.

ਆਸਾ ਕੀ ਵਾਰ

(ਕਿਸ਼ਤ ਨੰ: 6)

ਪਉੜੀ ਪੰਜਵੀਂ ਅਤੇ ਸਲੋਕ

ਸਲੋਕ ਮਃ ੧।।

ਘੜੀਆ ਸਭੇ ਗੋਪੀਆ ਪਹਰ ਕੰਨੑ ਗੋਪਾਲ।।

ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ।।

ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ।।

ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ।। ੧।।

ਪਦ ਅਰਥ:- ਘੜੀਆ – ਪੈਦਾ ਕੀਤੀਆਂ ਹਨ। ਸਭੇ – ਤਮਾਮ, ਸਾਰੀਆਂ। ਗੋਪੀਆ – ਜੀਵ ਰੂਪ ਇਸਤ੍ਰੀਆਂ ਭਾਵ ਸਮੁੱਚੀ ਮਾਨਵਤਾ। ਪਹਰ – ਆਪ ਹਰਿ, ਹਰੀ ਆਪ। ਕੰਨੑ - ਕਾਨ੍ਹ, ਪਤੀ, ਮਾਲਕ। ਗੋਪਾਲ – ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਕਰਤਾ। ਗਹਣੇ – ਡੂੰਘੀ ਅਵੱਸਥਾ, ਡੂੰਘਾਈ (ਗੁ: ਗ੍ਰ: ਦਰਪਣ, ਪੋਥੀ ਸਤਵੀਂ ਪੰਨਾ ੨੯੩)। ਪਾਉਣੁ – ਹਵਾ। ਪਾਣੀ – ਪਾਣੀ। ਬੈਸੰਤਰੁ – ਅਗਨ। ਚੰਦੁ – ਚੰਦ। ਸੂਰਜੁ – ਸੂਰਜ। ਅਵਤਾਰ – ਦੇਵਤੇ। ਸਗਲੀ ਧਰਤੀ – ਸਮੁੱਚੀ ਧਰਤੀ। ਮਾਲੁ ਧਨੁ – ਪਦਾਰਥ। ਵਰਤਣਿ – ਵਰਤਣ ਲਈ। ਸਰਬ ਜੰਜਾਲ – ਸਮੁੱਚੇ ਸੰਸਾਰ ਲਈ। ਨਾਨਕ – ਹੇ ਭਾਈ! ਨਾਨਕ ਆਖਦਾ ਹੈ। ਮੁਸੈ – ਠੱਗ ਹੋ ਜਾਣਾ। ਗਿਆਨ ਵਿਹੂਣੀ – ਗਿਆਨ ਵਿਹੂਣੀ ਲੋਕਾਈ ਨੂੰ। ਖਾਇ ਗਇਆ – ਨਿਗਲ ਗਿਆ ਹੈ। ਜਮਕਾਲੁ – ਦੇਵਤਾਵਾਦ ਦਾ ਜਮਦੂਤ।

ਅਰਥ:- ਹੇ ਭਾਈ! ਸਾਰੀਆਂ ਜੀਵ ਰੂਪ ਇਸਤ੍ਰੀਆਂ ਨੂੰ ਹਰੀ ਆਪ ਹੀ ਘੜਨ ਵਾਲਾ ਭਾਵ ਪੈਦਾ ਕਰਨ ਵਾਲਾ ਹੈ, ਆਪ ਹੀ ਕਾਹਨ/ਮਾਲਕ ਅਤੇ ਸਾਰੀ ਸ੍ਰਿਸ਼ਟੀ ਦੇ ਨਿਯਮ ਨੂੰ ਚਲਾਉਣ ਵਾਲਾ ਹੈ ਕੋਈ ਅਵਤਾਰਵਾਦੀ ਨਹੀਂ। ਇਹ ਗੱਲ ਬੜੀ ਡੂੰਘਿਆਈ ਨਾਲ ਜਾਨਣ ਦੀ ਲੋੜ ਹੈ ਕਿ ਪਉਣ, ਪਾਣੀ, ਅਗਨੀ, ਚੰਦ, ਸੂਰਜ, ਸਮੁੱਚੀ ਧਰਤੀ ਅਤੇ ਹੋਰ ਸਮੁੱਚੇ ਪਦਾਰਥ ਜੋ ਸੰਸਾਰ ਦੇ ਵਰਤਣ/ਸਹੂਲਤ ਲਈ ਹਨ, ਪਰ ਮਨੁੱਖ ਨੇ ਇਨ੍ਹਾਂ ਨੂੰ ਹੀ ਦੇਵਤੇ/ਦਾਤੇ ਮੰਨ ਲਿਆ ਹੈ। ਹੇ ਭਾਈ! ਨਾਨਕ ਆਖਦਾ ਹੈ ਗਿਆਨ ਤੋਂ ਸੱਖਣੀ ਲੋਕਾਈ ਨੂੰੂੰ ਦੇਵਤਾਵਾਦ ਦੇ ਜਮਕਾਲ/ਜਮਦੂਤ ਨੇ ਠੱਗ ਲਿਆ ਹੈ, ਨਿਗਲ ਲਿਆ ਹੈ। (ਭਾਵ ਉਸ ਕਰਤੇ ਨੂੰ ਛੱਡ ਕੇ ਉਸ ਕਰਤੇ ਦੀ ਕਿਰਤ ਨੂੰ ਹੀ ਦੇਵਤੇ/ਦਾਤੇ ਜਾਣ ਲਿਆ ਹੈ। ਇਸ ਤਰ੍ਹਾਂ ਅਗਿਆਨਤਾ ਕਾਰਨ ਦੇਵਤਾਵਾਦ ਦੇ ਜਮਕਾਲ/ਜਮਦੂਤ ਨੇ ਮਨੁੱਖ ਨੂੰ ਨਿਗਲ ਲਿਆ ਹੈ)।

