.

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਗੁਰਬਾਣੀ ਦੀ ਵਿਆਖਿਆ-੧
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰਮਾਤਮਾਂ ਦਿਸਦਾ ਨਹੀਂ ਪਰ ਅਨੁਭਵ ਕੀਤਾ ਜਾ ਸਕਦਾ ਹੈ ।ਇਸ ਅਨੁਭਵ ਨੂੰ ਸ਼ਬਦਾਂ ਵਿਚ ਬਿਆਨਣ ਲਈ ਢੁਕਵੇਂ ਸੰਬੋਧਕ ਪ੍ਰਤੀਕਾਂ ਦੀ ਲੋੜ ਪੈਂਦੀ ਹੈ। ਹਰ ਮੁੱਖ ਧਰਮ ਦਾ ਅਪਣਾ ਮੁੱਖ ਗ੍ਰੰਥ ਹੁੰਦਾ ਹੈ ਜੋ ਕਿਸੇ ਖਾਸ ਭਾਸ਼ਾ ਵਿਚ ਹੁੰਦਾ ਹੈ ਤੇ ਉਸ ਵਿਚ ਦਰਜ ਸੰਬੋਧਨ ਤੇ ਪ੍ਰਤੀਕ ਵੀ ਉਸੇ ਭਾਸ਼ਾ ਵਿਚ ਹੁੰਦੇ ਹਨ।ਹਰ ਧਾਰਮਿਕ ਗ੍ਰੰਥ ਇਕ ਖਾਸ ਧਰਾਤਲ ਤੇ ਸਿਰਜਿਆ ਹੁੰਦਾ ਹੈ ਤੇ ਇਹ ਸੰਬੋਧਨ ਤੇ ਪ੍ਰਤੀਕ ਵੀ ਉਸੇ ਧਰਾਤਲ ਵਿੱਚੋਂ ਲਏ ਜਾਂਦੇ ਹਨ।ਸਿੱਖ ਧਰਮ ਦਾ ਮੁਢਲਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੀ ਭਾਸ਼ਾ ਗੁਰਮੁਖੀ ਹੈ।ਸਿੱਖ ਧਰਮ ਵਿਚ ਪ੍ਰਮਾਤਮਾ ਦਾ ਸੰਬੋਧਨ ਗੁਰਮੁਖੀ ਭਾਸ਼ਾ ਵਿਚ ਹੈ ਤੇ ਪ੍ਰਤੀਕ ਵੀ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਧਰਾਤਲ ਤੇ ਗੁਰਮੁਖੀ ਭਾਸ਼ਾ ਵਿੱਚੋਂ ਹੀ ਲਏ ਗਏ ਹਨ ।੧ਓ, ਸਤਿਨਾਮ, ਕਰਤਾ ਪੁਰਖੁ, ਨਿਰਭਉ, ਨਿਰਵੈਰ, ਅਕਾਲ-ਮੂਰਤਿ, ਅਜੂਨੀ ਸੈਭੰ, ਗੁਰਪ੍ਰਸਾਦਿ ਸ੍ਰੀ ਗੁਰੁ ਗ੍ਰੰਥ ਸਾਹਿਬ ਮੁਢਲੇ ਪ੍ਰਤੀਕ ਹਨ ਜਿਨ੍ਹਾਂ ਰਾਹੀਂ ਪ੍ਰਮਾਤਮਾਂ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਸਾਰੇ ਪ੍ਰਤੀਕਾਂ ਦੀ ਵਿਆਖਿਆ ਲੱਭਣ ਲਈ ਸਾਨੂੰ ਕਿਸੇ ਪੁਰਾਤਨ ਜਾਂ ਆਧੁਨਿਕ ਗ੍ਰੰਥ ਦੀ ਲੋੜ ਨਹੀਂ ਕਿਉਂਕਿ ਹਰ ਪ੍ਰਤੀਕ ਦੀ ਢੁਕਵੀਂ ਵਿਆਖਿਆ ਦੇ ਮੇਚ ਦੇ ਧਰਾਤਲ ਤੇ ਸਾਨੂੰ ਇਸ ਮੁਢਲੇ ਗ੍ਰੰਥ ਵਿੱਚੋਂ ਹੀ ਮਿਲ ਜਾਂਦੀ ਹੈ ।ਇਸੇ ਲਈ ਏਥੇ ਇਨ੍ਹਾਂ ਸਾਰੇ ਪ੍ਰਤੀਕਾਂ ਦੀ ਵਿਆਖਿਆ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਧਾਰ ਲਿਆ ਗਿਆ ਹੈ।
੧ਓ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਦੇ ਮੰਗਲਾਚਰਣ ਜਾਂ ਮੂਲ-ਮੰਤ੍ਰ ਦਾ ਪਹਿਲਾ ਸ਼ਬਦ ੧ਓ ਹੈ ਜਿਸ ਨੂੰ ਇੱਕ ਓਅੰਕਾਰੁ ਜਾਂ ਏਕੰਕਾਰ ਕਰਕੇ ਉਚਾਰਿਆ ਜਾਂਦਾ ਹੈ।

ਏਕਮ ਏਕੰਕਾਰ ਨਿਰਾਲਾ ।। (ਪੰਨਾ ੮੩੮)
ਏਕੰਕਾਰ ਨਿਰੰਜਨ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ।। (ਪੰਨਾ ੯੧੬)
ਏਕੰਕਾਰ ਏਕ ਪਸਾਰਾ ਏਕੈ ਅਪਰ ਅਪਾਰਾ। (ਪੰਨਾ ੮੨੧)

ਤੇ

ਓਅੰਕਾਰ ਉਤਪਾਤੀ।।(ਪੰਨਾ ੧੦੦੩)
ਓਅੰਕਾਰ ਸਭ ਸ੍ਰਿਸਟ ਉਪਾਈ।। (ਪੰਨਾ ੧੦੬੧)
ਓਅੰਕਾਰ ਸੈਲ ਜੁਗ ਭਏ।। (ਪੰਨਾ ੯੨੯)
ਓਅੰਕਾਰ ਆਦਿ ਮੈ ਜਾਨਾ।।( ਪੰਨਾ ੩੨੦)


ਇੱਕ (੧)
ਹਿੰਦਸਾ ‘੧’ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ ਇੱਕ ਸ਼ਬਦ ਨਾਲ ਹੀ ਵਰਤਿਆ ਗਿਆ ਹੈ ਤੇ ਉਹ ਖਾਸ ਸ਼ਬਦ ਹੈ ੧ਓ । ਇਹ ਹਿੰਦਸਾ ‘੧’ ਏਥੇ ਉਸ ਪਰਮ ਪਿਤਾ ਪਰਮੇਸ਼ਰ ਦੀ ਵਿਲੱਖਣਤਾ ਤੇ ਉਸ ਦੀ ਸਮੁਚੀ ਪ੍ਰਭੂਸਤਾ ਦਾ ਪ੍ਰਤੀਕ ਹੈ, ਪ੍ਰਮ ਪਿਤਾ ਪ੍ਰਮਾਤਮਾ ਦੇ ਇਕੋ-ਇਕ ਅਪਣੇ ਜੇਹਾ ਹੋਣ ਦਾ ਲਖਾਇਕ ਹੈ ਜਿਸ ਬਰਾਬਰ ਦਾ ਹੋਰ ਕੋਈ ਨਹੀਂ।

ਏਕੋ ਹੈ ਭਾਈ ਏਕੋ ਹੈ।। (ਪੰਨਾ ੩੫੦)
ਏਕ ਤੂਹੀ ਏਕ ਤੂਹੀ ( ਪੰਨਾ, ੧੪੩, ੧੩੦੫) ਏਕ ਤੂਈ ਏਕ ਤੂਈ (ਪੰਨਾ ੮੧੨)
ਏਕਸ ਬਿਨ ਨਾਹੀ ਕੋ ਦੂਜਾ ।।(ਪੰਨਾ ੮੦੫)

ਇਸ ਤਰ੍ਹਾਂ ਇਹ ਪ੍ਰਭੂ ਦਾ ਪ੍ਰਭੂਤਵ, ਏਕਤਾ, ਵਿਲੱਖਣਤਾ ਤੇ ਅਦੁਤੀ ਹੋਣ ਦਾ ਵੀ ਪ੍ਰਤੀਕ ਹੈ।
ਉਸ ਦੇ ਨਿਰਾਲੇਪਣ ਦਾ ਵੀ ਲਖਾਇਕ ਹੈ:

ਏਕਮ ਏਕੰਕਾਰ ਨਿਰਾਲਾ (ਪੰਨਾ ੮੩੮)

ਉਹ ਇਕ ਹੀ ਜੋ ਸਾਰੇ ਵਿਸ਼ਵ ਦਾ ਰਚਣਹਾਰਾ ਹੈ ਤੇ ਅਪਣਾ ਵੀ, ਹੋਰ ਕੋਈ ਨਹੀਂ:

ਏਕੋ ਕਰਤਾ ਜਿਸ ਜਗ ਕੀਆ।। (ਪੰਨਾ ੧੧੮੮)
ਏਕਮ ਏਕੈ ਆਪ ਉਪਾਇਆ।। (ਪੰਨਾ ੧੧੩}

ਉਸਨੇ ਸਾਰਾ ਵਿਸ਼ਵ ਅਪਣੇ ਆਪ ਹੀ ਰਚਿਆ ਹੈ, ਕਿਸੇ ਦੀ ਮਦਦ ਨਹੀਂ ਲਈ:

ਏਕੋ ਕਰਤਾ ਆਪੇ ਆਪ। (ਪੰਨਾ ੧੨੭੧)
ਏਕੋ ਕਰਤਾ ਅਵਰ ਨ ਕੋਇ।। (ਪੰਨਾ ੧੧੭੭)
ਏਕੰਕਾਰ ਏਕ ਪਸਾਰਾ ਏਕੈ ਅਪਰ ਅਪਾਰਾ। (ਪੰਨਾ ੮੨੧)

ਉਸ ਦੇ ਇਕੋ ਬੋਲ ਨਾਲ ਸਾਰਾ ਜਗ ਰਚਿਆ ਗਿਆ:

ਏਕ ਕਵਾਵੈ ਤੇ ਸਭ ਹੋਆ।।(ਪੰਨਾ ੧੦੦੩)

ਉਹ ਸਾਰਾ ਜਗ ਰਚ ਕੇ ਵਿਚ ਆਪ ਵੀ ਹਰ ਥਾਂ ਰਚ ਗਿਆ;

ਏਕੋ ਏਕ ਰਵਿਆ ਸਭ ਠਾਈ।। (ਪੰਨਾ ੧੦੮੦)
ਏਕੋ ਏਕ ਰਹਿਆ ਭਰਪੂਰਿ।। (ਪੰਨਾ ੧੧੭੭)
ਏਕੋ ਏਕ ਵਰਤੇ ਹਰਿ ਲੋਇ।। (ਪੰਨਾ ੧੧੭੭)
ਏਕੋ ਏਕ ਵਰਤੇ ਸਭ ਸੋਈ।। (ਪੰਨਾ ੧ੁ੦੪੭)

