ਅਤੇ ਆਸਾ ਦੀ ਵਾਰ ਤਕਰੀਬਨ ਤਿੰਨ ਘੰਟੇ ਵਿੱਚ ਗਾਇਨ ਹੁੰਦੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦ ਆਪਾਂ ਪਵਿੱਤਰ ਬਾਣੀ ਪੜਦੇ ਹਾਂ। ਤਾਂ ਅਸੀ ਸਤਿਗੁਰੂ ਜੀ ਨਾਲ ਅਤੇ ਅਕਾਲ ਪੁਰਖ ਪਰਮਾਤਮਾ ਜੀ ਨਾਲ ਹੀ ਗੱਲਾਂ ਕਰਦੇ ਹਾਂ।
੧. ਗੁਰਾ ਇੱਕ ਦੇਹਿ ਬੁਝਾਈ॥ ਪੰਕਤੀ ਰਾਹੀਂ ਆਪਾਂ ਗੁਰੂ ਸਾਹਿਬ ਜੀ ਨਾਲ ਹੀ ਗੱਲਬਾਤ ਕਰਦੇ ਹਾਂ।
੨. ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਪੜਦੇ ਹੋਏ ਅਕਾਲ ਪੁਰਖ ਪਰਮਾਤਮਾ ਜੀ ਨੂੰ ਸੰਬੋਧਤ ਹੁੰਦੇ ਹਾਂ।
ਜੇ ਕੋਈ ਆਪਾਂ ਨੂੰ ਗਲਤ ਨਾਮ ਨਾਲ ਬੁਲਾਵੇ ਤਾਂ ਆਪਾਂ ਨੂੰ ਕਿੰਨਾ ਗੁੱਸਾ ਆਉਦਾ ਹੈ। ਆਪਾਂ ਉਸਨੂੰ ਦੱਸਦੇ ਹਾਂ ਕਿ ਮੇਰਾ ਨਾਮ ਇਹ ਨਹੀਂ ਆਹ ਹੈ। ਜੇ ਆਪਣੇ ਕਿਸੇ ਸਰਟੀਫਿਕੇਟ, ਪਛਾਣ ਪੱਤਰ ਜਾਂ ਚਿੱਠੀ ਤੇ ਨਾਮ ਜਾਂ ਐਡਰਿਸ ਦੀ ਕੋਈ ਲਗਾਂ ਮਾਤਰਾ ਗਲਤ ਹੋ ਜਾਏ ਤਾਂ ਉਸਦਾ ਸਹੀ ਥਾਂ ਤੇ ਪਹੁੰਚਣਾ ਕਿੰਨਾ ਮੁਸ਼ਕਲ ਹੋ ਜਾਂਦਾ ਹੈ, ਤੇ ਆਪਾਂ ਨੂੰ ਕਿੰਨੀ ਖੱਜਲ ਖੁਆਰੀ ਵਿੱਚੋਂ ਗੁਜਰਨਾ ਪੈਂਦਾ ਹੈ। ਬੈਂਕ ਵਿੱਚੋਂ ਚੈਕ ਰਾਹੀਂ ਪੈਸੇ ਲੈਣ ਸਮੇਂ, ਆਪਣੇ ਆਪ ਤੋਂ ਹੀ, ਆਪਣੇ ਨਾਮ ਦੀ ਕੋਈ ਲਗਾਂ ਮਾਤਰਾ, ਗਲਤ ਹੋ ਜਾਏ ਤਾਂ ਬੈਂਕ ਵਾਲੇ, ਆਪਣੇ ਹੀ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੇ ਹਨ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੀ ਸਾਖੀ ਕਿ ਸਾਨੂੰ ਕੋਈ ਜਪੁਜੀ ਦਾ ਸ਼ੁੱਧ ਉਚਾਰਨ ਨਾਲ ਅਤੇ ਸ਼ੁੱਧ ਮਨ ਨਾਲ ਜਪੁਜੀ ਦਾ ਪਾਠ ਸੁਣਾਵੇ। ਉਸਦੀ ਹਰ ਇੱਛਾ ਪੂਰੀ ਕਰਾਂਗੇ। ਮਹਾਰਾਜ ਜੀ ਨੇ ਪਹਿਲੇ ਨੰਬਰ ਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਗੱਲ ਕਹੀ ਹੈ। ਅੱਖਰੀ ਗਿਆਨ ਦੀ ਆਪਣੀ ਮਹਾਨਤਾ ਹੈ। ਜੇ ਉਚਾਰਨ ਹੀ ਗਲਤ ਹੈ ਅਤੇ ਗੁਰਬਾਣੀ ਦੀ ਸਮਝ ਤੋਂ ਬਿਨਾ ਅਗਲਾ ਕਦਮ ਸਾਰਥਕ ਸਿੱਧ ਨਹੀਂ ਹੋ ਸਕਦਾ। ਦਸਮੇਂ ਪਾਤਿਸ਼ਾਹ ਸਮੇਂ ਇੱਕ ਸਿੱਖ ਗੁਰਬਾਣੀ ਦਾ ਪਾਠ ਕਰ ਰਿਹਾ ਸੀ। ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ। ਪੰਕਤੀ ਵਿੱਚ (ਕੈ) ਦਾ ਉਚਾਰਨ (ਕੇ) ਜਾਣੈ ਗੁਰੁ ਸੂਰਾ ਕਰ ਰਿਹਾ ਸੀ। ਗੁਰੂ ਜੀ ਵਲੋਂ ਝਿੜਕ ਮਿਲਨ ਤੇ ਸਿੱਖ ਕਹਿਣ ਲੱਗਾ ਆਪ ਜੀ ਦੀ ਬਾਣੀ ਪੜਨ ਨਾਲ ਵੀ ਚਪੇੜ ਵੱਜ ਰਹੀ ਹੈ। ਤਦ ਗੁਰੂ ਸਾਹਿਬ ਜੀ ਨੇ ਕਿਹਾ ਸਿੱਖਾ ਤੂੰ ਕੈ ਦਾ ਕੇ ਉਚਾਰਣ ਕਰਕੇ ਇਹ ਭਾਵ ਛੱਡ ਰਿਹਾ ਕਿ ਕਰਤੇ ਬਾਰੇ ਗੁਰੂ ਕੀ ਜਾਣਦਾ ਹੈ। ਪਰ ਪਾਠ ਹੈ, ਕਿ ਕਰਤੇ ਦੀ ਮਿਤ ਕਰਤਾ ਆਪ ਜਾਣਦਾ ਹੈ (ਕੈ ਦਾ ਭਾਵ) ਜਾਂ ਗੁਰੂ ਸੂਰਮਾ ਜਾਣਦਾ ਹੈ। ਇੱਕ ਮਾਤਰਾ ਨਾਲ ਕਿੰਨਾ ਫਰਕ ਪੈ ਗਿਆ ਹੈ। ਇਹ ਹੈ ਭਾਸ਼ਾਵਾਂ ਦੀ ਅਮੀਰੀ ਗਣਿਤ ਵਿੱਚ ੧ ਇੱਕ ਦਾ ਅਰਥ ਇੱਕ ਜਾਂ ਪਹਿਲਾ ਹੀ ਰਹੇਗਾ। ਪਰ ਸਬਦ ਰੂਪ ਦੇ ਕਈ ਅਰਥ ਬਣ ਜਾਂਦੇ ਹਨ। ਗੁਰ ਕੀ ਬਾਣੀ ਗੁਰਿ ਤੇ ਜਾਤੀ ਅਨੁਸਾਰ, ਮਹਾਰਾਜ ਜੀ ਆਪ ਹੀ ਗੁਰਬਾਣੀ ਵਿੱਚ ਸੋਝੀ ਦੇ ਰਹੇ ਹਨ।
