.

ਗੁਰਬਾਣੀ ਪਰਿਪੇਖ ਵਿੱਚ
ਨਾਮਧਾਰੀ-ਸੱਚ ਅਤੇ ਕੂਕਿਆਂ ਦਾ ਕੱਚ


‘ਨਾਮਧਾਰੀ’ (ਨਾਮ-ਧਾਰੀ) ਇੱਕ ਓਵੇਂ ਦਾ ਹੀ ਸਮਾਸੀ ਨਾਂਵ ਹੈ, ਜਿਵੇਂ ਅੰਮ੍ਰਿਤਧਾਰੀ ਸਹਿਜਧਾਰੀ ਤੇ ਮੋਨਿਧਾਰੀ ਆਦਿਕ । ਇਸ ਦਾ ਸ਼ਬਦੀ ਅਰਥ ਹੈ ‘ਨਾਮ ਧਾਰਨ ਵਾਲਾ’ । ਭਾਵ, ਇੱਕ ਅਕਾਲ ਪੁਰਖ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਕੇ ਜੀਊਣ ਵਾਲਾ । ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਕਥਨ ਹੈ “ਸਾਚਾ ਨਾਮੁ, ਮੇਰਾ ਆਧਾਰੋ ॥ ਸਾਚੁ ਨਾਮੁ ਅਧਾਰੁ ਮੇਰਾ ; ਜਿਨਿ ਭੁਖਾ ਸਭਿ ਗਵਾਈਆ ॥” {ਪੰ. 917} ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ “ਅੰਮ੍ਰਿਤ ਨਾਮੁ ਮਨਹਿ ਆਧਾਰੋ ॥…ਬੂਝੀ ਤ੍ਰਿਸਨਾ, ਸਹਜਿ ਸੁਹੇਲਾ ; ਕਾਮੁ ਕ੍ਰੋਧੁ ਬਿਖੁ ਜਾਰੋ ॥ ਏਕੈ ਪਰਗਟੁ, ਏਕੈ ਗੁਪਤਾ ; ਏਕੈ ਧੁੰਧੂਕਾਰੋ ॥”{ਪੰ.1215} ਦੋਹਾਂ ਗੁਰਵਾਕਾਂ ਦਾ ਭਾਵਾਰਥ ਹੈ ਕਿ ਆਤਮਕ ਜੀਵਨ ਦੇਣ ਵਾਲਾ ਗੁਣਾਤਮਕ ਰੱਬੀ-ਨਾਮ ਜਦੋਂ ਕਿਸੇ ਦੀ ਜ਼ਿੰਦਗੀ ਦਾ ਅਧਾਰ ਬਣਦਾ ਹੈ ਤਾਂ ਉਸ ਦੀ ਬਦੌਲਤ ਮਨੁੱਖ ਅੰਦਰੋਂ ਹਰੇਕ ਕਿਸਮ ਦਾ ਲਾਲਚ ਤੇ ਤ੍ਰਿਸ਼ਨਾ ਮਿਟ ਜਾਂਦੀ ਹੈ ਅਤੇ ਉਹ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ । ਉਹ ਆਤਮਕ ਮੌਤ ਲਿਆਉਣ ਵਾਲੇ ਕਾਮ ਕ੍ਰੋਧ ਆਦਿਕ ਵਿਕਾਰੀ ਜ਼ਹਰ ਨੂੰ ਆਪਣੇ ਅੰਦਰੋਂ ਸਾੜ ਦਿੰਦਾ ਹੈ । ਉਸ ਨੂੰ ਅਟੱਲ ਵਿਸ਼ਵਾਸ ਬਣ ਜਾਂਦਾ ਹੈ ਕਿ ਸੰਸਾਰ ਦੇ ਆਦਿ, ਮੱਧ ਤੇ ਅੰਤ ਵਿੱਚ ਗੁਪਤ ਤੇ ਪ੍ਰਗਟ ਤੌਰ ’ਤੇ ਇੱਕ ਨਿਰੰਕਾਰੀ ਅਕਾਲਪੁਰਖ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ, ਜਿਸ ਨੂੰ ਆਪਣੇ ਧਿਆਨ ਦਾ ਕੇਂਦਰ ਬਣਾਇਆ ਜਾ ਸਕੇ ।
ਮੰਨਿਆ ਜਾਂਦਾ ਹੈ ਕਿ ਕੂਕਾ-ਲਹਿਰ ਦੇ ਮੁਖੀ ਬਾਬਾ ਰਾਮ ਸਿੰਘ (1816-1885 ਈ) ਜੀ ਵੱਲੋਂ ਆਪਣੀ ਸੰਪਰਦਾ ਨੂੰ ‘ਨਾਮਧਾਰੀ’ ਨਾਂ ਦੇਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ “ਨਾਮ ਧਾਰੀ ਸਰਨਿ ਤੇਰੀ ॥ ਪ੍ਰਭ ਦਇਆਲ ਟੇਕ ਮੇਰੀ ॥”