.

ਗੁਰਮਤਿ ਸਿਧਾਂਤ- ਸਵੈ ਪੜਚੋਲ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -1) ਸਿੱਖ ਧਰਮ ਅੰਦਰ ਮਾਇਆ ( ਧਨ ਦੌਲਤ) ਦਾ ਤਿਆਗ ਨਹੀਂ ਸਗੋਂ ਮਾਇਆਵੀ ਦੇ ਲੋਭ ਦੇ ਤਿਆਗ ਦਾ ਸਿਧਾਂਤ ਹੈ। ਸੁਯੋਗਤਾ ਨਾਲ ਸਿੱਖ ਵੱਧ ਤੋਂ ਵੱਧ ਮਾਇਆ ਕਮਾ ਜ਼ਰੂਰ ਲਵੇ ਪਰ ਮਾਇਆ ਦੇ ਅਹੰਕਾਰ ਵਿਚ ਅੰਨਾ ਬੋਲਾ ਨਾ ਬਣੇ। ਗੁਰਬਾਣੀ/ਇਤਿਹਾਸ ਅੰਦਰ ਮਾਇਆ ਨੂੰ 'ਗ੍ਰਿਹਿ ਸੋਭਾ', 'ਦੌਲਤ ਗੁਜ਼ਰਾਨ' ਕਿਹਾ ਗਿਆ ਹੈ। ਗੁਰਮਤਿ ਦੇ ਦਾਇਰੇ ਅੰਦਰ ਰਹਿੰਦੇ ਹੋਏ ਮਾਇਆ ਦੀ ਸਦਵਰਤੋਂ ਕਰਨ ਦੀ ਲੋੜ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -2) ਅੱਜ ਦੇ ਸਿੱਖ ਲਈ ' ਗੁਰੂ ਕੀ ਗੋਲਕ' ਦਾ ਮਤਲਬ ਕੇਵਲ ਗੁਰਦੁਆਰੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਪਈ ਹੋਈ ਗੋਲਕ ਤੋਂ ਹੀ ਹੈ। ਜਦੋਂ ਕਿ ਗੁਰਮਤਿ ਸਿਧਾਂਤਾਂ ਅਨੁਸਾਰ ਸਹੀ ਅਰਥਾਂ ਵਿਚ 'ਗਰੀਬ ਦਾ ਮੂੰਹ ਗੁਰੂ ਕੀ ਗੋਲਕ' ਨੂੰ ਸਮਝਦੇ ਹੋਏ ਗੁਰਬਾਣੀ ਦਰਸਾਏ 'ਅਕਲੀ ਕੀਚੈ ਦਾਨ' ਦੇ ਮਾਰਗ ਦਰਸ਼ਨ ਨੂੰ ਸਨਮੁੱਖ ਰੱਖਣ ਦੀ ਜ਼ਰੂਰਤ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -3) ਅਜੋਕੇ ਸਮੇਂ ਦੌਰਾਨ ਸਿੱਖ ਧਰਮ ਅੰਦਰ ਪ੍ਰਚਲਿਤ ਕਟੱੜਤਾ ਨੂੰ ਸਹੀ ਅਰਥਾਂ ਵਿੱਚ ਸਮਝਣ ਦੀ ਲੋੜ ਹੈ। ਸਿੱਖ ਲਈ ਗੁਰਮਤਿ ਸਿਧਾਂਤ ਪ੍ਰਤੀ (ਜਿਵੇਂ ਕਿਰਦਾਰ (Character) ਨੂੰ ਹਰ ਪੱਖ ਤੋਂ ਉਚਾ-ਸੁੱਚਾ ਰੱਖਣਾ, ਕਿਸੇ ਵੀ ਕਿਸਮ ਦੇ ਨਸ਼ੇ ਦਾ ਤਿਆਗ, ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹੋਏ ਉਸ ਅਨੁਸਾਰੀ ਕਰਮਸ਼ੀਲ ਹੋਣਾ, ਪ੍ਰਮੇਸ਼ਰ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਹਰ ਜੀਵ ਨਾਲ ਪਿਆਰ-ਸਤਿਕਾਰ ਕਾਇਮ ਰੱਖਣਾ, ਕਿਸੇ ਕਿਸਮ ਦੇ ਵਿਤਕਰੇ ਤੋਂ ਉਪਰ ਉਠ ਕੇ ਮਨੁੱਖੀ ਬਰਾਬਰਤਾ, ਪ੍ਰਮੇਸ਼ਰ ਦੇ ਬਖਸ਼ੇ ਹੋਏ ਕੇਸਾਂ/ ਰੋਮਾਂ ਦੀ ਹਰ ਹਾਲਤ ਅੰਦਰ ਸੰਭਾਲ ਆਦਿ) ਕੱਟੜਤਾ ਹੋਣੀ ਅਤਿ ਜ਼ਰੂਰੀ ਹੈ, ਪਰ ਫੋਕੀ ਕੱਟੜਤਾ ਜੋ ਵਿਤਕਰੇ ਖੜੇ ਕਰਦੀ ਹੋਵੇ, ਦੂਸਰਿਆਂ ਦੇ ਮਨਾਂ ਅੰਦਰ ਸਿੱਖੀ ਪ੍ਰਤੀ ਦੂਰੀ ਪੈਦਾ ਕਰਦੀ ਹੋਵੇ, ਤੋਂ ਹਰ ਹਾਲਤ ਵਿੱਚ ਬਚਣ ਦੀ ਜ਼ਰੂਰਤ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -4) ਗੁਰੂ ਪੰਥ ਦੇ ਨਾਮ ਹੇਠ ਤਿਆਰ, ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਿਤ ਅਤੇ S.G.P.C. ਵਲੋਂ ਆਪਣੀ ਨਿਗਰਾਨੀ ਹੇਠ ਪ੍ਰਕਾਸ਼ਿਤ ‘ਸਿੱਖ ਰਹਿਤ ਮਰਿਯਾਦਾ` ਜੋ ਲਗਭਗ 13 ਸਾਲ (1932 ਈ. ਤੋਂ 1945 ਈ.) ਦੀ ਵਿਚਾਰ ਚਰਚਾ ਬਾਦ ਹੋਂਦ ਵਿੱਚ ਆਈ। ਅਜ ਤਕ ਕਰੋੜਾਂ ਦੀ ਗਿਣਤੀ ਵਿੱਚ ਛਾਪ ਕੇ ਵੰਡਣ ਦਾ ਦਾਅਵਾ ਕਰਦੀ ਸੰਸਥਾ S.G.P.C. ਵਲੋਂ ਕੀ ਆਪਣੇ ਪ੍ਰਬੰਧ ਅਧੀਨ ਜਾਂ ਹੋਰ ਕਿਸੇ ਗੁਰਦੁਆਰੇ, ਡੇਰੇ, ਅੰਦਰ ਪੂਰਨ ਰੂਪ ਵਿੱਚ ਲਾਗੂ ਹੋਣ ਦਾ ਦਾਅਵਾ ਵੀ ਕਰਨ ਦੀ ਸਮਰੱਥਾ ਰੱਖਦੀ ਹੈ? ਜੇ ਜਵਾਬ ਨਾਂਹ ਪੱਖੀ ਹੈ ਤਾਂ ਇਸ ਲਈ ਜਿੰਮੇਵਾਰ ਕੌਣ? ਕੀ ਇਹ ਗੁਰੂ ਪੰਥ, ਅਕਾਲ ਤਖਤ ਦੇ ਹੁਕਮਾਂ ਦੀ ਅਵੱਗਿਆ ਨਹੀ? ਜ਼ਰਾ! ਸੋਚੋ ਤੇ ਵਿਚਾਰੋ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -5) ਅੱਜ ਅਸੀਂ ਸੋਚਦੇ ਹਾਂ ਕਿ ਨਿਤਨੇਮ/ਗੁਰਬਾਣੀ ਪੜਣਾ ਅੰਮ੍ਰਿਤਧਾਰੀ ਗੁਰਸਿਖਾਂ ਲਈ ਹੀ ਜ਼ਰੂਰੀ ਹੈ, ਪ੍ਰੰਤੂ ਗੁਰਬਾਣੀ ਵਿੱਚ ਐਸਾ ਕਿਤੇ ਵੀ ਦਰਜ ਨਹੀਂ। ਗੁਰਬਾਣੀ ਹਰ ਪ੍ਰਾਣੀ ਮਾਤਰ ਲਈ ਹੈ, ਹਰੇਕ ਸਿੱਖ-ਗੈਰਸਿੱਖ ਇਸ ਨੂੰ ਪੜ੍ਹ-ਸੁਣ-ਸਮਝ- ਵਿਚਾਰ ਕੇ ਆਪਣੇ ਜੀਵਨ ਵਿੱਚ ਅਪਣਾ ਕੇ ਲਾਭ ਉਠਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਹਰ ਸਿੱਖ ਉਪਰ ਇਸ ਅੰਦਰ ਦਰਜ ਹੁਕਮ ਲਾਗੂ ਹੋ ਜਾਂਦਾ ਹੈ। ਗੁਰਬਾਣੀ ਵਿੱਚ ਦਰਸਾਏ ਹੁਕਮਾਂ ਨੂੰ ਤਾਂ ਕੋਈ ਵੀ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾ ਲਵੇ, ਸਭ ਲਈ ਸੁਖਦਾਈ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -6)

ਅੱਜ ਸਿੱਖ ਧਰਮ ਦੀ ਅਖੌਤੀ ਠੇਕੇਦਾਰਾਂ ਵਲੋਂ ਬਹੁਤ ਕੁੱਝ ਪੁਰਾਤਨ ਪ੍ਰੰਪਰਾਵਾਂ ਦੇ ਨਾਮ ਹੇਠ ਮਰਯਾਦਾ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਪਰ ਅਜੋਕੇ ਸਮੇਂ ਦੁਨਿਆਵੀ ਵਿਦਿਆ ਦੀ ਸੁਯੋਗ ਵਰਤੋਂ ਨਾਲ ਸਾਇੰਸਦਾਨਾਂ ਵਲੋਂ ਤਿਆਰ ਨਵੀਨ ਸਹੂਲਤਾਂ (ਜਿਵੇਂ ਹਵਾਈ ਜ਼ਹਾਜ਼, ਇੰਟਰਨੈਟ, ਮੋਬਾਈਲ, ਵਟਸਐਪ, ਫੇਸ ਬੁੱਕ, ਵਧੀਆ ਤੋਂ ਵਧੀਆ ਗੱਡੀਆਂ, ਏਅਰ ਕੰਡੀਸ਼ਨ ਆਦਿ) ਦੀ ਵਰਤੋਂ ਕਰਨ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕੀਤਾ ਜਾਂਦਾ ਹੈ। ਜੇ ਪੁਰਾਤਨਤਾ ਹੀ ਪ੍ਰਧਾਨ ਰੱਖਣੀ ਹੈ ਤਾਂ ਇਹਨਾਂ ਅਖੌਤੀ ਠੇਕੇਦਾਰਾਂ ਨੂੰ ਪੈਦਲ ਹੀ ਚਲਣਾ ਚਾਹੀਦਾ ਹੈ। ਬਸ ਲੋੜ ਹੈ ਕਿ ਗੁਰਮਤਿ ਸਿਧਾਂਤਾਂ ਦੀ ਪ੍ਰਪੱਕਤਾ ਨਾਲ ਪਾਲਣਾ ਲਈ ਨਵੀਨਤਾ ਨੂੰ ਅਪਨਾਉਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਗ ਫੈਸਲੇ ਕੀਤੇ ਜਾਣ, ਇਸ ਵਿੱਚ ਹੀ ਸਾਡਾ ਅਤੇ ਸਿੱਖ ਕੌਮ ਭਲਾ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -7) ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ (ਪੰਨਾ 416) ਅਨੁਸਾਰ ‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤਿ ਦੀ ਪਤਿ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਸਥਾਨ ਹੈ।` ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਜੇ ਹਾਂ ਤਾਂ ਉਪਰੋਕਤ ਦਰਸਾਈ ਕਸਵੱਟੀ ਤੇ ਅਜੋਕੇ ਸਮੇਂ ਕਿੰਨੇ ਕੁ ਗੁਰਦੁਆਰੇ ਪੂਰਨ ਰੂਪ ਵਿੱਚ ਸਾਹਮਣੇ ਆਉਂਦੇ ਹਨ? ਜੇਕਰ ਜਵਾਬ ਨਾਂਹ ਵਿੱਚ ਹੈ ਤਾਂ ਇਸ ਲਈ ਜਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ? ਜ਼ਰਾ! ਸੋਚੋ ਤੇ ਵਿਚਾਰੋ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -8)

