.

ਸਿੱਖੀ ਦਾ ਘਾਣ
ਸੰਵਿਧਾਨ ਦੀ ਧਾਰਾ {ਮੱਦ} 25 ਬੀ ਤੇ ਸਿੱਖ ਬੀਬੀਆਂ ਦਾ ਰੋਲ

ਗੁਰਪ੍ਰੀਤ ਸਿੰਘ

ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ/ਕਹਾਉਂਦੇ ਹਾਂ। ਪਰ ਬਹੁਤ ਸਾਰੀਆਂ ਰਸਮਾਂ ਉਹ ਨਿਭਾਉਂਦੇ ਹਾਂ, ਜੋ ਗੁਰਮਤਿ ਨਹੀਂ ਹੈ। ਬਹੁਤ ਸਾਰੀਆਂ ਰਸਮਾਂ ਭਾਵੇਂ ਨਜ਼ਰ ਆ ਵੀ ਜਾਂਦੀਆਂ ਹਨ, ਪਰ ਇਹ ਅਜਿਹੀ ਰਸਮ ਹੈ ਜੋ ਸੱਭ ਤੋਂ ਪਹਿਲਾਂ ਨਜ਼ਰ ਆਉਂਦੀ ਹੈ। ਇਸ ਕਰਕੇ ਇਸ ਰਸਮ ਨੂੰ ਅਧਾਰ ਬਣਾ ਕੇ ਇਹ ਲੇਖ ਤੁਹਾਡੀ ਨਜ਼ਰ ਕਰ ਰਿਹਾ ਹਾਂ। ਲੇਖਕ।
ਇਸ ਸਿਰਲੇਖ ਨੂੰ ਵੇਖਦਿਆਂ ਹੀ ਕਈ ਪਾਠਕਾਂ/ਲੇਖਕਾਂ ਦੇ ਮਨ ਵਿੱਚ ਇਹ ਵਿਚਾਰ {ਹੋ ਸਕਦਾ ਹੈ} ਕੁੱਝ ਹਲਚੱਲ ਪੈਦਾ ਕਰੇ ਤੇ ਕੁੱਝ ਇਹ ਸੋਚਣ ਕਿ 25 ਬੀ ਦੀ ਮੱਦ ਦਾ ਔਰਤਾਂ ਵਿੱਚ ਕੀ ਤੇ ਕਿੱਦਾਂ ਦਾ ਰੋਲ ਹੋ ਸਕਦਾ ਹੈ? ਜਾਂ ਉਹ ਇਸ ਮੱਦ ਵਿੱਚ ਕੀ ਰੋਲ ਨਿਭਾ ਸਕਦੀਆਂ ਹਨ? ਇਹ ਤਾਂ, ਉਦੋਂ ਪਤਾ ਲੱਗੂ ਜਦੋਂ ਜਿਓਂ ਜਿਓਂ ਇਸ ਲੇਖ ਨੂੰ ਪੜ੍ਹਦੇ ਚਲੇ ਜਾਓਗੇ।
ਇਹ ਵਿਸ਼ਾ ਜਿਸ ਬਾਰੇ ਮੈਂ ਲਿਖਣ ਦਾ ਮਨ ਬਣਾਇਆ ਹੈ ਇੱਕ ਅਥਾਹ ਪੀੜ੍ਹਾ ਵਿੱਚੋਂ ਨਿਕਲਦਿਆਂ ਇਸ ਨੂੰ ਲਿਖਣ ਦਾ ਮਨ ਬਣਿਆਂ ਹੈ, ਨਹੀਂ ਤਾਂ ਕੋਈ ਲੋੜ ਨਹੀਂ ਸੀ ਜੇ ਕੁੱਝ ਅਜਿਹਾ ਨਾਂ ਵਾਪਰਦਾ। ਪਰ ਜਿਸ ਪਾਸੇ ਸਿੱਖ ਕੌਮ ਦੇ ਲੇਖਕ ਤੇ ਗਾਤਰੇਧਾਰੀ {ਪਾਹੁਲਧਾਰੀ ਤਾਂ ਕਿਸੇ ਵੀ ਤਰ੍ਹਾਂ ਨਹੀਂ ਕਹੇ ਜਾ ਸਕਦੇ ਭਾਂਵੇਂ ਕਿ ਉਹਨਾਂ ਨੇ ਪਾਹੁਲ ਲਈ ਵੀ ਕਿਓਂ ਨਾਂ ਹੋਵੇ} ਤੁਰੇ ਹਨ ਇਹ ਕੇਵਲ ਨਾਮ ਦੀ ਗੱਲ ਕਰਦੇ ਹਨ ਕੁਰੀਤੀਆਂ ਦੀ ਗੱਲ ਨਹੀਂ ਕਰਦੇ। ਜੇ ਕਰਨ ਵੀ ਤਾਂ ਕਿਤੇ ਨਾਂ ਕਿਤੇ ਉਹ ਕੁੱਝ ਮੁੱਦਿਆਂ ਉਤੇ ਤਾਂ ਬੋਲਦੇ ਹੀ ਨਹੀਂ ਹਨ। ਇਹ ਇਹਨਾਂ ਮੁੱਦਿਆਂ ਉਤੇ ਕਿਓਂ ਨਹੀਂ ਬੋਲਦੇ? ਉਹ ਤਾਂ ਇਹੋ ਹੀ ਜਾਨਣ ਪਰ ਇਹਨਾਂ ਮੁੱਦਿਆਂ `ਤੇ ਚੁੱਪ ਰਹਿਣਾਂ ਵੀ ਕੌਮ ਦੀਆਂ ਜੜ੍ਹੀਂ ਤੇਲ ਦੇਣ ਨਾਲੋਂ ਘੱਟ ਗੱਲ ਨਹੀਂ ਹੈ ਤੇ ਇਸ ਕੰਮ ਨੂੰ ਬਖੂਬੀ ਨਿਭਾ ਰਹੇ ਹਨ, ਪਾਹੁਲ ਦੇਣ ਵਾਲੇ ‘ਗੁਰੂ ਦਾ ਰੂਪ ਬਣ ਕੇ ਬਣਨ ਵਾਲੇ ਪੰਜ ਪਿਆਰੇ’ ਵੀ। ਪੰਜ ਪਿਆਰੇ ਬਣਨਾਂ ਸੌਖਾ ਹੈ ਪਰ ਗੁਰੂ ਦਾ ਰੂਪ ਬਣਨਾਂ ਤਾਂ ਬਹੁਤ ਹੀ ਔਖਾ ਹੈ। ਪੰਜ ਪਿਆਰੇ ਵੀ ਦੋ ਕਿਸਮ ਦੇ ਹਨ। ਹੁਣ ਇਹ ਗੱਲ ਵੀ ਕਿਸੇ ਦੇ ਗਲੋਂ ਨਹੀਂ ਉਤਰਨੀ ਕਿ ‘ਪੰਜ ਪਿਆਰੇ’ ਦੋ ਕਿਸਮ ਦੇ ਕਿਵੇਂ ਹੋ ਸਕਦੇ ਹਨ? ਪੰਜ ਪਿਆਰੇ ਤਾਂ ਪੰਜ ਪਿਆਰੇ ਹੀ ਹਨ। ਤੁਸੀਂ ਨਹੀਂ ਮੰਨਦੇ ਤਾਂ ਨਾਂ ਮੰਨੋਂ ਪਰ ਮੈਂ ਤਾਂ ਮੰਨਦਾ ਹਾਂ। ਇੱਕ ‘ਪੰਜ ਪਿਆਰੇ’ ਉਹ ਹਨ ਜੋ ਰਾਜਨੀਤਕ ਪਾਰਟੀ ਅਕਾਲੀ ਦਲ {ਅੰਦਰੋਂ ਪੂਰੀ ਬੀ. ਜੇ. ਪੀ. ਮਖੌਟਾ ਮਜ਼ਬੂਰੀ ਕਾਰਨ ਸਿੱਖ ਵੋਟਾਂ ਲੈਣ ਲਈ ਰੱਖਿਆ ਹੈ} ਵਲੋਂ ਥਾਪੇ ਗਏ ਹਨ ਤੇ ਓਸੇ ਪਾਰਟੀ ਵਲੋਂ ਸਿੱਖਾਈ ਗਈ ਗੁਰਮਤਿ ਦੇ ਹਿਸਾਬ ਨਾਲ ਬੋਲਦੇ ਹਨ ਤੇ ਗੁਰਮਤਿ ਦੀਆਂ ਧੱਜੀਆਂ ਉਡਾਉਂਦੇ ਹਨ। ਜਿਸ ਨੂੰ ਅਸਲ ਗੁਰਮਤਿ ਦੇ ਜਾਣਕਾਰ ਰੌਲਾ ਪਾਉਂਦੇ ਹਨ, ਪਰ ਇਹ ਕਿਸੇ ਦੀ ਨਹੀਂ ਸੁਣਦੇ। ਜਦੋਂ ਇਹ ਕਹਿ ਦੇਣ ਕਿ ਫਲਾਣੇ ਨੂੰ ਛੇਕਣ ਦਾ ਹੁਕਮ-ਨਾਮਾਂ ਜਾਰੀ ਕਰ ਦਿਓ ਤਾਂ ਕਰ ਦਿੰਦੇ ਹਨ, ਜੇ ਉਹ ਕਹਿਣ ਕਿਸੇ ਬਲਾਤਕਾਰੀ ਨੂੰ ਮਾਫ ਕਰ ਦੇਣ ਦਾ ਹੁਕਮਨਾਮਾਂ ਜਾਰੀ ਕਰ ਦੇਣ ਤਾਂ ਉਹ ਕਰ ਵੀ ਦਿੰਦੇ ਹਨ। ਭਾਵ ਅਜਿਹੇ ਪੰਜ ਪਿਆਰੇ ਹਨ ਜਿੰਨ੍ਹਾਂ ਦਾ ‘ਆਪਣਾਂ ਦਿਮਾਗ’ ਨਹੀਂ ਹੁੰਦਾ। ਵੈਸੇ ਵੀ ‘ਦਸਮ ਗਰੰਥ ਨਿਰਣੈ’ ਲਿਖਣ ਵਾਲੇ ਭਾਗ ਸਿੰਘ ਅੰਬਾਲਾ ਨੂੰ ਛੇਕਣ ਵਾਲੇ ਦਾ ਆਪਣਾਂ ਦਿਮਾਗ ਨਹੀਂ ਸੀ। ਜਿਹੜਾ ਜਥੇਦਾਰ ਕਿਸੇ ਲੇਖਕ ਨੂੰ ਪੰਥ ਵਿੱਚੋਂ ਛੇਕ ਦਿੰਦਾ ਹੈ, ਕਿਸੇ ਡੇਰੇ ਵਾਲੇ ਨੂੰ ਮਾਫ ਕਰ ਦਿੰਦਾ ਹੈ, ਕਿਸੇ `ਤੇ ਗੋਲੀ ਚਲਾਉਣ ਵਾਲੇ ਨੂੰ ਪੰਥ ਵਿੱਚੋਂ ਛੇਕਦਾ ਨਹੀਂ ਜਾਂ ਚੁੱਪ ਰਹਿੰਦਾ ਹੈ, ਸਮਝ ਲਓ ਇੱਕ ਤਾਂ ਉਹ ਰਾਜਨੀਤੀ ਦਾ ਗੁਲਾਮ ਹੈ, ਦੂਜਾ -ਗੁਰਮਤਿ ਤੋਂ ਕੋਰਾ ਹੈ, ਤੀਜਾ- ਉਸਦਾ ਆਪਣਾ ਦਿਮਾਗ ਹੈ ਹੀ ਨਹੀਂ। ਚੌਥਾ- ‘ਜਾਨਤ ਹੀ ਅਉਗਨ ਕਰੈ’ ਵਾਲੀ ਗੱਲ ਕਰਦਾ ਹੈ, ਪੰਜਵਾਂ ਉਸ ਨੂੰ ਕਿਸੇ ਗੁਰੂ ਦਾ ਵੀ ਡਰ ਨਹੀਂ ਹੈ {ਲੋਕਾਂ ਦੀ ਤਾਂ ਗੱਲ ਹੀ ਛੱਡੋ} ਤੇ ਗੁਰੂ ਨਾਲੋਂ ਉਹ ਕਈ ਗੁਣਾਂ ਵੱਡਾ ਹੈ।
ਦੂਜੇ ਹਨ ਜੋ ਗੁਰਮਤਿ ਨੂੰ ਜਾਣਦੇ ਹਨ ਤੇ ਕੌਮ ਨੂੰ ਸੁਚੇਤ ਕਰਦੇ ਹਨ ਉਹਨਾਂ ਨੂੰ ਲਾਗੇ ਨਹੀਂ ਆਉਣ ਦਿੱਤਾ ਜਾਂਦਾ। ਇਹਨਾਂ ਪੰਜ ਪਿਆਰਿਆਂ ਨੂੰ ਲੋਕਾਂ ਦੀ ਹਮਾਇਤ ਤਾਂ ਹੈ ਪਰ ਅਜੇ ਸਫਲ ਨਹੀਂ ਹੋ ਰਹੇ। ਖੈਰ! ਇਸ ਬਾਰੇ ਬਹੁਤਾ ਲਿਖਣ ਦੀ ਲੋੜ ਨਹੀਂ ਪੰਜਾਬ ਵਿੱਚ ਜੋ ਕੁੱਝ ਹੋਇਆ ਹੈ ਉਹ ਸੱਭ ਧਿਰਾਂ ਜਾਣਦੀਆਂ ਹੀ ਹਨ।
ਸੂਝਵਾਨ ਲੇਖਕ ਵਰਗ ਜਿਸ ਨੇ ਸੰਵਿਧਾਨ ਵੀ ਪੜ੍ਹਿਆ ਹੈ ਤੇ ਇਸ ਮੱਦ ਬਾਰੇ ਵੀ ਜਾਣਦੇ ਹਨ ਕਿ ਇਸ ਮੱਦ ਨੇ ਸਿੱਖਾਂ ਦੀ ਵੱਖਰੀ ਹੋਂਦ ਨੂੰ ਮੰਨਣ ਤੋਂ ਇਨਕਾਰ ਦਿੱਤਾ ਹੈ। ਉਹਨਾਂ ਦਾ ਸਾਰਾ ਕੁੱਝ ਭਾਂਵੇਂ ਕਿਸੇ ਵੀ ਧਰਮ ਨਾਲ ਨਾਂ ਵੀ ਮਿਲੇ ਆਖਰ ਉਹ ‘ਹਿੰਦੂ’ ਹੀ ਹੈ। ਪਰ ‘ਹਿੰਦੂ’ ਦੀ ਪ੍ਰੀਭਾਸ਼ਾ ਕੀ ਹੈ? ਇਸ ਦਾ ਕੋਈ ਖੁਲਾਸਾ ਨਹੀਂ ਕਰਦਾ। ਇਸ ਮੱਦ ਬਾਰੇ ਸਿੱਖ ਲਗਾਤਾਰ ਲੜਦੇ ਚਲੇ ਆ ਰਹੇ ਹਨ ਪਰ ਸੁਣਵਾਈ ਕੋਈ ਨਹੀਂ ਹੈ। ਸੁਣਵਾਈ ਹੁੰਦੀ ਵੀ ਕਿੱਥੇ ਹੈ? 84 ਦੀ ਨਸਲਕੁਸ਼ੀ ਬਾਰੇ ਕੀ ਕੋਈ ਸੁਣਵਾਈ ਹੋਈ? ਜਿਹੜੇ ਡੇਰੇਦਾਰ ਧੀਆਂ ਭੈਣਾਂ ਨਾਲ ਬਲਾਤਕਾਰ ਕਰੀ ਜਾਣ ਤੇ ਸਾਡੇ ਰਾਜਨੀਤਕ {?} ਸਿੱਖ {?} ਲੀਡਰ {?} ਉਹਨਾਂ ਲਈ ਹੁਕਮਨਾਮੇ ਜਾਰੀ ਕਰ ਦੇਣ ਕਿ ਮਾਫ ਕੀਤਾ {ਕੋਈ ਗੱਲ ਨਹੀਂ ਆਖਰ ਮਹਾਰਾਜ ਹੈ}, ਇਹ ਤਾਂ ਉਹ ਗੱਲ ਹੋਈ ਕਿ ਬ੍ਰਾਹਮਣ ਨੂੰ ਦਲਿਤ ਔਰਤ ਨਾਲ ਕੁੱਝ ਵੀ ਕਰਨ ਦੀ ਖੁੱਲ੍ਹ ਹੈ, {ਬ੍ਰਾਹਮਣ ਦਾ ਦੂਜਾ ਰੂਪ, ਡੇਰੇਦਾਰ ਗੁਰੂ} ਤਾਂ ਕਿਸੇ ਨੂੰ ਕੀ ਇਨਸਾਫ ਮਿਲਿਆ? ਇਹ ਸੋਚਣ ਵਾਲੀ ਗੱਲ ਹੈ।
ਮਰਦ ਪ੍ਰਧਾਨ ਸਮਾਜ ਨੇ ਹੀ ਬਹੁਤ ਸਾਰੇ ਕਾਨੂੰਨ ਲੋਕਾਂ ਲਈ ਵੱਖਰੇ ਬਣਾਏ ਹਨ ਤੇ ਆਪਣੇ ਲਈ ਵੱਖਰੇ। ਇਹ ਤਾਂ ਹੁਣ ‘ਨੋਟਬੰਦੀ’ ਨੂੰ ਲੈ ਕੇ ਸਾਹਮਣੇ ਆ ਹੀ ਚੁੱਕਾ ਹੈ। ਜਨਤਾ ਜ਼ਿਆਦਾ ਪੈਸਾ ਨਹੀਂ ਰੱਖ ਸਕਦੀ, ਆਪ ਜਿੰਨਾਂ ਮਰਜ਼ੀ ਰੱਖ ਲਵੇ। ਉਹ ਕਰੋੜਾਂ ਖਾ ਜਾਵੇ ਤੇ ਦੇਸ਼ ਨੂੰ ਕੋਈ ਹਿਸਾਬ ਦੇਣ ਦੀ ਲੋੜ ਨਹੀਂ। ਜਨਤਾ 2 ਲੱਖ ਜਮ੍ਹਾਂ ਕਰਵਾ ਦਵੇ ਤਾਂ ਉਸਦਾ ਹਿਸਾਬ ਸਰਕਾਰ ਨੂੰ ਦਵੇ ਕਿ ਉਹ ਪੈਸਾ ਕਿੱਥੋਂ ਆਇਆ? ਗੱਲ ਮਰਦ ਪ੍ਰਧਾਨ ਸਮਾਜ ਦੀ ਹੈ ਤੇ ਇਸੇ ਵਿੱਚ ਉਹ ਕੁੱਝ ਕਾਨੂੰਨ ਹਨ ਜੋ ਬਿਪਰਵਾਦ ਨੇ ਬਣਾਏ ਹਨ ਤੇ ਇਹ ਕਾਨੂੰਨ ਸਮਾਜ ਲਈ ਹਨ ਜਿਸ ਨਾਲ ਸਮਾਜ ਦੀ ਅਗਵਾਈ ਬ੍ਰਾਹਮਣ ਨੇ ਕਰਨੀ ਹੈ। ਉਹ ਔਰਤਾਂ ਲਈ ਵੀ ਕਾਨੂੰਨ ਘੜ੍ਹਦਾ ਹੈ। ਉਹ ਕਿਹੜੀਆਂ ਔਰਤਾਂ ਹਨ? ਕੀ ਸਿੱਖ, ਮੁਸਲਮਾਨ, ਈਸਾਈ, ਜੈਨੀ ਔਰਤਾਂ ਆਉਂਦੀਆਂ ਹਨ? ਜਵਾਬ ਹੈ, ਨਹੀਂ। ਸਵਾਲ ਹੈ ਕਿਓਂ ਨਹੀਂ? ਜਵਾਬ ਹੈ- ਕਿਓਂ ਕਿ ਉਹਨਾਂ ਦੇ ਆਪਣੇ ਧਰਮ ਹਨ ਤੇ ਉਹਨਾਂ ਨੇ ਆਪਣੇ ਧਰਮ ਮੁਤਾਬਕ ਚੱਲਣਾਂ ਹੈ। ਸਵਾਲਾਂ ਦਾ ਸਵਾਲ ਹੈ - ਕੀ ਸਿੱਖ ਬੀਬੀਆਂ ਆਪਣੇ ਧਰਮ ਮੁਤਾਬਕ ਚੱਲਦੀਆਂ ਹਨ ਜਾਂ ਹਿੰਦੂ ਧਰਮ ਮੁਤਾਬਕ? ਕੀ ਸਿੱਖ ਬੀਬੀਆਂ ਨੂੰ ਆਪਣੇ ਧਰਮ ਮੁਤਾਬਕ ਨਹੀਂ ਚੱਲਣਾਂ ਚਾਹੀਦਾ? ਜੇ ਹਾਂ ਤਾਂ ਕਿਓਂ ਨਹੀਂ ਚੱਲਦੀਆਂ? ਇਸ ਲਈ ਕਿ ਪਰਚਾਰ ਨਹੀਂ ਹੁੰਦਾ। ਤਾਂ ਤੇ ਹੁਣ ਕੀ ਹੋ ਰਿਹਾ ਹੈ? ਇਸਦਾ ਮਤਲਬ ਹੈ ਪਰਚਾਰ ਅਜੇ ਵੀ ਨਹੀਂ ਹੋ ਰਿਹਾ, ਤੇ ਜੇ ਹੋ ਰਿਹਾ ਹੈ ਤਾਂ ਸੁਧਾਰ ਕਿਓਂ ਨਹੀਂ ਹੋ ਰਿਹਾ? ਪਰਚਾਰਕ ਕਹਿਣਗੇ ਕਿ ਇਹ ਕੰਮ ਸਾਡਾ ਨਹੀਂ, ਲੋਕਾਂ ਨੇ ਆਪਣਾਂ ਆਪ ਸੁਧਾਰਨਾਂ ਹੈ। {ਇਹ ਗੱਲ ਨੂੰ ਮਸਕੀਨ ਨੂੰ ਵੀ ਕਿਸੇ ਰੀਪੋਰਟਰ ਨੇ ਕਹੀ ਸੀ ਤੇ ਉਹਨਾਂ ਜੋ ਜੁਵਾਬ ਦਿੱਤਾ ਉਹ ਇਹ ਸੀ ਕਿ ‘ਮੈਂ ਪਰਚਾਰਕ ਹਾਂ, ਸਮਾਜ ਸੁਧਾਰਕ ਨਹੀਂ’ } ਤੁਸੀਂ ਵੀ ਕੁੱਝ ਸੁਧਰੋ। ਹਰ ਰੋਜ਼ ਹਰ ਗੁਰਦੁਆਰੇ ਤੋਂ ਬੋਲਣ ਵੇਲੇ ਸਿਰੋਪੇ ਕਿਓਂ ਲੈਂਦੇ ਹੋ? ਗੁਰਦੁਆਰਾ ਕਮੇਟੀਆਂ ਨੂੰ ਮਨ੍ਹਾਂ ਕਰੋ ਕਿ ਉਹ ਸਿਰੋਪੇ ਨਾਂ ਦੇਣ। ਇਹ ਕਮੇਟੀਆਂ ਵਾਲੇ ਵੀ ਸੁਧਰਦੇ ਕਿਓਂ ਨਹੀਂ? ਇਸ ਦਾ ਜਵਾਬ ਕਿਸ ਕੋਲ ਹੈ? ਖੈਰ!
ਮੱਦ 25 ਬੀ ਇਹ ਕਹਿੰਦੀ ਹੈ ਕਿ ‘ਸਿੱਖ ਹਿੰਦੂ ਹੀ ਹਨ’ ਇਸ ਮੱਦ ਨੂੰ ਹਟਾਉਣ ਲਈ ਸਿੱਖ ਸੰਵਿਧਾਨ ਦੇ ਲਾਗੂ ਹੋਣ ਵੇਲੇ ਤੋਂ ਹੀ ਲੜਦੇ ਚਲੇ ਆ ਰਹੇ ਹਨ। ਪੰਜਾਬ `ਤੇ ਕਾਬਜ਼ ਸੱਤਾ `ਤੇ ਕਿਸੇ ਵੀ ਸਿੱਖ ਲੀਡਰ ਨੇ ਇਸ ਨੂੰ ਹਟਾਉਣ ਦੀ ਗੱਲ ਨਹੀਂ ਕੀਤੀ, ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਜਾਂ ਅਕਾਲੀਆਂ ਦੀ। ਇਹਨਾਂ ਪਾਰਟੀਆਂ ਨੂੰ ਰਾਜ ਕਰਨ ਦੀ ਲਾਲਸਾ ਹੈ ਕੌਮੀ ਮਸਲਿਆਂ ਨਾਲ ਕੋਈ ਗਰਜ਼ ਨਹੀਂ ਹੈ। ਇਹ ਮੱਦ ਜਿੱਥੇ ਸਿੱਖਾਂ ਨੂੰ ਹਿੰਦੂ ਬਣਾਉਂਦੀ ਹੈ ਓਥੇ ਇਸ ਨੂੰ ਹਟਾਕੇ ਸਿੱਖਾਂ ਦੀ ਵੱਖਰੀ ਹੋਂਦ ਦਰਸਾਉਣ ਲਈ ਯਤਨ ਕਰਨ ਵਾਲਿਆਂ ਦੇ ਮੂੰਹ `ਤੇ ਚਪੇੜ ਉਦੋਂ ਵੱਜਦੀ ਹੈ ਜਦੋਂ ਸਿੱਖ ਬੀਬੀਆਂ ਵਿਆਹ ਸ਼ਾਦੀਆਂ ਵੇਲੇ ਅਜਿਹੀਆਂ ਰਸਮਾਂ ਕਰਦੀਆਂ ਹਨ ਜਿੰਨ੍ਹਾਂ ਦਾ ਸਿੱਖ ਧਰਮ ਦਾ ਦੂਰ ਦਾ ਵੀ ਵਾਸਤਾ ਨਹੀਂ ਹੈ। ਇਹਨਾਂ ਵਿੱਚੋਂ ਇੱਕ ਹੈ ਵਿਆਹੀ ਜਾਂਦੀ ਲੜਕੀ ਦੇ ਸਿਰ `ਚ ਸਿੰਧੂਰ ਪਾਉਣ ਦੀ ਰਸਮ, {ਦੂਜੀ ਹੈ ਵਿਦਾਈ ਵੇਲੇ ਚੌਲਾਂ ਦੀ ਮੁੱਠ ਭਰ ਕੇ ਪਿਛਾਂਹ ਨੂੰ ਸੁੱਟਣੀ, ਤੀਜੀ ਹੈ, ਲੜਕੀ ਜਾਂ ਲੜਕੇ ਨੂੰ ਤੇਲ ਚੋਣ ਵੇਲੇ ਸਵਾਸਤਿਕ ਦਾ ਚਿੰਨ ਬਣਾ ਕੇ ਉੱਤੇ ਬਿਠਾਉਣਾਂ। ਕੀ ਬਦਲਦੇ ਹੋਏ ਜ਼ਮਾਨੇ ਵਿੱਚ ਲੜਕੇ/ਲੜਕੀਆਂ ਆਪ ਨਹਾ ਵੀ ਨਹੀਂ ਸਕਦੇ? ਰੋਜ਼ ਵੀ ਤਾਂ ਨਹਾਉਂਦੇ ਹੀ ਹਨ। ਵਾਹ ਓਏ ਗੁਰੂ ਦੇ ਸਿੱਖੋ। ਕਦੀ ਇਸ ਰਸਮ ਦੇ ਹੋਣ ਵੇਲੇ ਜ਼ਨਾਨੀਆਂ ਵਿੱਚ ਖਲੋ ਕੇ ਵੇਖਿਆ ਕਰੋ ਕਿ ਇਹ ਗੁਰਸਿੱਖੀ ਸਿਧਾਂਤਾਂ ਤੋਂ ਦੂਰ ਇਹ ਔਰਤਾਂ ਕਰਦੀਆਂ ਕੀ ਹਨ?} ਇਹ ਰਸਮ ਇੱਕ ਵਾਰ ਸ਼ੁਰੂ ਹੋ ਗਈ ਫਿਰ ਵਿਆਹੀ ਗਈ ਲੜਕੀ ਇਸ ਰਸਮ ਨੂੰ ਕਰਦੀ ਚਲੀ ਜਾਂਦੀ ਹੈ। ਮੈਂ ਕੁੱਝ ਆਪਣੇ ਰਿਸ਼ਤੇਦਾਰਾਂ ਦੀਆਂ ਲੜਕੀਆਂ ਤੇ ਨੌਂਹਾਂ ਨੂੰ ਪੁੱਛਿਆ ਤਾਂ ਕੋਈ ਜਵਾਬ ਨਾਂ ਦੇ ਸਕੀਆਂ। ਆਪਣੀਆਂ ਭਣੇਵੀਆਂ ਨੂੰ ਮੈਂ ਮਨ੍ਹਾਂ ਕੀਤਾ ਤਾਂ ਉਹ ਮੂੰਹ ਬਣਾ ਕੇ ਬੈਠ ਗਈਆਂ। ਆਪਣੀਆਂ ਨੂੰਹਾਂ ਵੀ ਤਾਂ ਕਿਸੇ ਦੀਆਂ ਧੀਆਂ ਹਨ ਉਹਨਾਂ ਨੂੰ ਕਿਵੇਂ ਮਨ੍ਹਾ ਕੀਤਾ ਜਾ ਸਕਦਾ ਹੈ ਜਦੋਂ ਘਰਦਿਆਂ ਨੂੰ ਇਨ੍ਹਾਂ ਰਸਮਾਂ ਬਾਰੇ ਪਤਾ ਨਹੀਂ ਤਾਂ ਉਹ ਆਪਣੀਆਂ ਧੀਆਂ ਨੂੰ ਕੀ ਸਿੱਖਿਆ ਦੇਣਗੇ? ਮੇਰੇ ਵੱਡੇ ਭਰਾ ਦੀਆਂ ਦੋ ਨੂੰਹਾਂ ਹਨ ਜੋ ਕਿ ਇੱਕ ਬਰਾਦਰੀ ਵਿੱਚੋਂ ਹੈ ਤੇ ਦੂਜੀ ਗੈਰ ਸਿੱਖ ਹੈ। ਮੇਰੀ ਭੈਣ ਦੀ ਨੂੰਹ ਵੀ ਗੈਰ ਸਿੱਖ ਹੈ। ਇਹ ਦੋਵੇਂ ਹੀ ਸਿੰਧੂਰ ਦੀ ਵਰਤੋਂ ਨਹੀਂ ਕਰਦੀਆਂ ਜਦੋਂ ਕਿ ਦੂਜੀ ਸਿੱਖ ਪਰਿਵਾਰ ਵਾਲੀ ਕਰਦੀ ਹੈ।