੧. ਸਭਤੋਂ ਪਹਿਲੀ ਵਾਰ ਸਬਦ ਰੂਪ ਵਿੱਚ ‘ਇੱਕ’ ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥ ਵਿੱਚ {ਇੱਕ ਨ} ਇਕੱਠਾ ਭਾਵ ਰੂਪ ਵਿੱਚ ਵਰਤਿਆ ਗਿਆ ਹੈ। ਭਾਵ ਇੱਕ ਵੀ ਨਹੀਂ, ਕੋਈ ਵੀ ਸਿਆਨਪ ਕੰਮ ਨਹੀਂ ਆਉਦੀ। ਇਹ ਨਹੀਂ ਕਿ ਹਜਾਰ ਜਾਂ ਲੱਖ ਸਿਆਨਪਾਂ ਵਿੱਚੋਂ ਸਿਰਫ ਇੱਕ ਕੰਮ ਨੀ ਆਉਦੀ ਬਾਕੀ ਆ ਜਾਂਦੀਆਂ ਹਨ।
1. ਇਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਅਹਿ॥ ਇਥੇ (ਇਕਨਾ) ਬਹੁ ਵਚਨ ਹੈ ਤੇ (ਇਕ) ਵੀ ਬਹੁਵਚਨ ਹੈ। ਕਿ ਕਈਆਂ ਨੂੰ ਉਸਦੇ ਹੁਕਮ ਵਿੱਚ ਬਖਸ਼ਸ਼ ਮਿਲਦੀ ਹੈ, ਕਈਆਂ ਨੂੰ ਜਨਮ ਮਰਨ ਵਿੱਚ ਭਟਕਣਾ ਪੈਂਦਾ ਹੈ। ਪਰ ਲਿਖਣ ਵਿੱਚ ਇੱਕ ਜਾਂ ਇਕਨਾ ਹੈ।
੩. ਗੁਰਾ ਇੱਕ ਦੇਹ ਬੁਝਾਈ। ਵਾਲਾ (ਇੱਕ) ਔਂਕੜ ਤੋਂ ਬਗੈਰ ਇੱਕ ਵਚਨ ਹੈ। ਕਿਉਕਿ ਦੇਹ ਸਬਦ ਇਸਤਰੀ ਲਿੰਗ ਹੈ।
1. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ਇਥੇ (ਇਕੁ) ਦਾਤੇ ਨਾਲ ਆਇਆ ਹੈ। ਦਾਤਾ ਪੁਲਿੰਗ ਹੈ। ਜਿਸ ਕਰਕੇ ਇੱਕ ਦੇ ਨਾਲ ਔਕੜ ਹੈ। ਅਰਥ ਦੋਹਾ ਦਾ ਇੱਕ ਹੀ ਹੈ ਪਰ ਲਿਖਤ ਵਿੱਚ ਫਰਕ ਹੈ।
ਸੋ (੧) ਓਅੰਕਾਰ ਵਾਲੇ ਨਾਲੋ ਸਬਦ ਰੂਪ ਵਿੱਚ (ਇਕ) ਦੇ ਵੱਖ ਵੱਖ ਭੇਦ ਤੇ ਅਰਥ ਹਨ ਜੀ। ਸੋ ਓਅੰਕਾਰ ਤੋਂ ਪਹਿਲਾ ਵਾਲਾ (੧) ਸਦਾ ਥਿਰ ਹੈ ਉਹ ਪਰਮਾਤਮਾ ਹੈ। ਪਰ ਓਅੰਕਾਰ ਉਸਦੀ ਸਿਰਜਣਾ ਹੈ। ਉਸ ਸਿਰਜਣਾ ਤੋਂ ਬਾਦ ਵਾਲੇ ਸਬਦ ਰੂਪ ਗੁਰਬਾਣੀ ਵਿੱਚ ਇੱਕ ਕਈ ਅਰਥਾਂ ਵਿੱਚ ਹੋਣ ਕਰਕੇ ਕਈ ਰੂਪਾਂ ਵਿੱਚ ਹਨ।
ਇਸਤਰੀ ਲਿੰਗ ਤੇ ਪੁਲਿੰਗ ਦਾ ਇਕੱਠਾ ਰੂਪ (ਇਕ ਅਤੇ ਇਕੁ) ਏਹਨਾਂ ਪੰਕਤੀਆਂ ਵਿੱਚ ਹੈ।
ਓੜਕ ਓੜਕ ਭਾਲਿ ਥਕੇ ਵੇਦ ਕਹਨਿ (ਇਕ ਵਾਤ) (ਇਸਤਰੀ ਲਿੰਗ ਇੱਕ ਵਚਨ ਇੱਕ ਵਾਤ)