ਸਿੱਖ ਧਰਮ ਅੰਦਰ ਸਰੀਰ ਗੁਰੂ ਕਦੀ ਵੀ ਨਹੀਂ, ਸਗੋਂ ਸ਼ਬਦ ਹੀ ਗੁਰੂ ਰਿਹਾ ਸੀ, ਹੈ ਅਤੇ ਰਹੇਗਾ। ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ, ਭਾਈ ਜੇਠਾ ਜੀ ਸਿੱਖਾਂ ਦੇ ਗੁਰੂ ਨਹੀਂ, ਇਸ ਸਮੇਂ ਦੌਰਾਨ ਅਸੀਂ ਇਨ੍ਹਾਂ ਨੂੰ ਸਿੱਖ ਰੂਪ ਵਿੱਚ ਹੀ ਪ੍ਰਵਾਨ ਕਰਦੇ ਹੋਏ ਸਤਿਕਾਰ ਦਿੰਦੇ ਹਾਂ। ਗੁਰੂ ਬਖਸ਼ਿਸ਼ ਨਾਲ ਪ੍ਰਵਾਨ ਚੜ੍ਹੇ ਇਨ੍ਹਾਂ ਸਿੱਖਾਂ ਦੇ ਸਰੀਰਾਂ ਅੰਦਰ ਜਦੋਂ ਸ਼ਬਦ ਰੂਪ ਗੁਰੂ ਜੋਤ ਪ੍ਰਵੇਸ਼ ਕਰਦੀ ਹੈ ਤਾਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਬਣਦੇ ਹਨ। ਸਰੀਰ ਨਹੀਂ ਬਦਲੇ, ਸਰੀਰ ਗੁਰੂ ਨਹੀਂ ਬਣੇ, ਗੁਰੂ ਜੋਤ ਨੇ ਉਨ੍ਹਾਂ ਸਰੀਰਾਂ ਨੂੰ ਗੁਰੂ ਰੂਪ ਵਿੱਚ ਮਾਣ ਬਖਸ਼ ਦਿਤਾ। ਇਸੇ ਗੁਰੂ ਜੋਤ ਨੇ ਹੀ ਗੁਰਬਾਣੀ ਦੀ ਰਚਨਾ ਕੀਤੀ ਗੁਰਮਤਿ ਸਿਧਾਂਤ ਅਨੁਸਾਰ ਇਹ ਸਰੀਰ ਗੁਰੂ ਜੋਤ ਦੇ ਸਾਧਨ ਬਨਣ ਕਾਰਣ ਸਤਿਕਾਰਯੋਗ ਪਦਵੀ ਜ਼ਰੂਰ ਪ੍ਰਾਪਤ ਕਰ ਗਏ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -9) ਸਿੱਖ ਇਤਿਹਾਸ ਗਵਾਹ ਹੈ ਕਿ ਸਿੱਖ ਨੂੰ ਗੁਰੂ ਨਾਲ ਜੋੜਣ ਲਈ ਵਿਚੋਲੇ ਦੀ ਭੂਮਿਕਾ ਸ਼ਬਦ ਵਲੋਂ ਹੀ ਨਿਭਾਈ ਗਈ। ਭਾਈ ਲਹਿਣਾ ਜੀ ਨੇ ਭਾਈ ਜੋਧ ਜੀ ਰਾਹੀਂ, ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਰਾਹੀਂ ਗੁਰ ਸ਼ਬਦ ਸੁਣ ਕੇ ਹੀ ਪਹਿਲੇ ਕਰਮਕਾਂਡੀ ਮਾਰਗ ਨੂੰ ਤਿਆਗ ਕੇ ਗੁਰੂ ਨਾਲ ਜੁੜਣ ਵਾਲੇ ਮਾਰਗ ਤੇ ਤੁਰ ਕੇ ਸ਼ਬਦ ਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਕਮਾਉਂਦੇ ਹੋਏ ਬਖਸ਼ਿਸ਼ ਭਰਪੂਰ ਗੁਰੂ ਜੋਤ ਟਿਕਾਉਣ ਦੇ ਸਮਰੱਥ ਬਣ ਕੇ ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਦੀ ਪਦਵੀ ਦੇ ਹੱਕਦਾਰ ਬਣੇ। ਇਸ ਤੋਂ ਪ੍ਰੇਰਣਾ ਲੈਂਦੇ ਹੋਏ ਸਾਨੂੰ ਵੀ ਆਪਣੀ ਜੀਵਨ ਮੰਜ਼ਿਲ ਦੀ ਪ੍ਰਾਪਤੀ ਲਈ ਸ਼ਬਦ ਗੁਰੂ ਦੀ ਅਗਵਾਈ ਪ੍ਰਵਾਨ ਕਰਨ ਦੀ ਜ਼ਰੂਰਤ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -10) ਅਜੋਕੇ ਸਮੇਂ ਬਾਣੀ ਦੇ ਰਚਨਾਕਾਰ ਮਹਾਨ ਆਤਮਾ ਰਵਿਦਾਸ ਜੀ ਦੇ ਬਾਰੇ ‘ਭਗਤ-ਗੁਰੂ` ਦਾ ਬਖੇੜਾ ਰਾਜਨੀਤਕ/ ਸਵਾਰਥੀ ਲੋਕਾਂ ਵਲੋਂ ਖੜਾ ਕਰਕੇ ਸਿੱਖ ਕੌਮ ਨੂੰ ਦੋ ਹਿਸਿਆਂ ਵਿੱਚ ਵੰਡਣਾ ਬਹੁਤ ਹੀ ਮੰਦਭਾਗਾ ਹੈ। ਗੁਰੂ ਅਰਜਨ ਸਾਹਿਬ ਵਲੋਂ ਸੰਪਾਦਕ ਦੇ ਹੱਕ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦੇ ਸਮੇਂ [ 1. ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ (੬੫੮) 2. ਧਨਾਸਰੀ ਭਗਤ ਰਵਿਦਾਸ ਜੀ ਕੀ (੬੯੪) 3. ਬਿਲਾਵਲੁ ਬਾਣੀ ਰਵਿਦਾਸ ਭਗਤ ਕੀ (੮੫੮) 4. ਮਲਾਰ ਬਾਣੀ ਭਗਤ ਰਵਿਦਾਸ ਜੀ ਕੀ (੧੨੯੩) ] ਚਾਰ ਵਾਰ ਸਿਰਲੇਖਾਂ ਅੰਦਰ ਰਵਿਦਾਸ ਜੀ ਨੂੰ ਭਗਤ ਰੂਪ ਵਿੱਚ ਸੰਬੋਧਿਤ ਕੀਤਾ ਗਿਆ ਹੈ। ਰਵਿਦਾਸ ਜੀ ਦੇ ਆਪਣੇ ਬਚਨ ‘ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ` (ਬਿਲਾਵਲੁ-੮੫੮), ਭਾਈ ਗੁਰਦਾਸ ਜੀ ਦੇ ਬਚਨ ‘ਭਗਤੁ ਭਗਤੁ ਜਗਿ ਵਜਿਆ ਚਹੁ ਚਕਾ ਦੇ ਵਿਚਿ ਚਮਰੇਟਾ` (ਵਾਰ ੧੦ ਪਉੜੀ ੨੭) ਆਦਿਕ ਉਪਰੋਕਤ ਸਾਰੇ ਪੱਖ ਸਾਡੇ ਸਾਹਮਣੇ ਹੁੰਦਿਆਂ ਵਿਚਾਰਣ ਦੀ ਲੋੜ ਹੈ ਕਿ ਕੀ ਸਾਨੂੰ ਕੋਈ ਤਬਦੀਲੀ ਕਰਨ ਦਾ ਹੱਕ ਹੈ। ਭੁੱਲੀਏ ਨਾ! ਬਾਬਾ ਰਾਮਰਾਇ ਨੇ ਵੀ ਤਾਂ ਇਹੀ ਕੀਤਾ ਸੀ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -11) ਦਸ ਗੁਰੂ ਸਾਹਿਬਾਨ ਨੇ 1469 ਤੋਂ 1708 ਈਸਵੀਂ ਤੱਕ 239 ਸਾਲ ਦੀ ਲੰਬੀ ਘਾਲਣਾ ਉਪਰੰਤ ‘ਪੂਜਾ ਅਕਾਲ ਕੀ-ਪਰਚਾ ਸ਼ਬਦ ਕਾ -ਦੀਦਾਰ ਖਾਲਸੇ ਕਾ` ਦਾ ਸਿਧਾਂਤ ਦਿਤਾ ਸੀ- ਭਾਵ ਅਗਵਾਈ ਗੁਰੂ ਸ਼ਬਦ ਤੋਂ ਲੈਂਦੇ ਹੋਏ ਪੂਜਾ ਅਕਾਲ ਪੁਰਖ ਦੀ ਕਰਨਾ। ਪਰ ਅਜੋਕੇ ਸਮੇਂ ਅਸੀਂ ਬਹੁਗਿਣਤੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਰਾਹੀਂ ਇਸਨੂੰ ਕਮਾਈ ਦੇ ਸਾਧਨ ਵਜੋਂ ਵਰਤ ਰਹੇ ਹਾਂ। ਗੁਰਮਤਿ ਸਿਧਾਂਤਾਂ ਦੇ ਦਾਇਰੇ ਅੰਦਰ ਵਿਚਰਦੇ ਹੋਏ ਸੁਚੱਜੀ ਜੀਵਨ ਜਾਚ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਰੱਖਦੇ ਹੋਏ ਗਿਆਨ ਦੇ ਸੋਮੇ ਵਜੋਂ ਸਦਵਰਤੋਂ ਕਰਦੇ ਹੋਏ ਲਾਭ ਉਠਾਉਣ ਦੀ ਜ਼ਰੂਰਤ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -12) ਇੱਕ ਵਿਦਵਾਨ ਦਾ ਕਥਨ ਹੈ- ‘ਜਿਨਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ। ਵੋਹ ਮਾਸੂਮ ਭੀ ਮੇਰੀ ਕੌਮ ਕੇ ਰਾਹਬਰ ਨਿਕਲੇ। `-ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਪ੍ਰਤੀ ਬਾ-ਕਮਾਲ ਸ਼ਰਧਾਂਜਲੀ ਹੈ। ਇਸ ਸ਼ਹਾਦਤ ਤੋਂ ਸਿਖਿਆ ਲੈਣ ਦੀ ਜ਼ਰੂਰਤ ਹੈ ਕਿ ਉਮਰ ਭਾਵੇਂ ਥੋੜੀ ਹੀ ਕਿਉਂ ਨਾ ਜੀਵੀ ਜਾਵੇ ਪਰ ਹੋਵੇ ਅਣਖ-ਦ੍ਰਿੜਤਾ ਭਰਪੂਰ। ਹਰ ਸਾਲ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਸਾਨੂੰ ਆਪਾ ਪੜਚੋਲ ਕੇ ਵੇਖਣ ਦੀ ਲੋੜ ਹੈ ਕਿ ਸਾਹਿਬਜਾਦੇ ਤਾਂ ਦ੍ਰਿੜਤਾ-ਬੇਖੌਫ-ਨਿਡਰਤਾ-ਸਿਧਾਂਤਕ ਪ੍ਰਪੱਕਤਾ ਦਾ ਸਬੂਤ ਦਿੰਦੇ ਹੋਏ ਨੀਹਾਂ ਵਿੱਚ ਖੜੋ ਕੇ ਸ਼ਹਾਦਤ ਦਾ ਜਾਮ ਪੀ ਗਏ, ਪਰ ਅੱਜ ਅਸੀਂ ਕਿਥੇ ਕੁ ਖੜੇ ਹਾਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -13) ਇੱਕ ਵਿਚਾਰਵਾਨ ਦਾ ਕਥਨ ਹੈ - ‘ਆਪਣੀ ਮਾਂ ਬੋਲੀ ਉਤੇ ਮਾਣ ਹੋਣਾ ਚਾਹੀਦੈ। ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦੈ। `ਪਰ ਅੱਜ ਪੰਜਾਬ ਦੀ ਧਰਤੀ ਤੇ ਵਿਚਰਣ ਵਾਲੀ ਬਹੁ-ਗਿਣਤੀ ਨਵੀਂ ਪੀੜ੍ਹੀ ਕੋਲੋਂ ਪੰਜਾਬੀ ਭਾਸ਼ਾ ਰੂਪੀ ਪਹਿਚਾਣ ਗਵਾਚ ਰਹੀ ਹੈ। ਇਸ ਦੇ ਪਿਛੇ ਬਹੁਤ ਵੱਡੀ ਸਾਜਿਸ਼ ਕੰਮ ਕਰਦੀ ਪ੍ਰਤੀਤ ਹੁੰਦੀ ਹੈ। ਕਿਉਂਕਿ ਜਦੋਂ ਸਾਡੀ ਨਵੀਂ ਪੀੜ੍ਹੀ ਪੰਜਾਬੀ ਨਾਲੋਂ ਟੁੱਟੇਗੀ, ਉਹ ਗੁਰਬਾਣੀ-ਸਿੱਖ ਇਤਿਹਾਸ ਨਾਲੋਂ ਵੀ ਟੁੱਟੇਗੀ। ਆਪਣੇ ਮੂਲ ਨਾਲੋਂ ਟੁੱਟ ਕੇ ਕੋਈ ਵੀ ਕੌਮ ਚਿਰ ਸਥਾਈ ਨਹੀਂ ਰਹਿ ਸਕਦੀ, ਆਪਣੀ ਹੋਂਦ ਗਵਾ ਬੈਠਦੀ ਹੈ। ਜ਼ਰਾ ਸੋਚੋ ਤੇ ਵਿਚਾਰੋ!

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -14) ਧਰਮ ਦਾ ਅਰਥ ਹੈ-ਧਾਰਨ ਕਰਨਾ। ਗੁਰਮਤਿ ਅਨੁਸਾਰ ਜੀਵਨ ਵਿਚੋਂ ਅਉਗਣਾਂ ਨੂੰ ਤਿਆਗਦੇ ਹੋਏ ਸ਼ੁਭ ਗੁਣਾਂ ਨੂੰ ਧਾਰਨ ਕਰਨਾ। ਜੇਕਰ ਕੋਈ ਧਰਮ ਦੀ ਦੁਨੀਆਂ ਅੰਦਰ ਇਸ ਮਾਰਗ ਦਾ ਪਾਂਧੀ ਹੈ, ਉਹੀ ਸਹੀ ਅਰਥਾਂ ਵਿੱਚ ਧਰਮੀ ਅਖਵਾਉਣ ਦਾ ਹੱਕਦਾਰ ਹੋ ਸਕਦਾ ਹੈ। ਜੀਵਨ ਜਾਚ ਅੰਦਰ ਸ਼ੁਭ ਗੁਣਾਂ ਦੀ ਅਣਹੋਂਦ ਕਾਰਨ ਬਾਹਰੋਂ ਧਰਮੀ ਪਹਿਰਾਵਾ ਕੇਵਲ ਅਡੰਬਰ ਹੀ ਹੋਵੇਗਾ। ਜ਼ਰਾ ਸੋਚੋ ਤੇ ਵਿਚਾਰੋ!

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -15) ਸਿੱਖ ਇਤਿਹਾਸ ਅੰਦਰ ਦਰਜ ਘਟਨਾਵਾਂ ਦੇ ਪਾਤਰ ਕੇਵਲ ਪਾਤਰ ਹੀ ਨਹੀਂ, ਸਗੋਂ ਇੱਕ ਸੋਚ ਨੂੰ ਦਰਸਾਉਂਦੇ ਹਨ, ਜੋ ਹਮੇਸ਼ਾਂ ਕਾਇਮ ਰਹਿੰਦੀ ਹੈ। ਜਿਵੇਂ ਇਕੋ ਘਟਨਾ ਅੰਦਰ ਭਾਈ ਲਾਲੋ ਅਤੇ ਮਲਕ ਭਾਗੋ ਬਾਹਰੀ ਤੌਰ ਤੇ ਵੱਖ-ਵੱਖ ਵਿਅਕਤੀ ਹਨ, ਪਰ ਗੁਰੂ ਨਾਨਕ ਵਿਚਾਰਧਾਰਾ ਅੰਦਰ ਮਲਕ ਭਾਗੋ ਵਾਲੀ ਹੰਕਾਰੀ ਸੋਚ ਦੀ ਜਗ੍ਹਾ ਭਾਈ ਲਾਲੋ ਵਾਲੀ ਨਿਰਮਾਣਤਾ ਭਰਪੂਰ ਸੋਚ ਪ੍ਰਵਾਨਿਤ ਹੈ। ਇਸੇ ਤਰਾਂ ਦਸਮ ਪਾਤਸ਼ਾਹ ਦੇ ਸਮੇਂ ਇਕੋ ਘਟਨਾ ਅੰਦਰ ਭਾਈ ਬਚਿੱਤਰ ਸਿੰਘ ਅਤੇ ਦੁਨੀ ਚੰਦ ਭਾਵੇਂ ਬਾਹਰੀ ਤੌਰ ਤੇ ਵੱਖ-ਵੱਖ ਪਾਤਰ ਹਨ, ਇਥੇ ਕੇਵਲ ਸਰੀਰਕ ਤੌਰ ਤੇ ਗੁਰੂ ਸਾਹਿਬ ਦੇ ਨਜ਼ਦੀਕ ਰਹਿਣ ਵਾਲੇ ਦੁਨੀ ਚੰਦ ਦੀ ਥਾਂ ਤੇ ਗੁਰੂ ਹੁਕਮਾਂ ਨੂੰ ਸਰੀਰ ਅਤੇ ਮਨ ਦੁਆਰਾ ਸਤਿ ਕਰਕੇ ਪ੍ਰਵਾਨ ਕਰਨ ਵਾਲੇ ਭਾਈ ਬਚਿੱਤਰ ਸਿੰਘ ਹੀ ਪ੍ਰਵਾਨ ਚੜ੍ਹਦੇ ਹਨ। ਜ਼ਰਾ ਸੋਚੋ ਤੇ ਵਿਚਾਰੋ! ਅਸੀਂ ਕਿਸ ਪਾਸੇ ਖੜੇ ਹਾਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -16) ਪ੍ਰਮੇਸ਼ਰ ਵਲੋਂ ਸਾਜੀ ਕੋਈ ਵੀ ਕ੍ਰਿਤ ਬੁਰੀ ਨਹੀਂ ਹੋ ਸਕਦੀ, ਜਿਵੇਂ-ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵੀ ਸਾਡੇ ਜੀਵਨ ਅੰਦਰ ਉਸਨੇ ਹੀ ਪੈਦਾ ਕੀਤੇ ਹੋਏ ਹਨ। ਵੇਖਣ ਦੀ ਲੋੜ ਹੈ ਕਿ ਇਨ੍ਹਾਂ ਦੀ ਵਰਤੋਂ ਕਿਵੇਂ, ਕਦੋਂ, ਕਿਸ ਤਰਾਂ, ਕਿਸ ਮਕਸਦ ਲਈ ਕੀਤੀ ਜਾ ਰਹੀ ਹੈ। ਬੇ-ਸੰਜਮੀ ਵਰਤੋਂ ਇਨ੍ਹਾਂ ਨੂੰ ਵਿਕਾਰ ਦਾ ਦਰਜਾ ਦਿੰਦੀ ਹੈ ਅਤੇ ਮਨਮਤੀਆ ਮਨੁੱਖ ਇਨ੍ਹਾਂ ਦਾ ਗੁਲਾਮ ਹੋ ਕੇ ਪ੍ਰਮੇਸ਼ਰ ਵਲੋਂ ਬਖਸ਼ਿਸ਼ ਆਪਣਾ ਦੁਰਲੱਭ ਮਨੁੱਖਾ ਜੀਵਨ ਵਿਅਰਥ ਗਵਾ ਲੈਂਦਾ ਹੈ। ਪਰ ਗੁਰੂ ਦੀ ਮਤਿ ਦੇ ਧਾਰਨੀ ਗੁਰਸਿੱਖਾਂ ਵਲੋਂ ਇਨ੍ਹਾਂ ਨੂੰ ਸੰਜਮ ਅਧੀਨ ਵਰਤਣ ਕਾਰਨ ਇਹੀ ਜੀਵਨ ਲਈ ਸਹਾਇਕ ਬਣ ਜਾਂਦੇ ਹਨ। ਜ਼ਰਾ ਸੋਚੋ ਤੇ ਵਿਚਾਰੋ! ਸਾਡੀ ਸੋਚ ਕਿਸ ਪਾਸੇ ਖੜੀ ਹੈ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -17) ਧਾਰਮਿਕ ਖੇਤਰ ਵਿੱਚ ਅਕਸਰ ਪੜ੍ਹਣ-ਸੁਨਣ ਨੂੰ ਮਿਲਦਾ ਹੈ ਕਿ ਮਨੁੱਖਾ ਜੀਵਨ ਦਾ ਮਕਸਦ ਪ੍ਰਮੇਸ਼ਰ ਨਾਲ ਇਕਮਿਕਤਾ ਹਾਸਲ ਕਰਨਾ ਹੈ। ਵਿਚਾਰਣ ਦਾ ਪੱਖ ਹੈ ਕਿ ਨਿਰਾਕਾਰ ਪ੍ਰਮੇਸ਼ਰ ਨਾਲ ਇੱਕ ਮਿਕ ਕਿਵੇਂ ਹੋਇਆ ਜਾਵੇ? ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸਦੇ ਨਾਇਕ ਬਨਣ ਦੇ ਸਮਰੱਥ ਉਹੀ ਬਣ ਸਕੇ ਜਿਨ੍ਹਾਂ ਨੇ ਗੁਰੂ ਦਰਸਾਈ ਜੀਵਨ ਜੁਗਤਿ ਅਨੁਸਾਰ ਪ੍ਰਮੇਸ਼ਰ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਿਆ। ਜਿਵੇਂ-ਨਿਰਭਉ, ਨਿਰਵੈਰ ਨੂੰ ਧਿਆਉਂਦੇ ਹੋਏ ਉਨ੍ਹਾਂ ਦੇ ਜੀਵਨ ਅੰਦਰ ਨਿਰਭੈਤਾ, ਨਿਰਵੈਰਤਾ ਦਾ ਵਾਸਾ ਹੋ ਗਿਆ। ਸੋ ਸਪਸ਼ਟ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਜੀਵਨ ਅੰਦਰ ਵਸਾਉਂਦੇ ਹੋਏ ਉਸ ਅਨੁਸਾਰ ਅਮਲੀ ਜੀਵਨ ਜੀਊਣਾ ਹੀ ਇਕਮਿਕਤਾ ਵਾਲੀ ਮੰਜ਼ਿਲ ਦੀ ਪ੍ਰਾਪਤੀ ਹੈ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹਾਂ ਜਾਂ ਨਹੀਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -18) ਸਾਨੂੰ ਸਿੱਖ ਇਤਿਹਾਸ ਨਾਲ ਸਬੰਧਤ ਸ਼ਤਾਬਦੀਆਂ, ਗੁਰਪੁਰਬ, ਦਿਹਾੜੇ ਆਦਿ ਜ਼ਰੂਰ ਮਨਾਉਣੇ ਚਾਹੀਦੇ ਹਨ। ਅਸੀਂ ਮਨਾਉਂਦੇ ਜ਼ਰੂਰ ਹਾਂ ਸ਼ਾਇਦ ਮਕਸਦ ਵਿਹੂਣੇ ਹੋ ਕੇ ਹੀ ਮਨਾਈ ਜਾ ਰਹੇ ਹਾਂ। ਕੌਮ ਦਾ ਸਮਾਂ, ਪੈਸਾ, ਤਾਕਤ ਆਦਿ ਇਸ ਪਾਸੇ ਜਿੰਨੀ ਲੱਗ ਰਹੀ ਹੈ, ਉਸ ਦੇ ਮੁਕਾਬਲੇ ਪ੍ਰਾਪਤੀ ਨਹੀਂ ਹੋ ਰਹੀ। ਇਨ੍ਹਾਂ ਨੂੰ ਮਨਾਉਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋਵੇਗਾ ਜੇ ਇਤਿਹਾਸਕ ਸ਼ਤਾਬਦੀਆਂ, ਗੁਰਪੁਰਬ, ਦਿਹਾੜਿਆਂ ਆਦਿ ਨੂੰ ਨਿੱਜੀ ਅਤੇ ਕੌਮੀ ਸਵੈ-ਪੜਚੋਲ ਦੇ ਰੂਪ ਵਿੱਚ ਮਨਾਇਆ ਜਾਵੇ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹਾਂ ਜਾਂ ਨਹੀਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -19)

ਸਾਨੂੰ ਸਿੱਖ ਇਤਿਹਾਸ ਨਾਲ ਸਬੰਧਤ ਸ਼ਤਾਬਦੀਆਂ, ਗੁਰਪੁਰਬ, ਦਿਹਾੜੇ ਆਦਿ ਜ਼ਰੂਰ ਮਨਾਉਣੇ ਚਾਹੀਦੇ ਹਨ। ਅਸੀਂ ਮਨਾਉਂਦੇ ਜ਼ਰੂਰ ਹਾਂ ਸ਼ਾਇਦ ਮਕਸਦ ਵਿਹੂਣੇ ਹੋ ਕੇ ਹੀ ਮਨਾਈ ਜਾ ਰਹੇ ਹਾਂ। ਕੌਮ ਦਾ ਸਮਾਂ, ਪੈਸਾ, ਤਾਕਤ ਆਦਿ ਇਸ ਪਾਸੇ ਜਿੰਨੀ ਲੱਗ ਰਹੀ ਹੈ, ਉਸ ਦੇ ਮੁਕਾਬਲੇ ਪ੍ਰਾਪਤੀ ਨਹੀਂ ਹੋ ਰਹੀ। ਇਨ੍ਹਾਂ ਨੂੰ ਮਨਾਉਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋਵੇਗਾ ਜੇ ਇਤਿਹਾਸਕ ਸ਼ਤਾਬਦੀਆਂ, ਗੁਰਪੁਰਬ, ਦਿਹਾੜਿਆਂ ਆਦਿ ਨੂੰ ਨਿੱਜੀ ਅਤੇ ਕੌਮੀ ਸਵੈ-ਪੜਚੋਲ ਦੇ ਰੂਪ ਵਿੱਚ ਮਨਾਇਆ ਜਾਵੇ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹਾਂ ਜਾਂ ਨਹੀਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -20) ਸਿੱਖ ਇਤਿਹਾਸ ਦੇ ਨਾਇਕਾਂ ਦੇ ਦਿਹਾੜੇ ਮਨਾ ਕੇ ਉਨ੍ਹਾਂ ਨੂੰ ਯਾਦ ਕਰਦਿਆਂ ਸਾਨੂੰ ਵਿਚਾਰਣ ਦੀ ਲੋੜ ਹੈ ਕਿ ਉਨ੍ਹਾਂ ਨੇ ਤਾਂ ਜੋ ਕਰਨਾ ਸੀ, ਕਰ ਗਏ ਹਨ, ਦੋਬਾਰਾ ਨਹੀਂ ਕਰਨਾ। ਹੁਣ ਜੋ ਵੀ ਕਰਨਾ ਹੈ ਉਨ੍ਹਾਂ ਦੀ ਕਰਣੀ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਕਰਨਾ ਹੈ। ਜਿਵੇਂ ਛੋਟੇ ਸਾਹਿਬਜਾਦੇ ਬਿਨਾਂ ਕਿਸੇ ਲਾਲਚ ਤੋਂ, ਬੇਖੌਫ-ਨਿਡਰ, ਮੌਤ ਤੋਂ ਬੇਪ੍ਰਵਾਹ ਹੋ ਕੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਹੁੰਦੇ ਹੋਏ ਜ਼ੁਲਮ ਦੀਆਂ ਨੀਹਾਂ ਵਿੱਚ ਖੜ੍ਹ ਗਏ, ਸਵੈ-ਪੜਚੋਲ ਕਰਕੇ ਵੇਖਣ ਦੀ ਲੋੜ ਹੈ ਕਿ ਅਸੀਂ ਕਿਥੇ ਖੜੇ ਹਾਂ? ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹੋਣ ਲਈ ਸਹਿਮਤ ਹਾਂ ਜਾਂ ਨਹੀਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -21)

ਅਜੋਕੇ ਸਮੇਂ ਦੌਰਾਨ ਬਹੁਗਿਣਤੀ ਸਿੱਖ ਸੰਗਤਾਂ ਦੀ ਸੋਚ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਦਬੰਦੀ ਗੁਰਦੁਆਰਾ ਕੰਪਲੈਕਸ ਦੇ ਅੰਦਰੂਨੀ ਦਾਇਰੇ ਤਕ ਹੀ ਸੀਮਤ ਹੈ। ਕੰਪਲੈਕਸ ਅੰਦਰ ਹੁੰਦਿਆਂ ਅਸੀਂ ਮਾੜਾ ਸੋਚਣ-ਕਰਨ -ਵੇਖਣ-ਬੋਲਣ ਆਦਿ ਤੋਂ ਸੰਕੋਚ ਕਰਦੇ ਹਾਂ, ਸੋਚਦੇ ਹਾਂ ਕਿ ਇਹ ਗੁਰੂ ਦਾ ਘਰ ਹੈ, ਸਾਡੇ ਗੁਰੂ ਸਾਹਿਬ ਦਾ ਇਥੇ ਨਿਵਾਸ ਹੈ, ਗੁਰੂ ਪ੍ਰਤੀ ਭੈ ਰੂਪੀ ਅਦਬ ਹੋਣਾ ਯੋਗ ਹੈ। ਪ੍ਰੰਤੂ ਗੁਰਮਤਿ ਵਿਚਾਰਧਾਰਾ ਅਨੁਸਾਰ ਜੇਕਰ ਅਸੀਂ ਸਿੱਖ ਹਾਂ ਤਾਂ ‘ਗੁਰੁ ਮੇਰੇ ਸੰਗਿ ਸਦਾ ਹੈ ਨਾਲੈ` (੩੯੪) ਅਨੁਸਾਰ ਗੁਰੂ ਤਾਂ ਗਿਆਨ-ਵਿਚਾਰ ਰੂਪ ਵਿੱਚ ਹਰ ਸਮੇਂ ਹਰ ਸਿੱਖ ਦੇ ਨਾਲ ਰਹਿੰਦਾ ਹੈ। ਲੋੜ ਵਿਸ਼ਵਾਸ ਕਾਇਮ ਰੱਖਣ ਦੀ ਹੈ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹੋਣ ਲਈ ਸਹਿਮਤ ਹਾਂ ਜਾਂ ਨਹੀਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -22)

