.

ਗੁਰਮਤ ਅਤੇ ਗੁਰੂ ਪੰਥ

ਗੁਰਬਾਣੀ ਵਿੱਚ ਪੰਥ ਪਦ ਅਧਿਆਤਮਕ ਮਾਰਗ ਲਈ ਵਰਤਿਆ ਗਿਆ ਹੈ। ਪੰਥ ਦਾ ਅਰਥ ਹੈ ਰਾਹ ਜਾਂ ਰਸਤਾ। ਗੁਰਵਾਕ ਹਨ: "ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ॥" (ਪੰ: 579); "ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ॥" (ਪੰ: 1111) ਅਤੇ "ਮੰਨੈ ਮਗੁ ਨ ਚਲੈ ਪੰਥੁ॥ ਮਨੈ ਧਰਮ ਸੇਤੀ ਸਨਬੰਧੁ॥" (ਪੰ: ੩)। ਭਾਈ ਗੁਰਦਾਸ ਨੇ ਗੁਰਮੁਖ ਪੰਥ ਪਦ ਦੀ ਵਰਤੋਂ ਕੀਤੀ ਹੈ: "ਗੁਰਮੁਖਿ ਪੰਥ ਨਿਰੋਲੁ ਨ ਰਲੈ ਰਲਾਈਐ। ਗੁਰਮੁਖਿ ਪੰਥੁ ਅਲੋਲੁ ਸਹਜਿ ਸਮਾਈਐ।" (ਵਾਰ ੩) ਅਤੇ "ਗੁਰਮੁਖ ਪੰਥ ਗਹੇ ਜਮ ਪੁਰ ਪੰਥ ਮੇਟੇ। ਗੁਰੁ ਸਿਖ ਪੰਚ ਦੂਤ ਸੰਤ ਤਯਾਗੇ ਹੈਂ।" (ਕਬਿੱਤ ੫੭)। ਗੁਰਮੁਖ ਪੰਥ ਦਾ ਅਰਥ ਗੁਰਮੁਖਾਂ ਵਾਲਾ ਰਾਹ ਹੈ। ਪਰ ਰਹਿਤਨਾਮਿਆਂ ਵਿੱਚ ਪੰਥ ਪਦ ਸਿੱਖ ਸ਼ਰਧਾਲੂਆਂ ਦੇ ਸਮੂਹ ਲਈ ਵਰਤਿਆ ਜਾਣ ਲੱਗ ਪਿਆ ਸੀ। ਚੋਪਾ ਸਿੰਘ ਅਨੁਸਾਰ ਗੁਰੂ ਕਾ ਸਿੱਖ "ਪਰਚਾਰ ਕਰਦਾ ਆਪਣੇ ਪੰਥ ਦੇ ਗੁਣ ਦੱਸੇ ਪਰ ਹੋਰ ਮੱਤਾਂ ਦੀ ਨਿੰਦਾ ਨਾ ਕਰੇ"। ਅਤੇ ਦੇਸਾ ਸਿੰਘ ਲਿਖਦੇ ਹਨ, "ਜਗਤ ਮਾਹਿ ਪੰਥ ਹੈਂ ਜੇਤੇ। ਕਬਹੀ ਨਿੰਦਹਿ ਨਾਹੀ ਤੇਤੇ।"। ਪ੍ਰਹਿਲਾਦ ਸਿੰਘ ਨੇ ਲਿਖਿਆ ਹੈ, "ਅਕਾਲ ਪੁਰਖ ਕੇ ਬਚਨ ਸਿਉਂ ਪਰਗਟ ਚਲਾਯੋ ਪੰਥ। ਸਭ ਸਿਖਨ ਕੋ ਬਚਨ ਹੈ ਗੁਰੂ ਮਾਨੀਅਹੁ ਗਰੰਥ॥" ਅਤੇ "ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ। ਜੋ ਸਿਖ ਮੋ ਮਿਲਬੋ ਚਾਹਹਿ ਖੋਜ ਇਨਹੁ ਮਹਿ ਲੇਹੁ।"। ਪ੍ਰਸ਼ਨੋਤਰੀ ਨੰਦ ਲਾਲ ਦਾ ਵਿਖਿਆਨ ਹੈ, "ਤੀਨ ਰੂਪ ਹੈ ਮੋਹਿਕੋ ਸੁਨਹੁ ਨੰਦ! ਚਿਤ ਲਾਇ। ਨਿਰਗੁਣ ਸਰਗੁਣ ਗੁਰਸ਼ਬਦ ਕਹਹੁੰ ਤੋਹਿ ਸਮਝਾਇ॥ ਏਕ ਰੂਪ ਤਿਹ ਗੁਣ ਤੇ ਪਰੇ। ਨੇਤਿ ਨੇਤਿ ਜਿਹ ਨਿਗਮ ਉਚਰੇ। ਘਟਿ ਘਟਿ ਵਿਆਪਕ ਅੰਤਰਜਾਮੀ। ਪੂਰਿ ਪੁਰਿ ਰਹਾਯੋਂ ਜਿਉਂ ਜਲ ਘਟ ਭਾਨੀ। ਦੂਸਰ ਰੂਪ ਗਰੰਥ ਜੀ ਜਾਨਹੁ। ਅਪਨ ਅੰਗ ਮੇਰੇ ਕਰ ਮਾਨਹੁ। ਰੋਮ ਰੋਮ ਅਛਰ ਜੋ ਲਹਹੁ। ਬਾਤ ਜਥਾਰਥ ਤੁਮ ਸੋ ਕਹਹੁੰ। ਜੋ ਸਿਖ ਗੁਰ ਦਰਸਨ ਕੀ ਚਾਹਿ। ਦਰਸਨ ਕਰੇ ਗ੍ਰੰਥ ਜੀ ਆਹਿ। ਜੋ ਕਿ ਸਾਥ ਚਾਹੇ ਆ ਕਰ ਬਾਤ। ਗਰੰਥ ਜੀ ਪੜ੍ਹੈ ਬਿਚਾਰਹਿ ਸਾਥ। ਜੋ ਮੁਝ ਬਚਨ ਸੁਨਨ ਕੀ ਚਾਇ। ਗ੍ਰੰਥ ਵਿਚਾਰ ਸੁਨਹੁ ਚਿਤ ਲਾਇ। ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਮੇਂ ਭੇਦ ਨ ਰੰਚਕ ਮਾਨ। ਤੀਸਰ ਰੂਪ ਸਿਖ ਹੈ ਮੋਰ। ਗੁਰਬਾਣੀ ਰਤਿ ਜਿਹ ਨਿਸ ਭੋਰ। ਵਿਸਾਹ ਪ੍ਰਤਿ ਗੁਰ ਸ਼ਬਦ ਜੋ ਧਰੇ। ਗੁਰ ਕਾ ਦਰਸ਼ਨ ਨਿਤ ਉਠ ਕਰੇ। …"। ਉਦਾਸੀ ਵਿਦਵਾਨਾਂ ਨੇ ਵੀ ਸਿੱਖ ਧਰਮ ਦੇ ਸ਼ਰਧਾਲੂਆਂ ਦੇ ਸਮੂਹ ਲਈ ਪੰਥ ਸ਼ਬਦ ਹੀ ਵਰਤਿਆ ਹੈ। ਗਿਆਨੀ ਗਿਆਨ ਸਿੰਘ ਦੀ ਕਵਿਤਾ ਹੈ: "ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਿਓੁ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓੁ ਪ੍ਰਗਟ ਗੁਰਾਂ ਕੀ ਦੇਹਿ। ਜੋ ਪ੍ਰਭ ਕੋ ਮਿਲਬੋ ਚਵੈ ਖੋਜ ਸ਼ਬਦ ਮਹਿ ਲੇਇ।" ਇਹ ਕਵਿਤਾ ਅਕਸਰ ਹੀ ਗੁਰਦੁਅਰਿਆਂ ਵਿੱਚ ਅਰਦਾਸ ਮਗਰੋਂ ਪੜ੍ਹੀ ਜਾਂਦੀ ਹੈ ਅਤੇ ਇਸ ਨੇ ਸਿੱਖ ਸੋਚ ਨੂੰ ਬਹੁਤ ਪ੍ਰਭਾਵਤ ਵੀ ਕੀਤਾ ਹੈ। ਭਗਤ ਰਤਨਾਵਲੀ ਦੀ ਇੱਕ ਸਾਖੀ ਵਿੱਚ ਲਿਖਿਆ ਹੈ, "ਦਸਵੇਂ ਪਾਤਸ਼ਾਹ ਖਾਲਸੇ ਨੂੰ ਗੁਰਿਆਈ ਬਖਸ਼ੀ।" ਅਤੇ ਗੁਰੁ ਪ੍ਰਤਾਪ ਸੂਰਜ ਵਿੱਚ ਵੀ "ਗੁਰਤਾ ਅਰਪਨਿ ਲਗੇ ਖਾਲਸੇ, ਪੰਚ ਸਿੰਘ ਤਹਿਂ ਸੋਹਿਂ ਸ਼ਰੀਰ।" ਦਾ ਵਰਨਨ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ‘ਸਿੱਖ ਰਹਿਤ ਮਰਯਾਦਾ’ ਵਿੱਚ "ਪੰਥ ਕੀ ਜੀਤ" ਲਈ ਅਰਦਾਸ ਕੀਤੀ ਜਾਂਦੀ ਹੈ ਅਤੇ ਮਰਯਾਦਾ ਵਿੱਚ ਪੰਥ ਨੂੰ ਇਊਂ ਪਰਿਭਾਸ਼ਤ ਕੀਤਾ ਗਿਆ ਹੈ:

