.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਇਕੀਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ. ."- ਲੰਮੇ ਸਮੇਂ ਤੋਂ ਮਨੁੱਖੀ ਨਸਲ ਦੀ ਜੜ੍ਹ `ਚ ਲਗਾਤਾਰ ਇੱਕ ਅਜਿਹਾ ਕੋੜ੍ਹ ਵੀ ਪਣਪ ਰਿਹਾ ਹੈ ਜਿਸ ਨੇ ਮਨੁੱਖਾ ਨਸਲ ਨੂੰ ਬਿਲਕੁਲ ਖੋਖਲਾ ਕੀਤਾ ਹੋਇਆ ਹੈ। ਇਹੀ ਕਾਰਣ ਹੈ ਕਿ ਅੱਜ ਉਸ ਪਾਸਿਓਂ ਵੀ ਮਨੁੱਖਾ ਨਸਲ ਦੀ ਹੋਂਦ ਖਤਰੇ `ਚ ਪਈ ਹੋਈ ਹੈ।

ਉਹ ਕੋੜ੍ਹ ਹੈ ਜਾਤਾਂ-ਪਾਤਾਂ, ਵਰਣ ਵੰਡ, ਇੱਕ ਦੂਜੇ ਵਰਗ ਜਾਂ ਦੈਸ਼ `ਤੇ ਭਾਰੂ ਹੋਣ ਅਤੇ ਹੋਰ ਅਨੇਕਾਂ ਰੂਪਾਂ `ਚ ਮਨੁੱਖ-ਮਨੁੱਖ ਵਿੱਚਕਾਰ ਆਪਸੀ ਵਿੱਤਕਰਿਆਂ ਆਦਿ ਵਾਲੇ ਵਿਰੋਧ ਦਾ ਕੋੜ੍ਹ। ਸਪਸ਼ਟ ਹੈ ਸੰਸਾਰ ਭਰ ਦੇ ਮਨੁੱਖ ਨੇ, "ਗੁਰਬਾਣੀ-ਗੁਰੂ" ਦੀ ਸ਼ਰਣ ਤੇ `ਚ ਆ ਕੇ ਤੇ ਆਗਿਆ ਅਨੁਸਾਰ ਜੇ ਅਜੇ ਵੀ ਉਸ ਪਾਸੇ ਧਿਆਨ ਨਾ ਦਿੱਤਾ ਤਾਂ ਬਿਨਾ ਸ਼ੱਕ, ਇਸ ਦੀ ਜੜ੍ਹ `ਚ ਲਗਾ ਹੋਇਆ ਇਹ ਘੁਣ ਤੇ ਕੋੜ੍ਹ ਵੀ ਕਿਸੇ ਸਮੇਂ ਮਨੁੱਖਾ ਨਸਲ ਦੀ ਪੂਰੀ ਤੱਬਾਹੀ ਦਾ ਕਾਰਣ ਬਣ ਸਕਦਾ ਹੈ।

ਦੌਰਾਅ ਦੇਵੀਏ ਕਿ ਸੰਸਾਰ ਤਲ `ਤੇ ਕਈ ਰੂਪਾਂ `ਚ ਮਨੁੱਖ ਦੀ ਜੜ੍ਹ `ਚ ਲਗਾ ਹੋਇਆ ਇਹ ਘੁਣ ਤੇ ਕੋੜ੍ਹ ਹੈ, ਜਾਤਾਂ-ਪਾਤਾਂ, ਵਰਣ-ਵੰਡ, ਉਪ੍ਰੰਤ ਭਿੰਨ-ਭਿੰਨ ਕਬੀਲਿਆਂ ਵਿਚਾਲੇ ਲਗਾਤਾਰ ਵੱਧ ਰਹੇ ਆਪਸੀ ਟਕਰਾਵ, ਮਨੁੱਖ-ਮਨੁੱਖ ਵਿਚਾਲੇ ਕਾਲੇ, ਗੋਰੇ, ਭਿੰਨ-ਭਿੰਨ ਨਸਲਾਂ ਤੇ ਲਿੰਗ-ਭੇਦ ਆਦਿ ਵਾਲੇ ਫ਼ਾਸਲੇ ਤੇ ਦੁਸ਼ਮਣੀਆਂ। ਇਨ੍ਹਾਂ ਤੋਂ ਇਲਾਵਾ ਦੇਸ਼-ਵਿਦੇਸ਼ਾਂ ਦੇ ਨਾਮ `ਤੇ ਵਿੱਤਕਰਿਆਂ ਨਾਲ ਭਰੀ ਹੋਈ ਆਪਸੀ ਜਾਂ ਇੱਕ ਦੂਜੇ ਦੇਸ਼ `ਤੇ ਕਬਜ਼ੇ ਕਰਣ ਅਤੇ ਉਸ ਦੇਸ਼ਾਂ ਦੇ ਲੋਕਾਂ ਦੇ ਖੂਨ ਦੀ ਪਿਆਸ।

ਇਹੀ ਨਹੀਂ, ਅਜੋਕੇ ਸਮੇਂ ਇਹ ਭਿਅੰਕਰ ਸਮਾਜਿਕ ਕੋੜ੍ਹ, ਖੁੱਲੇ-ਆਮ ਇਕ-ਦੂਜੇ ਦੇਸ਼ ਦੇ ਖੂਨ-ਖਰਾਬੇ ਤੇ ਉਸ ਨੂੰ ਗ਼ੁਲਾਮ ਬਨਾਉਣ ਲਈ ਨੰਗਾ ਨਾਚ ਵੀ ਕਰ ਰਿਹਾ ਹੈ। ਇਹੀ ਕਾਰਣ ਹੈ ਕਿ ਹਰੇਕ ਦੇਸ਼ ਰਾਹੀਂ ਆਪਣੇ-ਆਪਣੇ ਦੇਸ਼ ਦੇ ਬਚਾਅ ਦੇ ਪੱਜ ਤੇ ਬਹਾਨੇ, ਹਰ ਪਾਸੇ ਮਨੁੱਖੀ ਤੱਬਾਹੀ ਲਈ ਭਿਅੰਕਰ ਤੋਂ ਭਿਅੰਕਰ ਹਥਿਆਰਾਂ ਨੂੰ ਕੇਵਲ ਇਜਾਦ ਕਰਣ ਵਾਲੀ ਹੋੜ ਹੀ ਨਹੀਂ, ਇੱਕ ਜਾਂ ਦੂਜੇ ਦੇਸ਼ ਪਾਸੋਂ ਵੱਡੇ ਤੋਂ ਵੱਡੇ ਮਾਰੂ ਹਥਿਆਰ ਖ਼ਰੀਦਣ ਵਾਲੀ ਦੌੜ ਵੀ ਦਿਨ ਪੈ ਰਾਤ ਲੱਗੀ ਹੋਈ ਹੈ।

