.

ਆਰ. ਐਸ. ਐਸ. ਦੇ ਭਾਰਤ ਨੂੰ 2019 ਤੱਕ ਹਿੰਦੂ ਰਾਸ਼ਟਰ ਬਣਾਉਣ ਵੱਲ ਵਧਦੇ ਕਦਮ!

ਹਰਚਰਨ ਸਿੰਘ ਪਰਹਾਰ (ਸੰਪਾਦਕ-ਸਿੱਖ ਵਿਰਸਾ)

Email: [email protected] Cell: 403-681-8689

25 ਸਤੰਬਰ, 1925 ਨੂੰ ਤਕਰੀਬਨ 92 ਸਾਲ ਪਹਿਲਾਂ ਨਾਗਪੁਰ ਵਿਖੇ ਹੋਂਦ ਵਿੱਚ ਆਈ ਹਿੰਦੂ ਰਾਸ਼ਟਰਵਾਦੀ ਵਲੰਟੀਅਰ ਸੰਸਥਾ ‘ਆਰ. ਐਸ. ਐਸ.’ (ਰਾਸ਼ਟਰੀ ਸਵੈਮ ਸੇਵਕ ਸੰਘ) ਦੇ ਪਹਿਲੇ ਬਾਨੀ ਮੁੱਖੀ ਕੇਸ਼ਵ ਬਲੀਰਾਮ ਹੈਡਗੇਵਰ ਨੇ ਇਸ ਸੰਸਥਾ ਨੂੰ ਬਣਾਉਣ ਵੇਲੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦਾ ਸੁਪਨਾ ਲਿਆ ਸੀ। ਉਸ ਸਮੇਂ ਤੋਂ ਲੈ ਕੇ ਇਹ ਸੰਸਥਾ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਬੜੀ ਤਨਦੇਹੀ ਨਾਲ ਲੁਕਵੇਂ ਰੂਪ ਵਿੱਚ ਕੰਮ ਕਰਦੀ ਰਹੀ ਹੈ। ਦੁਨੀਆਂ ਦੀ ਸਭ ਤੋਂ ਵੱਡੀ ਵਲੰਟੀਅਰ ਅਧਾਰਿਤ ਸੰਸਥਾ (ਜਿਸ ਕੋਲ 60 ਲੱਖ ਤੋਂ ਵੱਧ ਰਜਿਸਟਰਡ ਵਲੰਟੀਅਰ ਮੈਂਬਰ ਹਨ, ਜੋ ਕਿ 50 ਹਜ਼ਾਰ ਤੋਂ ਵੱਧ ਸ਼ਾਖਾਵਾਂ ਵਿੱਚ ਸਰਗਰਮ ਹਨ। ਇਨ੍ਹਾਂ ਕੋਲ ਇਸ ਤੋਂ ਇਲਾਵਾ ਹਜ਼ਾਰਾਂ ਹੀ ਨਾਨ ਰਜਿਸਟਰਡ ਮੈਂਬਰ ਹਨ) ਅਧੀਨ ਅੱਜ ਸੈਂਕੜੇ ਹੋਰ ਸੰਸਥਾਵਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ‘ਭਾਰਤੀ ਜਨਤਾ ਪਾਰਟੀ’ (ਭਾਜਪਾ), ਇਸਦਾ ਮੁੱਖ ਰਾਜਨੀਤਕ ਵਿੰਗ ਹੈ, ਜੋ ਕਿ ਮੋਦੀ ਦੀ ਅਗਵਾਈ ਵਿੱਚ ਸਰਕਾਰ ਚਲਾ ਰਹੀ ਹੈ ਅਤੇ ਇਸ ਤੋਂ ਇਲਾਵਾ ‘ਵਿਸ਼ਵ ਹਿੰਦੂ ਪ੍ਰੀਸ਼ਦ’ (ਜਿਸਨੇ ਅਯੁਧਿਆ ਵਿੱਚ ਬਾਬਰੀ ਮਸਜਿਦ ਢਾਹੁਣ ਵਿੱਚ ਅਹਿਮ ਭੁਮਿਕਾ ਨਿਭਾਈ ਸੀ), ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ (ਜੋ ਕਿ ਮੋਦੀ ਸਰਕਾਰ ਬਣਨ ਵੇਲੇ ਤੋਂ ਬੜੇ ਯੋਜਨਾਬੱਧ ਢੰਗ ਨਾਲ ਕਾਲਿਜਾਂ, ਯੂਨੀਵਰਸਿਟੀਆਂ ਵਿੱਚ ਧਰਮ ਨਿਰਪੱਖ, ਮਾਰਕਸੀ, ਦਲਿਤ, ਮੁਸਲਿਮ ਤੇ ਹੋਰ ਘੱਟ ਗਿਣਤੀ ਪ੍ਰੋਫੈਸਰਾਂ, ਵਿਦਿਆਰਥੀ ਲੀਡਰਾਂ, ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁੰਨਾਂ, ਲੇਖਕਾਂ ਆਦਿ ਨੂੰ ਨਿਸ਼ਾਨਾ ਬਣਾ ਰਹੀ ਹੈ), ‘ਬਜਰੰਗ ਦਲ’ (ਜੋ ਕਿ ਯੋਜਨਾਬੱਧ ਢੰਗ ਨਾਲ ਮੁਸਲਮਾਨਾਂ, ਦਲਿਤਾਂ, ਆਦਿ ਵਾਸੀਆਂ ਤੇ ਘੱਟ ਗਿਣਤੀਆਂ ਤੇ ਸਿੱਧੇ-ਅਸਿੱਧੇ ਢੰਗ ਨਾਲ ਸਰੀਰਕ ਤੇ ਮਾਨਸਿਕ ਹਮਲੇ ਕਰਨ ਲਈ ਬਦਨਾਮ ਹੈ), ‘ਰਾਸ਼ਟਰੀ ਸਿੱਖ ਸੰਗਤ’ ਤੇ ‘ਮੁਸਲਿਮ ਰਾਸ਼ਟਰੀਆ ਮੰਚ’ (ਸਿੱਖਾਂ ਤੇ ਮੁਸਲਮਾਨਾਂ ਦਾ ਸੂਖਸ਼ਮ ਢੰਗ ਨਾਲ ਭਗਵਾਂਕਰਨ ਕਰਨ ਵਿੱਚ ਲੱਗੀਆਂ ਹੋਈਆਂ ਹਨ), ‘ਅਖਿਲ ਭਾਰਤੀ ਕਿਸਾਨ ਸੰਘ’, ‘ਅਖਿਲ ਭਾਰਤੀ ਮਜਦੂਰ ਸੰਘ’, ‘ਭਾਰਤੀ ਵਿਚਾਰ ਕੇਂਦਰ’ (ਜੋ ਕਿ ਆਰ. ਐਸ. ਐਸ. ਨਾਲ ਸਬੰਧਿਤ ਬੁਧੀਜੀਵੀਆਂ ਦਾ ਥਿੰਕ ਟੈਂਕ ਹੈ) ਆਦਿ ਅਨੇਕਾਂ ਸੰਸਥਾਵਾਂ ਗਰਾਊਂਡ ਵਰਕ ਕਰ ਰਹੀਆਂ ਹਨ। ਬਹੁ ਗਿਣਤੀ ਮੋਦੀ ਸਰਕਾਰ ਬਣਨ ਤੋਂ ਬਾਅਦ ਆਰ. ਐਸ. ਐਸ. ਨੇ ਆਪਣੇ ਲੁਕਵੇਂ ਏਜੰਡੇ ਨੂੰ ਬਾਹਰ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੀ ਘੱਟ ਗਿਣਤੀ ਬਾਜਪਈ ਸਰਕਾਰ ਵੇਲੇ ਉਹ ਲੁਕਵੇਂ ਢੰਗ ਨਾਲ ਕੰਮ ਕਰ ਰਹੇ ਸਨ। ਹੁਣ ਉਨ੍ਹਾਂ ਨੇ ਬੜੇ ਯੋਜਨਬੱਧ ਢੰਗ ਨਾਲ ਦਲਿਤਾਂ, ਆਦਿ ਵਾਸੀਆਂ, ਘੱਟ ਗਿਣਤੀਆਂ ਤੇ ਖਾਸਕਰ ਮੁਸਲਮਾਨਾਂ ਨੂੰ ‘ਦੇਸ਼ ਭਗਤੀ’ ਤੇ ‘ਰਾਸ਼ਟਰਵਾਦ’ ਦਾ ਪਾਠ ਪੜ੍ਹਾਉਣਾ ਸ਼ੁਰੂ ਕੀਤਾ ਹੋਇਆ ਹੈ। ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਸੰਕਲਪ ਆਰ. ਐਸ. ਐਸ. ਨੇ ਇਟਲੀ ਦੇ ਫਾਸ਼ੀਵਾਦੀ ਨੇਤਾ ਮੁਸੋਲੇਨੀ ਅਤੇ ਜਰਮਨੀ ਦੇ ਨਾਜ਼ੀਵਾਦੀ ਨੇਤਾ ਹਿਟਲਰ ਤੋਂ ਲਏ ਸਨ। ਜਿਸ ਢੰਗ ਨਾਲ ਯੂਰਪ ਦੇ ਇਨ੍ਹਾਂ ਦੋਨਾਂ ਨੇਤਾਵਾਂ ਨੇ ‘ਦੇਸ਼ ਭਗਤੀ’ ਤੇ ‘ਰਾਸ਼ਟਰਵਾਦ’ ਦਾ ਸਿਧਾਤ ਲਿਆਂਦਾ ਸੀ, ਉਸ ਤੋਂ ਆਰ. ਐਸ. ਐਸ. ਦਾ ਪਹਿਲਾ ਮੁੱਖੀ ਹੈਡਗੇਵਰ ਹੀ ਪ੍ਰਭਾਵਤ ਨਹੀਂ ਸੀ, ਸਗੋਂ ਦੂਜੇ ਮੁਖੀ ਮਾਧਵ ਸਦਾਸ਼ਿਵ ਗੋਲਵਲਕਰ ਨੇ ਕਈ ਥਾਵਾਂ ਤੇ ਇਨ੍ਹਾਂ ਨੇਤਾਵਾਂ ਦੀ ਤਾਰੀਫ ਕੀਤੀ ਸੀ। ਉਸਨੇ ਆਪਣੀਆਂ ਕਿਤਾਬਾਂ ‘ਵੀ ਔਰ ਅਵਰ ਨੇਸ਼ਨਹੁੱਡ ਡਿਫਾਈਨ’ ਅਤੇ ‘ਬੰਚ ਆਫ ਥਾਟਸ’ ਵਿੱਚ ਨਾਜ਼ੀ ਹਿਟਲਰ ਵਲੋਂ ਆਰੀਰਨ ਨਸਲ ਦੇ ਗੋਰਿਆਂ ਦੀ ਸੁਪਰਮੇਸੀ ਸਥਾਪਿਤ ਕਰਨ ਲਈ 60 ਲੱਖ ਯਹੂਦੀਆਂ, ਘੱਟ ਗਿਣਤੀਆਂ, ਜਿਪਸੀਆਂ, ਕਾਮਰੇਡਾਂ, ਅਪਾਹਿਜਾਂ ਆਦਿ ਨੂੰ ਗੈਸ ਚੈਂਬਰਾਂ ਆਦਿ ਵਿੱਚ ਮਾਰਨ ਨੂੰ ਸਹੀ ਠਹਿਰਾਇਆ ਸੀ। ਇਸੇ ਕਿਤਾਬ ਵਿੱਚ ‘ਹਿੰਦੂ ਰਾਸ਼ਟਰ’ ਬਾਰੇ ਗੱਲ ਕਰਦਿਆਂ ਗੋਲਵਰਕਰ ਕਹਿੰਦਾ ਹੈ ਕਿ ਭਾਰਤੀ ਹਿੰਦੂ ਰਾਸ਼ਟਰ ਵਿੱਚ ਗੈਰ ਹਿੰਦੂਆਂ (ਖਾਸਕਰ ਮੁਸਲਮਾਨਾਂ ਤੇ ਇਸਾਈਆਂ ਨੂੰ, ਉਨ੍ਹਾਂ ਅਨੁਸਾਰ ਬੋਧੀ, ਜੈਨੀ, ਸਿੱਖ ਤੇ ਹੋਰ ਛੋਟੇ ਧਾਰਮਿਕ ਫਿਰਕੇ ਤਾਂ ਹਿੰਦੂ ਧਰਮ ਦਾ ਹਿੱਸਾ ਹੀ ਹਨ) ਨੂੰ ਹਿੰਦੂ ਕਲਚਰ (ਧਰਮ) ਤੇ ਭਾਸ਼ਾ (ਸੰਸਕ੍ਰਿਤ) ਨੂੰ ਸਵੀਕਾਰ ਕਰਨਾ ਪਵੇਗਾ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਭਾਰਤ ਵਿੱਚ ਹਿੰਦੂਆਂ ਦੇ ਰਹਿਮੋ ਕਰਮ ਤੇ ਗੈਰ ਭਾਰਤੀ ਬਣ ਕੇ ਰਹਿ ਸਕਦੇ ਹਨ, ਉਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਹੋਵੇਗੀ। ਆਰ. ਐਸ. ਐਸ. ਬੁਨਿਆਦੀ ਤੌਰ ਤੇ ਭਾਰਤ ਨੂੰ ਹਿੰਦੂ ਦੇਸ਼ ਮੰਨਦੀ ਹੈ ਅਤੇ ਮੁਸਲਮਾਨਾਂ ਤੇ ਇਸਾਈਆਂ ਨੂੰ ਬਾਹਰੋਂ ਧਾੜਵੀ ਰੂਪ ਵਿੱਚ ਆ ਕੇ ਵਸੇ ਗੈਰ ਭਾਰਤੀ ਮੰਨਦੀ ਹੈ।

ਆਰ. ਐਸ. ਐਸ. ਬੇਸ਼ਕ ਪਿਛਲੇ 92 ਸਾਲ ਤੋਂ ਹੀ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦਾ ਸੁਪਨਾ ਦੇਖਦੀ ਆ ਰਹੀ ਹੈ, ਪਰ 2014 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਭਾਜਪਾ ਦੇ ਭਾਰੀ ਬਹੁਮਤ ਨਾਲ ਸਤ੍ਹਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਨੂੰ ਇਹ ਸੁਪਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਪੱਖ ਤੋਂ ਪਿਛਲੇ 3 ਸਾਲ ਤੋਂ ਬੜੇ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸਦੇ ਰਸਤੇ ਵਿੱਚ ਉਨ੍ਹਾਂ ਦੀ ਰੁਕਾਵਟ ਰਾਜ ਸਭਾ ਵਿੱਚ ਉਨ੍ਹਾਂ ਦੀ ਬਹੁਮਤ ਨਾ ਹੋਣਾ, ਉਨ੍ਹਾਂ ਦੀ ਵਿਚਾਧਾਰਾ ਦਾ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨਾ ਹੋਣਾ। ਪਿਛਲ਼ੇ ਮਹੀਨੇ ਕੁੱਝ ਰਾਜਾਂ ਤੇ ਖਾਸਕਰ ਯੂਪੀ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਨਾ ਸਿਰਫ ਉਨ੍ਹਾਂ ਲਈ ਆਪਣਾ ਰਾਸ਼ਟਰਪਤੀ ਐਲ ਕੇ ਅਡਵਾਨੀ ਜਾਂ ਮੁਰਲੀ ਨੋਹਰ ਜੋਸ਼ੀ ਨੂੰ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ, ਸਗੋਂ ਰਾਜ ਸਭਾ ਵਿੱਚ ਇਸ ਸਾਲ ਦੇ ਅੰਤ ਤੱਕ ਬਹੁਮਤ ਹੋਣ ਨਾਲ ਦੋਨਾਂ ਸਦਨਾਂ ਵਿੱਚ ਆਪਣੀ ਮਰਜੀ ਦੇ ਬਿੱਲ ਪਾਸ ਕਾਰਨ ਵਿੱਚ ਕੋਈ ਰੁਕਾਵਟ ਨਹੀਂ ਰਹੇਗੀ। ਮੋਦੀ ਸਰਕਾਰ ਵਲੋਂ ਆਪਣੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਿੰਨੋਂ ਸੈਨਾਵਾਂ ਦੇ ਮੁੱਖੀ, ਸੁਪਰੀਮ ਕੋਰਟ ਦੇ ਜੱਜ ਤੇ ਹੋਰ ਉਚ ਅਹੁਦਿਆਂ ਤੇ ਪਹਿਲਾਂ ਹੀ ਤਿਆਰ ਕੀਤੇ ਹੋਏ ਆਈ. ਏ. ਐਸ. , ਆਈ. ਪੀ. ਐਸ. , ਪੀ. ਸੀ. ਐਸ. , ਆਈ. ਐਫ. ਐਸ. , ਯੂਨੀਵਰਸਿਟੀਆਂ ਦੇ ਵਾਈ ਚਾਂਸਲਰ ਆਦਿ ਆਪਣੇ ਵਿਅਕਤੀ ਲਗਾਏ ਜਾ ਰਹੇ ਹਨ। ਰਿਪੋਰਟਾਂ ਅਨੁਸਾਰ ਇਸ ਸਾਲ ਦੇ ਅੰਤ ਤੱਕ ਆਰ. ਐਸ. ਐਸ. ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਪੂਰੇ ਭਾਰਤੀ ਤੰਤਰ ਤੇ ਕੰਟਰੋਲ ਕਰ ਲਵੇਗੀ। ਆਪਣੇ ‘ਹਿੰਦੂ ਰਾਸ਼ਟਰ’ ਦੇ ਏਜੰਡੇ ਨੂੰ ਅੰਤਿਮ ਛੋਹਾਂ ਦੇਣ ਲਈ ਕਸ਼ਮੀਰ ਵਿਚੋਂ ਧਾਰਾ 370 (ਜਿਸ ਅਧੀਨ ਕਸ਼ਮੀਰੀਆਂ ਨੂੰ ਵੱਧ ਅਧਿਕਾਰ ਮਿਲੇ ਹੋਏ ਹਨ) ਨੂੰ ਖਤਮ ਕਰਨਾ, ਤਿੰਨੇ ਸੈਨਾਵਾਂ ਦੇ ਮੁੱਖੀਆਂ ਉਪਰ ਆਪਣਾ ਇੱਕ ਰਾਜਨੀਤਕ ਮੁੱਖੀ ਸਥਾਪਤ ਕਰਨਾ ਤਾਂ ਕਿ ਸੈਨਾਵਾਂ ਨੂੰ ਆਪਣੇ ਰਾਜਸੀ ਮੰਤਵ ਲਈ ਵਰਤਿਆ ਜਾ ਸਕੇ ਤੇ ਕਿਸੇ ਤਰ੍ਹਾਂ ਦੀ ਬਗਾਵਤ ਤੋਂ ਰੋਕਿਆ ਜਾ ਸਕੇ, ਭਾਰਤ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ (ਯਾਦ ਰਹੇ ਹੁਣ ਹਿੰਦੂ ਕੋਡ ਬਿੱਲ ਤੇ ਮੁਸਲਿਮ ਪਰਸਨਲ ਲਾਅ ਚਲਦਾ ਹੈ) ਤਾਂ ਕਿ ਭਾਰਤੀ ਸੰਸਕ੍ਰਿਤੀ (ਬਹੁ ਗਿਣਤੀ ਹਿੰਦੂ ਕਲਚਰ) ਨੂੰ ਸਭ ਭਾਰਤੀਆਂ ਤੇ ਠੋਸਿਆ ਜਾ ਸਕੇ, ਭਾਰਤ ਦਾ ਤਿਰੰਗਾ ਝੰਡਾ ਤੇ ਰਾਸ਼ਟਰੀ ਗੀਤ ਜਨ-ਗਨ-ਮਨ ਬਦਲਣਾ (ਯਾਦ ਰਹੇ ਆਰ ਐਸ ਐਸ ਨੇ ਭਾਰਤੀ ਤਿਰੰਗੇ ਝੰਡੇ ਨੂੰ ਕਦੇ ਮਾਨਤਾ ਨਹੀਂ ਦਿੱਤੀ, ਬੇਸ਼ਕ ਕੁੱਝ ਸਾਲਾਂ ਤੋਂ ਉਨ੍ਹਾਂ ਆਪਣੇ ਭਗਵੇਂ ਝੰਡੇ ਦੇ ਨਾਲ ਤਿਰੰਗਾ ਵੀ ਲਹਿਰਾਉਣਾ ਸ਼ੁਰੂ ਕੀਤਾ ਹੈ ਅਤੇ ਇਸੇ ਤਰ੍ਹਾਂ ਉਹ ਜਨ ਗਨ ਮਨ ਵਾਲੇ ਰਾਸ਼ਟਰੀ ਗੀਤ ਦੀ ਥਾਂ ਬੰਦੇ ਮਾਤਰਮ ਵਾਲੇ ਗੀਤ ਨੂੰ ਨੈਸ਼ਨਲ ਐਨਥਮ ਬਣਾਉਣਾ ਚਾਹੁੰਦੇ ਹਨ), ਹਿੰਦੀ ਦੇ ਨਾਲ-ਨਾਲ ਸੰਸਕ੍ਰਿਤ ਨੂੰ ਰਾਸ਼ਟਰੀ ਭਾਸ਼ਾ ਬਣਾਉਣਾ, ਸਾਰੇ ਦੇਸ਼ ਵਿੱਚ ਗਾਂ ਮਾਸ ਤੇ ਪਾਬੰਧੀ ਲਗਾ ਕੇ ਮੁਸਲਮਾਨਾਂ ਨੂੰ ਅਹਿਸਾਸ ਕਰਾਉਣਾ ਕਿ ਉਹ ਹੁਣ ਹਿੰਦੂਆਂ ਦੇ ਰਹਿਮੋ-ਕਰਮ ਤੇ ਹਨ, ਦਲਿਤਾਂ, ਆਦਿ ਵਾਸੀਆਂ ਤੇ ਘੱਟ ਗਿਣਤੀਆਂ ਲਈ ਰਾਖਵਾਂਕਰਨ ਨੂੰ ਖਤਮ ਕਰਨਾ, ਮੁਸਲਮਾਨਾਂ ਦਾ ਦੇਸ਼ ਵਿੱਚ ਘੱਟ ਗਿਣਤੀ ਸਟੇਟਸ ਖੋਹਣਾ, ਦੇਸ਼ ਵਿੱਚ ਵਸਦੀਆਂ ਵੱਖ-ਵੱਖ ਕੌਮਾਂ, ਘੱਟ ਗਿਣਤੀਆਂ, ਦਲਿਤਾਂ, ਆਦਿ ਵਾਸੀਆਂ, ਮੁਸਲਮਾਨਾਂ (ਖਾਸਕਰ) ਦਾ ਅਜਿਹੇ ਢੰਗ ਨਾਲ ਧਰੁਵੀਕਰਨ (ਪੋਲਾਰਾਈਜ਼ੇਸ਼ਨ) ਕਰਨਾ ਕਿ ਉਹ ਇੱਕ ਜਗ੍ਹਾ ਇਕੱਠੇ ਨਾ ਹੋ ਸਕਣ, ਆਪਣੀ ਕਿਤੇ ਪੱਕੀ ਵੋਟ ਬੈਂਕ ਨਾ ਬਣਾ ਸਕਣ ਤਾਂ ਕਿ ਉਹ ਰਾਜਨੀਤਕ ਸਿਸਟਮ ਨੂੰ ਪ੍ਰਭਾਵਿਤ ਨਾ ਕਰ ਸਕਣ ਆਦਿ ਏਜੰਡੇ ਅਗਲੇ ਇੱਕ ਸਾਲ ਵਿੱਚ ਲਾਗੂ ਕੀਤੇ ਜਾ ਸਕਦੇ ਹਨ। ਇਸਦੇ ਨਾਲ ਹੀ ਇਹ ਵੀ ਖਿਆਲ ਰੱਖਿਆ ਜਾਵੇਗਾ ਕਿ 2019 ਦੀਆਂ ਇਲੈਕਸ਼ਨਾਂ ਇੱਕ ਵਾਰ ਫਿਰ ਭਾਰੀ ਬਹੁਮਤ ਨਾਲ ਜਿੱਤੀਆਂ ਜਾ ਸਕਣ। ਇਸ ਸਬੰਧੀ ਅਗਰ ਤੁਸੀਂ ਆਰ ਐਸ ਐਸ ਮੁਖੀ ਮੋਹਨ ਭਗਵਤ ਦੇ ਬਿਆਨ ਦੇਖੋ ਤਾਂ ਉਹ ਕਹਿ ਰਿਹਾ ਹੈ ਕਿ ਹਿੰਦੂਆਂ ਕੋਲ 1000 ਸਾਲ ਦੀ ਗੁਲਾਮੀ ਤੋਂ ਬਾਅਦ ਰਾਜ ਸਤ੍ਹਾ ਆਈ ਹੈ, ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ 2019 ਤੱਕ ਭਾਰਤ ਦੇ ਹਰ ਨਾਗਰਿਕ ਨੂੰ ਹਿੰਦੂ ਬਣਾ ਦੇਈਏ ਭਾਵ ਹਰ ਭਾਰਤੀ ਗਰਵ ਸੇ ਕਹੇ ਕਿ ਹਮ ਹਿੰਦੂ ਹੈਂ, ਭਾਵੇਂ ਉਹ ਪੂਜਾ ਪਾਠ ਤੇ ਪਹਿਰਾਵਾ ਕਿਸੇ ਵੀ ਧਾਰਮਿਕ ਫਿਰਕੇ ਦਾ ਪਾਈ ਰੱਖੇ। ਇਸੇ ਤਰ੍ਹਾਂ ਯੂਪੀ ਦੇ ਨਵੇਂ ਬਣੇ ਮੁੱਖ ਮੰਤਰੀ ਯੋਗੀ ਅਦਿਤਿਆਨੰਦ ਦਾ ਇੱਕ ਬਿਆਨ ਸੀ ਕਿ ਬਹੁਤ ਜਲਦੀ ਹੀ ਹਮ ਭਾਰਤ ਕੀ ਹਰ ਮਸਜਿਦ ਮੇਂ ਗੌਰੀ ਸ਼ੰਕਰ ਜੀ ਕੀ ਮੂਰਤੀਆਂ ਰਖਵਾ ਦੇਂਗੇ।

ਜੇ ਤੁਸੀਂ ਮੋਦੀ ਸਰਕਾਰ ਦੀ ਪਿਛਲੇ 3 ਸਾਲ ਦੀ ਕਾਰਗੁਜਾਰੀ ਦੇਖੋ ਤਾਂ ਉਹ ਆਪਣੇ ਹਿੰਦੂ ਰਾਸ਼ਟਰਵਾਦ ਦੇ ਏਜੰਡੇ ਨੂੰ ਲਾਗੂ ਕਰਨ ਲਈ ਹਿਟਲਰ ਦੇ ਨਾਜੀਵਾਦ ਤੇ ਮੋਸੋਲਿਨੀ ਦੇ ਫਾਸ਼ੀਵਾਦ ਦੀਆਂ ਰਾਹਾਂ ਤੇ ਸਾਬਿਤ ਕਦਮੀਂ ਚੱਲ ਰਹੇ ਹਨ। ਅੱਜ ਭਾਰਤ ਵਿੱਚ ਹਰ ਇਨਸਾਫ ਪਸੰਦ, ਧਰਮ ਨਿਰਪੱਖ ਤੇ ਘੱਟ ਗਿਣਤੀਆਂ ਨਾਲ ਸਬੰਧਤ ਬੁੱਧੀਜੀਵੀ, ਲੇਖਕ, ਐਕਟੀਵਸਟ, ਪੱਤਰਕਾਰ ਦਹਿਸ਼ਤ ਦੇ ਮਾਹੌਲ ਵਿੱਚ ਹੈ। ਘੱਟ ਗਿਣਤੀਆਂ ਖਾਸਕਰ ਮੁਸਲਾਮਾਨ, ਦਲਿਤ ਤੇ ਆਦਿ ਵਾਸੀਆਂ ਤੇ ਨਸਲੀ ਹਮਲੇ ਜਾਰੀ ਹਨ। ਯੂਨੀਵਰਸਿਟੀਆਂ ਵਿੱਚ ਰਿਸਰਚ ਗਰਾਂਟਾਂ ਖਤਮ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਕੁਦਰਤੀ ਸੋਮੇ ਵੱਡੇ-ਵੱਡੇ ਸਰਮਾਏਦਾਰ ਘਰਾਣਿਆਂ ਜਾਂ ਮਲਟੀ ਨੈਸ਼ਨਲ ਕਾਰਪੋਰੇਸ਼ਨਾਂ ਨੂੰ ਕੌਡੀਆਂ ਭਾਅ ਵੇਚੇ ਜਾ ਰਹੇ ਹਨ। ਆਉਣ ਵਾਲੇ 2 ਸਾਲ ਨਾ ਸਿਰਫ ਹਰ ਭਾਰਤੀ ਲਈ, ਸਗੋਂ ਹਰ ਇਨਸਾਫ ਪਾਸੰਦ, ਮਨੁੱਖਤਾਵਾਦੀ, ਧਰਮ ਨਿਰਪੱਖ ਵਿਅਕਤੀ ਲਈ ਕੁੱਝ ਕਰਨ ਲਈ ਆਵਾਜ ਦੇ ਰਹੇ ਹਨ। ਕੀ ਭਾਰਤ ਦੀਆਂ ਸਮੁੱਚੀਆਂ ਭਾਜਪਾ ਵਿਰੋਧੀ, ਧਰਮ ਨਿਰਪੱਖ ਤੇ ਖੱਬੇ ਪੱਖੀ ਧਿਰਾਂ, ਆਰ ਐਸ ਐਸ ਦਾ ਏਜੰਡਾ ਲਾਗੂ ਹੁੰਦਾ ਮੂਕ ਦਰਸ਼ਕ ਬਣ ਕੇ ਦੇਖਦੀਆਂ ਰਹਿਣਗੀਆਂ ਜਾਂ 2019 ਦੀ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਸਾਂਝਾ ਫਰੰਟ ਬਣਾਉਣ ਲਈ ਯਤਨ ਕਰਨਗੀਆਂ? ਅਜੇ ਸਮਾਂ ਹੈ ਇਕੱਠੇ ਹੋ ਕੇ ਆਵਾਜ ਉਠਾਉਣ ਦਾ ਜਾਂ ਕੁੱਝ ਕਰਨ ਦਾ। ਨਹੀਂ ਤਾਂ ਇਲਾਮਾ ਇਕਬਾਲ ਦਾ ਸ਼ੇਅਰ ਮੌਜੂਦਾ ਹਾਲਾਤਾਂ ਤੇ ਖੂਬ ਢੁਕਦਾ ਹੈ:

ਵਤਨ ਕੀ ਫਿਕਰ ਕਰ ਨਾਦਾਨ, ਮੁਸੀਬਤ ਆਨੇ ਵਾਲੀ ਹੈ। ਤੇਰੀ ਬਰਬਾਦੀਉਂ ਕੇ ਮਸ਼ਵਰੇ ਹੈਂ ਆਸਮਾਨੋਂ ਮੇਂ।

ਨਾ ਸਮਝੋਗੇ ਤੋ ਮਿਟ ਜਾਉਗੇ, ਹਿੰਦੋਸਤਾਂ ਵਾਲੋ, ਤੁਮਾਰੀ ਦਾਸਤਾਂ ਤੱਕ ਭੀ ਨਾ ਹੋਗੀ ਦਾਸਤਾਨੋਂ ਮੇਂ।




.