.

ਕਵਨੁ ਸੁ ਨਾਮੁ ਹਉਮੈ ਮਲੁ ਖੋਇ

ਗੁਰਬਾਣੀ ਅਨੁਸਾਰ ਨਾਮ ਜਪਣ, ਸਿਮਰਨ, ਧਿਆਵਣ ਜਾਂ ਰਵਣ ਬਾਰੇ ਕਾਫੀ ਕੁੱਝ ਪੜ੍ਹਨ ਸੁਣਨ ਨੂੰ ਮਿਲਦਾ ਹੈ ਪਰ ਚਿਰਾਂ ਤੋਂ ਸੀਨਾ ਬਸੀਨਾ ਚਲੀ ਆ ਰਹੀ ਨਾਮ ਜਪਣ ਦੀ ਪ੍ਰਚਲਿਤ ਰਸਮ ਮਨੁੱਖ ਦੇ ਮਨ ਵਿੱਚ ਐਸਾ ਘਰ ਕਰ ਬੈਠੀ ਹੈ ਕਿ ਜਿਸ ਗੁਰਬਾਣੀ ਨੂੰ ਉਹ ਹਰ ਰੋਜ਼ ਪੜ੍ਹਦਾ, ਸੁਣਦਾ, ਮੱਥੇ ਟੇਕਦਾ, ਭੇਟਾ ਝੜਾਉਂਦਾ ਤੇ ਆਰਤੀਆਂ ਕਰਦਾ ਹੈ, ਉਸ ਦੀ ਕੋਈ ਵੀ ਗਲ ਮੰਨਣ ਨੂੰ ਤਿਆਰ ਨਹੀ। ਗੁਰਬਾਣੀ ਨੂੰ ਸਮਝਣਾ ਔਖਾ ਲਗਦਾ ਹੈ, ਗੁਰਬਾਣੀ ਦੇ ਗਿਆਨ ਦੀ ਸਮਝ ਨਹੀ ਪੈਂਦੀ, ਪਰ ਡੇਰੇ ਵਾਲੇ ਬਾਬਿਆਂ ਦੀ ਅਗਿਆਨਤਾ ਨਾਲ ਭਰੀ ਵੀਡੀਓ ਬੜੇ ਧਿਆਨ ਨਾਲ ਸੁਣਦਾ ਤੇ ਸਮਝ ਜਾਂਦਾ ਹੈ। ਗੁਰਬਾਣੀ ਦੀ ਸਾਧਾਰਨ ਗਲ ਸਮਝ ਨਹੀ ਆਉਂਦੀ ਪਰ ਬਾਬਿਆਂ ਦੀ ਬੇਸਮਝ ਤੇ ਬੇਦਲੀਲ ਗਲ ਵੀ ਸਮਝ ਵਿੱਚ ਆ ਜਾਂਦੀ ਹੈ। ਕਈ ਵਾਰ ਐਸੇ ਮਨੁੱਖਾਂ ਨਾਲ ਗਲ ਕਰਦਿਆਂ ਤਾਂ ਇਉਂ ਲਗਦਾ ਹੈ ਜਿਵੇਂ ਉਹਨਾਂ ਨੂੰ ਸੰਮੋਹਨ (hypnotise) ਕੀਤਾ ਗਿਆ ਹੋਵੇ ਤੇ ਕਿਸੇ ਵੀ ਚੰਗੀ ਤੋਂ ਚੰਗੀ ਦਲੀਲ ਦਾ ਵੀ ਉਹਨਾਂ ਤੇ ਕੋਈ ਅਸਰ ਨਹੀ ਹੁੰਦਾ ਕਿਉਂਕਿ ਅਸਲ ਵਿੱਚ ਉਹਨਾਂ ਦੀ ਸੱਚ ਨੂੰ ਜਾਨਣ ਦੀ ਖਾਹਿਸ਼ ਹੀ ਨਹੀ ਹੁੰਦੀ। ਉਹ ਕੇਵਲ ਵਿਅਰਥ ਰੀਤਾਂ, ਰਸਮਾਂ ਤੇ ਕਰਮ ਕਾਂਢ ਕਰਨ ਵਿੱਚ ਹੀ ਸੰਤੁਸ਼ਟ ਤੇ ਖੁਸ਼ ਹਨ। ਗੁਰਬਾਣੀ ਨੂੰ ਜਾਨਣ ਦਾ ਨਾ ਸਮਾ ਤੇ ਨਾ ਰੁਚੀ ਹੈ। ਮਿਥੀਆਂ ਬਾਣੀਆਂ ਦੇ ਨਿਤਨੇਮੀ ਵੀ ਉਹੀ ਕਰਮ ਕਾਂਡ ਕਰੀ ਜਾਂਦੇ ਹਨ ਜਿਨ੍ਹਾਂ ਤੋਂ ਬਾਣੀ ਮੁਕਤ ਕਰਾਉਣਾ ਚਹੁੰਦੀ ਹੈ। ਟੈਲੀਵੀਜਨ ਤੇ ਸੁਣੇ ਜਾਂਦੇ ਕਾਫੀ ਪ੍ਰਚਾਰਕ ਤੇ ਕਥਾਵਾਚਕ ਵੀ ਇਸ ਮੁੱਦੇ ਤੇ ਸਪਸ਼ਟ ਨਹੀ ਲਗਦੇ ਕਿਉਂਕਿ ਉਹ ਆਪ ਵਾਹਿਗੁਰੂ ਜਪਦੇ ਤੇ ਜਪਾਉਂਦੇ ਸੁਣੇ ਜਾ ਸਕਦੇ ਹਨ।

ਨਿੱਤ ਬਾਣੀ ਵੀ ਪੜ੍ਹੀ ਜਾਂਦੇ ਹਨ ਕਿ: ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ 7 ਲੱਖਾਂ ਜੀਭਾਂ ਨਾਲ ਕੀਤੇ ਗਿਣਤੀ ਮਿਣਤੀ ਦੇ ਸਿਮਰਨ ਨਾਲ ਵੀ ਕੁੱਝ ਨਹੀ ਬਣਦਾ, ਕੂੜੇ ਮਨੁੱਖ ਦੀ ਇਹ (ਸਿਮਰਨ ਕਰਨ ਦੀ) ਕੂੜੀ ਗੱਪ ਹੀ ਹੈ ਜਿਵੇਂ ਇੱਕ ਕੀੜੀ ਆਖੇ ਕੇ ਮੈਂ ਆਕਾਸ਼ ਵਿੱਚ ਉਡ ਸਕਦੀ ਹਾਂ। ਇਹ ਨਿੱਤ ਪੜ੍ਹਿਆ ਤਾਂ ਜਾਂਦਾ ਹੈ ਪਰ ਮੰਨਿਆਂ ਨਹੀ ਜਾਂਦਾ। ਮੰਨੇਂ ਬਿਨਾ ਪੜ੍ਹਨਾ ਸੁਣਨਾ ਵੀ ਕਿਸ ਕੰਮ? ਗੁਰਬਾਣੀ ਅਨੁਸਾਰ ਅਗਰ ਲੱਖਾਂ ਜੀਭਾਂ ਨਾਲ ਜਪਿਆ (ਰਟਿਆ) ਕੋਈ ਇੱਕ ਨਾਮ ਜਾਂ ਮੰਤ੍ਰ ਇੱਕ ਕੂੜੀ ਵਿਅਰਥ ਗੱਪ ਤੇ ਨਿਸਫਲ ਕਰਮ ਹੈ ਤਾਂ ਇੱਕ ਜੀਭ ਨਾਲ ਜਪਿਆ ਕਿਵੇਂ ਲਾਭਦਾਇਕ ਤੇ ਸਫਲ ਕਰਮ ਹੋ ਸਕਦਾ ਹੈ? ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ 555 ਤੇ ਉਸ ਨੂੰ ਜਪਣ (ਜਾਨਣ) ਦਾ ਇਕੋ ਰਾਹ ਹੈ: ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥ ਗੁਰੁ ਦੇ ਸ਼ਬਦ ਰਾਹੀਂ ਹੀ ਉਸ ਨਾਲ ਜਾਣ ਪਛਾਣ ਹੋ ਸਕਦੀ ਹੈ।

 ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥ (9) ਅਗਰ ਜਗਤ ਦੇ ਸਾਰੇ ਜੀਵਾਂ ਦੇ ਇਕੱਠੇ ਹੋ ਕੇ ਉਸ ਨੂੰ (ਅਖੌਤੀ ਜਾਪ ਨਾਲ) ਵਡਿਆਉਣ ਜਾਂ ਨਿੰਦਣ ਨਾਲ ਉਸ ਨੂੰ ਕੋਈ ਫਰਕ ਨਹੀ ਪੈਂਦਾ ਤਾਂ ਕਿਸੇ ਇੱਕ ਨਾਮ ਦੀ ਵਡਿਆਈ ਨਾਲ ਉਸ ਨੂੰ ਕੀ ਫਰਕ ਪੈ ਸਕਦਾ ਹੈ? ਅਗਰ ਇਹ ਸਭ ਉਸ ਦੀ ਪ੍ਰਸੰਨਤਾ ਲਈ ਹੈ ਤਾਂ ਜੋ ਸਦਾ ਅਨੰਦ ਸਰੂਪ ਹੈ, ਪ੍ਰਸੰਨ ਰੂਪ ਹੈ, ਉਸ ਨੂੰ ਕਿਸੇ ਇੱਕ ਸ਼ਬਦ ਦੇ ਜਪਣ ਨਾਲ ਹੋਰ ਅਨੰਦਿਤ ਜਾਂ ਪ੍ਰਸੰਨ ਕਿਵੇਂ ਕੀਤਾ ਜਾ ਸਕਦਾ ਹੈ? ਇਹ ਮਨੁੱਖ ਦੀ ਆਪਣੀ ਇੱਕ ਕਲਪਣਾ ਹੈ ਕਿ ਕਿਸੇ ਇੱਕ ਨਾਮ ਦੇ ਜਪਣ ਨਾਲ ਪ੍ਰਭੂ ਪ੍ਰਸੰਨ ਹੋ ਜਾਂਦਾ ਹੈ ਜਾਂ ਐਸਾ ਕਰਨ ਨਾਲ ਮਨ ਪਾਕ ਹੋ ਜਾਂਦਾ ਹੈ ਕਿਉਂਕਿ ਅਗਰ ਐਸਾ ਹੋ ਸਕਦਾ ਹੁੰਦਾ ਤਾਂ ਗੁਰਬਾਣੀ ਦਾ ਇਨਾ ਵੱਡਾ ਗ੍ਰੰਥ ਰਚਣ ਦੀ ਕੋਈ ਲੋੜ ਹੀ ਨਹੀ ਸੀ। ਧੁੰਨੀਂ ਕੋਲੋਂ ਕਿਸੇ ਨਾਮ ਜਾਂ ਮੰਤ੍ਰ ਦੇ ਜਾਪ ਦੁਆਰਾ ਊਰਜਾ ਨੂੰ ਜਗਾ ਕੇ ਮਸਤਕ ਤਕ ਲਿਆਉਣ ਤੇ ਅਜਪੇ ਜਾਪ ਦੀ ਵਿਧੀ ਵਿਕਾਰਾਂ ਦੀ ਮੈਲ ਨੂੰ ਧੋ ਨਹੀ ਸਕਦੀ। ਵੇਖਣ ਵਿੱਚ ਆਵੇਗਾ ਕਿ ਕਥਾ ਕੀਰਤਨ ਸੁਣਦੇ ਹੋਏ ਕਈ ਵਿਅਕਤੀ ਨਾਮ ਜਪਣ ਜਾਂ ਨਿਤਨੇਮ ਪੂਰਾ ਕਰਨ ਦਾ ਦਿਖਾਵਾ ਕਰਨ ਲਈ ਬੁਲ ਹਿਲਾਉਂਦੇ ਰਹਿੰਦੇ ਹਨ। ਅਗਰ ਅਖੌਤੀ ਨਾਮ ਜਪਣ ਨਾਲ ਮਨ ਪਵਿੱਤ੍ਰ ਹੋ ਜਾਂਦਾ ਹੁੰਦਾ, ਤਾਂ ਕਥਾ ਕੀਰਤਨ ਵਿੱਚ ਬੈਠ ਕੇ ਕੀ ਲੈਣਾ ਹੈ? ਅਗਰ ਨਾਮ ਦਾ ਜਾਪ ਜਾਂ ਨਿੱਤਨੇਮ ਕਰਨਾ ਹੈ ਤਾਂ ਇਹ ਕਰਮ ਕਾਂਡ ਘਰ ਬੈਠ ਕੇ ਵੀ ਹੋ ਸਕਦੇ ਹਨ, ਪਰ ਦਿਖਾਵੇ ਬਿਨਾ ਨਾਮ ਜਪਣ ਦਾ ਕੀ ਆਨੰਦ? ਇਹ "ਲੋਕਾਂ ਕੀਆਂ ਚਤੁਰਾਈਆਂ" (ਧਰਮ ਦਿਖਾਵਾ) ਕਿਤੇ ਕੰਮ ਨਹੀ ਆਉਣੀਆਂ ਕਿਉਂਕਿ ਉਹ ਅੰਦਰ ਬੈਠਾ ਸਭ ਦੇਖ ਤੇ ਸੁਣ ਰਿਹਾ ਹੈ।