ਮਃ ੧।।

ਵਾਇਨਿ ਚੇਲੇ ਨਚਨਿ ਗੁਰ।।

ਪੈਰ ਹਲਾਇਨਿ ਫੇਰਨਿੑ ਸਿਰ।।

ਉਡਿ ਉਡਿ ਰਾਵਾ ਝਾਟੈ ਪਾਇ।।

ਵੇਖੈ ਲੋਕੁ ਹਸੈ ਘਰਿ ਜਾਇ।।

ਰੋਟੀਆ ਕਾਰਣਿ ਪੂਰਹਿ ਤਾਲ।।

ਆਪੁ ਪਛਾੜਹਿ ਧਰਤੀ ਨਾਲਿ।।

ਗਾਵਨਿ ਗੋਪੀਆ ਗਾਵਨਿ ਕਾਨੑ।।

ਗਾਵਨਿ ਸੀਤਾ ਰਾਜੇ ਰਾਮ।।

ਨਿਰਭਉ ਨਿਰੰਕਾਰੁ ਸਚੁ ਨਾਮੁ।।

ਜਾ ਕਾ ਕੀਆ ਸਗਲ ਜਹਾਨੁ।।

ਸੇਵਕ ਸੇਵਹਿ ਕਰਮਿ ਚੜਾਉ।।

ਭਿੰਨੀ ਰੈਣਿ ਜਿਨਾੑ ਮਨਿ ਚਾਉ।।

ਸਿਖੀ ਸਿਖਿਆ ਗੁਰ ਵੀਚਾਰਿ।।

ਨਦਰੀ ਕਰਮਿ ਲਘਾਏ ਪਾਰਿ।।

ਕੋਲੂ ਚਰਖਾ ਚਕੀ ਚਕੁ।।

ਥਲ ਵਾਰੋਲੇ ਬਹੁਤੁ ਅਨੰਤੁ।।

ਲਾਟੂ ਮਾਧਾਣੀਆ ਅਨਗਾਹ।।

ਪੰਖੀ ਭਉਦੀਆ ਲੈਨਿ ਨ ਸਾਹ।।

ਸੂਐ ਚਾੜਿ ਭਵਾਈਅਹਿ ਜੰਤ।।

ਨਾਨਕ ਭਉਦਿਆ ਗਣਤ ਨ ਅੰਤ।।

ਬੰਧਨ ਬੰਧਿ ਭਵਾਏ ਸੋਇ।।

ਪਇਐ ਕਿਰਤਿ ਨਚੈ ਸਭੁ ਕੋਇ।।

ਨਚਿ ਨਚਿ ਹਸਹਿ ਚਲਹਿ ਸੇ ਰੋਇ।।

ਉਡਿ ਨ ਜਾਹੀ ਸਿਧ ਨ ਹੋਹਿ।।

ਨਚਣੁ ਕੁਦਣੁ ਮਨ ਕਾ ਚਾਉ।।

ਨਾਨਕ ਜਿਨੑ ਮਨਿ ਭਉ ਤਿਨਾੑ ਮਨਿ ਭਾਉ।। ੨।।

ਪਦ ਅਰਥ:- ਵਾਇਨਿ – ਢੋਲਕੀਆਂ ਛੈਣੇ ਜਿਹੇ ਸਾਜ ਵਜਾਉਣੇ। ਚੇਲੇ – ਪਿੱਛੇ ਲੱਗਣ ਵਾਲੇ, ਪਿਛਲੱਗ। ਨਚਨਿ ਗੁਰ – ਅਗਿਆਨਤਾ ਨੂੰ ਗਿਆਨ ਜਾਣ ਕੇ ਨੱਚਦੇ ਹਨ। ਪੈਰ ਹਲਾਇਨਿ – ਪੈਰ ਹਿਲਾਉਂਦੇ ਹਨ। ਫੇਰਨਿੑ ਸਿਰ –ਸਿਰ ਫੇਰਦੇ ਹਨ। ਉਡਿ ਉਡਿ ਰਾਵਾ – ਘੱਟਾ ਉਡ-ਉਡ ਕੇ। ਝਾਟੈ – ਸਿਰ ਵਿੱਚ। ਪਾਇ – ਪਾਉਂਦੇ ਹਨ। ਵੇਖੇ ਲੋਕੁ – ਲੋਕ ਜੋ ਇਨ੍ਹਾਂ ਨੂੰ ਵੇਖਦੇ ਹਨ। ਹਸੈ ਘਰਿ ਜਾਇ – ਅੰਦਰੋਂ-ਅੰਦਰ ਹੱਸਦੇ ਹਨ। ਘਰਿ – ਅੰਦਰੋਂ, ਅੰਦਰ। ਰੋਟੀਆ ਕਾਰਣ – ਪੇਟ ਦੀ ਖਾਤਰ। ਪੂਰਹਿ ਤਾਲ – ਤਾਲ ਪੂਰਦੇ ਹਨ। ਆਪੁ ਪਛਾੜਹਿ – ਅਜਿਹੇ ਲੋਕ ਆਪ ਉਨ੍ਹਾਂ (ਅਵਤਾਰਵਾਦੀਆਂ) ਦੇ ਪਿਛਲੱਗ ਹਨ। ਧਰਤ – ਲੋਕਾਈ। ਧਰਤੀ ਨਾਲਿ – ਅਤੇ ਲੋਕਾਈ ਨੂੰ (ਅਵਤਾਰਵਾਦੀਆਂ) ਨਾਲ ਜੋੜਦੇ ਹਨ। ਗਾਵਨਿ ਗੋਪੀਆ – ਗੋਪੀਆਂ ਦੇ ਗੀਤ ਗਾਉਂਦੇ ਹਨ। ਗਾਵਨਿ ਕਾਨੑ - ਅਵਤਾਰਵਾਦੀ ਕਾਹਨ ਦੇ ਗੀਤ ਗਾਉਂਦੇ ਹਨ, ਭਾਵ ਉਨ੍ਹਾਂ ਦਾ ਪ੍ਰਚਾਰ ਕਰਦੇ ਹਨ। ਗਾਵਨਿ ਸੀਤਾ ਰਾਜੇ ਰਾਮ – ਸੀਤਾ ਅਤੇ ਰਾਜੇ ਰਾਮ ਦੇ ਗੀਤ ਗਾਉਂਦੇ ਭਾਵ ਉਨ੍ਹਾਂ ਦਾ ਪ੍ਰਚਾਰ ਕਰਦੇ ਹਨ। ਨਿਰਭਉ ਨਿਰੰਕਾਰੁ ਸਚੁ ਨਾਮੁ - ਜਦੋਂ ਕਿ ਸੱਚ ਇਹ ਹੈ ਕਿ ਇਕੁ ਨਿਰੰਕਾਰ ਹੀ ਨਿਰਭਉ ਹੈ ਇਸ ਸੱਚ ਨੂੰ ਹੀ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਜਾ ਕਾ ਕੀਆ ਸਗਲ ਜਹਾਨੁ – ਜਿਸ ਨੇ ਸਾਰਾ ਜਹਾਨ/ਸੰਸਾਰ ਪੈਦਾ ਕੀਤਾ ਹੋਇਆ ਹੈ। ਸੇਵਕ ਸੇਵਹਿ – ਜਿਹੜੇ ਉਸ ਦੇ ਸੇਵਕ ਉਸ ਨੂੰ ਸੇਂਵਦੇ ਹਨ। ਚੜਾਉ – ਉੱਨਤੀ, ਤਰੱਕੀ ਕਰ ਜਾਣੀ, ਉੱਪਰ ਉੱਠ ਜਾਣਾ। ਕਰਮਿ ਚੜਾਉ – ਉੱਨਤੀ, ਤਰੱਕੀ, ਇੱਥੇ ਸ਼ਬਦ ਦੇ ਪਰਕਰਣ ਅਨੁਸਾਰ (ਅਗਿਆਨਤਾ ਰੂਪੀ) ਕਰਮ ਫਿਲਾਸਫੀ ਤੋਂ ਉੱਪਰ ਉੱਠ ਜਾਣਾ, ਤਰੱਕੀ ਹੋ ਜਾਣਾ। ਭਿੰਨੀ ਰੈਣਿ – ਵਿਕਾਰਾਂ ਤੋਂ ਰਹਿਤ ਅਵੱਸਥਾ, ਨਿਰਵਿਕਾਰ ਜ਼ਿੰਦਗੀ। ਜਿਨਾੑ ਮਨਿ ਚਾਉ – ਕਰਮ ਫਿਲਾਸਫ਼ੀ ਤੋਂ ਉੱਪਰ ਉੱਠਣ ਵਾਲਿਆਂ ਜਿਨ੍ਹਾਂ ਦੇ ਮਨ ਅੰਦਰ ਚਾਉ ਪੈਦਾ ਹੁੰਦਾ ਹੈ। ਸਿਖੀ ਸਿਖਿਆ ਗੁਰ ਵੀਚਾਰਿ – ਗਿਆਨ ਦੀ ਸਿਖਿਆ ਜਿਨ੍ਹਾਂ ਨੇ ਸਿਖ ਕੇ ਵਿਚਾਰ ਕੀਤੀ ਭਾਵ ਅਮਲ ਵਿੱਚ ਲਿਆਂਦੀ। ਨਦਰੀ – ਨਦਰੀ/ਨਦਰ ਕਰਨ ਵਾਲਾ ਭਾਵ ਗਿਆਨ ਦੀ ਬਖਸ਼ਿਸ਼ ਕਰਨ ਵਾਲਾ ਕਰਤਾ। ਕਰਮਿ ਲਘਾਏ ਪਾਰ – ਗਿਆਨ ਉਨ੍ਹਾਂ ਨੂੰ ਕਰਮ ਫਿਲਾਸਫ਼ੀ ਤੋਂ ਪਾਰ ਲੰਘਾ ਦਿੰਦਾ ਹੈ। ਕੋਲੂ ਚਰਖਾ ਚਕੀ ਚਕੁ - ਕੋਹਲੂ – ਤੋਰੀਏ ਸਰੋਂ ਆਦਿ ਵਿੱਚੋਂ ਤੇਲ ਕੱਢਣ ਦਾ ਯੰਤਰ। ਚਰਖਾ – ਚਰਖਾ, ਰੂੰ ਨੂੰ ਕੱਤਣ ਵਾਲਾ ਯੰਤਰ। ਚਕੀ – ਚੱਕੀ, ਆਟਾ ਪੀਹਣ ਵਾਲਾ ਯੰਤਰ। ਚਕੁ – ਚੱਕ, ਮਿੱਟੀ ਦੇ ਬਰਤਣ ਬਣਾਉਣ ਵਾਲਾ ਯੰਤਰ। ਇਹ ਚਾਰੇ ਯੰਤਰ ਘੁੰਮਣ ਵਾਲੇ ਹਨ ਅਤੇ ਕਿਸੇ ਦੇ ਚਲਾਇਆਂ ਚਲਦੇ ਹਨ। ਥਲ – ਥਲ, ਸੁੱਕਾ, ਪਾਣੀ ਦੇ ਤਲ ਤੋਂ ਉੱਚੀ ਖੁਸ਼ਕ ਸੁੱਕੀ ਹੋਈ ਧਰਤੀ। ਵਰੋਲੇ – ਘੁੰਮਣਾ, ਘੁੰਮਾਉਣਾ। ਬਹੁਤੁ – ਬਹੁਤੇ। ਆਨੰਤੁ – ਅਣਗਿਣਤ। ਲਾਟੂ – ਦੁੱਧ ਰਿੜਕਣ ਵਾਲੀ ਮਧਾਣੀ ਦਾ ਹਿੱਸਾ ਜੋ ਚਾਟੀ ਦੇ ਵਿੱਚ ਘੁੰਮਦਾ ਹੈ ਜਿਸ ਨੂੰ ਆਮ ਮਧਾਣੀ ਦਾ ਫੁੱਲ ਵੀ ਕਿਹਾ ਜਾਂਦਾ ਹੈ। ਮਾਧਾਣੀਆ – ਮਧਾਣੀ, ਮਧਾਣੀਆਂ। ਅਨਗਾਹ – ਘੁੰਮਣਾ, ਭਉਣਾ। ਪੰਖੀ – ਜੀਵ। ਪੰਖੀ ਭਉਦੀਆ – ਇਸ ਤਰ੍ਹਾਂ ਜੀਵ ਅਗਿਆਨਤਾ ਵਿੱਚ ਭਉਂਦੇ ਹੋਇ। ਲੈਨਿ ਨ ਸਾਹ – ਸਾਹ ਨਹੀਂ ਲੈ ਰਹੇ ਭਾਵ ਰੁਕ ਨਹੀਂ ਰਹੇ। ਸੂਐ ਚਾੜਿ – ਅਗਿਆਨਤਾ ਦੇ ਸੂਏ ਚਾੜ ਕੇ। ਭਵਾਈਐ ਜੰਤ – ਜੀਵਾਂ ਨੂੰ ਭਵਾਇਆ ਜਾ ਰਿਹਾ ਹੈ। ਨਾਨਕ ਭਉਦਿਆ ਗਣਤ ਨ ਅੰਤ – ਨਾਨਕ ਆਖਦਾ ਹੈ ਇਸ ਤਰ੍ਹਾਂ ਅਗਿਆਨਤਾ ਵਿੱਚ ਭਟਕਦਿਆ ਜੀਵਾਂ ਦਾ ਕੋਈ ਅੰਤ ਨਹੀਂ ਹੈ। ਬੰਧਨਿ ਬੰਧਿ ਭਵਾਏ ਸੋਇ – ਅਗਿਆਨਤਾ ਦੇ ਬੰਧਨਾਂ ਵਿੱਚ ਬੰਨ ਕੇ ਉਹ ਜੀਵਾਂ ਨੂੰ (ਸੱਚ) ਤੋਂ ਭਟਕਾਉਂਦੇ ਹਨ। ਸੋਇ – ਉਹ। ਪਇਐ – ਪਇਆ ਹੋਇਆ। ਕਿਰਤਿ – ਕਰਤੂਤ, ਕਰਤੂਤਾਂ। (ਬਹੁਤਾਤ ਵਿੱਚ ਮਨੁੱਖ ਆਪਣੀਆਂ ਕਰਤੂਤਾਂ ਕਾਰਨ ਬੰਧਨਾਂ ਵਿੱਚ ਪਿਆ ਹੋਇਆ ਹਰ ਕੋਈ ਨੱਚ ਰਿਹਾ ਹੈ)। ਨਚੈ ਸਭੁ ਕੋਇ – ਹਰ ਕੋਈ ਨੱਚ ਰਿਹਾ ਹੈ। ਸਭੁ – ਤਮਾਮ, ਹਰਿ ਕੋਈ। ਨਚਿ ਨਚਿ ਹਸਹਿ – ਜਿਹੜੇ ਨੱਚ-ਨੱਚ ਹੱਸਦੇ ਹਨ। ਚਲਿਹ ਸੇ ਰੋਇ – ਅਤੇ ਜਾਣ ਸਮੇਂ ਰੋਂਦੇ ਹਨ। ਉਡਿ – ਉਡ ਹੁੰਦਾ, ਉਡ ਕੇ ਜਾਣਾ, ਜਿਵੇਂ ਕਰਮਕਾਂਡੀ ਲੋਕ ਭਰਮ ਵਿੱਚ ਇਹ ਪ੍ਰਚਾਰਦੇ ਹਨ ਕਿ ਬਾਬਾ ਜੀ ਨੂੰ ਅਖੀਰਲੇ ਸਮੇਂ ਉਡਣ ਤਸਕਰੀ ਲੈਣ ਆਈ ਜਾ ਆਉਂਦੀ ਹੈ ਪਰ ਨਾਨਕ ਪਾਤਸ਼ਾਹ ਨੇ ਇਹ ਦਰਸਾਇਆ ਹੈ ਅਜਿਹੀ ਕੋਈ ਉਡਣ ਤਸਕਰੀ ਕਿਸੇ ਨੂੰ ਨਹੀਂ ਲੈਣ ਆਉਂਦੀ, ਜਿਹੜੇ ਇਹ ਪਾਖੰਡ ਕਰਦੇ ਹਨ ਕਿ ਸਾਨੂੰ ਉਡਣ ਤਸਕਰੀ ਲੈਣ ਆਏਗੀ ਜਦੋਂ ਅਜਿਹਾ ਕੁੱਝ ਨਹੀਂ ਹੁੰਦਾ ਤਾਂ ਅਖੀਰ ਨਿਰਾਸ਼ ਹੋ ਕੇ ਰੋਂਦੇ ਹਨ। ਉਡਿ ਨ ਜਾਹੀ – ਨਾ ਉਡ ਕੇ ਜਾਂਦੇ ਹਨ। ਸਿਧ ਨਾ ਹੋਹਿ – ਨਾ ਹੀ ਇਹ ਗੱਲ ਉਨ੍ਹਾਂ ਦੀ ਕਹਾਣੀ ਸਿਧ ਭਾਵ ਪੂਰੀ ਹੁੰਦੀ ਹੈ। ਨਚਣੁ ਕੁਦਣੁ – ਨੱਚਣਾ ਕੁੱਦਣਾ। ਮਨ ਕਾ ਚਾਉ – ਮਨ ਪਰਚਾਵੇ ਦਾ ਸਾਧਨ ਹੈ। ਨਾਨਕ – ਨਾਨਕ ਆਖਦਾ ਹੈ। ਜਿਨੑ ਮਨਿ ਭਉ - ਜਿਨ੍ਹਾਂ ਦੇ ਮਨ ਡਰ ਹੈ। ਤਿਨਾੑ – ਉਨ੍ਹਾਂ, ਜਿਨ੍ਹਾਂ। ਮਨਿ – ਮੰਨ ਲੈਣਾ, ਕਬੂਲ ਕਰ ਲੈਣਾ। ਭਾਉ – ਅਸਰ, (ਮ: ਕੋਸ਼)। ਮਨਿ ਭਾਉ – ਕਬੂਲ ਕਰ ਲੈਣਾ, ਅਸਰ ਕਬੂਲਣਾ।

