.

ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ

(ਸੁਖਜੀਤ ਸਿੰਘ ਕਪੂਰਥਲਾ)

ਅਕਾਲ ਪੁਰਖ ਵੱਲੋਂ ਸਾਜੀ ਗਈ ਸ੍ਰਿਸ਼ਟੀ ਦੇ ਬੇਅੰਤ ਜੀਵਾਂ ਵਿੱਚੋਂ ਮਨੁੱਖਾ ਜੂਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਇਸ ਨੂੰ ਆਪਣੀ ਉੱਤਮਤਾ ਕਾਇਮ ਰੱਖਣ ਲਈ ਹਰ ਸਮੇਂ ਭਲੇ ਪਾਸੇ ਯਤਨਸ਼ੀਲ ਰਹਿਣ ਦੀ ਹਦਾਇਤ ਗੁਰਬਾਣੀ ਅੰਦਰ ਬਾਰ-ਬਾਰ ਕੀਤੀ ਗਈ ਹੈ। ਜਿਸ ਲਈ ਇਸ ਨੂੰ ਪ੍ਰਮੇਸ਼ਰ ਦੇ ਨਾਮ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਜਿਸ ਦੇ ਗੁਣਾਂ ਨੂੰ ਗਾਉਣ ਨਾਲ ਮਨੁੱਖ ਦੇ ਜੀਵਨ ਅੰਦਰ ਵੀ ਇਨ੍ਹਾ ਗੁਣਾਂ ਦਾ ਸੰਚਾਰ ਹੋ ਜਾਂਦਾ ਹੈ। ਇਨ੍ਹਾ ਗੁਣਾਂ ਵਿੱਚੋਂ ਇੱਕ ਗੁਣ ਹੈ ਪ੍ਰਮੇਸ਼ਰ ਦਾ ਪਰਉਪਕਾਰੀ ਹੋਣਾ। ਪਰਉਪਕਾਰ ਦਾ ਅਰਥ ਹੈ ਕਿ ਨਿਰਸੁਆਰਥ ਹੋ ਕੇ ਦੂਜਿਆਂ ਦੀ ਭਲਾਈ ਲਈ ਹਰ ਸਮੇਂ ਯਤਨਸ਼ੀਲ ਰਹਿਣਾ। ਐਸੇ ਪਰਉਪਕਾਰੀ ਜੀਵਨ ਵਾਲੇ ਉਹੀ ਬਨਣ ਦੇ ਸਮਰੱਥ ਹੁੰਦੇ ਹਨ ਜੋ ਇੱਕ ਅਕਾਲ ਪੁਰਖ ਦੇ ਸਿਮਰਨ ਨਾਲ ਜੁੜਕੇ ਉਸਦੇ ਪਰਉਪਕਾਰਤਾ ਵਾਲੇ ਗੁਣ ਨੂੰ ਜੀਵਨ ਜਾਚ ਦਾ ਹਿੱਸਾ ਬਣਾ ਲੈਂਦੇ ਹਨ। ਐਸੇ ਉਚੇ-ਸੁਚੇ ਜੀਵਨ ਵਾਲੇ ਗੁਰਮੁਖਾਂ ਦੀ ਵਡਿਆਈ ਕਰਦੇ ਹੋਏ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਉਨ੍ਹਾਂ ਤੋਂ ਬਲਿਹਾਰ ਜਾਂਦੇ ਹੋਏ ਬਖਸਿਸ਼ ਭਰੇ ਬਚਨ ਉਚਾਰਦੇ ਹਨ:-
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ॥
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ॥
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ॥
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ॥