ਤਾਂ ਵੀ, ਇਹ ਵੱਖਰੀ ਗੱਲ ਹੈ ਕਿ ਕਿੱਧਰੇ ਇਸ ਭਿਆਣਕ ਕੋੜ੍ਹ ਅਤੇ ਮਨੁੱਖਾ ਨਸਲ ਦੀ ਜੜ੍ਹ `ਚ ਪਣਪ ਰਹੇ ਇਸ ਘੁਣ ਦਾ ਰੂਪ ਕੇਵਲ ਕਾਲੇ-ਗੋਰੇ ਆਦਿ ਵਿੱਚਕਾਰ ਵਿੱਤਕਰਿਆਂ ਤੀਕ ਹੀ ਸੀਮਤ ਨਾ ਰਹਿ ਕੇ, ਇਸਦਾ ਵੱਡਾ ਭਿਅੰਕਰ ਰੂਪ ਅਜਿਹੀ ਧਾਰਮਿਕ ਸ਼ੰਕੀਰਣਤਾ ਲੈ ਚੁੱਕਾ ਹੈ ਕਿ ਅਮੁੱਕੇ ਦੇਸ਼ ਜਾਂ ਖ਼ਿਤੇ `ਚ ਕਿਸੇ ਵਿਸ਼ੇਸ਼ ਧਰਮ ਤੋਂ ਇਲਾਵਾ, ਦੂਜੇ ਧਰਮ ਦੇ ਲੋਕ ਹੀ ਜ਼ਿੰਦਾ ਨ ਰਹਿਣ ਜਾਂ ਜਿਸ ਧਰਮ ਵਿਸ਼ਵਾਸ `ਚ ਉਹ ਵਿਚਰ ਰਹੇ ਹਨ, ਉਥੋਂ ਦੀ ਸਾਰੀ ਵਸੋਂ ਵੀ ਉਸੇ ਧਰਮ ਦੀ ਅਨੁਯਾਯੀ ਹੋ ਜਾਵੇ। ਇਸੇ ਤਰ੍ਹਾਂ ਦੇਸ਼ੀ ਤੇ ਵਿਦੇਸ਼ੀ ਦੇ ਵਿੱਤਕਰੇ ਅਤੇ ਵਿਰੋਧ ਵੀ ਹਨ।

ਜਦਕਿ ਇਧਰ ਭਾਰਤ `ਚ ਤਾਂ ਵਰਣ-ਵੰਡ ਆਦਿ ਦੇ ਨਾਮ `ਤੇ ਹੀ ਮਨੁੱਖ-ਮਨੁੱਖ ਵਿਚਾਲੇ ਭਿਅੰਕਰ ਪਾੜੇ ਪਾਏ ਹੋਏ ਹਨ। ਉਸੇ ਦਾ ਨਤੀਜਾ ਹੈ ਕਿ ਅੱਜ ਵੀ ਭਾਰਤ ਦੇ ਕਈ ਖੇਤ੍ਰਾਂ `ਚ ਸੁਅਰਣ ਹਿੰਦੂਆਂ ਦੀਆਂ ਬਸਤੀਆਂ ਤੇ ਉਨ੍ਹਾਂ ਦੇ ਖੂਹ ਤੀਕ ਵੱਖ ਹਨ ਤੇ ਅਖੌਤੀ ਸ਼ੂਦਰ ਤੇ ਦਲਿਤਾਂ ਦੀਆਂ ਬਸਤੀਆਂ ਦੇ ਖੂਹ ਵੱਖ। ਫ਼ਿਰ ਉਨ੍ਹਾਂ ਵਿੱਚਕਾਰ ਖੁਨ-ਖ਼ਰਾਬੇ, ਬਲਕਿ ਦਲਿਤਾਂ ਤੇ ਅਖੌਤੀ ਸ਼ੂਦਰਾਂ ਦੀਆਂ ਬਸਤੀਆਂ `ਚ ਸਾੜ-ਫੂਕ ਉਨ੍ਹਾਂ ਦੀ ਮਾਰ-ਤਾੜ, ਤੱਬਾਹੀਆਂ ਤੇ ਬਰਬਾਦੀਆਂ-ਲਗਭਗ ਨਿੱਤ ਦੀਆਂ ਖ਼ਬਰਾਂ ਹਨ

ਜਦਕਿ ਇਧਰ ਗੁਰਬਾਣੀ ਦੇ ਚਰਣਾਂ `ਚ ਆਵੀਏ ਤਾਂ ਗੁਰੂ ਦਰ `ਤੇ:-

"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ"

(ਪੰ: ੧੩੪੯) ਵਰਗੇ ਗੁਰਬਾਣੀ ਦੇ ਨਿਰਮਲ ਸਿਧਾਂਤ ਸਾਡੀ ਅਗਵਾਹੀ ਕਰ ਰਹੇ ਹਨ।

ਭਾਵ ਸੰਸਾਰ ਤਲ `ਤੇ, ਇਸ ਪੱਖੋਂ ਵੀ ਸਭ ਤੋਂ ਪਹਿਲ਼ਾਂ ਇਹ ਮਾਨ "ਗੁਰਬਾਣੀ-ਗੁਰੂ" ਨੂੰ ਹੀ ਪ੍ਰਾਪਤ ਹੈ ਜਿੱਥੇ ਪਾਤਸ਼ਾਹ ਨੇ ਕੇਵਲ (ੳ) ਗੁਰਬਾਣੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਰਾਹੀਂ ਹੀ ਨਹੀਂ ਬਲਕਿ (ਅ) ਗੁਰ-ਇਤਿਹਾਸ ਰਾਹੀਂ ਵੀ ਸਮੂਚੇ ਮਨੁੱਖ ਮਾਤ੍ਰ ਨੂੰ ਇਸ ਪੱਖੌਂ ਸੁਚੇਤ ਕੀਤਾ।

ਘੁਰਦੇਵ ਨੇ ਸਪਸ਼ਟ ਕੀਤਾ, ਜੇ ਅਜੇ ਵੀ ਮਨੁੱਖ ਇਮਾਨਦਾਰੀ ਨਾਲ "ਗੁਰਬਾਣੀ-ਗੁਰੂ" ਦੀ ਸ਼ਰਣ `ਚ ਆ ਜਾਵੇ ਅਤੇ ਗੁਰ ਇਤਿਹਾਸ ਤੋਂ ਅਗਵਾਹੀ ਲੈ ਲਵੇ ਤਾਂ ਅਜਿਹੇ ਵਿਨਾਸ਼ਕਾਰੀ ਹਾਲਾਤਾਂ ਬਲਕਿ ਮਨੁੱਖੀ ਨਸਲ ਦੀ ਉਸ ਸੰਭਾਵਿਤ ਤੱਬਾਹੀ ‘ਤੋਂ ਪੂਰੀ ਤਰ੍ਹਾਂ ਬੱਚ ਸਕਦਾ ਹੈ। ਤਾਂ ਤੇ:-