ਅਰਥ:- ਇਸ ਕਰ ਕੇ ਹੇ ਭਾਈ! ਜੋ ਅਗਿਆਨਤਾ ਪਿੱਛੇ ਲੱਗਣ ਵਾਲੇ ਅਗਿਆਨਤਾ ਨੂੰ ਗਿਆਨ ਜਾਣ ਕੇ ਢੋਲਕੀਆਂ ਛੈਣਿਆਂ ਦੇ ਤਾਲ ਉੱਪਰ ਨੱਚਦੇ ਹਨ, ਪੈਰ ਹਿਲਾਉਂਦੇ ਅਤੇ ਸਿਰ ਫੇਰਦੇ ਹਨ; ਘੱਟਾ ਉੱਡ ਉੱਡ ਕੇ ਉਨ੍ਹਾਂ ਦੇ ਸਿਰ ਵਿੱਚ ਪੈਂਦਾ ਹੈ ਅਤੇ ਕੁੱਝ ਲੋਕ ਹਨ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀ (ਅਗਿਆਨਤਾ) `ਤੇ ਅੰਦਰੋਂ-ਅੰਦਰੀਂ ਹੱਸਦੇ ਹਨ, ਕਿਉਂਕਿ ਉਹ ਸਮਝਦੇ ਹਨ ਕਿ ਨੱਚਣ ਵਾਲੇ ਆਪਣੇ ਪੇਟ ਦੀ ਖਾਤਰ ਤਾਲ ਪੂਰਦੇ ਹਨ। ਉਹ ਅਖੌਤੀ ਕਾਹਨ ਅਤੇ ਗੋਪੀਆਂ, ਸੀਤਾ, ਰਾਮ ਦੇ ਗੁਣ ਗਾਉਂਦੇ ਭਾਵ ਉਨ੍ਹਾਂ ਦਾ ਪ੍ਰਚਾਰ ਕਰਦੇ ਹਨ, ਅਜਿਹੇ ਲੋਕ ਆਪ ਤਾਂ (ਅਵਤਾਰਵਾਦੀਆਂ) ਦੇ ਪਿਛਲੱਗ ਹੀ ਹਨ ਅਤੇ ਲੋਕਾਈ ਨੂੰ ਵੀ ਉਨ੍ਹਾਂ ਨਾਲ ਜੋੜਦੇ ਹਨ।

