.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਉਨੀਂਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਵਾਲਾ ਵਿਸ਼ੇਸ਼ ਸਿਧਾਂਤ-ਪਾਤਸ਼ਾਹ ਦੀ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਵਾਲੀ ਮਹਾਨ ਦੇਣ `ਚੋਂ ਜੇਕਰ ਅੱਜ ਸਾਨੂੰ ਕੇਵਲ ਗੁਰਬਾਣੀ ਆਧਾਰਤ ‘ਨਾਮ ਜਪੋ’ ਦੇ ਅਰਥ ਹੀ ਸਮਝ `ਚ ਆ ਜਾਣ। ਇਸ ਤੋਂ ਬਾਅਦ ਜੇਕਰ ‘ਨਾਮ ਜਪੋ’ ਦਾ ਹੀ ਜਿਹੜਾ ਵਿਸਤਾਰ ਹਨ ‘ਕਿਰਤ ਕਰੋ" ਅਤੇ "ਵੰਡ ਛਕੋ’ ਦੇ ਅਰਥ ਵੀ ਗੁਰਬਾਣੀ `ਚੋਂ ਹੀ ਲਏ ਜਾਣ ਤਾਂ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਸੰਸਾਰ ਭਰ ਦੀਆਂ ਅਜੌਕੀਆਂ ਬੇਅੰਤ ਸਮਸਿਆਵਾਂ ਦਾ ਹੱਲ, ਗੁਰੂ ਪਾਤਸ਼ਾਹ ਰਾਹੀਂ ਸੰਸਾਰ ਨੂੰ ਬਖਸ਼ੇ ਹੋਏ ਕੇਵਲ ਇਸ ਇਕੋ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਵਾਲੇ ਮਨੁੱਖਾ ਜੀਵਨ ਦੇ ਸਿਧਾਂਤ `ਚ ਛੁਪਿਆ ਹੋਇਆ ਹੈ।

ਜਦਕਿ ਅਸਾਂ ਉਸ ਦੇ ਨਾਲ-ਨਾਲ ਪਹਿਲਾਂ ਇਹ ਵੀ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ "ਨਾਮ ਜਪੋ’ ਦੇ ਅਰਥ ਕਿਸੇ ਤਰ੍ਹਾਂ ਵੀ ਕਿਸੇ ਇੱਕ ਲਫ਼ਜ਼ ਦੇ "ਰੱਟੇ ਲਗਾਉਣਾ" (Machnical Rapitition), ਮਾਲਾ ਫ਼ੇਰਣੀਆਂ ਜਾਂ ਸਮਾਧੀਆਂ ਆਦਿ ਲਗਾਉਣੀਆਂ ਨਹੀਂ ਹਨ। "ਨਾਮ ਜਪੋ’ ਦੇ ਅਰਥ ਹਨ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ "ਗੁਰਬਾਣੀ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਵਿਚਾਰਧਾਰਾ ਨਾਲ ਸਾਂਝ ਪਾਉਣੀ ਅਤੇ ਆਪਣੇ ਮਨੁੱਖਾ ਜੀਵਨ ਨੂੰ ਉਨ੍ਹਾਂ ਆਦੇਸ਼ਾਂ ਅਨੁਸਾਰ ਢਾਲਣਾ, ਇਸੇ ਨੂੰ "ਗੁਰਬਾਣੀ ਗੁਰੂ ਦੀ ਕਮਾਈ ਕਰਣੀ" ਕਹਿਕੇ ਵੀ ਬਿਅਣਿਆ ਜਾਂਦਾ ਹੈ।

ਇਸ ਤਰ੍ਹਾਂ ਜਿਉਂ-ਜਿਉਂ ਸਾਡੇ ਜੀਵਨ ਦਾ ਚਲਣ ਅਥਵਾ ਸਾਡੀ ਸਮੂਚੀ ਜੀਵਨ ਰਹਿਣੀ "ਨਾਮ ਜਪੋ" ਭਾਵ "ਗੁਰਬਾਣੀ-ਗੁਰੂ" ਦੇ "ਆਦੇਸ਼ਾਂ" ਅਤੇ "ਗੁਰਬਾਣੀ-ਗੁਰੂ ਰਾਹੀਂ ਪ੍ਰਗਟ ਇਲਾਹੀ ਗੁਣਾਂ ਦੇ ਅਨੁਸਾਰੀ ਹੁੰਦੀ ਜਾਵੇਗੀ" ਗੁਰਦੇਵ ਰਾਹੀਂ ਮਨੁੱਖ ਮਾਤ੍ਰ ਲਈ ਵਿਸ਼ੇ ਨਾਲ ਸੰਬੰਧਤ ਇਸ ਲੜੀ ਵਿੱਚਲੇ ਅਗ਼ਲੇ ਤੇ ਬਾਕੀ ਦੋਵੇਂ ਆਦੇਸ਼ "ਕਿਰਤ ਕਰੋ" ਅਤੇ "ਵੰਡ ਛਕੋ" ਵੀ "ਸਾਡੇ ਜੀਵਨ ਅੰਦਰ ਗੁਰਬਾਣੀ ਰਾਹੀਂ ਪ੍ਰਗਟ ਹੋ ਚੁੱਕੇ ਇਲਾਹੀ ਗੁਣਾਂ ਕਾਰਣ" ਆਪਣੇ ਆਪ ਸਾਡੇ ਜੀਵਨ ਦਾ ਹਿੱਸਾ ਬਣਦੇ ਜਾਣਗੇ।

