.

ਹ੍ਰਿਦੈ ਕਪਟੁ ਮੁਖ ਗਿਆਨੀ॥ ……

ਆਦਿ ਕਾਲ ਤੋਂ ਹੀ, ਮਨੁੱਖਾ ਸਮਾਜ ਦੇ ਧਰਮ-ਖੇਤ੍ਰ ਉੱਤੇ ਛਲਨਾਗਨੀ (ਮਾਇਆ) ਦੇ ਡੱਸੇ ਹੋਏ ਛਲਾਰਾਂ ਦਾ ਹੀ ਕਬਜ਼ਾ ਰਿਹਾ ਹੈ। ਇਹ ਛੂਛੇ ਛਲਾਰ ਭੋਲੀ ਜਨਤਾ ਨੂੰ ਛਲ ਕੇ ਠੱਗਣ ਵਾਸਤੇ ਜੋ ਪੈਤਰੇ ਵਰਤਦੇ ਹਨ, ਉਨ੍ਹਾਂ ਵਿੱਚੋਂ ਪਰਮੁਖ ਹਨ: ਚੁੰਚ-ਗਿਆਨ, ਰੰਗ ਬਰੰਗੇ ਭੇਖਾਂ ਤੇ ਚਿੰਨ੍ਹਾਂ ਨਾਲ ਸ਼ਿੰਗਾਰਿਆ ਉਨ੍ਹਾਂ ਦਾ ਵਿਕਾਰ-ਗ੍ਰਸਤ ਗ਼ਲੀਜ਼ ਸਰੀਰ ਅਤੇ ਕਰਮਕਾਂਡ। ਅਧਿਆਤਮਿਕ ਗਿਆਨ ਤੋਂ ਸੱਖਣੇ ਮਾਇਆਧਾਰੀ ਚੁੰਚ-ਗਿਆਨੀ ਭੇਖ ਤੇ ਚਿੰਨ੍ਹਾਂ ਨਾਲ ਸ਼ਿੰਗਾਰੀ ਆਪਣੀ ਲੁਭਾਉਣੀ ਸਰੀਰਕ ਦਿੱਖ ਨਾਲ ਸਿੱਧੜ ਲੋਕਾਂ ਨੂੰ ਲੁਭਾ ਕੇ ਉਨ੍ਹਾਂ ਨੂੰ ਕਰਮ-ਕਾਂਡਾਂ ਦੇ ਰਾਹ ਪਾ ਕੇ ਠੱਗਦੇ ਹਨ। ਕਰਮਕਾਂਡ, ਜਿਨ੍ਹਾਂ ਨੂੰ ਬਿਬੇਕ ਦੀ ਭਾਸ਼ਾ ਵਿੱਚ ਕਪਟ-ਕਰਮ ਜਾਂ ਪਾਖੰਡ-ਕਰਮ ਕਿਹਾ ਜਾਂਦਾ ਹੈ, ਚੁੰਚ-ਗਿਆਨੀ ਭੇਖੀਆਂ ਵਾਸਤੇ ਲੋਕਾਂ ਨੂੰ ਲੁੱਟਣ ਦਾ ਨਿਆਂਸੰਗਤ ਸਾਧਨ ਹੈ। ਗੁਰਬਾਣੀ ਵਿੱਚ ਚੁੰਚ ਗਿਆਨ, ਭੇਖ-ਚਿੰਨ੍ਹ ਤੇ ਕਰਮਕਾਂਡਾਂ ਨੂੰ ਮੂਲੋਂ ਹੀ ਨਕਾਰਿਆ ਗਿਆ ਹੈ। ਇਸੇ ਸੰਦਰਭ ਵਿੱਚ ਕਬੀਰ ਜੀ ਦੇ ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ।