ਜਦੋਂ ਕਿ ਸੱਚ ਇਹ ਹੈ ਕਿ ਇਨ੍ਹਾਂ ਤੋਂ ਨਿਰਭਉ ਹੋ ਕੇ ਇੱਕ ਨਿਰੰਕਾਰ ਦੇ ਸੱਚ ਗਿਆਨ ਨੂੰ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ, ਜਿਸ ਨੇ ਸਾਰਾ ਜਹਾਨ/ਸੰਸਾਰ ਪੈਦਾ ਕੀਤਾ ਹੋਇਆ ਹੈ। ਜਿਹੜੇ ਉਸ ਦੇ ਸੇਵਕ ਉਸ ਨੂੰ ਸੇਂਵਦੇ ਹਨ ਉਹ ਅਗਿਆਨਤਾ ਰੂਪੀ ਕਰਮ ਫਿਲਾਸਫ਼ੀ ਤੋਂ ਉੱਪਰ ਉੱਠ ਜਾਂਦੇ ਹਨ। ਜਿਨ੍ਹਾਂ ਕਰਮ ਫਿਲਾਸਫ਼ੀ ਤੋਂ ਉੱਪਰ ਉੱਠ ਜਾਣ ਵਾਲਿਆਂ ਅੰਦਰ ਚਾਉ/ਖੇੜਾ ਪੈਦਾ ਹੁੰਦਾ ਹੈ, ਉਹ ਨਿਰਵਿਕਾਰ/ਅਗਿਆਨਤਾ ਰਹਿਤ ਜ਼ਿੰਦਗੀ ਜੀਉਂਦੇ ਹਨ। ਇਸ ਤਰ੍ਹਾਂ ਜਿਨ੍ਹਾਂ ਨੇ ਗਿਆਨ ਦੀ ਸਿੱਖਿਆ ਸਿਖ ਕੇ ਅਮਲ ਵਿੱਚ ਲਿਆਂਦੀ ਉਹ ਕਰਮ ਫਿਲਾਸਫ਼ੀ ਤੋਂ ਗਿਆਨ ਦੀ ਨਜ਼ਰ ਕਰਨ ਵਾਲੇ ਨਦਰੀ/ਕਰਤੇ ਦੀ ਬਖਸ਼ਿਸ਼ ਨਾਲ ਪਾਰ ਲੰਘ ਗਏ ਭਾਵ ਅਗਿਆਨਤਾ ਵਿੱਚ ਡੁੱਬਣ ਤੋਂ ਬਚ ਜਾਂਦੇ ਹਨ ਅਤੇ ਬਹੁਤਾਤ ਅਣਗਿਣਤ ਜੋ ਅਗਿਆਨਤਾ ਵਿੱਚ ਹਨ ਉਹ ਖ਼ਾਲੀ ਸੁੱਕੇ ਕੋਹਲੂ ਚਰਖੇ ਚੱਕੀ ਅਤੇ ਚੱਕ ਦੀ ਤਰ੍ਹਾਂ (ਬੇਫਜ਼ੂਲ ਅਗਿਆਨਤਾ) ਵਿੱਚ ਹੀ ਘੁੰਮ ਰਹੇ ਹਨ।

