.

ਗੁਰੂ ਨਾਨਕ ਦੇਵ ਜੀ-- ਸੁਧਾਰਵਾਦੀ ਜਾਂ ਕ੍ਰਾਂਤੀਕਾਰੀ

(Sawan Singh principal(Retired) 10561 Brier Lane, Santa Ana, California,US 92705 [email protected])

ਇੱਕ ਕ੍ਰਾਂਤੀਕਾਰੀ ਪ੍ਰਚਲਿਤ, ਧਾਰਮਿਕ, ਸਮਾਜਿਕ ਜਾਂ ਰਾਜਸੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ ਤਾਂ ਜੋ ਉਸ ਦੀ ਥਾਂ ਤੇ ਆਪਣਾ ਮਨਪਸੰਦ ਨਵਾਂ ਸਿਸਟਮ ਲਾਗੂ ਕਰ ਸਕੇ। ਉਹ ਇਹ ਸਾਰਾ ਕੁੱਝ ਬੜੀ ਤੇਜ਼ੀ ਨਾਲ ਤੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਕਰਦਾ ਹੈ। ਇੱਕ ਸੁਧਾਰਕ ਕੇਵਲ ਲੋਕਾਂ ਦੀ ਭਲਾਈ ਨੂੰ ਮੁੱਖ ਰਖ ਕੇ ਹੀ ਪਰਚਲਤ ਬੁਰੇ ਰਿਵਾਜਾਂ ਤੇ ਵਿਹਾਰਾਂ ਦੀ ਥਾਂ ਤੇ ਨਵੇਂ ਰਿਵਾਜ ਤੇ ਵਿਹਾਰ ਲਾਗੂ ਕਰਦਾ ਹੈ। ਉਹ ਇਹ ਸਾਰਾ ਕੁੱਝ ਕਾਹਲੀ ਕਾਹਲੀ ਨਹੀਂ ਕਰਦਾ ਅਤੇ ਜਿਨ੍ਹਾਂ ਲੋਕਾਂ ਨੇ ਇਸ ਤੋਂ ਪ੍ਰਭਾਵਿਤ ਹੋਣਾ ਹੈ ਉਨ੍ਹਾਂ ਦੇ ਸਹਿਯੋਗ ਨਾਲ ਕਰਦਾ ਹੈ। ਆਓ ਉਪਰੋਕਤ ਵਿਚਾਰਾਂ ਨੂੰ ਮੁੱਖ ਰਖ ਕੇ ਵਿਚਾਰੀਏ ਕਿ ਗੁਰੂ ਨਾਨਕ ਦੇਵ ਜੀ ਸੁਧਾਰਵਾਦੀ ਸਨ ਜਾਂ ਕ੍ਰਾਤੀਂਕਾਰੀ।

ਗੁਰੂ ਨਾਨਕ ਦੇਵ ਦਾ ਰੱਬ

ਗੁਰੁ ਨਾਨਕ ਦੇਵ ਇੱਕ ਰੱਬ ਨੂੰ ਮੰਨਦੇ ਸਨ ਅਤੇ ਹਿੰਦੂ ਦੇਵੀ ਦੇਵਤਿਆਂ ਦੀ ਉੱਚੀ ਪਦਵੀ ਨੂੰ ਵੰਗਾਰਦੇ ਸਨ। ਗੁਰੂ ਜੀ ਇਨ੍ਹਾਂ ਦੇਵੀ ਦੇਵਤਿਆ ਨੂੰ ਰੱਬ ਨਾਲੋਂ ਵੱਡਾ ਨਹੀਂ ਸਮਝਦੇ ਸਨ। ਉਨ੍ਹਾਂ ਅਨੁਸਾਰ ਰੱਬ, ਸਰਬ-ਵਿਆਪਕ, ਅਕਾਲ ਤੇ ਸਰਬ-ਸ਼ਕਤੀਮਾਨ ਹੈ। ਆਪ ਨੇ ਰੱਬ ਦੇ ਲਛਣ ਮੂਲ ਮੰਤ੍ਰ ਵਿੱਚ ਦਰਸਾਏ ਹਨ। ਗੁਰੂ ਨਾਨਕ ਦਾ ਰੱਬ ਨਿਰਗੁਣ ਵੀ ਹੈ ਤੇ ਸਰਗੁਣ ਵੀ। ਉਸ ਨੂੰ ਉਸ ਦੀ ਰਚੀ ਖਲਕਤ ਵਿੱਚ ਵੇਖਿਆ ਜਾ ਸਕਦਾ ਹੈ ਅਤੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੁ ਨਾਨਕ ਨੇ ਵੀ ਭਗਤ ਕਬੀਰ ਵਾਂਗ ਮੂਰਤੀ ਪੂਜਾ ਵਿਰੁਧ ਆਵਾਜ਼ ਉਠਾਈ। ਆਪ ਲਿਖਦੇ ਹਨ:

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ।। (ਸ੍ਰ ਗ ਗ ਸ: ੬)

ਸਹਸ (ਹਜ਼ਾਰਾਂ) ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ+ਹੀ।। (ਸ੍ਰ ਗ ਗ ਸ: ੧੩)

ਸਭਿ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।। (ਸ੍ਰ ਗ ਗ ਸ: ੧੩)