ਕਿਉਂਕਿ ਗਹੁ ਨਾਲ ਵਿਚਾਰਿਆ ਜਾਵੇ ਤੇ ਗੁਰਦੇਵ ਰਾਹੀਂ ਵਿਸ਼ੇ ਨਾਲ ਸੰਬੰਧਤ ਮਨੁੱਖ ਮਾਤ੍ਰ ਲਈ ਪ੍ਰਗਟ ਬਾਕੀ ਦੋਵੇਂ ਆਦੇਸ਼ "ਕਿਰਤ ਕਰੋ" ਅਤੇ "ਵੰਡ ਛਕੋ" ਹੈਣ ਹੀ ਗੁਰਬਾਣੀ ਆਧਾਰਤ ਮੁਖ ਵਿਸਾ "ਨਾਮ ਜਪੋ" ਦਾ ਹੀ ਅਗ਼ਲਾ ਪੜਾਅ ਤੇ ਵਿਸਤਾਰ। ਉਂਝ ਗੁਰਬਾਣੀ ਵਿੱਚਲੇ ਮੁਖ ਵਿਸ਼ੇ "ਨਾਮ ਜਪੋ" ਦੇ ਨਾਲ-ਨਾਲ ਗੁਰਬਾਣੀ `ਚ ਹੀ ਇਨ੍ਹਾਂ ਦੋਨਾਂ ਮੁਦਾਂ ਨੂੰ ਵੀ ਵੇਰਵੇ ਨਾਲ ਵੀ ਬਿਆਣਿਆ ਹੋਇਆ ਹੈ ਜਿਵੇਂ:-

() "ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ" (ਪੰ: ੧੨੪੫)

ਇਸ ਤਰ੍ਹਾਂ ਉਪ੍ਰੋਕਤ ਗੁਰਬਾਣੀ ਫ਼ੁਰਮਾਨ ਵਿੱਚਲੀ ਸ਼ਬਦਾਵਲੀ "ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ" ਦੇ ਮੂਲ ਅਰਥ ਹੀ "ਕਿਰਤ ਕਰੋ" ਤੇ "ਵੰਡ ਛਕੋ" ਹੀ ਹਨ।

ਇਸ ਲਈ ਇਥੇ ਇਹ ਵੀ ਦੌਰਾਅ ਦੇਵੀਏ ਕਿ ਮੂਲ ਰੂਪ `ਚ "ੴ" ਤੋਂ "ਤਨੁ ਮਨੁ ਥੀਵੈ ਹਰਿਆ ਤੀਕ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣ ਬਾਣੀ ‘ਨਾਮ ਜਪੋ’ ਵਾਲੇ ਗੁਰਮੱਤ ਸਿਧਾਂਤ ਦੀ ਹੀ ਵਿਆਖਿਆ ਹੈ। ਇਸ ਲਈ "ਗੁਰਬਾਣੀ" ਰਾਹੀ ਪ੍ਰਗਟ ਅਕਾਲਪੁਰਖ ਦੇ ਗੁਣਾਂ ਨਾਲ ਜੁੜ ਕੇ ਮਨੁੱਖ ਰਾਹੀਂ ਆਪਣੇ ਜੀਵਨ ਨੂੰ ਜੀਊਣਾ ਹੀ ਅਸਲ ਉਸ ਰਾਹੀਂ "ਨਾਮ ਜਪੋ" ਵਾਲੇ ਜੀਵਨ `ਚ ਵਿਚਰਨਾ ਹੈ।

ਉਪ੍ਰੰਤ ਉਸ ਤੋਂ ਬਾਅਦ ਹੀ ਕਿਸੇ ਨੂੰ ਗੁਰਬਾਣੀ ਮੁਤਾਬਕ ‘ਕਿਰਤ ਕਰੋ’ ਦੇ ਅਰਥ ਸਾਫ਼ ਹੋਣਗੇ ਅਤੇ ‘ਵੰਡ ਛਕੋ’ ਵੀ ਮਨੁੱਖ ਦੇ ਜੀਵਨ ਦਾ ਹਿੱਸਾ ਬਣ ਸਕੇਗਾ, ਉਸ ਤੋਂ ਬਿਨਾ ਨਹੀਂ।

ਕਿਉਂਕਿ ਜਦੋਂ ਤੀਕ ਮਨੁੱਖਾ ਜੀਵਨ ਅੰਦਰ ਗੁਰਬਾਣੀ ਆਧਾਰਤ "ਨਾਮ ਜਪੋ" ਭਾਵ "ਇਲਾਹੀ ਅਤੇ ਅਕਾਲਪੁਰਖੀ ਗੁਣਾਂ" ਦਾ ਹੀ ਸੰਚਾਰ ਅਤੇ ਵਾਸਾ ਨਹੀਂ ਹੁੰਦਾ, ਓੁਦੋਂ ਤੀਕ ਉਸ ਦੀ ਕਰਣੀ ਤੇ ਰਹਿਣੀ ਸੱਚੀ ਸੁੱਚੀ "ਕਿਰਤ" ਦੇ ਰੂਪ `ਚ ਉਭਰੇਗੀ ਵੀ ਤਾਂ ਕਿਵੇਂ? ਜਦਕਿ "ਵੰਡ ਛਕੋ" ਦਾ ਮੂਲ ਵੀ ਗੁਰਬਾਣੀ ਆਧਾਰਤ ਉਸੇ ਕਿਰਤ ਦਾ ਅਗ਼ਲਾ ਪੜਾਅ ਅਤੇ ਮਨੁੱਖੀ ਭਾਵਨਾ ਦੀ ਉਤਪਤੀ ਦਾ ਮੂਲ ਹੈ।

ਇਸ ਤੋਂ ਮਨੁੱਖਾ ਜੀਵਨ ਅੰਦਰਲੀ ਸੋਚਣੀ ਤੇ ਰਹਿਣੀ ਵੀ ਅਜਿਹੀ ਬਣ ਸਕਦੀ ਕਿ ਉਸ ਨੇ ਕਿਸੇ ਦਾ ਹੱਕ ਨਹੀਂ ਖਾਣਾ, ਜਾਬਰ ਅਤੇ ਜ਼ਾਲਮਾਨਾ ਤਬੀਅਤ ਵਾਲਾ ਜੀਵਨ ਨਹੀਂ ਜੀਊਣਾ, ਕਿਸੇ ਨਾਲ ਧੋਖਾ-ਠੱਗੀ-ਫ਼ਰੇਬ ਆਦਿ ਨਹੀਂ ਕਰਣੀ ਭਾਵ ਮਨੁੱਖ ਨੇ ਗੁਰਬਾਣੀ ਰਾਹੀਂ ਪ੍ਰਗਟ ਸਾਰਿਆਂ ਅੰਦਰ ਵੱਸ ਰਹੇ ਇਕੋ ਕਰਤੇ ਪ੍ਰਭੂ ਨੂੰ ਹੀ ਪਛਾਨਣਾ ਅਤੇ ਸਚਿਆਰਾ ਜੀਵਨ ਬਤੀਤ ਕਰਣਾ ਹੈ। ਇਸੇ ਤਰ੍ਹਾਂ ਉਸ ਅੰਦਰੋਂ ਦੂਜੇ ਦੇਸ਼ਾਂ `ਤੇ ਹਮਲਿਆਂ ਤੇ ਉਨ੍ਹਾਂ `ਤੇ ਕਬਜ਼ਿਆਂ ਵਾਲੀ ਦੌੜ ਵੀ ਮੁੱਕ ਜਾਵੇਗੀ

ਇਸੇ ਤੋਂ ਮਨੁੱਖ ਆਪਣੇ ਸਮੂਚੇ ਮਨੁੱਖੀ ਭਾਈਚਾਰੇ ਨੂੰ ਪਛਾਣਨ ਦੇ ਵੀ ਯੋਗ ਹੋ ਜਾਵੇਗਾ। ਫ਼ਿਰ ਕਿਹੜਾ ਦਲਿਤ ਤੇ ਕੌਣ ਬਾਦਸ਼ਾਹ? ਇਥੋਂ ਹੀ ਗੁਰਬਾਣੀ ਦੇ ਫ਼ੁਰਮਾਣ "ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ "(ਪੰ: ੩੪੫) ਅਨੁਸਾਰ ਉਸ ਦੀ ਆਤਮਕ ਅਵਸਥਾ `ਚ ਉੱਚਤਾ ਆਵੇਗੀ, ਉਸੇ ਤੋਂ "ਏਕੁ ਪਿਤਾ ਏਕਸ ਕੇ ਹਮ ਬਾਰਿਕ." (ਪੰ: ੬੧੧) ਹੀ ਉਸਦਾ ਬਾਕੀ ਜੀਵਨ ਹੋਵੇਗਾ।

ਖ਼ੈਰ! ਤਾਂ ਵੀ ਕਿਸੇ ਕਵੀ ਅਨੁਸਾਰ "ਦੂਜਿਆਂ `ਤੇ ਕੀ ਏ ਗਿੱਲਾ ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੈ ਅੱਜ ਸਰਦਾਰੀਆਂ" ਭਾਵ ਦੂਜਿਆਂ ਨੂੰ ਤਾਂ ਅਸਾਂ ਕੀ ਸਮਝਾਉਣਾ ਸੀ।

ਦੇਖਿਅ ਜਾਵੇ ਤਾਂ ਅੱਜ ਸਿੱਖ ਧਰਮ `ਚ ਹੀ ਪੈਰ ਫੈਲਾਅ ਚੁੱਕੀ ‘ਪੁਜਾਰੀ ਸ਼੍ਰੇਣੀ’, ਅਜੋਕੇ ਸਿੱਖ ਰਾਜਸੀ ਆਗੂ ਤੇ ਨੇਤਾ-ਗਣ, ਬਹੁਤਾ ਕਰਕੇ ਲਗਭਗ ਇੰਨ੍ਹਾਂ ਸਾਰਿਆਂ ਦਾ ਜੀਵਨ ਹੀ ਪਾਤਸ਼ਾਹ ਰਾਹੀਂ ਬਖਸ਼ੇ ਉਸ ਮਹਾਨ ਗੁਰਮੱਤ ਸਿਧਾਂਤ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਤੋਂ ਕੋਹਾਂ ਦੂਰ ਜਾ ਚੁੱਕਾ ਹੈ। ਇਸ ਲਈ ਪਹਿਲੀ ਲੋੜ ਹੈ ਕਿ ਗੁਰਬਾਣੀ ਰਾਹੀਂ ਬਖਸ਼ੇ ਗੁਰਮੱਤ ਸਿਧਾਂਤ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਨੂੰ ਅਸੀਂ ਆਪ ਸਮਝੀਏ ਉਪ੍ਰੰਤ ਸੰਸਾਰ ਨੂੰ ਵੀ ਇਸ ਪੱਖੋਂ ਉਜਾਗਤ ਕਰੀਏ।

ਫ਼ਿਰ ਪਤਾ ਲਗੇਗਾ ਕਿ ਪੰਜਵੇਂ ਪਾਤਸ਼ਾਹ "ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ" (ਪੰ: ੭੫੦) ਜਾਂ "ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ" (ਪੰ: ੬੧੨) ਆਦਿ ਗੁਰਬਾਣੀ ਫ਼ੁਰਮਾਨਾਂ ਰਾਹੀਂ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਰਾਹੀਂ ਸੱਸਾਰ ਤਲ `ਤੇ ਪ੍ਰਗਟ ਕੀਤੀਆਂ ਹੋਈਆਂ ਕਿਨ੍ਹਾਂ ਸਚਾਈਆਂ ਦਾ ਵਰਣਨ ਕਰ ਰਹੇ ਹਨ?

ਉਸ ਨਾਲ ਇਹ ਵੀ ਪਤਾ ਲੱਗ ਜਾਵੇਗਾ ਕਿ ਮਨੁੱਖਾ ਨਸਲ ਨੇ ਜੇਕਰ ਅੱਜ ਆਪਣਾ ਬਚਾਅ ਕਰਣਾ ਤੇ ਤੱਬਾਹੀ ਤੋਂ ਬਚਣਾ ਹੈ ਤਾਂ ਉਸ ਲਈ ਇਸ ਨੂੰ "ਗੁਰਬਾਣੀ ਗੁਰੂ" ਰਾਹੀਂ ਉਜਾਗਰ ਕੀਤੇ "ਨਾਮ ਜਪੋ, ਕਿਰਤ ਕਰੋ, ਵੰਡ ਛਕੋ" ਆਦਿ ਗੁਰਮੱਤ ਸਿਧਾਂਤਾਂ `ਤੇ ਪਹਿਰਾ ਦੇਣ ਦੀ ਵੀ ਲੋੜ ਹੈ।

ਹੁਕਮ, ਰਜ਼ਾ ਅਤੇ ਭਾਣੇ ਵਾਲੀ ਅਚੂਕ ਔਸ਼ਧੀ-ਜਿਉਂ ਜਿਉਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰੋਂ ਗੁਰਬਾਣੀ ਦਾ ਅਧਯੱਣ ਕਰਦੇ ਜਾਵੀਏ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਅਸਲ `ਚ ਮਨੁੱਖ, ਅੱਜ ਅਸਲੀ ਨਹੀਂ ਬਲਕਿ ਨਕਲੀ ਜੀਵਨ ਹੀ ਜੀਅ ਰਿਹਾ ਹੈ।

ਜਿਵੇਂ ਕਿ ਮਨੁੱਖ ਅੱਜ ਪ੍ਰਭੂ ਦੇ ਘੜੇ ਹੋਏ ਸੰਸਾਰ `ਚ ਨਹੀਂ ਵਿਚਰ ਰਿਹਾ, ਬਲਕਿ ਇਹ ਤਾਂ ਆਪਣੀ ਹਉਮੈ ਅਧੀਨ ਖੜੇ ਕੀਤੇ ਅਤੇ ਸਿਰਜੇ ਹੋਏ ਆਪਣੇ ਹੀ ਸੰਸਾਰ `ਚ ਹੀ ਵਿਚਰ ਰਿਹਾ ਹੈ।

ਇਸੇ ਨੂੰ ਹੀ ਗੁਰਬਾਣੀ `ਚ ਮਨਮੁੱਖੀ ਜੀਵਨ ਕਿਹਾ ਹੈ ਤੇ "ਮਨਮੁਖ ਮਰਹਿ ਅਹੰਕਾਰਿ, ਮਰਣੁ ਵਿਗਾੜਿਆ" (ਪੰ: ੮੬) ਅਨੁਸਾਰ ਅਜਿਹੇ ਲੋਕ ਅਗਿਆਨਤਾ ਦੇ ਹਨੇਰੇ `ਚ ਹੀ ਠੋਕਰਾਂ ਖਾ ਰਹੇ ਤੇ ਅਮੁੱਲੇ ਮਨੁੱਖਾ ਜਨਮ ਨੂੰ ਹੀ ਬਿਰਥਾ ਕਰ ਰਹੇ ਹੁੰਦੇ ਹਨ। ਇਸੇ ਤੋਂ ਉਨ੍ਹਾਂ ਦਾ ਸਮੂਚਾ ਜਨਮ ਚਿੰਤਾਂਵਾਂ, ਖੁਆਰੀਆਂ, ਤ੍ਰਿਸ਼ਨਾ, ਅੰਧਵਿਸ਼ਵਾਸਾ, ਭਟਕਣਾ ਤੇ ਵਿਕਾਰਾਂ ਕਾਰਣ ਦੁਖਦਾਈ ਹੀ ਬੀਤਤ ਹੁੰਦਾ ਹੈ।

"ਮੈਂ ਇਹ ਕਰ ਸਕਦਾ ਹਾਂ, ਮੈਂ ਉਹ ਕਰ ਸਕਦਾ ਹਾਂ" ਬੱਸ ਇਹੀ ਸੀਮਾ ਰਹਿ ਚੁੱਕੀ ਹੈ ਅਜਿਹੇ ਮਨਮੁਖਾਂ ਦੀ ਸੋਚਣੀ ਅਤੇ ਕਰਣੀ ਦੀ। ਉਹ ਭੁੱਲ ਚੁੱਕੇ ਹੁੰਦੇ ਹਨ ਕਿ ਸੰਸਾਰ `ਚ ਉਨ੍ਹਾਂ ਨੂੰ ਭੇਜਿਆ ਕਿਸ ਪ੍ਰਭੂ ਨੇ ਹੈ ਅਤੇ ਆਪਣੇ ਆਪ `ਚ ਉਹ ਪ੍ਰਗਟਾਵਾ ਕਿਸ "ਇਲਾਹੀ ਨੂਰ" ਦਾ ਹਨ?

ਜਦਕਿ ਮਨੁੱਖ ਦੀ ਅਸਲੀਅਤ ਇਵੇਂ ਹੈ ਜਿਵੇਂ ਪਾਣੀ ਚੋਂ ਹੀ ਬੁਲਬੁਲਾ ਝੱਗ, ਲਹਿਰਾਂ ਤਾਂ ਬੇਅੰਤ ਉਠਦੀਆਂ ਹਨ ਪਰ ਮੂਲ ਰੂਪ `ਚ ਉਨ੍ਹਾਂ ਸਾਰੇ ਬੁਲਬੁਲਿਆਂ, ਝੱਗ, ਲਹਿਰਾਂ ਆਦਿ ਦਾ ਵਜੂਦ ਉਹ ਪਾਣੀ ਹੀ ਹੁੰਦਾ ਹੈ। ਉਸੇ ਤਰ੍ਹਾਂ ਮਨੁੱਖ ਸਮੇਤ ਪ੍ਰਭੂ ਦੀ ਸਮੂਚੀ ਰਚਨਾ ਦਾ ਸੱਚ ਵੀ ਇਹੀ ਹੈ:-

() "ਏ ਨੇਤ੍ਰਹੁ ਮੇਰਿਹੋ, ਹਰਿ ਤੁਮ ਮਹਿ ਜੋਤਿ ਧਰੀ, ਹਰਿ ਬਿਨੁ ਅਵਰੁ ਨ ਦੇਖਹੁ ਕੋਈ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ, ਨਦਰੀ ਹਰਿ ਨਿਹਾਲਿਆ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ. ." (ਪੰ: ੯੨੨)

() "ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ" (ਪੰ: ੪੬੩) ਅਤੇ

() "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ" (ਪੰ: ੪੬੩) ਆਦਿ

ਭਾਵ "ਖਿਨ ਮਹਿ ਥਾਪਿ ਉਥਾਪਨਹਾਰਾ॥ ਆਪਿ ਇਕੰਤੀ ਆਪਿ ਪਸਾਰਾ" ਪੰ: ੧੦੮) ਅਨੁਸਾਰ ਸਮੂਚੀ ਰਚਨਾ ਪ੍ਰਭੂ ਦੀ ਆਪਣੀ ਹੀ ਹੋਂਦ ਦਾ ਹੀ ਸਬੂਤ, ਵਿਸਤਾਰ ਤੇ ਪ੍ਰਗਟਾਵਾ ਹੈ ਪ੍ਰਭੂ ਤੋਂ ਭਿੰਨ ਨਹੀਂ। ਬਲਕਿ ਪ੍ਰਭੂ ਤਾਂ ਇਸ ਦੇ ਜ਼ਰੇ ਜ਼ਰੇ `ਚ ਵੀ ਸਮਾਇਆ ਅਤੇ ਵਸਿਆ ਹੋਇਆ ਹੈ। ਇਸ ਲਈ ਮਨੁੱਖ ਤਾਂ ਕੀ, ਪ੍ਰਭੂ ਤੋਂ ਬਿਨਾ ਉਸ ਦੀ ਸਮੂਚੀ ਰਚਨਾ ਦਾ ਵੀ, ਆਪਣਾ ਕੋਈ ਵਜੂਦ ਨਹੀਂ।