{ਪੰ.1322} ’ ਗੁਰਵਾਕ ਨੂੰ ਅਧਾਰ ਬਣਾਇਆ ਸੀ । ਪਰ ਗੁਰਬਾਣੀ ਦੀ ਵਿਆਕ੍ਰਣਿਕ ਸੋਝੀ ਰੱਖਣ ਵਾਲੇ ਗੁਰਸਿੱਖ ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ‘ਨਾਮਧਾਰੀ’ ਕੋਈ ਇੱਕ ਸਮਾਸੀ-ਨਾਂਵ ਨਹੀਂ । ‘ਨਾਮ’ਤੇ ‘ਧਾਰੀ’ਦੋ ਵੱਖ-ਵੱਖ ਪਦ ਹਨ । ‘ਨਾਮ’ ਲਫ਼ਜ਼ ਇੱਕ-ਵਚਨ ਪੁਲਿੰਗ ਸਬੰਧਕੀ-ਨਾਂਵ ਹੈ ਅਤੇ ‘ਧਾਰੀ’ ਇੱਕਵਚਨੀ, ਉਤਮ-ਪੁਰਖੀ ਵਰਤਮਾਨੀ ਕਿਰਿਆ ਹੈ । ‘ਧਾਰੀ’ ਪਦ ਦਾ ਸ਼ੁਧ ਉਚਾਰਣ ਹੈ ‘ਧਾਰੀਂ’ ਅਤੇ ਅਰਥ ਹੈ- ਮੈਂ ਧਾਰਨ ਕਰਾਂ । ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਤੁਕ-ਅਰਥ ਇਉਂ ਹੈ - ਹੇ ਦਇਆਲ ਪ੍ਰਭੂ ! ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ, ਮੈਂ ਤੇਰਾ) ਨਾਮ (ਆਪਣੇ ਅੰਦਰ) ਵਸਾਈ ਰੱਖਾਂ, ਮੈਨੂੰ ਇਕ ਤੇਰਾ ਹੀ ਸਹਾਰਾ ਹੈ ।
ਪਰ, ਜੇ ਸੰਪਰਦਾਈ ਅਰਥਾਂ ਨੂੰ ਮੰਨਦਿਆਂ ਇਸ ਤੁਕ ਵਿੱਚ ‘ਨਾਮਧਾਰੀ’ ਸਮਾਸੀ-ਨਾਂਵ ਮੰਨ ਵੀ ਲਿਆ ਜਾਏ ਤਾਂ ਵੀ ਬਾਬਾ ਰਾਮ ਸਿੰਘ ਆਪ ਤੇ ਉਸ ਦੀ ਸੰਪਰਦਾ ਗੁਰਬਾਣੀ ਦੀ ਪਰਖ ਕਸਵੱਟੀ ’ਤੇ ਖਰੇ ਨਹੀਂ ਉਤਰਦੇ । ਕਿਉਂਕਿ, ਤੀਜੇ ਤੇ ਪੰਜਵੇਂ ਗੁਰੂ-ਪਾਤਸ਼ਾਹਾਂ ਦੇ ਉਪਰੋਕਤ ਕਥਨਾਂ ਮੁਤਾਬਿਕ ‘ਨਾਮਧਾਰੀ’ਕੇਵਲ ਉਸ ਵਿਅਕਤੀ ਨੂੰ ਹੀ ਮੰਨਿਆ ਜਾ ਸਕਦਾ ਹੈ, ਜਿਹੜਾ ਕੇਵਲ ਇੱਕ ਅਕਾਲਪੁਰਖ ਦਾ ਅਨਿੰਨ ਉਪਾਸ਼ਕ ਹੋਵੇ ਅਤੇ ਉਹ ਗੁਰਮਤਿ ਦੁਆਰਾ ਕਾਮ, ਕ੍ਰੋਧ ਅਤੇ ਲੋਭ ਤੇ ਤ੍ਰਿਸ਼ਨਾ ਆਦਿਕ ਵਿਕਾਰਾਂ ਤੋਂ ਮੁਕਤ ਹੋ ਕੇ ਸਿਮਰਨ ਦੀ ਜਾਗਰੂਕਤਾ ਭਰਪੂਰ ਸਹਿਜਮਈ ਅਵਸਥਾ ਵਿੱਚ ਜੀਊਂਦਾ ਹੋਵੇ । ਪਰ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਜੀ ਨੇ ‘ਕੂਕਿਆਂ ਦੀ ਵਿਥਿਆ’ ਨਾਮੀ ਪੁਸਤਕ ਵਿੱਚ ਬਰਮਾ ਦੀ ਰੰਗੂਨ ਜੇਲ੍ਹ ਵਿੱਚੋਂ ਲਿਖੀਆਂ ਬਾਬਾ ਰਾਮ ਸਿੰਘ ਦੀ ਜੋ ਚਿੱਠੀਆਂ ਨਸ਼ਰ ਕੀਤੀਆਂ ਹਨ, ਉਨ੍ਹਾਂ ਮੁਤਾਬਿਕ ਤਾਂ ਬਾਬਾ ਜੀ ਦੇ ਜੀਵਨ ਵਿੱਚੋਂ ਗੁਰਮਤ ਸਿਧਾਂਤਾਂ ਪ੍ਰਤੀ ਸਪਸ਼ਟਤਾ ਅਤੇ ਨਾਮ ਅਧਾਰੀ ਅਚਾਰ-ਵਿਹਾਰ ਦਾ ਕੋਈ ਵਿਸ਼ੇਸ਼ ਝਲਕਾਰਾ ਨਹੀਂ ਵੱਜਦਾ । ਕਿਉਂਕਿ ਭਾਵੇਂ ਇਨ੍ਹਾਂ ਚਿੱਠੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਵਾਰ ਵਾਰ ਤਾਗੀਦ ਵੀ ਮਿਲਦੀ ਹੈ । ਪ੍ਰੰਤੂ ਨਾਲ ਹੀ ਸੂਰਜ ਵੱਲ ਮੂੰਹ ਕਰਕੇ ਪਾਠ ਕਰਨ, ਭਗਵਤੀ ਦੇਵੀ (ਭਗਉਤੀ) ਦਾ ਓਟ ਆਸਰਾ ਲੈਣ ਅਤੇ ਹਵਨ-ਯਗ ਕਰਨ ਦੀ ਪ੍ਰੇਰਨਾ ਵੀ ਕਰਦੇ ਰਹੇ ਹਨ, ਜੋ ਕਿ ਗੁਰਮਤ ਸਿਧਾਂਤਾਂ ਬਿਲਕੁਲ ਵਿਪਰੀਤ ਹੈ ।

ਜਿਵੇਂ ਚਿੱਠੀ ਨੰ. 24 ਵਿੱਚ ਕਹਿੰਦੇ ਹਨ “ਪਾਠ ਸੂਰਜ ਵਲ ਮੂੰਹ ਕਰਕੇ ਕਰਨਾ, ਗੁਪਤ ਕਰਨਾ” । ਅਤੇ ਚਿੱਠੀ ਨੰ. 4 ਵਿੱਚ ਲਿਖਿਆ ਹੈ –“ ਅਰਦਾਸ ਕਰਕੇ ਪਾਠ ਤੋਰਨਾ ਅਤੇ ਫਿਰ ਪਾਠ ਕਰਕੇ ਬੇਨਤੀ ਕਰਨੀ ਹੇ ਭਗਵਤੀ ਮਾਤਾ, ਹੇ ਜਗਦੰਭਾ, ਆਦਿ ਅੰਤ ਦੈਂਤਾ ਦਾ ਨਾਸ਼ ਕਰਨ ਵਾਲੀ । ਹੋਰ ਜੈਸੀ ਬਣ ਆਵੇ ਬੇਨਤੀ ਕਰਨੀ ਹੱਥ ਜੋੜ ਕੇ, ਹੇ ਹਮਰੀ ਮਾਤਾ ਗਊ ਭਖਸ਼ਣ ਕਰਨ ਵਾਲਿਆਂ ਦਾ ਸਭਨਾ ਦਾ ਨਾਸ਼ ਕਰ” । ਕਿਉਂਕਿ ਇੱਕ ਤਾਂ ਉਨ੍ਹਾਂ ਨੂੰ ਭੁਲੇਖਾ ਸੀ ਕਿ ਬਚਿਤ੍ਰ-ਨਾਟਕੀ ਦੁਰਗਾ ਦੀ ਵਾਰ (ਵਾਰ ਸ੍ਰੀ ਭਗਉਤੀ ਜੀ ਕੀ) ਗੁਰੂ ਗੋਬਿੰਦ ਜੀ ਦੀ ਬਾਣੀ ਹੈ । ਭਾਵੇਂ ਕਿ ਇਸ ਰਚਨਾ ਦੇ ਪਹਿਲੇ ਅਧਿਆਏ ਦੀ ਅੰਤਕ ਸੂਚਨਾ ‘ਪ੍ਰਥਮ ਧਿਯਾਇ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ।’ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਮਾਰਕੰਡੇ ਪੁਰਾਣ ਦਾ ਅਨੁਵਾਦ ਹੈ । ਦੂਜਾ, ਉਹ ਭਾਈ ਸੁੱਖਾ ਸਿੰਘ ਰਚਿਤ 'ਗੁਰ ਵਿਲਾਸ ਪਾਤਸ਼ਾਹੀ 10' ਮੁਤਾਬਿਕ ਮੰਨਦੇ ਸਨ ਕਿ ਸੰਨ 1699 ਦੀ ਵੈਸਾਖੀ ਨੂੰ ਅੰਮ੍ਰਿਤ ਸੰਸਕਾਰ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ (ਦੁਰਗਾ ਦੇਵੀ) ਦੀ ਪ੍ਰਸੰਨਤਾ ਲਈ ਬ੍ਰਾਹਮਣਾਂ ਪਾਸੋਂ ਹਵਨ ਕਰਵਾਇਆ ਸੀ । ਇਸੇ ਲਈ ਕੂਕੇ ਹੁਣ ਤਕ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਤੋਂ ਪਹਿਲਾਂ ਚੰਡੀ ਦੀ ਵਾਰ ਦਾ ਪਾਠ ਕਰਦੇ ਹੋਏ ਹਵਨ ਵੀ ਕਰਦੇ ਹਨ ਅਤੇ ਇਸ ਵਾਰ ਦਾ ਪਾਠ ਉਨ੍ਹਾਂ ਦੇ ਨਿਤਨੇਮ ਦਾ ਮੁਖ ਅੰਗ ਹੈ । ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਲਿਖਿਆ ਹੈ ਕਿ ਦੇਵੀ ਦੇਵਤਿਆਂ ਨੂੰ ਪੂਜਣ, ਹੋਮ-ਯਗ ਕਰਨ ਅਤੇ ਪੁਰਾਣਾਂ ਦੇ ਪਾਠ ਪੜ੍ਹਣ ਨਾਲ ਸਦਾ-ਥਿਰ ਪ੍ਰਭੂ ਨਾਲ ਸਾਂਝ ਨਹੀਂ ਬਣ ਸਕਦੀ । ਐਸੇ ਮਨੁੱਖ ਜੀਵਨ ਵਿੱਚ ਡੋਲਦੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਅੰਦਰੋਂ ਹਉਮੈ ਅਤੇ ਮਾਇਕ ਮੋਹ ਨਹੀਂ ਮਿਟਦਾ । ਗੁਰਵਾਕ ਹਨ :