ਬਲਿਹਾਰੀ (ਕੁਰਬਾਨ) ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ (ਜਾਣਿਆ)।। (ਸ੍ਰ ਗ ਗ ਸ: ੪੬੯)

ਪਾਥਰੁ ਲੇ ਪੂਜਹਿ ਮੁਗਧ ਗਵਾਰ ] (ਸ੍ਰ ਗ ਗ ਸ:556)

ਗੁਰੁ ਨਾਨਕ ਦੇਵ ਤੇ ਧਰਮ –ਨਿਰਪੇਖਤਾ

ਗੁਰੁ ਨਾਨਕ ਦੇਵ ਹਿੰਦੂਆਂ ਦੇ ਕਟੜਪੁਣਾ ਤੇ ਮੁਸਲਮਾਣਾਂ ਦੀ ਹਠਧਰਮੀ ਦੋਹਾਂ ਦੇ ਵਿਰੁਧ ਸਨ। ਆਪ ਦੋਹਾਂ ਨਾਲ ਪਿਆਰ ਨਾਲ ਰਹਿੰਦੇ ਸਨ ਅਤੇ ਦੋਹਾਂ ਨੂੰ ਸ਼ਾਂਤਮਈ ਤੇ ਉਚਿਤ ਢੰਗ ਨਾਲ ਸਮਝਾਉਂਦੇ ਸਨ। ਗਿਆਨ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਜੀ ਵਲੋਂ ਲਾਇਆ ਨਾਅਰਾ—ਨਾ ਕੋ ਹਿੰਦੂ ਨਾ ਮੁਸਲਮਾਨ—ਭਾਵੇਂ ਇਨਕਲਾਬੀ ਹੈ, ਪਰ ਕਿਸੇ ਕਟੜ ਹਿੰਦੂ ਜਾਂ ਕਿਸੇ ਹਠਧਰਮੀ ਮੁਸਲਮਾਨ ਨੇ ਇਸ ਦਾ ਵਿਰੋਧ ਨਹੀਂ ਕੀਤਾ ਸੀ ਕਿਉਂ ਕਿ ਇਹ ਆਵਾਜ਼ ਦੋਸ਼-ਰਹਿਤ ਸੀ। ਆਪ ਧਾਰਮਕ ਪਾਬੰਦੀਆਂ ਤੋਂ ਮੁਕਤ ਰੂਹਾਨੀਅਤ ਦੇ ਪ੍ਰਚਾਰਕ ਸਨ। ਗੁਰੂ ਜੀ ਦਾ ਰੱਬ ਹਿੰਦੁ ਤੇ ਮੁਸਲਮਾਨਾਂ ਦੋਹਾਂ ਦਾ ਸਿਰਜਣਹਾਰ ਹੈ। ਰਾਮ, ਰਹੀਮ, ਕਰਤਾਰ ਤੇ ਕਰੀਮ ਸਾਰੇ ਉਸ ਦੇ ਹੀ ਵਖ ੨ ਨਾਂ ਹਨ। ਗੁਰੁ ਜੀ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਦੇ ਧਾਰਮਕ ਗ੍ਰੰਥਾਂ ਦਾ ਸਤਿਕਾਰ ਕਰਦੇ ਸਨ ਅਤੇ ਹਿੰਦੂ ਤੇ ਮੁਸਲਮਾਨ ਦੋਵੇਂ ਆਪ ਦੀ ਬੜੀ ਇੱਜ਼ਤ ਕਰਦੇ ਸਨ। ਕਿਹਾ ਜਾਂਦਾ ਸੀ – ਨਾਨਕ ਸ਼ਾਹ ਫਕੀਰ, ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ। ਮੁਸਲਮਾਨ ਮਿਰਾਸੀ, ਮਰਦਾਨਾ, ਆਪ ਦਾ ਜੀਵਨ ਭਰ ਦਾ ਸਾਥੀ ਸੀ। ਆਪ ਦੀ ਲਹਿਰ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਜੋੜਨ ਵਾਲੇ ਪੁਲ ਦਾ ਕੰਮ ਕੀਤਾ ਹੈ ਕਿਉਂ ਕਿ ਆਪ ਇੱਕ ਨਿਰਪੱਖ ਪ੍ਰਚਾਰਕ ਸਨ।