ਇਸ ਦੇ ਉਲਟ ਉਸ "ਕਰਤੇ" ਨੂੰ ਵਿਸਾਰ ਕੇ, ਜਦੋਂ ਮਨੁੱਖ ਹਉਮੈ ਵੱਸ ਆਪਣੀ ਹੋਂਦ ਨੂੰ ਪ੍ਰਭੂ ਤੋਂ ਵੱਖਰੀ ਤੇ ਭਿੰਨ ਮੰਨ ਬੈਠਦਾ ਹੈ ਤਾਂ "ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ" (ਬਾਣੀ ਜਪੁ) ਅਨੁਸਾਰ "ਪ੍ਰਭੂ ਦੇ ਸੱਚ ਨਿਆਂ `ਚ" ਅਜਿਹੇ ਮਨੁੱਖ ਦੀ ਹਾਲਤ ਵੀ ਅਸਲ `ਚ ਇਉਂ ਹੁੰਦੀ ਹੈ ਜਿਵੇਂ ਪਾਣੀ ਤੋਂ ਬਿਨਾ ਝੱਗ, ਬੁਲਬੁਲੇ, ਲਹਿਰਾਂ ਆਦਿ ਦਾ ਕੋਈ ਵਜੂਦ ਨਹੀ ਹੁੰਦਾ। ਇਸ ਤੋਂ ਮਨੁੱਖਾ ਜੀਵਨ ਦੀ ਸਚਾਈ ਤੇ ਅਸਲੀਅਤ ਨੂੰ ਸਮਝਣ `ਚ ਉੱਕਾ ਹੀ ਦੇਰ ਨਹੀਂ ਲਗਣੀ ਚਾਹੀਦੀ। ਜਦਕਿ ਆਪਣੀਆਂ ਆਪਹੁੱਦਰੀਆਂ, ਮਨਮੱਤਾਂ ਕਾਰਣ ਅਜਿਹਾ ਮਨੁੱਖ ਇਹ ਵੀ ਭੁੱਲ ਚੁੱਕਾ ਹੁੰਦਾ ਹੈ ਕਿ:-

"ਕਰਣ ਕਾਰਣ ਏਕੁ ਓਹੀ, ਜਿਨਿ ਕੀਆ ਆਕਾਰੁ॥ ਤਿਸਹਿ ਧਿਆਵਹੁ ਮਨ ਮੇਰੇ, ਸਰਬ ਕੋ ਆਧਾਰੁ॥ ੧ ਗੁਰ ਕੇ ਚਰਨ ਮਨ ਮਹਿ ਧਿਆਇ॥ ਛੋਡਿ ਸਗਲ ਸਿਆਣਪਾ, ਸਾਚਿ ਸਬਦਿ ਲਿਵ ਲਾਇ॥ ੧ ॥ ਰਹਾਉ॥ ਦੁਖੁ ਕਲੇਸੁ ਨ ਭਉ ਬਿਆਪੈ, ਗੁਰ ਮੰਤ੍ਰੁ ਹਿਰਦੈ ਹੋਇ॥ ਕੋਟਿ ਜਤਨਾ ਕਰਿ ਰਹੇ, ਗੁਰ ਬਿਨੁ ਤਰਿਓ ਨ ਕੋਇ. ." (ਪੰ: ੫੧)

ਇਸ ਤਰ੍ਹਾਂ ਆਪਣੇ ਜੀਵਨ ਦੇ ਸੋਮੇ, ਪ੍ਰਭੂ ਨੂੰ ਵਿਸਾਰ ਕੇ ਜਦੋਂ ਅਸੀਂ ਜੀਵਨ ਜੀਅ ਰਹੇ ਹੁੰਦੇ ਹਾਂ ਤਾਂ ਸਾਡੇ ਇਸ ਨਕਲੀ ਜੀਵਨ ਦੀ ਉਪਜ ਹੀ ਹੁੰਦੇ ਹਨ ਵਿੱਤਕਰੇ, ਸਗਨ-ਅਪਸਗਨ, ਰੀਤਾਂ, ਉਪਾਅ, ਹੱਥ ਦੇਖਣੇ-ਦਿਖਾਉਣੇ, ਟੇਵੇ-ਮੁਹੂਰਤ, ਵਰ-ਸ਼ਾਪ, ਦੇਵੀਆਂ-ਦੇਵਤੇ, ਮੰਗਾਂ-ਕਾਮਨਾਵਾਂ, ਦਾਨ-ਪੁੰਨ, ਤਪ ਸਾਧਨੇ-ਸਮਾਧੀਆਂ, ਯੋਗ ਸਾਧਨਾਵਾਂ ਆਦਿ ਬੇਅੰਤ ਫੋਕਟ ਵਿਸਵਾਸ ਅਤੇ ਕਰਮ।

ਪ੍ਰਭੂ ਵੱਲੋਂ ਬਖ਼ਸ਼ੇ ਹੋਏ ਆਪਣੇ ਅਸਲੀ ਜੀਵਨ ਤੋਂ ਦੂਰ, ਇਸੇ ਕਾਰਣ ਆਪਣੇ ਹੀ ਘੜੇ ਹੋਏ ਸੰਸਾਰ `ਚ ਅਸੀਂ ਹਰ ਸਮੇਂ ਦੁਖਾਂ, ਕਲੇਸ਼ਾ, ਡਰਾਂ-ਸਹਿਮਾਂ ਆਦਿ ਨਾਲ ਭਰਪੂਰ ਜੀਵਨ ਬਤੀਤ ਕਰ ਰਹੇ ਹੁੰਦੇ ਹਾਂ। ਜਦਕਿ ਸੰਸਾਰ ਤਲ `ਤੇ ਇਹ ਵਿਸ਼ਾ ਵੀ ਸਭ ਤੋਂ ਪਹਿਲਾਂ ਕੇਵਲ ਗੁਰੂ ਸਾਹਿਬਾਨ ਨੇ ਆਪਣੇ ਸਰੀਰਾਂ `ਤੇ ਹੰਡਾ ਕੇ ਅਤੇ ਗੁਰਬਾਣੀ ਰਾਹੀਂ ਲੋਕਾਈ ਨੂੰ ਦ੍ਰਿੜ ਵੀ ਕਰਵਾਇਆ ਕਿ "ਐ ਭਾਈ! ਜੇ ਤੂੰ ਇਸ ਦੁਖਦਾਈ, ਵਾਸ਼ਨਾਵਾਂ, ਮਨਸ਼ਾਵਾਂ-ਆਸਾਂਵਾਂ, ਮੰਗਾਂ ਭਰਪੂਰ ਜੀਵਨ ਤੋਂ ਨਿਜਾਤ ਚਾਹੁੰਦਾ ਹੈਂ ਤਾਂ ਆਪਣੇ ਜੀਵਨ ਨੂੰ ਅਜਿਹੇ ਗੁਰਬਾਣੀ ਫ਼ੁਰਮਾਨਾਂ ਅਨੁਸਾਰ ਤਿਆਰ ਕਰ ਜਿਵੇਂ:-

() "ਜਿਨਾ ਭਾਣੇ ਕਾ ਰਸੁ ਆਇਆ॥ ਤਿਨ ਵਿਚਹੁ ਭਰਮੁ ਚੁਕਾਇਆ॥ ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ" (ਪੰ: ੭੨)

() "ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ॥ ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ" (ਪੰ: ੨੦੯)

() "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ॥ ਜਿਨੀੑ ਪਛਾਤਾ ਹੁਕਮੁ ਤਿਨੑ ਕਦੇ ਨ ਰੋਵਣਾ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ" (ਪੰ: ੫੨੩) ਇਸੇ ਤਰ੍ਹਾਂ

() "ਜਉ ਸੁਖ ਕਉ ਚਾਹੈ ਸਦਾ, ਸਰਨਿ ਰਾਮ ਕੀ ਲੇਹ" (ਪੰ: ੧੪੨੭) ਆਦਿ

ਭਾਵ ਤੂੰ ਆਪਣਾ ਨਕਲੀ ਆਪਹੁੱਦਰਾ ਜੀਵਨ ਤਿਆਗ ਕੇ ਆਪਣੇ ਸੋਮੇਂ ਅਕਾਲਪੁਰਖ ਨਾਲ ਜੁੜ ਕੇ ਰਜ਼ਾਅ ਤੇ ਭਾਣੇ ਵਾਲਾ ਜੀਵਨ ਜੀਅ ਅਤੇ ਪ੍ਰਭੂ ਦੀ ਬਖ਼ਸ਼ਿਸ਼ ਦਾ ਪਤ੍ਰ ਬਣ। ਕੇਵਲ ਇਹੀ ਢੰਗ ਹੈ ਨਿਰੰਕਾਰ ਦੇ ਦੇਸ਼ ਪਰਤਣ ਅਤੇ ਇਸ ਬਨਾਵਟੀ ਜੀਵਨ ਤੋਂ ਛੁਟਕਾਰਾ ਪਾ ਕੇ ਆਨੰਦ-ਮਈ ਸੰਤੋਖੀ ਜੀਵਨ ਬਤੀਤ ਕਰਣ ਦਾ। ਇਸ ਦੇ ਉਲਟ ਆਪਣੀ ਹਊਮੈ ਕਾਰਣ ਘੜੇ ਹੋਏ ਸੰਸਾਰ `ਚ ਤਾਂ ਤੂੰ:-

() "ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ" (ਪੰ: ੪੧੧)

ਕਿਉਂਕਿ ਤੇਰੇ ਇਹ ਕਾਲਪਨਿਕ ਸੁੱਖ ਹੀ ਤੈਨੂੰ ਦੁਖੀ ਕਰਦੇ ਰਹਿਣਗੇ ਤੇ ਜੀਵਨ ਭਰ ਇਨ੍ਹਾਂ ਕਾਲਪਨਿਕ ਸੁਖਾਂ ਕਾਰਣ ਤੇਰੀ ਹਾਲਤ "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ" ਵਾਲੀ ਹੀ ਬਣੀ ਰਵੇਗੀ, ਜਦਕਿ ਇਹ ਸੁਖ "ਮ੍ਰਿਗ-ਤ੍ਰਿਸ਼ਨਾ" ਤੋਂ ਵੱਧ ਕੁੱਝ ਵੀ ਨਹੀਂ ਹਨ। ਗੁਰਬਾਣੀ ਫ਼ੁਰਮਾਨ ਹਨ:-

() "ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ" (ਪੰ: ੧੪੨੮) ਆਦਿ

ਭਾਵ ਐ ਮਨੁੱਖ! ਘਟੋਘਟ ਤੂੰ ਇਤਨਾ ਤਾਂ ਸੋਚ ਕਿ ਤੂੰ ਸਦਾ ਤੋਂ ਸੁਖ ਹੀ ਮੰਗਦਾ ਆਇਆ ਹੈਂ, ਦੁਖ ਤਾਂ ਤੂੰ ਕਦੇ ਮੰਗੇ ਹੀ ਨਹੀਂ ਹਨ, ਤਾਂ ਕੀ ਕਾਰਣ ਹੈ ਕਿ ਦੁਖ ਵੀ ਹਰੇਕ ਜੀਵ ਦੇ ਜੀਵਨ ਦਾ ਅਣਿਖੜਵਾਂ ਅੰਗ ਹੁੰਦੇ ਹਨ।

ਕਿਉਂਕਿ ਇਹ ਖੇਡ ਵੀ ਉਸ ਕਰਤਾਰ ਦੀ ਹੀ ਹੈ ਜਿਸ ਪ੍ਰਭੂ ਦੀ ਇਹ ਰਚਨਾ ਰਚੀ ਹੋਈ ਹੈ। ਇਸ ਲਈ ਜੇ ਤੂੰ "ਗੁਰਬਾਣੀ ਗੁਰੂ" ਦੇ ਚਰਣਾਂ `ਚ ਆ ਕੇ ਪ੍ਰਭੂ ਦੇ "ਹੁਕਮ, ਰਜ਼ਾ ਅਤੇ ਭਾਣੇ" ਵਾਲੀ ਖੇਡ ਨੂੰ ਸਮਝ ਤੇ ਪਹਿਚਾਣ ਲਵੇਂਗਾ ਤਾਂ ਤੁੰ ਕਦੇ ਵੀ ਦੁਖੀ ਨਹੀਂ ਹੋਵੇਂਗਾ। ਗੁਰਬਾਣੀ ਦੇ ਫ਼ੁਰਮਾਨ ਹਨ:-

() "ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ" (ਪੰ: ੫੭)

() "ਦੂਖ ਸੂਖ ਪ੍ਰਭ ਦੇਵਨਹਾਰੁ॥ ਅਵਰ ਤਿਆਗਿ ਤੂ ਤਿਸਹਿ ਚਿਤਾਰੁ॥ ਜੋ ਕਛੁ ਕਰੈ ਸੋਈ ਸੁਖੁ ਮਾਨੁ॥ ਭੂਲਾ ਕਾਹੇ ਫਿਰਹਿ ਅਜਾਨ" (ਪੰ: ੨੮੩)

() "ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ, ਅਨਿਕ ਜੋਨਿ ਭਰਮਈਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ, ਇਹੁ ਅਉਸਰੁ ਕਤ ਪਈ ਹੈ" (ਪੰ: ੫੨੪)

() "ਆਵਤ ਕਉ ਹਰਖ, ਜਾਤ ਕਉ ਰੋਵਹਿ, ਇਹੁ ਦੁਖੁ ਸੁਖੁ ਨਾਲੇ ਲਾਗਾ॥ ਆਪੇ ਦੁਖ ਸੁਖ ਭੋਗਿ ਭੋਗਾਵੈ, ਗੁਰਮੁਖਿ ਸੋ ਅਨਰਾਗਾ" (ਪੰ: ੫੯੮) ਆਦਿ

ਜਦਕਿ ਮਨੁੱਖਾ ਨਸਲ ਦੀ ਇਸ ਪੱਖੋਂ ਹੋ ਰਹੀ ਤੱਬਾਹੀ ਦਾ ਕਾਰਣ ਵੀ ਇਸ ਦੇ ਕਾਲਪਨਿਕ ਸੁੱਖਾਂ ਦੀ ਹੋੜ ਦੀ ਜੜ੍ਹ ਇਸ ਦੀਆਂ ਆਪਹੁੱਦਰੀਆਂ, ਹੂੜਮੱਤਾ ਅਤੇ ਮਨਮੱਤਾ ਹੀ ਬਣ ਰਹੀਆਂ ਹਨ।

ਜਦਕਿ "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ" (ਬਾਣੀ ਜਪੁ) ਭਾਵ ਇਸ ਪੱਖੋਂ ਵੀ ਸੰਸਾਰ ਤਲ `ਤੇ ਸਭ ਤੋਂ ਪਹਿਲਾਂ, ਗੁਰਬਾਣੀ ਦੇ ਭੰਡਾਰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੇ ਹੀ ਗੁਰਬਾਣੀ ਦੇ ਪ੍ਰਕਾਸ਼ ਰਾਹੀਂ ਮਨੁੱਖਾ ਨਸਲ ਨੂੰ "ਪ੍ਰਭੂ ਦੇ ਹੁਕਮ, ਰਜ਼ਾ ਤੇ ਭਾਣੇ ਵਾਲੀ ਅਚੂਕ ਔਸ਼ਧੀ" ਬਖ਼ਸ਼ ਕੇ ਇਸਦੇ ਬਚਾਅ ਲਈ ਇਕੋ ਇੱਕ ਜੀਵਨ ਰਾਹ ਵੀ ਉਜਾਗਰ ਕੀਤਾ।

ਕਾਸ਼ ਇਸ ਪੱਖੋਂ ਵੀ ਮਨੁੱਖ ਜੇਕਰ ਅੱਜ ਵੀ ਕੇਵਲ ਗੁਰਬਾਣੀ-ਗੁਰੂ ਦੀ ਸ਼ਰਣ `ਚ ਆ ਜਾਵੇ ਅਤੇ ਆਪਣੀ ਸੰਭਾਲ ਅਤੇ ਆਪਣੀ ਨਸਲ ਨੂੰ ਬਚਾਉਣ ਦੇ ਕਾਬਿਲ ਹੋ ਸਕਦਾ ਹੈ। (ਚਲਦਾ) #234P-XVIIII,-02.17-0217#p19v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XVIIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਉਨੀਂਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.