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ {ਪੰ.332}
ਹੋਮ ਜਗ ਸਭਿ ਤੀਰਥਾ ਪੜ੍ਹਿ ਪੰਡਿਤ ਥਕੇ ਪੁਰਾਣ ॥
ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥ {ਪੰ. 1417}


ਇਹੀ ਕਾਰਣ ਹੈ ਕਿ ਬਾਬਾ ਰਾਮ ਸਿੰਘ ਅੰਤ ਤਕ ਆਪਣੇ ਸੰਗੀਆਂ ਨੂੰ ਧਨ-ਪਦਾਰਥ ਸਾਰਿਆਂ ਪਾਸੋਂ ਛੁਪਾ ਕੇ ਰੱਖਣ ਅਤੇ ਇਸ ਪੱਖੋਂ ਕਿਸੇ ਦਾ ਵੀ ਵਿਸਾਹ ਨਾ ਕਰਨ ਦੀ ਸਲਾਹ ਦਿੰਦੇ ਰਹੇ । ਕਿਉਂਕਿ ਉਹ ਚਿੱਠੀ ਨੰ. 28 ਵਿੱਚ ਲਿਖਦੇ ਹਨ ਸਫਰ ਵੇਲੇ “ਪਦਾਰਥ ਪੂਰੇ ਤਕੜੇ ਹੋ ਕੇ ਲੈ ਜਾਣਾ । ਕਿਸੇ ਦਾ ਵਿਸਾਹ ਨਹੀਂ ਕਰਨਾ । ਰੱਖ ਕੇ ਨਹੀਂ ਨ੍ਹੌਣਾ । ਇੱਕ ਨ੍ਹਾਏ ਤਾਂ ਇਕ ਸਰੀਰ ਗੱਠੜੀ ਨੂੰ ਖੂਬ ਕੱਛ ਵਿੱਚ ਦਬਾ ਕੇ ਰੱਖੇ । ਫਿਰ ਦੂਆ ਨ੍ਹਾਏ । ਨਾ ਕਿਸੇ ਨੂੰ ਦੱਸਣਾ ਤੇ ਨਾ ਵਿਖਾਲਣਾ ਧਨ” । ਸਪਸ਼ਟ ਹੈ ਕਿ ਉਨ੍ਹਾਂ ਅੰਦਰੋਂ ਬਿਖ ਮਾਇਆ ਮੋਹ ਨਹੀਂ ਮਿਟਿਆ । ਜਦੋਂ ਕਿ ਖ਼ਾਲਸਾ-ਪੰਥ ਅਰਦਾਸ ਵਿੱਚ ਵੰਡ ਕੇ ਛਕਣ ਵਾਲਿਆਂ ਨੂੰ ਯਾਦ ਕਰਦਾ ਹੋਇਆ ਨਿੱਤ ਵਾਹਗੁਰੂ ਜੀ ਪਾਸੋਂ 'ਨਾਮ-ਦਾਨ' ਦੇ ਨਾਲ 'ਵਿਸਾਹ-ਦਾਨ' ਦੀ ਵਿਸ਼ੇਸ਼ ਮੰਗ ਕਰਦਾ ਹੈ । ਗੁਰੂ ਨਾਨਕ ਸਾਹਿਬ ਜੀ ਤਾਂ ‘ਜਾਣਹੁ ਜੋਤਿ, ਨਾ ਪੂਛਹੁ ਜਾਤੀ” ਦਾ ਉਪਦੇਸ਼ ਕਰਦੇ ਹੋਏ ਆਪਣੇ ਬਾਰੇ ਇਹੀ ਕਹਿੰਦੇ ਰਹੇ “ਨਾਮੁ ਜਾਤਿ, ਨਾਮੁ ਮੇਰੀ ਪਤਿ ਹੈ; ਨਾਮੁ ਮੇਰੈ ਪਰਵਾਰੈ ॥ {ਪੰ.713} ਪਰ ਬਾਬਾ ਰਾਮ ਸਿੰਘ ਜੀ ਰੰਗੂਨ ਬੈਠੇ ਹੋਏ ਵੀ ਚਿੱਠੀ ਨੰ. 35. ਵਿੱਚ ਪੁੱਛਦੇ ਹਨ “ਹੋਰ ਗੁਲਾਬਾ ਚੁਮਾਰ ਮਰ੍ਹਾਣੇ ਵਾਲਾ ਸੰਗਤ ਵਿੱਚ ਆਉਂਦਾ ਹੈ ਕਿ ਨਹੀਂ, ਵੜਣ ਦਿੰਦੇ ਸਿੱਖ ।” ਸਪਸ਼ਟ ਹੈ ਕਿ ਉਹ ਮਾਨਸਕ ਤੌਰ ’ਤੇ ਅੰਤ ਤਕ ਬਿਪਰਵਾਦੀ ਜਾਤ-ਪਾਤ ਤੇ ਛੂਤ-ਛਾਤ ਵਿੱਚ ਵੀ ਫਸੇ ਰਹੇ ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਾਂ ਆਖਦੇ ਹਨ ਹੇ ਪ੍ਰਭੂ ਤੇਰਾ ਨਿਰਮਲ-ਭਉ ਹੀ ਮੇਰੇ ਲਈ ਭੰਗ ਹੈ ਅਤੇ ਉਸ ਨੂੰ ਸੰਭਾਲ ਕੇ ਰੱਖਣ ਵਾਲੀ ਗੁੱਥੀ ਮੇਰਾ ਚਿੱਤ ਹੈ । ਇਸ ਨਸ਼ੇ ਨੇ ਮੈਨੂੰ ਮਤਵਾਲਾ ਕਰਕੇ ਹਰ ਕਿਸਮ ਦੀਆਂ ਵਾਸ਼ਨਾਵਾਂ ਤੋਂ ਵਿਰਕਤ ਬਣਾ ਦਿੱਤਾ ਹੈ । ਜਿਵੇਂ ਗੁਰਵਾਕ ਹੈ “ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ {ਪੰ.721} ਪਰ ਬਾਬਾ ਰਾਮ ਸਿੰਘ ਤਾਂ ਰੰਗੂਨ ਦੀ ਜੇਲ ਵਿੱਚ ਬੈਠੇ ਵੀ ਭੰਗ ਮੰਗਦੇ ਰਹੇ, ਜੋ ਚੋਰੀ ਛਿਪੀਂ ਪੰਜਾਬ ਤੋਂ ਭੇਜੀ ਜਾਂਦੀ ਰਹੀ । ਕਿਉਂਕਿ, ਚਿੱਠੀ ਨੰ. 50 ਦੀ ਲਿਖਤ ਹੈ “ਹੋਰ ਜੀ ਸੁਖਨਿਧਾਨ ਪਹੁੰਚਾ ਤੁਮਾਰਾ ਢੇਡ ਪਾਉ ਪੱਕਾ, ਹੋਰ ਕੋਈ ਲੋੜ ਨਹੀਂ। ਇੱਕ ਸੁਖਨਿਧਾਨ ਦੀ ਹੀ ਲੋੜ ਸੀ, ਜੋ ਤੁਹਾਡੀ ਕਿਰਪਾ ਤੇ ਆਏ ਪਹੁੰਚਾ ਹੈ ” । ਇਨ੍ਹਾਂ ਬਚਨਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਅੰਦਰ “ਸਾਚੁ ਨਾਮੁ ਅਧਾਰੁ ਮੇਰਾ ; ਜਿਨਿ ਭੁਖਾ ਸਭਿ ਗਵਾਈਆ ॥” ਵਾਲੀ ਘਟਨਾ ਨਹੀਂ ਸੀ ਘਟੀ । “ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦਿ ਛੂਛੈ ਭਾਉ ਧਰੇ” ॥ {ਪੰ.360} ਗੁਰਵਾਕ ਦਾ ਸੱਚ ਉਨ੍ਹਾਂ ਦੀ ਜ਼ਿੰਦਗੀ ਚੋਂ ਪਰਗਟ ਨਹੀਂ ਹੋਇਆ । ਕਿਉਂਕਿ, ਛੂਛੇ ਨਸ਼ਿਆਂ ਦੀ ਤਾਂਘ ਵੀ ਕਾਇਮ ਹੈ ।

‘ਸੁਖਨਿਧਾਨੁ ਪ੍ਰਭੁ ਏਕੁ ਹੈ, ਅਬਿਨਾਸੀ ਸੁਣਿਆ ॥ {ਪੰ. 319} ਵਰਗੇ ਗੁਰਬਾਣੀ ਦੇ ਸ਼ਬਦ ਗਾਉਣ ਵਾਲਿਆਂ ਵੱਲੋਂ ਭੰਗ ਦੇ ਨਸ਼ੇ ਨੂੰ ਸੁਖਨਿਧਾਨ ਕਹਿਣਾ ਭਾਰੀ ਭੁੱਲ ਹੈ । ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤ ਮਾਰਤੰਡ ਵਿੱਚ ਲਿਖਿਆ ਹੈ “ਭੰਗ ਦੀ ਦੇਗ ਨੇ, ਜਿਸ ਨੂੰ ਸੁਖਨਿਧਾਨ ਦੀ ਦੇਗ ਆਖਦੇ ਹਨ (ਪਰ ਵਾਸਤਵ ਵਿੱਚ ਜੋ ‘ਦੁੱਖਨਿਧਾਨ ਹੈ) ਸਿੱਖ ਕੌਮ ਨੂੰ ਭਾਰੀ ਨੁਕਸਾਨ ਪੁਚਾਇਆ ਹੈ । ਸ਼ੋਕ ਹੈ ਉਨ੍ਹਾਂ ਭੰਗੀ ਕਵੀਆਂ ਪੁਰ, ਜਿਨ੍ਹਾਂ ਨੇ ਗੁਰਬਾਣੀ ਦੇ ਵਿਰੁਧ ਆਪਣੀ ਭੈੜੀ ਵਾਦੀ ਨੂੰ ਧਰਮ ਦਾ ਨੇਮ ਬਣਾ ਕੇ ਆਪਣੇ ਭਾਈਆਂ ਨੂੰ ਵੀ ਭੰਗੀ ਬਣਾਇਆ, ਅਤੇ ਉਨ੍ਹਾਂ ਦੇ ਬਲ ਪੁਰੁਸ਼ਾਰਥ ਆਦਿਕ ਸ਼ੁਭ ਗੁਣਾਂ ਦਾ ਸਤ੍ਯਾਨਾਸ਼ ਕੀਤਾ ।” ਨਿਹੰਗ ਜਥੇਬੰਦੀਆਂ ਨੂੰ ਇਸ ਪੱਖੋਂ ਗੰਭੀਰਤਾ ਸਹਿਤ ਵਿਚਾਰਣ ਦੀ ਲੋੜ ਹੈ ।
ਸੰਨ 1865-66 ਵਿੱਚ ਕੂਕਿਆਂ ਵੱਲੋਂ ਧੱਕੇ ਨਾਲ ਗੁੱਗੇ ਸੁਲਤਾਨ ਦੇ ਪੀਰਖ਼ਾਨੇ, ਮਸੀਤਾਂ, ਖ਼ਾਨਗਾਹਾਂ ਤੇ ਕਬਰਾਂ ਆਦਿਕ ਢਹੁਣ ਅਤੇ ਸੰਨ 1870 ਵਿੱਚ ਗਊ-ਭਗਤ ਬਣ ਕੇ ਬੁੱਚੜਾਂ ਦੇ ਕਤਲ ਕਰਨ ਦੀਆਂ ਕਾਰਵਾਈਆਂ ਗੁਰਮਤਿ ਅਨੁਸਾਰੀ ਅਤੇ ਖ਼ਾਲਸਾਈ ਕਰਤਵ ਨਹੀਂ ਮੰਨੇ ਜਾ ਸਕਦੇ । ਕਿਉਂਕ ਗੁਰਬਾਣੀ ‘ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ ; ਮੜੈ ਮਸਾਣਿ ਨ ਜਾਈ ॥ {ਪੰ. 634} ਦਾ ਉਪਦੇਸ਼ ਕਰਦੀ ਹੋਈ ਮੂਰਤੀ-ਪੂਜਕਾਂ ਨੂੰ ਭਾਵੇਂ “ਪਾਥਰੁ ਲੇ ਪੂਜਹਿ ਮੁਗਧ ਗਵਾਰ ॥” {ਪੰ.556} ਤੱਕ ਕਹਿਣ ਤੋਂ ਸੰਕੋਚ ਨਹੀਂ ਕਰਦੀ । ਪ੍ਰੰਤੂ ‘ਮੜ੍ਹੀ ਮਸੀਤਾਂ ਢਾਹ ਕੇ ਕਰ ਦਿਓ ਮੈਦਾਨਾ’ ਕੂਕਦਿਆਂ ਧੱਕੇ ਤੇ ਜ਼ੁਲਮ ਨਾਲ ਮੂਰਤੀਆਂ ਤੋੜਣ ਤੇ ਮੜ੍ਹੀਆਂ ਮਸੀਤਾਂ ਢਾਹੁਣ ਦੀ ਆਗਿਆ ਨਹੀਂ ਦਿੰਦੀ । “ਜੋਰ ਜੁਲਮ ਫੂਲਹਿ ਘਨੋ, ਕਾਚੀ ਦੇਹ ਬਿਕਾਰ ॥” {ਪੰ.255} ਕਹਿ ਕੇ ਹੋੜਦੀ ਹੈ । ਅਜਿਹੇ ਲੋਕਾਂ ਨੂੰ ਪਿਆਰ ਸਹਿਤ ਸਮਝਾ ਕੇ ਇੱਕ ਅਕਾਲ ਦੇ ਲੜ ਲਾਉਣਾ ਗੁਰਮੁਖਾਂ ਦਾ ਮੁੱਖ ਫਰਜ਼ ਐਲਾਨਦੀ ਹੈ । ਕਿਉਂਕਿ, ਅਸਲੀਅਤ ਸਮਝ ਆਉਣ ‘ਤੇ ਭਾਈ ਮੰਝ ਤੇ ਭਾਈ ਬਹਿਲੋ ਵਾਂਗ ਲੋਕ ਆਪ ਹੀ ਪੀਰਖ਼ਾਨੇ ਤੇ ਕਬਰਾਂ ਨੂੰ ਢਾਹ ਦਿੰਦੇ ਹਨ । ਗੁਰਬਾਣੀ ਗੁਰਸਿੱਖਾਂ ਨੂੰ ਗਊ-ਭਗਤ ਨਹੀਂ ਬਣਾਉਂਦੀ । “ਗਊ ਭੈਸ ਮਗਉ ਲਾਵੇਰੀ ॥” {ਪੰ. 695} ਦੀ ਪ੍ਰਾਰਥਨਾ ਕਰਦੀ ਹੋਈ ਗਊਆਂ ਨੂੰ ਮੱਝਾਂ ਵਾਂਗ ਇੱਕ ਦੁੱਧ ਦੇਣ ਵਾਲਾ ਪਸ਼ੂ ਮੰਨਦੀ ਹੈ । ਇਸ ਤੋਂ ਵਧ ਕੁਝ ਨਹੀਂ । ਸਗੋਂ “ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ” {ਪੰ.1293} ਕਹਿ ਕੇ ਸਮਝਾਉਂਦੀ ਹੈ ਕਿ ਭਗਤ ਕਬੀਰ ਸਾਹਿਬ ਜੀ ਅਜਿਹੇ ਖ਼ਾਨਦਾਨ ਵਿੱਚੋਂ ਹੀ ਪੈਦਾ ਹੋਏ, ਜਿਨ੍ਹਾਂ ਦੇ ਬਜ਼ੁਰਗ ਈਦ ਬਕਰੀਦ ਵੇਲੇ ਗਊਆਂ ਹਲਾਲ ਕਰਦੇ ਸਨ ।
ਗੁਰਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ‘ਨਚਿਐ ਟਪਿਐ, ਭਗਤਿ ਨ ਹੋਇ ॥ {ਪੰ.159} ਭਾਈ ਨੰਦ ਲਾਲ ਸਾਹਿਬ ਦਾ ਕਥਨ ਹੈ “ਸਰ ਤਾ ਬ-ਕਦਮ ਬ-ਹੋਸ਼, ਵਾ ਮਸਤੀ ਨ ਕੁਨੰਦ” । ਭਾਵ, ਗੁਰੂ ਦੇ ਸਿੱਖ ਸਿਰ ਤੋਂ ਲੈ ਕੇ ਪੈਰਾਂ ਤੱਕ ਹੋਸ਼ ਵਿੱਚ ਰਹਿੰਦੇ ਹਨ, ਬੇਹੋਸ਼ੀ ਵਾਲੀ ਮਸਤੀ ਨਹੀਂ ਕਰਦੇ । ਪਰ, ਬਾਬਾ ਰਾਮ ਸਿੰਘ ਦੇ ਸੰਗੀ ਤਾਂ ਹੋਸ਼ ਗਵਾ ਬੈਠਦੇ ਹਨ । ਕੀਰਤਨ ਕਰਦੇ ਕੂਕਾਂ ਮਾਰਦੇ ਤੇ ਭੂਤਾਂ ਵਾਂਗ ਸਿਰ ਘਮਾਉਂਦੇ ਹੋਏ ਕੇਸ਼ ਖਿਲਾਰ ਲੈਂਦੇ ਹਨ । ‘ਭੈਣੀ ਸਤਿਗੁਰ ਜਾਗਿਆ, ਹੋਰ ਝੂਠ ਜਹਾਨਾ’ ਵਰਗੀਆਂ ਧਾਰਨਾਵਾਂ ਗਉਂਦੇ ਹਨ । ਕੁਝ ਇਹੀ ਕਾਰਣ ਸਨ ਕਿ 20 ਮਾਰਚ 1867 ਨੂੰ ਬਾਬਾ ਰਾਮ ਸਿੰਘ ਨੇ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਦੇ ਪੁਜਾਰੀਆਂ ਨੂੰ ਚਿੱਠੀ ਲਿਖੀ ਕਿ “ਤੁਸੀਂ ਮੇਰਾ ਅਰਦਾਸਾ ਜੋ ਨਹੀਂ ਕੀਤਾ, ਕੀ ਤੁਸੀਂ ਮੈਨੂੰ ਗੁਰੂ ਕਾ ਸਿੱਖ ਨਹੀਂ ਸਮਝਦੇ ? ਨਾਲ ਇਹ ਵੀ ਲਿਖਿਆ ਕਿ ਮੈਂ ਤੁਹਾਡੇ ਅਰਦਾਸੇ ਦੀ ਪ੍ਰਵਾਹ ਨਹੀਂ ਕਰਦਾ । ਅੱਗੋਂ ਪੁਜਾਰੀਆਂ ਨੇ ਉਤਰ ਵਿੱਚ ਲਿਖਿਆ ਕਿ “ਗੁਰੂ ਕੇ ਖ਼ਾਲਸੇ ਅਤੇ ਕੂਕਿਆਂ ਵਿੱਚ ਇਹ ਭੇਦ ਹਨ :-
1. ਤੁਸੀਂ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਹੋ । 2. ਕੂਕਾ ਬਨਾਉਣ ਵੇਲੇ ਸਿੱਖ ਰਹੁ-ਰੀਤ ਵਿਰੁਧ ਕੰਨ ਵਿੱਚ ਮੰਤ੍ਰ ਫੂਕਦੇ ਹੋ । 3. ਨਵੇਂ ਕੂਕੇ ਨੂੰ ਆਖਦੇ ਹੋ ਜਨਮ ਗੁਰੂ ਹਜ਼ਰੋ ਅਰ ਵਾਸੀ ਗੁਰੂ ਭੈਣੀ । 4. ਕੂਕੇ ਗੁਰਦੁਆਰਿਆਂ ਵਿੱਚ ਪੱਗਾਂ ਲਾਹ ਲੈਂਦੇ ਹਨ ਤੇ ਕੇਸ ਖਿਲਾਰ ਲੈਂਦੇ । ਕੀਰਤਨ ਕਰਦੇ ਨੱਚਣ ਟੱਪਣ ਲੱਗ ਪੈਂਦੇ ਹਨ, ਕੂਕਾਂ ਮਾਰਦੇ ਹਨ, ਜੋ ਸਿੱਖ ਰਹੁ-ਰੀਤ ਦੇ ਉਲਟ ਹਨ ਹੈ । ਇਸ ਲਈ ‘ਕੂਕੇ’ ਗੁਰੂ ਕੇ ਸਿੱਖ ਨਹੀਂ ਹੋ ਸਕਦੇ ।”

ਸੋ ਗੁਰਬਾਣੀ ਦੀ ਉਪਰੋਕਤ ਵਿਚਾਰ ਤੋਂ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਬਾਬਾ ਰਾਮ ਸਿੰਘ ਅਤੇ ਉਸ ਦੀ ਸੰਪਰਦਾ ਨੂੰ ‘ਨਾਮਧਾਰੀ’ ਕਹਿਣ ਦੀ ਥਾਂ ਕੇਵਲ ‘ਕੂਕੇ’ ਹੀ ਬੋਲਣਾ ਚਾਹੀਦਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਹੇ ਗਿਆਨੀ ਪ੍ਰਤਾਪ ਸਿੰਘ ਤੇ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਵਰਗੇ ਗੁਰਸਿੱਖ ਵਿਦਵਾਨਾਂ ਨੇ ਜਦੋਂ ਇਸ ਸੰਪਰਦਾ ਬਾਰੇ ਪੁਸਤਕਾਂ ਲਿਖੀਆਂ, ਤਾਂ ਉਨ੍ਹਾਂ ਨੇ ‘ਨਾਮਧਾਰੀ’ ਨਾਂ ਨਹੀਂ ਦਿੱਤਾ, ਕੇਵਲ ‘ਕੂਕਾ ਗੁਰੂ ਡੰਭ’ ਅਤੇ ‘ਕੂਕਿਆਂ ਦੀ ਵਿਥਿਆ’ਹੀ ਸਿਰਲੇਖ ਦਿੱਤੇ । ਰਾਧਾ-ਸੁਆਮੀ ਤੇ ਨਕਲੀ ਨਿਰੰਕਾਰੀ ਆਦਿ ਸੰਪਰਦਾਵਾਂ ਅਤੇ ਹੋਰ ਡੇਰਦਾਰ ਆਪਣੇ ਵਿਅਕਤੀ-ਗੁਰੂਆਂ ਨੂੰ ਗੁਰੂ ਨਾਨਕ-ਜੋਤਿ ਸਰੂਪ ਦਸ ਗੁਰੂ ਰਤਨਮਾਲਾ ਦਾ ਭਾਗ ਨਹੀਂ ਬਣਾਉਂਦੇ । ਜਦ ਕਿ ਕੂਕੇ ਦਸ ਗੁਰੂ ਸਾਹਿਬਾਨ ਉਪਰੰਤ ਹਜ਼ਰੋਂ ਵਾਲੇ ਬਾਬਾ ਬਾਲਕ ਸਿੰਘ ਨੂੰ ਗਿਆਰਵੀਂ ਅਤੇ ਭੈਣੀ ਵਾਲੇ ਬਾਬਾ ਰਾਮ ਸਿੰਘ ਨੂੰ ਬਾਰਵ੍ਹੀਂ ਗੁਰੂ-ਪਾਤਸ਼ਾਹੀ ਮੰਨ ਕੇ ਗੁਰਿਆਈ ਦਾ ਸਿਲਸਲਾ ਲੜੀਵਾਰ ਅੱਗੇ ਤੋਰੀ ਜਾ ਰਹੇ ਹਨ । ਸਪਸ਼ਟ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜ਼ਾ ਨਹੀਂ ਦਿੰਦੇ । ਅੰਮ੍ਰਿਤ ਸੰਚਾਰ ਵੇਲੇ ਚੰਡੀ ਦੇ ਹਵਨ ਨੂੰ ਮੁਖ ਅੰਗ ਮੰਨਦੇ ਹਨ ਅਤੇ ਨਾਦੀ-ਪਿਤਾ ਗੁਰੂ ਗੋਬਿੰਦ ਸਿੰਘ ਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਕਹਿਣ ਦੀ ਥਾਂ ‘ਵਾਸੀ ਹਜ਼ਰੋਂ’ਤੇ ਗੁਰੂ ਭੈਣੀ ਕਹਿੰਦੇ ਹਨ ।
ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਜੇ ਵੀ ਕੋਈ ਕਮੇਟੀ ਬਣਾ ਕੇ ਪੜਤਾਲ ਕਰਾਉਣੀ ਤਾਂ ਕੂਕਿਆਂ ਨੂੰ ਖ਼ਾਲਸਾ-ਪੰਥ ਦਾ ਅੰਗ ਮੰਨੀ ਜਾਣ ਵਾਲੀ ਭੁਲੇਖਾ-ਪਾਊ ਕਾਰਵਾਈ ਹੈ । ਇਸ ਪੱਖੋਂ ਹੁਣ ਸ੍ਰੀ ਕੇਸ ਗੜ੍ਹ ਸਾਹਿਬ ਦੇ ਪੁਰਾਤਨ ਫੈਸਲੇ ਨੂੰ ਅਧਾਰ ਬਣਾ ਕੇ ਸਪਸ਼ਟ ਐਲਾਨ ਹੋਣਾ ਚਾਹੀਦਾ ਹੈ ਕਿ ‘ਕੂਕੇ’ਖ਼ਾਲਸਾ ਪੰਥ ਦਾ ਅੰਗ ਨਹੀਂ । ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਅਤੇ ਪੰਥਕ ਮਰਯਾਦਾ ਤੋਂ ਬਾਗੀ ਹਨ । ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋਇਆ ਜਿਹੜਾ ਵੀ ਕੋਈ ਆਪਣੀਆਂ ਭੁੱਲਾਂ ਸੁਧਾਰ ਕੇ ਪੰਥਕ ਅੰਗ ਬਣਨਾ ਚਹੁੰਦਾ ਹੈ, ਉਸ ਦਾ ਸੁਆਗਤ ਵੀ ਕਰਨਾ ਬਣਦਾ ਹੈ । ਭੁੱਲ-ਚੁੱਕ ਮੁਆਫ਼ ।
ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ । ਮੁ.- 516 323 9188




.