ਜਿਹਬਾ ਏਕ ਉਸਤਤਿ ਅਨੇਕ ॥ ਸਤਿ ਪੁਰਖ ਪੂਰਨ ਬਿਬੇਕ ॥ ਕਾਹੂ ਬੋਲ ਨ ਪਹੁਚਤ ਪ੍ਰਾਨੀ ॥ ਅਗਮ ਅਗੋਚਰ ਪ੍ਰਭ ਨਿਰਬਾਨੀ ॥ (287)। ਕਿਸੇ ਵੀ ਬੋਲਾਂ ਦੁਆਰਾ ਉਸ ਅਗਮ ਪ੍ਰਭੂ ਤਕ ਪਹੁੰਚਿਆ ਨਹੀ ਜਾ ਸਕਦਾ, ਕਿਉਂਕਿ ਉਹ ਇੰਦ੍ਰੀਆਂ ਦੀ ਪਹੁੰਚ ਤੋਂ ਬਾਹਰ ਹੈ। ਫਿਰ ਕਿਹੜੇ ਅਖੌਤੀ ਰਸਨਾ ਦੇ ਜਾਪ ਨਾਲ ਉਸ ਤਕ ਪਹੁੰਚਣ ਦੀ ਕੋਸ਼ਿਸ਼ ਹੈ? ਜੋ ਅੰਤਰਜਾਮੀ ਰੋਮ ਰੋਮ ਵਿੱਚ ਪਹਿਲਾਂ ਹੀ ਵਸਿਆ ਨਿਕਟਵਰਤੀ ਹੈ ਉਸ ਨੂੰ ਬੋਲ ਕੇ ਸੁਨਾਉਣ ਜਾਂ ਜਪਣ ਦੀ ਕੀ ਲੋੜ? ਬਾਹਰਲੇ ਕਿਸੇ ਵੀ ਕੀਤੇ ਕਰਮ ਕਾਂਡ ਨਾਲ ਉਸ ਨੂੰ ਪਾਇਆ ਨਹੀ ਜਾ ਸਕਦਾ ਅਲਖ ਅਭੇਉ ਹਰਿ ਰਹਿਆ ਸਮਾਏ ॥ ਉਪਾਇ ਨ ਕਿਤੀ ਪਾਇਆ ਜਾਏ ॥ 127 ਉਸ ਅੰਦਰ ਵਸਦੇ ਨੂੰ ਕੇਵਲ ਪਛਾਨਣਾ ਹੈ, ਜਾਨਣਾ ਹੈ ਤੇ ਇਹ ਜਾਣ ਪਛਾਣ ਗੁਰਗਿਆਨ ਦੁਆਰਾ ਹੀ ਸੰਭਵ ਹੈ ਕਿਉਂਕਿ ਗੁਰਬਾਣੀ ਪ੍ਰਭੂ ਦੇ ਨਿਯਮਾਂ ਅਨੁਸਾਰ ਜੀਵਨ ਜਿਉਣਾ ਤੇ ਉਸ ਨਾਲ ਸਾਂਝ ਪਾਉਣ ਦੀ ਵਿਧੀ ਸਖਾਉਂਦੀ ਹੈ। ਕਿਸੇ ਇੱਕ ਆਪੂ ਘੜੇ ਨਾਮ ਜਾਂ ਮੂਲ ਮੰਤ੍ਰ ਦੇ ਰਟਣ ਨਾਲ ਇਹ ਸਾਂਝ ਨਹੀ ਪੈ ਸਕਦੀ। ਸਾਂਝ ਪਾਉਣ ਦਾ ਇਕੋ ਇੱਕ ਰਾਹ ਹੈ ਕਿ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥ 1372 ਉਸ ਵਰਗਾ ਬਣਨਾ ਹੀ ਉਸ ਦੇ ਨਾਮ ਦੀ ਪ੍ਰਾਪਤੀ ਹੈ।

ਗੁਰਬਾਣੀ ਕਥਨ ਹੈ ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥ ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥ 994 ਜਦੋਂ ਗੁਰੂ ਆਤਮਿਕ ਜੀਵਨ ਦੀ ਸੂਝ (ਕਰਤਾਰ ਦੇ ਹੁਕਮ ਵਿੱਚ ਜਿਉਣ ਦੀ ਜਾਚ) ਬਖਸ਼ਦਾ ਹੈ ਤਦੋਂ ਗੁਰੂ ਰਾਹੀਂ ਪ੍ਰਭੂ ਨਾਲ ਸਾਂਝ ਪੈਂਦੀ ਹੈ। ਵਾਹਿਗੁਰੂ, ਸਤਿਨਾਮ ਜਾਂ ਕਿਸੇ ਹੋਰ ਮੰਤ੍ਰ ਦੇ ਜਪਿਆਂ ਨਾ ਤਾਂ ਗਿਆਨ ਪ੍ਰਾਪਤ ਹੋਣਾ ਹੈ ਤੇ ਨਾ ਉਸ (ਅੰਦਰ ਬੈਠੇ ਪ੍ਰਭੂ) ਨਾਲ ਸਾਂਝ ਪੈਣੀ ਹੈ ਕਿਉਂਕਿ ਸਾਂਝ ਪਾਉਣ ਲਈ ਉਸਦੇ ਗੁਣਾਂ ਨੂੰ ਬੁੱਝ ਕੇ ਉਸ ਜੈਸਾ ਹੀ ਬਣਨਾ ਪੈਣਾ ਹੈ। ਪਰ ਗੁਰਬਾਣੀ ਦਾ ਇਹ ਸੱਚ ਮਨੁੱਖ ਨੂੰ ਹਜ਼ਮ ਨਹੀ ਹੁੰਦਾ, ਗੁੰਝਲਦਾਰ ਲਗਦਾ ਹੈ ਤੇ ਘੰਟਿਆਂ ਬਦੀ ਬਤੀਆਂ ਬੰਦ ਕਰਕੇ ਨਾਮ ਜਪਣ ਦੇ ਦਿਖਾਵੇ ਲਈ ਝਲਿਆਂ ਵਾਂਗ ਸਿਰ ਘੁਮਾ ਕੇ ਦਸਤਾਰ ਲਾਹ ਲੈਣੀ ਤੇ ਕੇਸ ਖਿਲਾਰ ਲੈਣੇ ਸੌਖਾ ਰਾਹ ਲਗਦਾ ਹੈ।

ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ 1262 ਰਸਨਾ (ਜੀਭ) ਨਾਲ ਤਾਂ ਹਰ ਕੋਈ ਕਿਸੇ ਇੱਕ ਨਾਮ, ਵਾਹਿਗੁਰੂ, ਸਤਿਨਾਮ, ਰਾਮ ਜਾਂ ਕਿਸੇ ਹੋਰ ਮੰਤ੍ਰ ਨੂੰ ਜਪੀ ਜਾਂਦਾ ਹੈ, ਸਿਮਰੀ ਜਾਂਦਾ ਹੈ, ਧਿਆਈ ਜਾਂਦਾ ਹੈ ਪਰ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਨਹੀ ਹੁੰਦੀ। ਨਾਮ ਦੀ ਪ੍ਰਾਪਤੀ ਉਹਨਾਂ ਨੂੰ ਹੀ ਹੁੰਦੀ ਹੈ ਜੋ ਗੁਰੂ (ਆਤਮਿਕ ਗਿਆਨ) ਦੀ ਸ਼ਰਨ ਪੈਂਦੇ ਹਨ। ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥ 797 ਜਿਸ ਨੂੰ ਗੁਰੂ ਦੀ ਮਤ (ਆਤਮਿਕ ਗਿਆਨ) ਪ੍ਰਾਪਤ ਹੋ ਜਾਵੇ, ਉਹ ਗੁਰੂ ਵਿੱਚ ਸਮਾ ਜਾਂਦਾ ਹੈ ਅਤੇ ਜਿਸ ਦੀ ਗੁਰਬਾਣੀ ਨਾਲ ਜਾਣ ਪਛਾਣ ਪੈ ਜਾਵੇ ਉਸ ਦੇ ਅੰਦਰ ਹੀ ਨਾਮ ਦਾ ਵਾਸਾ ਹੁੰਦਾ ਹੈ ਕਿਉਂਕਿ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ ॥ ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥ 1239 ਗੁਰਬਾਣੀ ਹੀ ਨਾਮ ਹੈ ਜਿਸ ਨੂੰ (ਰਿਧੈ) ਅੰਦਰ ਵਸਾਉਣ ਨਾਲ ਸੰਸਾਰ ਵਲ ਨੂੰ ਉਡਦੀ ਮਤ ਕਾਬੂ ਹੋ ਸਕਦੀ ਹੈ, (ਪ੍ਰਭੂ ਦੇ ਨਿਯਮਾਂ, ਗੁਣਾਂ ਨਾਲ ਸਾਂਝ ਪੈ ਸਕਦੀ ਹੈ)। ਗੁਰਬਾਣੀ ਦੀ ਸ਼ਰਨ ਪੈਣਾ ਕਿਸੇ ਇੱਕ ਨਾਮ ਜਾਂ ਮੂਲ ਮੰਤ੍ਰ ਦਾ ਜਾਪ ਨਹੀ, ਗੁਰਬਾਣੀ ਦੀ ਸਿਖਿਆ (ਜੋ ਕਰਤਾਰ ਦੇ ਹੁਕਮ ਰਜਾਈਂ ਚਲਣਾ ਸਿਖਾਉਂਦੀ ਹੈ) ਤੇ ਚਲਣਾ ਹੈ, ਗੁਰਬਾਣੀ ਨੂੰ ਜੀਵਨ ਵਿੱਚ ਢਾਲਣਾ ਹੈ ਤੇ ਇਹੀ ਗੁਰਮਤ ਅਨੁਸਾਰ ਨਾਮ ਜਪਣਾ ਹੈ। ਗੁਰਬਾਣੀ ਤੇ ਚਲਣ ਦਾ ਕੰਮ (ਆਪਣੇ ਮਨ ਦੀ ਸਾਧਨਾ) ਕਠਨ ਹੈ ਤੇ ਮਨੁੱਖ ਇਸ ਔਖੀ ਘਾਟੀ ਤੋਂ ਬਚਣ ਦਾ ਉਪਾਉ ਵਿਅਰਥ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਬਣਾ ਲੈਂਦਾ ਹੈ। ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥ (39) ਮਨਮਤੀਏ ਜਿਨਾ ਮਰਜ਼ੀ ਵਾਹਿਗੁਰੂ ਵਾਹਿਗੁਰੂ, ਸਤਿਨਾਮ ਸਤਿਨਾਮ, ਰਾਮ ਰਾਮ ਜਾਂ ਹਰਿ ਹਰਿ ਕਰੀ ਜਾਣ ਪਰ ਮਨ ਦੀ ਮੈਲ ਦੂਰ ਨਹੀ ਹੋਣੀ, ਮਨ ਪਵਿੱਤ੍ਰ ਨਹੀ ਹੋਣਾ ਕਿਉਂਕਿ ਗੁਰਬਾਣੀ ਦਾ ਅਟੱਲ ਫੈਸਲਾ ਹੈ ਕਿ ਗੁਰੂ ਦੀ ਸ਼ਰਨ ਆਇ ਬਿਨਾ ਮਨ ਪਵਿੱਤ੍ਰ ਨਹੀ ਹੋ ਸਕਦਾ ਤੇ ਮੈਲੇ ਮਨ ਨਾਲ ਨਾਮ ਦੀ ਪ੍ਰਾਪਤੀ ਨਹੀ ਹੋ ਸਕਦੀ। ਔਖਿਆਈ ਤਾਂ ਇਕੋ ਹੀ ਹੈ ਕਿ ਇਹ ਕੰਮ (ਜਿਸ ਵਿੱਚ ਕੋਈ ਬਾਹਰੀ ਰਸਮ ਨਹੀ ਕਰਨੀ ਪੈਂਦੀ) ਕਠਨ ਲਗਦਾ ਹੈ ਪਰ ਰਾਤ ਦਿਨ ਵਿਅਰਥ ਰਸਮਾਂ ਤੇ ਕਰਮ ਕਾਂਡ ਕਰੀ ਜਾਣੇ ਸੌਖਾ ਲਗਦਾ ਹੈ। ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥ ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥ (732) ਵਿਕਾਰਾਂ ਤੋਂ ਅਖੌਤੀ ਨਾਮ ਸਿਮਰਨ ਤੇ ਹੋਰ ਕਰਮ ਕਾਂਡਾਂ ਨੇ ਮੁਕਤ ਨਹੀ ਕਰਾਉਣਾ, ਹਿਰਦੇ ਨੇ ਸ਼ੁੱਧ ਨਹੀ ਹੋਣਾ, ਜਿਨੇ ਮਰਜ਼ੀ ਰਾਤ ਦਿਨ (ਅਖੌਤੀ ਨਾਮ ਜਪਣ ਦੇ) ਤਰਲੇ ਲਏ ਜਾਣ। ਗੁਰਬਾਣੀ ਦੀ ਚਿਤਾਵਣੀ ਹੈ ਕਿ ਵਿਕਾਰਾਂ ਤੋਂ ਮੁਕਤੀ ਤੇ ਨਾਮ ਕੇਵਲ ਗੁਰੁ ਦੀ ਸ਼ਰਨ ਪਿਆਂ ਹੀ ਪ੍ਰਾਪਤ ਹੋ ਸਕਦੇ ਹਨ।

ਗੁਰ ਉਪਦੇਸਿ ਜਪੀਐ ਮਨਿ ਸਾਚਾ ॥ ਗੁਰ ਉਪਦੇਸਿ ਰਾਮ ਰੰਗਿ ਰਾਚਾ ॥ ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥ 1077 ਗੁਰੂ ਦੇ ਉਪਦੇਸ਼ (ਗੁਰਬਾਣੀ) ਨੂੰ ਹੀ ਜਪਣਾ (ਜਾਨਣਾ) ਹੈ ਤੇ ਮਨ ਵਿੱਚ ਵਸਾਉਣਾ ਹੈ ਕਿਉਂਕਿ ਇਸ (ਗਿਆਨ ਰੂਪੀ) ਉਪਦੇਸ਼ (ਨਾਮ) ਨੇ ਹੀ ਵਿਕਾਰਾਂ ਦੇ ਬੰਧਨ ਤੇ ਭਰਮ ਭੁਲੇਖੇ ਦੂਰ ਕਰਨੇ ਹਨ। ਇਹ ਵਿਕਾਰਾਂ ਦੇ ਬੰਧਨ ਅਖੌਤੀ ਨਾਮ ਜਪਣ ਨਾਲ ਦੂਰ ਨਹੀ ਹੋ ਸਕਦੇ। ਮਨੁੱਖ ਨੂੰ ਇਹ ਸਾਧਾਰਨ ਗਲ ਸਮਝਣੀ ਔਖੀ ਲਗਦੀ ਹੈ ਪਰ ਦਿਖਾਵੇ ਲਈ "ਖੰਡਾ ਖੜਕਾਉਣਾ" (ਅਖੌਤੀ ਵਾਹਿਗੁਰੁ ਜਪਣਾ) ਇੱਕ ਸੌਖਾ ਰਾਹ ਲਗਦਾ ਹੈ। ਸਾਚਾ ਸਾਹਿਬੁ ਗੁਰਮੁਖਿ ਜਾਪੈ ॥ ਪੂਰੇ ਗੁਰ ਕੈ ਸਬਦਿ ਸਿਞਾਪੈ ॥ 