ਉਸ ਇਕੋ ਦੇ ਸਰੀਰ ਵਿਚ ਹੀ ਸਾਰੀ ਸਮਗਰੀ ਹੈ ਜਿਸਨੂੰ ਉਹ ਅਨੇਕਾਂ ਰੰਗਾਂ ਵਿਚ ਵੱਖੋ ਵੱਖ ਤਰ੍ਹਾਂ ਦਰਸਾਉਂਦਾ ਹੈ।ਉਸ ਪ੍ਰਭੂ ਦੇ ਨਾਮ ਵਿਚ ਹੀ ਨੌ ਨਿਧਾਂ ਹਨ; ਸਾਰੇ ਵਿਸ਼ਵ ਦੇ ਖਜ਼ਾਨੇ ਹਨ।ਹਰ ਸਰੀਰ ਵਿਚ ਸਮਇਆ ਉਹ ਆਰਾਮ ਫੁਰਮਾਉਂਦਾ ਹੈ।ਉਹ ਹੀ ਸੁੰਨ ਅਵਸਥਾ ਵਿਚ ਵੀ ਤੇ ਸਮਾਧੀ ਅਵਸਥਾ ਵਿਚ ਵੀ ਆਪ ਹੀ ਆਉਂਦਾ ਹੈ ਤੇ ਉਸ ਦਾ ਨਾਦ ਅਣਛੋਹ ਹੁੰਦਾ ਹੈ, ਅਨਹਤ ਹੁੰਦਾ ਹੈ।ਉਹ ਜਿਸ ਅਵਸਥਾ ਵਿਚ ਵੀ ਹੋਵੇ ਉਹ ਬੜੇ ਅਚਰਜ ਭਰੀ ਵਿਸਮਾਦੀ ਅਵਸਥਾ ਹੁੰਦੀ ਹੈ।ਉਸ ਦੇ ਦੀਦ ਉਹ ਹੀ ਪਾ ਸਕਦਾ ਹੈ ਜਿਸ ਨੂੰ ਉਹ ਆਪ ਵਿਖਾਉਂਦਾ ਹੈ ਤੇ ਜਿਸ ਦੀ ਨਜ਼ਰੀਂ ਆਉਣਾ ਹੇਵੇ ਉਸ ਦੇ ਮਨ ਵਿਚ ਢੁਕਵੀਂ ਸੋਝੀ ਭਰ ਦਿੰਦਾ ਹੈ।ਜੋ ਉਹ ਅੰਦਰ ਹੈ ਤਾਂ ਉਹ ਬਾਹਰ ਵੀ ਅਨੰਤ ਤਕ ਫੈਲਿਆ ਹੋਇਆ ਹੈ। ਉਹ ਭਗਵਾਨ ਹਰ ਮਨ-ਸਰੀਰ ਵਿਚ ਵਸ ਰਿਹਾ ਹੈ; ਧਰਤੀ, ਜਲ ਤੇ ਆਕਾਸ਼; ਸਭ ਵਿਚ ਹੈ; ਉਹ ਪਾਰਬ੍ਰਹਮ ਹਰ ਵਣ, ਹਰ ਤਿਨਕੇ, ਹਰ ਪਰਬਤ ਵਿਚ ਹੈ।ਸਾਰੇ ਲੋਕਾਂ ਨੂੰ ਉਹ ਹਰ ਪੱਖੋਂ ਪੂਰੀ ਤਰ੍ਹਾਂ ਪ੍ਰਤਿਪਾਲਦਾ ਹੈ।ਜਿਹੋ ਜਿਹਾ ਉਸ ਦਾ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਦੇ ਕਰਮ ਬਣਦੇ ਜਾਂਦੇ ਹਨ।ਪੌਣ, ਪਾਣੀ ਤੇ ਅਗਨੀ ਵਿਚਕਾਰ, ਗਲ ਕੀ ਉਹ ਚਾਰੇ ਦਿਸ਼ਾਵਾਂ ਵਿਚ ਨਜ਼ਰ ਆਉਂਦਾ ਹੈ।ਕੋਈ ਵੀ ਥਾਂ ਉਸ ਤੋਂ ਵੱਖਰੀ ਨਹੀਂ। ਗਰੂ ਦੀ ਮਿਹਰ ਹੋਣ ਤੇ ਹੀ ਉਸ ਬਾਰੇ ਗਿਆਨ ਤੇ ਮਿਲਣੀ ਦਾ ਸੁੱਖ ਪ੍ਰਾਪਤ ਹੁੰਦਾ ਹੈ।

ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥ ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥ ਸੁੰਨ ਸਮਾਧਿ ਅਨਹਤ ਤਹ ਨਾਦ ॥ ਕਹਨੁ ਨ ਜਾਈ ਅਚਰਜ ਬਿਸਮਾਦ॥ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥ ਨਾਨਕ ਤਿਸੁ ਜਨ ਸੋਝੀ ਪਾਏ ॥ ੧ ॥ ਸੋ ਅੰਤਰਿ ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥ ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥ ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥ ਤਿਸ ਤੇ ਭਿੰਨ ਨਹੀ ਕੋ ਠਾਉ ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥ ੨ ॥