(੧) ਗੁਰਬਾਣੀ ਨੇ ਭਾਰਤ ਵਿੱਚਲੇ ਬ੍ਰਾਹਮਣੀ ਵਰਣ-ਵੰਡ ਵਾਲੇ ਮਨੁੱਖਾ ਨਸਲ ਦੇ ਦੁਸ਼ਮਣ ਇਸ ਮਾਰੂ ਰੋਗ ਤੇ ਰਾਖਸ਼ ਨੂੰ ਨਸ਼ਰ ਕੀਤਾ। ਅਜਿਹਾ ਰੋਗ ਤੇ ਰਾਖਸ਼ ਜਿਸਦੀ ਹੋਂਦ ਦਾ ਨਤੀਜਾ ਭਾਰਤ ਕਈ ਸਦੀਆਂ ਤੀਕ ਗ਼ੁਲਾਮੀ ਦੇ ਸੰਗਲਾਂ `ਚ ਬੱਝਾ ਰਿਹਾ ਅਤੇ ਉਸ ਪੱਖੋਂ ਅਜੇ ਵੀ ਆਜ਼ਾਦ ਨਹੀਂ।

(੨) ਗੁਰਦੇਵ ਨੇ, ਗੁਰਬਾਣੀ-ਗੁਰੂ ਦੇ ਅਦੇਸ਼ਾਂ ਰਾਹੀਂ ਬੇਅੰਤ ਵੀ ਸੰਸਾਰ ਤਲ `ਤੇ ਸਮੂਚੀ ਮਨੁੱਖਾ ਨਸਲ ਨੂੰ ਵੀ ਜਾਤਾਂ ਪਾਤਾਂ ਆਦਿ ਦੇ ਕੇਵਲ ਵਿੱਤਕਰਿਆਂ ਵੱਲੋਂ ਸੁਚੇਤ ਹੀ ਨਹੀਂ ਬਲਕਿ ਉਸ ਦੀ ਇਸ ਮੂਰਖਤਾ ਅਤੇ ਆਪਹੁੱਦਰੇਪਣ ਨੂੰ ਵੰਗਾਰਿਆ ਵੀ।

(i) ਬੇਸ਼ਕ, ਇਸ ਪੱਖੋਂ ਬਹੁਤੇ ਵੇਰਵੇ `ਚ ਅਜੇ ਨਾ ਵੀ ਜਾਵੀਏ ਤਾਂ ਵੀ ਵਿਸ਼ੇ ਦੀ ਭਿਅੰਕਰਤਾ ਨੂੰ ਪਹਿਚਾਨਣ ਤੇ ਸਮਝਣ ਲਈ ਅਸੀ ਪਹਿਲਾਂ ਕੁੱਝ ਗੁਰਬਾਣੀ ਫ਼ੁਰਮਾਨ ਲੈ ਰਹੇ ਹਾਂ।

() ਫ਼ਿਰ ਉਸ ਤੋਂ ਬਾਅਦ ਇਸੇ ਲੜੀ `ਚ ਵਿਸੇ ਨਾਲ ਸੰਬੰਧਤ ਕੁੱਝ ਰੋਸ਼ਨੀ ਗੁਰ ਇਤਿਹਾਸ `ਚੋਂ ਵੀ ਲਵਾਂਗੇ।

ਤਾਂ ਤੇ ਪਹਿਲਾਂ ਵਿਸ਼ੇ ਨਾਲ ਸੰਬੰਧਤ ਪਹਿਲਾਂ ਕੁੱਝ ਗੁਰਬਾਣੀ ਫ਼ੁਰਮਾਨ:-

() "ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ੧ ਕਹੁ ਰੇ ਪੰਡਿਤ! ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ ੧ ਰਹਾਉ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ੨ ॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ. . (ਪੰ: ੩੨੪) ਇਸੇ ਤਰ੍ਹਾਂ ਤੀਜੇ ਪਾਤਸ਼ਾਹ ਦਾ ਫ਼ੁਰਮਾਨ:-

() "ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ ੧ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ ੧ ॥ ਰਹਾਉ॥ ਚਾਰੇ ਵਰਨ ਆਖੈ ਸਭੁ ਕੋਈ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥ ੨ ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮਾੑਰਾ॥ ੩ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਘਟਿ ਵਧਿ ਕੋ ਕਰੈ ਬੀਚਾਰਾ॥ ੪ ॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ" (ਪੰ: ੧੧੨੮) ਹੋਰ

() "ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫)

() "ਦੇਹੀ ਜਾਤਿ ਨ ਆਗੈ ਜਾਏ॥ ਜਿਥੈ ਲੇਖਾ ਮੰਗੀਐ, ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧਨਵੰਤੈ, ਐਥੈ ਓਥੈ ਨਾਮਿ ਸਮਾਵਣਿਆ" (ਪੰ: ੧੧੨) ਪੁਨਾ:

() "ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥ ਸਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ" (ਪੰ: ੩੬੩) ਸੰਬੰਧਤ ਬੇਅੰਤ ਗੁਰਬਾਣੀ ਫ਼ੁਰਮਾਨ, ਇਸ ਤੋਂ ਬਾਅਦ:-

ਵਿਸ਼ਾ-ਗੁਰ ਇਤਿਹਾਸ ਦੇ ਝਰੋਖੇ `ਚੋਂ ਬਨਾਮ

ਬ੍ਰਾਹਮਣੀ ਵਰਣ ਵੰਡ, ਜਾਤ-ਪਾਤ, ਲਿੰਗ ਭੇਦ ਆਦਿ:-

(ੳ) "ਭੰਡਹੁ ਹੀ ਭੰਡੁ ਊਪਜੈ. ."-ਘੋਖਿਆ ਜਾਏ ਤਾਂ ਪੁਰਸ਼ ਪ੍ਰਧਾਨ ਸਮਾਜ ਨੇ ਇਸਤ੍ਰੀ ਵਰਗ ਨਾਲ ਕਦੇ ਵੀ ਨਿਆਂ ਨਹੀਂ ਕੀਤਾ। ਉਸ ਨੂੰ ਸਦਾ ਦੁਬੇਲ ਬਣਾ ਕੇ, ਕਾਮ ਪੂਰਤੀ ਤੇ ਮਨੋਰੰਜਣ ਦਾ ਸਾਧਨ ਬਣਾ ਕੇ ਵਰਤਣ ਦਾ ਯਤਣ ਹੀ ਕੀਤਾ ਹੈ। ਚੂੰਕਿ ਹੱਥਲੇ ਗੁਰਮੱਤ ਪਾਠ ਦੀ ਲੜੀ `ਚ ਅਸੀਂ ਇਹ ਵਿਸ਼ਾ ਪਹਿਲਾਂ ਵੀ ਲੈ ਚੁੱਕੇ ਹਾਂ, ਇਸ ਲਈ ਇੱਥੇ ਦੌਰਾਨ ਦੀ ਲੋੜ ਨਹੀਂ।

ਉਪ੍ਰੰਤ ਗੁਰ ਇਤਿਹਾਸ ਦੇ ਝਰੋਖੇ `ਚੋਂ ਇਸ ਸੰਬੰਧ ਅਸਾਂ ਦੇਖਣਾ ਹੈ ਕਿ ਸੰਸਾਰ ਤਲ `ਤੇ ਸਭ ਤੋਂ ਪਹਿਲਾਂ ਕੇਵਲ ਗੁਰਦੇਵ ਨੇ ਹੀ ਸਮੂਚੀ ਗੁਰਬਾਣੀ `ਚ, ਇਸ ਪੱਖੋਂ ਕੁਰਾਹੇ ਪਏ ਪੁਰਸ਼ ਵਰਗ ਦੀ ਜਿੱਥੇ ਭਰਵੀਂ ਤਾੜਣਾ ਕੀਤੀ; ਉਥੇ ਨਾਲ-ਨਾਲ ਗੁਰਦੇਵ ਨੇ, ਇਸ ਪੱਖੋਂ ਸੰਸਾਰ ਤਲ `ਤੇ ਮਨੁੱਖਾ ਨਸਲ ਦੇ ਬਚਾਅ ਲਈ, ਅਕਾਲਪੁਰਖ ਦੇ ਸਦੀਵਕਾਲੀ ਨਿਯਮ `ਚ, ਇਸਤ੍ਰੀ ਤੇ ਪੁਰਖ, ਦੋਨਾਂ ਵਰਗਾਂ ਲਈ ਬਰਾਬਰ ਦੇ ਸਤਿਕਾਰ ਵਾਲੇ ਵਿਸ਼ੇ ਨੂੰ ਵੀ ਪ੍ਰਗਟ ਕੀਤਾ ਤੇ ਕਰੜਾਈ ਨਾਲ ਵਰਤੋਂ `ਚ ਵੀ ਲਿਆਂਦਾ।

ਗੁਰਬਾਣੀ ਆਦੇਸ਼ਾਂ ਤੋਂ ਇਲਾਵਾ, ਇਸ ਪ੍ਰਕਰਣ ਨੂੰ ਜਦੋਂ ਗੁਰ-ਇਤਿਹਾਸ ਦੇ ਝਰੋਖੇ `ਚੋਂ ਘੋਖਦੇ ਹਾਂ ਤਾਂ ਗੁਰੂ ਨਾਨਾਕ ਸਾਹਿਬ ਵੱਲੋਂ ਚਰਣ ਪਾਹੁਲ਼ ਰਾਹੀਂ ਸੰਗਤਾਂ ਨੂੰ ਗੁਰੂ ਦਰ `ਤੇ ਪ੍ਰਵੇਸ਼ ਕਰਵਾਉਣ ਵਾਲਾ ਸਭ ਤੋਂ ਪਹਿਲਾਂ ਇਹ ਮਾਨ ਵੀ, ਕੇਵਲ ਇਸਤ੍ਰੀ ਵਰਗ ਦੇ ਮੌਹਰੀ ਵਜੋਂ ਹੀ ਨਹੀ ਬਲਕਿ ਸਮੂਚੇ ਮਨੁੱਖ ਸਮਾਜ ਦੇ ਮੋਹਰੀ ਵਜੋ---ਬੇਬੇ ਨਾਨਕੀ ਜੀ ਨੂੰ ਪ੍ਰਾਪਤ ਹੋਇਆ ਜਿਹੜੇ ਰਿਸ਼ਤੇ `ਚ ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ ਵੀ ਸਨ, ਉਪ੍ਰੰਤ ਮਾਤਾ ਖੀਵੀ ਜੀ ਨੂੰ "ਗੁਰੂ ਕੇ ਲੰਗਰਾਂ ਦੇ ਪ੍ਰਮੁੱਖ" ਵਜੋਂ. . ।

(ਅ) ਮਿਰਾਸੀ ਤੋਂ ਭਾਈ ਮਰਦਾਨਾ-ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਦਰ ਦੀਆਂ ਸੰਗਤਾਂ ਲਈ, ਸਵੇਰ ਤੇ ਸ਼ਾਮ ਦੋ ਵੱਕਤ ਦੇ ਸਤਿਸੰਗਾਂ ਦਾ ਅਰੰਭ, ਆਪਣੀ ਬਾਲ ਉਮਰ `ਚ ਹੀ, ਤਲਵੰਡੀ ਵਿਖੇ (ਬਾਅਦ `ਚ "ਨਨਕਾਨਾ ਸਾਹਿਬ" ਤੇ ਹੁਣ ਪਾਕਿਸਤਾਨ `ਚ ਹੈ) ਕਰ ਦਿੱਤਾ ਸੀ।

ਉਸ ਤੋਂ ਵੱਡੀ ਗੱਲ, ਇਨ੍ਹਾਂ ਸਤਿਸੰਗਾਂ ਦੇ ਆਰੰਭ ਲਈ, ਗੁਰਦੇਵ ਨੇ ਸਭ ਤੋਂ ਪਹਿਲਾਂ ਮਿਰਾਸੀ ਕੁਲ `ਚ ਜਨਮੇ ਮਰਦਾਨੇ ਨੂੰ ਹੀ ਆਪਣੀ ਛਾਤੀ ਨਾਲ ਲਗਾਇਆ। ਉਸ ਨੂੰ "ਭਾਈ ਕਹਿ ਕੇ ਨਿਵਾਜਿਆ ਅਤੇ ਆਪਣੀ ਬਰਾਬਰੀ ਵੀ ਦਿੱਤੀ।

ਇਤਨਾ ਹੀ ਨਹੀਂ ਗੁਰਦੇਵ ਨੇ ਸਵੇਰ ਤੇ ਸ਼ਾਮ ਦੇ ਉਨ੍ਹਾਂ ਸਤਿਸੰਗਾਂ `ਚ ਆਪਣੇ ਨਾਲ ਬਿਠਾ ਕੇ ਰਬਾਬ ਵਜਾਉਣ ਦਾ ਜਿਹੜਾ ਮਾਨ ਵੀ ਬਖ਼ਸ਼ਿਆ ਤਾਂ ਉਹ ਵੀ ਉਸ ਭਾਈ ਮਰਦਾਨੇ ਨੂੰ ਹੀ। ਦਰਅਸਲ ਵੱਕਤ ਦੇ ਹਾਲਾਤ ਅਨੁਸਾਰ ਇਹ ਸ਼ਭ, ਆਪਣੇ ਆਪ `ਚ ਗੁਰਦੇਵ ਰਾਹੀਂ ਵਰਣਵੰਡ, ਜਾਤ-ਪਾਤ, ਧਾਰਮਿਕ ਕੱਟਰਤਾ ਤੇ ਮਨੁੱਖੀ ਭੇਦ-ਭਾਵ ਦੇ ਮੁਦਈਆਂ ਨੂੰ ਬਹੁਤ ਵੱਡੀ ਵੰਗਾਰ ਸੀ।

ਪਾਤਸ਼ਾਹ ਚਾਹੁੰਦੇ ਤਾਂ, ਇਹ ਮਾਨ ਅਖੌਤੀ ਉੱਚੀ ਕੁਲ ਦੇ ਕਿਸੇ ਹੋਰ ਮਨੁੱਖ ਨੂੰ ਵੀ ਬਖਸ਼ ਸਕਦੇ ਸਨ। ਪਰ ਆਪ ਦਾ ਨਿਸ਼ਾਨਾ ਤਾਂ ਮਨੁੱਖ-ਮਨੁੱਖ ਵਿੱਚਾਲੇ ਪਾਏ ਹੋਏ ਇਸ ਨਫ਼ਰਤ ਦੇ ਬੀਜ ਦਾ ਸਰਵਨਾਸ਼ ਕਰਣਾ ਸੀ। ਗੁਰਦੇਵ ਨੇ ਇਹ ਮਾਨ ਵੀ ਬਖ਼ਸ਼ਿਆ ਤਾਂ ਮਰਾਸੀ ਕੁਲ ਦੇ ਉਸ ਰਬਾਬੀ ‘ਮਰਦਾਨੇ’ ਨੂੰ ਹੀ।

