.

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੫)

ਬੱਚਿਆਂ ਨੂੰ ਕਹਿਣਾ ਮੰਨਣ ਲਈ ਤੇ ਅਨੁਸ਼ਾਸਨ ਕਿਸ ਤਰ੍ਹਾਂ ਸਿਖਾਇਆ ਜਾ ਸਕਦਾ ਹੈ?

Why children do not listen to the parents? (Part 5)

How to generate a good behavior and discipline in the children

ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਮਾਤਾ ਪਿਤਾ ਬੱਚੇ ਨੂੰ ਅਨੁਸ਼ਾਸਨ ਸਿਖਾਣ ਲਈ, ਜਾਣੇ ਅਨਜਾਣੇ ਵਿੱਚ ਕਈ ਵਾਰੀ ਉਲਟਾ ਵਿਗਾੜ ਲੈਂਦੇ ਹਨ। ਉਸ ਦਾ ਕਾਰਨ, ਉਨ੍ਹਾਂ ਦੀ ਆਪਣੀ ਸਕਸ਼ੀਅਤ ਤੇ ਉਨ੍ਹਾਂ ਦਾ ਆਪਣਾ ਅਨੁਸ਼ਾਸਨ ਸਿਖਾਣ ਦਾ ਤਰੀਕਾ ਹੀ ਹੁੰਦਾ ਹੈ। ਬੱਚੇ ਨੂੰ ਅਨੁਸ਼ਾਸਨ ਸਿਖਾਣ ਵਿੱਚ ਤੇ ਉਲਟਾ ਵਿਗਾੜਨ ਵਿਚ, ਮਾਤਾ ਪਿਤਾ ਦੀ ਆਪਣੀ ਸਕਸ਼ੀਅਤ ਤੇ ਉਨ੍ਹਾਂ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਅਹਿਮ ਭਾਗ ਅਦਾ ਕਰਦਾ ਹੈ।

ਰੋਅਬ ਪਾਣ ਵਾਲੇ ਤੇ ਜਿਆਦਾ ਅਨੁਸ਼ਾਸਨ ਵਾਲੇ ਮਾਤਾ ਪਿਤਾ ਅਕਸਰ ਬੱਚੇ ਉੱਪਰ ਆਪਣਾ ਹੁਕਮ ਚਲਾਦੇ ਰਹਿੰਦੇ ਹਨ, ਨੁਕਸ ਕੱਢਦੇ ਰਹਿੰਦੇ ਹਨ, ਤੇ ਤਰ੍ਹਾਂ ਤਰ੍ਹਾਂ ਦੇ ਕੰਮ ਕਰਨ ਨੂੰ ਕਹਿੰਦੇ ਰਹਿੰਦੇ ਹਨ। ਜਿਸ ਤਰ੍ਹਾਂ ਕਿ ਆਪਣੇ ਬੂਟ ਪਾਉ, ਦੰਦ ਸਾਫ ਕਰੋ, ਟੀ. ਵੀ. ਬੰਦ ਕਰੋ, ਆਪਣਾ ਖਾਣਾਂ ਠੀਕ ਤਰ੍ਹਾਂ ਖਾਉ, ਇਹ ਕਰੋ, ਉਹ ਕਰੋ, ਆਦਿ। ਕਿਸੇ ਵੀ ਇਨਸਾਨ ਨੂੰ ਇਹ ਚੰਗਾ ਨਹੀਂ ਲਗਦਾ ਕਿ ਕੋਈ ਉਸ ਨੂੰ ਰੋਅਬ ਪਾ ਕੇ ਕਹੇ ਕਿ ਇਹ ਕੰਮ ਕਰ, ਇਸ ਤਰ੍ਹਾਂ ਕਰ, ਇਸ ਤਰ੍ਹਾਂ ਕਿਉਂ ਕੀਤਾ, ਆਦਿ। ਇਹੋ ਸਭ ਕੁੱਝ ਬੱਚੇ ਨੂੰ ਵੀ ਚੰਗਾ ਨਹੀਂ ਲਗਦਾ ਕਿ ਕੋਈ ਉਸ ਉੱਪਰ ਰੋਅਬ ਪਾਵੇ। ਅਸੀਂ ਜਿਨਾਂ ਜਿਆਦਾ ਹੁਕਮ ਚਲਾਵਾਂਗੇ, ਰੋਅਬ ਪਾ ਕੇ ਕਹਾਂਗੇ, ਨੁਕਸ ਕੱਢਾਂਗੇ, ਬੱਚਾ ਉਤਨਾਂ ਹੀ ਜਿਆਦਾ ਅਣਗੌਲਿਆ ਕਰੇਗਾ, ਕਹਿੰਣਾਂ ਨਹੀਂ ਮੰਨੇਗਾ ਜਾਂ ਵਾਰ ਵਾਰ ਕਹਿਣ ਲਈ ਮਜਬੂਰ ਕਰੇਗਾ। ਇਹ ਬੱਚੇ ਦਾ ਆਪਣਾ ਕਹਿਣ ਦਾ ਤਰੀਕਾ ਹੈ, ਕਿ ਮੈਂ ਤੁਹਾਡਾ ਰੋਅਬ ਨਹੀਂ ਸਹਿਣ ਵਾਲਾ ਹਾਂ।

ਇਸ ਤੋਂ ਇਲਾਵਾ ਦੁਸਰੀ ਤਰ੍ਹਾਂ ਦੇ ਮਾਤਾ ਪਿਤਾ ਉਹ ਹੁੰਦੇ ਹਨ, ਜਿਹੜੇ ਆਪਣੇ ਬੱਚੇ ਨੂੰ ਪੁਚਕਾਰਦੇ ਰਹਿੰਦੇ ਹਨ ਤੇ ਸਦਾ ਖੁਸ਼ ਰੱਖਣਾ ਪਸੰਦ ਕਰਦੇ ਹਨ। ਉਹ ਵੀ ਆਪਣੇ ਆਪ ਨੂੰ ਅਸਹਾਇ ਮਹਿਸੂਸ ਕਰਦੇ ਹਨ, ਜਦੋਂ ਕਿ ਬੱਚਾ ਸਾਫ ਨਾਹ ਕਰ ਦਿੰਦਾ ਹੈ। ਅਜੇਹੇ ਮਾਤਾ ਪਿਤਾ ਬੱਚੇ ਨੂੰ ਬਿਨਾ ਕੁੱਝ ਕਹੇ, ਉਸ ਦਾ ਕੰਮ ਆਪ ਹੀ ਕਰ ਦਿੰਦੇ ਹਨ।

ਤੀਸਰੀ ਤਰ੍ਹਾਂ ਦੇ ਮਾਤਾ ਪਿਤਾ ਉਹ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਆਪ ਬਾਰੇ ਪਤਾ ਹੁੰਦਾ ਹੈ ਤੇ ਇਹ ਵੀ ਸਮਝਦੇ ਹਨ ਕਿ ਉਨ੍ਹਾਂ ਦੇ ਵਤੀਰੇ ਤੇ ਸਕਸ਼ੀਅਤ ਦਾ ਬੱਚੇ ਉੱਪਰ ਕੀ ਅਸਰ ਪੈਂਦਾ ਹੈ। ਅਜੇਹੇ ਮਾਤਾ ਪਿਤਾ ਬੱਚੇ ਸਬੰਧੀ ਆਪਣਾ ਵਤੀਰਾ ਲੋੜ ਅਨੁਸਾਰ ਬਦਲਦੇ ਰਹਿੰਦੇ ਹਨ, ਜਿਸ ਸਦਕਾ ਉਹ ਬੱਚੇ ਨਾਲ ਠੀਕ ਤੇ ਅਸਰਦਾਰ ਤਰੀਕੇ ਨਾਲ ਗੱਲਬਾਤ ਕਰ ਸਕਦੇ ਹਨ।

ਹੇਠ ਲਿਖੇ ਕੁੱਝ ਖਾਸ ਕਾਰਨ ਹਨ ਜਿਨ੍ਹਾਂ ਕਰਕੇ ਬੱਚੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਹਨ।

ਚੀਜ਼ਾਂ ਨਾਲ ਲਗਾਵ ਤੇ ਮਹੱਤਤਾ ਦੀ ਖਾਹਿਸ਼: ਜਿਸ ਤਰ੍ਹਾਂ ਵੱਡਿਆ ਨੂੰ ਆਪਣੀਆਂ ਚੀਜ਼ਾ ਨਾਲ ਭਾਵਨਾਤਕ ਤੌਰ ਤੇ ਲਗਾਵ ਹੁੰਦਾ ਹੈ ਤੇ ਦੂਸਰਿਆਂ ਕੋਲੋਂ ਪ੍ਰਸੰਸਾ ਤੇ ਮਹੱਤਤਾ ਲੈਣ ਦੀ ਖਾਹਿਸ਼ ਹੁੰਦੀ ਹੈ, ਠੀਕ ਉਸੇ ਤਰ੍ਹਾਂ ਬੱਚਿਆਂ ਨੂੰ ਵੀ ਆਪਣੇ ਖਿਲੌਨੇ ਤੇ ਚੀਜ਼ਾ ਨਾਲ ਲਗਾਵ ਹੁੰਦਾ ਹੈ ਤੇ ਦੂਸਰਿਆਂ ਕੋਲੋਂ ਪ੍ਰਸੰਸਾ ਮਿਲਣ ਦੀ ਖਾਹਿਸ਼ ਹੁੰਦੀ ਹੈ। ਵੱਡਿਆ ਵਾਂਗ ਬੱਚੇ ਵੀ ਆਜ਼ਾਦ ਰਹਿਣਾ ਚਾਹੁੰਦੇ ਹਨ ਤੇ ਚੰਗੇ ਤਰੀਕੇ ਨਾਲ ਆਪਣਾ ਯੋਗਦਾਨ ਦੇਣਾਂ ਚਾਹੁੰਦੇ ਹਨ। ਜੇਕਰ ਬੱਚਿਆਂ ਦੀ ਇਹ ਕੁਦਰਤੀ ਖਾਹਿਸ਼ ਪੂਰੀ ਨਾ ਕੀਤੀ ਜਾਵੇ ਤਾਂ ਉਹ ਇਸ ਦਾ ਵਿਰੋਧ ਕਰਨ ਦੇ ਲਈ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਹਨ।

ਸਲੋਕੁ ਮਃ ੩॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥ (੬੪੩, ੬੪੪)

ਬੱਚਿਆਂ ਲਈ ਸਮਾਂ ਤੇ ਧਿਆਨ ਦੇਣ ਦੀ ਲੋੜ: ਹਰੇਕ ਬੱਚਾ ਚਾਹੁੰਦਾ ਹੈ ਕਿ ਮਾਤਾ ਪਿਤਾ ਉਸ ਲਈ ਵੱਧ ਤੋਂ ਵੱਧ ਸਮਾਂ ਕੱਢਣ ਤੇ ਪੂਰੀ ਤਰ੍ਹਾਂ ਉਸ ਵੱਲ ਧਿਆਨ ਦੇਣ। ਜੇਕਰ ਮਾਤਾ ਪਿਤਾ ਬੱਚੇ ਵੱਲ ਧਿਆਨ ਨਾ ਦੇਣ ਤਾਂ ਬੱਚਾ ਮਾਤਾ ਪਿਤਾ ਦਾ ਧਿਆਨ ਆਪਣੇ ਵੱਲ ਕਰਨ ਲਈ ਕੁੱਝ ਨਾ ਕੁੱਝ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਕਿ ਊ ਊ ਕਰਨਾ, ਸ਼ੋਰ ਮਚਾਉਂਣਾਂ, ਰੀ ਰੀ ਕਰਨਾ, ਨਾਲ ਚਿੰਬੜਨਾ, ਆਦਿ। ਇਹ ਸਭ ਕੁੱਝ ਬੱਚਾ ਮਾਤਾ ਪਿਤਾ ਦਾ ਧਿਆਨ ਖਿਚਣ ਲਈ ਤੇ ਪਿਆਰ ਪਾਣ ਲਈ ਕਰਦਾ ਹੈ। ਮਾਤਾ ਪਿਤਾ ਨੂੰ ਬੱਚੇ ਦੀਆਂ ਮਾਨਸਿਕ ਲੋੜਾਂ ਪੂਰੀਆਂ ਕਰਨ ਲਈ ਸਦਾ ਸੁਚੇਤ ਰਹਿਣ ਦੀ ਲੋੜ ਹੈ। ਇਸ ਲਈ ਬੱਚੇ ਦਾ ਧਿਆਨ ਰੱਖਣ ਲਈ ਮਾਤਾ ਪਿਤਾ ਨੂੰ ਉਚੇਚਾ ਸਮਾਂ ਕੱਢਣਾ ਚਾਹੀਦਾ ਹੈ।

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ॥ ਸਾਬਤੁ ਵਸਤੁ ਓਹੁ ਅਪਨੀ ਲਹੈ॥ ੧॥ ਰਹਾਉ॥ (੧੮੨)

ਬੱਚਿਆਂ ਨੂੰ ਆਪਣਾ ਕੰਮ ਆਪ ਕਰਨ ਦੀ ਆਜਾਦੀ ਲਈ ਖਾਹਿਸ਼: ਬਹੁਤ ਸਾਰੇ ਕੰਮ ਅਜੇਹੇ ਹੁੰਦੇ ਹਨ, ਜਿਹੜੇ ਕਿ ਬੱਚਾ ਖੁਦ ਆਪ ਵੀ ਕਰ ਸਕਦਾ ਹੈ। ਪਰੰਤੂ ਜੇਕਰ ਬੱਚੇ ਦੇ ਸਾਰੇ ਕੰਮ ਉਸ ਦੇ ਮਾਤਾ ਪਿਤਾ ਆਪ ਹੀ ਕਰੀ ਜਾਣ ਤਾਂ ਬੱਚੇ ਨੂੰ ਲਗਦਾ ਹੈ ਕਿ ਉਸ ਦੀ ਮਹੱਤਤਾ ਘਟ ਰਹੀ ਹੈ। ਅਜੇਹਾ ਕਰਨ ਨਾਲ ਨਾ ਤਾਂ ਬੱਚਾ ਕੋਈ ਯੋਗਤਾ ਹਾਸਲ ਕਰ ਸਕਦਾ ਹੈ, ਤੇ ਨਾ ਹੀ ਕਦੇ ਆਪਣੇ ਆਪ ਨੂੰ ਕੰਮ ਕਰਨ ਦੇ ਯੋਗ ਸਮਝ ਸਕੇਗਾ। ਬੱਚੇ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲਗ ਪੈਂਦਾ ਹੈ, ਕਿ ਮਾਤਾ ਪਿਤਾ ਉਸ ਦੇ ਆਪਣੇ ਜੀਵਨ ਨੂੰ ਆਜ਼ਾਦੀ ਨਾਲ ਜੀਊਣ ਦਾ ਹੱਕ ਖੋ ਰਹੇ ਹਨ। ਅਜੇਹੇ ਮਾਤਾ ਪਿਤਾ ਬੱਚੇ ਨੂੰ ਆਜ਼ਾਦੀ ਨਾਲ ਸੋਚਣ ਵਿੱਚ ਤੇ ਉਸ ਦੇ ਵਿਕਾਸ ਲਈ ਰੁਕਾਵਟ ਬਣ ਜਾਂਦੇ ਹਨ। ਬੱਚੇ ਦਾ ਨਾ ਕਹਿਣਾ ਮੰਨਣਾ ਜਾ ਵਿਰੋਧ ਕਰਨਾ ਇਸ ਗੱਲ ਦਾ ਸੰਕੇਤ ਹੈ, ਕਿ ਬੱਚਾ ਆਪਣੀ ਆਜ਼ਾਦੀ ਤੇ ਮਹੱਤਤਾ ਵਿੱਚ ਰੁਕਾਵਟ ਮਹਿਸੂਸ ਕਰਦਾ ਹੈ। ਅਜੇਹੀ ਸਥਿੱਤੀ ਵਿੱਚ ਮਾਤਾ ਪਿਤਾ ਨੂੰ ਸੁਚੇਤ ਹੋ ਕੇ ਫੈਸਲੇ ਕਰਨੇ ਚਾਹੀਦੇ ਹਨ, ਤਾਂ ਜੋ ਬੱਚਾ ਆਪਣੀ ਆਜ਼ਾਦੀ ਵੀ ਮਹਿਸੂਸ ਕਰੇ ਤੇ ਨਾਲ ਦੀ ਨਾਲ ਜਿਥੇ ਬੱਚੇ ਅੰਦਰ ਕੁੱਝ ਖਾਮੀਆਂ ਹਨ, ਉਨ੍ਹਾਂ ਨੂੰ ਪੂਰਾ ਵੀ ਕੀਤਾ ਜਾ ਸਕੇ।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥ (੪੭੪)