ਜਿਵੇਂ ਮਧਾਣੀਆਂ ਦੇ ਲਾਟੂ/ਫੁੱਲ (ਕਿਸੇ ਦੇ ਘੁੰਮਾਇਆਂ) ਘੁੰਮਦੇ ਹਨ ਉਸੇ ਤਰ੍ਹਾਂ ਪੰਖੀ/ਜੀਵ (ਅਗਿਆਨੀਆਂ ਦੀ ਅਗਿਆਨਤਾ) ਵਿੱਚ ਭਉਂਦਿਆਂ ਸਾਹ ਨਹੀਂ ਲੈਂਦੇ ਭਾਵ ਲਗਾਤਾਰ ਅਗਿਆਨਤਾ ਵਿੱਚ ਭਉਂ ਰਹੇ ਹਨ। ਇਸ ਤਰ੍ਹਾਂ (ਅਖੌਤੀ ਧਾਰਮਿਕਾਂ ਵੱਲੋਂ) ਅਗਿਆਨਤਾ ਦੇ ਸੂਏ `ਤੇ ਚੜਾ ਕੇ ਜੀਵਾਂ ਨੂੰ ਭਵਾਇਆ ਜਾ ਰਿਹਾ ਹੈ, ਨਾਨਕ ਆਖਦਾ ਹੈ ਇਸ ਤਰ੍ਹਾਂ ਦੇ ਅਗਿਆਨਤਾ ਵਿੱਚ ਭਾਉਣ ਵਾਲੇ ਜੀਵਾਂ ਦਾ ਵੀ ਅੰਤ ਨਹੀਂ। ਇਸ ਤਰ੍ਹਾਂ ਉਹ ਲੋਕ ਜੋ ਆਪ ਅਗਿਆਨੀ ਹਨ ਹੋਰਨਾਂ ਜੀਵਾਂ ਨੂੰ ਅਗਿਆਨਤਾ ਦੇ ਬੰਧਨਾਂ ਵਿੱਚ ਬੰਨ੍ਹ ਕੇ ਭਵਾਉਂਦੇ ਹਨ ਅਤੇ ਤਮਾਮ ਜੋ ਇਨ੍ਹਾਂ ਦੇ ਪਿੱਛੇ ਪਏ ਹੋਏ ਭਾਵ ਇਨ੍ਹਾਂ ਦੀਆਂ ਕਰਤੂਤਾਂ ਦੇ ਪਿੱਛੇ ਲੱਗੇ ਹੋਏ ਲੋਕ ਜੋ ਨੱਚਦੇ ਹਨ, ਨੱਚ-ਨੱਚ ਕੇ ਖੁਸ਼ ਹੁੰਦੇ ਹਨ ਅਤੇ ਜਦੋਂ ਸੰਸਾਰ ਤੋਂ ਜਾਂਦੇ ਹਨ ਉਦੋਂ ਰੋਂਦੇ ਹੀ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ (ਅਖੀਰਲੇ ਸਮੇਂ) ਕਿਸੇ ਉੱਡਣ ਤਸਕਰੀ ਰਾਹੀਂ ਜਾਣਾ ਸਿਧ ਨਹੀਂ ਹੁੰਦਾ ਤਾਂ ਅਖੀਰਲੇ, ਜਾਂਦੇ ਸਮੇਂ ਰੋਂਦੇ ਹਨ। ਹੇ ਭਾਈ! ਨਾਨਕ ਆਖਦਾ ਹੈ ਨੱਚਣਾ ਕੁੱਦਣਾ ਮਨ ਪਰਚਾਵੇ ਦਾ ਸਾਧਨ ਹੈ। ਉਹ ਜੋ ਇਨ੍ਹਾਂ ਧਰਮ ਦੇ ਨਾਮ `ਤੇ ਨੱਚਣ ਕੁੱਦਣ ਵਾਲਿਆਂ (ਨਾਚਿਆਂ) ਦਾ ਅਸਰ ਕਬੂਲਦੇ ਹਨ, ਉਨ੍ਹਾਂ ਦੇ ਮਨ ਅੰਦਰ ਹਮੇਸ਼ਾ (ਅਗਿਆਨਤਾ ਕਾਰਨ) ਡਰ ਬਣਿਆ ਰਹਿੰਦਾ ਹੈ, ਭਾਵ ਉਹ ਕਰਮਕਾਂਡ ਦੇ ਡਰ ਤੋਂ ਮੁਕਤ ਨਹੀਂ ਹੋ ਸਕਦੇ।