ਇਹੀ ਨਹੀਂ, ਗੁਰਦੇਵ ਨੇ ਇਸ ਤੋਂ ਪਹਿਲਾਂ ਵੀ, ਕੇਵਲ ਨੌ ਸਾਲ ਦੀ ਉਮਰ `ਚ ਜੰਞੂ ਪਾਉਣ ਤੋਂ ਸਾਫ਼ ਇਨਕਾਰ ਕਰ ਕੇ, ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣ ਦੀ ਚਲਦੀ ਆ ਰਹੀ ਪ੍ਰਭੂਸਤਾ `ਤੇ ਵੀ ਕਰਾਰੀ ਸੱਟ ਮਾਰੀ ਸੀ।

ਜਦਕਿ ਗੁਰਦੇਵ ਰਾਹੀਂ ਅਜਿਹੇ ਹੱਦ ਦਰਜੇ ਦਾ ਕ੍ਰਾਂਤੀਕਾਰੀ ਕੱਦਮ, ਉਸ ਸਮੇਂ ਦੇ ਜਾਤ-ਅਭਿਮਾਨਆਂ, ਵਰਣਵੰਡ ਦੇ ਮੁਦਈਆਂ ਤੇ ਧਾਰਮਿਕ ਅੰਧ-ਵਿਸ਼ਵਾਸੀਆਂ ਆਦਿ ਦੀ ਛਾਤੀ `ਤੇ ਕਿਸੇ ਤਰ੍ਹਾਂ ਵੀ ਮੂੰਗ ਦੱਲਣ ਤੋਂ ਘੱਟ ਨਹੀਂ ਸਨ।

ਗੁਰਦੇਵ ਦੇ ਅਜਿਹੇ ਕ੍ਰਾਂਤੀਕਾਰੀ ਕੱਦਮ, ਹਜ਼ਾਰਾਂ ਸਾਲਾਂ ਤੋਂ ਧਰਮ, ਜਾਤ-ਪਾਤ ਤੇ ਵਰਣਵੰਡ ਦੇ ਨਾਮ ਹੇਠ ਫੈਲਾਈਆਂ ਜਹਾਲਤਾਂ ਤੇ ਆਡੰਬਰਾਂ `ਤੇ ਆਪਣੇ ਆਪ `ਚ, ਸਮੇਂ ਦੀ ਵੱਡੀ ਬੰਬਾਰਮੈਂਟ ਸਨ। ਦੇਖਿਆ ਜਾਵੇ ਤਾਂ ਗੁਰੂ ਪਾਤਸ਼ਾਹ ਤੋਂ ਛੁੱਟ, ਇਹ ਕੰਮ ਕਿਸੇ ਹੋਰ ਦੇ ਵੱਸ ਦੇ ਵੀ ਨਹੀਂ ਸਨ।

ਕੁਝ ਭਾਈ ਮਰਦਾਨਾ ਜੀ ਬਾਰੇ:- ਭਾਈ ਮਰਦਾਨਾ, ਚੌਂਭੜ ਜਾਤ ਦੇ, ਮੀਰ ਬਾਂਦਰੇ ਦਾ ਪੁੱਤਰ ਸੀ। ਇਸ ਦਾ ਜਨਮ ਉਸੇ "ਰਾਏ ਭੋਏ ਦੀ ਤਲਵੰਡੀ" `ਚ ਹੀ ਸੰਮਤ ੧੫੧੬ ਨੂੰ ਹੋਇਆ। ਭਾਈ ਮਰਦਾਨਾ, ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ ਸਾਲ ਮਹੀਨੇ ਵੱਡਾ ਸੀ। ਗੁਰੂ ਕੀਆਂ ਸਾਂਝੀਆਂ ਸੰਗਤਾਂ ਦੇ ਰੂਪ `ਚ ਸਿੱਖ ਧਰਮ `ਚ ਪ੍ਰਵੇਸ਼ ਕਰਣ ਵਾਲਾ ਸਭ ਤੋਂ ਪਹਿਲਾ ਮਾਣ ਵੀ ਇਸ ਨੂੰ ਹੀ ਪ੍ਰਾਪਤ ਹੋਇਆ ਸੀ। ਦਰਅਸਲ ਭਾਈ ਮਰਦਾਨੇ ਨੇ ਇੱਕ ਰਬਾਬੀ ਕੀਰਤਨੀਏ ਦੇ ਰੂਪ `ਚ ਹੀ ਸਿੱਖ ਧਰਮ `ਚ ਪ੍ਰਵੇਸ਼ ਕੀਤਾ ਸੀ।

ਮਰਦਾਨਾ ਜੀ ਦੀ ਕੁਲ ਉਮਰ ਪੌਣੇ ਪੰਜੱਤਰ ਸਾਲ ਸੀ, ਜਿਸ ਦਾ ਵੱਡਾ ਹਿੱਸਾ ਭਾਵ ੪੭ ਸਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ `ਚ ਹੀ ਬਤੀਤ ਹੋਇਆ। ਇਥੋਂ ਤੀਕ ਕਿ ਅਂਤ ਉਨ੍ਹਾਂ ਦੇ ਸਰੀਰ ਦੀ ਸੰਭਾਲ ਵੀ ਗੁਰਦੇਵ ਦੇ ਆਪਣੇ ਕਰ-ਕਮਲਾਂ ਨਾਲ ਹੀ ਕੀਤੀ ਸੀ। ਸਚਮੁਚ ਧੰਨ ਹਨ! ਭਾਈ ਮਰਦਾਨਾ ਜੀ।

ਦਰਅਸਲ ਮਿਰਾਸੀਆ ਦੇ ਪੁਤੱਰ ਹੋਣ ਦੇ ਨਾਤੇ, ਭਾਈ ਮਰਦਾਨੇ ਨੂੰ ਰਾਗ ਵਿਦਿਆ ਦੀ ਗੁੜ੍ਹਤੀ ਬਚਪਨ ਤੋਂ ਹੀ ਪ੍ਰਾਪਤ ਹੋਈ। ਉਨੀ ਦਿਨੀ ਮਿਰਾਸੀਆਂ ਦਾ ਸਭ ਤੋਂ ਪਿਆਰਾ ਤੰਤੀ ਸਾਜ਼, ਰਬਾਬ ਸੀ ਅਤੇ ਅੱਜ ਵੀ ਹੈ। ਇਸੇ ਕਰਕੇ ਉਸ ਨੂੰ ਭਾਈ ਮਰਦਾਨਾ ‘ਰਬਾਬੀ’ ਕਹਿ ਕੇ ਹੀ ਸੱਦਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਪਿਤਾ, ਮਹਿਤਾ ਕਾਲੂ ਜੀ, ਰਾਇ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ, ਇਸੇ ਲਈ ਮਰਦਾਨੇ ਦੇ ਪਿਤਾ ਮੀਰ ਬਾਂਦਰੇ ਦਾ ਗੁਰੂ ਸਾਹਿਬ ਦੇ ਘਰ `ਚ ਆਉਣਾ ਜਾਣਾ ਵੀ ਆਮ ਗੱਲ ਸੀ।