ਸਹਸ ਅਠਾਰਹ ਕਹਨਿ ਕਤੇਬਾ ਅਸਲੂ (ਇਕੁ ਧਾਤੁ) (ਪੁਲਿੰਗ ਇੱਕ ਵਚਨ ਇਕੁ ਧਾਤੁ)
ਪਉੜੀ ਨੰਬਰ ੩੦ ਵਿੱਚ ਏਕਾ, ਇਕੁ ਅਤੇ ਏਕੋ, ਤਿੰਨ ਰੂਪ ਵਿੱਚ ਆਇਆ ਹੈ।
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ। ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ। ਜਿਵਿ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।
(ਏਕਾ ਮਾਈ) ਇੱਕਲੀ ਮਾਇਆ ਨੇ ਹੀ ਕਿਸੇ ਜੁਗਤੀ ਨਾਲ ਇਹ ਤਿੰਨ ਸਕਤੀਆ ਪੈਦਾ ਕੀਤੀਆਂ ਹਨ। ਇੱਕੁ ਇੱਕੁ ਨੂੰ ਵੱਖ ਵੱਖ ਕੰਮ ਦਿਤੇ। ਇਹ ਗੁਰੂ ਨਾਨਕ ਦੇਵ ਜੀ ਆਪਣਾ ਨਹੀਂ ਉਹਨਾਂ ਦਾ ਹੀ ਨਜਰੀਆ ਦੱਸ ਰਹੇ ਹਨ। ਜੇ ਸ਼ਿਵ ਪੁਰਾਣ, ਬ੍ਰਹਮਾਂ ਪੁਰਾਣ ਅਤੇ ਵਿਸ਼ਨੂੰ ਪੁਰਾਣ ਪੜੀਏ ਤਾਂ ਇਹ ਸਾਰੀ ਕਹਾਣੀ ਸੋਖੀ ਸਮਝ ਆ ਜਾਂਦੀ ਹੈ। ਪਰ ੧ ਓਅੰਕਾਰ ਸਿੱਖੀ ਦਾ ਧੁਰਾ ਹੈ ਜੋ ਆਪਾਂ ਨੂੰ ਇਹ ਸਿਖਣ ਨੂੰ ਮਿਲਦਾ ਹੈ ਕਿ ਪਰਮਾਤਮਾ ਹੀ ਸਰਬ ਸਕਤੀਮਾਨ ਹੈ। ਇਸ ਕਰਕੇ ਇਹ ਇੱਕ ਜਿੰਨੇ ਰੂਪ ਵਿੱਚ ਵਰਤਿਆ ਹੈ ਇਸ ਨੂੰ ਸਮਝ ਕੇ ਪੜਨ ਨਾਲ ਹੀ ਪਤਾ ਲਗਦਾ ਹੈ, ਨਹੀਂ ਤਾਂ ਇਸ ਗੁਰਬਾਣੀ ਦੀ ਸਮਝ ਤੋਂ ਬਿਨਾ ਇਸਨੂੰ ਗੁਰੂ ਨਾਨਕ ਜੀ ਦਾ ਉਪਦੇਸ਼ ਸਮਝ ਕੇ ਗੁਰੂ ਨਾਨਕ ਦੇ ਅਸਲ ਰਸਤੇ ਤੋਂ ਭਟਕ ਸਕਦਾ ਹੈ। ਤਾਂ ਹੀ ਗੁਰੂ ਨਾਨਕ ਦੇਵ ਜੀ ਇਹ ਆਪਣਾ ਨਜਰੀਆਂ ਅਗਲੀਆਂ ਪੰਕਤੀਆਂ ਵਿੱਚ ਦੱਸ ਰਹੇ ਹਨ। ਕਿ ਮੇਰੀ ਅਕਾਲ ਪੁਰਖੁ ਵਾਹਿਗੁਰੂ ਜੀ ਨੂੰ ਪ੍ਰਨਾਮ ਹੈ ਜੋ ਸਭ ਦਾ ਮੁੱਢ ਹੈ, ਪਵਿੱਤਰ ਹੈ, ਪਰ ਉਸਦਾ ਕੋਈ ਮੁੱਢ ਲੱਭ ਨਹੀਂ ਸਕਦਾ, ਨਾਸ-ਰਹਿਤ, ਇੱਕ ਰਸ ਸਦਾ ਇਕੋ ਜਿਹਾ ਰਹਿੰਦਾ ਹੈ। ਇਸ ਕਰਕੇ ਗੁਰਬਾਣੀ ਦੇ ਨਿਯਮ ਸਮਝ ਕੇ ਪਤਾ ਲਗਦਾ ਹੈ, ਆਪਾਂ ਓਅੰਕਾਰ ਤੋਂ ਪਹਿਲਾ ਵਾਲੇ ੧ ਦੇ ਸੇਵਕ ਹਾਂ ਓਅੰਕਾਰ ਤੋਂ ਪੈਦਾ ਹੋਏ ਕਿਸੇ ਵੀ ਇੱਕ ਦੇ ਮੰਨਣਹਾਰ ਨਹੀਂ ਧੰਨ ਗੁਰੂ ਨਾਨਕ ਦੇਵ ਜੀ ਦੇ ੧ ਪਰਮਾਤਮਾ ਕੇਵਲ ੧ ਹੀ ਹੈ ਦੋ ਜਾਂ ਤਿੰਨ ਨਹੀਂ।
ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿੁ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥
ਅਕਾਲ ਪੁਰਖ ਦੇ ਮਿਲਨ ਦੀ ਬੋਲੀ ਤਾਂ ਪਿਆਰ ਹੈ।
ਸਾਚਾ ਸਾਹਿਬੁ ਸਾਚਿ ਨਾਇ ਭਾਖਿਆ ਭਾਉ ਅਪਾਰੁ॥

ਇਹ ਪ੍ਰੇਮ ਦੀ ਭਾਸ਼ਾ ਦੁਨਿਆਵੀ ਬੋਲੀਆਂ ਨਹੀਂ। ਪਰ ਉਸ ਪਿਆਰ ਨੂੰ ਸਮਝਣ ਲਈ, ਗੁਰਬਾਣੀ ਵਿੱਚ ਅਨੇਕਾਂ ਬੋਲੀਆਂ ਦੀ ਵਰਤੋਂ ਕਰਕੇ ਮਿਸਾਲਾਂ ਦੇਕੇ ਸਮਝਾਇਆ ਹੈ। ਸੋ ਗੁਰਬਾਣੀ ਨੂੰ ਜੇ ਇਸ ਤਰਾਂ ਸਮਝ ਕੇ ਪੜ੍ਹਾਂਗੇ ਤਾਂ ਗੁਰੂ ਕਿਰਪਾ ਨਾਲ ਓਅੰਕਾਰ, ਅਕਾਰ ਤੋਂ ਨਿਰੰਕਾਰ ਵੱਲ ਯਾਤਰਾ ਦਾ ਅਗਲਾ ਕਦਮ ਪੁੱਟ ਸਕਾਂਗੇ।
ਜਿਵੇਂ ਸੜਕ ਟਰੈਫਿਕ ਦੇ ਨਿਯਮ ਅਨੁਸਾਰ, ਚਲਦੀ ਗੱਡੀ ਸੋਖੇ ਮੰਜਿਲ ਤੇ ਪਹੁੰਚਣ ਵਿੱਚ ਸਹਾਈ ਹੁੰਦੀ ਹੈ।
ਡਾਕਟਰ ਅਨੁਸਾਰ ਵਰਤੀ ਦੁਆਈ ਬੀਮਾਰੀ ਨੂੰ ਠੀਕ ਕਰ ਦਿੰਦੀ ਹੈ। ਇਵੇਂ ਹੀ ਗੁਰਬਾਣੀ ਨੂੰ ਪਿਆਰ ਨਾਲ ਸਮਝ ਸਮਝ ਕੇ ਹਰ ਲਗਾ ਮਾਤਰਾ ਦਾ ਖਿਆਲ ਰੱਖ ਕੇ ਪੜਦੇ ਹਾਂ ਤਾਂ ਗੁਰਬਾਣੀ ਸਾਡੀ ਸੁਰਤ ਨੂੰ ਆਪਣੇ ਨਿਜ ਸਰੂਪ ਅਕਾਲ ਪੁਰਖ ਪਰਮਾਤਮਾ ਜੀ ਨਾਲ ਅਭੇਦ ਕਰ ਦਿੰਦੀ ਹੈ।
ਭਾਈ ਪ੍ਰੇਮਇੰਦਰਜੀਤ ਸਿੰਘ “ਗ਼ਾਫ਼ਿਲ” ਨੱਥੂਵਾਲਾ ਗਰਬੀ




.