.

ਜਪੁ
ਡਾ: ਦਲਵਿੰਦਰ ਸਿੰਘ ਗ੍ਰੇਵਾਲ
(੧)

‘ਜਪੁ’ ਕੀ ਹੈ?


‘ਹੱਥ ਲਿਖਤ ਬੀੜਾਂ ਦੇ ਤਤਕਰਿਆਂ ਵਿਚ ‘ਜਪੁ ਨਿਸਾਣੁ’ ਸਿਰਲੇਖ ਹੇਠ ਜਪੁਜੀ ਸਾਹਿਬ ਦੀ ਬਾਣੀ ਦਰਜ ਹੈ ਭਾਵ ਜਪੁਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਸ਼ਾਨ ਦੇਹੀ ਕਰਦੀ ਬਾਣੀ ਹੈ।ਜਪੁ ਬਾਣੀ ਵਿਚ ਮੂਲ ਮੰਤ੍ਰ ਜਾਂ ਮੰਗਲਾਚਰਣ ਪਿਛੋਂ ‘ਜਪੁ’ ਆਉਂਦਾ ਹੈ। ।।‘ਜਪੁ’।। ਨੂੰ ਅੱਗੇ ਪਿੱਛੇ ਲੱਗੇ ਪੂਰਨ ਵਿਰਾਮ ਇਸ ਦੀ ਮੂਲ ਮੰਤ੍ਰ ਜਾਂ ਗੁਰਪਰਸਾਦਿ ਤੋਂ ਵਖਰੀ ਪਹਿਚਾਣ ਦਰਸਾਉਂਦੇ ਹਨ। ‘ਜਪੁ’ ਭਾਵ ਜਪਣਾ, ਗੁਰ ਪਰਸਾਦਿ ਪ੍ਰਾਪਤੀ ਰਾਹੀਂ, ਗੁਰੂ ਦੀ ਕਿਰਪਾ ਰਾਹੀਂ ਜਪਣਾ, ਯਾ ਗੁਰੂ ਦੁਆਰਾ ਦਸੀ ਜੁਗਤ ਅਨੁਸਾਰ ਜਪਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ੯੬ ਵਾਰ ‘ਜਪਿ’ ੪੩੯ ਵਾਰ’ ਤੇ ਜਪ ੩੯ ਵਾਰ ਆਇਆ ਹੈ।‘ਜਪੁ’ ਨੂੰ ਲੱਗਾ ਔਂਕੜ ਇੱਕ ਵਚਨ ਪੁਲਿੰਗ ਨਾਂਵ ਦਾ ਸੂਚਕ ਹੈ, ਜਪ ਬਹੁਵਚਨ ਪੁਲਿੰਗ ਤੇ ਕਿਰਿਆ ਵਿਸ਼ੇਸ਼ਣ ਤੇ ਜਪਿ ਦੀ ਸਿਹਾਰੀ ‘ਕਿਰਿਆ, ਕਿਰਦੰਤ, ਕਾਰਕੀ ਰੂਪ ਵਿਚ ਆਇਆ ਹੈ ।ਗੁਰਬਾਣੀ ਵਿਚ ‘ਜਪੁ’ ਦੇ ‘ਭਜ’, ‘ਸਿਮਰਨ’, ‘ਧਿਆਉਣ’ ਆਦਿ ਰੂਪ ਵੀ ਆਏ ਹਨ।

ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ: ਜੋ ਵਾਹਿਗੁਰੂ ਰੂਪੀ ਗੁਰੂ ਦਾ ਸਿੱਖ ਅਖਵਾਉਂਦਾ ਹੈ ਉਹ ਸਵੱਖਤੇ ਉੱਠ ਕੇ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ। ਹਿੰਮਤ ਕਰਕੇ ਸਵਖੱਤੇ ਸਵੇਰੇ ਪਰਭਾਤ ਵੇਲੇ ਇਸ਼ਨਾਨ ਕਰਦਾ ਹੈ ਤੇ ਨਾਮ ਰੂਪੀ ਅੰਮ੍ਰਿਤ ਵਿਚ ਨਹਾਉਂਦਾ ਹੈ ਭਾਵ ਨਾਮ ਰਸ ਵਿਚ ਨਹਾਉਂਦਾ ਹੈ।ਗੁਰੂ ਦੇ ਉਪਦੇਸ਼ ਅਨੁਸਾਰ ਵਾਹਗੁਰੂ ਦਾ ਨਾਮ ਜਪੀ ਜਾਂਦਾ ਹੈ ਤੇ ਇਉਂ ਮਹਿਸੂਸ ਕਰਦਾ ਹੈ ਜਿਵੇਂ ਸਾਰੇ ਦੋਖ ਪਾਪ ਉਤਰ ਗਏ ਹਨ।ਫਿਰ ਦਿਨ ਚੜ੍ਹੇ ਉਹ ਗੁਰਬਾਣੀ ਗਾਉਂਦਾ ਹੈ ਤੇ ਉਠਦੇ ਬਹਿੰਦੇ ਹਰਿ ਨਾਮ ਧਿਆਉਂਦਾ ਰਹਿੰਦਾ ਹੈ।ਜੋ ਹਰ ਸਾਹ ਦੇ ਨਾਲ ਤੇ ਹਰ ਬੁਰਕੀ ਮੂੰਹ ਪਾਉਂਦਿਆਂ ਹਰੀ ਨੂੰ ਧਿਆਉਂਦਾ ਹੈ ਇਹੋ ਜਿਹਾ ਗੁਰਸਿੱਖ ਗੁਰੂ ਦੇ ਮਨ ਭਾਉਂਦਾ ਹੈ। ਜਿਸ ਤੇ ਵਾਹਿਗੁਰੂ ਦਿਆਲ ਹੁੰਦਾ ਹੈ ਉਸ ਗੁਰਸਿੱਖ ਨੂੰ ਗੁਰੂ ਉਪਦੇਸ਼ ਸੁਣਾਉਂਦਾ ਹੈ ਗੁਰੂ ਜੀ ਉਸ ਗੁਰਸਿੱਖ ਦੀ ਧੂੜ ਲੋਚਦੇ ਹਨ ਜੋ ਆਪ ਵੀ ਨਾਮ ਜਪਦਾ ਹੈ ਤੇ ਹੋਰਾਂ ਨੂੰ ਵੀ ਨਾਮ ਜਪਾਉਂਦਾ ਹੈ:

ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ ੨ ॥ (ਮ: ੪, ਪੰਨਾ ੩੦੫)

ਜਪਣਾ ਕੀ ਹੈ?

ਗੁਰੂ ਅਰਜਨ ਦੇਵ ਜੀ ਵਾਹਗੁਰੂ ਨਾਲ ਸਿਧਾ ਸੰਵਾਦ ਰਚਾਉਂਦੇ ਹੋਏ ਵਾਹਿਗੁ੍ਰਰੂ ਦੀ ਪ੍ਰਾਪਤੀ ਬਾਰੇ ਵਾਹਿਗੁਰੂ ਨੂੰ ਹੀ ਪ੍ਰਸ਼ਨ ਕਰਦੇ ਹਨ: ਹੇ ਵਾਹਿਗੁਰੂ ਮੈਂ ਤੇਰਾ ਕਿਹੜਾ ਰੂਪ ਅਰਾਧਾਂ?

ਗਉੜੀ ਮਃ ੫ ॥ ਕਵਨ ਰੂਪੁ ਤੇਰਾ ਆਰਾਧਉ ॥

ਗੁਰੂ ਜੀ ਫੁਰਮਾਉਂਦੇ ਹਨ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਦਿਆਲੂ ਸਤਿਗੁਰ ਨਾਲ ਮੇਲ ਹੁੰਦਾ ਹੈ;

ਜਿਸ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥ ੪ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਸ ਇਕੋ ਕਰਤਾ ਪੁਰਖ ਨੂੰ ਜਪਣ ਅਤੇ ਉਸ ਦੀ ਸਿਫਤ ਸਲਾਹ ਕਰਨ ਬਾਰੇ ਲਿਖਿਆ ਹੈ। ਉਸ ਇਕੋ ਨੂੰ ਹੀ ਸਿਮਰਨਾ ਤੇ ਮਨ ਵਿਚ ਰੱਖਣਾ ਚਾਹੀਦਾ ਹੈ।ਲਗਾਤਾਰ ਉਸੇ ਇਕ ਦੇ ਹੀ ਗੁਣ ਗਾਉਣੇ ਚਾਹੀਦੇ ਹਨ।ਮਨੋ ਤਨੋ ਇਕੋ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ।ਇਕੋ ਇਕ ਆਪ ਸਭ ਕੁਝ ਹਰੀ ਹੀ ਹੈ। ਪ੍ਰਭੂ ਪੂਰੀ ਤਰ੍ਹਾਂ ਹਰ ਥਾਂ ਵਿਆਪ ਰਿਹਾ ਹੈ ਵਸ ਰਿਹਾ ਹੈ। ਉਸ ਇਕੋ ਤੋਂ ਅਨੇਕਾਂ ਵਾਰ ਵਿਸਥਾਰ ਹੋਏ ਭਾਵ ਕਈ ਸ਼੍ਰਿਸ਼ਟੀਆਂ ਬਣੀਆਂ ਤੇ ਸਿਮਟੀਆਂ।ਜਿਨ੍ਹਾਂ ਨੇ ਉਸ ਨੂੰ ਅਰਾਧਿਆ ਉਹ ਪਾਰ ਹੋ ਗਏ ਆਵਾਗਮਨ ਤੋਂ ਮੁਕਤ ਹੋ ਗਏ।ਮਨ ਤੇ ਤਨ ਤੋਂ ਜਿਸ ਨੇ ਇਕੋ ਪ੍ਰਭੂ ਨੂੰ ਜਪਿਆ ਹੈ ਵਾਹਿਗੁਰੂ ਦੀ ਮਿਹਰ ਨਾਲ ਉਸਨੇ ਉਸਨੂੰ ਤੇ ਉਸਦੀ ਸਾਰੀ ਸ਼੍ਰਿਸ਼ਟੀ ਨੂੰ ਇਕੋ ਜਾਣ ਲਿਆ ਹੈ।

ਏਕੋ ਜਪਿ ਏਕੋ ਸਾਲਾਹਿ ॥ ਏਕੁ ਸਿਮਰਿ ਏਕੋ ਮਨ ਆਹਿ ॥ ਏਕਸ ਕੇ ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ ਏਕ ਭਗਵੰਤ ॥ ਏਕੋ ਏਕੁ ਏਕੁ ਹਰਿ ਆਪਿ ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥ ਅਨਿਕ ਬਿਸਥਾਰ ਏਕ ਤੇ ਭਏ ॥ ਏਕੁ ਅਰਾਧਿ ਪਰਾਛਤ ਗਏ ॥ ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥ ੮ ॥ ੧੯ ॥ (ਸੁਖਮਨੀ ਮ: ੫, ਪੰਨਾ ੨੮੯)