ਹ੍ਰਿਦੈ ਕਪਟੁ ਮੁਖ ਗਿਆਨੀ॥ ਝੂਠੈ ਕਹਾ ਬਿਲੋਵਸਿ ਪਾਨੀ॥ ੧॥

ਕਾਂਇਆ ਮਾਂਜਸਿ ਕਉਨ ਗੁਨਾਂ॥ ਜਉ ਘਟ ਭੀਤਰਿ ਹੈ ਮਲਨਾਂ॥ ੧॥ ਰਹਾਉ॥

ਲਉਕੀ ਅਠਸਠਿ ਤੀਰਥ ਨਾੑਈ॥ ਕਉਰਾਪਨੁ ਤਊ ਨ ਜਾਈ॥ ੨॥

ਕਹਿ ਕਬੀਰ ਬੀਚਾਰੀ॥ ਭਵ ਸਾਗਰੁ ਤਾਰਿ ਮੁਰਾਰੀ॥ ੩॥

ਸ਼ਬਦ ਅਰਥ:- ਹ੍ਰਿਦੈ: ਹਿਰਦੇ ਵਿੱਚ, ਮਨ/ਅੰਤਹਕਰਣ ਵਿੱਚ। ਕਪਟ: ਸੱਚ ਦੇ ਉਲਟ, ਝੂਠ, ਖੋਟ, ਚਲਿੱਤਰ, ਠੱਗੀ, ਫ਼ਰੇਬ। ਬਿਲੋਵਸਿ ਪਾਨੀ: ਬਿਲੋਨਾ=ਰਿੜਕਣਾ, ਮਥਨ ਕਰਨਾ; ਪਾਣੀ ਰਿੜਕਣਾ: ਬੇਅਰਥ/ਬੇਫ਼ਾਇਦਾ/ਨਿਰਾਰਥਕ ਕੰਮ ਕਰਨੇ। ੧।

ਕਾਂਇਆ: ਸਰੀਰ। ਮਾਂਜਸਿ: ਰਗੜ ਕੇ/ਕੂਚ ਕੇ ਸਾਫ਼ ਕਰਨਾ। ਕਉਨ: ਕਿਸ। ਗੁਨਾਂ: ਲਾਭ, ਫ਼ਾਇਦਾ, ਮਕਸਦ, ਅਰਥ। ਘਟ: ਹਿਰਦਾ, ਅੰਤਹਕਰਣ, ਮਨ। ਭੀਤਰਿ: ਅੰਦਰ, ਵਿੱਚ। ਮਲਨਾ: ਮੈਲ, ਖੋਟ, ਅਪਵਿਤ੍ਰਤਾ। ੧। ਰਹਾਉ।

ਲਉਕੀ: ਕੌੜ ਤੁੰਮਾ ਜੋ ਦੇਖਣ ਨੂੰ ਖ਼ਰਬੂਜ਼ੇ ਵਰਗਾ ਹੁੰਦਾ ਹੈ ਪਰੰਤੂ ਅੰਦਰੋਂ ਅਤਿ ਦਾ ਕੌੜਾ ਹੁੰਦਾ ਹੈ; ਗੁਰਬਾਣੀ ਵਿੱਚ ਭੇਖੀ/ਪਾਖੰਡੀ/ਦੰਭੀ/ਕਪਟੀ ਮਨੁੱਖ ਵਾਸਤੇ ਲਉਕੀ/ਤੁੰਮਾ/ਤੁੰਮੀ ਆਦਿ ਦਾ ਦ੍ਰਿਸ਼ਟਾਂਤ ਵਰਤਿਆ ਗਿਆ ਹੈ। ਅਠਸਠਿ ਤੀਰਥ: (ਹਿੰਦੂਆਂ ਦੇ) ਅਠਾਹਠ ਤੀਰਥ। ਨਾਈ: ਇਸ਼ਨਾਨ ਕਰਕੇ, ਨਹਾ ਕੇ। ੨।

ਬੀਚਾਰੀ: ਵਿਚਾਰ ਕਰਕੇ, ਸੋਚ-ਸਮਝ ਕੇ। ਭਵਸਾਗਰ: ਸੰਸਾਰ-ਸਾਗਰ, ਪਦਾਰਥਕ ਜਗਤ ਜੋ ਮਿਥਿਆ/ਝੂਠ ਹੈ। ਮੁਰਾਰੀ: ਪ੍ਰਭੂ, ਪਰਮਾਤਮਾ। ੩।