ਗੁਰੂ ਨਾਨਕ ਦੇਵ ਤੇ ਜਾਤ ਪਾਤ ਪ੍ਰਣਾਲੀ

ਗੁਰੂ ਜੀ ਨੇ ਮਨੱਖ ਜਾਤੀ ਵਿੱਚ ਬਰਾਬਰੀ ਤੇ ਬਹੁਤ ਜ਼ੋਰ ਦਿੱਤਾ ਹੈ। ਆਪ ਨੇ ਜਾਤ ਪਾਤ ਦੀ ਵਿਰੋਧਤਾ ਇਸ ਢੰਗ ਨਾਲ ਕੀਤੀ ਕਿ ਬ੍ਰਾਹਮਣਾ ਜਾਂ ਉੱਚ ਜਾਤੀ ਦੇ ਹਿੰਦੂਆਂ ਨੇ ਇਸ ਦਾ ਕਰੜਾ ਵਿਰੋਧ ਨਹੀਂ ਕੀਤਾ। ਮਲਕ ਭਾਗੋ ਨੂੰ ਇਹ ਚੰਗਾ ਨਹੀਂ ਸੀ ਲਗਾ ਕਿ ਗੁਰੂ ਜੀ ਨੇ ਉਸ ਦਾ ਬੁਲਾਵਾ ਸਵੀਕਾਰ ਨਹੀਂ ਕੀਤਾ, ਪਰ ਉਸ ਨੇ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਨਹੀਂ ਕੀਤਾ। ਇਸ ਤੋਂ ਪਹਿਲੇ ਭਗਤ ਕਬੀਰ ਜੀ ਨੇ ਵੀ ਜਾਤ ਪਾਤ ਦੀ ਕਰੜੀ ਵਿਰੋਧਤਾ ਕੀਤੀ ਸੀ। ਗੁਰੂ ਜੀ ਨੇ ਪਰਚਾਰ ਕਰ ਕੇ ਅਤੇ ਆਪਣੇ ਕਿਰਦਾਰ ਰਾਹੀਂ ਜਾਤ ਪਾਤ ਦੀ ਸਖਤ ਵਿਰੋਧਤਾ ਕੀਤੀ। ਆਪ ਨੇ ਲੰਗਰ ਦੀ ਪ੍ਰਥਾ ਚਾਲੂ ਕੀਤੀ ਜਿਥੇ ਹਰ ਕੋਈ ਬਿਨਾਂ ਕਿਸੇ ਭੇਦ ਭਾਵ ਦੇ ਇੱਕ ਪੰਗਤ ਵਿੱਚ ਬੈਠ ਕੇ ਭੋਜਨ ਛਕ ਸਕਦਾ ਸੀ। ਆਪ ਸਾਰੇ ਜੀਵਾਂ ਨੂੰ ਬਿਨਾਂ ਉਨ੍ਹਾਂ ਦੀ ਜਾਤ ਪਾਤ ਜਾਂ ਧਰਮ ਦੇ ਖਿਆਲ ਕੀਤਿਆਂ ਪਿਅਰ ਕਰਦੇ ਸਨ ਤੇ ਆਪਣੇ ਆਪ ਨੂੰ ਨੀਵਾਂ ਸਮਝਦੇ ਸਨ। ਆਪ ਲਿਖਦੇ ਹਨ ਕਿ ਨੀਵੀਂ ਜਾਤੀਆਂ ਨਾਲ ਪਿਆਰ ਕਰਨ ਨਾਲ ਵਾਹਿਗੁਰੂ ਦੀ ਮਿਹਰ ਪ੍ਰਾਪਤ ਹੁੰਦੀ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। (ਸ੍ਰ ਗ ਗ ਸ: ੧੫)

ਫਕੜ (ਫਜ਼ੂਲ) ਜਾਤੀ ਫਕੜੁ ਨਾਉ।। ਸਭਨਾ ਜੀਆ ਇਕਾ ਛਾਉ।। (ਸ੍ਰ ਗ ਗ ਸ: ੮੩)

ਗੁਰੂ ਨਾਨਕ ਦੇਵ ਤੇ ਧਾਰਮਕ ਗ੍ਰੰਥ

ਗੁਰੂ ਨਾਨਕ ਦੇ ਸਮੇਂ ਨੀਵੀਂ ਜਾਤੀਆਂ ਤੇ ਸ਼ੂਦਰਾਂ ਨੂੰ ਵੇਦਾਂ ਦੇ ਉਚਾਰਨ ਦੀ ਆਗਿਆ ਨਹੀਂ ਸੀ, ਪ੍ਰੰਤੂ ਗੁਰੂ ਜੀ ਨੇ ਇਹ ਪਾਬੰਦੀ ਹਟਾ ਦਿੱਤੀ ਅਤੇ ਹਰ ਇੱਕ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਗੁਰੂ ਜੀ ਦੀ ਸੰਗਤ ਵਿੱਚ ਬੈਠਣ ਦੀ ਤੇ ਨਾਮ ਜਪਣ ਦੀ ਖੁਲ੍ਹ ਸੀ। ਇਹ ਸੁਧਾਰਵਾਦ ਵੱਲ ਇੱਕ ਮਹਤਵਪੂਰਨ ਕਦਮ ਸੀ, ਪਰ ਕਿਸੇ ਨੇ ਖਾਸ ਇਤਰਾਜ਼ ਨਹੀਂ ਕੀਤਾ। ਗੁਰੁ ਜੀ ਨੇ ਕੁਰਾਨ ਸ਼ਰੀਫ ਜਾਂ ਵੇਦਾਂ ਦੀ ਫਿਲਾਸਫੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ, ਪਰ ਧਾਰਮਕ ਗ੍ਰੰਥਾਂ ਨੂੰ ਬਿਨਾਂ ਵਿਚਾਰੇ ਪੜ੍ਹਨ ਦਾ ਵਿਰੋਧ ਕੀਤਾ ਹੈ। ਆਪ ਨੇ ਸਾਰਿਆ ਨੂੰ ਅੰਮ੍ਰਿਤ ਵੇਲੇ ਭਗਤੀ ਕਰਨ ਦੀ ਸਲਾਹ ਦਿਤੀ ਹੈ:

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। (ਸ੍ਰ ਗ ਗ ਸ: ੨)