ਉਸ ੧ ਓਅੰਕਾਰ ਦੀ ਧੁਨ ਤੇ ਰਾਗ ਇਕੋ ਹੈ ਤੇ ਇਕੋ ਨੂੰ ਹੀ ਅਲਾਪਣਾ ਹੈ।ਸਭ ਕੁਝ ਉਹ ਇਕੋ ਹੀ ਦੇਣ ਵਾਲਾ ਹੈ ਤੇ ਸਭਨਾ ਵਿਚ ਉਹ ਇਕੋ ਅਪਣਾ ਆਪ ਵਸਦਾ ਦਿਖਾਉਂਦਾ ਹੈ। ਇਕੋ ਗੁਰ ਰਾਹੀਂ ਸੁਰਤ ਉਸ ਇਕੋ ਨਾਲ ਜੁੜੀ ਤੇ ਉਸ ਇਕੋ ਦੀ ਸੇਵਾ ਵਿਚ ਤਨ ਮਨ ਜੁਟਿਆ ਹੋਵੇ।

ਰਾਮਕਲੀ ਮਹਲਾ ੫ ॥ ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥ ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥ ੧ ॥ (ਮ.੫, ਪੰਨਾ ੮੮੫)

ਗੁਰਬਾਣੀ ਸਾਨੂੰ ਸਦਾ ਸਤਿਨਾਮ ਜਪਣ ਦੀ ਤਾਕੀਦ ਕਰਦੀ ਹੈ ਤੇ ਨਾਮ ਜਪਣ ਨਾਲ ਹਰ ਤਰ੍ਹਾਂ ਦੀ ਹਰ ਉਜਲਤਾ ਪ੍ਰਾਪਤੀ ਹੁੰਦੀ ਹੈ ਇਸ ਲਈ ਸਾਨੂੰ ਵਾਹਿਗੁਰੂ ਦਾ ਨਾਮ ਹਰ ਰੋਜ਼ ਧਿਆਉਣਾ ਚਾਹੀਦਾ ਹੈ:

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥(ਮ: ੪, ਪੰਨਾ ੬੭੦)

ਗੁਰੂ ਰਾਮਦਾਸ ਜੀ ਸਤਿਨਾਮ ਨੂੰ ਵਾਹਿਗੁਰੂ ਦਾ ਪਰਾ ਪੂਰਬਲਾ ਨਾਮ ਮੰਨਦੇ ਹਨ:

ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ (ਪੰਨਾ ੧੦੮੩)

ਇਕੱਲਾ ਇਕ, ਓਅੰਕਾਰ ਜਾਂ ਸਤਿਨਾਮ ਹੀ ਨਹੀਂ ਉਸਦੇ ਤਾਂ ਅਸੰਖਾਂ ਨਾਮ ਹਨ:

ਵਾਹਿਗੁਰੂ ਦੇ ਅਸੰਖ ਨਾਉਂ ਹਨ ਤੇ ਉਹ ਅਸੰਖ ਥਾਵੀਂ ਭਾਵ ਹਰ ਹਿਰਦੇ ਵਿਚ ਵਸਦਾ ਹੈ ।

ਅਸੰਖ ਨਾਵ ਅਸੰਖ ਥਾਵ (ਪੰਨਾ ੪)

ਵਾਹਿਗੁਰੂ ਨੂੰ ਕੋਈ ਰਾਮ ਰਾਮ ਬੋਲਦਾ ਹੈ ਕੋਈ ਖੁਦਾ ਬੋਲਦਾ ਹੈ: ਕੋਈ ਗੋਸਾਈਂ ਤੇ ਕੋਈ ਅਲਾ ਕਹਿੰਦਾ ਹੈ।ਉਹ ਈਸ਼ਵਰ ਉਹ ਕਰੀਮ ਸਾਰੇ ਵਿਸ਼ਵ ਦਾ ਕਾਰਣ ਵੀ ਹੈ ਤੇ ਸਭ ਕਰਨਵਾਲਾ ਵੀ ਆਪ ਹੀ ਜਿਸ ਰਹੀਮ ਦੀ ਕਿਰਪਾ ਸਾਰੇ ਲੋਚਦੇ ਹਨ।

ਰਾਮਕਲੀ ਮਹਲਾ ੫ ॥ ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥ ੧ ॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥ ੧ ॥ ਰਹਾਉ ॥ (ਮ.੫, ਪੰਨਾ ੮੮੫)

ਕੋਈ ਗੋਬਿੰਦ, ਕੋਈ ਗੋਪਾਲ ਕੋਈ ਲਾਲ ਜਪਣ ਨੂੰ ਕਹਿੰਦਾ ਹੈ। ਗੁਰਬਾਣੀ ਰਾਮ ਨਾਮ ਸਿਮਰਨ ਦੀ ਦਹਾਈ ਦਿੰਦੀ ਹੈ ਜਿਸ ਤੋਂ ਸਦ ਜੀਵਨ ਮਿਲਦਾ ਹੈ ਮਹਾਂ ਕਾਲ ਨਹੀਂ ਖਾਂਦਾ।