ਮਿਰਾਸੀ ਹੋਣ ਨਾਤੇ ਉਸ ਦੇ ਪ੍ਰਵਾਰ ਦੀਆਂ ਸੈਂਕੜੇ ਲੋੜਾਂ ਤੇ ਰੋਟੀ-ਰੋਜ਼ੀ ਪਾਤਸ਼ਾਹ ਦੇ ਪ੍ਰਵਾਰ ਨਾਲ ਜੁੜੀ ਹੋਈ ਸੀ। ਅਜਿਹੇ ਘਰਾਂ `ਤੇ ਆ ਕੇ ਸੱਦ ਮਾਰਣੀ ‘ਵੇ! ਤੈਨੂੰ ਅਲ੍ਹਾ ਦੀ ਰੱਖ, ਤੇਰੇ ਬੱਚੇ ਜੀਉਣ’ ਆਦਿ; ਓਦੋਂ ਮਿਰਾਸੀ ਪ੍ਰਵਾਰਾਂ ਦੀ ਕਿਰਤ ਦਾ ਵੱਡਾ ਸਾਧਨ ਵੀ ਇਹੀ ਸੀ। ਇਹੀ ਕਾਰਣ ਸੀ ਕਿ ਮਰਦਾਨਾ ਵੀ ਬਹੁਤ ਵਾਰੀ ਆਪਣੇ ਪਿਤਾ ਨਾਲ ਗੁਰੂ ਸਾਹਿਬ ਦੇ ਘਰ ਆਇਆ ਕਰਦਾ ਸੀ। ਸ਼ਾਇਦ ਸਾਹਿਬਾਂ ਦੀ ਬਖਸ਼ਿਸ਼ ਵੀ ਉਸੇ `ਤੇ ਹੋਣੀ ਸੀ, ਇਸ ਲਈ ਸਾਰੇ ਸਬੱਬ ਵੀ ਉਸੇ ਤਰ੍ਹਾਂ ਜੁੜਦੇ ਗਏ। ਇਧਰ ਬਚਪਣ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਮਰਦਾਨੇ ਨੂੰ ਆਪਣੇ ਸੰਪਰਕ `ਚ ਲੈਣਾ ਸ਼ੁਰੂ ਕਰ ਦਿੱਤਾ।

ਨੀਚਾਂ `ਚੋਂ ਵੀ ਨੀਚ- ਇਤਿਹਾਸ ਗੁਆਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਨੌ ਸਾਲ ਦੀ ਉਮਰ `ਚ ਹੀ ਜੰਞੂ ਪਾਉਣ ਤੋਂ ਇਨਕਾਰ ਕਰ ਕੇ, ਚਿਰਾਂ ਤੋਂ ਬ੍ਰਾਹਮਣ ਵਰਗ ਦੀ ਪ੍ਰਭੁਸਤਾ `ਤੇ ਕਰਾਰੀ ਸੱਟ ਮਾਰੀ ਸੀ। ਇਸੇ ਤੋਂ ਕੁੱਝ ਜਾਤ ਅਭਿਮਾਨੀ, ਬਾਲਕ ਗੁਰੂ, ਗੁਰੂ ਨਾਨਕ ਪਾਤਸ਼ਾਹ ਦੇ ਅਜਿਹੇ ਕੌਤਕਾਂ ਸਦਕਾ, ਅੰਦਰੌ ਅੰਦਰ ਉਨ੍ਹਾਂ ਪ੍ਰਤੀ ਸਤਿਕਾਰ ਦੀ ਬਜਾੲ, ਸਾੜਾ ਵੀ ਰਖਦੇ ਸਨ।

ਪਿਤਾ ਕਾਲੂ ਦੇ ਸਰਕਾਰੀ ਰੁੱਤਬੇ ਅਤੇ ਬਾਲ-ਗੁਰੂ ਦੇ ਹਰਮਨ ਪਿਆਰੇ ਹੋਣ ਦੇ ਨਾਲ ਨਾਲ, ਆਪ ਦੀਆਂ ਨਿਰੁਤਰ ਕਰਣ ਵਾਲੀਆਂ ਦਲੀਲਾਂ ਸਾਹਮਣੇ ਜਾਤ-ਅਭਿਮਾਣੀਆਂ ਦੀ ਪੇਸ਼ ਵੀ ਨਹੀਂ ਸੀ ਜਾਂਦੀ। ਬਿਨਾ ਕਾਰਣ, ਛੋਟੀ-ਛੋਟੀ ਗੱਲ ਨੂੰ ਲੈ ਕੇ ਉਹ ਲੋਕ ਆਪਣਾ ਸਾੜਾ ਕਢਣ ਲਈ ਬਹਾਨੇ ਢੂੰਡਦੇ ਰਹਿੰਦੇ। ਜਿਵੇਂ ਰਾਇ ਬੁਲਾਰ ਨੂੰ ਭੜਕਾਉਣਾ, ਨਾਨਕ ਦੀਆਂ ਮਝੀਆਂ ਨੇ ਉਨ੍ਹਾਂ ਦਾ ਖੇਤ ਉਜਾੜ ਦਿੱਤਾ ਹੈ ਆਦਿ।

ਜਦਕਿ ਬ੍ਰਾਹਮਣ ਵਰਗ ਨੇ ਉਂਝ ਵੀ ਬੜੀ ਕੁਟਲਨੀਤੀ ਨਾਲ, ਵਰਣ ਵੰਡ ਦੇ ਨਾਮ ਤੇ ਸਮੂਚੇ ਮਨੁੱਖ ਸਮਾਜ ਦੀ ਕਾਣੀ-ਵੰਡ ਕੀਤੀ ਹੋਈ ਸੀ। "ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ" (ਪੰ: ੪੬੯) ਅਨੁਸਾਰ ਉਸ ਨੇ ਇੱਕ ਤਰੀਕੇ ਪੂਰੇ ਸਮਾਜ ਨੂੰ ਹੀ ਆਪਣਾ ਗੁਲਾਮ ਬਣਾ ਰਖਿਆ ਸੀ। ਕਿਸੇ ਨੇ ਖ਼ੱਤ੍ਰੀ ਦੇ ਨਾਮ ਹੇਠ ਆਪਣੀਆਂ ਜਾਨਾਂ ਹੂਲ ਕੇ, ਇਸ ਦੀ ਰਖਿਆ ਕਰਣੀ ਹੁੰਦੀ ਸੀ। ਇਸੇਤਰ੍ਹਾਂ ਉਸ ਅਨੁਸਾਰ ਵੈਸ਼ਾਂ ਦਾ ਧਰਮ ਹੀ, ਆਪਣੇ ਖੂਨ ਪਸੀਨੇ ਦੀ ਕਮਾਈ, ਆਪਣੇ ਬਚਿਆਂ ਦੇ ਮੂੰਹੋ ਖੋਹ ਕੇ, ਦਾਨ ਪੁੰਨ ਦੇ ਨਾਮ `ਤੇ ਇਸੇ ਨੂੰ ਦੇਣੀ ਹੁੰਦੀ ਸੀ।