"ਪੰਥਕ ਰਹਿਣੀ

  1. ਗੁਰੂ ਪੰਥ

ਸੇਵਾ, ਕੇਵਲ ਪੱਖੇ, ਲੰਗਰ ਆਦਿ ਤੇ ਨਹੀਂ ਮੁਕ ਜਾਂਦੀ, ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸੇਵਾ, ਸਫਲ ਉਹ ਹੈ, ਜੋ ਥੋੜ੍ਹੇ ਜਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਸਿੱਖ ਨੇ ਇਸ ਲਈ ਸ਼ਖਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਪੰਥਕ ਫਰਜ਼ ਵੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾਂ ‘ਪੰਥ’ ਹੈ। ਹਰ ਇੱਕ ਸਿੱਖ ਨੇ ‘ਪੰਥ’ ਦਾ ਇੱਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ।

(ੳ)‘ਗੁਰੂ ਪੰਥ’ ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁਚੇ ਸਮੂਹ ਨੂੰ ‘ਗਰੂ ਪੰਥ’ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।" (ਪੰਨਾ 23)।

ਗੁਰਮਤਾ ਕਰਨ ਦੀ ਵਿਧੀ ਵਿੱਚ ਵੀ ਪੰਥ ਦਾ ਰੋਲ ਹੈ। ਪੰਥ ਦੀ ਬਨਾਵਟ ਤੇ ਵੀ ਗੁਰਮਤਾ ਹੋ ਸਕਦਾ ਹੈ। "… ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ।" (ਪੰਨਾ: 28)।