ਚਾਹੇ ਵੇਦਾਂ, ਪੁਰਾਣਾਂ, ਸਿਮ੍ਰਿਤੀਆਂ ਵਿਚ ਦੇਖੀਏ ਤ ਫਿਰ ਚੰਦ, ਸੂਰਜ ਤੇ ਤਾਰਿਆਂ ਵਿਚ ਵੇਖੀਏ ਤਾਂ ਸਭ ਥਾਂ ਉਹ ਇਕੋ ਹੀ ਹੈ। ਹਰ ਕੋਈ ਪ੍ਰਭੂ ਦੇ ਬਖਸ਼ੇ ਬੋਲ ਬੋਲਦਾ ਹੈ।ਉਹ ਆਪ ਅਡੋਲ ਹੈ; ਕਦੇ ਵੀ ਡੋਲਦਾ ਨਹੀਂ ।ਹਰ ਢੰਗ ਦੀ ਖੇਲ੍ਹ ਖੇਲ੍ਹਦਾ ਹੈ।ਉਸ ਦੇ ਗੁਣ ਅਣਮੁਲ ਹਨ ਜਿਸ ਦੀ ਕੀਮਤ ਪਾਈ ਹੀ ਨਹੀਂ ਜਾ ਸਕਦੀ।ਹਰ ਜੋਤ ਵਿਚ ਉਸਦੀ ਜੋਤ ਹਾਜ਼ਿਰ ਹੈ।ੳਪਰ ਥਲੇ ਸਭ ਤਾਂ ਸੁਆਾਮੀ ਪਰਨਾਤਮਾ ਨੇ ਅਪਣਾ ਆਪਾ ਫੈਲਾਇਆ ਹੋਇਆ ਹੈ।ਗੁਰੂ (ਪ੍ਰਮਾਤਮਾ) ਦੀ ਮਿਹਰ ਸਦਕਾ ਸਾਡੇ ਸਾਰੇ ਭਰਮ ਤੇ ਡਰ ਦਾ ਨਾਸ ਹੋ ਜਾਂਦਾ ਹੈ।ਗੁਰੁ ਜੀ ਕਹਿੰਦੇ ਹਨ ਕਿ ਉਸ ਵਿਚ ਏਨਾ ਵਿਸ਼ਵਾਸ਼ ਹੋਣਾ ਚਾਹੀਦਾ ਹੈ।

ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥ ਸਸੀਅਰ ਸੂਰ ਨਖੵਤ੍ਰ ਮਹਿ ਏਕੁ ॥ ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ ਆਪਿ ਅਡੋਲੁ ਨ ਕਬਹੂ ਡੋਲੈ ॥ ਸਰਬ ਕਲਾ ਕਰਿ ਖੇਲੈ ਖੇਲ ॥ ਮੋਲਿ ਨ ਪਾਈਐ ਗੁਣਹ ਅਮੋਲ ॥ ਸਰਬ ਜੋਤਿ ਮਹਿ ਜਾ ਕੀ ਜੋਤਿ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥ ਗੁਰ ਪਰਸਾਦਿ ਭਰਮ ਕਾ ਨਾਸੁ ॥ ਨਾਨਕ ਤਿਨ ਮਹਿ ਏਹੁ ਬਿਸਾਸੁ ॥ ੩ ॥

ਉਹ ਆਪ ਵੀ ਸਤਿ (ਸਦੀਵੀ) ਹੈ ਤੇ ਉਸ ਦਾ ਸਭ ਕੀਤਾ ਵੀ ਸਚ ਹੈ। ਉਸ ਪ੍ਰਭੂ ਤੋਂ ਸਾਰਾ ਬ੍ਰਹਿਮੰਡ ਉਪਜਿਆ ਹੈ।ਜਦ ਉਸ ਨੂੰ ਭਾਉਂਦਾ ਹੈ ਤਾਂ ਬ੍ਰਹਮੰਡੀ ਵਿਸਥਾਰ ਕਰ ਦਿੰਦਾ ਹੈ ਤੇ ਫਿਰ ਜਦ ਭਾਉਂਦਾ ਹੈ ਤਾਂ ਸਭ ਨੂੰ ਮਿਟਾ ਕੇ ਅਪਣੇ ਆਪ ਵਿਚ ਮਿਲਾ ਕੇ ਇਕ ਕਰ ਲੈਂਦਾ ਹੈ।ਉਸ ਦੀਆਂ ਕਲਾਵਾਂ ਅਣਗਿਣਤ ਹਨ, ਬਿਆਨੋਂ ਬਾਹਰ ਹਨ। ਜਿਸ ਨੂੰ ਚਾਹੁੰਦਾ ਹੈ ਅਪਣੇ ਆਪ ਵਿਚ ਮਿਲਾ ਲੈਂਦਾ ਹੈ।ਉਸ ਦੇ ਕਿਹੜਾ ਨੇੜੇ ਹੈ ਕਿਹੜਾ ਦੂਰ, ਜਦ ਉਹ ਵਿਸ਼ਵ ਦੀ ਹਰ ਕਿਰਤ ਵਿਚ ਆਪ ਹਾਜ਼ਿਰ ਹੈ।ਜਿਸ ਨੂੰ ਵੀ ਉਹ ਆਤਮ ਗਿਆਨ ਆਪ ਦਿੰਦਾ ਹੈ, ਗੁਰੂ ਜੀ ਫੁਰਮਾਉਂਦੇ ਹਨ ਉਸ ਜੀਵ ਨੂੰ ਅਪਣੀ ਅਸਲੀਅਤ ਉਹ ਆਪ ਹੀ ਬੁਝਾ ਦਿੰਦਾ ਹੈ।