ਸਿੱਖ ਰਹਿਤ ਮਰਯਾਦਾ ਅਨੁਸਾਰ- ‘ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁੱਟ ਪੁਸ਼ਾਕ ਸਬੰਧੀ ਬਾਕੀ ਕੋਈ ਪਾਬੰਦੀ ਨਹੀਂ। ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ ਦੋਵੇਂ ਠੀਕ ਹਨ` ਦੇ ਭਾਵ ਅਰਥਾਂ ਨੂੰ ਸਮਝਣ ਦੀ ਲੋੜ ਹੈ। ਸਿੱਖ ਲਈ ਪਹਿਰਾਵੇ ਦੇ ਸਬੰਧ ਵਿੱਚ ਫੋਕੇ ਕੱਟੜਵਾਦੀ ਬਨਣ ਦੀ ਥਾਂ ਤੇ ਸਮੇਂ-ਸਥਾਨ-ਮੌਸਮ-ਕਿੱਤੇ-ਇਲਾਕੇ ਦੇ ਸਭਿਆਚਾਰ ਆਦਿ ਦੀ ਲੋੜ ਅਨੁਸਾਰ ਪੰਜ ਕਕਾਰੀ ਬਾਣਾ ਕਾਇਮ ਰੱਖਦੇ ਹੋਏ ਕੋਈ ਵੀ ਸਭਿਅਕ ਪਹਿਰਾਵਾ ਧਾਰਨ ਕੀਤਾ ਜਾ ਸਕਦਾ ਹੈ। ਗੁਰਬਾਣੀ ਅੰਦਰ ਦਰਸਾਏ ‘ਬਾਬਾ ਹੋਰੁ ਪੈਨਣੁ ਖੁਸੀ ਖੁਆਰੁ।। ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। ` (੧੬) ਫੁਰਮਾਣ ਅਨੁਸਾਰ ਇਸ ਸਬੰਧੀ ਯੋਗ ਫੈਸਲਾ ਲੈਣਾ ਚਾਹੀਦਾ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -23) ਗੁਰਬਾਣੀ ਸਿੱਖੀ ਦੀ ਆਧਾਰ-ਸ਼ਿਲਾ ਆਤਮਾ ਹੈ। ਸਿੱਖ ਨੂੰ ਇਸ ਮੂਲ ਸੋਮੇ ਨਾਲੋਂ ਤੋੜਣ ਲਈ ਅਨੇਕ ਯਤਨ ਹੋ ਰਹੇ ਹਨ। ਵੱਖ-ਵੱਖ ਡੇਰੇਦਾਰ ਆਪਣੇ ਨਾਲ ਜੋੜਣ ਲਈ ਗੁਰਬਾਣੀ ਦੀ ਵਰਤੋਂ ਆਪਣੇ ਸਵਾਰਥ ਦੀ ਪੂਰਤੀ ਹਿਤ ਕਰ ਰਹੇ ਹਨ ਜਿਸ ਤੋਂ ਅਸੀਂ ਅਕਸਰ ਭੁਲੇਖਾ ਖਾ ਰਹੇ ਹਾਂ। ਇਸ ਨੂੰ ਡੂੰਘਾਈ ਵਿੱਚ ਸਮਝਣ ਦੀ ਲੋੜ ਹੈ, ਡੇਰੇਦਾਰਾਂ ਵਲੋਂ ਗੁਰਬਾਣੀ ਦੀ ਵਰਤੋਂ ਇਸ ਤਰਾਂ ਹੀ ਹੈ ਜਿਵੇਂ ਚੂਹੇ ਨੂੰ ਫੜ੍ਹਣ ਲਈ ਚੂਹੇਦਾਨੀ ਵਿੱਚ ਲਾਈ ਬੁਰਕੀ। ਗੁਰਬਾਣੀ ਅੰਦਰ ਦਰਸਾਏ ‘ਕੇਤੇ ਗੁਰ ਚੇਲੇ ਫੁਨਿ ਹੂਆ।। ਕਾਚੇ ਗੁਰ ਤੇ ਮੁਕਤਿ ਨ ਹੂਆ।। ` (੯੨੯) ਫੁਰਮਾਣ ਅਨੁਸਾਰ ਇਸ ਸਬੰਧੀ ਯੋਗ ਫੈਸਲਾ ਲੈਣਾ ਚਾਹੀਦਾ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -24) ਸੁਚੱਜੀ ਜੀਵਨ ਜਾਚ ਲਈ ਭੂਤ- ਵਰਤਮਾਨ-ਭਵਿੱਖ ਕਾਲ ਦੀ ਸਹੀ ਵਰਤੋਂ ਸਿੱਖਣ ਦੀ ਲੋੜ ਹੈ। ਭੂਤਕਾਲ ਬੀਤ ਗਿਆ ਜੋ ਕਿਸੇ ਵੀ ਤਰਾਂ ਵਾਪਸ ਨਹੀਂ ਆਉਣਾ, ਭਵਿੱਖ ਕਾਲ ਦਾ ਭਰੋਸਾ, ਦਾਅਵਾ ਕੋਈ ਨਹੀਂ ਆਵੇਗਾ ਵੀ ਜਾਂ ਨਹੀਂ, ਬਸ ਵਰਤਮਾਨ ਹੀ ਸਾਡੇ ਕੋਲ ਹੈ ਇਸ ਨੂੰ ਗੁਰੂ ਦਰਸਾਈ ਜੁਗਤਿ ਰਾਹੀਂ ਸਫਲ ਕਰਨ ਲਈ ਯਤਨਸ਼ੀਲ ਹੋਈਏ। ਇਸੇ ਵਿੱਚ ਹੀ ਭਲਾ ਹੈ। ਭੂਤ ਕਾਲ ਦੀ ਸਵੈ-ਪੜਚੋਲ ਕਰਦੇ ਹੋਏ ਵਰਤਮਾਨ ਦੀ ਸਦ-ਵਰਤੋਂ ਕਰਨ ਨਾਲ ਭਵਿੱਖ ਦੇ ਸੁਧਾਰ ਹੋਣ ਦੀ ਪੂਰਨ ਆਸ ਕੀਤੀ ਜਾ ਸਕਦੀ ਹੈ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹੋਣ ਲਈ ਸਹਿਮਤ ਹਾਂ ਜਾਂ ਨਹੀਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -25) ਅਜੋਕੇ ਸਮੇਂ ਬਹੁ-ਗਿਣਤੀ ਗੁਰਦੁਆਰਿਆਂ ਅੰਦਰ ਸੰਗਤਾਂ ਵਲੋਂ ਬਿਨਾ ਕਿਸੇ ਦੀਰਘ ਸੋਚ ਤੋਂ ਵੇਖਾ-ਵੇਖੀ ਸ਼ਰਧਾ ਵੱਸ ਭੇਂਟ ਕੀਤੇ ਗਏ ਰੁਮਾਲਾ ਸਾਹਿਬ ਦੀ ਬਹੁਤਾਤ ਹੋਣ ਕਾਰਣ ਸਾਂਭਣ ਅਤੇ ਬਾਰ-ਬਾਰ ਵੇਚ-ਖਰੀਦ ਆਦਿ ਦੀ ਸਮੱਸਿਆ ਆਮ ਵੇਖਣ ਨੂੰ ਮਿਲਦੀ ਹੈ। ਇਸ ਵਿਸ਼ੇ ਉਪਰ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ` ਦੇ ਸਿਧਾਂਤ ਨੂੰ ਸਾਹਮਣੇ ਰੱਖਦੇ ਹੋਏ ਸਮਝਣ ਦੀ ਜ਼ਰੂਰਤ ਹੈ ਕਿ ਸਤਿਗੁਰੂ ਜੀ ਲੋੜ ਤੋਂ ਬਿਨਾਂ ਰੁਮਾਲਾ ਸਾਹਿਬ ਅਰਪਣ ਕਰਨ ਨਾਲੋਂ ਕਿਸੇ ਲੋੜਵੰਦ ਨੂੰ ਬਸਤਰ ਭੇਟਾ ਕਰਨ ਨਾਲ ਜਿਆਦਾ ਪ੍ਰਸੰਨਤਾ ਬਖਸ਼ਿਸ਼ ਕਰਦੇ ਹਨ। ਇਸ ਸਬੰਧ ਵਿੱਚ ਸੰਗਤਾਂ ਨੂੰ ਜਾਗਰੂਕ ਕਰਨ ਲਈ ਗੁਰਦੁਆਰਾ ਪ੍ਰਬੰਧਕਾਂ ਵਲੋਂ ਗੁਰਦੁਆਰਾ ਸਾਹਿਬਾਨ ਵਿੱਚ ਬੋਰਡ ਲਗਵਾਉਣ ਅਤੇ ਅਨਾਊਂਸਮੈਂਟਸ ਆਦਿ ਨਾਲ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -26) ਧਰਮ ਤਰਕ ਦਾ ਵਿਸ਼ਾ ਨਾ ਹੋ ਕੇ ਸਗੋਂ ਭਾਵਨਾ/ ਸ਼ਰਧਾ ਦਾ ਹੈ। ਧਰਮ ਪ੍ਰਤੀ ਭਾਵਨਾ ਨੂੰ ਕਿਸੇ ਦੁਨਿਆਵੀ ਲੈਬਾਰਟਰੀ ਆਦਿ ਵਿੱਚ ਟੈਸਟ ਨਹੀਂ ਕੀਤਾ ਜਾ ਸਕਦਾ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਨ ਵਿੱਚ ਭਾਵਨਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਲਈ ਗੁਰੂ ਹੈ। ਧਰਮ ਦੀ ਦੁਨੀਆਂ ਵਿੱਚ ਵਿਚਰਣ ਵਾਲਿਆਂ ਲਈ ਧਰਮ ਪ੍ਰਤੀ ਸ਼ਰਧਾ ਹੋਣਾ ਲਾਜ਼ਮੀ ਹੈ, ਪਰ ਇਸ ਦੇ ਨਾਲ-ਨਾਲ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਸ਼ਰਧਾ ਅੰਧਮਈ ਨਾ ਹੋ ਕੇ ਸਗੋਂ ਗਿਆਨਮਈ ਹੋਵੇ ਤਾਂ ਹੀ ਕਿਸੇ ਪ੍ਰਾਪਤੀ ਦੀ ਆਸ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਤੌਰ ਤੇ ਜਿਵੇਂ ਪਾਣੀ ਨੂੰ ਰਿੜਕਦੇ ਹੋਏ ਜਿੰਨੀ ਮਰਜ਼ੀ ਸ਼ਰਧਾ ਰੱਖ ਲਈ ਜਾਵੇ, ਮੱਖਣ ਦੀ ਆਸ ਰੱਖਣੀ ਬਿਲਕੁਲ ਨਿਰਰਥਕ ਹੀ ਸਿੱਧ ਹੋਵੇਗੀ। ਇਸ ਪ੍ਰਥਾਇ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ‘ਪੋਖਰੁ ਨੀਰੁ ਵਿਰੋਲੀਐ ਮਾਖੁਨ ਨਹੀ ਰੀਸੈ` (੨੨੯) ਸਾਡੀ ਅਗਵਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਹਨ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -27)

ਗੁਰੂ ਗਿਆਨ ਦੀ ਰੋਸ਼ਨੀ ਵਿੱਚ ਸਿਧਾਂਤ ਨੂੰ ਪ੍ਰਪੱਕ ਰਖਦੇ ਹੋਏ ਸਾਨੂੰ ਸਮੇਂ ਅਨੁਸਾਰ ਕੁੱਝ ਮਰਿਆਦਾਵਾਂ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੈ। ਜਿਵੇਂ ਅੱਜ ਤੋਂ 15-20 ਸਾਲ ਪਹਿਲਾਂ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਨਾਹਰਾ ਦਿਤਾ ਸੀ "ਦੱਬ ਕੇ ਵਾਹ ਰੱਜ ਕੇ ਖਾਹ" ਪਰ ਸਮੇਂ ਅਨੁਸਾਰ ਖੇਤੀਬਾੜੀ ਵਿਭਾਗ ਨੇ ਹੀ ਇਸ ਨਾਹਰੇ ਨੂੰ "ਸਿਆਣਪ ਨਾਲ ਵਾਹ ਰੱਜ ਕੇ ਖਾਹ" ਵਿੱਚ ਬਦਲ ਦਿਤਾ ਹੈ। ਸਿੱਖ ਧਰਮ ਨੂੰ ਚੜ੍ਹਦੀਕਲਾ ਵਿੱਚ ਰੱਖਣ ਲਈ "ਧਰਮ ਸਿਰ ਦਿਤਿਆਂ ਬਾਝ ਨਹੀਂ ਰਹਿਣਾ" ਦੇ ਨਾਲ-ਨਾਲ ਅੱਜ ਦੇ ਸਮੇਂ "ਧਰਮ ਸਿਰ ਵਰਤਿਆਂ ਬਾਝ ਨਹੀਂ ਰਹਿਣਾ" ਵਿੱਚ ਬਦਲਣ ਦੀ ਜ਼ਰੂਰਤ ਹੈ। ਕਿਉਂਕਿ ਸਿਆਣਪ ਇਸ ਗੱਲ ਦੀ ਮੰਗ ਕਰਦੀ ਹੈ ਕਿ ਕੌਮ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਪ੍ਰਾਪਤੀ ਵੱਧ ਤੋਂ ਵੱਧ ਕੀਤੀ ਜਾਵੇ। ਪਰ ਅਫਸੋਸ ਕਿ ਸਾਡੀ ਸਿੱਖ ਕੌਮ ਦਾ ਬੌਧਿਕ ਪੱਖ ਅਜੇ ਇਸ ਪੱਧਰ ਤੇ ਨਹੀਂ ਪਹੁੰਚਿਆ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -28)

ਸਿੱਖ ਧਰਮ ਦਾ ਇਤਿਹਾਸਕ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਹੈ, ਜਿਸ ਦੇ ਦਰਸ਼ਨਾਂ ਹਿਤ ਸਿੱਖ ਰੋਜ਼ਾਨਾ ਅਰਦਾਸ ਕਰਦਾ ਹੈ। ਅਜੋਕੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਯਾਤਰੂਆਂ ਵਿੱਚ ਬਹੁ-ਗਿਣਤੀ ਗੈਰ-ਸਿੱਖਾਂ ਦੀ ਵੇਖਣ ਨੂੰ ਮਿਲਦੀ ਹੈ, ਜੋ ਕਿ As a Tourist to Visit Tourist Place ਦੇ ਮੰਤਵ ਨਾਲ ਆਉਂਦੇ ਹਨ। ਪਰ ਅਫਸੋਸ ਹੁੰਦਾ ਹੈ ਜਦੋਂ ਅੱਜ ਬਹੁ-ਗਿਣਤੀ ਸਿੱਖ ਵੀ ਇਸੇ ਨਜ਼ਰੀਏ ਨਾਲ ਹਾਜ਼ਰੀ ਭਰਦੇ ਹਨ, ਸਾਡਾ ਨਜ਼ਰੀਆ ਅਧਿਆਤਮਕ ਸ਼ਰਧਾਲੂ/ ਜਗਿਆਸੂ ਦਾ ਹੋਣਾ ਚਾਹੀਦਾ ਹੈ। ਜਰਾ! ਸੋਚੋ ਤੇ ਵਿਚਾਰੋ।

ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ)

201, ਗਲੀ ਨਬੰਰ 6, ਸੰਤਪੁਰਾ, ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.