ਪੰਥ, ਗੁਰੂ ਪੰਥ ਅਤੇ ਗ੍ਰੰਥ ਗੁਰੂ ਦੇ ਸੰਕਲਪ, ਉਦਾਸੀ, ਨਿਰਮਲਿਆਂ ਅਤੇ ਰਹਿਤਨਾਮਿਆਂ ਦੀ ਦੇਣ ਹਨ। ਰਹਿਤਨਾਮੇ ਗੁਰਬਾਣੀ ਨਹੀਂ ਹਨ। ਇਹ ਗੁਰੂ ਗੋਬਿੰਦ ਸਿੱਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਲਿਖੇ ਗਏ ਸਨ। ਉਸ ਸਮੇਂ ਗੁਰ ਅਸਥਾਨਾਂ ਤੇ ਗੁਰੂ ਸਾਹਿਬਾਨ ਦੇ ਵਿਰੋਧੀਆਂ ਦੇ ਕਬਜ਼ੇ ਹੋ ਚੁੱਕੇ ਸਨ ਅਤੇ ਸੂਖਮ ਢੰਗਾਂ ਰਾਹੀਂ ਸਿੱਖ ਧਰਮ ਨੂੰ ਗੁਰਮਤ ਨਾਲੋਂ ਤੋੜਨ ਦੇ ਯਤਨ ਹੋਣ ਲੱਗ ਪਏ ਸਨ। ਨਿਰਮਲੇ ਅਤੇ ਉਦਾਸੀ ਵਿਦਵਾਨ ਗੁਰੂ ਸਾਹਿਬਾਨ ਪ੍ਰਤਿ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਗੁਰਮਤ ਵਿਚਾਰਧਾਰਾ ਨੂੰ ਐਸੀ ਚਤਰਾਈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਦਲਦੇ ਸਨ ਕਿ ਸ਼ਰਧਾਲੂ ਉਸੇ ਨੂੰ ਸੱਚ ਸਮਝਣ ਲੱਗ ਜਾਂਦਾ ਸੀ। ਉਨ੍ਹਾਂ ਗੁਰਮਤ ਵਿਚਾਰਧਾਰਾ ਦੇ ਵਿਰੁਧ ਅਤੇ ਉਸ ਤੋਂ ਵਾਧੂ ਬਹੁਤ ਕੁੱਝ ਲਿਖ ਕੇ ਉਸ ਨੂੰ ਗੁਰਮਤ ਅਤੇ ਗੁਰ ਇਤਹਾਸ ਪ੍ਰਚਾਰਿਆ ਅਤੇ ਪ੍ਰਚਲਤ ਕੀਤਾ ਹੈ। ‘ਸਿੱਖ ਰਹਿਤ ਮਰਯਾਦਾ’ ਦਾ ਇਹ ਕਥਨ ਕਿ ਗੁਰੂ ਪੰਥ "ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ" ਸਹੀ ਨਹੀਂ ਹੈ ਅਤੇ ਇਹ ਵੀ ਮੰਨਣਯੋਗ ਨਹੀਂ ਹੈ ਕਿ "ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ"। ਗੁਰੂ ਸਾਹਿਬਾਨ ਵਲੋਂ ਰਚੀ ਬਾਣੀ ਵਿੱਚ ਤ੍ਰੈਗੁਣੀ ਸੰਸਾਰ ਨੂੰ ਧਰਮ ਦਾ ਵਿਰੋਧੀ ਆਖਿਆ ਗਿਆ ਹੈ। ਇਹ ਕਿਵੇਂ ਮੰਨ ਲਿਆ ਜਾਵੇ ਕਿ ਜਿਸ ਸੰਸਾਰ ਨੂੰ ਗੁਰੂ ਸਾਹਿਬਾਨ ਆਪਣੀ ਬਾਣੀ ਵਿੱਚ ਝੂਠਾ ਅਤੇ ਧਰਮ ਦਾ ਵਿਰੋਧੀ ਆਖਦੇ ਸਨ ਉਸੇ ਸੰਸਾਰ ਦੇ ਪੰਥ ਨੂੰ ਉਨ੍ਹਾਂ ਆਪਣਾ ਗੁਰੂ ਬਣਾ ਲਿਆ ਸੀ? ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਦਾ ਸੰਕਲਣ ਕੀਤਾ ਸੀ ਅਤੇ ਨਾਨਕ ਬਾਣੀ ਦਾ ਸੰਚਾਰ ਉਨ੍ਹਾਂ ਦਾ ਮੁੱਖ ਉਦੇਸ਼ ਸੀ। ਉਹ ਗੁਰਬਾਣੀ ਵਿੱਚ ਸਤਸੰਗਤਿ ਦੇ ਸੰਕਲਪ ਤੋਂ ਭਲੀ ਪ੍ਰਕਾਰ ਜਾਣੂੰ ਸਨ ਜਿਸ ਵਿੱਚ ਸੰਗਤ ਨੂੰ "ਸਤ ਸੰਗਤਿ ਕੈਸੀ ਜਾਣੀਐ॥ ਜਿਥੇ ਏਕੋ ਨਾਮੁ ਵਖਾਣੀਐ॥" (ਪੰ: 72) ਅਤੇ "ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਧ॥ ਭਗਤਨ ਸੇਤੀ ਗੋਸਟੀ ਜੋ ਕੀਨੋ ਸੋ ਲਾਭ॥" (ਪੰ: 1377) ਆਖਿਆ ਗਿਆ ਹੈ। ਸਤਸੰਗਤ ਪੰਥ ਨਹੀਂ ਹੁੰਦਾ। ਗੁਰਬਾਣੀ ਵਿੱਚ ਤੇ ਧਾਰਮਕ ਸਮੂਹ ਜਾਂ ਸੰਗਠਨ ਦਾ ਕੋਈ ਸੰਕਲਪ ਹੀ ਨਹੀਂ ਹੈ। ਗੁਰੂ ਸਾਹਿਬ ਸਭ ਕੁੱਝ ਜਾਣਦੇ ਹੋਏ ਗੁਰਬਾਣੀ ਦੇ ਵਿਰੋਧੀ ਸਮਾਜ ਦਾ ਪੰਥ ਕਿਵੇਂ ਸਥਾਪਤ ਕਰ ਸਕਦੇ ਸਨ? ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਵਖਰੇ ਧਾਰਮਕ ਸਮੂਹ ਦਾ ਸੰਗਠਨ ਨਹੀਂ ਕੀਤਾ ਕਿਊਂਕੇ ਉਹ ਤੇ "ਅਵਲਿ ਅਲਹ ਨੂਰੁ ਊਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥" (ਪੰ: 1349) ; "ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥" (ਪੰ: 97) ਅਤੇ "ਸਭ ਮਹਿ ਜੋਤਿ ਜੋਤਿ ਹੈ ਸੋਇ॥" (ਪੰ: 663) ਦੇ ਧਾਰਨੀ ਸਨ ਨਾ ਕਿ ਸਮਾਜ ਵਿੱਚ ਵੰਡੀਆਂ ਪਾਉਣ ਦੇ ਸਮਰਥਕ ਸਨ। ਉਨ੍ਹਾਂ ਕਿਸੇ ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁਚੇ ਸਮੂਹ ਦਾ ਪੰਥ ਨਹੀਂ ਬਣਾਇਆ। ਉਨ੍ਹਾਂ ਦੇ ਉਪਾਸ਼ਕ ਦੂਜੇ ਸਾਧਾਰਣ ਲੋਕਾਂ ਵਾਂਗ ਸਨ। ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਰਪਤ ਸਨ ਪਰ ਆਪਣੇ ਆਪ ਨੂੰ ਦੂਜੇ ਲੋਕਾਂ ਨਾਲੋਂ ਵਖਰੇ, ਵੱਡੇ ਜਾਂ ਉੱਚੇ ਨਹੀਂ ਸਮਝਦੇ ਸਨ।