ਭਾਵ ਅਰਥ:- ਝੂਠੇ ਚਲਿੱਤਰਬਾਜ਼ ਮਨੁੱਖ! ਤੇਰੇ ਮਨ ਵਿੱਚ ਤਾਂ ਵਿਕਾਰਾਂ ਦੀ ਮੈਲ ਹੈ, ਪਰ ਮੂੰਹੋਂ ਤੂੰ ਗਿਆਨ ਦੇ ਗਪੌੜ ਛੱਡਦਾ ਹੈਂ! ਐ ਕਪਟੀ ਬੰਦੇ! ਤੈਨੂੰ ਇਨ੍ਹਾਂ ਨਿਸ਼ਫ਼ਲ ਗੱਪਾਂ ਦਾ ਅੰਤ ਨੂੰ ਕੋਈ ਲਾਭ ਨਹੀਂ ਹੋਣ ਵਾਲਾ। ਤਾਂ ਫ਼ਿਰ, ਤੂੰ ਇਹ ਵਿਅਰਥ ਕਪਟ-ਕਰਮ ਕਿਉਂ ਕਰਦਾ ਹੈਂ। ੧।

ਧਰਮ ਦਾ ਪਾਖੰਡ-ਪ੍ਰਚਾਰ ਕਰਨ ਵਾਲੇ ਪਾਖੰਡੀ ਮਨੁੱਖ! ਜਦ ਤੇਰੇ ਮਨ ਵਿੱਚ ਤਾਂ ਵਿਕਾਰਾਂ ਦੀ ਮਲ ਹੈ ਤਾਂ ਫ਼ਿਰ ਤੂੰ ਆਪਣੇ ਸਰੀਰ ਨੂੰ ਇਸਨਾਨ ਕਰਾ ਕਿਸ ਵਾਸਤੇ ਭੇਖ ਨਾਲ ਸੰਵਾਰ-ਸ਼ਿੰਗਾਰ ਕੇ ਰੱਖਦਾ ਹੈਂ। ਰਹਾਉ। ੧।

ਕੌੜ ਤੁੰਮੇ (ਜੋ ਬਾਹਰੋਂ ਦੇਖਣ ਨੂੰ ਖ਼ਰਬੂਜ਼ੇ/ਮਤੀਰੇ ਵਰਗਾ ਮਿੱਠਾ ਫ਼ਲ ਲਗਦਾ ਹੈ ਪਰ ਅੰਦਰੋਂ ਹੁੰਦਾ ਅਤਿ ਦਾ ਕੌੜਾ ਹੈ) ਨੂੰ ਭਾਵੇਂ ਹਿੰਦੂਆਂ ਦੇ ਅਠਾਹਠ ਤੀਰਥਾਂ ਵਿੱਚ ਟੁੱਭੀ ਲਵਾ ਲਵੋ, ਉਸ ਦੀ ਅੰਦਰਲੀ ਕੁੜੱਤਣ ਨਹੀਂ ਜਾਂਦੀ। ੨।

ਕਬੀਰ ਸੋਚ-ਵਿਚਾਰ ਕੇ ਇਹੋ ਅਰਦਾਸ ਕਰਦਾ ਹੈ ਕਿ, ਹੇ ਪ੍ਰਭੂ! ਮੈਨੂੰ, ਵਿਕਾਰਾਂ ਨਾਲ ਭਰੇ, ਇਸ ਸੰਸਾਰ-ਸਮੁੰਦਰ ਤੋਂ ਪਾਰ ਕਰ ਦੇ। ੩।

ਉਪਰ ਵਿਚਾਰੇ ਕਬੀਰ ਜੀ ਦੇ ਸ਼ਬਦ ਦੀ ਪ੍ਰੋਢਤਾ ਕਰਦੇ ਗੁ: ਅਮਰਦਾਸ ਜੀ ਦੇ ਦੋ ਅਨਮੋਲ ਬਚਨ ਵੀ ਵਿਚਾਰਨਯੋਗ ਹਨ:

ਜਗੁ ਕਊਆ ਮੁਖਿ ਚੁੰਚ ਗਿਆਨੁ॥ ਅੰਤਰਿ ਲੋਭੁ ਝੂਠੁ ਅਭਿਮਾਨੁ॥

ਬਿਨੁ ਨਾਵੈ ਪਾਜੁ ਲਹਗੁ ਨਿਦਾਨਿ॥ ੧॥ ਬਿਲਾਵਲ ਮ: ੩ {ਜਗੁ: (ਭੇਖੀ-ਪਾਖੰਡੀ) ਮਨੁੱਖ। ਪਾਜੁ: ਭੇਖ ਤੇ ਦੰਭ ਦਾ ਮੁਲੰਮਾ/ਪਾਣ। ਨਿਦਾਨ: ਅੰਤ ਨੂੰ।}

ਭਾਵ:- ਅਧਿਆਤਮ ਗਿਆਨ ਤੋਂ ਸੱਖਣਾ, ਗਿਆਨ ਦੀਆਂ ਗੱਪਾਂ ਮਾਰਨ ਵਾਲਾ ਕਪਟੀ ਮਨੁੱਖ ਗੰਦਗੀ ਖਾਣ ਵਾਲੇ ਕਾਂ ਸਮਾਨ ਹੁੰਦਾ ਹੈ। ਚੁੰਚ ਗਿਆਨੀ ਦੀ ਬਕ ਬਕ ਕਾਂ ਦੀ ਬੇਤੁਕੀ, ਬੇਹੂਦਾ ਤੇ ਚਿੜਾਊ ਕਾਉਂ ਕਾਉਂ ਵਰਗੀ ਹੀ ਹੁੰਦੀ ਹੈ। ਕਾਂ-ਰੂਪ ਕਪਟੀ ਚੁੰਚ ਗਿਆਨੀ ਦੇ ਮਨ ਅੰਦਰ ਲੋਭ-ਲਾਲਚ, ਝੂਠ/ਦੰਭ ਤੇ ਹਉਮੈ-ਹੰਕਾਰ ਆਦਿ ਵਿਕਾਰ ਵੱਸੇ ਹੋਏ ਹੁੰਦੇ ਹਨ। ਨਾਮ-ਵਿਹੂਣੇ ਪਾਖੰਡੀਆਂ ਦਾ ਦੰਭ-ਦਿਖਾਵਾ (ਗੰਦਗੀ ਖਾਣ ਦੇ ਸ਼ੌਕੀਨ ਕਾਂ ਵਾਂਙ) ਅੰਤ ਨੂੰ ਜ਼ਾਹਿਰ ਹੋ ਹੀ ਜਾਂਦਾ ਹੈ।

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥

ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥ ਵਡਹੰਸੁ ਮ: ੩

ਸਾਰੰਸ਼:- ਚੁੰਚ ਗਿਆਨ, ਭੇਖ-ਚਿੰਨ੍ਹ ਅਤੇ ਤੀਰਥ-ਸਨਾਨ ਆਦਿ ਦਿਖਾਵੇ ਦੇ ਧਰਮ-ਕਰਮ ਹਨ ਜੋ ਆਤਮਿਕ ਜੀਵਨ ਲਈ ਵਿਅਰਥ ਹਨ। ਇਹ ਸਾਰੇ ਲੱਛਣ ਅਧਰਮ, ਛਲ, ਕਪਟ ਤੇ ਦੰਭ ਦੇ ਪ੍ਰਤੀਕ ਹਨ। ਇਨ੍ਹਾਂ ਕੁਲੱਛਣਾਂ ਦੇ ਧਾਰਨੀ ਮਨੁੱਖ ਦੀ ਦਿੱਖ ਕੌੜ ਤੁੰਮੇ ਵਰਗੀ ਤੇ ਜੀਵਨ ਗੰਦਗੀ ਖਾਣ ਵਾਲੇ ਕਾਂ ਦੀ ਗ਼ਲੀਜ਼ ਜ਼ਿੰਦਗੀ ਦੇ ਸਮਾਨ ਹੈ! ਜਿਵੇਂ ਕਾਂ ਗੰਦ ਖਾ ਕੇ ਖ਼ੁਸ਼ ਰਹਿੰਦਾ ਹੈ, ਤਿਵੇਂ ਕਿਰਤ ਤੋਂ ਕੰਨੀ ਕਤਰਾਉਣ ਵਾਲੇ ਕਾਮਚੋਰ ਚੁੰਚ ਗਿਆਨੀ ਹਰਾਮ ਖਾਣ ਨੂੰ ਹੀ ਆਪਣਾ ਧਰਮ ਸਮਝਦੇ ਹਨ! ! ! (ਹਰਾਮ ਖਾਣਾ: ਦੂਸਰਿਆਂ ਦੀ ਕਮਾਈ ਠੱਗ ਕੇ ਖਾਣੀ।) ਜੀਵਨ-ਮੁਕਤ ਹੋਣ ਵਾਸਤੇ ਵਿਕਾਰ-ਮੁਕਤ ਸ਼ੁੱਧ ਮਨ ਨਾਲ ਨਾਮ-ਸਿਮਰਨ ਕਰਨ ਦੀ ਲੋੜ ਹੈ।