ਅਜਿਹੀਆਂ ਰਸਮਾਂ ਨੂੰ ਰੋਕਣ ਲਈ ਬੀਬੀਆਂ ਨੂੰ ਆਪ ਸਮਝ ਨਹੀਂ ਹੈ, ਕਿਓਂ ਕਿ ਉਹਨਾਂ ਨੂੰ ਸਿੱਖ ਇਤਿਹਾਸ ਦਾ ਨਾਂ ਤਾਂ ਪਤਾ ਹੈ ਨਾਂ ਹੀ ਉਹ ਜਾਨਣਾਂ ਚਾਹੁੰਦੀਆਂ ਹਨ। ਟੀ. ਵੀ. ਸੀਰੀਅਲ ਜਦੋਂ ਵੇਖਦੀਆਂ ਹਨ ਤਾਂ ਇਨ੍ਹਾਂ ਦੀ ਵੇਖਾ ਸੇਖੀ ਇਹ ਕੰਮ ਕਰਦੀਆਂ ਹਨ। ਹੋਰ ਵੀ ਅਜਿਹੀਆਂ ਕਈ ਰਸਮਾਂ ਹਨ ਜੋ ਰਹਿਤ ਮਰਿਆਦਾ ਦੇ ਮੁਤਾਬਕ ਨਹੀਂ ਕਰਨੀਆਂ ਚਾਹੀਦੀਆਂ ਪਰ ਉਹ ਕਰਦੀਆਂ ਹਨ ਤੇ ਕਰਦੀਆਂ ਵੀ ਗੁਰੂ ਦੀ ਛਾਤੀ `ਤੇ ਚੜ੍ਹ ਕੇ। ਮ੍ਰਿਤਕ ਪ੍ਰਾਣੀ ਨੂੰ ਮੰਜੇ ਤੋਂ ਲਾਹੁਣ ਦਾ ਇਹ ਕੰਮ ਵੀ ਕਰਦੀਆਂ ਹਨ। ਕੁੱਲ ਮਿਲਾ ਕੇ ਰਹਿਤ ਮਰਿਆਦਾ ਦੇ ਉਲਟ ਜਾਂਦੀਆਂ ਹਨ ਤੇ ਇਨ੍ਹਾਂ ਲਈ ਰਹਿਤ ਮਰਿਆਦਾ ਤੇ ਅਕਾਲ ਤਖਤ ਅਰਥਹੀਨ ਹਨ। {{ਸਾਡੇ ਜਥੇਦਾਰ ਐਵੇਂ ਭੂਤਰੇ ਫਿਰਦੇ ਹਨ ਜੇ ਕੋਈ ਇਨ੍ਹਾਂ ਦੀ ਗੱਲ ਨਾਂ ਮੰਨੇ ਤੇ ਨਾਂ ਹੀ ਅਕਾਲ ਤਖਤ ਨੂੰ। ਜਦੋਂ ਕੋਈ ਇਹ ਕਹਿੰਦਾ ਹੈ ਕਿ ਅਕਾਲ ਤਖਤ ਇੱਕ ਬਿਲਡਿੰਗ ਹੈ ਤਾਂ ਇਨ੍ਹਾਂ ਨੂੰ ਜਿੰਨੀ ਖੁਰਕ ਉਦੋਂ ਹੁੰਦੀ ਹੈ ਉਹ ਸੱਭ ਜਾਣਦੇ ਹੀ ਹਨ। ਪਰ ਇਨ੍ਹਾਂ ਔਰਤਾਂ ਵਲੋਂ ਕੀਤੀਆਂ ਜਾਂਦੀਆਂ ਰਸਮਾਂ ਬਾਰੇ ਇਹੋ ਜਥੇਦਾਰ ‘ਘੁੱਗੂ’ ਬਣ ਕੇ ਬਹਿ ਜਾਂਦੇ ਹਨ। ਇਸਦਾ ਅਸਲੀ ਭਾਵ ਇਹ ਹੈ ਅੰਦਰ ਖਾਤੇ ਇਹ ਵੀ ਗੁਰਮਤਿ ਤੋਂ ਕੋਰੇ ਹਨ ਤੇ ਹਿੰਦੂ ਰੀਤੀ ਰਿਵਾਜਾਂ ਦੀ ਹੀ ਤਰਜ਼ਮਾਨੀ ਕਰਦੇ ਹਨ। ਸਵਾਲ ਹੈ ਕਿ ਇਨ੍ਹਾਂ ਔਰਤਾਂ ਬਾਰੇ ਹੁਕਮਨਾਮੇ ਜਾਰੀ ਕਿਓਂ ਨਹੀਂ ਹੁੰਦੇ ਤੇ ਇਨ੍ਹਾਂ ਔਰਤਾਂ ਨੂੰ ਅੱਖਾਂ ਕਿਓਂ ਨਹੀਂ ਵਿਖਾਈਆਂ ਜਾਂਦੀਆਂ ਜੋ ਦੂਜਿਆਂ ਨੂੰ ਵਿਖਾਈਆਂ ਜਾਂਦੀਆਂ ਹਨ?}} ਫਿਰ ਇਨ੍ਹਾਂ ਦੀ ਬਹਿਣੀ ਉਹਨਾਂ ਔਰਤਾਂ ਵਿੱਚ ਹੈ ਜੋ ਗੁਰਮਤਿ ਵੀ ਨਹੀਂ ਜਾਣਦੀਆਂ ਤੇ ਹਿੰਦੂ ਰੀਤਾਂ ਰਿਵਾਜਾਂ ਨੂੰ ਚੰਗੀ ਤਰ੍ਹਾਂ ਜਿੰਨਾਂ ਜਾਣਦੀਆਂ ਹਨ, ਗੁਰਮਤਿ ਇਨ੍ਹਾਂ ਦੇ ਨੇੜੇ ਤੇੜੇ ਨਹੀਂ ਫਟਕਦੀ। ਓਦਾਂ ਘਰਾਂ ਵਿੱਚ ਸਵੇਰੇ ਸ਼ਾਮ ਗੁਟਕੇ ਲੈ ਕੇ ਪਾਠ ਕਰਨ ਬਹਿ ਜਾਂਦੀਆਂ ਹਨ ਤੇ ਆਪਣੇ ਆਪ ਨੂੰ ਬਹੁਤ ਵੱਡੀਆਂ ਸਿੱਖਣੀਆਂ ਸਮਝਦੀਆਂ ਹਨ। ਸ਼ਹਿਰਾਂ ਦੀਆਂ ਰਹਿਣਵਾਲੀਆਂ ਬੀਬੀਆਂ ਵੱਡੇ ਗੁਰਦੁਆਰਿਆਂ ਵਿੱਚ ਜਾ ਕੇ ਸੇਵਾ {ਪਤਾ ਨਹੀਂ ਕਿਹੜੀ ਸੇਵਾ} ਕਰਦੀਆਂ ਹਨ, ਜਪੁਜੀ, ਸੁਖਮਨੀ ਤੇ ਚੌਪਈ ਦੇ ਚਾਲੀ ਪਾਠ ਕਰਕੇ ਚਲ੍ਹੀਹੇ ਬਗਲੇ ਵਾਂਙ ਇੱਕ ਲੱਤ `ਤੇ ਖਲੋ ਕੇ ਕੱਟਦੀਆਂ ਹਨ ਕੀ ਉਹ ਆਪਣੇ ਗਿਰੀਵਾਨ ਵਿੱਚ ਝਾਕ ਕੇ ਵੇਖਣਗੀਆਂ? ? ? ? ? । ਬੰਦਿਆਂ ਨੂੰ ਇਹਨਾਂ ਰਸਮਾਂ ਨਾਲ ਕੋਈ ਸਰੋਕਾਰ ਨਹੀਂ ਹੈ, ਚਾਹੇ ਉਹ ਪੜ੍ਹੇ ਲਿਖੇ ਹੋਣ ਜਾਂ ਨਾਂ। ਉਹਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਇਹ ਕਰਦੀਆਂ ਵੀ ਕੀ ਹਨ? ਮੇਰੀ ਨਜ਼ਰ ਵਿੱਚ ਇਹ ਪੜ੍ਹੇ/ਅਨਪੜ੍ਹੇ ਕੋਈ ਅਰਥ ਨਹੀਂ ਰੱਖਦੇ ਜਦੋਂ ਇਹ ਆਪਣੇ ਧਰਮ ਤੋਂ ਹੀ ਬੇਖਬਰ ਹਨ। ਇਹਨਾਂ ਨੂੰ ਆਪਣੇ ਹੀ ਧਰਮ ਦੇ ਰੀਤੀ-ਰਿਵਾਜਾਂ ਦਾ ਓਨਾਂ ਪਤਾ ਨਹੀਂ, ਜਿੰਨਾਂ ਦੂਜਿਆਂ ਦੇ ਰਿਵਾਜਾਂ ਬਾਰੇ ਹੈ। ਜੋ ਦੂਜੇ ਧਰਮਾਂ ਦੀਆਂ ਰਸਮਾਂ ਬਾਰੇ ਜਾਣਦਾ ਹੈ, ਉਹ ਸਿੱਖ ਰਹੁ ਰੀਤਾਂ ਬਾਰੇ ਕਦੋਂ ਜਾਣੇਗਾ? ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ ਕਿ ‘ਉਹ ਫਿਰੇ ਨੱਥ ਘੜ੍ਹਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ’। ਸਾਡੇ ਸੂਝਵਾਨ ਸਿੱਖ ਤਾਂ ਇਸ ਮੱਦ ਨੂੰ ਹਟਾਉਣ ਲਈ ਦਿਨ ਰਾਤ ਇੱਕ ਕਰੀ ਫਿਰਦੇ ਹਨ ਪਰ ਸਾਡੀਆਂ ਸਿੱਖ ਬੀਬੀਆਂ {ਮਾਈਆਂ ਰੱਬ ਰਜਾਈਆਂ?} ਅਜਿਹੀ ਖੇਹ ਛਾਣਦੀਆਂ ਹਨ ਕਿ ਕਈ ਵਾਰ ਸੋਚੀਦਾ ਹੈ ਕਿ ਕੀ ਇਹ ਸਿੱਖਾਂ ਨੂੰ ਸਿੱਖ ਰਹਿਣ ਵੀ ਦੇਣਗੀਆਂ? ਸਿੱਖ ਔਰਤਾਂ ਤੇ ਸਿੱਖ ਮਰਦਾਂ ਦੀ ਸੋਚ ਵਿੱਚ ਹੈ ਸਿੱਖੀ ਸਿਧਾਤਾਂ ਤੇ ਸਿੱਖੀ ਰੀਤੀ ਰਿਵਾਜਾਂ ਨੂੰ ਜਾਣੇ ਸਾਡੀ ਜੁੱਤੀ, ਅਸੀਂ ਤਾਂ ਇਹ ਖੇਹ {ਸਿੱਖੀ ਸਿਧਾਤਾਂ ਵਿੱਚ} ਪਾਉਣੀ ਹੀ ਪਾਉਣੀ ਹੈ। ਕਿੱਥੇ ਹਨ ਉਹ ਬੀਬੀ ਅਮਰੋ, ਬੀਬੀ ਭਾਨੀ, ਬੇਬੇ ਨਾਨਕੀ, ਮਾਤਾ ਗੁਜਰ ਕੌਰ, ਮਾਤਾ ਖੀਵੀ ਵਰਗੀਆਂ ਔਰਤਾਂ ਜਿੰਨ੍ਹਾਂ ਦਾ ਨਾਮ ਗੁਰੂ ਗਰੰਥ ਸਾਹਿਬ ਵਿੱਚ ਆਇਆ ਹੈ ਤੇ ਸਿੱਖ ਹਿਸਟਰੀ ਵਿੱਚ ਵੀ। ਕੀ ਅਜਿਹੀਆਂ ਔਰਤਾਂ ਦਾ ਨਾਮ ਸਿੱਖ ਹਿਸਟਰੀ ਵਿੱਚ ਲਿਖਿਆ ਜਾਵੇਗਾ ਜੋ ਕੌਮ ਦਾ ਨੱਕ ਵਢਾਉਣ ਲਈ ਉਹ ਰਸਮਾਂ ਕਰ ਰਹੀਆਂ ਹਨ, ਜਿਸਦਾ ਸਿੱਖੀ ਨਾਲ ਕੋਈ ਸਰੋਕਾਰ ਹੀ ਨਹੀਂ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀਆਂ ਲੜਕੀਆਂ ਕੋਲੋਂ ਇਹ ਕਿਓਂ ਕਰਵਾਇਆ ਜਾਂਦਾ ਹੈ ਕਿ ਹੁਣ ਤੂੰ ਵਿਆਹੀ ਗਈ ਹੈ ਤਾਂ ਸਿੰਧੂਰ ਪਾ। ਇਹ ਸਿੰਧੂਰ ਪਾਉਣ ਵਾਲੀਆਂ ਤੇ ਪਵਾਉਣ ਵਾਲੀਆਂ ਨੂੰ ਸੋਚਣਾਂ ਚਾਹੀਦਾ ਹੈ ਕਿ ‘ਕੀ ਉਹ ਸਿੱਖ ਹਨ?’ ਜਾਂ ਹਿੰਦੂ? ਅਜਿਹਾ ਕਰਕੇ ਉਹ ਸਿੱਖਾਂ ਨੂੰ ਕੀ ਸਿੱਧ ਕਰਦੀਆਂ ਹਨ ਕਿ ਸਿੱਖ ਹਿੰਦੂ ਹੀ ਹਨ? ਏਦਾਂ ਕਰਕੇ ਉਹ ਸਿੱਖ ਕੌਮ ਦਾ ਕੀ ਭਲਾ ਕਰ ਰਹੀਆਂ ਹਨ? ਜਿਹਨਾਂ ਸਿੱਖਾਂ ਨੂੰ ਪਤਾ ਹੁੰਦਿਆਂ ਵੀ ਇਹਨਾਂ ਰਸਮਾਂ ਨੂੰ ਰੋਕਦੇ ਨਹੀਂ ਤੇ ਸਗੋਂ ਕਹਿੰਦੇ ਹਨ, ਕਰਨ ਦਿਓ ਜਿਹੜਾ ਕਰਦਾ ਹੈ ਕੀ ਉਹ ਸਿੱਖਾਂ ਨੂੰ ਸਿੱਖੀ ਤੋਂ ਖਾਰਜ ਕਰਨ ਲਈ ਕੰਮ ਨਹੀਂ ਕਰਦੇ? ਕੁਲਬੀਰ ਸਿੰਘ ਕੌੜਾ ਨੇ ਆਪਣੀ ਕਿਤਾਬ ‘…ਤੇ ਸਿੱਖ ਵੀ ਨਿਗਲਿਆ ਗਿਆ’ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ‘ਕਈਆਂ ਨੇ ਇਹ ਜਵਾਬ ਦਿੱਤਾ ਕਿ ਜੇ ਸਿੱਖ ਹਿੰਦੂਆਂ ਵਿੱਚ ਮਿਲ ਜਾਣਗੇ ਤਾਂ ਕੀ ਹੋਵੇਗਾ ਆਖਰ ਸਿੱਖ……’ ਆਖਰ ਅਜਿਹੇ ਸਿੱਖ ਵੀ ਕੌਮ ਦਾ ਕੀ ਸੰਵਾਰ ਰਹੇ ਹਨ? । ਅਜਿਹਾ ਕਰਕੇ ਇਹ ਅਖੌਤੀ ਸਿੱਖ ਕਿਸ ਦੀ ਹਮਾਇਤ ਕਰ ਰਹੇ ਹਨ ਤੇ ਕਿਸ ਦਾ ਵਿਰੋਧ? ਸਾਫ ਹੈ ਇਹ ਦਿਖਾਵੇ ਦੇ ਸਿੱਖ ਹਨ ਤੇ ਭੇਖੀ ਸਿੱਖ? 84 ਦੇ ਕਤਲੇਆਮ ਵਿੱਚ ਹੋਈ ਦੁਰਗਤੀ ਦਾ ਇਹਨਾਂ `ਤੇ ਜ਼ਰਾ ਜਿੰਨਾਂ ਵੀ ਅਸਰ ਹਾਲੇ ਵੀ ਨਹੀਂ ਹੋਇਆ? ਤਾਂ ਤੇ ਉਸ ਕਥਨ ਮੁਤਾਬਕ ਕਿ ‘ਸਿੱਖਾਂ ਨੂੰ 84 ਭੁੱਲ ਹੀ ਜਾਣਾਂ ਚਾਹੀਦਾ ਹੈ, ਸ਼ਾਇਦ ਹੋਈ ਦੁਰਗਤੀ ਬੇਪਤੀ ਦਾ ਕੋਈ ਰੋਸ ਨਹੀਂ ਹੈ ਤਾਂ ਤੇ ਆਪਣੀਆਂ ਧੀਆਂ ਭੈਣਾਂ ਨੂੰ ਡੇਰੇ ਜਾਣ ਵਿੱਚ ਖੁੱਲ ਦੇ ਹੀ ਦੇਣੀ ਚਾਹੀਦੀ ਹੈ ਕਿਓਂ ਕਿ ਮਾਫੀ ਦੇ ਹੁਕਮਨਾਮੇ ਸਿੱਧ ਕਰਦੇ ਹਨ ਕਿ ਅਜਿਹਾ {ਬਲਾਤਕਾਰ} ਕਰਨ ਨਾਲ ਵਿਗੜਦਾ ਵੀ ਕੀ ਹੈ? ‘ਜੇ ਜੀਵੈ ਪਤਿ ਲਥੀ ਜਾਵੇ॥ ਸਭ ਹਜ਼ਮ ਹੈ ਜੇਤਾ ਕਿਛੁ ਖਾਵੈ॥’ਹਰਾਮ’ ਨਹੀਂ ਸਗੋਂ ਹੁਣ ਤਾਂ ‘ਹਜ਼ਮ’ ਹੋਣ ਵਾਲੀ ਗੱਲ ਹੋ ਰਹੀ ਹੈ। ‘ਲੱਕ ਤੇਰਾ ਟਵੰਟੀ ਫੋਰ, ਤੇ ਕੀ ਹੋਇਆ ਜੇ ਤੇਰੀ ਬਾਂਹ ਫੜ ਲਈ’ ? ਐਵੈਂ ਤਾਂ ਨਹੀਂ ਸਿੱਖ ਸੁਣੀ ਜਾਂਦੇ। ਖੈਰ! ਵਿਸ਼ੇ ਮੁਤਾਬਕ ਲਿਖਣਾਂ ਪੈ ਗਿਆ।