ਜਿਥੋਂ ਤਕ ਗ੍ਰੰਥ ਨੂੰ ਗੁਰੂ ਐਲਾਨਣ ਦਾ ਸਵਾਲ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਮਦਮੀ ਬੀੜ ਵਿੱਚ ਦਰਜ ਕੀਤਾ ਹੈ "ਪੋਥੀ ਪਰਮੇਸਰ ਕਾ ਥਾਨੁ" (ਪੰ: 1226)। ਗ੍ਰੰਥ ਸਾਹਿਬ ਪ੍ਰਮੇਸ਼ਰ ਦਾ ਗਿਆਨ ਬਖਸ਼ਣ ਵਾਲੇ ਸ਼ਬਦ ਗੁਰੂ ਦਾ ਨਿਵਾਸ ਸਥਾਨ ਹੈ। ਨਿਵਾਸ ਸਥਾਨ ਗੁਰੂ ਨਹੀਂ ਹੁੰਦਾ। ਗੁਰਬਾਣੀ ਗ੍ਰੰਥ ਨੂੰ ਨਹੀਂ ਗੁਰਸ਼ਬਦ ਜਾਂ ਗੁਰਬਾਣੀ ਨੂੰ ਗੁਰੂ ਮੰਨਦੀ ਹੈ। ਇਸ ਦਾ ਇਹ ਅਰਥ ਨਹੀਂ ਕਿ ਗ੍ਰੰਥ ਸਾਹਿਬ ਅਗੇ ਸਿਰ ਝੁਕਾਉਣਾ ਜਾਂ ਮਥਾ ਟੇਕਣਾ ਸਹੀ ਨਹੀਂ ਹੈ। ਗੁਰੂ ਦਾ ਨਿਵਾਸ ਸਥਾਨ ਹੋਣ ਦੇ ਨਾਤੇ ਗ੍ਰੰਥ ਸਾਹਿਬ ਦਾ ਪੂਰਾ ਸਤਕਾਰ ਕਰਨਾ ਬਣਦਾ ਹੈ ਪਰ ਗੁਰਸ਼ਬਦ ਅਤੇ ਗ੍ਰੰਥ ਦੇ ਸੂਖਮ ਅੰਤਰ ਨੂੰ ਧਿਆਨ ਵਿੱਚ ਰਖਣਾ ਵੀ ਜ਼ਰੂਰੀ ਹੈ ਤਾਂ ਜੋ ਗ੍ਰੰਥ ਸਾਹਿਬ ਮੂਰਤੀ ਪੂਜਾ ਦੀ ਵਸਤੂ ਨਾ ਬਣ ਜਾਣ।

ਕਈ ਸਿੱਖ ਸ਼ਰਧਾਲੂ ਗੁਰਬਾਣੀ ਦੀ ਅਸਲੀਅਤ ਬਾਰੇ ਵੀ ਸਪਸ਼ਟ ਨਹੀਂ ਹਨ। ਗੁਰਬਾਣੀ ਇਸ ਬਾਰੇ ਵੀ ਸੇਧ ਬਖਸ਼ਦੀ ਹੈ। ਗੁਰਵਾਕ ਹਨ: "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥" (ਪੰ: 722); "ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥" (ਪੰ: 628) ਅਤੇ "ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ॥" (ਪੰ: 945) ਧੁਰ ਪ੍ਰਭੂ ਤੋਂ ਆਈ ਬਾਣੀ ਨੂੰ ਹੀ ਗੁਰਬਾਣੀ ਆਖਿਆ ਗਿਆ ਹੈ ਹੋਰ ਦੂਜੀਆਂ ਰਚਨਾਵਾਂ ਨੂੰ ਗੁਰਬਾਣੀ ਨਹੀਂ ਮੰਨਿਆ ਜਾਂਦਾ। ਗੁਰਬਾਣੀ ਵਿੱਚ ਗੁਰੂ ਸਾਹਿਬਾਨ ਦੇ ਸਾਧਾਰਣ ਕਥਨ ਦਰਜ ਨਹੀਂ ਕੀਤੇ ਗਏ ਹਨ ਕੇਵਲ ਧੁਰ ਦਰਗਾਹ ਤੋਂ ਆਈ ਬਾਣੀ ਹੀ ਦਰਜ ਕੀਤੀ ਗਈ ਹੈ। ਗੁਰੂ ਸਾਹਿਬਾਨ ਦਾ ਹਰ ਬੋਲ ਗੁਰਬਾਣੀ ਨਹੀਂ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਬਾਣੀ ਨੂੰ ਹੀ ਖਸਮ ਕੀ ਬਾਣੀ ਹੋਣ ਦਾ ਸੁਭਾਗ ਪ੍ਰਾਪਤ ਹੈ। ਗੁਰਬਾਣੀ ਵਿੱਚ ਵਾਧਾ ਘਾਟਾ ਕਰਨ ਦੀ ਆਗਿਆ ਨਹੀਂ ਹੈ ਕਿਊਂਕੇ ਗੁਰਬਾਣੀ ਦਾ ਆਦੇਸ਼ ਹੈ "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥" (ਪੰ: 920)। ਸਿੱਖ ਇਤਹਾਸ ਨੂੰ ਗੁਰਬਾਣੀ ਨਾਲ ਤੁਲਣਾ ਦੇਣੀ ਜਾਂ ਇਤਹਾਸਕ/ਮਿਥਹਾਸਕ ਕਹਾਣੀਆਂ ਰਾਹੀਂ ਗੁਰਬਾਣੀ ਦੀ ਵਿਆਖਿਆ ਕਰਨੀ ਠੀਕ ਨਹੀਂ ਹੈ ਕਿਉਂਕੇ ਇਤਹਾਸ ਵਿੱਚ ਗੁਰੂ ਸਾਹਿਬਾਨ ਦੇ ਕਥਨ ਕੋਈ ਦੂਸਰਾ ਸਾਖੀ ਹੋਣ ਦਾ ਦਾਅਵਾ ਕਰਕੇ ਬਿਆਨ ਕਰਦਾ ਹੈ ਜਿਨ੍ਹਾਂ ਦੀ ਸਚਾਈ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿੱਖ ਇਤਹਾਸ ਨੂੰ ਗੁਰਬਾਣੀ ਵਿਆਖਿਆ ਵਿੱਚ ਰਲਗੱਡ ਕਰਨਾ ਉਚਿੱਤ ਨਹੀਂ ਹੈ।

ਧਰਮ ਪ੍ਰਭੂ ਦੇ ਗੁਣਾਂ ਦਾ ਗਿਆਨ ਪ੍ਰਾਪਤ ਕਰਨ ਦਾ ਰਾਹ ਹੈ। ਧਰਮ ਦਾ ਆਧਾਰ ਨਿੱਜੀ ਵਿਸ਼ਵਾਸ ਜਾਂ ਮਾਨਤਾ ਹੈ। ਇਹ ਨਿੱਜੀ ਕਿਰਿਆ ਹੁੰਦਾ ਹੈ, ਸਮਾਜਕ ਵਿਹਾਰ ਨਹੀਂ। ਗੁਰਬਾਣੀ ਅਨੁਸਾਰ ਪ੍ਰਭੂ ਦਾ ਗਿਆਨ ਕੇਵਲ ਗੁਰੂ ਹੀ ਪ੍ਰਦਾਨ ਕਰ ਸਕਦਾ ਹੈ ਅਤੇ ਗੁਰਬਾਣੀ ਸ਼ਬਦ ਨੂੰ ਗੁਰੂ ਅਤੇ ਮਨੁੱਖੀ ਸੁਰਤ ਦੀ ਲਗਨ ਨੂੰ ਚੇਲਾ ਆਖਦੀ ਹੈ। "ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰ: 943)। ਤਿਆਰ-ਬਰ-ਤਿਆਰ ਸਿੰਘਾਂ ਦਾ ਸਮੁਚਾ ਸਮੂਹ ਪ੍ਰਭੂ ਦਾ ਗਿਆਨ ਪਰਦਾਨ ਕਰਨ ਵਾਲੀ ਗੁਰੂ ਦੀ ਜ਼ਿਮੇਵਾਰੀ ਨਿਭਾਉਣਯੋਗ ਨਹੀਂ ਹੁੰਦਾ।

ਅਸਲ ਵਿੱਚ ਸਿੱਖ ਸਮਾਜਕ ਧਰਮ (Institutionl religion) ਦੀ ਸਥਾਪਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਦੇ ਵਿਰੁਧ ਹੈ। ਸਿੱਖ ਸਮਾਜਕ ਧਰਮ ਵਿੱਚ ਗੁਰਬਾਣੀ ਦੇ ਕੁੱਝ ਚੋਣਵੇਂ ਸ਼ਬਦਾਂ ਨੂੰ ਅਖਰੀ ਅਰਥ ਦੇ ਕੇ ਜਾਂ ਮਿਥਹਾਸਕ ਕਹਾਣੀਆਂ ਰਾਹੀਂ ਇਹ ਭੁਲੇਖਾ ਪਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਸਿੱਖ ਸਮਾਜਕ ਧਰਮ ਗੁਰਬਾਣੀ ਉਪਦੇਸ਼ ਦੇ ਅਨੁਕੂਲ ਹੈ ਜਾਂ ਗੁਰਬਾਣੀ ਤੇ ਆਧਾਰਤ ਹੈ, ਪਰ ਇਹ ਸਹੀ ਨਹੀਂ ਹੈ। ਗੁਰਬਾਣੀ ਤੇ ਸਮਾਜਕ ਧਰਮ ਨੂੰ ਧਰਮ ਹੀ ਨਹੀਂ ਮੰਨਦੀ ਕਿਊਂਕੇ ਗੁਰਬਾਣੀ ਸੰਸਾਰ ਨੂੰ, ਜਿਸ ਵਿੱਚ ਮਨੁੱਖ ਨੇ ਗੈਰ-ਕੁਦਰਤੀ ਵੰਡੀਆਂ ਪਾ ਕੇ ਸਮਾਜ ਸਿਰਜੇ ਹਨ, ਝੂਠਾ ਆਖਦੀ ਹੈ। ਗੁਰਬਾਣੀ ਅਨੁਸਾਰ ਸੰਸਾਰ ਤੇ ਮਾਇਆ ਦਾ ਕੰਟਰੋਲ ਹੈ ਅਤੇ ਮਾਇਆ ਧਰਮ ਦੀ ਵਿਰੋਧੀ ਹੈ। ਗੁਰਬਾਣੀ ਦਾ ਫੁਰਮਾਨ ਹੈ: "ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥" (ਪੰ: 693)। ਮਾਇਆ ਕਾਰਨ ਹੀ ਗੁਰਬਾਣੀ ਸੰਸਾਰ ਨੂੰ ਝੂਠਾ, ਸੁਪਨਾ, ਵਿਸ਼, ਭੌਜਲ, ਭਰਮਾਊ, ਅੰਧ ਕੂਪ, ਧੂਏ ਕਾ ਧਵਲਹਰ, ਸਿਵ ਸਕਤੀ ਕਾ ਮੇਲ, ਆਦਿ ਆਖਦੀ ਹੈ। ਇਸ ਸਬੰਧ ਵਿੱਚ ਗੁਰਬਾਣੀ ਦੇ ਕੁੱਝ ਕਥਨ ਹਨ: "ਜਗ ਰਚਨਾ ਸਭ ਝੂਠ ਹੈ ਜਾਨਿ ਲੇਹੋ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤ॥" (ਪੰ: 1428), "ਜਗ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ॥" (ਪੰ: 18), "ਬਾਬਾ ਬਿਖੁ ਦੇਖਿਆ ਸੰਸਾਰੁ" (ਪੰ: 382), "ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ" (ਪੰ: 353), "ਹਉਮੈ ਮੇਰਾ ਭਰਮੈ ਸੰਸਾਰੁ" (ਪੰ: 841), "ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ" (ਪੰ: 702), "ਮਾਇਆ ਭੁਇਅੰਗਮ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ॥" (ਪੰ: 1415), "ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥" (ਪੰ: 921), "ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ॥" (ਪੰ: 138) ਅਤੇ "ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ॥" (ਪੰ: 570)। ਸੰਸਾਰ ਵਿੱਚ ਵਰਤ ਰਹੀ ਮਾਇਆ ਨੇ ਮਨੁੱਖ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ, "ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ॥ ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ॥" (ਪੰ: 21), "ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ॥" (ਪੰ: 595); "ਮਾਧਉ ਜਾ ਕਉ ਹੈ ਆਸ ਤੁਮਾਰੀ॥ ਤਾ ਕਉ ਕਛੁ ਨਾਹੀ ਸੰਸਾਰੀ॥" (ਪੰ: 188) ਅਤੇ "ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥" (ਪੰ: 643)। ਪ੍ਰਭੂ ਨੇ ਮਨੁੱਖ ਤੋਂ ਦੂਰੀ ਬਨਾਉਣ ਲਈ ਸੰਸਾਰ ਵਿੱਚ ਮਾਇਆ ਆਪ ਪਾਈ ਹੈ, "ਮਾਇਆ ਮਮਤਾ ਕਰਤੈ ਲਾਈ॥" (ਪੰ: 1261)। ਸੰਸਾਰ ਵਿੱਚ ਮਾਇਆ ਦਾ ਭਰਮਜਾਲ ਮਨੁੱਖ ਨੂੰ ਮਾਨਵਤਾ ਵਿੱਚ ਪ੍ਰਭੂ ਦੇ ਦਰਸ਼ਨ ਨਹੀਂ ਕਰਨ ਦਿੰਦਾ ਅਤੇ ਉਸ ਦੇ ਅੰਦਰ ਵਸ ਰਹੇ ਪ੍ਰਭੂ ਨਾਲ ਮਿਲਣ ਨਹੀਂ ਦਿੰਦਾ। ਜਾਂ ਇਊ ਕਹੋ ਕਿ ਮਾਇਆ ਨੇ ਸਮਾਜ ਨੂੰ ਧਰਮ ਦਾ ਵਿਰੋਧੀ ਬਣਾਇਆ ਹੋਇਆ ਹੈ। ਪਰ ਸਿੱਖ ਪੰਥ, ਜਿਸ ਨੂੰ ਗੁਰਬਾਣੀ ਤੇ ਆਧਾਰਤ ਪ੍ਰਚਾਰਿਆ ਜਾਂਦਾ ਹੈ, ਇੱਕ ਸਮਾਜਕ ਇੱਕਾਈ ਅਤੇ ਸਿਆਸੀ ਹਸਤੀ ਵਜੋਂ ਵਿਚਰਦਾ ਹੈ ਅਤੇ ਆਪਣੇ ਆਪ ਨੂੰ ਗੁਰੂ ਆਖਦਾ ਹੈ। ਗੈਰ ਸਿੱਖ ਧਾਰਮਕ ਵਿਦਵਾਨ ਜ਼ਰੂਰ ਹੈਰਾਨ ਹੁੰਦੇ ਹੋਣਗੇ ਕਿ ਜਿਸ ਸੰਸਾਰ ਨੂੰ ਗੁਰਬਾਣੀ ਧਰਮ ਦਾ ਵੈਰੀ ਪ੍ਰਚਾਰਦੀ ਹੈ ਅਜੋਕੇ ਸਿੱਖ ਉਸੇ ਸੰਸਾਰ ਦੇ ਇੱਕ ਟੁਕੜੇ ਨੂੰ ਆਪਣਾ ਗੁਰੂ ਮੰਨਦੇ ਹਨ।