ਭਾਵੇਂ ਉਕਤ ਵਿਚਾਰ ਸਮੇਂ ਦੇ ਪਾਂਡੇ-ਪੁਜਾਰੀਆਂ ਤੇ ਜੋਗੀਆਂ ਆਦਿ ਵਾਸਤੇ ਲਿਖੇ ਗਏ ਸਨ, ਪਰੰਤੂ ਲੱਗਦਾ ਇਉਂ ਹੈ ਕਿ ਇਹ ਗੁਰੁ-ਸਬਦ ਗੁਰਮਤਿ ਦੇ ਅਜੋਕੇ ਪ੍ਰਚਾਰਕਾਂ ਦੇ ਕੋਝੇ ਕਿਰਦਾਰ ਦੀ ਭਵਿਸ਼ ਬਾਣੀ ਸੀ! ਗੁਰਮਤਿ ਦੇ ਪਵਿੱਤਰ ਵਿਹੜੇ ਉੱਤੇ ਸਰਸਰੀ ਜਿਹੀ ਨਿਗਾਹ ਮਾਰੋ ਤਾਂ ਇਹ ਸ਼ੰਕਾ ਸੱਚ ਸਾਬਤ ਹੁੰਦਾ ਹੈ! ਜਿੱਧਰ ਮਰਜ਼ੀ ਨਜ਼ਰ ਦੌੜਾ ਕੇ ਵੇਖ ਲਵੋ, ਸੱਭ ਪਾਸੇ ਰੰਗ ਬਰੰਗੇ ਭੇਖਾਂ ਦੇ ਪਾਜ ਦੇ ਪਰਦੇ ਉਹਲੇ ਆਤਮ-ਗਿਆਨ ਤੋਂ ਸੱਖਣੇ "ਬਨਾਰਸਿ ਕੇ ਠਗ" ਹੀ ਨਜ਼ਰ ਆਉਂਦੇ ਹਨ! ! ਮੱਧ ਕਾਲ ਦੇ "ਬਨਾਰਸਿ ਕੇ ਠਗ" ਤੇ ਗੁਰਮਤਿ ਦੇ ਅਜੋਕੇ ਕਥਿਤ ਪ੍ਰਚਾਰਕ ਇੱਕੋ ਹੀ ਸੀਰਤ (ਸੁਭਾਅ) ਦੇ ਮਾਲਿਕ ਹਨ; ਇਨ੍ਹਾਂ ਦੋਨਾਂ ਵਿੱਚ ਜੇ ਕੋਈ ਫ਼ਰਕ ਹੈ ਤਾਂ ਸਿਰਫ਼ ਸੂਰਤ ਤੇ ਭੇਖ ਦਾ! ! !

ਗੁਰਇੰਦਰ ਸਿੰਘ ਪਾਲ

ਮਈ 07, 2017.
.