ਅਕਸਰ ਵੇਖਣ ਵਿੱਚ ਆਉਂਦਾ ਹੈ, ਬੱਚੇ ਨੂੰ ਅਨੁਸ਼ਾਸਨ ਸਿਖਾਣ ਲਈ ਕਈ ਵਾਰੀ ਮਾਤਾ ਪਿਤਾ ਜਾਣੇ ਅਨਜਾਣੇ ਵਿੱਚ ਕਈ ਗਲਤੀਆਂ ਕਰ ਲੈਂਦੇ ਹਨ, ਜਿਸ ਨਾਲ ਉਹ ਬੱਚੇ ਨੂੰ ਉਲਟਾ ਵਿਗਾੜ ਲੈਂਦੇ ਹਨ।

ਬੱਚੇ ਨੂੰ ਅੰਤਿਮ ਚਿਤਾਵਨੀ ਦੇਣੀ: ਕਈ ਵਾਰੀ ਮਾਤਾ ਪਿਤਾ ਬੱਚੇ ਨੂੰ ਚਿਤਾਵਨੀ ਦੇ ਦਿੰਦੇ ਹਨ, ਕਿ ਜੇਕਰ ਤੂੰ ਤਿਆਰ ਨਹੀਂ ਹੋਇਆ ਤਾਂ ਤੈਨੂੰ ਘਰ ਛੱਡ ਦਿਤਾ ਜਾਵੇਗਾ। ਪਰੰਤੂ ਕਈ ਵਾਰੀ ਬੱਚਾ ਨਹੀਂ ਸੁਣਦਾ ਹੈ ਤੇ ਸਥਿੱਤੀ ਅਕਸਰ ਅਜੇਹੀ ਹੁੰਦੀ ਹੈ ਕਿ ਬੱਚੇ ਨੂੰ ਇਕੱਲਾ ਘਰ ਨਹੀਂ ਛੱਡਿਆ ਜਾ ਸਕਦਾ। ਇਸ ਲਈ ਅਜੇਹੀਆਂ ਅੰਤਿਮ ਚਿਤਾਵਨੀਆਂ, ਜਿਨ੍ਹਾਂ ਤੇ ਅਮਲ ਨਹੀਂ ਕੀਤਾ ਜਾ ਸਕਦਾ ਹੈ, ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਗੰਢੁ ਪਰੀਤੀ ਮਿਠੇ ਬੋਲ॥ (੧੪੩)

ਬੱਚਿਆਂ ਸਾਹਮਣੇ ਝੂਠ ਬੋਲਣਾ: ਕਈ ਵਾਰੀ ਬੱਚੇ ਦੀ ਤਸੱਲੀ ਕਰਾਣ ਲਈ ਜਾਂ ਸਮਝਾਣ ਲਈ ਮਾਤਾ ਪਿਤਾ ਬੱਚੇ ਨਾਲ ਝੂਠ ਬੋਲਦੇ ਹਾਂ। ਹੋ ਸਕਦਾ ਹੈ ਕਿ ਅਸੀਂ ਇੱਕ ਅੱਧੇ ਝੂਠ ਨਾਲ ਬਚ ਜਾਈਏ, ਪਰੰਤੂ ਝੂਠ ਸਦਾ ਲਈ ਨਹੀਂ ਚਲ ਸਕਦਾ ਹੈ। ਅਸੀਂ ਭਾਂਵੇ ਭੁਲ ਜਾਈਏ, ਪਰੰਤੂ ਬੱਚੇ ਨਾਲ ਕੀਤਾ ਹੋਇਆ ਵਾਇਦਾ, ਬੱਚੇ ਨਹੀਂ ਭੁਲਦੇ ਹਨ। ਇਹ ਸਭ ਕੁੱਝ ਸਾਡੇ ਲਈ ਭਵਿੱਖ ਵਿੱਚ ਮਹਿੰਗਾ ਪੈ ਸਕਦਾ ਹੈ। ਇਸ ਲਈ ਸਚ ਤੇ ਪਹਿਰਾ ਦੇਣਾ ਹੀ ਬਿਹਤਰ ਹੈ।

ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥ ੨॥ ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ ੩॥ (੪੮੮)

ਬੱਚੇ ਨੂੰ ਵਾਰ ਵਾਰ ਚਿਤਾਵਨੀ ਦੇਣੀ: ਕਈ ਵਾਰੀ ਮਾਤਾ ਪਿਤਾ ਬੱਚੇ ਨੂੰ ਵਾਰ ਵਾਰ ਚਿਤਾਵਨੀ ਦਿੰਦੇ ਰਹਿੰਦੇ ਹਨ, ਕਿ ਜੇਕਰ ਤੂੰ ਕਹਿਣਾ ਨਹੀਂ ਮੰਨੇਗਾ ਤਾਂ ਤੈਨੂੰ ਇਹ ਨਹੀਂ ਦਿਆਗੇ, ਪਰੰਤੂ ਕਹਿਣਾ ਨਾ ਮੰਨਣ ਦੇ ਬਾਵਜੂਦ, ਉਸ ਨੂੰ ਦੇ ਵੀ ਦਿੰਦੇ ਹਨ। ਅਜੇਹੀ ਸਥਿੱਤੀ ਵਿੱਚ ਬੱਚਾ ਸਮਝਦਾ ਹੈ, ਕਿ ਉਹ ਜੋ ਮਰਜੀ ਕਰਦਾ ਰਹੇ, ਉਸ ਦੀ ਗੱਲ ਤਾਂ ਪੂਰੀ ਹੋ ਹੀ ਜਾਣੀ ਹੈ। ਇਸ ਕਰਕੇ ਬੱਚਾ ਆਪਣੀ ਖੇਡ ਵਿੱਚ ਮਸਤ ਰਹਿੰਦੇ ਹਨ, ਜਿਨ੍ਹੀ ਦੇਰ ਤਕ ਉਸ ਨੂੰ ਰੋਕਿਆ ਨਹੀਂ ਜਾਂਦਾ ਹੈ। ਅਜੇਹਾ ਕਰਨਾ ਨਾਲ ਮਾਤਾ ਪਿਤਾ ਆਪ ਹੀ ਬੱਚੇ ਨੂੰ ਨਾ ਕਹਿਣਾ ਮੰਨਣ ਦੀ ਆਦਤ ਪਾ ਰਹੇ ਹਨ। ਗੁਰੁ ਸਾਹਿਬ ਵੀ ਸਾਨੂੰ ਗੁਰਬਾਣੀ ਵਿੱਚ ਚਿਤਾਵਨੀ ਤਾਂ ਦਿੰਦੇ ਰਹਿੰਦੇ ਹਨ, ਪਰੰਤੂ ਵਾਰ ਵਾਰ ਨਹੀਂ ਜਿਸ ਤਰ੍ਹਾਂ ਕਿ ਕੁੱਝ ਮਾਤਾ ਪਿਤਾ ਕਰਦੇ ਹਨ। ਚਿਤਾਵਨੀ ਦੇ ਨਾਲ ਨਾਲ ਜਾਣਕਾਰੀ ਦੇਣੀ, ਨਤੀਜੇ ਦੱਸਣੇ ਤੇ ਚੰਗੀ ਮੱਤ ਦੇਣੀ ਵੀ ਜਰੂਰੀ ਹੈ।

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ੫॥ (੪੧੭)

ਬੱਚੇ ਨੂੰ ਸਜਾ ਦੇਣ ਸਬੰਧੀ ਮਾਤਾ ਪਿਤਾ ਦੇ ਆਪਸ ਵਿੱਚ ਮਤਭੇਦ: ਕਈ ਵਾਰੀ ਬੱਚੇ ਨੂੰ ਕਿਸੇ ਕਾਰਨ ਕਰਕੇ ਸਜਾ ਦੇਣ ਸਬੰਧੀ ਮਾਤਾ ਪਿਤਾ ਦੇ ਆਪਸ ਵਿੱਚ ਮਤਭੇਦ ਹੋ ਜਾਂਦੇ ਹਨ। ਜੇਕਰ ਦੋਹਾਂ ਤਰ੍ਹਾਂ ਦੇ ਤਰੀਕਿਆ ਦੀ ਸਜਾ ਦਾ ਨਤੀਜਾ ਇਕੋ ਜਿਹਾ ਹੈ ਤਾਂ ਫਿਰ ਕੋਈ ਹਰਜ਼ ਨਹੀਂ। ਪਰੰਤੂ ਜੇਕਰ ਮਾਤਾ ਪਿਤਾ ਆਪਸ ਵਿੱਚ ਇੱਕ ਦੂਜੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਹਨ, ਤਾਂ ਬੱਚੇ ਵੀ ਨਾ ਸੁਣਨ ਵਾਲੀ ਆਦਤ ਸਿਖ ਜਾਂਦੇ ਹਨ। ਆਪਣੇ ਜੀਵਨ ਸਾਥੀ ਨਾਲ ਨਾ ਤਾਂ ਉੱਚੀ ਬੋਲਣਾ ਚਾਹੀਦਾ ਹੈ ਤੇ ਨਾ ਹੀ ਲੜਨਾਂ ਚਾਹੀਦਾ ਹੈ, ਤੇ ਨਾ ਹੀ ਉਸ ਦੀ ਕਹੀ ਗੱਲ ਵੱਲ ਬੇਧਿਆਨੇ ਹੋਣਾ ਚਾਹੀਦਾ ਹੈ। ਆਪਸੀ ਮਤਭੇਦ ਵੱਖਰੇ ਹੋ ਕੇ ਹਲ ਕਰਨੇ ਚਾਹੀਦੇ ਹਨ।