ਇਸ ਅਸੰਗਤੀ ਦਾ ਹੱਲ ਕਢਣ ਅਤੇ ਸਿੱਖ ਜਗਤ ਨੂੰ ਭਰੋਸਾ ਦਿਵਾਉਣ ਲਈ ਸਿੱਖ ਪੁਜਾਰੀ ਸ਼੍ਰੇਣੀ ਨੇ ਧਰਮ ਨੂੰ ਹੀ ਇੱਕ ਦੂਜੇ ਤੋਂ ਉਲਟ ਦੋ ਵਖਰੇ ਅਰਥ ਦੇ ਦਿੱਤੇ ਹਨ। ਇੱਕ ਪਾਸੇ ਪ੍ਰਭੂ ਦੀ ਬੰਦਗੀ ਨੂੰ ਧਰਮ ਆਖਿਆ ਗਿਆ ਹੈ, ਜਿਸ ਨੂੰ ਗੁਰਬਾਣੀ "ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ॥ ਕਹੁ ਨਾਨਕ ਅਟਲ ਇਹ ਧਰਮੁ॥" (ਪੰ: 196) ਆਖਦੀ ਹੈ ਅਤੇ ਦੂਜੇ ਪਾਸੇ, ਸਿੱਖ ਇਤਹਾਸ ਵਿੱਚ ਬਿਆਨ ਕੀਤੇ ਸਿੱਖ ਸਮਾਜ ਅਤੇ ਸਿੱਖ ਰਹਿਤ ਨੂੰ ਸਿੱਖ ਧਰਮ ਜਾਂ ਪੰਥ ਦਾ ਨਾਂ ਦੇ ਦਿੱਤਾ ਗਿਆ ਹੈ। ਸਮਾਜਕ ਧਰਮ ਜਾਂ ਪੰਥ ਦਾ ਆਧਾਰ ਗੁਰਬਾਣੀ ਨਹੀਂ ਸਿੱਖ ਇਤਹਾਸ ਹੈ। ਗੁਰਬਾਣੀ ਅਤੇ ਇਤਹਾਸ ਵਿੱਚ ਕੋਈ ਸਾਂਝ ਨਹੀਂ ਹੈ ਕਿਊਂਕੇ ਗੁਰਬਾਣੀ ਅਧਿਆਤਮਕ ਗਿਆਨ ਹੈ ਅਤੇ ਇਤਹਾਸ ਸਿੱਖ ਸਮਾਜ ਦੀ ਵਿਥਿਆ। ਸਿੱਖ ਧਰਮ ਦੇ ਇਨ੍ਹਾਂ ਦੋ ਵਖਰੇ ਅਤੇ ਅਸੰਗਤ ਅਰਥਾਂ ਕਾਰਨ ਸੂਝਵਾਨ ਸ਼ਰਧਾਲੂਆਂ ਦਾ ਦੁਬਿਧਾ ਵਿੱਚ ਪੈ ਜਾਣਾ ਸੁਭਾਵਕ ਹੈ ਪਰ ਸਿੱਖ ਪੁਜਾਰੀਆਂ ਨੇ ਇਨ੍ਹਾਂ ਦੋਨੋ ਅਰਥਾਂ ਦੇ ਮੂਲ ਅੰਤਰ ਨੂੰ ਨਜ਼ਰ ਅੰਦਾਜ਼ ਕਰਕੇ ਇੱਕ ਦੂਜੇ ਵਿੱਚ ਰਲਗੱਡ ਕਰ ਦਿੱਤਾ ਹੈ, ਜਿਸ ਤੋਂ ਆਮ ਸਿੱਖ ਸੰਤੁਸ਼ਟ ਨਜ਼ਰ ਆਉਂਦੇ ਹਨ ਪਰ ਜਾਗਰੂਕ ਸਿੱਖ ਪ੍ਰੇਸ਼ਾਨ ਹਨ। ‘ਸਿੱਖ ਰਹਿਤ ਮਰਯਾਦਾ’ ਵਿੱਚ ਇਸ ਅਸੰਗਤੀ ਨੂੰ "ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ, ਸ਼ਖਸੀ ਅਤੇ ਪੰਥਕ" ਕਹਿ ਕੇ ਸੁਲਝਾਉਣ ਦਾ ਯਤਨ ਕੀਤਾ ਗਿਆ ਹੈ। ਸਿੱਖ ਪ੍ਰਰਚਾਰਕ ਸੰਤ-ਸਿਪਾਹੀ ਅਤੇ ਦੋ ਤਲਵਾਰਾਂ ਦੇ ਸੰਕਲਪਾਂ ਰਾਹੀਂ ਇਸ ਵਿਰੋਧਤਾ ਨੂੰ ਸਮਝਾਉਣ ਦਾ ਪਰਿਆਸ ਕਰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਦੋ ਤਲਵਾਰਾਂ ਦਾ ਸੰਕਲਪ ਧਰਮ ਅਤੇ ਸਿਆਸਤ ਦੇ ਮੇਲ ਦਾ ਨਹੀਂ ਬਲਕਿ ਭਿੰਨਤਾ ਦਾ ਸੰਕਲਪ ਹੈ। ਜਿਵੇਂ ਦੋ ਤਲਵਾਰਾਂ ਇੱਕ ਮਿਆਨ ਵਿੱਚ ਨਹੀਂ ਸਮਾ ਸਕਦੀਆਂ ਇਸੇ ਤਰ੍ਹਾਂ ਧਰਮ ਅਤੇ ਰਾਜਨੀਤੀ ਇੱਕ ਦੂਜੇ ਨਾਲ ਮਿਲ ਕੇ ਨਹੀਂ ਚਲ ਸਕਦੇ। ਰਾਜਨੀਤੀ ਇੱਕ ਕਿੱਤਾ ਹੈ ਜਿਸ ਦਾ ਮਨੋਰਥ ਸਮਾਜਕ ਧਰਮ ਦੇ ਕਿੱਤੇ ਦੇ ਮਨੋਰਥ ਤੋਂ ਵਖਰਾ ਹੈ। ਦੋ ਵਖਰੇ ਮਨੋਰਥਾਂ ਦਾ ਏਕੀਕਰਨ ਸੰਭਵ ਨਹੀਂ ਹੁੰਦਾ। ਸੰਤ ਸਿਪਾਹੀ ਦਾ ਸੰਕਲਪ ਵੀ ਪਰਸਪਰ ਵਿਰੋਧੀ ਹੈ। ਸੰਤ ਮਨੁੱਖੀ ਸਾਂਝੀਵਾਲਤਾ ਦੇ ਸਮਰਥਕ ਹੁੰਦੇ ਹਨ ਜਦੋਂ ਕਿ ਸਿਪਾਹੀਆਂ ਦਾ ਕਰਤੱਵ ਅਜਿਹੇ ਅਖੌਤੀ ਵੈਰੀਆਂ ਨੂੰ ਜਾਨੋਂ ਮਾਰਨਾ ਹੁੰਦਾ ਜੋ ਉਨ੍ਹਾਂ ਦੇ ਨਿੱਜੀ ਵੈਰੀ ਨਹੀਂ ਹੁੰਦੇ।