ਰਾਮਕਲੀ ਮਹਲਾ ੫ ॥ ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥ ੧ ॥ ਰਹਾਉ ॥ (ਮ.੫, ਪੰਨਾ ੮੮੫)

ਗੁਰਬਾਣੀ ਵਿਚ ਨਾਮ ਜਪਣਾ ਮੁੱਖ ਹੈ। ਜਪੀਏ ਤਾਂ ਇਕੋ ਨਾਮ ਬਾਕੀ ਸਭ ਕੰਮ ਬੇਫਾਇਦਾ ਹਨ:

ਜਪਹੁ ਤ ਏਕੋ ਨਾਮਾ।। ਅਵਰਿ ਨਿਰਾਫਲ ਕਾਮਾ।।੧।। ਰਹਾਉ।। (ਮ:੧, ਪੰਨਾ ੭੨੮)
ਜੇਤਾ ਕੀਤਾ ਤੇਤਾ ਨਾਉ।। ਵਿਣੁ ਨਾਵੈ ਨਾਹੀ ਕੋ ਥਾਉ।। (ਪੰਨਾ ੪)
ਨਾਮ ਕੇ ਧਾਰੇ ਸਗਲੇ ਜੰਤ।।ਨਾਮ ਕੇ ਧਾਰੇ ਸਗਲੇ ਬ੍ਰਹਿਮੰਡ।। (ਪੰਨਾ ੨੮੪)
ਭੈਰਉ ਮਹਲਾ ੫ ॥ ਨਾਮੁ ਹਮਾਰੈ ਅੰਤਰਜਾਮੀ ॥ ਨਾਮੁ ਹਮਾਰੈ ਆਵੈ ਕਾਮੀ ॥ ਰੋਮਿ ਰੋਮਿ ਰਵਿਆ ਹਰਿ ਨਾਮੁ ॥ ਸਤਿਗੁਰ ਪੂਰੈ ਕੀਨੋ ਦਾਨੁ ॥ ੧ ॥ ਨਾਮੁ ਰਤਨੁ ਮੇਰੈ ਭੰਡਾਰ ॥ ਅਗਮ ਅਮੋਲਾ ਅਪਰ ਅਪਾਰ ॥ ੧ ॥ ਰਹਾਉ ॥ ਨਾਮੁ ਹਮਾਰੈ ਨਿਹਚਲ ਧਨੀ ॥ ਨਾਮ ਕੀ ਮਹਿਮਾ ਸਭ ਮਹਿ ਬਨੀ ॥ ਨਾਮੁ ਹਮਾਰੈ ਪੂਰਾ ਸਾਹੁ ॥ ਨਾਮੁ ਹਮਾਰੈ ਬੇਪਰਵਾਹੁ ॥ ੨ ॥ ਨਾਮੁ ਹਮਾਰੈ ਭੋਜਨ ਭਾਉ ॥ ਨਾਮੁ ਹਮਾਰੈ ਮਨ ਕਾ ਸੁਆਉ ॥ ਨਾਮੁ ਨ ਵਿਸਰੈ ਸੰਤ ਪ੍ਰਸਾਦਿ ॥ ਨਾਮੁ ਲੈਤ ਅਨਹਦ ਪੂਰੇ ਨਾਦ ॥ ੩ ॥ ਪ੍ਰਭ ਕਿਰਪਾ ਤੇ ਨਾਮੁ ਨਉ ਨਿਧਿ ਪਾਈ ॥ ਗੁਰ ਕਿਰਪਾ ਤੇ ਨਾਮ ਸਿਉ ਬਨਿ ਆਈ ॥ ਧਨਵੰਤੇ ਸੇਈ ਪਰਧਾਨ ॥ ਨਾਨਕ ਜਾ ਕੈ ਨਾਮੁ ਨਿਧਾਨ ॥ ੪ ॥ ੧੭ ॥ ੩੦ ॥ (ਪੰਨਾ ੧੧੪੪)

ਮੂਲ ਮੰਤ੍ਰ ਵਿਚ ਦਿਤਾ ਵਾਹਿਗੁਰੁ ਦਾ ਹਰ ਨਾਮ ਜਾਂ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੋਇਆ ਕੋਈ ਵੀ ਨਾਮ ਜਪਿਆ ਜਾ ਸਕਦਾ ਹੈ:

ਆਪਿ ਜਪਾਏ ਜਪੇ ਸੋ ਨਾਉ।ਆਪਿ ਗਵਾਏ ਸੁ ਹਰਿ ਗੁਨ ਗਾਉ।। (ਸੁਖਮਨੀ ਮ: ੫, ਪੰਨਾ ੨੭੦)
ਜਨੁ ਰਾਤਾ ਹਰਿ ਨਾਮ ਕੀ ਸੇਵਾ।। (ਸੁਖਮਨੀ, ਮ: ੫, ਪੰਨਾ ੨੬੫)
ਨਿਹਚਲ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ।। (ਡੱਖਣੇ ਮ:੫, ਪੰਨਾ ੧੧੦੦)
ਨਾਮ ਸਤਿ ਸਤਿ ਧਿਆਵਨ ਹਾਰ।। (ਸੁਖਮਨੀ, ਮ: ੫, ਪੰਨਾ ੨੮੫)
ਰਾਮ ਜਪਿਉ ਜੀਅ ਐਸੇ ਐਸੇ।। ਧ੍ਰੂ ਪ੍ਰਹਿਲਾਦ ਜਪਿਉ ਹਰਿ ਜੈਸੇ।। ( ਭਗਤ ਕਬੀਰ ਜੀ, ਪੰਨਾ ੩੩੭)
ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥ ੫ ॥ (ਪੰਨਾ ੧੩੨੨)
ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥ ੧ ॥(ਪੰਨਾ ੩੩੭)
ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥ (ਪੰਨਾ ੬੮੮)

ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚੋਂ ਇਸ ਦੀ ਵਿਆਖਿਆ ਤਲਾਸ਼ਦੇ ਹਾਂ ਤਾਂ ਪੁੰਨ ਦਾਨ ਜਪ ਤਪ ਤੋਂ ਉਪਰ ਨਾਮ ਜਪਣਾ ਹੀ ਮੁੱਖ ਮੰਨਿਆਂ ਗਿਆ ਹੈ:

ਪੁਨਿ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ।। (ਮ: ੫, ਪੰਨਾ ੪੦੧)।।

ਜੋ ਮਨੁਖੀ ਸਰੀਰ ਦੀ ਉਮਰ ਮਿਲੀ ਹੈ ਇਹ ਵਾਹਿਗੁਰੂ ਗੋਬਿੰਦ ਨੂੰ ਮਿਲਣ ਦੀ ਉਮਰ ਹੈ ਜਿਸ ਵਿਚ ਹੋਰ ਕਾਰਜ ਕਿਸੇ ਕੰਮ ਦੇ ਨਹੀਂ ਬਸ ਸਾਧਸੰਗਤ ਵਿਚ ਮਿਲ ਕੇ ਕੇਵਲ ਨਾਮ ਭਜਣਾ ਹੈ :

ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥ ੧ (ਮ.੫, ਪੰਨਾ ੧੨)

ਮਨਾ, ਹਰੀ ਦੀ ਸ਼ਰਣ ਵਿਚ ਜਾ ਤੇ ਉਸ ਦਾ ਨਾਮ ਜਪ।ਗੁਰੂ ਤੋਂ ਮਿਲਿਆ ਸ਼ਬਦ (ਨਾਮ) ਜਦ ਅੰਦਰ ਵਸ ਜਾਵੇ ਤਾਂ ਹਰੀ ਵਿਸਰਦਾ ਨਹੀਂ।

ਮਨ ਰੇ ਸਦਾ ਭਜਹੁ ਹਰਿ ਸਰਣਾਈ ॥ ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥ ੧ ॥(ਪੰਨਾ ੩੧)

ਜੋ ਗਿਆਨ ਤੇ ਧਿਆਨ ਬਾਰੇ ਵੱਡੇ ਵੱਡੈ ਉਪਦੇਸ਼ ਦਿੰਦੇ ਹਨ ਇਹ ਤਾਂ ਸਾਰਾ ਸੰਸਾਰਕ ਧੰਦਾ ਹੈ। ਕਬੀਰ ਜੀ ਫੁਰਮਾਉਂਦੇ ਹਨ ਕਿ ਨਾਮ ਜਪਣ ਬਿਨਾ ਜਗ ਅੰਧ ਗੁਬਾਰ ਵਿਚ ਫਸਿਆ ਹੋਇਆ ਹੈ:

ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥ ੨ ॥ (ਪੰਨਾ ੩੩੮)

ਤੀਰਥਾਂ ਜੰਗਲਾਂ ਪਰਬਤਾਂ ਤੇ ਭਟਕਣਾ ਵਿਅਰਥ ਹੈ। ਸਭ ਤੋਂ ਵੱਡਾ ਤੀਰਥ ਨਾਮ ਹੈ। ਸ਼ਬਦ ਦਾ ਵਿਚਾਰ ਕਰਨਾ ਤੇ ਅੰਦਰ ਗਿਆਨ ਦਾ ਵਸਣਾ ਵਡ ਤੀਰਥ ਹੈ:

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ (ਮ.੧, ਪੰਨਾ ੬੮੭)

ਵਾਹਿਗੁਰੂ ਦੇ ਨਾਮ ਜਪਣ ਵਿਚ ਹੀ ਜ਼ਿੰਦਗੀ ਹੈ ਤੇ ਭੁਲਣਾ ਮੌਤ ਹੈ।ਸਤਿਨਾਮ ਜਪਣਾ ਹੈ ਤਾਂ ਔਖਾ ਪਰ ਜੇ ਸੱਚੇ ਨਾਮ ਦੀ ਭੁੱਖ ਜਾਗ ਪਏ ਤਾਂ ਉਹ ਭੁੱਖ ਉਸ ਦੇ ਸਾਰੇ ਦੁੱਖ ਮਿਟਾ ਦੇਵੇਗੀ ਖਾ ਜਾਵੇਗੀ। ਵਾਹਿਗੁਰੂ ਸੱਚਾ ਹੈ ਤੇ ਸੱਚਾ ਹੈ ਉਸਦਾ ਨਾਮ, ਉਸ ਦੇ ਨਾਮ ਨੂੰ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ?

ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨ ਵਾਹੁ।। (ਪੰਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ ॥ ੧ ॥ ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥ ੧ ॥ ਰਹਾਉ ॥ (ਪੰਨਾ ੯)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦੇ ਹਜ਼ਾਰਾਂ ਸ਼ਬਦ ਹਨ ਪਰ ਵਾਹਿਗੁਰੂ ਲਫਜ਼ ਵਾਹਿਗੁਰੂ ਨੂੰ ਸੰਬੋਧਨ ਕਰਦਾ ਕਿਤੇ ਨਹੀਂ ਆਇਆ।ਦਰਅਸਲ ਵਾਹਿਗੁਰੂ ਜਾਂ ਵਾਹਗੁਰੂ ਵਾਹਿ (ਵਾਹ) + ਗੁਰੂ ਦਾ ਮਿਲਾਪ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹ ਜਾਂ ਵਾਹਿ ਸਾਡੇ ਮਨ ਦੀ ਅਚਰਜ ਅਵਸਥਾ ਦਰਸਾਉਂਦਾ ਹੈ, ਵਿਸਮਾਦ ਪੈਦਾ ਕਰਦਾ ਹੈ।

ਸਲੋਕੁ ਮਃ ੩ ॥ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥ ੧ ॥(ਪੰਨਾ ੫੧੪)

ਵਾਹੁ ਵਾਹੁ ਅਗੰਮ ਅਥਾਹ ਹੈ ਵਾਹੁ ਵਾਹੁ ਸਚਾ ਸੋਇ।। (ਪੰਨਾ ੫੧੫)
ਵਾਹੁ ਵਾਹੁ ਗੁਰਸਿਖ ਨਿਤ ਕਰੇਸੇ ਮਨ ਚਿੰਦਿਆ ਫਲ ਪਾਇ।। (ਪੰਨਾ ੫੧੫)
ਵਾਹੁ ਮੇਰੇ ਸਾਹਿਬਾ ਵਾਹੁ।। (ਪੰਨਾ ੭੫੫)
ਵਾਹੁ ਵਾਹੁ ਕਾ ਬਡਾ ਤਮਾਸਾ ॥ ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥ ਆਪੇ ਜਲੁ ਆਪੇ ਥਲੁ ਥੰਮੑਨੁ ਆਪੇ ਕੀਆ ਘਟਿ ਘਟਿ ਬਾਸਾ ॥ ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥ ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥ ੨ ॥ ੧੨ ॥ (ਪੰਨਾ ੧੪੦੩)
ਵਾਹੁ ਵਾਹੁ ਸਤਿਗੁਰ ਨਿਰੰਕਾਰ ਹੈ ਜਿਸ ਅੰਤੁ ਨ ਪਾਰਾਵਾਰ।। (ਪੰਨਾ ੧੪੨੧)

ਭੱਟਾਂ ਦੇ ਸਵਈਆਂ ਵਿਚ ਤੇਰਾਂ ਵਾਰ ‘ਵਾਹਿਗੁਰੂ’ ਅਤੇ ਤਿੰਨ ਵਾਰ ‘ਵਾਹਗੁਰੂ’ ਇਕੋ ਹੀ ਅਰਥ ਵਿਚ ਆਇਆ ਹੈ ਜੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਹੈ ਤੇ ਵਾਹਿਗੁਰੂ ਪਰਮਾਤਮਾ ਨੂੰ ਸੰਬੋਧਿਤ ਹੈ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੵü ਗ੍ਹਾਨੁ ਧ੍ਹਾਨ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ੧੬ ॥ ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥ ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿ ਜੀਉ ॥ ੨ ॥ ੭ ॥ ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥ ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ੩ ॥ ੮ ॥ ((ਸਵ ੪, ਗਯੰਦ, ੬:੧, ਪੰਨਾ ਪੰਨਾ ੧੪੦੨-੧੪੦੩)

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥ ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥ ਚਵਰਾਸੀਹ ਲਖ ਜੋਨਿ ਉਪਾਈ ਰਿਜਕ ਦੀਆ ਸਭ ਹੂ ਕਉ ਤਦ ਕਾ ॥ ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਿਗੁਰੂ ਤੇਰਾ ਸਭੁ ਸਦਕਾ ॥ ੧ ॥ ੧੧ ॥(ਪੰਨਾ ੧੪੦੩)
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥ (ਪੰਨਾ ੧੪੦੪)


‘ਜਪੁ’ ਭਾਵ ਜਪਣਾ, ਗੁਰ ਪਰਸਾਦਿ ਪ੍ਰਾਪਤੀ ਰਾਹੀਂ, ਗੁਰੂ ਦੀ ਕਿਰਪਾ ਰਾਹੀਂ ਜਪਣਾ, ਯਾ ਗੁਰੂ ਦੁਆਰਾ ਦੱਸੀ ਜੁਗਤ ਅਨੁਸਾਰ ਜਪਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ੯੬ ਵਾਰ ‘ਜਪਿ’ ੪੩੯ ਵਾਰ’ ਤੇ ਜਪ ੩੯ ਵਾਰ ਆਇਆ ਹੈ।‘ਜਪੁ’ ਨੂੰ ਲੱਗਾ ਔਂਕੜ ਇੱਕ ਵਚਨ ਪੁਲਿੰਗ ਨਾਂਵ ਦਾ ਸੂਚਕ ਹੈ, ਜਪ ਬਹੁਵਚਨ ਪੁਲਿੰਗ ਤੇ ਕਿਰਿਆ ਵਿਸ਼ੇਸ਼ਣ ਤੇ ਜਪਿ ਦੀ ਸਿਹਾਰੀ ‘ਕਿਰਿਆ, ਕਿਰਦੰਤ, ਕਾਰਕੀ ਰੂਪ ਵਿਚ ਆਇਆ ਹੈ ।ਗੁਰਬਾਣੀ ਵਿਚ ‘ਜਪੁ’ ਦੇ ‘ਭਜ’, ‘ਸਿਮਰਨ’, ‘ਧਿਆਉਣ’ ਆਦਿ ਰੂਪ ਵੀ ਆਏ ਹਨ।

ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ: ਜੋ ਵਾਹਿਗੁਰੂ ਰੂਪੀ ਗੁਰੂ ਦਾ ਸਿੱਖ ਅਖਵਾਉਂਦਾ ਹੈ ਉਹ ਸਵੱਖਤੇ ਉੱਠ ਕੇ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ। ਹਿੰਮਤ ਕਰਕੇ ਸਵਖੱਤੇ ਸਵੇਰੇ ਪਰਭਾਤ ਵੇਲੇ ਇਸ਼ਨਾਨ ਕਰਦਾ ਹੈ ਤੇ ਨਾਮ ਰੂਪੀ ਅੰਮ੍ਰਿਤ ਵਿਚ ਨਹਾਉਂਦਾ ਹੈ ਭਾਵ ਨਾਮ ਰਸ ਵਿਚ ਨਹਾਉਂਦਾ ਹੈ।ਗੁਰੂ ਦੇ ਉਪਦੇਸ਼ ਅਨੁਸਾਰ ਵਾਹਿਗੁਰੂ ਦਾ ਨਾਮ ਜਪੀ ਜਾਂਦਾ ਹੈ ਤੇ ਇਉਂ ਮਹਿਸੂਸ ਕਰਦਾ ਹੈ ਜਿਵੇਂ ਸਾਰੇ ਦੋਖ ਪਾਪ ਉਤਰ ਗਏ ਹਨ।ਫਿਰ ਦਿਨ ਚੜ੍ਹੇ ਉਹ ਗੁਰਬਾਣੀ ਗਾਉਂਦਾ ਹੈ ਤੇ ਉਠਦੇ ਬਹਿੰਦੇ ਹਰਿ ਨਾਮ ਧਿਆਉਂਦਾ ਰਹਿੰਦਾ ਹੈ।ਜੋ ਹਰ ਸਾਹ ਦੇ ਨਾਲ ਤੇ ਹਰ ਬੁਰਕੀ ਮੂੰਹ ਪਾਉਂਦਿਆਂ ਹਰੀ ਨੂੰ ਧਿਆਉਂਦਾ ਹੈ ਇਹੋ ਜਿਹਾ ਗੁਰਸਿੱਖ ਗੁਰੂ ਦੇ ਮਨ ਭਾਉਂਦਾ ਹੈ। ਜਿਸ ਤੇ ਵਾਹਿਗੁਰੂ ਦਿਆਲ ਹੁੰਦਾ ਹੈ ਉਸ ਗੁਰਸਿੱਖ ਨੂੰ ਗੁਰੂ ਉਪਦੇਸ਼ ਸੁਣਾਉਂਦਾ ਹੈ ।ਗੁਰੂ ਜੀ ਉਸ ਗੁਰਸਿੱਖ ਦੀ ਧੂੜ ਲੋਚਦੇ ਹਨ ਜੋ ਆਪ ਵੀ ਨਾਮ ਜਪਦਾ ਹੈ ਤੇ ਹੋਰਾਂ ਨੂੰ ਵੀ ਨਾਮ ਜਪਾਉਂਦਾ ਹੈ।
ਵਾਹਿਗੁਰੂ ਦੇ ਨਾਮ ਜਪਣ ਵਿਚ ਹੀ ਜ਼ਿੰਦਗੀ ਹੈ ਤੇ ਭੁਲਣਾ ਆਤਮਿਕ ਮੌਤ ਹੈ।ਸਤਿਨਾਮ ਜਪਣਾ ਹੈ ਤਾਂ ਔਖਾ ਪਰ ਜੇ ਸੱਚੇ ਨਾਮ ਦੀ ਭੁੱਖ ਜਾਗ ਪਏ ਤਾਂ ਉਹ ਭੁੱਖ ਉਸ ਦੇ ਸਾਰੇ ਦੁੱਖ ਮਿਟਾ ਦੇਵੇਗੀ ਦੁੱਖ ਖਾ ਜਾਵੇਗੀ। ਵਾਹਿਗੁਰੂ ਸੱਚਾ ਹੈ ਤੇ ਸੱਚਾ ਹੈ ਉਸਦਾ ਨਾਮ, ਉਸ ਦੇ ਨਾਮ ਨੂੰ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ? ਗੁਰੂ ਜੀ ਫੁਰਮਾਉਂਦੇ ਹਨ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਦਿਆਲੂ ਸਤਿਗੁਰ ਨਾਲ ਮੇਲ ਹੁੰਦਾ ਹੈ॥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਸ ਇਕੋ ਕਰਤਾ ਪੁਰਖ ਨੂੰ ਜਪਣ ਅਤੇ ਉਸ ਦੀ ਸਿਫਤ ਸਲਾਹ ਕਰਨ ਬਾਰੇ ਲਿਖਿਆ ਹੈ। ਉਸ ਇਕੋ ਨੂੰ ਹੀ ਸਿਮਰਨਾ ਤੇ ਮਨ ਵਿਚ ਰੱਖਣਾ ਚਾਹੀਦਾ ਹੈ।