ਨੋਟ:- ਕਰਮਕਾਂਡੀ ਲੋਕ ਜੋ ਕਰਮਕਾਂਡ ਫੈਲਾਉਂਦੇ ਹਨ ਅਤੇ ਜੋ ਲੋਕ ਉਨ੍ਹਾਂ ਦਾ ਪ੍ਰਭਾਵ ਕਬੂਲਦੇ ਹਨ ਉਨ੍ਹਾਂ ਨੂੰ ਇਹ ਦਰਸਾਇਆ ਜਾਂਦਾ ਹੈ ਕਿ ਜੇਕਰ ਤੁਸੀਂ ਸਾਡੇ ਦੱਸੇ ਮੁਤਾਬਕ ਧਰਮ ਕਰਮ ਕਰੋਗੇ ਤਾਂ ਅਖੀਰਲੇ ਸਮੇਂ ਤੁਹਾਨੂੰ ਉੱਡਣ ਤਸਕਰੀ ਲੈਣ ਵਾਸਤੇ ਆਏਗੀ ਜਦੋਂ ਅਜਿਹਾ ਕੁੱਝ ਨਹੀਂ ਹੁੰਦਾ ਤਾਂ ਫਿਰ ਰੋਂਦੇ ਹਨ।

ਪਉੜੀ।।

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ।।

ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ।।

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ।।

ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ।।

ਕੋ ਰਹੈ ਨ ਭਰੀਐ ਪਾਈਐ।। ੫।।

ਪਦ ਅਰਥ:- ਨਾਉ – ਇਨਸਾਫ (ਮ: ਕੋਸ਼), ਇਨਸਾਫ ਦਾ ਮਤਲਬ ਹੁੰਦਾ ਸੱਚ। ਨਾਉ ਤੇਰਾ ਨਿਰੰਕਾਰ ਹੈ – ਹੇ ਨਿਰੰਕਾਰ/ਅਵਤਾਰਵਾਦੀ ਭੇਖ ਤੋਂ ਰਹਿਤ ਕਰਤੇ! ਸੱਚ ਇਹ ਹੈ ਕਿ ਤੇਰਾ ਕੋਈ ਆਕਾਰ ਨਹੀਂ। ਨਾਇ ਲਇਆ – ਨਾਮ ਲੈਣ ਨਾਲ, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ। ਨਰਕਿ ਨਾ ਜਾਈਐ – (ਬਿਪਰਵਾਦ ਕਰਮਕਾਂਡੀ) ਅਗਿਆਨਤਾ ਦੇ ਨਰਕ ਵਿੱਚ ਨਹੀਂ ਜਾਈਦਾ। ਜੀਉ – ਜੀਵਨ। ਪਿੰਡ – ਸਰੀਰ। ਸਭੁ – ਤਮਾਮ। ਤਿਸ ਦਾ – ਉਸ ਦਾ। ਦੇ – ਦਿੱਤਾ। ਖਾਜੈ – ਖਾਜ, ਖੁਰਾਕ, ਭੋਜਨ। ਆਖਿ - ਆਖਣਾ, ਪ੍ਰਚਾਰ ਕਰਨਾ। ਆਖਿ – ਆਖ ਕੇ, ਗਵਾਈਐ – ਗਵਾ ਦੇਣ ਵਾਲੀ ਗੱਲ ਹੈ, ਸੱਚ ਤੋਂ ਉਲਟ, ਭਾਵ ਕੁਰਾਹੇ ਪਾਉਣ ਵਾਲੀ ਗੱਲ ਹੈ। ਜੇ ਲੋੜਹਿ ਚੰਗਾ ਆਪਣਾ – ਜੇਕਰ ਮੁਨੱਖ ਆਪਣਾ ਭਲਾ ਚਾਹੁੰਦਾ ਹੈ ਤਾਂ। ਕਰਿ ਪੁੰਨਹੁ – ਚੰਗੇ ਕੰਮ ਕਰਨੇ ਚਾਹੀਦੇ ਹਨ ਭਾਵ ਬੰਦੇ ਨੂੰ ਬੰਦਿਆਂ ਵਾਲੇ ਕੰਮ ਕਰਨੇ ਚਾਹੀਦੇ ਹਨ। ਨੀਚੁ ਸਦਾਈਐ – ਆਪਣੇ ਆਪ ਨੂੰ ਨਿਮਾਣਾ ਅਖਵਾਉਣਾ ਚਾਹੀਦਾ ਹੈ, ਮਨੁੱਖ ਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ ਨਾ ਕਿ ਅਵਤਾਰਵਾਦੀਆਂ ਵਾਗੂੰ ਆਪਣੇ ਆਪ ਰੱਬ ਅਖਵਾਏ। ਜੇ – ਜਿਹੜਾ, ਜਿਸ ਨੇ। ਜਰਵਾਣਾ – ਬਲਵਾਨ, ਜ਼ੋਰਾਵਰ, ਤਾਕਤ ਵਰ। ਪਰਹਰੈ – ਖਤਮ ਹੋ ਜਾਣਾ, ਮਰ ਜਾਣਾ। ਜਰੁ – ਦੁਨੀਆ। ਵੇਸ – ਅਮਲ, ਵਿਸ਼ਵਾਸ। ਕਰੇਦੀ ਆਈਐ – ਕਰਦੀ ਆਈ ਹੈ। ਕੋ ਰਹੈ ਨ – ਕੋਈ ਇੱਥੇ ਰਹਿਆ ਨਹੀਂ। ਕੋ ਰਹੈ ਨ ਭਰੀਐ ਪਾਈਐ – ਨਾ ਕੋਈ ਇੱਥੇ ਰਿਹਾ ਨਾ ਕਿਸੇ ਨੇ ਰਹਿਣਾ ਹੈ ਐਵੇਂ ਭਰਮ ਨਾ ਪਾਲੀਏ।