ਆਪਿ ਸਤਿ ਕੀਆ ਸਭੁ ਸਤਿ॥ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ ॥ ਤਿਸੁ ਭਾਵੈ ਤਾ ਏਕੰਕਾਰੁ ॥ ਅਨਿਕ ਕਲਾ ਲਖੀ ਨਹ ਜਾਇ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥ ਕਵਨ ਨਿਕਟਿ ਕਵਨ ਕਹੀਐ ਦੂਰਿ ॥ ਆਪੇ ਆਪਿ ਆਪ ਭਰਪੂਰਿ ॥ ਅੰਤਰਗਤਿ ਜਿਸੁ ਆਪਿ ਜਨਾਏ ॥ ਨਾਨਕ ਤਿਸੁ ਜਨ ਆਪਿ ਬੁਝਾਏ ॥ ੫ ॥

ਬੀਤੇ ਵਿਚ ਜੋ ਵੀ ਹੋਇਆ ਉਸ ਨੇ ਆਪ ਹੀ ਕੀਤਾ। ਉਹਦੀਆਂ ਏਨੀਆਂ ਨਜ਼ਰਾਂ ਹਨ ਕਿ ਉਹ ਸਭ ਨੂੰ ਆਪ ਹੀ ਵੇਖਦਾ ਹੈ ਭਾਵ ਉਹ ਸਭ ਦੇ ਕੰਮ ਤੇ ਨਜ਼ਰ ਰਖਦਾ ਹੈ। ਵਿਸ਼ਵ ਦੀ ਸਾਰੀ ਸਮਗਰੀ ਉਸੇ ਦੇ ਆਧਾਰ ਤੇ ਹੈ; ਜੋ ਵੀ ਜਸ ਹੁੰਦਾ ਹੈ ਉਹ ਕਰਨ ਵਾਲਾ ਵੀ ਤੇ ਸੁਣਨ ਵਾਲਾ ਵੀ ਆਪ ਹੈ।ਉਸ ਨੇ ਆਉਣ ਜਾਣ ਦਾ ਤਾਂ ਇੱਕ ਖੇਡ ਬਣਾਇਆ ਹੋਇਆ ਹੈ ਜਿਸ ਵਿਚ ਮਾਇਆਂ ਨੂੰ ਆਗਿਆਕਾਰੀ ਕਰ ਸਭ ਖੇਡ ਰਚਾਇਆ ਹੋਇਆ ਹੈ।ਉਹ ਸਂਭ ਵਿਚਕਾਰ ਰਹਿੰਦਾ ਹੋਇਆ ਵੀ ਅਲਿਪਿਤ-ਅਛੂਹ ਰਹਿੰਦਾ ਹੈ।ਜੋ ਕਹਿਣਾ ਹੁੰਦਾ ਹੈ ਆਪ ਹੀ ਕਹਿੰਦਾ ਹੈ।ਜੋ ਵੀ ਇਸ ਜਗ ਤੇ ਆਉਂਦਾ ਹੈ ਉਸ ਦੇ ਹੁਕਮ ਨਾਲ ਹੀ ਆਉਂਦਾ ਹੈ ਤੇ ਜਾਂਦਾ ਵੀ ਉਸਦੇ ਹੁਕਮ ਨਾਲ ਹੀ ਹੈ।ਗੁਰੂ ਜੀ ਕਹਿੰਦੇ ਹਨ ਜੋ ਉਸ ਨੂੰ ਚੰਗਾ ਲਗਦਾ ਹੈ ਉਸ ਨੂੰ ਅਪਣੇ ਵਿਚ ਸਮਾ ਲੈਂਦਾ ਹੈ ਮੁਕਤ ਕਰ ਦਿੰਦਾ ਹੈ।

ਸਰਬ ਭੂਤ ਆਪਿ ਵਰਤਾਰਾ॥ ਸਰਬ ਨੈਨ ਆਪਿ ਪੇਖਨਹਾਰਾ॥ ਸਗਲ ਸਮਗ੍ਰੀ ਜਾ ਕਾ ਤਨਾ ॥ਆਪਨ ਜਸੁ ਆਪ ਹੀ ਸੁਨਾ॥ ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥ ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥ ੬ ॥ (ਪੰਨਾ ੨੯੩-੨੯੫)
ਸਾਰੇ ਉਸ ਇਕੋ ਦੇ ਨੂਰ ਵਿੱਚੋਂ ਉਪਜੇ ਹਨ:

ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ।। (ਪੰਨਾ ੧੩੫)

‘ਇਕੋ’ ਉਹ ਹੀ ਸਭ ਦੇ ਪਿਤਾ ਸਮਾਨ ਹੈ ਜਿਸ ਦੇ ਅਸੀਂ ਸਭ ਬਾਲਕ ਹਾਂ। ਪਿਤਾ ਹੋਣੇ ਦੇ ਨਾਤੇ ਉਹ ਹੀ ਸਾਡਾ ਪਹਿਲਾ ਗੁਰੂ ਵੀ ਹੈ:

ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।। (ਪੰਨਾ ੬੧੧)

ਉਹ ਹਰ ਦਿਲ, ਹਰ ਥਾਂ ਹਰ ਜਲ ਥਲ ਵਿਚ ਸਮਾਇਆ ਹੋਇਆ ਹੈ ਤੇ ਸਭ ਕੁਝ ਆਪ ਹੀ ਕਰਦਾ ਕਰਾਉਂਦਾ ਤੇ ਵੇਖਦਾ ਹੈ:

ਏਕੋ ਆਪ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ।। (ਪੰਨਾ ੪੩੨)
ਏਕੰਕਾਰ ਨਿਰੰਜਨ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ।। (ਪੰਨਾ ੯੧੬)

ਉਸ ਇਕੋ ਨੇ ਹੀ ਸਭ ਨੂੰ ਇਕੋ ਸੂਤਰ ਵਿਚ ਪਰੋਇਆ ਹੈ:

ਏਕੋ ਸੂਤ ਪ੍ਰੋਏ ਮਣੀਏ।। (ਪੰਨਾ ੮੮੬)
ਸਗਲ ਸਮਗਰੀ ਏਕਸ ਘਟ ਮਾਹਿ।। (ਪੰਨਾ ੨੯੩)
ਸਗਲ ਸਮਗਰੀ ਤੁਮਰੇ ਸੂਤਰ ਧਾਰੀ।।(ਪੰਨਾ ੨੬੮)
ਸਗਲ ਸਮਗਰੀ ਜਾ ਕੈ ਸੂਤ ਪਰੋਈ ।। (ਪੰਨਾ ੩੮੭)

ਉਹ ਆਪ ਹੀ ਸਾਰੇ ਵਿਸ਼ਵ ਵਿਚ ਸਮਾ ਕੇ ਨਿਰਗੁਣ ਤੋਂ ਸਰਗੁਣ ਬਣ ਗਿਆ:

ਏਕੈ ਪਰਗਟ ਏਕੈ ਗੁਪਤਾ ਏਕੈ ਧੁਧੂਕਾਰ।। (ਪੰਨਾ ੧੨੧੫)
ਏਕ ਰੂਪ ਜਾ ਕੇ ਰੰਗ ਅਨੇਕ ।।(ਪੰਨਾ ੧੨੧੫)
ਏਕ ਰੂਪ ਸਗਲੋ ਪਾਸਾਰ (ਪੰਨਾ ੮੦੩)
ਏਕ ਤੂ ਹੋਰ ਵੇਸ ਬਹੁਤੇਰੇ ।। (ਪੰਨਾ ੩੫੬)

ਪ੍ਰਮਾਤਮਾ ਦੇ ਨਾਮ ਅਨੇਕਾਂ ਹਨ ਪਰ ਹੈ ਪਰਮਾਤਮਾ ਇਕ ਹੀ ਜਿਸ ਨੂੰ ਕੋਈ ਅੱਲਾ, ਕੋਈ ਰਾਮ, ਕੋਈ ਪਾਰਬ੍ਰਹਮ ਜਾਂ ਕਿਸੇ ਹੋਰ ਨਾਮ ਨਾਲ ਯਾਦ ਕਰਦਾ ਹੈ;
ਏਕੋ ਅਲਾ ਪਾਰਬਰਹਮ (ਪੰਨਾ ੮੯)

ਉਸ ਇਕੋ ਦਾ ਨਾਮ ਲਏ ਤੇ ਹੀ ਭਵਸਾਗਰ ਨੁਮਾ ਜੱਗ ਨੂੰ ਤਰਿਆ ਜਾ ਸਕਦਾ ਹੈ:

ਏਕੁ ਨਾਮੁ ਤਾਰ ਸੰਸਾਰ।। (ਪੰਨਾ ੧੧੨੫)
ਏਕੁ ਨਾਮੁ ਆਧਾਰ ਭਉਜਲ ਤਰਾਈਐ। (ਪੰਨਾ ੩੫੬)


ਏਥੇ ‘ਇਕ’ ਪਰਮ ਪਿਤਾ ਪ੍ਰਮੇਸ਼ਵਰ ਦਾ ਪ੍ਰਤੀਕ ਹੈ ਜੋ ਉਸ ਇੱਕੋ ਇੱਕ ਦੇ ਸਮੁਚੇ ਵਿਸ਼ਵ ਦੇ ਪ੍ਰਭੂਤਵ, ਵਿਲੱਖਣਤਾ ਤੇ ਅਦੁੱਤੀਪਣ ਨੂੰ ਦਰਸਾਉਦਾ ਹੈ। ‘ਇੱਕ’ ਉਹ ਹੀ ਸਾਰੀ ਦੁਨੀਆਂ ਦਾ ਰਚਿਤਾ ਹੈ ।ਇਸ ਦੀ ਸ਼ਾਹਦੀ ਅਤੇ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਹੈ।ਉਸ ਨੇ ਸਾਰਾ ਵਿਸ਼ਵ ਇੱਕ ਮਣਕੇ ਵਿੱਚ ਪ੍ਰੋਇਆ ਹੈ ਤੇ ਸਮੁਚੀ ਰਚਨਾ ਵਿਚ ਉਹ ਆਪ ਵੀ ‘ਜੋਤ’ ਬਣ ਕੇ ਰਚਿਆ ਹੋਇਆ ਹੈ।ਇਸ ਤਰ੍ਹਾਂ ਉਹ ਨਿਰਗੁਣ ਹੁੰਦੇ ਹੋਏ ਸਰਗੁਣ ਵੀ ਹੈ ਤੇ ਉਸ ਦੀ ਏਕਤਾ ਵਿਚ ਅਨੇਕਤਾ ਦਾ ਵੀ ਲਖਾਇਕ ਹੈ । ਪ੍ਰਮਾਤਮਾ ਦੇ ਅਨੇਕਾਂ ਨਾਮ ਸ੍ਰੀ ਗੁ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਪਰ ਬਿਨਾ ਕਿਸੇ ਵੀ ਨਾਮ ਨੂੰ ਸਮੁਚਾ ਮਹੱਤਵ ਦਿੰਦਿਆਂ ਉਸ ਦਾ ਕੋਈ ਵੀ ਨਾਮ ਲਿਆ ਜਾ ਸਕਦਾ ਹੈ। ਇਸ ਲਈ ਉਸਨੂੰ ‘ਨਾਮ’ ਵੀ ਕਿਹਾ ਗਿਆ ਹੈ ਜੋ ਕਿਸੇ ਵੀ ਧਰਮ, ਜਾਤੀ, ਫਿਰਕੇ ਅਨੁਸਾਰ ਚੁਣਿਆ ਜਾ ਸਕਦਾ ਹੈ। ਪਰਮਾਤਮਾ ਦੇ ਇਸ ਚੁਣੇ ਹੋਏ ‘ਨਾਮ’ ਨੂੰ ਜਪਣ, ਸਿਮਰਨ, ਧਿਆਨ ਧਰਨ ਤੇ ਹੀ ਉਸ ਨੂੰ ਪਾਇਆ ਜਾ ਸਕਦਾ ਹੈ। ਉਹ ‘ਇੱਕ’ ਹੀ ‘ਸਤਿ’ ਹੈ ਤੇ ਉਸਦਾ ਕੀਤਾ ਵੀ ਸਭ ‘ਸਤਿ’ ਹੈ ਕਿਉਂਕਿ ਉਹ ਜਦ ਵੀ ਚਾਹੁੰਦਾ ਹੈ ਵਿਸ਼ਵ ਨੂੰ ਰਚਦਾ ਹੈ ਤੇ ਜਦ ਉਸ ਨੂੰ ਭਾਵੇ ਸਭ ਕੁਝ ਅਪਣੇ ਵਿਚ ਮਿਲਾਕੇ ਫਿਰ ‘ਇੱਕ’ ਹੀ ਰਹਿੰਦਾ ਹੈ।




.