ਸਮਾਜਕ ਧਰਮ ਜਾਂ ਪੰਥ ਦਾ ਸੰਕਲਪ ਗੁਰਬਾਣੀ ਉਪਦੇਸ਼ ਦੇ ਵਿਪ੍ਰੀਤ ਹੈ। ਗੁਰਬਾਣੀ ਤੇ ਧਰਮ ਨੂੰ "ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ॥" (ਪੰ: 1168); "ਕਬੀਰਾ ਜਹਾ ਗਿਆਨੁ ਤਹ ਧਰਮ ਹੈ ਜਹਾ ਝੂਠੁ ਤਹ ਪਾਪੁ॥" (ਪੰ: 1372) ਅਤੇ "ਧੌਲ ਧਰਮੁ ਦਇਆ ਕਾ ਪੂਤੁ॥ ਸੰਤਖੁ ਥਾਪਿ ਰਖਿਆ ਜਿਨਿ ਸੂਤਿ॥" (ਪੰ: 3) ਆਖਦੀ ਹੈ। ਗੁਰਬਾਣੀ ਅਨੁਸਾਰ ਸ੍ਰਿਸ਼ਟੀ ਨੂੰ ਧਾਰਣ ਕਰਨ ਦਾ ਪਵਿਤਰ ਨਿਯਮ ਹੀ ਉਹ ਧਰਮ ਦਾ ਬਲ੍ਹਦ ਹੈ ਜਿਸ ਨੇ ਸਾਰੀ ਧਰਤੀ ਨੂੰ ਆਪਣੇ ਸਿੰਗਾਂ ਉਪਰ ਚੁਕਿਆ ਹੋਇਆ ਹੈ। ਇਹ ਧਰਮ ਦਇਆ ਦਾ ਪੁਤਰ ਹੈ ਅਤੇ ਇਸ ਦੁਆਰਾ ਹੀ ਸੰਤੋਖ ਦੀ ਸਥਾਪਨਾ ਹੁੰਦੀ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਮਰਯਾਦਾ ਵਿੱਚ ਬੰਨ੍ਹਿਆ ਹੋਇਆ ਹੈ। ਗੁਰਬਾਣੀ ਅਨੁਸਾਰ ਧਰਮ ਸ੍ਰਿਸ਼ਟੀ ਨੂੰ ਇੱਕ ਕਰਦਾ ਹੈ ਅਤੇ ਸਮਾਜਕ ਧਰਮ ਸੰਸਾਰ ਵਿੱਚ ਵੰਡੀਆਂ ਪਾਉਂਦਾ ਅਤੇ ਅਸ਼ਾਂਤੀ ਫੈਲਾਉਂਦਾ ਹੈ। ਗੁਰਬਾਣੀ ਸਿੱਖ ਨੂੰ ਪ੍ਰਭੂ ਦੀ ਬੰਦਗੀ ਵਾਲੇ ਧਰਮ ਦਾ ਰਾਹ ਅਖਤਿਆਰ ਕਰਨ ਦਾ ਉਪਦੇਸ਼ ਕਰਦੀ ਹੈ।

ਹਾਕਮ ਸਿੰਘ




.