ਅਰਥ:- ਇਸ ਤਰ੍ਹਾਂ ਜੋ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਤੋਂ ਡਰ ਰਹਿਤ ਹਨ, ਉਹ ਸੱਚੇ ਦੇ ਸੱਚ, ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ, ਉਹ (ਬਿਪਰਵਾਦ ਦੇ ਕਰਮਕਾਂਡੀ ਅਗਿਆਨਤਾ ਦੇ) ਨਰਕ ਵਿੱਚ ਨਹੀਂ ਜਾਂਦੇ। ਇਸ ਤਰ੍ਹਾਂ ਸੱਚ ਨੂੰ ਪ੍ਰਣਾਏ ਹੋਏ (ਲੋਕ) ਹਮੇਸ਼ਾ ਸੱਚ ਨਾਲ ਇਨਸਾਫ ਕਰਦੇ ਇਹ ਆਖਦੇ ਹਨ ਕਿ ਹੇ ਨਿਰੰਕਾਰ! (ਅਵਤਾਰਵਾਦੀ ਭੇਖ ਤੋਂ ਰਹਿਤ ਕਰਤੇ) ਤੇਰਾ ਕੋਈ ਆਕਾਰ ਨਹੀਂ ਹੈ। ਇਹ ਜੀਵਨ ਸਰੀਰ ਅਤੇ ਸਰੀਰ ਦੇ ਖਾਣ ਲਈ ਭੋਜਨ ਸਭ ਤੇਰਾ ਕਰਤੇ ਦਾ ਦਿੱਤਾ ਹੈ (ਕਿਰਤੀ ਕਿਰਤ ਕਰ ਕੇ ਕਮਾ ਕੇ) ਖਾਂਦੇ ਹਨ, ਕਿਸੇ ਹੋਰ ਦਾ ਦਿੱਤਾ ਆਖਣਾ/ਪ੍ਰਚਾਰਨਾ ਦੁਨੀਆ ਨੂੰ ਕੁਰਾਹੇ ਪਾਉਣ ਵਾਲੀ ਗੱਲ ਹੈ। (ਕਿਉਂਕਿ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਆਪ ਤਾਂ ਕਿਰਤੀਆਂ ਦੇ ਟੁਕੜਿਆਂ `ਤੇ ਪਲਦੇ ਹਨ)। ਜੇ ਬੰਦਾ ਆਪਣਾ (ਮਾਨਵਤਾ ਦਾ) ਭਲਾ ਚਾਹੁੰਦਾ ਹੈ ਤਾਂ ਚੰਗੇ ਕੰਮ ਭਾਵ ਬੰਦੇ ਨੂੰ ਬੰਦਿਆਂ ਵਾਲੇ ਕੰਮ ਕਰਨੇ ਚਾਹੀਦੇ ਹਨ ਭਾਵ ਆਪਣੇ ਆਪ ਨੂੰ ਆਪਣੀ ਔਕਾਤ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ ਆਪਣੇ ਆਪ ਨੂੰ ਰੱਬ ਬਣਾ ਕੇ ਪੇਸ਼ ਨਹੀਂ ਕਰਨਾ ਚਾਹੀਦਾ, ਆਪਣੇ ਆਪ ਨੂੰ ਨਿਮਾਣਾ ਅਖਵਾਉਣਾ ਚਾਹੀਦਾ ਹੈ। ਹੇ ਭਾਈ! ਦੁਨੀਆ ਜਰਵਾਣਿਆਂ ਦੇ, ਰੱਬ ਹੋਣ ਦੇ, ਭੇਖ `ਤੇ ਵਿਸ਼ਵਾਸ ਕਰਦੀ ਆਈ ਹੈ, ਉਨ੍ਹਾਂ ਜ਼ੋਰਾਵਰ/ਜਰਵਾਣਿਆਂ ਦੇ (ਰੱਬ ਹੋਣ ਦਾ ਭਰਮ) ਖਤਮ ਹੋਣਾ ਚਾਹੀਦਾ ਹੈ ਕਿਉਂਕਿ ਇੱਥੇ ਕੋਈ (ਆਪਣੇ ਆਪ ਨੂੰ ਰੱਬ ਅਖਵਾਉਣ ਵਾਲਾ) ਨਾ ਰਿਹਾ ਹੈ, ਨਾ ਕਿਸੇ ਨੇ ਰਹਿਣਾ ਹੈ ਇਸ ਲਈ ਅਜਿਹਾ ਭਰਮ ਨਹੀਂ ਪਾਲਣਾ ਚਾਹੀਦਾ (ਕਿਉਂਕਿ ਕਰਤਾ ਜਨਮ ਮਰਨ ਦੇ ਚੱਕਰ ਵਿੱਚ ਆਉਂਦਾ ਹੀ ਨਹੀਂ)।

ਬਲਦੇਵ ਸਿੰਘ ਟੌਰਾਂਟੋ।




.