ਉਹਨਾਂ ਪੰਜ ਪਿਆਰਿਆਂ ਦਾ ਕੀ ਕੀਤਾ ਜਾਵੇ ਜੋ ਪਾਹੁਲ ਦੇਣ ਵੇਲੇ ਪੰਜ ਪਿਆਰੇ ਤਾਂ ਬਣ ਜਾਂਦੇ ਹਨ ਪਰ ਅਜਿਹੀਆਂ ਰਸਮਾਂ ਕਰਨ ਤੋਂ ਵਰਜਦੇ ਨਹੀਂ ਹਨ? ਬੀਬੀਆਂ ਤਾਂ ਅੰਮ੍ਰਿਤ ਛਕਣ ਵੇਲੇ ਕੋਕਾ ਤੇ ਕਾਂਟੇ ਉਤਾਰ ਤਾਂ ਦਿੰਦੀਆਂ ਹਨ, ਬਾਅਦ ਵਿੱਚ ਫਿਰ ਪਾ ਲੈਂਦੀਆਂ ਹਨ। ਜੇ ਪੰਜ ਪਿਆਰੇ ਸਿੰਧੂਰ ਪਾਉਣ ਤੋਂ ਵੀ ਵਰਜ ਦੇਣ ਤਾਂ ਕੀ ਗਰੰਟੀ ਹੈ ਕਿ ਉਹ ਬੀਬੀਆਂ ਕੋਕੇ ਤੇ ਕਾਂਟੇ/ਵਾਲੀਆਂ ਦੁਬਾਰਾ ਪਾਉਣ ਵਾਂਗ, ਇਹ ਨਹੀਂ ਪਾਉਣਗੀਆਂ। ਵਿਆਹ ਸ਼ਾਦੀਆਂ ਵੇਲੇ ਤਾਂ ਵਿਆਹੀਆਂ ਲੜਕੀਆਂ ਨੱਥ {ਸੰਢਿਆਂ ਨੂੰ ਕਾਬੂ ਕਰਨ ਲਈ ਨਕੇਲ ਪਾਈ ਜਾਂਦੀ ਹੈ} ਪਾਉਂਦੀਆਂ ਹਨ, ਭਾਵ ਮਰਦ ਦੀ ਅਸਲ ਗੁਲਾਮੀ ਕਬੂਲ ਕਰ ਲੈਂਦੀਆਂ ਹਨ ਕਿ ਔਰਤ ਮਰਦ ਦੇ ਬਰਾਬਰ ਨਹੀਂ ਹੋ ਸਕਦੀ {ਸ਼ਾਇਦ ਇਸੇ ਕਰਕੇ ਦਰਬਾਰ ਸਾਹਿਬ ਵਿੱਚ ਔਰਤਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ} ਭਾਵੇਂ ਬਾਬੇ ਨਾਨਕ ਨੇ ਕਿਹਾ ਹੈ ਕਿ ਸੋ ਕਿਓਂ ਮੰਦਾ ਆਖੀਐ. .॥ ਆਖੀ ਜਾਵੇ ਬਾਬਾ ਜਿੰਨੀ ਵਰ੍ਹਾਂ ਮਰਜ਼ੀ ਕਹੇ, ਪਰ ਮੈਂ {ਔਰਤ} ਮੰਨਣ ਨੂੰ ਤਿਆਰ ਨਹੀਂ ਹਾਂ, ਅਜਿਹੀ ਅਜ਼ਾਦੀ ਜਿਸ ਨੇ ਉਸਨੂੰ ਪੈਰਾਂ ਦੀ ਜੁੱਤੀ ਤੋਂ ਵੱਡਾ ਰੁਤਬਾ ਦਿੱਤਾ ਹੈ ਕਿ ਔਰਤ ਮਰਦ ਦੇ ਬਰਾਬਰ ਹੈ ਤੇ ਅਜਿਹੀ ਔਰਤ ਨੂੰ ਮਾੜਾ {ਮੰਦਾ} ਕਿਵੇਂ ਕਿਹਾ ਜਾ ਸਕਦਾ ਹੈ? ਅਜਿਹੀ ਸਥਿਤੀ ਵਿੱਚ ਬਾਬੇ {ਨਾਨਕ} ਨੂੰ `ਚੰਗਾ’ ਵੀ ਕਿਵੇਂ ਕਿਹਾ ਜਾ ਸਕਦਾ ਹੈ?
ਪਰਚਾਰਕ ਚਾਹੇ ਮੰਜੀ ਸਾਹਿਬ {ਦਰਬਾਰ ਸਾਹਿਬ} ਤੋਂ ਬੋਲਣ ਜਾਂ ਕਿਸੇ ਵੀ ਹੋਰ ਚੈਨਲ ਤੋਂ ਮੈਂ ਉਹਨਾਂ ਨੂੰ ਅੱਜ ਤੱਕ ਇਸ ਮੁੱਦੇ ਬਾਰੇ ਬੋਲਦਿਆਂ ਕਦੀ ਨਹੀਂ ਸੁਣਿਆ। ਇਹਨਾਂ ਪਰਚਾਰਕਾਂ ਦੀਆਂ ਔਰਤਾਂ ਖੁੱਦ ਹੀ ਇਹ ਕੰਮ ਕਰਦੀਆਂ ਹਨ। ਦੋਸ਼ ਕਿਸ ਨੂੰ ਦਈਏ? ਸਵਾਲ ਹੈ-ਜਿਹੜੇ 25 ਬੀ ਦੀ ਮੱਦ ਬਾਰੇ ਚਿੰਤਤ ਹਨ, ਕੀ ਇਹ ਬੀਬੀਆਂ ਉਹਨਾਂ ਦੀ ਮਿਹਨਤ `ਤੇ ਪਾਣੀ ਫੇਰ ਕੇ, ਸਿੱਖ ਕੌਮ ਦਾ ਕਿਹੜੇ ਪਾਸੇ ਤੋਂ ਭਲਾ ਕਰ ਰਹੀਆਂ ਹਨ? ਸਿੱਖ ਹੋ ਕੇ, ਸਿੱਖਣੀਆਂ ਬਣ ਕੇ, ਘਰ ਵਿੱਚ ਬਾਣੀਆਂ ਪੜ੍ਹਦੀਆਂ ਹਨ, ਗੁਰਦੁਆਰੇ ਜਾਂਦੀਆਂ ਹਨ, ਸੇਵਾ ਕਰਦੀਆਂ ਹਨ ਤੇ ਇਸ ਦੇ ਬਾਵਯੂਦ ਵੀ ਇਹਨਾਂ ਦੇ ਅੰਦਰ ਸਿੱਖੀ ਦਾ ਵਾਸਾ ਕਿਓਂ ਨਹੀਂ ਹੋ ਰਿਹਾ? ਕੌਣ ਹੈ ਦੋਸ਼ੀ ਜੋ ਇਸ ਬਾਰੇ ਸੋਚਣ ਲਈ ਦਿਮਾਗਾਂ ਨੂੰ ਤਾਲਾ ਸਦਾ ਲਈ ਲੱਗਾ ਚੁੱਕਾ ਹੈ। ਬੀਬੀਆਂ ਨੂੰ ਦੋਸ਼ ਦੇਣਾਂ ਤਾਂ ਠੀਕ ਹੈ, ਸਿੱਖਾਂ ਦੇ ਦਿਮਾਗਾਂ ਨੂੰ ਵੀ ਤਾਲਾ ਕਿਓਂ ਲੱਗਾ ਹੋਇਆ ਹੈ? ਮੈਂ ਉਸ ਸਿੱਖ ਨੂੰ ਸਿੱਖ ਹੀ ਨਹੀਂ ਮੰਨਦਾ ਜੋ ਬੋਲ ਕੇ ਰਾਜ਼ੀ ਨਹੀਂ ਹੈ, ਜਾਂ ਕਹਿੰਦਾ ਹੈ, ਚੁੱਪ ਰਹੋ? ਗੁਰਬਾਣੀ ਦੇ ਅਨੇਕਾਂ ਮਸਲਿਆਂ ਅਤੇ ਕੌਮੀ ਮਸਲਿਆਂ ਉਤੇ ਬੋਲਣ ਨਾਲੋਂ ਅਜਿਹੇ ਮਸਲੇ ਬਾਰੇ ਨਾਂ ਬੋਲਣਾਂ ਕੌਮ ਦੀਆਂ ਜੜ੍ਹੀ ਤੇਲ ਦੇਣ ਵਾਲੀ ਗੱਲ ਹੈ ਤੇ ਇਹ ਕੰਮ ਉਹ ਕਰ ਰਹੇ ਹਨ ਜੋ ਬੋਲਦੇ ਨਹੀਂ, ਜਾਂ ਬੋਲਣ ਤੋਂ ਕੰਨੀ ਕਤਰਾਉਂਦੇ ਹਨ ਤੇ ਭੇਸ ਸਿੱਖੀ ਦਾ ਧਾਰੀ ਬੈਠੇ ਹਨ।
ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਾਪਿਆਂ ਨੂੰ ਸੁੱਧ ਬੁੱਧ ਕੋਈ ਨਹੀਂ ਹੈ, {ਚਾਹੇ ਉਹ ਮਾਪੇ ਹੋਣ ਜਾਂ ਸਹੁਰਾ ਪਾਸਾ}। ਪਰਚਾਰਕ ਬੋਲ ਕੇ ਰਾਜ਼ੀ ਨਹੀਂ, ਸਿੱਖ ਮਿਸ਼ਨਰੀਆਂ ਦੇ ਘਰਾਂ ਵਿੱਚ ਇਹੋ ਕੁੱਝ ਹੋ ਰਿਹਾ ਹੈ ਤਾਂ ਦੱਸੋ ਸਿੱਖੀ ਦਾ ਹੋ ਰਿਹਾ ਪਰਚਾਰ ਟੈਮ ਪਾਸ ਨਹੀਂ ਤਾਂ ਹੋਰ ਕੀ ਹੈ? ਕੀ ਸਮੁੱਚੇ ਸਿੱਖ ਗੁਰਦੁਆਰਿਆਂ ਅੰਦਰ ਲੰਗਰ ਖਾਣ ਲਈ ਹੀ ਤਾਂ ਨਹੀਂ ਜਾਂਦੇ?