ਫ਼ਿਰ ਸਭ ਤੋਂ ਭੈੜੀ ਹਾਲਤਤਾਂ ਵਿਚਾਰੇ ਉਸ ਅਖੌਤੀ ਸ਼ੂਦਰ ਦੀ ਸੀ, ਬ੍ਰਾਹਮਣ ਅਨੁਸਾਰ ਜਿਸ ਦਾ ਕੰਮ ਹੀ ਕੇਵਲ ਦੂਜੇ ਵਰਣਾਂ ਦੀ ਵਿਸ਼ਟਾ ਚੁੱਕਣੀ, ਕੱਪੜੇ ਧੋਣੇ, ਜੁੱਤੀਆਂ ਗੰਢਣਾ ਆਦਿ ਸੀ। ਜਦਕਿ ਉਸ ਦੇ ਬਦਲੇ ਉਸ ਨੂੰ ਮਿਲ ਰਹੀ ਸੀ ਹਰ ਸਮੇਂ ਦੀ ਨਫ਼ਰਤ, ਗਿਲਾਨੀ ਤੇ ਛੀ: ਛੀ: । ਇਨਾਂ ਹੋਣ ਦੇ ਬਾਵਜੂਦ ਉੱਚੀਆਂ ਜਾਤਾਂ ਵਾਲੇ ਤਾਂ ਵੀ, ਉਨ੍ਹਾਂ ਅਖੌਤੀ ਸ਼ੂਦਰਾਂ ਦੇ ਪ੍ਰਛਾਂਵੇ ਤੋਂ ਭਿੱਟ ਰਹੇ ਸਨ।

ਇਹ ਮਿਰਾਸੀ? -ਇਕ ਪਾਸੇ ਹਿੰਦੂ ਮੁਸਲਮਾਨਾਂ ਨੂੰ ਮਲੇਛ ਮੰਣਦੇ ਸਨ। ਜਦਕਿ ਮਿਰਾਸੀ, ਤੱਬਕਾ ਤਾਂ ਮੁਸਲਮਾਨਾਂ ਵਿਚਾਲੇ ਵੀ ਨੀਚ ਤੇ ਪੱਛੜੇ ਤੱਬਕੇ ਸਨ, ਇਸ ਤਰ੍ਹਾਂ ਨੀਚਾਂ `ਚੋਂ ਵੀ ਨੀਚ। ਕਿਤਨਾ ਵੱਡਾ ਧੱਕਾ ਹੋ ਰਿਹਾ ਸੀ ਰੱਬ ਦੇ ਇਨ੍ਹਾਂ ਵਰਗਾਂ ਨਾਲ। ਇਸ ਤਰ੍ਹਾਂ ਸਾਰੇ ਪਾਸਿਓਂ ਕਿਤਨੀ ਵੱਧ ਨਫ਼ਰਤ ਪੈਦਾ ਕੀਤੀ ਹੋਈ ਸੀ ਪ੍ਰਭੂ ਦੇ ਹੀ ਇਨ੍ਹਾਂ ਲੋਕਾਂ ਲਈ।

ਕਮਾਲ ਤਾਂ ਇਹ ਕਿ ਦੂਜੇ ਪਾਸੇ ਉਸੇ ਮਿਰਾਸੀ ਕੁਲ ਦੇ ਬੱਚੇ ਨਾਲ, ਉੱਚੀ ਕੁਲ ਦੇ ਮੰਨੇ ਜਾਂਦੇ ਬਾਲ-ਗੁਰੂ ਦਾ ਸੰਪਰਕ ਵੱਧਦੇ ਜਾਣਾ, ਉਨ੍ਹਾਂ ਵਰਨ-ਵੰਡ ਦੇ ਸ਼ੈਦਾਈਆਂ `ਤੇ ਕਿਸੇ ਵੀ ਕਾਰੀ ਚੋਟ ਤੋਂ ਘਟ ਨਹੀਂ ਸੀ।

ਲੱਚਰ ਗਾਇਕੀ ਤੋਂ ਅਕਾਲਪੁਰਖੀ ਇਸ਼ਕ ਤੀਕ- ਸਮਝਣਾ ਹੈ ਕਿ ਕਿੱਥੇ ਮਰਦਾਨੇ ਦਾ ਪਿਤਾ, ਮਰਾਸੀ ਹੋਣ ਨਾਤੇ, ਉਨ੍ਹਾਂ ਹੀ ਰਾਗਾਂ ਨੂੰ ਵਰਤ ਕੇ ਇਸ਼ਕ ਮਿਜਾਜ਼ੀ ਆਦਿ ਸਸਤੇ ਮਨੋਰੰਜਣ ਦੇ ਗੀਤ ਗਾਉਂਦਾ ਸੀ।

ਜਦਕਿ ਹੁਣ ਉਸੇ ਮੀਰ ਬਾਂਦਰੇ ਦੇ ਪੁੱਤਰ ਮਰਦਾਨੇ ਦੇ ਉਸੇ ਰਬਾਬ ਵਾਲੇ ਹੁੱਨਰ ਨੂੰ ਸਾਹਿਬਾਂ ਨੇ ਇਲਾਹੀ ਸਿਫਤਾਂ ਵਾਲੇ ਪਾਸੇ ਮੋੜ ਦਿੱਤਾ ਸੀ। ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ ਸਵੇਰ ਤੇ ਸ਼ਾਮ, ਦੋ ਵੱਕਤ ਦਾ ਸਤਿਸੰਗ, ਗੁਰੂ ਨਾਨਕ ਪਾਤਸ਼ਾਹ ਦਾ ਨੇਮ ਸੀ, ਜਦਕਿ ਇਨ੍ਹਾਂ ਸਤਿਸੰਗਾਂ `ਚ ਰਬਾਬ ਵਜਾਉਣ ਦੀ ਸੇਵਾ ਦਾ ਮਾਣ ਵੀ ਪ੍ਰਾਪਤ ਸੀ ਤਾਂ ਉਹ ਵੀ ਭਾਈ ਮਰਦਾਨੇ ਨੂੰ ਹੀ।

ਉੱਚੀਆਂ ਕੁਲਾਂ ਦੇ ਸਦਵਾਉਣ ਵਾਲੇ ਜਦੋਂ ਇਨ੍ਹਾਂ ਸਤਿਸੰਗਾਂ ਦਾ ਰਸ ਮਾਣਦੇ ਤਾਂ ਮਰਦਾਨੇ ਰਾਹੀਂ ਵਜਦੀ ਰਬਾਬ ਉਨ੍ਹਾਂ ਦੇ ਮਨਾਂ ਅੰਦਰ ਆਪਣੇ-ਆਪ ਮਨੁੱਖੀ ਬਰਾਬਰੀ ਦਾ ਹੁਲਾਰਾ ਦਿੰਦੀ ਤੇ ਅਨੰਦ ਭਰਦੀ।