(ਗਉੜੀ ਸੁਖਮਨੀ ਮਹਲਾ 5-263)

ਅਕਾਲ ਪੁਰਖ ਦੇ ਗੁਣ ਗਾਨ ਕਰਦਿਆਂ-ਕਰਦਿਆਂ ਜਿਹੜੇ ਜੀਵਾਂ ਦੇ ਅੰਦਰ ਪਰਉਪਕਾਰਤਾ ਵਾਲਾ ਗੁਣ ਆ ਜਾਂਦਾ ਹੈ, ਉਹ ਫਿਰ ਦਰਖਤ ਦੀ ਨਿਆਈਂ ਬਣ ਜਾਂਦੇ ਹਨ, ਜਿਵੇਂ ਕਿਸੇ ਫਲਦਾਰ ਦਰਖਤ ਨੂੰ ਭਾਵੇਂ ਕੋਈ ਵੱਟੇ ਕਿਉਂ ਨਾ ਮਾਰੇ, ਪੰਛੀ ਉਸ ਦਰਖਤ ਤੇ ਵਿੱਠਾਂ ਕਰ-ਕਰ ਕੇ ਉਸ ਨੂੰ ਗੰਦਾ ਵੀ ਕਿਉਂ ਨਾ ਕਰ ਰਹੇ ਹੋਣ, ਪਰ ਉਹ ਦਰਖਤ ਫਿਰ ਵੀ ਖਾਣ ਲਈ ਮਿੱਠੇ ਸਵਾਦਲੇ ਫਲ ਹੀ ਦਿੰਦਾ ਹੈ। ਠੀਕ ਇਸੇ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਵੈਰ-ਵਿਰੋਧ, ਈਰਖਾ-ਦਵੈਸ਼ ਵਰਗੇ ਅਉਗਣਾਂ ਦਾ ਖਾਤਮਾ ਹੋ ਜਾਵੇ ਉਹ ਸਹੀ ਅਰਥਾਂ ਵਿੱਚ ਗੁਰਮੁਖ ਦੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਰਸਤੇ ਉਪਰ ਚੱਲ ਕੇ ਪਰਉਪਕਾਰਤਾ ਵਾਲਾ ਗੁਣ ਧਾਰਨ ਕਰਨ ਲਈ ਪ੍ਰੇਰਿਤ ਕਰਨਾ ਹੀ ਉਸ ਦਾ ਵਿਹਾਰ ਬਣ ਜਾਂਦਾ ਹੈ। ਇਸ ਪ੍ਰਥਾਇ ਭਗਤ ਕਬੀਰ ਜੀ ਦਾ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਾਡੀ ਅਗਵਾਈ ਕਰਦਾ ਹੈ:-
ਕਬੀਰ ਦਾਤਾ ਤਰਵਰੁ ਦਯਾ ਫਲ ਉਪਕਾਰੀ ਜੀਵੰਤ॥
ਪੰਥੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ॥ 230॥
(ਸਲੋਕ ਕਬੀਰ ਜੀ-1376)

ਇਸੇ ਹੀ ਵਿਸ਼ੇ ਉਪਰ ਗੁਰਮਤਿ ਦੇ ਮਹਾਨ ਪ੍ਰਚਾਰਕ ਅਤੇ ਵਿਆਖਿਆਕਾਰ ਭਾਈ ਗੁਰਦਾਸ ਜੀ ਵੀ ਆਪਣੀ 20ਵੀਂ ਵਾਰ ਦੀ ਪਉੜੀ ਨੰਬਰ 11 ਰਾਹੀਂ ਸਿਖਿਆ ਦਿੰਦੇ ਹਨ ਕਿ ਸੰਸਾਰ ਅੰਦਰ ਦਰਖਤ ਸਿਰ ਨੀਵਾਂ ਕਰਕੇ ਪੈਦਾ ਹੁੰਦਾ ਹੈ ਅਤੇ ਸਿਰ ਨਿਵਾ ਕੇ ਅਡੋਲ ਖੜਾ ਰਹਿੰਦਾ ਹੈ। ਜਦੋਂ ਫਲਾਂ ਨਾਲ ਭਰ ਜਾਂਦਾ ਹੈ ਤਾਂ ਵੱਟੇ ਸਹਾਰ ਕੇ ਫਲ ਦਿੰਦਾ ਹੈ। ਜਦੋਂ ਉਸ ਦਰਖਤ ਦੀ ਲੱਕੜ ਨੂੰ ਆਰੇ ਨਾਲ ਚੀਰ ਕੇ ਜਹਾਜ਼ ਬਣਾਇਆ ਜਾਂਦਾ ਹੈ ਤਾਂ ਆਪਣੇ ਕੱਟਣ ਵਾਲੇ ਤੇ ਵੀ ਪਰਉਪਕਾਰ ਕਰਦਾ ਹੋਇਆ ਪਾਣੀ ਵਿੱਚੋਂ ਉਸਨੂੰ ਵੀ ਪਾਰ ਕਰਵਾਉਣ ਦੇ ਸਮਰੱਥ ਬਣ ਜਾਂਦਾ ਹੈ। ਇਸ ਪਉੜੀ ਰਾਹੀਂ ਭਾਈ ਸਾਹਿਬ ਜੀ ਨੇ ਰੁਪਕ ਅਲੰਕਾਰ ਦੁਆਰਾ ਪ੍ਰਮੇਸ਼ਰ ਦੇ ਗੁਣਾਂ ਨਾਲ ਜੁੜੇ ਹੋਏ ਸਿੱਖਾਂ ਦੇ ਪਰਉਪਕਾਰ ਦਾ ਵਰਨਣ ਕੀਤਾ ਹੈ ਕਿ ਭਾਵੇਂ ਸਿੱਖ ਨੂੰ ਕਿੰਨਾ ਵੀ ਦੁੱਖ ਕਿਉਂ ਨਾ ਮਿਲੇ, ਪਰ ਸਿੱਖ ਗੁਰੂ ਦੇ ਬਚਨ ‘ਅਉਗਣ ਸਭਿ ਮਿਟਾਇ ਕੈ ਪਰਉਪਕਾਰ ਕਰੇਇ’ (218) ਵਾਲਾ ਕਰਮ ਹੀ ਕਰਦਾ ਹੈ। ਭਾਈ ਗੁਰਦਾਸ ਜੀ ਦੀ ਉਚਾਰਣ ਕੀਤੀ ਪੂਰੀ ਪਉੜੀ ਇਸ ਤਰ੍ਹਾ ਹੈ:-
ਹੋਇ ਬਿਰਖੁ ਸੰਸਾਰੁ ਸਿਰ ਤਲਵਾਇਆ॥
ਨਿਹਚਲੁ ਹੋਇ ਨਿਵਾਸੁ ਸੀਸੁ ਨਿਵਾਇਆ॥
ਹੋਇ ਸੁਫਲ ਫਲੁ ਸਫਲੁ ਵਟ ਸਹਾਇਆ॥
ਸਿਰਿ ਕਰਵਤੁ ਧਰਾਇ ਜਹਾਜੁ ਬਣਾਇਆ॥
ਪਾਣੀ ਦੇ ਸਿਰਿ ਵਾਟ ਰਾਹੁ ਚਲਾਇਆ॥
ਸਿਰਿ ਕਰਵਤੁ ਧਰਾਇ ਸੀਸ ਚੜਾਇਆ॥ 11॥
(ਵਾਰ 20 ਪਉੜੀ 11)

“ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ” (263) ਵਾਲੀ ਉੱਚ ਪਾਏ ਦੀ ਜੀਵਨ ਅਵਸਥਾ ਦੇ ਧਾਰਨੀ ਮਨੁੱਖਾਂ ਨੂੰ ਗੁਰਬਾਣੀ ਅੰਦਰ ‘ਬ੍ਰਹਮਗਿਆਨੀ ਪਰਉਪਕਾਰ ਉਮਾਹਾ’ (273) ਦੀ ਪਦਵੀ ਨਾਲ ਨਿਵਾਜਿਆ ਗਿਆ ਹੈ। ਐਸੇ ਮਨੁੱਖਾਂ ਬਾਰੇ ਟੋਡੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਦਸਦੇ ਹਨ ਕਿ ਜਿਨ੍ਹਾਂ ਨੂੰ ਪਰਾਏ ਦੁੱਖ ਨਾਲ ਦੁੱਖ ਪਹੁੰਚਦਾ ਹੈ ਅਤੇ ਜਿਨ੍ਹਾਂ ਨੂੰ ਹਰ ਵੇਲੇ ਪਰਉਪਕਾਰ ਕਰਨ ਦਾ ਫਿਕਰ ਬਣਿਆ ਰਹਿੰਦਾ ਹੈ, ਉਹੀ ਸਤਿਗੁਰੂ ਦੇ ਸਿੱਖ ਹਨ। ਇਸ ਦੇ ਉਲਟ ਜਿਹੜੇ ਕਿਸੇ ਦੂਜੇ ਦੀ ਦੁੱਖਮਈ ਦਸ਼ਾ ਨੂੰ ਮਹਿਸੂਸ ਹੀ ਨਹੀਂ ਕਰਦੇ, ਉਹ ਅਸਲ ਵਿੱਚ ਧਰਮ ਤੋਂ ਵੇਮੁੱਖ ਹਨ। ਇਸ ਪ੍ਰਥਾਇ ਗੁਰਬਾਣੀ ਦੇ ਬਚਨ ਹਨ:-
ਨਾਨਾ ਝੂਠਿ ਲਾਇ ਮਨੁ ਤੋਖਿਓ ਨਾ ਬੂਝਿਓ ਅਪਨਾਇਓ॥
ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ॥
(ਟੋਡੀ ਮਹਲਾ 5-712)

ਵਿਚਾਰਣ ਵਾਲਾ ਪੱਖ ਹੈ ਕਿ ਜਿਸ ਗੁਰੂ ਦੇ ਸਿੱਖਾਂ ਦੇ ਜੀਵਨ ਅੰਦਰ ਪਰਉਪਕਾਰ ਦੀ ਭਾਵਨਾ ਇੰਨੀ ਪ੍ਰਬਲ ਰੂਪ ਵਿੱਚ ਮੌਜੂਦ ਰਹਿੰਦੀ ਹੈ, ਐਸੇ ਗੁਰਸਿੱਖਾਂ ਦੇ ਸਿਖਿਆ ਦਾਤੇ ਸਤਿਗੁਰੂ ਕਿੰਨੇ ਪਰਉਪਕਾਰੀ ਹੋਣਗੇ। ਇਸ ਸਬੰਧੀ ਅਸੀਂ ਜਦੋਂ ਗੁਰ ਇਤਿਹਾਸ ਵਿੱਚ ਪੜਦੇ ਹਾਂ ਤਾਂ ਸਾਡੇ ਸਾਹਮਣੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੇਅੰਤ ਗੁਣਾਂ ਵਿੱਚੋਂ ਭਾਈ ਗੁਰਦਾਸ ਜੀ ਦੁਆਰਾ ਵਰਨਣ ਕੀਤੇ ਗਏ-ਵੈਰੀਆਂ ਦੇ ਦਲਾਂ ਦਾ ਨਾਸ ਕਰਨ ਵਾਲੇ, ਵੱਡੇ ਸੂਰਮੇ, ਪਰਉਪਕਾਰੀ ਸਖਸ਼ੀਅਤ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਹ ਪਾਵਨ ਬਚਨ ਅਸੀਂ ਅਕਸਰ ਹੀ ਕੀਰਤਨ ਰੂਪ ਵਿੱਚ ਗਾਉਂਦੇ-ਸੁਣਦੇ ਹਾਂ:-
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ॥
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ॥
ਚੱਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ॥
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ॥
(ਵਾਰ 1 ਪਉੜੀ 40)

ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਇਤਿਹਾਸ ਵਿਚੋਂ ਅਨੇਕਾਂ ਉਦਾਹਰਣਾਂ ਉਹਨਾਂ ਦੇ ਜੀਵਨ ਅੰਦਰ ਪਰਉਪਕਾਰਤਾ ਦੀ ਗਵਾਹੀ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਹਨ। ਮੁਸਲਮਾਨ ਪੈਂਦੇ ਖਾਂ, ਜਿਸ ਦੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਪਾਲਣਾ ਪੋਸ਼ਣਾ, ਪੜਾਈ-ਲਿਖਾਈ, ਸਿਖਲਾਈ ਆਦਿਕ ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਕਰਵਾਈ ਸੀ। ਜਦੋਂ ਉਹ ਹੰਕਾਰ ਵਸ ਹੋ ਕੇ ਕਰਤਾਰਪੁਰ ਦੀ ਜੰਗ ਵਿੱਚ ਉਲਟਾ ਗੁਰੂ ਪਾਤਸ਼ਾਹ ਦਾ ਵਿਰੋਧੀ ਬਣ ਕੇ ਹਮਲਾਵਰ ਹੋਇਆ ਤਾਂ ਸਤਿਗੁਰਾਂ ਵੱਲੋਂ ਪੈਂਦੇ ਖਾਂ ਨੂੰ ਤਿੰਨ ਵਾਰ ਪਹਿਲਾਂ ਹੱਲਾ ਕਰਨ ਦਾ ਮੌਕਾ ਦਿੱਤਾ, ਜਦੋਂ ਉਹ ਇੱਕ ਵੀ ਵਾਰ ਕਾਮਯਾਬੀ ਹਾਸਲ ਨਾਂ ਕਰ ਸਕਿਆ ਤਾਂ ਪਾਤਸ਼ਾਹ ਜੀ ਨੇ ਕਿਹਾ ਸੀ-ਪੈਂਦੇ ਖਾਂ! ਤੈਨੂੰ ਇੰਨੀ ਸ਼ਸ਼ਤਰ ਵਿਦਿਆ ਸਿਖਾਈ ਸੀ, ਕੀ ਹੋਇਆ ਅੱਜ ਇੱਕ ਵੀ ਵਾਰ ਨਹੀਂ ਕਰ ਸਕਿਆ। ਸਾਹਿਬਾਂ ਦੇ ਇਕੋ ਵਾਰ ਨਾਲ ਜਦੋਂ ਧਰਤੀ ਤੇ ਡਿੱਗਾ ਤਾਂ ਸਤਿਗੁਰੂ ਜੀ ਨੇ ਸਭ ਕੁੱਝ ਭੁਲਾਕੇ ਆਪਣੇ ਪਰਉਪਕਾਰੀ ਸੁਭਾਉ ਅਨੁਸਾਰ ਘੋੜੇ ਤੋਂ ਉੱਤਰ ਕੇ ਢਾਲ ਨਾਲ ਉਸਦੇ ਮੂੰਹ ਉਪਰ ਛਾਂ ਕਰਕੇ ਆਖਰੀ ਕਲਮਾ ਪੜਣ ਲਈ ਕਿਹਾ। ਗੁਰੂ ਸਾਹਿਬ ਦੀ ਪਰਉਪਕਾਰਤਾ ਤੋਂ ਪ੍ਰਭਾਵਿਤ ਹੋ ਕੇ ਪੈਂਦੇ ਖਾਂ ਨੇ ਆਖਿਆ ਸੀ ਕਿ ਸਤਿਗੁਰੂ ਜੀ! ਤੁਹਾਡੀ ਤੇਗ ਹੀ ਮੇਰੇ ਲਈ ਕਲਮਾ ਹੈ। ਪਰਉਪਕਾਰੀ ਸਤਿਗੁਰੂ ਜੀ ਨੇ ਪੈਂਦੇ ਖਾਂ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਕਰ ਕੇ ਮਨੁੱਖਤਾ ਲਈ ਸੁਚੱਜੇ ਪੂਰਨੇ ਪਾ ਦਿੱਤੇ।
ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਵਿੱਚੋਂ ਗਵਾਲੀਅਰ ਦੇ ਕਿਲੇ ਅੰਦਰੋਂ 52 ਰਾਜਿਆਂ ਦੀ ਆਪਣੇ ਨਾਲ ਰਿਹਾਈ ਕਰਵਾ ਕੇ ਬੰਦੀ ਛੋੜ ਦਾਤਾ ਬਨਣਾ, ਮਾਈ ਭਾਗਭਰੀ ਦੀ ਬਿਰਧ ਅਵਸਥਾ ਵਿੱਚ ਅੰਮ੍ਰਿਤਸਰ ਨਾ ਪਹੁੰਚ ਸਕਣ ਦੀ ਮਜ਼ਬੂਰੀ ਵਸ ਕੀਤੀਆਂ ਅਰਦਾਸਾਂ ਨੂੰ ਪ੍ਰਵਾਨ ਕਰਦੇ ਹੋਏ ਆਪ ਸ਼੍ਰੀਨਗਰ ਪਹੁੰਚ ਕੇ ਖੱਦਰ ਦਾ ਹੱਥੀਂ ਤਿਆਰ ਕੀਤਾ ਚੋਲਾ ਮੰਗ ਕੇ ਲੈ-ਲੈਣਾ, ਕੱਟੜ ਇਸਲਾਮੀ ਸ਼ਰਾਂ ਦੀ ਸਤਾਈ ਹੋਈ ਜਾਨ ਬਖਸ਼ੀ ਲਈ ਛੇਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਆਉਣ ਵਾਲੀ ਬੀਬੀ ਕੌਲਾਂ ਨੂੰ ਨਿਵਾਜਦੇ ਹੋਏ ਉਸਦੇ ਗੁਰੂ ਘਰ ਪ੍ਰਤੀ ਪ੍ਰੇਮ ਨੂੰ ਮਾਨਤਾ ਦੇ ਕੇ ਸਦੀਵੀ ਯਾਦਗਾਰ ਹਿੱਤ ਅੰਮ੍ਰਿਤਸਰ ਦੀ ਧਰਤੀ ਉਪਰ ‘ਕੌਲਸਰ’ ਨਾਮ ਦੇ ਅਸਥਾਨ ਅਤੇ ਸਰੋਵਰ ਦੀ ਉਸਾਰੀ ਕਰਵਾਉਣਾ, ਗੁਰੂ ਸਾਹਿਬ ਦੇ ਪਰਉਪਕਾਰੀ ਸੁਭਾਉ ਦੀਆਂ ਐਸੀਆਂ ਮਿਸਾਲਾਂ ਹਨ ਜਿਨ੍ਹਾਂ ਦੇ ਮੁਕਾਬਲੇ ਦੁਨੀਆਂ ਦਾ ਇਤਿਹਾਸ ਖਾਮੋਸ਼ ਦਿਖਾਈ ਦਿੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਸਾਨੂੰ ਬਾਰ-ਬਾਰ ਪ੍ਰੇਰਿਤ ਕਰਦੀ ਹੈ ਕਿ ਅਸੀਂ ਜੀਵਨ ਵਿੱਚੋਂ ‘ਅਉਗਣ ਸਭ ਮਿਟਾਇਕੈ ਪਰਉਪਕਾਰ ਕਰੇਇ’ (218) ਵਾਲੀ ਅਵਸਥਾ ਦੇ ਧਾਰਨੀ ਬਣ ਕੇ ਗਿਆਨਵਾਨ ਬਣੀਏ। ਪਰ ਵਿਦਿਆ ਨੂੰ ਪੜ੍ਹ ਕੇ ਸਹੀ ਅਰਥਾਂ ਵਿੱਚ ਪੜੀ ਵਿਦਿਆ ਦਾ ਲਾਭ ਤਾਂ ਹੀ ਗਿਣਿਆ ਜਾਵੇਗਾ ਜੇਕਰ ਸਾਡੇ ਜੀਵਨ ਵਿੱਚ ‘ਵਿਦਿਆ ਵੀਚਾਰੀ ਤਾ ਪਰਉਪਕਾਰੀ’ (356) ਵਾਲੀ ਭਾਵਨਾ ਪੈਦਾ ਹੋ ਜਾਵੇ। ਜਿਹੜੇ ਮਨੁੱਖਾਂ ਦੇ ਜੀਵਨ ਅੰਦਰ ਪ੍ਰਮੇਸ਼ਰ ਦੀ ਭਗਤੀ ਦੇ ਮਾਰਗ ਉਪਰ ਚਲਦਿਆਂ ਸਹੀ ਅਰਥਾਂ ਵਿੱਚ ‘ਪ੍ਰਭੁ ਕਉ ਸਿਮਰਹਿ ਸੇ ਪਰਉਪਕਾਰੀ’ (263) ਵਾਲੀ ਅਵਸਥਾ ਬਣ ਜਾਂਦੀ ਹੈ, ਐਸੈ ਜੀਵਾਂ ਦੇ ਜਨਮ ਮਰਣ ਦਾ ਗੇੜ ਖਤਮ ਹੋ ਜਾਂਦਾ ਹੈ, ਉਨ੍ਹਾਂ ਦਾ ਸੰਸਾਰ ਵਿੱਚ ਆਉਣਾ ਦੂਜਿਆਂ ਦੀ ਭਲਾਈ ਕਰਦੇ ਹੋਏ ਆਪਣੇ ਵਾਂਗ ਦੂਸਰਿਆਂ ਨੂੰ ਵੀ ਪ੍ਰਮੇਸ਼ਰ ਨਾਲ ਇਕਮਿਕਤਾ ਹਾਸਲ ਕਰਾਉਣਾ ਹੀ ਅਸਲ ਮਨੋਰਥ ਹੁੰਦਾ ਹੈ ਅਤੇ ਉਹ ਇਸ ਮਕਸਦ ਵਿੱਚ ਪੂਰੀ ਤਰਾਂ ਕਾਮਯਾਬ ਹੋ ਕੇ ਸੰਸਾਰ ਵਿਚੋਂ ਰੁਖਸਤ ਹੁੰਦੇ ਹਨ:-
ਜਨਮ ਮਰਣ ਦੁਹਰੂ ਮਹਿ ਨਾਹੀ ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥
(ਸੂਹੀ ਮਹਲਾ 5-749)
.