ਗੁਰੂ ਨਾਨਕ ਦੇਵ ਜੀ ਦੇ ਕਰਮ ਕਾਂਡਾਂ ਅਤੇ ਭਰਮਾਂ ਸਬੰਧੀ ਵਿਚਾਰ

ਗੁਰੂ ਜੀ ਨਾ ਬ੍ਰਾਹਮਣਾ ਵਲੋਂ ਚਲਾਏ ਕਰਮ ਕਾਂਡਾਂ ਤੇ ਭਰਮਾਂ ਦੀ ਨਿਖੇਧੀ ਕੀਤੀ ਅਤੇ ਵਰਤ ਰਖਣ, ਭਰਮਜਾਲ ਤੇ ਸਰਾਧਾਂ ਦਾ ਕਰੜਾ ਵਿਰੋਧ ਕੀਤਾ ਹੈ, ਪਰ ਉਨ੍ਹਾਂ ਦੇ ਮੁਢਲੇ ਸਿਧਾਤਾਂ ਦੀ ਵਿਰੋਧਤਾ ਨਹੀਂ ਕੀਤੀ। ਉਨ੍ਹਾਂ ਦਾ ਵਿਸ਼ਵਾਸ਼ ਸੀ ਕਿ ਇਹ ਕਰਮ ਕਾਂਡ ਆਦਿ ਸਾਨੂੰ ਰੱਬ ਨਾਲ ਨਹੀਂ ਮਿਲਾ ਸਕਦੇ ਤੇ ਨਾ ਹੀ ਇਹ ਧਾਰਮਕ ਹਨ। ਲੋਕ ਵੀ ਇਨ੍ਹਾਂ ਫਜ਼ੂਲ ਰੀਤਾਂ ਰਿਵਾਜਾਂ ਤੋਂ ਦੁਖੀ ਸਨ, ਇਸ ਵਾਸਤੇ ਉਨ੍ਹਾਂ ਨੇ ਗੁਰੂ ਜੀ ਦੇ ਨਾਮ ਜਪਣ ਦੇ ਸਿਧਾਂਤ ਨੂੰ ਖੁਸ਼ੀ ੨ ਅਪਨਾਇਆ। ਗੁਰੂ ਜੀ ਪਾਖੰਡਾਂ ਦੇ ਵਿਰੁਧ ਸਨ, ਪਰ ਉਨ੍ਹਾਂ ਨੇ ਜਨੇਊ ਦੀ ਰਸਮ ਦੀ ਨਿਖੇਧੀ ਨਹੀਂ ਕੀਤੀ ਸਗੋਂ ਇਸ ਦੇ ਨਾਲ ਜਤ, ਸਤ ਤੇ ਸੰਤੋਖ ਨੂੰ ਅਪਨਾਉਣ ਤੇ ਜ਼ੋਰ ਦਿਤਾ ਹੈ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।। (ਸ੍ਰ ਗ ਗ ਸ: ੪੭੧)

ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ।। (ਸ੍ਰ ਗ ਗ ਸ:੫੯੦)

ਸਾਹਾ ਗਣਹਿ ਨ ਕਰਹਿ ਬੀਚਾਰੁ।। ਸਾਹੇ ਊਪਰਿ ਏਕੰਕਾਰੁ।। (ਸ੍ਰ ਗ ਗ ਸ: ੯੦੪)

ਗੁਰੂ ਨਾਨਕ ਦੇਵ ਜੀ ਦੀ ਨਜ਼ਰ ਵਿੱਚ ਆਚਰਣ ਉਸਾਰੀ ਦਾ ਮਹੱਤਵ

ਗੁਰੂ ਜੀ ਵੀ ਹਿੰਦੂ ਧਰਮ ਵਾਂਗ ਆਤਮਾ ਦੇ ਆਵਾਗਵਨ ਤੇ ਕਰਮਾਂ ਦੇ ਸਿਧਾਂਤ ਵਿੱਚ ਵਿਸ਼ਵਾਸ਼ ਰਖਦੇ ਸਨ। ਆਪ ਚਾਹੁੰਦੇ ਸਨ ਕਿ ਅਸਾਡਾ ਜੀਵਨ ਨਿਸ਼ਕਪਟ ਹੋਵੇ, ਅਸੀਂ ਨੇਕ ਕਮਾਈ ਕਰੀਏ, ਵੰਡ ਛਕੀਏ ਅਤੇ ਨਾਮ ਜਪੀਏ। ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਹੀ ਆਪ ਦੀ ਮੁਢਲੀ ਸਿੱਖਿਆ ਹੈ। ਆਪ ਸੱਚੇ ਸੁੱਚੇ ਜੀਵਨ ਵਿੱਚ ਵਿਸ਼ਵਾਸ਼ ਰਖਦੇ ਸਨ ਅਤੇ ਚਾਹੁੰਦੇ ਸਨ ਕਿ ਅਸੀਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਆਪਣੇ ਵਸ ਵਿੱਚ ਰਖੀਏ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।। (ਸ੍ਰ ਗ ਗ ਸ: ੬੨)

ਸੁਕ੍ਰਿਤੁ (ਚੰਗਾ ਕੰਮ) ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ।। (ਸ੍ਰ ਗ ਗ ਸ: ੧੫੪)

ਵਸਗਤਿ ਪੰਚ ਕਰੇ ਨਹ ਡੋਲੈ।। (SGGS: 877)

ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ।। (ਸ੍ਰ ਗ ਗ ਸ: ੧੧੨੬)

ਸ਼ਾਕਾਹਾਰੀ ਜਾਂ ਮਾਸਾਹਾਰੀ

ਉਨ੍ਹਾਂ ਦਿਨਾਂ ਵਿੱਚ ਬਹੁਤੇ ਹਿੰਦੂ ਸ਼ਾਕਾਹਾਰੀ ਸਨ, ਪਰ ਬਹੁਤੇ ਮੁਸਲਮਾਨ ਮਾਸਾਹਾਰੀ ਸਨ। ਇਸ ਕਾਰਨ ਉਨ੍ਹਾਂ ਵਿੱਚ ਮਤਭੇਦ ਸਨ। ਗੁਰੂ ਜੀ ਨੂੰ ਮਾਸ ਖਾਣ ਉਪਰ ਕੋਈ ਇਤਰਾਜ਼ ਨਹੀਂ ਸੀ, ਪਰ ਆਪ ਨੇ ਆਪਣੇ ਪੈਰੋਕਾਰਾਂ ਨੂੰ ਮਾਸ ਖਾਣ ਲਈ ਉਤਸ਼ਾਹਤ ਨਹੀਂ ਕੀਤਾ ਅਤੇ ਇਸ ਝਗੜੇ ਨੂੰ ਫਜ਼ੂਲ ਸਮਝਦੇ ਸਨ:

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ।। (ਸ੍ਰ ਗ ਗ ਸ: ੧੨੮੯)

ਉੱਤਰ-ਅਧਿਕਾਰੀ ਦੀ ਨਿਯੁਕਤੀ

ਹਿੰਦੂਆਂ ਤੇ ਮੁਸਲਮਾਨਾਂ ਵਿੱਚ ਉੱਤਰ-ਅਧਿਕਾਰੀ ਦੀ ਨਿਯੁਕਤੀ ਕੋਈ ਨਵੀਂ ਗੱਲ ਨਹੀਂ ਸੀ। ਗੂਰੂ ਜੀ ਨੇ ਇਸ ਵਿੱਚ ਇੱਕ ਨਵੀਂ ਵਿਸ਼ੇਸ਼ਤਾ ਦਾ ਵਾਧਾ ਕੀਤਾ ਅਤੇ ਇਹ ਘੋਸ਼ਣਾ ਕੀਤੀ ਕਿ ਉਨ੍ਹਾਂ ਦੀ ਆਤਮਾ ਉਨ੍ਹਾਂ ਦੇ ਉੱਤਰ- ਅਧਿਕਾਰੀ ਦੀ ਆਤਮਾ ਵਿੱਚ ਪ੍ਰਵੇਸ਼ ਕਰੇ ਗੀ। ਆਪ ਨੇ ਕੇਵਲ ਆਪਣੀ ਜ਼ਿਮੇਵਾਰੀਆਂ ਹੀ ਨਹੀਂ ਸਗੋਂ ਆਪਣਾ ਇਲਾਹੀ ਨੂਰ ਵੀ ਆਪਣੇ ਉੱਤਰ-ਅਧਿਕਾਰੀ ਨੂੰ ਸੌਂਪ ਦਿੱਤਾ। ਇਸ ਢੰਗ ਨਾਲ ਗੁਰੂ ਜੀ ਨੇ ਗੁਰਿਆਈ ਦੀ ਇਕਾਈ ਨੂੰ ਜੋ ਗੈਰਵਿਅਕਤੀਗਤ (ਅਨਿੱਜੀ) ਤੇ ਅਖੰਡਤਾ ਦੇ ਸਿਧਾਂਤ ਤੇ ਅਧਾਰਤ ਸੀ ਸਥਾਪਤ ਕਰ ਦਿੱਤਾ। ਹੁਣ ਸਿੱਖ ਹਰ ਨਵੇਂ ਗੁਰੂ ਦੀ ਗੁਰੂ ਨਾਨਕ ਵਾਂਗ ਹੀ ਇੱਜ਼ਤ ਕਰਦੇ ਸਨ। ਸਾਰੇ ਗੁਰੂਆਂ ਨੇ ਆਪਣੀ ਬਾਣੀ ਵਿੱਚ ਆਪਣੇ ਆਪ ਨੂੰ ਗੁਰੂ ਨਾਨਕ ਹੀ ਦਰਸਾਇਆ ਹੈ। ਹਿੰਦੂ ਧਾਰਮਕ ਸੰਸਥਾਵਾਂ ਦੇ ਉਲਟ ਇਹ ਪ੍ਰਥਾ ਪੂਰੇ ਜੋਸ਼-ਖਰੋਸ਼ ਨਾਲ ਚਲਦੀ ਰਹੀ ਅਤੇ ਗੁਰਿਆਈ ਸਦੀਵੀ ਹੋ ਗਈ।

ਗੁਰੂ ਨਾਨਕ ਦੀ ਉਦਾਸੀਆਂ

ਗੁਰੂ ਜੀ ਦੀ ਬਾਈ ਸਾਲ ਦੀ ਯਾਤਰਾ ਜਦੋਂ ਸਫਰ ਦੇ ਵਰਤਮਾਨ ਸਾਧਨ ਪ੍ਰਾਪਤ ਨਹੀਂ ਸਨ ਇੱਕ ਚਮਤਕਾਰ ਹੈ। ਆਪ ਨੇ ਕੇਵਲ ਭਾਰਤ ਦਾ ਹੀ ਨਹੀਂ ਸਗੋਂ ਏਸ਼ੀਆ ਦੇ ਕਈ ਦੇਸ਼ਾਂ ਦੀ ਵੀ ਵਿਆਪਕ ਯਾਤਰਾ ਕੀਤੀ ਅਤੇ ਆਪਣਾ ਸੰਦੇਸ਼ ਲੋਕਾਂ ਤਕ ਪਹੁੰਚਾਇਆ। ਗੁਰੂ ਜੀ ਤੋਂ ਪਹਿਲੇ ਕਿਸੇ ਰੂਹਾਨੀਅਤ ਦੇ ਆਗੂ ਨੇ ਇਹ ਢੰਗ ਨਹੀਂ ਸੀ ਅਪਨਾਇਆ। ਗੁਰੂ ਜੀ ਦਾ ਇਹ ਵੀ ਇੱਕ ਕਰਾਂਤੀਕਾਰੀ ਕਦਮ ਸੀ।

ਇਸਤ੍ਰੀ ਜਾਤੀ ਦੀ ਉਨਤੀ

ਉਸ ਸਮੇਂ ਇਸਤ੍ਰੀ ਦਾ ਦਰਜਾ ਸਮਾਜ ਵਿੱਚ ਬਰਾਬਰਤਾ ਵਾਲਾ ਨਹੀਂ ਸੀ। ਇਸਤ੍ਰੀਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਗੁਰੂ ਜੀ ਤੋਂ ਪਹਿਲੇ ਕਿਸੇ ਹੋਰ ਧਾਰਮਕ ਆਗੂ ਨੇ ਇਸ ਕੁਰੀਤੀ ਵਲ ਧਿਆਨ ਨਹੀਂ ਦਿੱਤਾ। ਆਪ ਨੇ ਲੋਕਾਂ ਨੂੰ ਸਮਝਾਇਆ ਕਿ ਇਸਤ੍ਰੀ ਜਾਤੀ ਨੂੰ ਨਹੀਂ ਨਿੰਦਣਾ ਚਾਹੀਦਾ ਕਿਉਂ ਕਿ ਇਸਤ੍ਰੀ ਤੋਂ ਬਿਨਾਂ ਮਨੁੱਖ ਜਾਤੀ ਦਾ ਜਨਮ ਸੰਭਵ ਨਹੀਂ ਹੋ ਸਕਦਾ। ਕੇਵਲ ਪ੍ਰਭੂ ਦਾ ਜਨਮ ਹੀ ਇਸਤ੍ਰੀੇ ਤੋਂ ਬਿਨਾਂ ਹੋਇਆ ਹੈ। ਵੱਡੇ ੨ ਰਾਜੇ ਮਹਾਰਾਜਿਆਂ ਦੀ ਜਨਮ ਦਾਤੀ ਵੀ ਇਸਤ੍ਰੀ ਹੀ ਹੈ। ਕੇਵਲ ਵਾਹਿਗੁਰੂ ਹੀ ਸਾਡਾ ਖਸਮ ਹੈ, ਅਸੀਂ ਸਾਰੇ ਉਸ ਦੀ ਪਤਨੀਆਂ ਹਾਂ:

ਭੰਡਹੁ (ਇਸਤ੍ਰੀ ਤੋਂ) ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ।।

ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।। (ਸ੍ਰ ਗ ਗ ਸ:੪੭੩)

ਠਾਕੁਰੁ ਏਕੁ ਸਬਾਈ (ਸਾਰੀਆਂ) ਨਾਰਿ।। (ਸ੍ਰ ਗ ਗ ਸ:੯੩੩)

ਸੰਸਾਰ ਦਾ ਤਿਆਗ

ਹਿੰਦੂ ਸੰਸਾਰ ਤਿਆਗਣ ਦੇ ਹੱਕ ਵਿੱਚ ਸਨ, ਪਰ ਗੁਰੂ ਜੀ ਨੇ ਇਸ ਦਾ ਵਿਰੋਧ ਕੀਤਾ। ਆਪ ਨੇ ਸੰਸਾਰ ਤਿਆਗਣ ਦੀ ਨਿਖੇਧੀ ਕੀਤੀ ਅਤੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਤਿਆਗੀ ਜੋ ਜੰਗਲਾਂ ਤੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਵਸਦੇ ਹਨ ਰੱਬ ਨੂੰ ਨਹੀਂ ਪਾ ਸਕਦੇ। ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਾਨੂੰ ਪ੍ਰਭੂ ਪ੍ਰਾਪਤੀ ਲਈ ਪਵਿੱਤਰ ਜੀਵਨ ਬਿਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਸਮਝਾਇਆ ਕਿ ਸੰਸਾਰ ਕਲਪਤ ਵਸਤੂ ਜਾਂ ਮਨਘੜਤ ਕਹਾਣੀ ਨਹੀਂ ਸਗੋਂ ਹਕੀਕਤ ਤੇ ਵਾਸਤਵਿਕ ਹੈ ਅਤੇ ਮਨੁੱਖਤਾ ਨਾਲ ਪਿਆਰ ਦਾ ਪਾਠ ਪੜ੍ਹਾਇਆ। ਆਪ ਨੇ ਸਾਡਾ ਧਿਆਨ ਪਰਛਾਵੇਂ ਤੋਂ ਅਸਲੀਅਤ ਵਲ ਲਿਆਂਦਾ। ਆਪ ਨੇ ਸੰਸਾਰ ਨੂੰ ਨਹੀਂ ਤਿਆਗਿਆ ਸਗੋਂ ਇਸ ਨੂੰ ਖੁਸ਼ੀ ੨ ਮਾਣਿਆ। ਆਪ ਸੰਸਾਰ ਨੂੰ ਵਾਹਿਗੁਰੂ ਦੀ ਰਚਨਾ ਸਮਝਦੇ ਸਨ। ਉਨ੍ਹਾਂ ਨੇ ਸਾਨੂੰ ਪਾਣੀ ਵਿੱਚ ਕੰਵਲ ਫੁੱਲ ਵਾਂਗ ਨਿਰਲੇਪ ਰਹਿਣ ਦੀ ਸਿੱਖਿਆ ਦਿੱਤੀ ਹੈ:

ਸਚੇ ਤੇਰੇ ਖੰਡ ਸਚੇ ਬ੍ਰਹਮੰਡ।। ਸਚੇ ਤੇਰੇ ਲੋਅ ਸਚੇ ਆਕਾਰ।। (ਸ੍ਰ ਗ ਗ ਸ:੪੬੩)

ਅੰਜਨ (ਅਪਵਿੱਤਰਤਾ) ਮਾਹਿ ਨਿਰੰਜਨਿ (ਪਵਿੱਤਰ) ਰਹੀਐ ਜੋਗ ਜੁਗਤਿ ਇਵ ਪਾਈਐ।। (ਸ੍ਰ ਗ ਗ ਸ:੭੩)

ਵਿਦੇਸ਼ੀ ਧਾੜਵੀਆਂ ਤੇ ਜ਼ੁਲਮ ਦਾ ਵਿਰੋਧ

ਗੁਰੂ ਜੀ ਨੇ ਉਸ ਸਮੇਂ ਦੇ ਰਾਜਿਆ ਨੂੰ ਉਨ੍ਹਾਂ ਵਲੋਂ ਕੀਤੇ ਜ਼ੁਲਮਾਂ ਤੇ ਆਪਹੁਦਰੀ ਕਾਰਵਾਈਆਂ ਲਈ ਉਨ੍ਹਾਂ ਨੂੰ ਫਿਟਕਾਰਿਆ ਤੇ ਉਸ ਲਈ ੳਨ੍ਹਾਂ ਨੂੰ ਜ਼ਿਮੇਵਾਰ ਠਹਿਰਾਇਆ। ਆਪ ਨੇ ਲੋਕਾਂ ਨੂੰ ਜ਼ੁਲਮ ਤੇ ਵਿਦੇਸ਼ੀ ਧਾੜਵੀਆਂ ਦੇ ਵਿਰੁਧ ਲਾਮਬੰਦ ਹੋਣ ਲਈ ਉਤਸ਼ਾਹਤ ਕੀਤਾ। ਬੇਸ਼ਕ ਇਹ ਇੱਕ ਇਨਕਲਾਬੀ ਕਦਮ ਸੀ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।। (ਸ੍ਰ ਗ ਗ ਸ:੧੪੫)

ਰਾਜਾ ਨਿਆਉ ਕਰੇ ਹਥਿ ਹੋਇ।। ਕਹੈ ਖੁਦਾਇ ਨ ਮਾਨੈ ਕੋਇ।। (ਸ੍ਰ ਗ ਗ ਸ:੩੪੯)

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। (ਸ੍ਰ ਗ ਗ ਸ: ੭੨੨)

ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ।। (ਸ੍ਰ ਗ ਗ ਸ: ੧੧੯੧)

ਰਾਜੇ ਸੀਹ ਮੁਕਦਮ (ਕਾਰਿੰਦੇ) ਕੁਤੇ।। ਜਾਇ ਜਗਾਇਨਿੑ ਬੈਠੇ ਸੁਤੇ।। (ਸ੍ਰ ਗ ਗ ਸ:੧੨੮੮)

ਮਾਤ ਭਾਸ਼ਾ ਦੀ ਵਰਤੋਂ

ਗੁਰੂ ਜੀ ਨੇ ਗੁਰਬਾਣੀ ਲੋਕਾਂ ਦੀ ਬੋਲੀ, ਪੰਜਾਬੀ, ਵਿੱਚ ਰਚੀ। ਆਪ ਨੇ ਪਹਿਲੀ ਵਾਰੀ ਪੰਜਾਬੀ ਬੋਲੀ ਦੀ ਵਿਆਪਕ ਰੂਪ ਵਿੱਚ ਸਾਹਿਤਕ ਵਰਤੋਂ ਕੀਤੀ। ਇਹ ਇੱਕ ਮਹੱਤਵਪੂਰਨ ਤੇ ਇਨਕਲਾਬੀ ਕਦਮ ਸੀ ਜਿਸ ਨੇ ਮਾਸੂਮ ਤੇ ਭੋਲੇ ਭਾਲੇ ਲੋਕਾਂ ਨੂੰ ਸੰਸਕ੍ਰਿਤ ਵਰਤਣ ਵਾਲੇ ਪੰਡਤਾਂ ਦੇ ਪੰਜੇ ਤੋਂ ਛੁੜਾਇਆ।