ਗੁਰੂ ਕੀਆਂ ਸੰਗਤਾਂ ਦੀ ਜਾਣਕਾਰੀ ਲਈ ਦੱਸਨਾ ਚਾਹੁੰਦੇ ਹਾਂ ਕਿ ਗੁਰਬਾਣੀ `ਚ ਵਰਤੇ ਹੋਏ ਕੁਲ ੩੧ ਰਾਗਾਂ `ਚੋਂ ੧੯ ਰਾਗ ਗੁਰੂ ਨਾਨਕ ਪਾਤਸ਼ਾਹ ਨੇ ਵੀ ਉਚਾਰਣ ਕੀਤੇ ਹੋਏ ਹਨ। ਜਦਕਿ ਉਨ੍ਹਾਂ ਉਨੀਂ ਰਾਗਾਂ `ਚ, ਕੇਵਲ ਇੱਕ ਰਾਗ ਦੁਪਹਿਰ ਦਾ ਹੈ, ਬਾਕੀ ਸਾਰੇ ਰਾਗ ਸਵੇਰ ਤੇ ਸ਼ਾਮ ਦੇ ਹਨ। ਇਹ ਵੀ ਆਪਣੇ ਆਪ `ਚ ਸਬੂਤ ਹੇ ਕਿ ਗੁਰੂ ਨਾਨਕ ਪਾਤਸ਼ਾਹ ਸਵੇਰ ਤੇ ਸ਼ਾਮ, ਦੋ ਸਮੇਂ ਦੇ ਸਤਿਸੰਗ ਚਲਾਂਦੇ ਸਨ ਜਦਕਿ ਦੋਵੇਂ ਸਮੇਂ ਇਨ੍ਹਾਂ ਰਾਗਾਂ `ਤੇ, ਰਬਾਬ ਵਜਾਉਣ ਵਾਲੇ ਭਾਈ ਮਰਦਾਨਾ ਜੀ ਹੀ ਸਨ।

ਭਾਈ ਮਰਦਾਨਾ ਸਿੱਖ ਧਰਮ ਦਾ ‘ਪਾਹੁਲ ਪ੍ਰਾਪਤ’ ਪ੍ਰਚਾਰਕ ਵੀ ਸੀ- ਭਾਈ ਮਰਦਾਨਾ, ਕੇਵਲ "ਚਰਣ-ਪਾਹੁਲ" ਪ੍ਰਾਪਤ ਸਿੱਖ ਹੀ ਨਹੀਂ ਸੀ ਬਲਕਿ ਆਪਣੇ ਸਮੇਂ ਉਹ ਸਿੱਖ ਧਰਮ ਦਾ ਅਧੀਕਾਰੀ ਪ੍ਰਚਾਰਕ ਵੀ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਟੀਕਾ-ਭਾਈ ਮਨੀ ਸਿੰਘ ਜੀ ਦੀ ਰਚਨਾ, ਗਿਆਨ ਰਤਨਾਵਲੀ ਦੀ ਪਉੜੀ ਨੰ: ੪੭ ਸਾਡੇ ਕੋਲ ਇਸ ਦਾ ਵੱਡਾ ਸਬੂਤ ਹੈ।

"ਗਿਆਨ ਰਤਨਾਵਲੀ" ਦੀ ਪਉੜੀ ਨੰ: ੪੭ ਅਨੁਸਾਰ ਜਦੋਂ ਭਾਈ ਮਰਦਾਨੇ ਨੇ ਭਾਈ ਨੀਰੂ ਦਾ ਸਿੱਖ ਧਰਮ `ਚ ਪ੍ਰਵੇਸ਼ ਕਰਵਾਇਆ ਤਾਂ ਭਾਈ ਮਰਦਾਨੇ ਨੇ ਉਸ ਨੂੰ ਤਿੰਨ ਉਪਦੇਸ਼ ਦਿੱਤੇ:-

(੧) ਕੇਸ ਕੱਤਲ ਨਹੀਂ ਕਰਵਾਉਣੇ।

(੨) ਪਹਿਰ ਰਾਤ ਰਹਿੰਦੇ ਜਾਗ ਕੇ ‘ਸਤਿਨਾਮ’ ਦਾ ਜਾਪ ਕਰਣਾ ਹੈ।

(੩) ਆਏ ਗਏ ਗੁਰਸਿੱਖ ਦੀ ਸੇਵਾ ਕਰਣੀ ਹੈ।

ਸਪਸ਼ਟ ਹੈ ਕਿ ਭਾਈ ਮਰਦਾਨਾ, ਕੇਵਲ ਪਾਹੁਲ ਪ੍ਰਾਪਤ ਸ਼ਿੱਖ ਹੀ ਨਹੀਂ ਬਲਕਿ ਉਹ ਅਧਿਕਾਰ ਪ੍ਰਾਪਤ ਸਿੱਖ ਧਰਮ ਦਾ ਪ੍ਰਚਾਰਕ ਵੀ ਸੀ। ਇਸ ਤਰ੍ਹਾਂ ਇਹ ਵੀ ਸਪਸ਼ਟ ਹੁੰਦਾ ਹੈ ਸਿੱਖ ਧਰਮ `ਚ ਪ੍ਰਵੇਸ਼ ਕਰਣ ਸਮੇਂ ਉਸ ਤੋਂ ਵੀ ਇਹੀ ਪ੍ਰਣ ਲਏ ਗਏ ਸਨ।

ਅਜਿਹਾ ਹੁੰਦਾ ਵੀ ਕਿਉਂ ਨਾ? ਉਸ ਨੇ ਆਪਣੀ ਕੁਲ ਪੌਣੇ ੭੫ ਸਾਲਾਂ ਦੀ ਉਮਰ ਦਾ ਵੱਡਾ ਹਿੱਸਾ, ੪੭ ਸਾਲ ਤਾਂ ਗੁਰਦੇਵ ਦੇ ਚਰਨਾਂ `ਚ ਹੀ ਬਿਤਾਇਆ ਸੀ। ਗੁਰੂ ਚਰਨਾਂ ਦੀ ਇਸ ਸੇਵਾ ਲਈ ਉਸ ਨੇ ਆਪਣੀ ਪੱਤਨੀ ਤੇ ਔਲਾਦ ਤੀਕ ਨੂੰ ਵੀ ਤੁੱਛ ਸਮਝਿਆ ਹੋੲਆ ਸੀ।

ਇਥੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਸਿੱਖ ਧਰਮ `ਚ ਪ੍ਰਵੇਸ਼ ਕਰਣ ਲਈ ਸੰਪੂਰਣ ਕੇਸਾਂ ਵਾਲੇ ਸਰੂਪ ਦੀ ਸੰਭਾਲ ਵਾਲਾ ਨਿਯਮ ਵੀ, ਪਹਿਲੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਲਾਗੂ ਹੋ ਚੁੱਕਾ ਸੀ। (ਚਲਦਾ) #234P-XXI,-02.17-0217#p21v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXI

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਇਕੀਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.