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (੧੪੧੦)

ਬੱਚੇ ਨੂੰ ਲਾਲਚ ਦੇਣਾ: ਕਈ ਵਾਰੀ ਮਾਤਾ ਪਿਤਾ ਬੱਚੇ ਨੂੰ ਕਹਿਣਾ ਮਨਾਉਂਣ ਲਈ ਮਿਠਾਈ, ਖਿਲੌਣੇ ਜਾਂ ਕਿਸੇ ਹੋਰ ਚੀਜ ਦਾ ਲਾਲਚ ਦਿੰਦੇ ਰਹਿੰਦੇ ਹਨ। ਇੱਕ ਦੋ ਵਾਰੀ ਅਜੇਹਾ ਕਰਨਾ ਤਾਂ ਠੀਕ ਹੈ, ਪਰੰਤੂ ਵਾਰ ਵਾਰ ਅਜੇਹਾ ਕਰਨ ਨਾਲ ਬੱਚੇ ਦੀਆਂ ਆਦਤਾਂ ਵਿਗੜ ਸਕਦੀਆਂ ਹਨ। ਬੱਚੇ ਦੇ ਮਨ ਅੰਦਰ ਲਾਲਚ ਪੈਦਾ ਕਰਨ ਦੀ ਥਾਂ, ਉਸ ਦੇ ਅੰਦਰ ਚੰਗੇ ਗੁਣ ਪੈਦਾ ਕਰਨੇ ਚਾਹੀਦੇ ਹਨ।

ਮਃ ੨॥ ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ॥ ਅਖੀ ਦੇਖਿ ਨ ਰਜੀਆ ਗੁਣ ਗਾਹਕ ਇੱਕ ਵੰਨ॥ ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ॥ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥  ॥ (੧੪੭)

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ (੧)

ਮਾਤਾ ਪਿਤਾ ਦਾ ਆਪਣੇ ਅਸੂਲਾਂ ਤੇ ਪਰਪੱਕ ਨਾ ਰਹਿਣਾ: ਕਈ ਵਾਰੀ ਮਾਤਾ ਪਿਤਾ ਬੱਚੇ ਨੂੰ ਤਾਂ ਕੁੱਝ ਕਰਨ ਲਈ ਕਹਿੰਦੇ ਹਨ, ਪਰੰਤੂ ਆਪ ਅਜੇਹੇ ਨਿਯਮਾਂ ਦਾ ਪਾਲਨ ਨਹੀਂ ਕਰਦੇ ਹਨ। ਬੱਚੇ ਜੋ ਕੁੱਝ ਵੇਖਦੇ ਹਨ, ਜਾਂ ਜੋ ਕੁੱਝ ਵੀ ਵੱਡੇ ਕਰਦੇ ਹਨ, ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਮਾਤਾ ਪਿਤਾ ਆਪਸ ਵਿੱਚ ਇੱਕ ਦੂਜੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਹਨ ਤਾਂ ਬੱਚੇ ਵੀ ਨਾ ਸੁਣਨ ਵਾਲੀ ਆਦਤ ਸਿਖ ਜਾਂਦੇ ਹਨ। ਜੇਕਰ ਮਾਤਾ ਪਿਤਾ ਹੋਰਨਾਂ ਨਾਲ ਝੂਠ ਬੋਲਦੇ ਹਨ ਜਾਂ ਧੋਖਾ ਕਰਦੇ ਹਨ ਤਾਂ ਬੱਚੇ ਵੀ ਝੂਠ ਬੋਲਣਾ, ਧੋਖਾ ਕਰਨਾ ਜਾਂ ਹੋਰ ਬੁਰੀਆਂ ਆਦਤਾਂ ਸਿਖ ਜਾਂਦੇ ਹਨ। ਇਸ ਲਈ ਸੂਰਮਿਆਂ ਦੀ ਤਰ੍ਹਾਂ ਹਮੇਸ਼ਾਂ ਸਚ ਤੇ ਪਹਿਰਾ ਦੇਣਾ ਹੈ।

ਸਲੋਕ ਕਬੀਰ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ ੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ੨॥ ੨॥ (੧੧੦੫)

ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਸਬਰ ਕਰਨਾ: ਕਈ ਵਾਰੀ ਮਾਤਾ ਪਿਤਾ ਬੱਚੇ ਨੂੰ ਕੋਈ ਗਲਤੀ ਕਰਨ ਤੇ ਤੁਰੰਤ ਡਾਂਟਣਾਂ ਸ਼ੁਰੂ ਕਰ ਦਿੰਦੇ ਹਨ, ਜਾਂ ਕੋਈ ਹੋਰ ਕਾਰਵਾਈ ਕਰਨ ਲਗ ਪੈਂਦੇ ਹਨ। ਕਈ ਵਾਰੀ ਗੁਸੇ ਵਿੱਚ ਗਲਤ ਨਿਰਣਾ ਵੀ ਲਿਆ ਜਾ ਸਕਦਾ ਹੈ। ਬਿਹਤਰ ਇਹੀ ਹੁੰਦਾ ਹੈ ਕਿ ਕੁੱਝ ਦੇਰ ਤਕ ਸਬਰ ਕੀਤਾ ਜਾਵੇ ਤੇ ਸੋਚ ਸਮਝ ਕੇ ਕਾਰਵਾਈ ਕਰਨੀ ਚਾਹੀਦੀ ਹੈ। ਕਾਰਵਾਈ ਕਰਨ ਲਗੇ ਇਹ ਵੀ ਧਿਆਨ ਰੱਖਣਾਂ ਚਾਹੀਦਾ ਹੈ ਕਿ ਬੱਚੇ ਨੂੰ ਗਲਤੀ ਬਾਰੇ ਸਮਝ ਆ ਜਾਵੇ, ਤਾਂ ਜੋ ਉਹ ਭਵਿੱਖ ਵਿੱਚ ਅਜੇਹਾ ਨਾ ਕਰੇ।

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿੑ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥ ੧੧੬॥ (੧੩੮੪)

ਬੱਚੇ ਨੂੰ ਇੰਤਜਾਰ ਕਰਦੇ ਸਮੇਂ ਰੁਝੇ ਰੱਖਣਾਂ: ਕਈ ਵਾਰੀ ਕਿਤੇ ਜਾਂਦੇ ਸਮੇਂ ਬੱਸ ਜਾਂ ਗੱਡੀ ਦਾ ਇੰਤਜਾਰ ਕਰਨਾ ਹੁੰਦਾ ਹੈ, ਜਾਂ ਟਰੈਫਿਕ ਵਿੱਚ ਫਸ ਜਾਂਦੇ ਹਾਂ। ਇਸ ਬਾਰੇ ਬੱਚੇ ਨੂੰ ਕੋਈ ਸਮਝ ਨਹੀਂ ਹੁੰਦੀ ਹੈ ਤੇ ਅਕਸਰ ਬੱਚਾ ਬੇਸਬਰਾ ਹੋ ਜਾਂਦਾ ਹੈ। ਅਜੇਹੀ ਸਥਿੱਤੀ ਵਿੱਚ ਮਾਤਾ ਪਿਤਾ ਲਈ ਜਰੂਰੀ ਹੋ ਜਾਂਦਾ ਹੈ ਕਿ ਉਹ ਬੱਚੇ ਨੂੰ ਕਿਸੇ ਨਾ ਕਿਸੇ ਗੱਲਬਾਤ ਜਾਂ ਖੇਡ ਵਿੱਚ ਰੁਝੇ ਰੱਖਣ ਤਾਂ ਜੋ ਬੱਚਾ ਬੇਸਬਰਾ ਨਾ ਹੋਵੇ।

ਬੱਚਿਆਂ ਨੂੰ ਜਿਆਦਾ ਸਮੇਂ ਤਕ ਯਾਦ ਨਹੀਂ ਰਹਿੰਦਾ ਹੈ ਕਿ ਉਨ੍ਹਾਂ ਕੀ ਕੀਤਾ ਹੈ: ਬੱਚਾ ਜਿਆਦਾ ਲੰਮੀਆਂ ਗੱਲਾਂ ਨਹੀਂ ਸਮਝ ਸਕਦਾ ਹੈ, ਬੱਚੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਹੈ ਕਿ ਕੁੱਝ ਘੰਟੇ ਪਹਿਲਾ ਉਸ ਨੇ ਕਿਹੜੀ ਗਲਤੀ ਕੀਤੀ ਸੀ। ਇਸ ਲਈ ਜੇ ਕਰ ਅਸੀਂ ਬੱਚੇ ਨੂੰ ਉਸ ਦੀ ਗਲਤੀ ਬਾਰੇ ਸਮਝਾਣਾ ਚਾਹੁੰਦੇ ਹਾਂ ਤਾਂ ਗਲਤੀ ਕਰਨ ਦੇ ਕੁੱਝ ਸਮੇਂ ਦੇ ਅੰਦਰ ਹੀ ਸਮਝਾਣਾ ਚਾਹੀਦਾ ਹੈ। ਬੱਚਾ ਜਿਆਦਾ ਲੰਮੀਆਂ ਗੱਲਾਂ ਨਹੀਂ ਸਮਝ ਸਕਦਾ ਹੈ, ਇਸ ਲਈ ਕੁੱਝ ਕੁ ਸ਼ਬਦਾਂ ਵਿੱਚ ਆਪਣੀ ਗੱਲ ਪੂਰੀ ਕਰਨੀ ਚਾਹੀਦੀ ਹੈ, ਤੇ ਬੱਚੇ ਨੂੰ ਆਪ ਬੋਲਣ ਦਾ ਮੌਕਾ ਵੀ ਦੇਣਾ ਚਾਹੀਦਾ ਹੈ।

ਮਾਤਾ ਪਿਤਾ ਨੂੰ ਆਪਣੀ ਪ੍ਰਸੰਸਾ ਆਪ ਨਹੀਂ ਕਰਦੇ ਰਹਿਣਾ ਚਾਹੀਦਾ ਹੈ: ਕਈ ਵਾਰੀ ਮਾਤਾ ਪਿਤਾ ਬੱਚਿਆ ਸਾਹਮਣੇ ਇਸ ਤਰ੍ਹਾਂ ਆਪਣੇ ਆਪ ਦੀ ਪ੍ਰਸੰਸਾ ਕਰਦੇ ਰਹਿੰਦੇ ਹਨ, ਕਿ ਉਨ੍ਹਾਂ ਨੇ ਬਚਪਨ ਵਿੱਚ ਕੋਈ ਗਲਤੀ ਨਹੀਂ ਕੀਤੀ ਸੀ। ਪਰੰਤੂ ਅਸਲੀਅਤ ਇਸ ਦੇ ਉਲਟ ਹੁੰਦੀ ਹੈ। ਬੱਚਿਆ ਸਾਹਮਣੇ ਅਜੇਹੀ ਝੂਠੀ ਪ੍ਰਸੰਸਾ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਹੈ।

ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥ (੨੭੮)

ਮਾਤਾ ਪਿਤਾ ਦਾ ਬੱਚਿਆਂ ਨੂੰ ਸਮਝਾਣ ਦਾ ਤਰੀਕਾ ਸਰਲ ਤੇ ਇਕਸਾਰ ਹੋਣਾ ਚਾਹੀਦਾ ਹੈ: ਛੋਟੇ ਬੱਚਿਆਂ ਦੀ ਬੁਧੀ ਦਾ ਵਿਕਾਸ ਪੂਰਾ ਨਹੀਂ ਹੋਇਆ ਹੁੰਦਾ ਹੈ। ਉਨ੍ਹਾਂ ਨੂੰ ਬਹੁਤ ਸਾਰੀਆਂ ਹਦਾਇਤਾ ਇਕੋ ਵਾਰੀ ਦੇਣ ਨਾਲ ਸਮਝ ਨਹੀਂ ਆਂਉਂਦੀਆਂ ਹਨ। ਸਿਖਿਆਵਾਂ ਛੋਟੀਆਂ ਤੇ ਸਮੇਂ ਦੇ ਵਕਫੇ ਨਾਲ ਦੇਣੀਆਂ ਚਾਹੀਦੀਆਂ ਹਨ। ਸਾਰੇ ਮਾਤਾ ਪਿਤਾ ਆਪਣਿਆਂ ਬੱਚਿਆਂ ਨੂੰ ਸੁਧਾਰਨਾਂ ਚਾਹੁੰਦੇ ਹਨ, ਪਰੰਤੂ ਇਹ ਸਭ ਕੁੱਝ ਬੱਚਿਆਂ ਦੀ ਉਮਰ ਤੇ ਸਤੱਰ ਵੇਖ ਕੇ ਕਰਨਾ ਚਾਹੀਦੀ ਹੈ। ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਕਿ ਬੱਚਾ ਕਿਨਾਂ ਕੁ ਧਿਆਨ ਨਾਲ ਸੁਣ ਰਿਹਾ ਹੈ। ਗੁਰੂ ਦੀ ਮੱਤ ਸੁਣਨ ਨਾਲ ਤੇ ਜੀਵਨ ਵਿੱਚ ਅਪਨਾਣ ਨਾਲ ਮਨੁੱਖਾ ਜੀਵਨ ਸਫਲ ਹੋ ਸਕਦਾ ਹੈ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ, ਕਿ ਮਾਤਾ ਪਿਤਾ ਦੁਆਰਾ ਗੁਰੂ ਦੀ ਲਈ ਹੋਈ ਮੱਤ, ਬੱਚਿਆਂ ਤਕ ਪਹੁੰਚ ਰਹੀ ਹੈ ਕਿ ਨਹੀਂ। ਜੇਕਰ ਅਜੇਹਾ ਨਹੀਂ ਹੋ ਰਿਹਾ ਹੈ ਤਾਂ ਉਸ ਦੇ ਕਾਰਣ ਤੇ ਹਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ (੨)

ਸਜਾ ਦੇਣ ਲਈ ਬੱਚੇ ਨੂੰ ਘਰ ਦੇ ਕਿਸੇ ਕੋਨੇ ਵਿੱਚ ਬੰਦ ਕਰਨਾ ਜਾਂ ਕਲਾਸ ਵਿਚੋਂ ਬਾਹਰ ਕੱਢਣਾ: ਅਕਸਰ ਵੇਖਣ ਵਿੱਚ ਆਂਉਂਦਾ ਹੈ ਕਿ ਕਈ ਵਾਰੀ ਮਾਤਾ ਪਿਤਾ ਬੱਚੇ ਨੂੰ ਸਮਝਾਣ ਲਈ ਜਾਂ ਸਜਾ ਦੇਣ ਲਈ ਘਰ ਦੇ ਕਿਸੇ ਕੋਨੇ ਵਿੱਚ ਬੰਦ ਕਰ ਦਿੰਦੇ ਹਨ। ਜਾਂ ਸਕੂਲ ਵਿੱਚ ਅਧਿਆਪਕ ਬੱਚੇ ਨੂੰ ਕਲਾਸ ਵਿਚੋਂ ਕੁੱਝ ਸਮੇਂ ਲਈ ਬਾਹਰ ਕੱਢ ਦਿੰਦੇ ਹਨ। ਮਾਤਾ ਪਿਤਾ ਜਾਂ ਅਧਿਆਪਕ ਇਹ ਸਮਝਦੇ ਹਨ ਕਿ ਬੱਚੇ ਨੂੰ ਸੋਚਣ ਦਾ ਸਮਾਂ ਮਿਲੇਗਾ ਤੇ ਅੱਗੇ ਤੋਂ ਉਹ ਗਲਤੀ ਨਹੀਂ ਕਰੇਗਾ। ਪਰੰਤੂ ਅਜੇਹਾ ਕੁੱਝ ਵੀ ਨਹੀਂ ਹੁੰਦਾ ਹੈ, ਕਿਉਂਕਿ ਬੱਚੇ ਦੀ ਬੁਧੀ ਦਾ ਇਤਨਾਂ ਵਿਕਾਸ ਹੀ ਨਹੀਂ ਹੋਇਆ ਹੁੰਦਾ ਹੈ, ਕਿ ਉਹ ਸਮਝ ਸਕੇ। ਅਜੇਹਾ ਕਰਨ ਨਾਲ ਮਾਤਾ ਪਿਤਾ ਤੇ ਬੱਚੇ ਵਿੱਚ ਜਾਂ ਅਧਿਆਪਕ ਤੇ ਬੱਚੇ ਵਿੱਚ ਆਪਸੀ ਮੁਕਾਬਲਾ ਚਲਦਾ ਰਹਿੰਦਾ ਹੈ ਤੇ ਬੱਚੇ ਅੰਦਰ ਹੋਰ ਗੁਸਾ ਵਧਦਾ ਰਹਿੰਦਾ ਹੈ। ਕਈ ਵਾਰੀ ਅਜੇਹੀ ਸਥਿੱਤੀ ਵੀ ਆ ਜਾਂਦੀ ਹੈ ਕਿ ਬੱਚਾ ਅੱਗੋ ਬੋਲਣਾ ਸ਼ੁਰੂ ਕਰ ਦਿੰਦਾ ਹੈ, ਕਹਿਣਾ ਨਹੀਂ ਮੰਨਦਾ ਹੈ, ਜਾਂ ਕੋਈ ਹੋਰ ਸ਼ਰਾਰਤ ਕਰਨੀ ਸ਼ੁਰੂ ਕਰ ਦਿੰਦਾ ਹੈ। ਬੱਚੇ ਨੂੰ ਕੋਨੇ ਵਿੱਚ ਬੰਦ ਕਰਨਾ ਜਾਂ ਬਾਹਰ ਕੱਢਣਾ ਆਪਸੀ ਘਿਰਣਾਂ ਜਾਂ ਹਉਮੈ ਦਾ ਮੁਕਾਬਲਾ ਬਣ ਜਾਂਦਾ ਹੈ। ਅਜੇਹਾ ਕਰਨ ਨਾਲ ਬੱਚਾ ਭਵਿੱਖ ਵਿੱਚ ਚੰਗਾ ਕੰਮ ਕਰਨ ਲਈ ਕੁੱਝ ਵੀ ਨਹੀਂ ਸਿਖਦਾ ਹੈ।