ਲਗਾਤਾਰ ਉਸੇ ਇਕ ਦੇ ਹੀ ਗੁਣ ਗਾਉਣੇ ਚਾਹੀਦੇ ਹਨ।ਮਨੋ ਤਨੋ ਇਕੋ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ।ਇਕੋ ਇਕ ਆਪ ਸਭ ਕੁਝ ਹਰੀ ਹੀ ਹੈ। ਪ੍ਰਭੂ ਪੂਰੀ ਤਰ੍ਹਾਂ ਹਰ ਥਾਂ ਵਿਆਪ ਰਿਹਾ ਹੈ ਵਸ ਰਿਹਾ ਹੈ। ਉਸ ਇਕੋ ਤੋਂ ਅਨੇਕਾਂ ਵਾਰ ਵਿਸਥਾਰ ਹੋਏ ਭਾਵ ਕਈ ਸ਼੍ਰਿਸ਼ਟੀਆਂ ਬਣੀਆਂ ਤੇ ਸਿਮਟੀਆਂ।ਜਿਨ੍ਹਾਂ ਨੇ ਉਸ ਨੂੰ ਅਰਾਧਿਆ ਉਹ ਪਾਰ ਹੋ ਗਏ ਆਵਾਗਮਨ ਤੋਂ ਮੁਕਤ ਹੋ ਗਏ।ਮਨ ਤੇ ਤਨ ਤੋਂ ਜਿਸ ਨੇ ਇਕੋ ਪ੍ਰਭੂ ਨੂੰ ਜਪਿਆ ਹੈ ਵਾਹਿਗੁਰੂ ਦੀ ਮਿਹਰ ਨਾਲ ਉਸਨੇ ਉਸਨੂੰ ਤੇ ਉਸਦੀ ਸਾਰੀ ਸ਼੍ਰਿਸ਼ਟੀ ਨੂੰ ਇਕੋ ਜਾਣ ਲਿਆ ਹੈ।
ਉਸ ੧ ਓਅੰਕਾਰ ਦੀ ਧੁਨ ਤੇ ਰਾਗ ਇਕੋ ਹੈ ਤੇ ਇਕੋ ਨੂੰ ਹੀ ਅਲਾਪਣਾ ਹੈ।ਸਭ ਕੁਝ ਉਹ ਇਕੋ ਹੀ ਦੇਣ ਵਾਲਾ ਹੈ ਤੇ ਸਭਨਾਂ ਵਿਚ ਉਹ ਇਕੋ ਅਪਣਾ ਆਪ ਵਸਦਾ ਦਿਖਾਉਂਦਾ ਹੈ। ਇਕੋ ਗੁਰ ਰਾਹੀਂ ਸੁਰਤ ਉਸ ਇਕੋ ਨਾਲ ਜੁੜੇ ਤੇ ਉਸ ਇਕੋ ਦੀ ਸੇਵਾ ਵਿਚ ਤਨ ਮਨ ਜੁਟਿਆ ਹੋਵੇ।ਗੁਰਬਾਣੀ ਸਾਨੂੰ ਸਦਾ ਸਤਿਨਾਮ ਜਪਣ ਦੀ ਤਾਕੀਦ ਕਰਦੀ ਹੈ । ਨਾਮ ਜਪਣ ਨਾਲ ਹਰ ਤਰ੍ਹਾਂ ਦੀ ਹਰ ਉਜਲਤਾ ਪ੍ਰਾਪਤੀ ਹੁੰਦੀ ਹੈ ਇਸ ਲਈ ਸਾਨੂੰ ਵਾਹਿਗੁਰੂ ਦਾ ਨਾਮ ਹਰ ਰੋਜ਼ ਧਿਆਉਣਾ ਚਾਹੀਦਾ ਹੈ। ਵਾਹਿਗੁਰੂ ਦੇ ਅਸੰਖ ਨਾਉਂ ਹਨ ਤੇ ਉਹ ਅਸੰਖ ਥਾਵੀਂ ਭਾਵ ਹਰ ਹਿਰਦੇ ਵਿਚ ਵਸਦਾ ਹੈ ।ਮੂਲ ਮੰਤ੍ਰ ਵਿਚ ਦਿਤਾ ਵਾਹਿਗੁਰੁ ਦਾ ਹਰ ਨਾਮ ਜਾਂ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੋਇਆ ਕੋਈ ਵੀ ਨਾਮ ਜਪਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦੇ ਹਜ਼ਾਰਾਂ ਸ਼ਬਦ ਹਨ ਪਰ ਵਾਹਿਗੁਰੂ ਲਫਜ਼ ਵਾਹਿਗੁਰੂ ਨੂੰ ਸੰਬੋਧਨ ਕਰਦਾ ਕਿਤੇ ਨਹੀਂ ਆਇਆ।ਦਰਅਸਲ ਵਾਹਿਗੁਰੂ ਜਾਂ ਵਾਹਗੁਰੂ ਵਾਹਿ (ਵਾਹ) + ਗੁਰੂ ਦਾ ਮਿਲਾਪ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹ ਜਾਂ ਵਾਹਿ ਸਾਡੇ ਮਨ ਦੀ ਅਚਰਜ ਅਵਸਥਾ ਦਰਸਾਉਂਦਾ ਹੈ, ਵਿਸਮਾਦ ਪੈਦਾ ਕਰਦਾ ਹੈ।




.