130 ਗੁਰਮੁਖ ਦਾ ਸਾਚੇ ਸਾਹਿਬ ਨੂੰ ਜਪਣਾ (ਜਾਨਣਾ) ਪੂਰੇ ਗੁਰੁ ਦੇ ਸ਼ਬਦ ਦੀ ਸੂਝ ਹੈ। ਪੂਰੇ ਗੁਰੂ ਦੇ ਸ਼ਬਦ ਨਾਲ ਜੁੜਿਆਂ ਹੀ ਉਸ ਨਾਲ ਜਾਣ ਪਛਾਣ ਬਣਦੀ ਹੈ। "ਜਾਪੈ" ਦੇ ਅਰਥ "ਸੂਝ ਬੂਝ ਆਉਣੀ" (ਜਾਂ ਜਾਨਣਾ) ਕੀਤੇ ਗਏ ਹਨ ਜਿਵੇਂ ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥ ਤਾ ਕਉ ਕਾੜਾ ਕਹਾ ਬਿਆਪੈ ॥੧॥ (186) ਹੁਣ ਸਿੱਧੀ ਸਾਧੀ ਤੇ ਸਪਸ਼ਟ ਗਲ ਤਾਂ ਇਹ ਹੈ ਕਿ ਗੁਰਬਾਣੀ ਅਨੁਸਾਰ "ਨਾਮ" ਦੇ ਅਰਥ ਹੁਕਮ ਕੀਤੇ ਗਏ ਹਨ (ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ 71) ਤੇ "ਜਪਣ" ਦੇ ਅਰਥ ਬੁਝਣਾ, ਜਾਨਣਾ, ਪਛਾਨਣਾ ਵੀ ਆਏ ਹਨ ( ਕਹੁ ਰੇ ਪੰਡੀਆ ਕਉਨ ਪਵੀਤਾ ॥ ਐਸਾ ਗਿਆਨੁ ਜਪਹੁ ਮੇਰੇ ਮੀਤਾ ॥331) ਇਸ ਲਈ "ਨਾਮ ਜਪਣ" ਦੇ ਅਰਥ ਪ੍ਰਭੂ ਜਾਂ ਗੁਰੂ ਦੇ ਹੁਕਮ (ਸ਼ਬਦ, ਉਪਦੇਸ਼ ਨੂੰ ਜਾਣ, ਪਛਾਣ ਤੇ ਬੁੱਝ ਕੇ ਉਸ) ਤੇ ਚਲਣਾ ਹੀ ਹਨ। ਗੁਰਗਿਆਨ ਨੂੰ ਜਪਿਆ ਨਹੀ ਜਾ ਸਕਦਾ, ਕੇਵਲ ਜਾਣਿਆ ਜਾ ਸਕਦਾ ਹੈ।

ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥ ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥ 55 ਹਉਮੈ ਅਤੇ ਤ੍ਰਿਸ਼ਨਾ ਨੂੰ ਕਾਬੂ ਕਰਕੇ ਹੀ ਪ੍ਰਭੂ ਨੂੰ ਹਿਰਦੇ ਵਿੱਚ ਧਾਰਿਆ ਜਾ ਸਕਦਾ ਹੈ। ਜਗਤ ਵਿੱਚ ਨਾਮ (ਹੁਕਮ) ਹੀ ਲਾਹੇਵੰਦ ਹੈ ਤੇ ਇਹ ਨਾਮ (ਹੁਕਮ) ਗੁਰਬਾਣੀ ਦੀ ਵੀਚਾਰ ਨਾਲ ਹੀ ਪਾਇਆ ਜਾ ਸਕਦਾ ਹੈ ਕਿਉਂਕਿ ਗੁਰਬਾਣੀ ਹੀ ਨਾਮ ਹੈ। ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥ ਗੁਰਮੁਖਿ ਸਾਚੇ ਸਾਚੈ ਦਰਬਾਰਿ ॥ 355

ਗੁਰਬਾਣੀ (ਆਤਮਿਕ ਗਿਆਨ) ਨੂੰ ਜਾਨਣਾ, ਬੁੱਝਣਾ ਹੀ ਨਾਮ ਜਪਣਾ ਹੈ ਜੋ ਕੋਈ ਕਰਮ ਕਾਂਡ ਨਹੀ ਹੈ। ਵਾਹਿਗੁਰੂ ਸ਼ਬਦ ਜਾਂ ਕਿਸੇ ਮੰਤ੍ਰ ਨੂੰ ਰਟਣ ਨਾਲ ਕੋਈ ਅਧਿਆਤਮਿਕ ਪ੍ਰਾਪਤੀ ਸੰਭਵ ਨਹੀ ਕਿਉਂਕਿ ਜਿਵੇਂ ਖੰਡ ਖੰਡ ਕਹਿਣ ਨਾਲ ਮਿੱਠੇ ਦਾ ਸਵਾਦ ਨਹੀ ਆ ਸਕਦਾ, ਅੱਗ ਅੱਗ ਕਹਿਣ ਨਾਲ ਠੰਡ ਦੂਰ ਤੇ ਗਰਮੀ ਪ੍ਰਾਪਤ ਨਹੀ ਹੋ ਸਕਦੀ ਵੈਦ ਵੈਦ ਕਹਿਣ ਨਾਲ ਰੋਗ ਦੂਰ ਤੇ ਅਰੋਗਤਾ ਪ੍ਰਾਪਤ ਨਹੀ ਹੋ ਸਕਦਾ ਤਿਵੇਂ ਕਿਸੇ ਇੱਕ ਨਾਮ ਜਾਂ ਮੰਤ੍ਰ ਨੂੰ ਜਪਣ ਨਾਲ ਵਿਕਾਰਾਂ ਤੋਂ ਮੁਕਤੀ ਤੇ ਨਾਮ ਦੀ ਪ੍ਰਾਪਤੀ ਨਹੀ ਹੋ ਸਕਦੀ। ਗੁਰਬਾਣੀ ਫੁਰਮਾਨ ਹੈ: ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥੧॥ ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥ ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥ ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥ 187 ਇਹਨਾਂ ਅੱਠਾਂ ਸਵਾਲਾਂ ਵਿੱਚ ਦੋ ਸਵਾਲ ਇਹ ਵੀ ਹਨ ਕਿ ਕਿਹੜੇ ਬੋਲਾਂ ਨਾਲ ਤੈਨੂੰ ਰਿਝਾਇਆ ਜਾ ਸਕਦਾ ਹੈ ਤੇ ਕਿਹੜੇ ਇੱਕ ਨਾਮ ਜਾਂ ਮੰਤ੍ਰ ਨਾਲ ਮਨ ਦੀ ਮੈਲ ਨੂੰ ਧੋਤਾ ਜਾ ਸਕਦਾ ਹੈ। ਹੁਣ ਅਗਰ ਕਿਸੇ ਇੱਕ ਨਾਮ ਜਾਂ ਮੰਤ੍ਰ ਦੇ ਜਪਣ ਨਾਲ ਇਹ ਦੋ ਕੰਮ ਪੂਰੇ ਹੋ ਸਕਦੇ ਹੁੰਦੇ ਤਾਂ ਉਸ ਵਿਧੀ ਦਾ ਜ਼ਿਕਰ ਜ਼ਰੂਰ ਕੀਤਾ ਜਾਣਾ ਸੀ ਪਰ ਜਵਾਬ ਵਿੱਚ ਗੁਰਬਾਣੀ ਕਥਨ ਹੈ: ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥ ਗੁਰਬਾਣੀ (ਆਤਮਿਕ ਗਿਆਨ) ਦੁਆਰਾ ਪ੍ਰਭੂ ਦੇ ਗੁਣਾਂ ਨੂੰ ਧਾਰਨ ਕਰਨ ਦੀ ਘਾਲਣਾ ਹੀ ਘਾਲਣੀ ਹੈ। ਕਿਸੇ ਵੀ ਇੱਕ ਨਾਮ ਜਾਂ ਮੰਤ੍ਰ ਦੇ ਬੋਲਣ, ਗਾਉਣ, ਜਪਣ, ਧਿਆਉਣ ਜਾਂ ਸਿਮਰਨ ਦਾ ਜ਼ਿਕਰ ਨਹੀ ਕੀਤਾ ਗਿਆ ਜੋ ਮਨ ਦੀ ਮੈਲ ਨੂੰ ਧੋ ਸਕਦਾ ਹੋਵੇ। ਕਿਸੇ ਵੀ ਨਾਮ ਜਪਣ ਦੀ ਵਿਧੀ ਦਾ ਹਵਾਲਾ ਨਹੀ ਪਰ ਫੇਰ ਵੀ ਮਨੁੱਖ ਇਸ ਅਖੌਤੀ ਨਾਮ ਜਪਣ ਦੇ ਕਰਮ ਕਾਂਡ ਨੂੰ ਛੱਡਣਾ ਨਹੀ ਚਹੁੰਦਾ। ਬਾਰ ਬਾਰ ਸਵਾਲ ਪੁਛੇ ਗਏ ਹਨ ਕਿ: ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥ (ਸਵਾਲ) ਕਿਸ ਦੀ ਸੇਵਾ ਕਰਾਂ ਤੇ ਕਿਹੜੇ ਨਾਮ ਜਾਂ ਮੰਤ੍ਰ ਦਾ ਜਾਪ ਕਰਾਂ? ਅਗਰ ਕਿਸੇ ਨਾਮ ਜਾਂ ਮੰਤ੍ਰ ਦੇ ਰਸਨਾ ਨਾਲ ਜਪਣ ਦੀ ਵਿਧੀ ਹੁੰਦੀ ਤਾਂ ਉਸ ਦਾ ਵਰਨਨ ਇਥੇ ਜ਼ਰੂਰ ਹੋਣਾ ਚਾਹੀਦਾ ਸੀ ਪਰ ਗੁਰਬਾਣੀ ਦਾ ਹੀ ਉਪਦੇਸ਼ ਹੈ ਕਿ: ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥ ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥ (34) (ਜਵਾਬ) ਸਤਿਗੁਰ ਦੇ ਹੁਕਮ ਰਜਾਈ ਚਲਣ (ਆਪਾ ਸਮਰਪਣ) ਦੀ ਵਿਧੀ ਨਾਲ ਹੀ ਸੇਵਾ ਦੇ ਫਲ ਤੇ ਨਾਮ ਦੀ ਪ੍ਰਾਪਤੀ ਹੋ ਜਾਵੇਗੀ। ਇਸ ਤੋਂ ਸਪਸ਼ਟ ਨਾਮ ਪ੍ਰਾਪਤੀ ਦੀ ਵਿਧੀ ਕੀ ਹੋ ਸਕਦੀ ਹੈ?

ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥ ਗੁਰਮੁਖਿ ਨਾਮੁ ਪਦਾਰਥੁ ਪਾਏ ॥ (222) ਗੁਰਉਪਦੇਸ਼ ਦੁਆਰਾ ਪ੍ਰਭੂ ਦੇ ਗੁਣਾਂ ਨੂੰ ਗ੍ਰਹਿਨ ਕਰਨ ਨਾਲ ਅਉਗਣਾਂ ਤੋ ਛੁਟਕਾਰਾ ਤੇ ਨਾਮ ਪਦਾਰਥ ਦੀ ਪ੍ਰਾਪਤੀ ਹੋ ਸਕਦੀ ਹੈ। ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥ 1384 ਸਿੱਧਾ ਸਾਧਾ ਤੇ ਸਪਸ਼ਟ ਸਵਾਲ ਹੈ ਕਿ ਕਿਹੜੇ ਅਖਰ ਦੇ ਬੋਲਣ ਨਾਲ, ਕਿਹੜੇ ਗੁਣ ਤੇ ਧਾਰਨ ਨਾਲ, ਕਿਹੜੇ ਮੰਤ੍ਰ ਦੇ ਜਾਪ ਨਾਲ ਤੇ ਕਿਹੜੇ ਧਾਰਮਿਕ ਵੇਸ ਦੇ ਧਾਰਨ ਨਾਲ ਕੰਤ ਨਾਲ ਮਿਲਾਪ ਹੋ ਸਕਦਾ ਹੈ? ਇਥੇ ਕਿਸੇ ਇੱਕ ਨਾਮ ਜਾਂ ਮੰਤ੍ਰ ਦੇ ਜਾਪ ਦੀ ਵਿਧੀ ਦਾ ਵਰਨਨ ਤਾਂ ਹੋਣਾ ਹੀ ਚਾਹੀਦਾ ਸੀ ਕਿਉਂਕਿ ਸਵਾਲ ਦੀ ਇਹੀ ਮੰਗ ਹੈ ਪਰ ਗੁਰਬਾਣੀ ਦਾ ਉਤਰ ਹੈ: ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥ 1384 ਰਸਨਾ ਨਾਲ ਕਿਸੇ ਇੱਕ ਨਾਮ ਜਾਂ ਮੰਤ੍ਰ ਦੇ ਜਪਣ ਦਾ ਕੋਈ ਵਰਨਨ ਨਹੀ ਕਿਉਂਕਿ ਇਹ ਨਾਮ ਜਪਣ ਦੀ ਵਿਧੀ ਹੀ ਨਹੀ। ਨਿਮਰਤਾ ਨੂੰ ਅੱਖਰ ਬਨਾਉਣਾ ਹੈ, ਖਿਮਾ ਦੇ ਗੁਣ ਨੂੰ ਧਾਰਨ ਕਰਨਾ ਹੈ ਤੇ ਮਿੱਠ ਬੋਲਣ ਨੂੰ ਮੰਤ੍ਰ ਬਨਾਉਣਾ ਹੈ ਤੇ ਇਹਨਾਂ ਤਿੰਨਾਂ ਦਾ ਵੇਸ ਧਾਰਨ ਕਰਨ ਨਾਲ ਨਾਮ ਦੀ ਪ੍ਰਾਪਤੀ ਜਾਂ ਕੰਤ ਮਿਲਾਵਾ ਹੋ ਸਕਦਾ ਹੈ। ਸਪਸ਼ਟ ਹੈ ਕਿ ਵਾਹਿਗੁਰੂ, ਸਤਿਨਾਮ ਜਾਂ ਰਾਮ ਦਾ ਰਸਨਾ ਨਾਲ ਜਪਿਆ ਜਪਾਇਆ ਜਾਪ ਗੁਰਮਤ ਅਨੁਕੂਲ ਨਹੀ।

ਮਨ ਰੇ ਗੁਰ ਕੀ ਕਾਰ ਕਮਾਇ ॥ ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥ (66) ਹੁਕਮ ਰਜਾਈ (ਗੁਰਮਤ ਅਨੁਕੂਲ) ਚਲਣਾ ਹੀ ਰਾਤ ਦਿਨ ਨਾਮ ਵਿੱਚ ਰਚਣਾ ਹੈ ਜੋ ਕੋਈ ਕਰਮ ਕਾਂਡ ਨਹੀ।

ਏ ਮਨ ਨਾਮੁ ਨਿਧਾਨੁ ਤੂ ਪਾਇ ॥ ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ ॥560 ਗੁਰੂ (ਗੁਰਬਾਣੀ) ਦੇ ਹੁਕਮ ਵਿੱਚ ਚਲਣ ਨਾਲ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਬਾਣੀ ਕਿਤੇ ਵੀ ਕਿਸੇ ਇੱਕ ਨਾਮ ਜਾਂ ਮੰਤ੍ਰ ਦੇ ਰਟਣ ਦੀ ਵਿਧੀ ਨੂੰ ਨਹੀ ਕਬੂਲਦੀ ਇਸ ਲਈ ਇਸ ਗੁਰਮਤ ਵਿਰੁੱਧ ਤੇ ਮਨਘੜਤ ਪ੍ਰਚਲਿਤ ਵਿਧੀ ਨੂੰ ਮਨੁੱਖ ਦੀ ਅਗਿਆਨਤਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਕਿ: ਬੀਜ ਮੰਤ੍ਰੁ ਸਰਬ ਕੋ ਗਿਆਨੁ ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥ (274) ਗੁਰਗਿਆਨ (ਗੁਰਬਾਣੀ) ਹੀ ਸਾਰੇ ਮੰਤ੍ਰਾਂ ਦਾ ਮੁੱਢ ਮੰਤ੍ਰ ਹੈ ਪਰ ਇਸ ਨੂੰ ਜਪਦਾ (ਜਾਣਦਾ, ਪਛਾਣਦਾ) ਕੋਈ ਵਿਰਲਾ ਹੀ ਹੈ। ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥ 935

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.