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ ੭੮॥ (੧੩੮੧, ੧੩੮੨)

ਬੱਚਿਆਂ ਨੂੰ ਨਿਮਰਤਾ ਨਾਲ ਸਧਾਰਨ ਤੇ ਪਰੈਕਟੀਕਲ ਤਰੀਕੇ ਨਾਲ ਸਮਝਾਣਾ ਚਾਹੀਦਾ ਹੈ। ਨਾ ਤਾਂ ਜਿਆਦਾ ਰੋਅਬ ਪਾਣਾ ਚਾਹੀਦਾ ਹੈ ਤੇ ਨਾ ਹੀ ਜਿਆਦਾ ਹੁਕਮ ਚਲਾਣਾ ਚਾਹੀਦਾ ਹੈ। ਧਮਕੀਆਂ ਤੇ ਸਜਾਵਾਂ ਜਿਆਦਾ ਸਮੇਂ ਲਈ ਸਹਾਈ ਨਹੀਂ ਹੁੰਦੀਆਂ ਹਨ। ਜਿਆਦਾ ਸਜਾਵਾਂ ਨਾਲ ਬੱਚਾਂ ਹੋਰ ਵੀ ਢੀਠ ਹੋ ਜਾਂਦਾ ਹੈ। ਇਸ ਲਈ ਧਮਕੀਆਂ ਤੇ ਸਜਾਵਾਂ ਦੀ ਵਰਤੋਂ ਸਿਰਫ ਆਪਾਤਕਾਲੀਨ ਸਥਿੱਤੀ ਵਿੱਚ ਹੀ ਹੋਣੀ ਚਾਹੀਦੀ ਹੈ। ਬੱਚੇ ਦੇ ਨੁਕਸ ਵੇਖ ਕੇ ਉਸ ਉਪਰ ਆਪਣੀ ਮਰਜੀ ਥੋਪੀ ਜਾਣਾ ਠੀਕ ਨਹੀਂ, ਬੱਚੇ ਦੀ ਰੁਚੀ ਵੇਖ ਕੇ ਉਸ ਅਨੁਸਾਰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ, ਤੇ ਯੋਗ ਕਾਰਵਾਈ ਕਰਨੀ ਚਾਹੀਦੀ ਹੈ।

ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ॥ ੨॥ (੫੯੮)

ਬੱਚੇ ਨੂੰ ਸਜਾ ਦੇਣ ਲਈ ਘਰ ਦੇ ਕਿਸੇ ਕੋਨੇ ਵਿੱਚ ਬੰਦ ਕਰਨਾ ਦੀ ਥਾਂ ਜਾਂ ਬੱਚੇ ਨੂੰ ਕਲਾਸ ਵਿਚੋਂ ਕੁੱਝ ਸਮੇਂ ਲਈ ਬਾਹਰ ਕੱਢਣ ਦੀ ਬਜਾਏ ਹੋਰ ਬਹੁਤ ਸਾਰੇ ਕਾਰਗਰ ਤਰੀਕੇ ਹਨ, ਜਿਨ੍ਹਾਂ ਦੁਆਰਾ ਬੱਚਿਆਂ ਦਾ ਵਤੀਰਾ ਠੀਕ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਕਹਿਣਾ ਮੰਨਣਾਂ ਤੇ ਅਨੁਸ਼ਾਸਨ ਸਿਖਾਇਆ ਜਾ ਸਕਦਾ ਹੈ।

ਇਹ ਪੰਜ ਤਰੀਕੇ ਜਿਨ੍ਹਾਂ ਨਾਲ ਬੱਚਿਆਂ ਨੂੰ ਕਹਿਣਾ ਮੰਨਣ ਤੇ ਅਨੁਸ਼ਾਸਨ ਸਿਖਾਇਆ ਜਾ ਸਕਦਾ ਹੈ। ਉਹ ਹਨ (੧) ਬੱਚਿਆਂ ਦੀ ਇਜਤ ਕਰਨੀ, (੨) ਬੱਚਿਆਂ ਨੂੰ ਗਲਤੀ ਨਾਲ ਸਬੰਧਤ ਸਿਖਿਆ ਜਾਂ ਸਜਾ ਦੇਣੀ, (੩) ਸਿਖਿਆ ਬੱਚੇ ਦੀ ਉਮਰ ਅਨੁਸਾਰ ਦੇਣੀ, (੪) ਬੱਚੇ ਨੂੰ ਖਤਰੇ ਜਾਂ ਸ਼ਰਾਰਤਾਂ ਕਰਨ ਦੇ ਨਤੀਜਿਆ ਸਬੰਧੀ ਪਹਿਲਾਂ ਹੀ ਜਾਣੂ ਕਰਵਾਣਾ, (੫) ਜੋ ਸਮਝਾਇਆ ਜਾ ਰਿਹਾ ਹੈ ਉਸ ਨੂੰ ਦੁਬਾਰਾ ਦੁਹਰਾ ਕੇ ਵੇਖਣਾ ਕਿ ਬੱਚੇ ਨੂੰ ਸਮਝ ਆਇਆ ਹੈ ਕਿ ਨਹੀਂ,

ਬੱਚਿਆਂ ਦੀ ਇਜਤ ਕਰਨੀ: ਬੱਚੇ ਨੂੰ ਅਨੁਸ਼ਾਸਨ ਸਿਖਾਣ ਜਾਂ ਸਮਝਾਣ ਦਾ ਮੰਤਵ ਇਹ ਨਹੀਂ ਹੈ ਕਿ ਬੱਚੇ ਨੂੰ ਸਜਾ ਦੇਣੀ ਹੈ, ਬਲਕਿ ਮੰਤਵ ਇਹ ਹੈ ਕਿ ਬੱਚਾ ਭਵਿੱਖ ਵਿੱਚ ਇੱਕ ਚੰਗਾ ਇਨਸਾਨ ਬਣ ਸਕੇ। ਜਦੋਂ ਮਾਤਾ ਪਿਤਾ ਬੱਚੇ ਨੂੰ ਸਜਾ ਦਿੰਦੇ ਹਨ, ਕਸ਼ਟ ਦਿੰਦੇ ਹਨ, ਉਸ ਦਾ ਨਿਰਾਦਰ ਕਰਦੇ ਹਨ, ਉਸ ਨੂੰ ਸ਼ਰਮਿੰਦਾ ਕਰਦੇ ਹਨ ਤਾਂ ਕੁੱਝ ਚੰਗਾ ਸਿਖਣ ਦੀ ਬਜਾਏ ਬੱਚਾ ਆਪਣੀ ਸਵੈ ਰੱਖਿਆ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਸ ਲਈ ਅਸਰਦਾਰ ਤਰੀਕਾ ਇਹੀ ਹੈ ਕਿ ਬੱਚੇ ਨੂੰ ਇਜਤ ਦਿਤੀ ਜਾਵੇ ਤੇ ਪਿਆਰ ਨਾਲ ਦੋਸਤਾਨਾ ਤਰੀਕੇ ਨਾਲ ਸਮਝਾਇਆ ਜਾਵੇ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (੭੬੫, ੭੬੬)

ਬੱਚਿਆਂ ਨੂੰ ਗਲਤੀ ਨਾਲ ਸਬੰਧਤ ਸਿਖਿਆ ਜਾਂ ਸਜਾ ਦੇਣੀ: ਮਾਤਾ ਪਿਤਾ ਬੱਚੇ ਨੂੰ ਜੋ ਵੀ ਸਿਖਿਆ ਜਾਂ ਸਜਾ ਦਿੰਦੇ ਹਨ, ਉਸ ਨੂੰ ਸਮਝ ਆਉਂਣੀ ਚਾਹੀਦੀ ਹੈ, ਤਾਂ ਜੋ ਬੱਚਾ ਭਵਿੱਖ ਲਈ ਕੁੱਝ ਸਬਕ ਸਿਖ ਸਕੇ। ਇਸ ਲਈ ਸਿਖਿਆ ਜਾਂ ਸਜਾ ਉਸ ਦੀ ਗਲਤੀ ਜਾਂ ਸ਼ਰਾਰਤ ਨਾਲ ਸਬੰਧਤ ਹੋਣੀ ਚਾਹੀਦੀ ਹੈ। ਜੇਕਰ ਬੱਚਾ ਆਪਣਾ ਕੋਈ ਖਿਲੌਨਾ ਸੁਟਦਾ ਹੈ ਤਾਂ ਉਸ ਨੂੰ ਖੇਡਣ ਵਾਸਤੇ ਨਾ ਦਿਤਾ ਜਾਵੇ, ਉਹ ਆਪਣੇ ਆਪ ਸਮਝ ਜਾਵੇਗਾ ਕਿ ਜੇਕਰ ਖਿਲੌਨਾ ਸੁਟਿਆ ਤਾਂ ਅਗਲੀ ਵਾਰੀ ਨਹੀਂ ਮਿਲੇਗਾ। ਪਰੰਤੂ ਜੇਕਰ ਕੋਈ ਹੋਰ ਸਜਾ ਦਿਤੀ ਜਾਂਦੀ ਹੈ ਤਾਂ ਬੱਚਾ ਉਸ ਨੂੰ ਨਹੀਂ ਸਮਝੇਗਾ। ਫੈਸਲਾ ਕੀਤੇ ਹੋਏ ਕਰਮਾਂ ਅਨੁਸਾਰ ਹੋਣਾ ਹੈ। ਇਹ ਸਰੀਰ ਮਨੁੱਖ ਦੇ ਕਰਮਾਂ ਦਾ ਖੇਤ ਹੈ, ਜੋ ਕੁੱਝ ਮਨੁੱਖ ਇਸ ਸਰੀਰ ਰੂਪੀ ਖੇਤ ਵਿੱਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ। ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਉਸ ਤਰ੍ਹਾਂ ਦਾ ਫਲ ਪ੍ਰਾਪਤ ਕਰ ਲੈਂਦਾ ਹੈ।

"ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (੧੩੪) "

ਬੱਚੇ ਦੀ ਉਮਰ ਅਨੁਸਾਰ ਸਿਖਿਆ ਦੇਣੀ: ਬੱਚਾ ਜਿਸ ਤਰ੍ਹਾਂ ਉਮਰ ਵਿੱਚ ਵੱਡਾ ਹੁੰਦਾ ਹੈ, ਉਸ ਦੀ ਸਮਝ ਸ਼ਕਤੀ ਵਧਦੀ ਜਾਂਦੀ ਹੈ। ਇਸ ਲਈ ਸਿਖਿਆ ਜਾਂ ਸਜਾ ਉਸ ਦੀ ਉਮਰ ਅਨੁਸਾਰ, ਉਚਿਤ ਸਮੇਂ ਵਾਸਤੇ ਹੀ ਹੋਣੀ ਚਾਹੀਦੀ ਹੈ। ਬੱਚਾ ਜਿਆਦਾ ਲੰਮੀਆਂ ਗੱਲਾਂ ਨਹੀਂ ਸਮਝ ਸਕਦਾ ਹੈ, ਇਸ ਲਈ ਕੁੱਝ ਕੁ ਸ਼ਬਦਾਂ ਵਿੱਚ ਆਪਣੀ ਗੱਲ ਪੂਰੀ ਕਰਨੀ ਚਾਹੀਦੀ ਹੈ, ਤੇ ਬੱਚੇ ਨੂੰ ਆਪ ਬੋਲਣ ਦਾ ਮੌਕਾ ਵੀ ਦੇਣਾ ਚਾਹੀਦਾ ਹੈ। ਬੱਚੇ ਦੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ, ਸਥਿੱਤੀ ਅਨੁਸਾਰ ਬੱਚੇ ਨੂੰ ਸਰਲ ਤਰੀਕੇ ਨਾਲ ਸਮਝਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਲੋਕ ਮਃ ੧॥ ਕੁਦਰਤਿ ਕਰਿ ਕੈ ਵਸਿਆ ਸੋਇ॥ ਵਖਤੁ ਵੀਚਾਰੇ ਸੁ ਬੰਦਾ ਹੋਇ॥ (੮੩, ੮੪)

ਬੱਚੇ ਨੂੰ ਖਤਰੇ ਜਾਂ ਸ਼ਰਾਰਤਾਂ ਕਰਨ ਦੇ ਨਤੀਜਿਆ ਸਬੰਧੀ ਪਹਿਲਾਂ ਹੀ ਜਾਣੂ ਕਰਵਾਣਾ: ਜੇਕਰ ਕਿਸੇ ਚੀਜ ਨੂੰ ਹੱਥ ਲਾਣ ਨਾਲ ਜਾਂ ਵਰਤਣ ਕਰਕੇ ਕੋਈ ਘਟਨਾ ਹੋ ਸਕਦੀ ਹੈ ਤਾਂ ਬੱਚੇ ਨੂੰ ਉਸ ਸਬੰਧੀ ਪਹਿਲਾਂ ਹੀ ਸੁਚੇਤ ਕਰ ਦੇਣਾਂ ਚਾਹੀਦਾ ਹੈ, ਤਾਂ ਜੋ ਅਜੇਹਾ ਕੁੱਝ ਕਰਨ ਤੋਂ ਪਹਿਲਾਂ ਬੱਚਾ ਆਪਣੇ ਧਿਆਨ ਵਿੱਚ ਰੱਖੇ। ਇਹ ਵੀ ਹੋ ਸਕਦਾ ਹੈ ਕਿ ਬੱਚੇ ਨੂੰ ਕਿਸੇ ਖਤਰੇ ਬਾਰੇ ਸੁਚੇਤ ਕੀਤਾ ਗਿਆ, ਪਰੰਤੂ ਫਿਰ ਵੀ ਉਹ ਸੱਟ ਲਗਾ ਲੈਂਦਾ ਹੈ। ਅਜੇਹੀ ਸਥਿੱਤੀ ਵਿੱਚ ਸਭ ਤੋਂ ਪਹਿਲਾਂ ਇਲਾਜ ਕਰਨਾ ਹੈ। ਉਸ ਸਮੇਂ ਉਸ ਨੂੰ ਹਮਦਰਦੀ ਦੀ ਲੋੜ ਹੁੰਦੀ ਹੈ। ਸਮਝਾਣ ਦਾ ਕੰਮ ਯੋਗ ਵਕਤ ਆਣ ਤੇ ਕੀਤਾ ਜਾ ਸਕਦਾ ਹੈ। ਬੱਚੇ ਨੂੰ ਇਹ ਵੀ ਸਮਝਾ ਦੇਣਾ ਚਾਹੀਦਾ ਹੈ, ਕਿ ਜੇਕਰ ਸ਼ਰਾਰਤ ਕੀਤੀ ਤਾਂ ਸਜਾ ਵੀ ਮਿਲ ਸਕਦੀ ਹੈ। ਕਿਉਂਕਿ ਬੱਚੇ ਨੂੰ ਪਹਿਲਾਂ ਸੁਚੇਤ ਕਰ ਦਿਤਾ ਗਿਆ ਹੈ, ਇਸ ਲਈ ਜੇਕਰ ਸਜਾ ਮਿਲਦੀ ਹੈ ਤਾਂ ਬੱਚੇ ਅੰਦਰ ਮਾਤਾ ਪਿਤਾ ਬਾਰੇ ਘਿਰਣਾ ਪੈਦਾ ਨਹੀਂ ਹੋਵੇਗੀ। ਅਜੇਹਾ ਕਰਨ ਸਮੇਂ ਬੱਚਾ ਭਵਿੱਖ ਵਿੱਚ ਧਿਆਨ ਰੱਖੇਗਾ। ਖਤਰੇ ਦੀ ਸਥਿਤੀ ਸਮੇਂ ਉੱਚੀ ਆਵਾਜ਼ ਵਿੱਚ ਕਹਿਣ ਲਈ ਕੋਈ ਹਰਜ਼ ਨਹੀਂ, ਪਰੰਤੂ ਰੋਜ਼ ਦੀ ਆਦਤ ਠੀਕ ਨਹੀਂ। ਇਸ ਨੂੰ ਬੱਚਾ ਚਿਤਾਵਨੀ ਦੀ ਤਰ੍ਹਾਂ ਸਮਝੇਗਾ ਤੇ ਅੱਗੇ ਤੋਂ ਧਿਆਨ ਰੱਖੇਗਾ ਕਿ ਦੁਬਾਰਾ ਨਾ ਹੋਵੇ। ਅਜੇਹੀ ਸਥਿੱਤੀ ਵਿੱਚ ਬੱਚੇ ਕੋਲ ਜਾ ਕੇ ਉਸ ਨੂੰ ਠੀਕ ਤਰ੍ਹਾਂ ਪਿਆਰ ਨਾਲ ਸਮਝਾਣਾ ਹੈ ਤਾਂ ਜੋ ਅੱਗੇ ਤੋਂ ਸੁਚੇਤ ਰਹੇ।