ਨਵਾਂ ਧਰਮ

ਗੁਰੂ ਜੀ ਦੇ ਸ਼ਰਧਾਲੂਆਂ ਨੂੰ ਨਾਨਕ ਪੰਥੀ ਜਾਂ ਸਿੱਖ ਕਿਹਾ ਜਾਂਦਾ ਸੀ। ਅੱਜ ਕਲ੍ਹ ਸਿੱਖ ਮਤ ਇੱਕ ਨਵਾਂ ਤੇ ਵਖਰਾ ਧਰਮ ਮੰਨਿਆ ਜਾਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਪਾਨ ਕਰਵਾਇਆ ਤਾਂ ਬਹੁਤੇ ਸਿੱਖ ਸੰਤ ਸਿਪਾਹੀ ਬਣ ਗਏ। ਉਨ੍ਹਾਂ ਨੇ ਪੱਛਮ ਤੋਂ ਆਣ ਵਾਲੇ ਵਿਦੇਸ਼ੀ ਧਾੜਵੀਆਂ ਨੂੰ ਰੋਕਿਆ ਤੇ ਜ਼ੁਲਮ ਦੇ ਵਿਰੁਧ ਡਟ ਗਏ। ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਬੜੇ ਦਲੇਰ ਹਨ ਤੇ ਬਹੁਤ ਕੁੱਝ ਸਹਿ ਸਕਦੇ ਹਨ।

ਨਿਰਣਾ

ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਵਰਤਮਾਨ ਰੀਤੀ ਰਿਵਾਜਾਂ ਨੂੰ ਮੂਲੋਂ ਖਤਮ ਨਹੀਂ ਕੀਤਾ ਅਤੇ ਹਿੰਦੂ ਮੁਸਲਮਾਨਾਂ ਦੇ ਨਾਲ ਸ਼ਾਤਮਈ ਢੰਗ ਨਾਲ ਰਹੇ। ਉਨ੍ਹਾਂ ਦਾ ਮੰਤਵ ਰੱਬ ਦੀ ਭਗਤੀ ਦੇ ਪ੍ਰਚਲਤ ਢੰਗ ਦਾ ਖੰਡਨ ਕਰਨਾ ਸੀ। ਆਪ ਨੇ ਮੁਢਲੀ ਸਚਾਈ ਦੀ ਖੋਜ ਦਾ ਇੱਕ ਨਵਾਂ ਢੰਗ ਦੱਸਿਆ। ਉਨ੍ਹਾਂ ਦੇ ਧਾਰਮਕ, ਸਮਾਜਿਕ ਤੇ ਨੈਤਿਕ (ਇਖਲਾਕੀ) ਸੁਧਾਰ ਸਭ ਤੋਂ ਉੱਤਮ ਸਨ। ਇਹ ਸੁਧਾਰ ਜ਼ੋਰਦਾਰ, ਧੀਮੀ ਗਤੀ ਵਾਲੇ ਪਰ ਅਡੋਲ ਸਨ। ਆਪ ਇੱਕ ਚੋਟੀ ਦੇ ਸੁਧਾਰਵਾਦੀ ਸਨ। ਮੈਂ Sir Lepel Griffen ਦੀ ਇਸ ਰਾਏ ਨਾਲ ਸਹਿਮਤ ਹਾਂ ਕਿ ਗੁਰੂ ਨਾਨਕ ਲਈ ਸੁਧਾਰਵਾਦੀ ਸ਼ਬਦ ਪੂਰੀ ਤਰ੍ਹਾਂ ਢੁਕਦਾ ਹੈ। ਸਾਰੰਸ਼ ਇਹ ਹੈ ਕਿ ਗੁਰੂ ਜੀ ਪ੍ਰਮਾਤਮਾ ਵਲੋਂ ਭੇਜੇ ਹੋਏ ਸੁਧਾਰਵਾਦੀ ਸਨ ਜਿਨ੍ਹਾਂ ਦੀ ਰੁਚੀ ਕ੍ਰਾਂਤੀਕਾਰੀ ਤੇ ਨਾਟਕੀ ਸੀ ਅਤੇ ਜਿਨ੍ਹਾਂ ਨੇ ਵਾਹਿਗੁਰੂ ਵਲੋਂ ਦਿੱਤੇ ਇਸ ਕਾਰਜ ਨੂੰ ਚੰਗੀ ਤਰ੍ਹਾਂ ਨਿਭਾਇਆ। ਆਪ ਦਾ ਮੰਤਵ ਬਰਾਬਰੀ ਤੇ ਵਿਸ਼ਪਵਿਆਪੀ ਭਾਈ ਚਾਰਾ ਸਥਾਪਤ ਕਰਨਾ ਸੀ। ਗੁਰੂ ਜੀ ਨੇ ਫਿਰਕਾਪਰਸਤੀ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਵਹਿਮਾਂ ਭਰਮਾਂ ਦੀ ਕਰੜੀ ਨਿਖੇਧੀ ਕੀਤੀ।




.