ਸਿੱਖਾਂ ਦੀਆਂ ਵਿਰੋਧੀ ਜਮਾਤਾਂ ਤਾਂ ਇਸ ਮਿਸ਼ਨ ਉੱਤੇ ਹੀ ਕੰਮ ਕਰ ਰਹੀਆਂ ਹਨ ਕਿ ਅਸੀਂ ਸਿੱਖਾਂ ਦਾ ਭੋਗ ਓਸੇ ਤਰ੍ਹਾਂ ਪਾ ਕੇ ਰਹਾਂਗੇ ਜਿਵੇਂ ਬੁੱਧ ਧਰਮ ਦਾ ਪਾ ਦਿੱਤਾ ਹੈ। ਸਿੱਖਾਂ ਨੂੰ ਸਮੇਂ ਸਮੇਂ ਚਨੌਤੀਆਂ ਮਿਲਦੀਆਂ ਰਹੀਆਂ ਹਨ {ਤੇ ਮਿਲ ਰਹੀਆਂ ਹਨ}। ਕਹਿੰਦੇ ਹਨ ਇੱਕ ਵਾਰ ਖੁਸ਼ਵੰਤ ਸਿੰਘ ਨੇ ਹੀ ਕਹਿ ਦਿੱਤਾ ਸੀ ਕਿ ਇਸ ਸਦੀ {2000 ਤੱਕ} ਦੇ ਅੰਤ ਤੱਕ ਸਿੱਖ ਕੌਮ ਖਤਮ ਹੋ ਜਾਵੇਗੀ। {ਸਿੱਖ ਧਾਰਮਿਕ/ਰਾਜਨੀਤਕ ਪਖੋਂ ਤਾਂ ਵੈਸੇ ਹੀ ਖਤਮ ਹੋ ਚੁੱਕੇ ਹਨ, ਅਸਲੀ ਭੇਸ ਤਾਂ ਕਦੇ ਦਾ ਖਤਮ ਹੋ ਚੁੱਕਾ ਹੈ। ਦਿਸਣ ਵਾਲਾ ਵੀ ਖਤਮ ਹੁੰਦਾ ਜਾ ਰਿਹਾ ਹੈ} 1984 ਜੂਨ ਵਿੱਚ ਹੋਇਆ ਕਤਲੇਆਮ ਤੇ ਨਵੰਬਰ 84 ਵਿੱਚ ਹੋਈ ਨਸਲਕੁਸ਼ੀ {ਜਿਸ ਨੂੰ ਸਾਡੇ ਸਿੱਖ ਲੇਖਕ ‘ਦੰਗੇ’ ਲਿਖਦੇ ਹਨ, ਇਹਨਾਂ ਨੂੰ ਹਾਲੇ ਦੰਗਿਆਂ ਵਿੱਚ ਤੇ ਨਸਲਕੁਸ਼ੀ ਵਿੱਚ ਫਰਕ ਦਾ ਪਤਾ ਨਹੀਂ ਹੈ, ਉਹ ਕਾਹਦਾ ਸੂਝਵਾਨ ਸਿੱਖ ਹੋਇਆ?} ਕੀ ਸੀ? ਸਿੱਖਾਂ ਨੂੰ ਅਜਿਹਾ ਸਬਕ ਸਿਖਾ ਕੇ ਸਿੱਖੀ ਤੋਂ ਹੀ ਤੋੜਨਾਂ ਸੀ ਜੋ ਟੁੱਟ ਚੁੱਕੇ ਹਨ, ਤੇ ਸਿੱਖ ਹੁਣ ਫਿਰ ਚਿੰਤਤ ਹਨ ਕਿ ਨੌਜਵਾਨ ਪਤਿਤ ਕਿਓਂ ਹੋ ਰਿਹਾ ਹੈ? ਹੁਣ ਨੌਜਵਾਨਾਂ ਦੀ ਚਿੰਤਾ ਦੇ ਨਾਲ ਨਾਲ ਬੀਬੀਆਂ ਦੀ ਵੀ ਕਰੋ ਕਿ ਇਹ ਜੋ ਰਸਮਾਂ ਕਰ ਰਹੀਆਂ ਹਨ, ਉਹ ਵਿਰੋਧੀ ਜਮਾਤਾਂ ਦੀ ਅੰਦਰ ਖਾਤੇ ਹਮਾਇਤ ਨਹੀਂ ਕਰ ਰਹੀਆਂ? ਜਿੰਨ੍ਹਾਂ ਨੂੰ ਬੜੇ ਚਾਵਾਂ ਨਾਲ ਪਾਲਦੇ ਹੋ ਤੇ ਮਾਣ ਨਾਲ ਕਹਿੰਦੇ ਹੋ ਕਿ ‘ਇਹ ਸਾਡੀ ਬੇਟੀ ਹੈ।’ ਕੀ ਉਹ ਅਜਿਹਾ ਕਰਕੇ ‘ਤੁਹਾਡੀ ਬੇਟੀ’ ਹੈ ਵੀ ਜੋ ਏਦਾਂ ਕਰ ਰਹੀ ਹੈ ਜਾਂ ਆਸਤੀਨ ਦਾ ਸੱਪ? ਪਰ ਸਵਾਲ ਹੈ ਕਿ ਤੁਸੀਂ ਪੂਰਨ ਤੌਰ `ਤੇ ਸਿੱਖ ਹੋ? ਜੇ ਪਾਹੁਲ ਲੈ ਵੀ ਲਈ ਹੈ ਤੇ ਇਹੋ ਕੰਮ ਕਰ ਰਹੇ ਹੋ ਤਾਂ ਸੋਚਣਾਂ ਕਿ ਤੁਹਾਡੇ ਅੰਦਰ ਸਿੱਖੀ ਦੇ ਕਿੰਨੇ ਪ੍ਰਤੀਸ਼ਤ ‘ਸਿੱਖ ਜਰਾਸੀਮ’ ਹਨ? ਚੁੱਪ ਰਹਿਣ ਵਾਲੇ ਤੇ ਉਪਦੇਸ਼ ਦੇਣ ਵਾਲੇ ਸਿੱਖੀ ਦੇ ਹਮਾਇਤੀ ਨਹੀਂ ਕਹੇ ਜਾ ਸਕਦੇ, ਬਲਕਿ ਅੰਦਰ ਖਾਤੇ ਉਹ ਵਿਰੋਧੀ ਜਮਾਤਾਂ ਲਈ ਕੰਮ ਕਰ ਰਹੇ ਹਨ।
ਸੰਵਿਧਾਨ ਦੀ ਧਾਰਾ 25 ਬੀ ਤੇ ਲੜਨ ਵਾਲੇ ਸਿੱਖਾਂ ਨੂੰ ਇੱਕ ਨਜ਼ਰ ਸਿੰਧੂਰ ਪਾਉਣ ਵਾਲੀਆਂ ਸਿੱਖ ਔਰਤਾਂ ਵੱਲ ਵੀ ਮਾਰ ਲੈਣੀ ਚਾਹੀਦੀ ਹੈ ਕਿ ਜਿਸ ਮੁੱਦੇ ਨੂੰ ਲੈ ਕੇ ਉਹ ਲੜ ਰਹੇ ਹਨ, ਕੀ ਇਹ ਔਰਤਾਂ ਤੁਹਾਨੂੰ ਆਪਣੇ ਮਿਸ਼ਨ ਵਿੱਚ ਸਫਲ ਹੋਣ ਦੇਣਗੀਆਂ? ਵਿਦੇਸ਼ਾਂ ਵਿੱਚ ਬੈਠੇ ਸਿੱਖ ਵੀ ਸੋਚ ਲੈਣ ਕਿ ਹਿੰਦੂ ਔਰਤਾਂ ਤੋਂ ਬਗੈਰ ਕਿਸੇ ਵੀ ਧਰਮ ਦੀਆਂ ਔਰਤਾਂ ਸਿਰਾਂ ਵਿੱਚ ਸਿੰਧੂਰ ਨਹੀਂ ਪਾਉਂਦੀਆਂ ਤਾਂ ਸਿੱਖਾਂ ਦੀਆਂ ਹੀ ਕਿਓਂ ਪਾਉਂਦੀਆਂ ਹਨ?
ਕੀ ਸਿੱਖ ਕੌਮ ਦੇ ਸੂਝਵਾਨ ਸੱਜਣ ਇਸ ਪਾਸੇ ਕੁੱਝ ਸੋਚਣਗੇ ਕਿ ਐਸੀ “ਅਉਰਤ ਕਾ ਕਿਆ ਕਰੀਐ? ? ? ?” ਜਿਸ ਨੇ ਬਾਬੇ ਨਾਨਕ ਦੇ ਦਿੱਤੇ ਬਰਾਬਰਤਾ ਦੇ ਹੱਕ ਨੂੰ ਠੁੱਡ ਮਾਰ ਕੇ ਬਿਪਰ ਦੀ ਗੁਲਾਮੀ ਕਰਨ ਵਿੱਚ ਚੈਨ ਦੀ ਨੀਂਦ ਸੌਣ ਵਿੱਚ ਭਲਾਈ ਸਮਝੀ ਹੈ॥ ਤੇ ਗੁਰੂ ਗਰੰਥ ਸਾਹਿਬ ਨੂੰ ਸਦਾ ਲਈ ‘ਮੱਥਾ ਟੇਕ’ ਦਿੱਤਾ ਹੈ॥
ਜੇ ਸੱਸ ਸਹੁਰੇ ਗੁਰਮਤਿ ਨੂੰ ਮੰਨਣ ਵਾਲੇ ਤੇ ਕੁਰੀਤੀਆਂ ਨੂੰ ਦੂਰ ਕਰਨ ਵਾਲੇ ਹੋਣ ਤੇ ਉਹਨਾਂ ਦੀ ਨੂੰਹ ਸਿੰਧੂਰ ਦੀ ਵਰਤੋਂ ਕਰੇ ਤਾਂ ਇਹ ਗੁਰੂ ਦੀ ਛਾਤੀ `ਤੇ ਮੂੰਗ ਦਲਣ ਵਾਲੀ ਗੱਲ ਨਹੀਂ ਹੋਵੇਗੀ ਕਿ ਤੁਸੀਂ ਜੋ ਮਰਜ਼ੀ ਕਰੋ ਮੈਂ ਇਹ ਬਿਪਰਵਾਦੀ ਸੋਚ ਨੂੰ ਮੰਨਣਾਂ ਹੀ ਹੈ ਤਾਂ ਸੋਚਣ ਵਾਲੀ ਗੱਲ ਹੈ ਕਿ ਉਹ ਬੱਚਿਆਂ ਨੂੰ ਸਿੱਖੀ ਬਾਰੇ ਕੀ ਸਿਖਾਵੇਗੀ ਕਿ ਸਾਡਾ ਧਰਮ ਕੀ ਹੈ? ਕਿੱਥੇ ਹੈ ਉਹ ਅਜਿਹੀ ਮਾਤਾ ਗੁਜਰੀ ਜੋ ਆਪਣੇ ਨੰਨ੍ਹੇ ਸਾਹਿਬਜ਼ਾਦਿਆਂ ਨੂੰ ਸਿੱਖੀ ਦੀ ਜਾਣਕਾਰੀ ਦੇਣਾਂ ਸਿਖਾ ਗਈ ਸੀ। ਕੀ ਅੱਜ ਸਿੱਖਾਂ ਦੀਆਂ ਲੜਕੀਆਂ ਸਿੱਖੀ ਬਾਰੇ ਕੁੱਝ ਜਾਨਣ ਦੀ ਕੋਸ਼ਿਸ਼ ਕਰਨਗੀਆਂ ਜਾਂ ਹਿੰਦੂ ਧਰਮ ਦਾ ਹੀ ਪਰਚਾਰ ਕਰਕੇ ਸਿੱਖੀ ਦਾ ਘਾਣ ਕਰਦੀਆਂ ਰਹਿਣਗੀਆਂ? ਕੀ ਸਿੱਖ ਕਹਾਉਣ ਵਾਲੇ ਸਿੱਖ ਧਰਮ ਦੀ ਨਿਆਰੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੁੱਝ ਸ਼ਰਮ ਕਰਨਗੇ ਤੇ ਸਾਡੇ ਲੇਖਕ/ਪਰਚਾਰਕ/ਕਥਾ ਵਾਚਕ ਵੀ? ਜੇ ਤੁਸੀਂ ਅਜਿਹੀਆਂ ਰਸਮਾਂ ਨੂੰ ਰੋਕ ਨਹੀਂ ਸਕਦੇ ਤਾਂ ਫਿਰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਕਿ ਸਾਡੇ ਧਰਮ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਤੁਹਾਨੂੰ ਆਪਣੀ ਕੌਮ ਦਾ ਸਰਵਨਾਸ਼ ਕਰਨ ਲਈ ਕਿਸੇ ਬਾਹਰੀ ਦੁਸ਼ਮਣ ਦੀ ਲੋੜ ਨਹੀਂ, ਤੁਸੀਂ ਸਿੱਖੀ ਭੇਸ ਵਿੱਚ ਖੁੱਦ ਹੀ ਗੁਰੂ ਨਾਨਕ ਵਿਚਾਰਧਾਰਾ ਦੇ ਵਿਰੋਧੀ ਹੋ ਤੇ ਬਿਪਰਵਾਦ ਦੇ ਹਮਾਇਤੀ ਵੀ। ਤੁਸੀਂ ਕਿਸੇ ਵੀ ਹੋਏ ਅਨਿਆਏ ਦੇ ਨਿਆਏ ਲੈਣ ਦੇ ਹੱਕਦਾਰ ਨਹੀਂ ਹੋ ਕਿਓਂ ਕਿ ਸਿੱਖੀ ਵਿੱਚ ਹੋ ਰਹੀਆਂ ਬਿਪਰਵਾਦੀ ਰੀਤਾਂ ਦਾ ਤੁਹਾਨੂੰ ਉਹ ਰਸ ਆ ਚੁੱਕਾ ਹੈ ਜੋ ਗੁਰਮਤਿ ਵਿੱਚੋਂ ਨਹੀਂ ਮਿਲ ਸਕਦਾ।
ਆਖਰ ਵਿੱਚ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਆਨੰਦ ਮੈਰਿਜ ਐਕਟ ਲਈ ਕਿੰਨੇ ਚਿਰ ਤੋਂ ਲੜਾਈ ਲੜੀ ਜਾ ਰਹੀ ਹੈ ਕਿ ਸਿੱਖਾਂ ਦੇ ਵਿਆਹ ਨੂੰ ਸਿੱਖੀ ਐਕਟ ਕਾਨੂੰਨ ਤਹਿਤ ਮਾਨਤਾ ਦਿੱਤੀ ਜਾਵੇ ਨਾਂ ਕਿ ਹਿੰਦੂ ਐਕਟ ਅਧੀਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਹਿਜੀਆਂ ਰਸਮਾਂ ਕੀ ਅਨੰਦ ਮੈਰਜ ਐਕਟ ਦੀਆਂ ਧੱਜੀਆਂ ਨਹੀਂ ਉਡਾਉਂਦੀਆਂ ਤੇ ਉਹਨਾਂ ਸਿੱਖਾਂ ਦੇ ਮੂੰਹ `ਤੇ ਚਪੇੜ {ਤੇ ਉਹ ਵੀ ਕੱਸ ਕੇ} ਨਹੀਂ ਮਾਰਦੀਆਂ ਕਿ ਜਿਹੜੇ ਸਿੱਖ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਵਾਉਣ ਲਈ ਏਨੀ ਮਿਹਨਤ ਕਰਕੇ ਹਨ ਉਹਨਾਂ ਦੇ ਕੀ ਉਹ ਸਿਰ ਸਵਾਹ ਨਹੀਂ ਪਾ ਰਹੀਆਂ, ਇਹ ਸੋਚਣ ਵਾਲੀ ਗੱਲ ਹੈ। ਮੇਰੀ ਉਹਨਾਂ ਪੜ੍ਹੀਆਂ ਲਿਖੀਆਂ ਬੀਬੀਆਂ ਨੂੰ {ਜਿਹਨਾਂ ਨੂੰ ਸਿੱਖ ਕੌਮ ਦੇ ਮਸਲਿਆਂ ਨੂੰ ਜਾਨਣ ਤੇ ਸਮਝਣ ਦੀ ਤੜਪ ਹੈ} ਬੇਨਤੀ ਹੈ ਕਿ ਉਹ ਉਹਨਾਂ ਔਰਤਾਂ ਨੂੰ ਸਮਝਾਉਣ ਦਾ ਯਤਨ ਕਰਨ ਤੇ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਦਾ ਬੀੜਾ ਉਠਾਉਣ ਤੇ ਸਿੱਖ ਪਰਚਾਰਕ ਵੀ ਇਨ੍ਹਾਂ ਰੀਤਾਂ `ਤੇ ਬੋਲਣ ਦੀ ਹਿੰਮਤ ਕਰਨ।
ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ {ਤੇ ਬੀਬੀਆਂ ਵੀ} ਸਿੱਖੋ! ਕੁੱਝ ਸੋਚਣ ਦਾ ਸਮਾਂ ਕੱਢੋਗੇ?




.