ਗੰਢੁ ਪਰੀਤੀ ਮਿਠੇ ਬੋਲ॥ (੧੪੩)

ਜੋ ਸਮਝਾਇਆ ਜਾ ਰਿਹਾ ਹੈ ਉਸ ਨੂੰ ਦੁਬਾਰਾ ਦੁਹਰਾ ਕੇ ਵੇਖਣਾ ਕਿ ਬੱਚੇ ਨੂੰ ਸਮਝ ਆਇਆ ਹੈ ਕਿ ਨਹੀਂ: ਬੱਚੇ ਦੀ ਸਮਝ ਸ਼ਕਤੀ ਘੱਟ ਹੁੰਦੀ ਹੈ, ਇਸ ਲਈ ਇਹ ਜਾਨਣਾ ਬਹੁਤ ਜਰੂਰੀ ਹੈ, ਕਿ ਬੱਚੇ ਨੂੰ ਸਮਝ ਆਇਆ ਹੈ ਕਿ ਨਹੀਂ। ਬੱਚੇ ਨੂੰ ਜੋ ਵੀ ਸਮਝਾਇਆ ਜਾ ਰਿਹਾ ਹੈ, ਉਸ ਨੂੰ ਦੁਬਾਰਾ ਦੁਹਰਾਣ ਲਈ ਕਹੋ। ਜੇਕਰ ਬੱਚਾ ਦੁਹਰਾ ਨਹੀਂ ਸਕਦਾ ਹੈ, ਤਾਂ ਜਾਂ ਤਾਂ ਇਹ ਗੱਲ ਬਹੁਤ ਲੰਮੀ ਹੈ, ਤੇ ਜਾਂ ਉਸ ਦੀ ਸਮਝ ਤੋਂ ਬਾਹਰ ਹੈ। ਗੱਲ ਬਹੁਤ ਛੋਟੀ ਜਾਂ ਕਿਸੇ ਹੋਰ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੁਬਾਰਾ ਦੁਹਰਾਣ ਨਾਲ ਬੱਚੇ ਦੇ ਮਨ ਵਿੱਚ ਪੱਕਾ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਸਦਕਾ ਬੱਚੇ ਨਾਲ ਇਹ ਵਾਇਦਾ ਵੀ ਹੋ ਜਾਂਦਾ ਹੈ ਕਿ ਉਸ ਨੇ ਕਹਿਣਾ ਮੰਨਣਾ ਹੈ।

ਬਾਰੰ ਬਾਰ ਬਾਰ ਪ੍ਰਭੁ ਜਪੀਐ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ॥ (੨੮੬)

ਜਦੋਂ ਇਹ ਉਪਰ ਦੱਸੇ ਪੰਜ ਤਰੀਕੇ ਅਪਨਾ ਲਏ ਜਾਂਦੇ ਹਨ ਤਾਂ ਬੱਚੇ ਨੂੰ ਆਪਣੇ ਆਪ ਸਮਝ ਆ ਜਾਂਦੀ ਹੈ ਕਿ ਕਿਹੜੇ ਨਿਯਮ ਹਨ, ਜੋ ਕਿ ਉਸ ਨੇ ਅਪਨਾਉਂਣੇ ਹਨ, ਕਿਸ ਤਰ੍ਹਾਂ ਅਪਨਾਉਂਣੇ ਹਨ, ਤੇ ਜੇਕਰ ਨਹੀਂ ਅਪਨਾਏਗਾ ਤਾਂ ਕੀ ਨਤੀਜੇ ਹੋ ਸਕਦੇ ਹਨ। ਹੁਣ ਸਿਫਰ ਬੱਚੇ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਅਨੁਸ਼ਾਸਨ ਅਪਨਾਉਂਣਾ ਹੈ ਕਿ ਨਤੀਜੇ ਭੁਗਤਣੇ ਹਨ। ਕੁਦਰਤੀ ਤੌਰ ਤੇ ਕੋਈ ਵੀ ਸਜਾ ਭੁਗਤਣੀ ਨਹੀਂ ਚਾਹੁੰਦਾ ਹੈ। ਇਸ ਲਈ ਜਿਆਦਾਤਰ ਬੱਚਾ ਅਨੁਸ਼ਾਸਨ ਅਨੁਸਾਰ ਚਲਣਾ ਹੀ ਅਪਨਾਏਗਾ। ਜੇਕਰ ਬੱਚਾ ਨਿਯਮ ਅਨੁਸਾਰ ਚਲਣਾ ਨਹੀਂ ਅਪਨਾਉਂਦਾ ਹੈ, ਤਾਂ ਇਹ ਉਸ ਲਈ ਜੀਵਨ ਵਿੱਚ ਸਿਖਣ ਦਾ ਇੱਕ ਤਜੱਰਬਾ ਹੋਵਗਾ। ਉਦਾਹਰਣ ਦੇ ਤੌਰ ਤੇ ਕਹਿ ਸਕਦੇ ਹਾਂ ਕਿ ਕਹਿਣਾ ਨਾ ਮੰਨਣ ਕਰਕੇ ਬੱਚੇ ਨੇ ਅੱਜ ਖਿਲੌਣਾ ਲੈਂਣ ਦਾ ਜਾਂ ਟੀ. ਵੀ. ਵੇਖਣ ਦਾ ਮੌਕਾ ਗਵਾ ਲਿਆ ਹੈ ਤੇ ਹੁਣ ਅਗਲੇ ਦਿਨ ਦੁਬਾਰਾ ਮੌਕਾ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰ ਸਕਦਾ ਹੈ। ਜੀਵਨ ਵਿੱਚ ਉਤਰਾਅ ਚੜ੍ਹਾ ਵੀ ਮਨੁੱਖ ਦੇ ਸਿਖਣ ਲਈ ਇੱਕ ਤਰਜਰਬਾ ਹੀ ਹਨ, ਜਿਨ੍ਹਾਂ ਨਾਲ ਉਹ ਭਵਿੱਖ ਵਿੱਚ ਚੰਗੇ ਫੈਸਲੇ ਕਰਨ ਦੀ ਜਾਚ ਸਿਖਦਾ ਹੈ।

ਹੁਕਮੁ ਜਿਨਾ ਨੋ ਮਨਾਇਆ॥ ਤਿਨ ਅੰਤਰਿ ਸਬਦੁ ਵਸਾਇਆ॥ ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ॥ ੯॥ (੭੨)

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

Vashi, Navi Mumbai - 400703.

Email = [email protected],

Web= http://www.geocities.ws/sarbjitsingh/

http://www.sikhmarg.com/article-dr-sarbjit.html




.