.

ਕਉਨ ਮੂਆ ਰੇ ਕਉਨ ਮੂਆ

ਪਵਨੈ ਮਹਿ ਪਵਨ ਸਮਾਇਆ।। ਜੋਤੀ ਮਹਿ ਜੋਤਿ ਰਲਿ ਜਾਇਆ।।

ਮਾਟੀ ਮਾਟੀ ਹੋਈ ਏਕ।। ਰੋਵਨਹਾਰੇ ਕੀ ਕਵਨ ਟੇਕ।। ੧।।

ਕਉਨ ਮੂਆ ਰੇ ਕਉਨ ਮੂਆ।।

ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹ ਤਉ ਚਲਤੁ ਭਇਆ।। ੧।। ਰਹਾਉ।।

ਅਗਲੀ ਕਿਛੁ ਖਬਰਿ ਨਾ ਪਾਈ।। ਰੋਵਨਹਾਰੁ ਭਿ ਊਠਿ ਸਿਧਾਈ।।

ਭਰਮ ਮੋਹ ਕੇ ਬਾਂਧੇ ਬੰਧ।। ਸੁਪਨੁ ਭਇਆ ਭਖਲਾਏ ਅੰਧ।। ੨।।

ਇਹੁ ਤਉ ਰਚਨੁ ਰਚਿਆ ਕਰਤਾਰਿ।। ਆਵਤ ਜਾਵਤ ਹੁਕਮਿ ਅਪਾਰਿ।। ੩।।

ਨਹ ਕੋ ਮੂਆ ਨ ਮਰਣੈ ਜੋਗੁ।। ਨਹ ਬਿਨਸੈ ਅਬਿਨਾਸੀ ਹੋਗੁ।। ੪।।

ਜੋ ਇਹੁ ਜਾਣਹੁ ਸੋ ਇਹੁ ਨਾਹਿ।। ਜਾਨਣਹਾਰੇ ਕਉ ਬਲਿ ਜਾਉ।।

ਕਹੁ ਨਾਨਕ ਗੁਰਿ ਭਰਮੁ ਚੁਕਾਇਆ।। ਨ ਕੋਈ ਮਰੈ ਨਾ ਆਵੈ ਜਾਇਆ।। ੫।। ੧0. ।

(ਗੁਰੂ ਗ੍ਰੰਥ ਸਾਹਿਬ ਪੰਨਾ 885)

ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 885 ਤੇ ਦਰਜ ਹੈ। ਇਸ ਸ਼ਬਦ ਨੂੰ ਪੜ੍ਹ ਕੇ ਮਨ ਵਿੱਚ ਜੋ ਵਿਚਾਰ ਪੈਦਾ ਹੋਏ ਉਨ੍ਹਾਂ ਨੂੰ ਸਾਂਝੇ ਕਰਨ ਦਾ ਮਨ ਬਣਿਆ। ਡਾਕਟਰ ਸਾਹਿਬ ਜੀ ਵੱਲੋਂ ਜੋ ਅਰਥ ਕੀਤੇ ਗਏ ਪਹਿਲਾਂ ਉਨ੍ਹਾਂ ਵੱਲ ਝਾਤੀ ਮਾਰ ਲਈ ਜਾਇ ਤਾਂ ਜ਼ਿਆਦਾ ਚੰਗਾ ਹੋਵੇਗਾ।

ਹੇ ਭਾਈ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿੱਚ ਹੁੰਦਾ ਇਹ ਹੈ ਕਿ ਉਸ ਦੇ ਪੰਜ ਤੱਤੀ ਸ਼ਰੀਰ ਵਿੱਚੋਂ ਸੁਆਸ ਹਵਾ ਵਿੱਚ ਮਿਲ ਜਾਂਦੀ ਹੈ। ਜੀਵਾਤਮਾ (ਸਰਬ ਵਿਆਪਕ) ਜੋਤਿ ਨਾਲ ਰਲਦਾ ਹੈ। ਮੂਏ ਨੂੰ ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ। ੧। ਅਸਲ ਵਿੱਚ ਕੋਈ ਵੀ ਜੀਵਾਤਮਾ ਮਰਦਾ ਨਹੀਂ ਇਹ ਗੱਲ ਪੱਕੀ ਹੈ। ਜਿਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ ਉਸ ਨੂੰ ਮਿਲ ਕੇ ਬੇਸ਼ੱਕ ਵਿਚਾਰ ਕਰ ਲਵੋ ਜੰਮਣ ਮਰਨ ਵਾਲੀ ਤਾਂ ਇਹ ਇੱਕ ਖੇਡ ਬਣੀ ਹੋਈ ਹੈ। ੧। ਰਹਾਉ। ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ ਅਗਾਂਹ ਸਦਾ ਬੀਤਣ ਵਾਲੀ ਗੱਲ ਨਹੀਂ ਸਮਝਦਾ ਕਿ ਹੁਣ ਕਿਸੇ ਦੇ ਵਿਛੋੜੇ ਤੇ ਰੋ ਰਿਹਾ ਹੈ ਅੰਤ ਉਸ ਨੇ ਵੀ ਏਥੋਂ ਕੂਚ ਕਰ ਜਾਣਾ ਹੈ। ਹੇ ਭਾਈ ਜੀਵਾਂ ਨੂੰ ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਜੀਵ ਵਿਅਰਥ ਹੀ ਬਰੜਾਉਂਦਾ ਹੈ।। ੨।। ਹੇ ਭਾਈ ਇਹ ਜਗਤ ਤਾਂ ਕਰਤਾਰ ਨੇ ਇੱਕ ਖੇਡ ਰਚੀ ਹੋਈ ਹੈ। ਉਸ ਕਰਤਾਰ ਦੇ ਕਦੇ ਖਤਮ ਨਾ ਹੋਣ ਵਾਲੇ ਹੁਕਮ ਵਿੱਚ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਏਥੋਂ ਜਾਂਦੇ ਰਹਿੰਦੇ ਹਨ। ਉਂਙ ਕੋਈ ਵੀ ਜੀਵਾਤਮਾ ਕਦੇ ਮਰਦਾ ਨਹੀਂ ਹੈ ਕਿਉਂਕਿ ਇਹ ਮਰਨ ਜੋਗ ਨਹੀਂ ਹੈ। ਇਹ ਜੀਵਾਤਮਾ ਕਦੇ ਨਾਸ਼ ਨਹੀਂ ਹੁੰਦਾ ਕਿਉਂਕਿ ਇਸ ਦਾ ਅਸਲਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ।। ੩।। ਹੇ ਭਾਈ ਤੁਸੀਂ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝਦੇ ਹੋ ਇਹ ਉਹੋ ਜਿਹਾ ਨਹੀਂ ਹੈ। ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ ਜਿਸ ਨੇ ਇਹ ਅਸਲੀਅਤ ਸਮਝ ਲਈ ਹੈ। ਗੁਰਦੇਵ ਜੀ ਦਾ ਫੁਰਮਾਨ ਹੈ ਕਿ ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।। ੪।।

ਇਸ ਸ਼ਬਦ ਦੀ ਵਿਚਾਰ ਕਰਨ ਦਾ ਮੁੱਖ ਮੰਤਵ ਪੰਜ ਤੱਤਾਂ ਬਾਰੇ ਗੁਰਬਾਣੀ ਤੋਂ ਸੇਧ ਲੈਣਾ ਹੈ। ਵੱਖ ਵੱਖ ਵਿਦਵਾਨਾਂ ਨੇ ਤਕਰੀਬਨ ਪੰਜ ਤੱਤਾਂ ਬਾਰੇ ਇਕੋ ਜਿਹੇ ਹੀ ਵਿਚਾਰ ਦਿੱਤੇ ਹਨ ਜਿਵੇਂ ਕਿ ਆਕਾਸ਼ ਨੂੰ ਪੰਜਵਾਂ ਤੱਤ ਸਭ ਨੇ ਮੰਨਿਆ ਹੈ। ਜਿਵੇਂ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ ਆਪਣੀ ਪੁਸਤਕ ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸੱਤਵਾਂ ਪੰਨਾ ਨੰ: 155 ਤੇ ਜ਼ਿਕਰ ਕੀਤਾ ਹੈ ਕਿ ਪ੍ਰਭੂ ਦੇ ਬਣਾਏ ਪੱਕੇ ਨਿਯਮ ਅਨੁਸਾਰ ਪੰਜ ਤੱਤਾਂ ਦੇ ਮੇਲ ਦੁਆਰਾ ਮਾਤਾ ਦੇ ਉਦਰ ਵਿੱਚ ਸ਼ਰੀਰ ਬਣਦਾ ਹੈ, ਪਰ ਜਿਸ ਦੀ ਸ਼ਕਤੀ ਦੁਆਰਾ ਇਹ ਸ਼ਰੀਰ ਜਗਤੁ ਵਿੱਚ ਆਉਂਦਾ ਹੈ ਅਤੇ ਇਥੇ ਵਿਚਰਦਾ ਹੈ, ਉਹ ਜੀਵਾਤਮਾ ਪਰਮਾਤਮਾ ਦਾ ਅੰਸ਼ ਹੋਣ ਕਰਕੇ ਕਿਸੇ ਤੱਤ ਆਦਿ ਦੀ ਬਣੀ ਹੋਈ ਨਹੀਂ ਹੁੰਦੀ। ਇਹ ਪੰਜ ਭੂਤਕ ਮਨੁੱਖਾ ਦੇਹ ਜਗਤ ਵਿੱਚ ਤੱਦੋਂ ਹੀ ਆਉਂਦਾ ਹੈ ਜਦ ਪਰਮ ਸੂਰਜ ਉਸ ਪਰਮਾਤਮਾ ਦੀ ਜੋਤਿ ਰੂਪ ਕਿਰਨ ਜੀਵਾਤਮਾ ਇਸ ਵਿੱਚ ਆ ਟਿਕਦੀ ਹੈ। ਸੰਤ ਸਿੰਘ ਮਸ਼ਕੀਨ ਵੱਲੋਂ ਵੀ ਆਪਣੀ ਇੱਕ ਕੈਸਟ ਵਿੱਚ ਇਹ ਕਿਹਾ ਗਿਆ ਹੈ ਕਿ ਪਾਣੀ, ਹਵਾ, ਮਿੱਟੀ ਅਤੇ ਅਗਨਿ, ਇਨ੍ਹਾਂ ਤੱਤਾਂ ਦੇ ਰਹਿਣ ਵਾਲੀ ਥਾਂ (ਸਪੇਸ) ਪੰਜਵਾਂ ਤੱਤ ਹੈ। ਉਨ੍ਹਾਂ ਦੇ ਕਹਿਣ ਅਨੁਸਾਰ ਤੱਤਾਂ ਦੇ ਰਹਿਣ ਲਈ ਜਿਹੜੀ ਥਾਂ ਚਾਹੀਦੀ ਹੈ ਉਹ ਪੰਜਵਾਂ ਤੱਤ ਹੈ।

ਪਰਮਾਤਮਾ ਦੇ ਅਟੱਲ ਨਿਯਮ ਅਨੁਸਾਰ ਸਾਰੀ ਸ਼੍ਰਿਸਟੀ ਚੱਲ ਰਹੀ ਹੈ। ਮਿੱਟੀ, ਪਾਣੀ, ਹਵਾ ਅਤੇ ਅਗਨਿ, ਇਨ੍ਹਾਂ ਚਾਰੇ ਤੱਤਾਂ ਨੂੰ ਪੰਜਵੇਂ ਤੱਤ ਨੇ ਬੰਨ੍ਹ ਕੇ ਰੱਖਿਆ ਹੋਇਆ ਹੈ। ਉਸ ਇੱਕ ਪਰਮ ਤੱਤ ਦੇ ਜਾਂਦਿਆਂ ਹੀ ਬਾਕੀ ਚਾਰੇ ਤੱਤ ਹਵਾ ਵਿੱਚ ਹਵਾ, ਪਾਣੀ ਵਿੱਚ ਪਾਣੀ, ਮਿੱਟੀ ਵਿੱਚ ਮਿੱਟੀ ਅਤੇ ਅਗਨਿ ਵਿੱਚ ਅਗਨਿ, ਚਲੇ ਜਾਂਦੇ ਹਨ। ਜਿਸ ਤਰ੍ਹਾਂ ਮੇਰਾ ਪੂਰਬਲਾ ਜਨਮ ਮੇਰੇ ਮਾਤਾ ਪਿਤਾ ਸਨ ਜਾਂ ਹਨ ਅਤੇ ਮੇਰੇ ਬੱਚੇ ਮੇਰਾ ਅਗਲਾ ਜਨਮ ਹੈ। ਇਹ ਰੱਬੀ ਨਿਯਮ (ਹੁਕਮ) ਸਭ ਤੇ ਲਾਗੂ ਹੈ। ਇੱਕ ਪੌਦੇ ਦੇ ਬੀਜ ਤੋਂ ਉੇਸੇ ਤਰ੍ਹਾਂ ਦਾ ਪੌਦਾ ਹੀ ਪੈਦਾ ਹੁੰਦਾ ਹੈ, ਇੱਕ ਪੰਛੀ ਆਪਣੇ ਵਰਗੇ ਹੀ ਬੱਚੇ ਪੈਦਾ ਕਰਦਾ ਹੈ ਇੱਕ ਪਸ਼ੂ ਆਪਣੇ ਵਰਗੇ ਪਸ਼ੂ ਹੀ ਪੈਦਾ ਕਰਦਾ ਹੈ। ਕੁਦਰਤ ਦੇ ਨਿਯਮ ਅਨੁਸਾਰ ਮਾਤਾ ਪਿਤਾ ਦੇ ਮਿਲਾਪ ਤੋਂ ਬੱਚੇ ਦਾ ਜਨਮ ਹੈ। ਇਸ ਲਈ ਬੱਚੇ ਵਿੱਚ ਮਾਤਾ ਪਿਤਾ ਦੀ ਅੰਸ਼ ਹੋਣ ਕਰਕੇ ਬੱਚੇ ਦੇ ਸੁਭਾਅ ਜਾਂ ਸ਼ਕਲ ਮਾਤਾ ਪਿਤਾ ਨਾਲ ਕੁੱਝ ਨਾ ਕੁੱਝ ਮਿਲਦਾ ਹੈ।

ਸਭ ਮਹਿ ਜੋਤਿ ਜੋਤਿ ਹੈ ਸੋਇ।।

ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।।

ਗੁਰ ਸਾਖੀ ਜੋਤਿ ਪਰਗਟੁ ਹੋਇ।।

ਜੋ ਤਿਸ ਭਾਵੈ ਸੁ ਆਰਤੀ ਹੋਇ।। ੩।। ੩।। (ਗੁਰੂ ਗ੍ਰੰਥ ਸਾਹਿਬ ਪੰਨਾ 13)

ਸਾਰਿਆਂ ਵਿੱਚ ਪ੍ਰਭੂ ਦੀ ਜ਼ੋਤਿ ਹੈ ਭਾਵ ਸਭ ਦੀ ਹੋਂਦ ਉਸ ਪ੍ਰਭ ਦਾ ਨਿਰਗੁਣ (ਆਤਮਾ) ਰੂਪ ਹੋਣ ਕਰਕੇ ਸਭ ਵਿੱਚ ਵਿਆਪਕ ਹੈ। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।। ਉਸ ਪ੍ਰਭੂ ਦੀ ਜੀਵਾਂ ਵਿੱਚ ਸ਼ੂਖਸ਼ਮ ਹੋਂਦ ਹੋਣ ਕਰਕੇ ਹੀ ਸਭ ਜੀਵ ਦੇ ਜਿਉਂਦੇ ਹੋਣ ਦਾ ਪ੍ਰਮਾਣ ਹੈ। ਗੁਰੂ ਦੇ ਉਪਦੇਸ਼ ਰਾਹੀਂ ਇਹ ਸੱਚ ਪ੍ਰ਼ਗਟ ਹੁੰਦਾ ਹੈ।

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।।

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।। (ਪੰਨਾ 463)

ਪ੍ਰਭੂ ਨੇ ਆਪਣੇ ਆਪ ਨੂੰ ਸਰਗੁਣ ਰੂਪ ਵਿੱਚ ਸ੍ਰਿ਼ਸਟੀ ਰਾਹੀਂ ਪੈਦਾ ਕੀਤਾ ਹੈ ਅਤੇ ਸਾਰੀ ਕੁਦਰਤ ਨੂੰ ਬਣਾ ਕੇ ਆਪ ਵਿੱਚ ਬੈਠਾ ਹੈ। ਨਿਰਗੁਨੁ ਆਪਿ ਸਰਗੁਨੁ ਭੀ ਓਹੀ।। ਕਲਾ ਧਾਰਿ ਜਿਨਿ ਸਗਲੀ ਮੋਹੀ।।

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ਘਟਿ ਵਧਿ ਕੇੋ ਕਰੈ ਬੀਚਾਰਾ (ਪੰਨਾ 1128)

ਪੰਜ ਤੱਤਾਂ ਨੂੰ ਮਿਲ ਕੇ ਦੇਹੀ ਦਾ ਸਰਗੁਣ ਰੂਪ ਆਕਾਰ ਬਣਿਆ ਹੈ।

ਜੇਤਾ ਕੀਤਾ ਤੇਤਾ ਨਾਉ।। ਵਿਣੂ ਨਾਵੈ ਨਾਹੀ ਕੋ ਥਾਉ।।

ਜ਼ੋ ਕੁੱਝ ਵੀ ਦਿਸਦਾ/ਅਣਦਿਸਦਾ ਹੈ ਉਹ ਪ੍ਰਭੂ ਦਾ ਬਣਾਇਆ ਹੋਇਆ ਹੈ ਅਤੇ ਉਸ ਤੋਂ ਬਿਨਾਂ ਕਿਸੇ ਦੀ ਕੋਈ ਹੋਂਦ ਨਹੀਂ ਹੈ।

ਪੰਚ ਤਤੁ ਮਿਲਿ ਕਾਇਆ ਕੀਨੀ।। ਤਿਸੁ ਮਹਿ ਰਾਮ ਰਤਨੁ ਲੈ ਚੀਨੀ।।

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ।। (ਪੰਨਾ 1030)

ਪੰਜ ਤੱਤ ਮਿਲ ਕੇ ਸ਼ਰੀਰ ਰੂਪੀ ਕਾਂਇਆ ਬਣੀ ਹੈ ਅਤੇ ਉਸ ਵਿੱਚ ਅਸਲ ਤੱਤ (ਰਾਮ ਰਤਨੁ) ਨੂੰ ਪਛਾਨਣਾ ਹੈ।

ਇਆ ਮੰਦਰ ਮਹਿ ਕੌਨ ਬਸਾਈ।। ਤਾ ਕਾ ਅੰਤੁ ਨਾ ਕੋਊ ਪਾਈ।। (ਪੰਨਾ ਨੰ: 871)

ਇਸ ਸ਼ਰੀਰ ਰੂਪੀ ਮੰਦਰ ਦੀ ਹੋਂਦ ਉਸ ਪਰਮ ਤੱਤ ਕਰਕੇ ਹੈ ਜਿਸ ਦਾ ਕੋਈ ਅੰਤ (ਆਕਾਸ਼ ਦਾ ਕੋਈ ਅੰਤ ਨਹੀਂ) ਨਹੀਂ ਪਾ ਸਕਦਾ ਹੈ।

ਨਹ ਕਿਛੁ ਜਨਮੈ ਨਹ ਕਿਛੁ ਮਰੈ।। ਆਪਨ ਚਲਿਤੁ ਆਪ ਹੀ ਕਰੈ।।

ਕੁਝ ਵੀ ਨਾ ਜੰਮਦਾ ਹੈ ਨਾ ਮਰਦਾ ਹੈ। ਇਸ ਸਾਰੇ ਕੌਤਕ ਪ੍ਰਭੂ ਆਪ ਹੀ ਕਰ ਰਿਹਾ ਹੈ।

ਸਭ ਜ਼ੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ।। (1313)

ਸਭ ਵਿੱਚ ਉਸ ਦੀ ਜ਼ੋਤਿ ਹੈ ਅਤੇ ਉਹ ਵੱਖ ਵੱਖ ਤਰ੍ਹਾਂ ਦੇ ਆਕਾਰਾਂ ਵਿੱਚ ਵਿਚਰ ਰਿਹਾ ਹੈ।

ਕਉਨ ਮੂਆ ਰੇ ਕਉਨ ਮੂਆ।।

ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹ ਤਉ ਚਲਤੁ ਭਇਆ।। ੧।। ਰਹਾਉ।।

ਗੁਰਮਤਿ ਅਨੁਸਾਰ ਸ਼ਬਦ ਦਾ ਭਾਵ ਅਰਥ ਰਹਾਉ ਵਾਲੀ ਪੰਗਤੀ ਵਿੱਚ ਹੁੰਦਾ ਹੈ ਅਤੇ ਉਸ ਅਨੁਸਾਰ ਸਾਰੇ ਸ਼ਬਦ ਦੀ ਵਿਚਾਰ ਕਰਨੀ ਹੁੰਦੀ ਹੈ।

(ਨਾਨਕ ਬ੍ਰਹਮ ਗਿਆਨੀ ਆਪ ਨਿਰੰਕਾਰ) ਸੱਚ ਦੇ ਗਿਆਨ ਨਾਲ ਸਾਂਝ ਪਾਉਣ ਨਾਲ ਜੇਕਰ ਇਸ ਮਸਲੇ ਤੇ ਵਿਚਾਰ ਕੀਤੀ ਜਾਏ ਤਾਂ ਸਮਝ ਪੈਂਦੀ ਹੈ ਕਿ ਮਰਦਾ ਕੁੱਝ ਵੀ ਨਹੀਂ ਕੇਵਲ ਇੱਕ ਖੇਡ ਹੈ।

ਪਵਨੈ ਮਹਿ ਪਵਨ ਸਮਾਇਆ।। ਜੋਤੀ ਮਹਿ ਜੋਤਿ ਰਲਿ ਜਾਇਆ।।

ਮਾਟੀ ਮਾਟੀ ਹੋਈ ਏਕ।। ਰੋਵਨਹਾਰੇ ਕੀ ਕਵਨ ਟੇਕ।। ੧।।

ਇਨ੍ਹਾਂ ਪੰਗਤੀਆ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜ ਤੱਤਾਂ ਵਿੱਚੋਂ ਹਵਾ ਵਿੱਚ ਹਵਾ, ਪਰਮ ਜ਼ੋਤਿ ਵਿੱਚ ਜੀਵ ਰੂਪੀ ਜ਼ੋਤਿ, ਮਿਟੀ ਵਿੱਚ ਮਿਟੀ ਮਿਲ ਜਾਂਦੀ ਹੈ। ਇਸੇ ਤਰ੍ਹਾਂ ਬਾਕੀ ਤੱਤ ਪਾਣੀ ਵਿੱਚ ਪਾਣੀ ਅਤੇ ਅਗਨਿ ਵਿੱਚ ਅਗਨਿ ਸਮਾ ਜਾਂਦੀ ਹੈ, ਮਰਦਾ ਕੁੱਝ ਵੀ ਨਹੀਂ ਹੈ। ਪੰਜਵਾਂ ਤੱਤ ਆਕਾਸ਼ ਬਾਰੇ ਜੇਕਰ ਧਿਆਨ ਨਾਲ ਵੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਹਰ ਇੱਕ ਗ੍ਰਹਿ ਦੀ ਸੀਮਾਂ ਹੈ ਪਰ ਆਕਾਸ਼ ਦੀ ਕੋਈ ਸੀਮਾਂ ਨਹੀਂ। ਅਸੀਂ ਕਈ ਵਾਰ ਉਪਰ ਆਕਾਸ਼ ਵੱਲ ਮੂੰਹ ਕਰਕੇ ਅਤੇ ਹੱਥ ਜ਼ੋੜ ਕੇ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਪ੍ਰਭੂ ਉਪਰ ਆਕਾਸ਼ ਵਿੱਚ ਬੈਠਾ ਹੈ ਦਰਅਸਲ ਇਸ ਦਾ ਮਤਲਬ ਇਹ ਹੈ ਕਿ ਉਹ ਆਕਾਸ਼ ਦੀ ਤਰ੍ਹਾਂ ਅਸੀਮ ਹੈ, ਮਹਾਨ ਹੈ। ਪੰਜਵੇਂ ਪਰਮ ਤੱਤ ਨੇ ਹੀ ਬਾਕੀ ਦੇ ਚਾਰ ਤੱਤਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ ਇਸ ਪੰਜਵੇਂ ਤੱਤ (ਆਤਮਾ) ਦਾ ਆਪਣੇ ਅਸਲ ਪਰਮ ਤੱਤ (ਪਰਮਾਤਮਾ) ਨਾਲ ਮਿਲਣ ਤੇ ਬਾਕੀ ਚਾਰੇ ਤੱਤ ਆਪਣੇ-ਆਪਣੇ ਤੱਤਾਂ ਵਿੱਚ ਸਮਾ ਜਾਂਦੇ ਹਨ।

ਅਗਲੀ ਕਿਛੁ ਖਬਰਿ ਨਾ ਪਾਈ।। ਰੋਵਨਹਾਰੁ ਭਿ ਊਠਿ ਸਿਧਾਈ।।

ਭਰਮ ਮੋਹ ਕੇ ਬਾਂਧੇ ਬੰਧ।। ਸੁਪਨੁ ਭਇਆ ਭਖਲਾਏ ਅੰਧ।। ੨।।

ਕਉਨ ਮੂਆ ਰੇ ਕਉਨ ਮੂਆ ਦੇ ਸਿਧਾਂਤ ਨੂੰ ਨਾ ਸਮਝਣ ਕਰਕੇ ਮਨੁੱਖ ਮੋਹ ਦੇ ਬਣੇ ਭੁਲੇਖੇ ਕਰਕੇ ਇਸ ਬੰਧਨ ਵਿੱਚ ਹੈ। ਸੁਪਨਾ ਭਾਵੇਂ ਛੋਟਾ ਹੋਵੇ ਭਾਵੇ ਵੱਡਾ ਹੋਵੇ, ਟੁੱਟਦਾ ਹੈ। ਸੱਚ ਦੀ ਸਮਝ ਨਾ ਹੋਣ ਕਰਕੇ ਮਨੁੱਖ ਦੁੱਖੀ ਹੁੰਦਾ ਹੈ। ਅਗਲੀ ਕਿਛੁ ਖਬਰਿ ਦਾ ਭਾਵ ਇਹ ਹੈ ਕਿ ਕੋਈ ਪ੍ਰਚਲਤ ਗਾਥਾਵਾਂ ਅਨੁਸਾਰ ਅਗਲੀ ਜੂਨਾਂ ਵਿੱਚ ਨਹੀਂ ਪੈ ਜਾਂਦਾ। ਪੰਜ ਤੱਤਾਂ ਵਿੱਚ ਪੰਜ ਤੱਤ ਸਮਾ ਜਾਂਦੇ ਹਨ। ਮੋਹ ਵੱਸ ਜਿਹੜਾ ਰੁਦਨ ਕਰਦਾ ਹੈ ਉਸ ਨੇ ਵੀ ਇਸ ਤਰ੍ਹਾਂ ਪੰਜ ਤੱਤਾਂ ਵਿੱਚ ਹੀ ਸਮਾ ਜਾਣਾ ਹੈ।

ਇਹੁ ਤਉ ਰਚਨੁ ਰਚਿਆ ਕਰਤਾਰਿ।। ਆਵਤ ਜਾਵਤ ਹੁਕਮਿ ਅਪਾਰਿ।। ੩।।

ਨਹ ਕੋ ਮੂਆ ਨ ਮਰਣੈ ਜੋਗੁ।। ਨਹ ਬਿਨਸੈ ਅਬਿਨਾਸੀ ਹੋਗੁ।। ੪।।

ਰੱਬੀ ਅਟੱਲ ਹੁਕਮ ਦੇ ਅਨੁਸਾਰ ਸੰਸਾਰ ਦੀ ਰਚਨਾ ਹੁੰਦੀ ਰਹਿੰਦੀ ਹੈ ਅਤੇ ਇਹ ਮਿਟਦਾ ਰਹਿੰਦਾ ਹੈ ਅਤੇ ਬਣਦਾ ਰਹਿੰਦਾ ਹੈ। ਇਨ੍ਹਾਂ ਤੱਤਾਂ ਵਿੱਚ ਸਾਰੇ ਤੱਤ ਆਪਣੇ ਆਪਣੇ ