.

ਵਿਦੇਸ਼ੀ ਗੁਰਦੁਆਰਿਆਂ ਵਿੱਚ ਲੜਾਈਆਂ ਜ਼ਿੰਮੇਵਾਰ ਕੌਣ?

ਹਰਚਰਨ ਸਿੰਘ ਪ੍ਰਹਾਰ (ਮੁੱਖ ਸੰਪਾਦਕ-ਸਿੱਖ ਵਿਰਸਾ)

Tel.: 403-681-8689 Email: [email protected]

ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵਲੋਂ ਪਿਛਲੇ 50 ਕੁ ਸਾਲਾਂ ਵਿੱਚ ਜਿਥੇ ਆਪਣੇ ਮਿਹਤਨੀ ਹੋਣ ਦਾ ਲੋਹਾ ਮਨਾਇਆ ਹੈ, ਉਥੇ ਜੀਵਨ ਦੇ ਹਰ ਖੇਤਰ ਵਿੱਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਉਹ ਪੰਜਾਬੀ ਜਿਨ੍ਹਾਂ ਦਾ ਅਖਾਣ ਸੀ, ਉੱਤਮ ਖੇਤੀ, ਮੱਧਮ ਵਪਾਰ ਤੇ ਨਖਿਧ ਚਾਕਰੀ, ਹੁਣ ਵਪਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉੱਚੇ ਅਹੁਦਿਆਂ ਤੇ ਬਿਰਾਜ਼ਮਾਨ ਹਨ। ਸਿੱਖਾਂ ਬਾਰੇ ਇਹ ਵੀ ਅਕਸਰ ਸੁਣਦੇ ਸੀ ਕਿ ਇਹ ਰਾਜ ਲੈ ਤਾਂ ਸਕਦੇ ਹਨ, ਪਰ ਰਾਜ ਕਰ ਨਹੀਂ ਸਕਦੇ, ਹੁਣ ਇਸ ਕਥਨ ਨੂੰ ਝੁਠਲਾ ਕੇ ਸਿੱਖਾਂ ਵਲੋਂ ਨਾ ਸਿਰਫ ਵਿਦੇਸ਼ਾਂ ਦੀ ਸਰਗਰਮ ਸਿਆਸਤ ਵਿੱਚ ਹਿੱਸਾ ਹੀ ਲਿਆ ਜਾਂਦਾ ਹੈ, ਸਗੋਂ ਵੱਖ-ਵੱਖ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਜਾ ਕੇ ਮਨਿਸਟਰੀਆਂ ਤੱਕ ਹਾਸਲਿ ਕੀਤੀਆਂ ਹਨ। ਮਿਹਨਤ ਨਾਲ ਕਿਰਤ ਕਰਨ ਦੇ ਨਾਲ-ਨਾਲ ਦਾਨ ਦੇਣ ਤੇ ਲੰਗਰ ਲਾਉਣ ਦੇ ਖੇਤਰ ਵਿੱਚ ਵੀ ਸਿੱਖਾਂ ਨੇ ਹਮੇਸ਼ਾਂ ਨਾਮਣਾ ਖੱਟਿਆ ਹੈ। ਧਰਮ ਤੇ ਸਭਿਆਚਾਰ ਦੇ ਨਾਮ ਤੇ ਵੱਡੇ-ਵੱਡੇ ਇਕੱਠ, ਮੇਲੇ, ਨਗਰ ਕੀਰਤਨ ਸ਼ਾਇਦ ਸਿੱਖਾਂ ਦੇ ਹਿੱਸੇ ਹੀ ਆਉਂਦੇ ਹਨ। ਇਹ ਸਭ ਕੁੱਝ ਕਰਨ ਦੇ ਬਾਵਜੂਦ ਸਿੱਖਾਂ ਲਈ ਗੁਰਦੁਆਰਿਆਂ ਵਿੱਚ ਲੜਾਈਆਂ ਨਾਮੋਸ਼ੀ ਦਾ ਕਾਰਨ ਬਣਦੀਆਂ ਹਨ। ਗੁਰਦੁਆਰਿਆਂ ਵਿੱਚ ਇਹ ਲੜਾਈਆਂ 1984 ਤੋਂ ਬਾਅਦ ਜ਼ਿਆਦਾ ਸ਼ੁਰੂ ਹੋਈਆਂ ਸਨ। ਪਿਛਲ਼ੇ 30-35 ਸਾਲਾਂ ਤੋਂ ਕੁੱਝ ਕੁ ਮਹੀਨਿਆਂ ਬਾਅਦ ਅਜਿਹੀ ਖ਼ਬਰ ਦੇਖਣ-ਸੁਣਨ ਨੂੰ ਮਿਲਦੀ ਹੈ, ਜਦੋਂ ਸਿੱਖ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਹਨ, ਕਿਰਪਾਨਾਂ ਚਲਦੀਆਂ, ਗਾਲ਼ੀ-ਗਲੋਚ ਕੀਤਾ ਜਾਂਦਾ ਹੈ। ਆਮ ਲੋਕ ਨਾ ਸਿਰਫ ਅਜਿਹੀਆਂ ਘਟਨਾਵਾਂ ਤੋਂ ਦੁਖੀ ਤੇ ਸ਼ਰਮਿੰਦਾ ਹੁੰਦੇ ਹਨ, ਸਗੋਂ ਗੁਰਦੁਆਰਿਆਂ ਤੋਂ ਦੂਰ ਹੋ ਰਹੇ ਹਨ। ਅਕਸਰ ਬੱਚੇ ਅਜਿਹੀਆਂ ਲੜਾਈਆਂ ਬਾਰੇ ਸਵਾਲ ਕਰਦੇ ਹਨ ਤੇ ਗੁਰਦੁਆਰਿਆਂ ਵਿੱਚ ਨਾ ਜਾਣ ਦਾ ਇਸਨੂੰ ਕਾਰਨ ਦੱਸਦੇ ਹਨ। ਮੈਂ ਹਮੇਸ਼ਾਂ ਅਜਿਹੀਆਂ ਘਟਨਾਵਾਂ ਨੂੰ ਨੇੜੇ ਤੋਂ ਦੇਖਣ ਦਾ ਯਤਨ ਹੀ ਨਹੀਂ ਕਰਦਾ ਰਿਹਾ, ਸਗੋਂ ਮੇਰਾ ਆਪਣਾ ਨਿੱਜ਼ੀ ਤਜ਼ੁਰਬਾ ਵੀ ਇਹ ਹੈ ਕਿ ਸਿੱਖਾਂ ਦੇ ਲੀਡਰਾਂ, ਪ੍ਰਚਾਰਕਾਂ, ਗੁਰਦੁਅਰਾ ਪ੍ਰਬੰਧਕ ਕਮੇਟੀਆਂ, ਪੰਥਕ ਸੰਸਥਾਵਾਂ ਨੇ ਕਦੇ ਵੀ ਇਨ੍ਹਾਂ ਘਟਨਾਵਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ। ਕਦੇ ਇਕੱਠੇ ਬੈਠ ਕੇ ਇਸ ਤੇ ਵਿਚਾਰ ਨਹੀਂ ਕੀਤਾ ਕਿ ਇਨ੍ਹਾਂ ਘਟਨਾਵਾਂ ਪਿਛੇ ਕੀ ਕਾਰਨ ਹਨ ਤੇ ਇਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।
ਤਾਜ਼ਾ ਘਟਨਾਵਾਂ ਇਟਲੀ ਤੇ ਜਰਮਨੀ ਦੀਆਂ ਹਨ। ਜਿਥੇ ਕੁੱਝ ਸੰਸਥਾਵਾਂ ਵਲੋਂ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਅਖੀਰ ਇਹ ਵਿਰੋਧ ਲੜਾਈ ਤੇ ਜਾ ਕੇ ਖਤਮ ਹੋਇਆ। ਅਜੇ ਦੋ ਕੁ ਮਹੀਨੇ ਪਹਿਲਾਂ ਮਲੇਸ਼ੀਆ ਵਿੱਚ ਸਿੱਖ ਪ੍ਰਚਾਰਕ ਪ੍ਰੋ: ਇੰਦਰ ਸਿੰਘ ਘੱਗਾ ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਦੀ ਕਨੇਡਾ ਆਮਦ ਤੇ ਟਰਾਂਟੋ ਵਿੱਚ ਲੜਾਈ ਹੋਈ ਸੀ। ਪਿਛਲੇ ਕੁੱਝ ਸਾਲਾਂ ਤੋਂ ਇੱਕ ਖਾਸ ਵਿਚਾਰਧਾਰਾ ਵਾਲੇ ਪ੍ਰਚਾਰਕਾਂ ਨੂੰ ਤੇ ਦੂਜੀ ਵਿਚਾਰਧਾਰਾ ਨਾਲ ਸਬੰਧਿਤ ਧਿਰਾਂ ਮਿਥ ਕੇ ਨਿਸ਼ਾਨਾਂ ਬਣਾ ਰਹੀਆਂ ਹਨ। ਪਿਛਲ਼ੇ ਸਾਲ ਭਾਈ ਰਣਜੀਤ ਸਿੰਘ ਢੱਡਰੀਵਾਲਾ ਦੇ ਜਥੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਸਦੇ ਇੱਕ ਸਾਥੀ ਦੀ ਮੌਤ ਹੋ ਗਈ ਸੀ। ਮੇਰੇ ਖਿਆਲ ਵਿੱਚ ਇਨ੍ਹਾਂ ਲੜਾਈਆਂ ਦੇ ਕਾਰਨਾਂ ਦੀ ਤਹਿ ਵਿੱਚ ਜਾਣ ਦੀ ਲੋੜ ਹੈ। ਹਰ ਲੜਾਈ ਦੇ ਪਿਛੇ ਇੱਕ ਹੀ ਕਾਰਨ ਨਹੀਂ ਹੈ? ਵੱਖ-ਵੱਖ ਸਮਿਆਂ ਤੇ ਵੱਖ-ਵੱਖ ਥਾਵਾਂ ਤੇ ਇਸਦੇ ਕਾਰਨ ਵੱਖਰੇ ਹੋ ਸਕਦੇ ਹਨ। ਮੇਰੀ ਸਮਝ ਜਾਂ ਜਾਣਕਾਰੀ ਮੁਤਬਿਕ ਇਨ੍ਹਾਂ ਲੜਾਈਆਂ ਦੇ ਮੁੱਖ ਕਈ ਕਾਰਨ ਹਨ। ਗੁਰਦੁਆਰਿਆਂ ਵਿੱਚ ਲੜਾਈਆਂ ਦਾ ਦੌਰ ਤਕਰੀਬਨ 1980 ਦੇ ਸ਼ੁਰੂਆਤੀ ਦਹਾਕੇ ਵਿੱਚ ਹੋ ਗਿਆ ਸੀ, ਜੋ ਕਿ 1984 ਤੋਂ ਬਾਅਦ ਤੇਜ਼ ਹੋ ਗਿਆ। ਪਹਿਲੇ ਦੌਰ ਵਿੱਚ ਲੜਾਈਆਂ ਦੇ ਮੁੱਖ ਕਾਰਨ ਖਾਲਿਸਤਾਨੀ ਧਿਰਾਂ ਵਲੋਂ ਗੁਰਦੁਆਰਿਆਂ ਤੇ ਕਬਜ਼ੇ ਸਨ ਤਾਂ ਕਿ ਉਹ ਖਾਲਿਸਤਾਨੀ ਮੂਵਮੈਂਟ ਦੇ ਪ੍ਰਚਾਰ ਲਈ ਗੁਰਦੁਆਰਾ ਸਟੇਜਾਂ ਨੂੰ ਵਰਤ ਸਕਣ ਅਤੇ ਗੋਲਕ ਦੀ ਮਾਇਆ ਨਾਲ ਮਾਇਕ ਸਹਾਇਤਾ ਵੀ ਕਰ ਸਕਣ। ਇਸ ਸਮੇਂ ਦੌਰਾਨ 1989 ਵਿੱਚ ਦੋ ਪੱਤਰਕਾਰਾਂ ਜ਼ੁਹੇਰ ਕਸ਼ਮੀਰੀ ਅਤੇ ਬਰਾਇਨ ਮਕੈਂਡਰੂ ਵਲੋਂ 1985 ਦੇ ਏਅਰ ਇੰਡੀਆ ਬੰਬ ਧਮਾਕੇ ਬਾਰੇ ਲਿਖੀ ਕਿਤਾਬ ‘ਸਾਫਟ ਟਾਰਗੈਟ’ ਅਨੁਸਾਰ 1980 ਦੇ ਸ਼ੁਰੂਆਤੀ ਦਹਾਕੇ ਵਿੱਚ ਹੀ ਭਾਰਤੀ ਖੁਫੀਆ ਏਜੰਸੀਆਂ ਵਲੋਂ ਖਾਲਿਸਤਾਨੀ ਧਿਰਾਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਨੂੰ ਰੋਕਣ ਲਈ ਆਪਣੀ ਘੁਸਪੈਠ ਸ਼ੁਰੂ ਕਰਾ ਦਿੱਤੀ ਗਈ ਸੀ, ਇਸ ਲਈ ਇਨ੍ਹਾਂ ਲੜਾਈਆਂ ਵਿੱਚ ਸ਼ੁਰੂ ਤੋਂ ਹੁਣ ਤੱਕ ਸਿੱਧੇ-ਅਸਿੱਧੇ ਢੰਗ ਨਾਲ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਵੀ ਸ਼ਾਮਿਲ ਰਿਹਾ ਹੈ। ਗੁਰਦੁਆਰਿਆਂ ਦੀਆਂ ਲੜਾਈਆਂ ਦੇ ਪਹਿਲੇ ਦੌਰ ਵਿੱਚ ਇੰਡੀਅਨ ਸਟੇਟ ਨਾਲ ਸਾਂਝ ਬਣਾ ਕੇ ਚਲਦੇ ਕੌਮਨਿਸਟ ਗਰੁੱਪਾਂ ਨੂੰ ਵੀ ਵਰਤਿਆ ਜਾਂਦਾ ਰਿਹਾ ਸੀ। ਲੜਾਈਆਂ ਦੇ ਦੂਜੇ ਦੌਰ ਵਿੱਚ ਗੁਰਦੁਆਰਾ ਲੜਾਈਆਂ ਵੱਖ-ਵੱਖ ਖਾਲਿਸਤਾਨੀ ਗਰੁੱਪਾਂ ਵਲੋਂ ਗੁਰਦੁਅਰਿਆਂ ਤੇ ਕਬਜ਼ੇ ਲਈ ਸਨ ਕਿਉਂਕਿ ਹਰ ਗਰੁੱਪ ਗੁਰਦੁਆਰਾ ਸਟੇਜ ਅਤੇ ਗੋਲਕ ਆਪਣੇ ਗਰੁੱਪ ਦੇ ਹਿੱਤਾਂ ਲਈ ਵਰਤਣਾ ਚਾਹੁੰਦਾ ਸੀ। ਇਸ ਦੌਰ ਵਿੱਚ ਭਿੰਡਰਾਂ ਵਾਲੀ ਟਕਸਾਲ ਤੇ ਉਸਦੀ ਸਹਿਯਗੀ ਫੈਡਰੇਸ਼ਨ, ਦਲਜੀਤ ਸਿੰਘ ਬਿਟੂ ਵਾਲੀ ਫੈਡਰੇਸ਼ਨ ਤੇ ਸੋਹਣ ਸਿੰਘ ਦੀ ਪੰਥਕ ਕਮੇਟੀ ਵਾਲੇ ਧੜੇ, ਬੱਬਰ ਖਾਲਸਾ ਤੇ ਵਰਲਡ ਸਿੱਖ ਆਰਗਨਾਈਜ਼ੇਸ਼ਨ ਆਦਿ ਖਾਲਿਸਤਾਨੀ ਗਰੁੱਪ ਗੁਰਦੁਆਰਿਆਂ ਤੇ ਕਬਜ਼ਿਆਂ ਲਈ ਲੜਦੇ ਸਨ। ਫਿਰ 1998 ਤੋਂ ਬਾਅਦ ਕੁੱਝ ਸਾਲ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਲੜਾਈਆਂ ਦਾ ਕਾਰਨ ਸੀ ਕਿ ਲੰਗਰ ਵਿੱਚ ਤੱਪੜ ਰੱਖਣੇ ਹਨ ਜਾਂ ਮੇਜ ਕੁਰਸੀਆਂ ਰੱਖਣੀਆਂ ਹਨ। ਉਸ ਤੋਂ ਬਾਅਦ ਇੱਕ ਨਵਾਂ ਦੌਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਕਿਤਾਬਾਂ ਪੜ੍ਹ ਕੇ ਬਣੇ ਵਿਦਵਾਨਾਂ ਤੇ ਮਿਸ਼ਨਰੀ ਪ੍ਰਚਾਰਕਾਂ ਦੇ ਉਭਾਰ ਦਾ ਆਇਆ। ਇਸ ਤੋਂ ਪਹਿਲਾਂ ਵਿਦੇਸ਼ੀ ਗੁਰਦੁਆਰਿਆਂ ਵਿੱਚ ਤਕਰੀਬਨ ਖਾਲਿਸਤਾਨੀ ਜਾਂ ਟਕਸਾਲੀ ਧਿਰਾਂ ਦਾ ਕਬਜ਼ਾ ਹੋ ਚੁੱਕਾ ਸੀ। ਮਿਸ਼ਨਰੀ ਪ੍ਰਚਾਰਕਾਂ ਦੇ ਵਿਦੇਸ਼ਾਂ ਵਿੱਚ ਆਉਣ ਨਾਲ ਸੰਤਵਾਦ, ਡੇਰਾਵਾਦ, ਦਸਮ ਗ੍ਰੰਥ, ਸਿੱਖ ਰਹਿਤ ਮਰਿਯਾਦਾ ਆਦਿ ਮੁੱਦਿਆਂ ਤੇ ਤਿੱਖੀ ਬਹਿਸ ਸ਼ੁਰੂ ਹੋਈ, ਜਿਸ ਨਾਲ ਕਾਬਿਜ਼ ਧਿਰਾਂ ਵਲੋਂ ਇਨ੍ਹਾਂ ਨੂੰ ਆਪਣੇ ਕਬਜ਼ੇ ਵਾਲੇ ਗੁਰਦੁਆਰਿਆਂ ਵਿੱਚ ਬੋਲਣ ਨਾ ਦੇਣਾ ਤੇ ਦੂਜੇ ਗੁਰਦੁਆਰਿਆਂ ਵਿੱਚ ਜਾ ਕੇ ਬੋਲਣ ਤੋਂ ਰੋਕਣ ਨਾਲ ਨਵੀਆਂ ਗੁਰਦੁਆਰਾ ਲੜਾਈਆਂ ਦਾ ਆਰੰਭ ਹੋਇਆ। ਇਹ ਲੜਾਈਆਂ ਪਹਿਲੀਆਂ ਕਬਜ਼ਿਆਂ ਵਾਲੀਆਂ ਲੜਾਈਆਂ ਤੋਂ ਵੱਧ ਵਿਚਾਰਧਾਰਕ ਮੁੱਦਿਆਂ ਤੇ ਅਧਾਰਿਤ ਹਨ। ਇਸ ਵਿੱਚ ਕਈ ਅਜਿਹੀ ਖੁਫੀਆ ਤਾਕਤਾਂ ਵੀ ਕੰਮ ਕਰ ਰਹੀਆਂ ਹਨ, ਜੋ ਸਿੱਖਾਂ ਦੀ ਦੇਸ਼-ਵਿਦੇਸ਼ ਵਿੱਚ ਹਰ ਖੇਤਰ ਵਿੱਚ ਹੋ ਰਹੀ ਚੜ੍ਹਤ ਤੇ ਖਾਸਕਰ ਰਾਜਨੀਤਕ ਖੇਤਰ ਵਿੱਚ ਵਧਦੇ ਪ੍ਰਭਾਵ ਤੋਂ ਆਪਣੇ ਲਈ ਖਤਰਾ ਮਹਿਸੂਸ ਕਰਦੀਆਂ ਹਨ। ਇਸਦਾ ਵੱਡਾ ਕਾਰਨ ਇਹ ਵੀ ਹੈ ਕਿ ਸਿੱਖਾਂ ਦੀਆਂ ਪ੍ਰਮੁੱਖ ਵਿਦੇਸ਼ੀ ਪੰਥਕ ਸੰਸਥਾਵਾਂ ਅਤੇ ਗੁਰਦੁਆਰਿਆਂ ਵਿੱਚ ਕੰਟਰੋਲ ਕਰ ਰਹੇ ਗਰੁੱਪਾਂ ਵਿੱਚ ਜੂਨ 84 ਦੇ ਦਰਬਾਰ ਸਾਹਿਬ ਤੇ ਹਮਲੇ, ਨਵੰਬਰ 84 ਦੇ ਸਿੱਖ ਕਤਲੇਆਮ ਤੇ 84 ਤੋਂ 94 ਤੱਕ ਚੱਲੀ ਖਾੜਕੂ ਲਹਿਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ, ਕਾਰਨ ਇੰਡੀਅਨ ਸਟੇਟ ਪ੍ਰਤੀ ਅਜੇ ਵੀ ਭਾਰੀ ਗੁੱਸਾ ਹੈ। ਅਜੇ ਵੀ ਇੰਡੀਅਨ ਕੌਂਸਲੇਟ ਜਾਂ ਇੰਡੀਅਨ ਸਟੇਟ ਦੇ ਕਿਸੇ ਉੱਚ ਅਧਿਕਾਰੀ ਨੂੰ ਕਿਸੇ ਗੁਰਦੁਆਰੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਇਸ ਲਈ ਗੁਰਦੁਆਰਿਆਂ ਦੇ ਰਾਜਨੀਤਕ ਤੇ ਸਮਾਜਿਕ ਪ੍ਰਭਾਵ ਨੂੰ ਘਟਾਉਣ ਲਈ ਜਿਥੇ ਇੰਡੀਅਨ ਖੁਫੀਆ ਤੰਤਰ ਦਾ ਅਜਿਹੀਆਂ ਘਟਨਾਵਾਂ ਵਿੱਚ ਅਸਿੱਧੇ ਢੰਗ ਨਾਲ ਹੱਥ ਹੁੰਦਾ ਹੈ, ਉਥੇ ਇੰਡੀਅਨ ਸਟੇਟ ਵਿੱਚ ਆਰ ਐਸ ਐਸ ਦੀ ਅਗਵਾਈ ਵਾਲੀ ਹਿੰਦੂਤਵੀ ਲਾਬੀ ਵੀ ਘੱਟ-ਗਿਣਤੀ ਧਾਰਮਿਕ ਫਿਰਕਿਆਂ ਵਿੱਚ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਆਪਣਾ ਰੋਲ ਅਦਾ ਕਰਦੀ ਹੈ।
ਮਸਲਾ ਇਹ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਕਿਵੇਂ ਜਾਵੇ? ਬੇਸ਼ਕ ਇਸਦਾ ਸਿੱਧਾ ਹੱਲ ਤਾਂ ਸ਼ਾਇਦ ਕਿਸੇ ਕੋਲ ਵੀ ਨਾ ਹੋਵੇ, ਪਰ ਮੇਰੀ ਸਮਝ ਅਨੁਸਾਰ ਵੱਖ-ਵੱਖ ਤਰ੍ਹਾਂ ਦੀ ਵਿਚਾਰਧਾਰਾ ਵਾਲੇ ਧਾਰਮਿਕ ਗਰੁੱਪਾਂ ਨੂੰ ਚਾਹੀਦਾ ਹੈ ਕਿ ਆਪਸ ਵਿੱਚ ਕਿਸੇ ਅਜਿਹੀ ਸਾਂਝੀ ਰਾਏ ਤੇ ਪਹੁੰਚਣ ਕਿ ਅਸੀਂ ਸਾਰੇ ਇੱਕ ਦੂਜੇ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹਾਂ, ਹਰ ਇੱਕ ਨੂੰ ਆਪਣੇ ਵਿਚਾਰ ਆਜ਼ਾਦੀ ਨਾਲ ਪ੍ਰਗਟ ਕਰਨ ਦੀ ਖੁੱਲ਼੍ਹ ਦੇਈਏ। ਲੋਕ ਫੈਸਲਾ ਕਰਨ ਕਿ ਕਿਹੜੀ ਵਿਚਾਰਧਾਰਾ ਉਨ੍ਹਾਂ ਨੂੰ ਠੀਕ ਲਗਦੀ ਹੈ। ਜਿਹੜੇ ਮੁੱਦੇ ਵਿਵਾਦ ਵਾਲੇ ਹਨ, ਉਨ੍ਹਾਂ ਨੂੰ ਹੱਲ ਕਰਨ ਲਈ ਵਿਦਵਾਨਾਂ ਦੇ ਪੈਨਲ ਬਣਾ ਕੇ ਪਬਲਿਕ ਪਲੈਟਫਾਰਮ ਤੋਂ ਬਾਹਰ ਚਰਚਾ ਜਾਰੀ ਰੱਖੀ ਜਾਵੇ। ਜਿਹੜਾ ਵੀ ਕੋਈ ਵਿਅਕਤੀ ਜਾਂ ਸੰਸਥਾ, ਹਿੰਸਾ ਦਾ ਪ੍ਰਚਾਰ ਕਰਦਾ ਹੈ ਜਾਂ ਕਿਸੇ ਤੇ ਹਮਲਾ ਕਰਦਾ ਹੈ, ਅਜਿਹੇ ਲੋਕਾਂ ਨੂੰ ਸੰਸਥਾਵਾਂ ਤੋਂ ਬਾਹਰ ਕੱਢਿਆ ਜਾਵੇ। ਹਰ ਦੇਸ਼ ਦੇ ਗੁਰਦੁਆਰਿਆਂ ਵਲੋਂ ਰਲ਼ ਕੇ ਇੱਕ ਸਾਂਝੀ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਕਿ ਅਜਿਹੇ ਮਸਲਿਆਂ ਸਮੇਤ ਹੋਰ ਦਰਪੇਸ਼ ਚੁਣੌਤੀਆਂ ਲਈ ਵੀ ਕੰਮ ਕਰ ਸਕੇ। ਜੇ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਕੋਈ ਪ੍ਰਚਾਰਕ ਜਾਂ ਵਿਦਵਾਨ ਠੀਕ ਨਹੀਂ ਲਗਦਾ, ਉਸ ਦੇ ਵਿਚਾਰ ਨਾ ਸੁਣੋ ਜਾਂ ਉਸ ਨਾਲ ਬੈਠ ਕੇ ਵੱਖਰੀ ਵਿਚਾਰ ਕਰ ਸਕਦੇ ਹੋ। ਪਰ ਗੁਰਦੁਆਰਿਆਂ ਵਿੱਚ ਹੋ ਰਹੀਆਂ ਇਨ੍ਹਾਂ ਲੜਾਈਆਂ ਨੂੰ ਹਰ ਹਾਲਤ ਵਿੱਚ ਰੋਕਣ ਲਈ ਸਭ ਨੂੰ ਰਲ਼ ਕੇ ਸੰਜੀਦਾ ਯਤਨ ਜਰੂਰ ਜਾਰੀ ਰੱਖਣੇ ਚਾਹੀਦੇ ਹਨ ਤਾਂ ਕਿ ਸਾਡਾ ਸਭ ਦਾ ਅਕਸ ਦੁਨੀਆਂ ਵਿੱਚ ਖਰਾਬ ਨਾ ਹੋਵੇ।




.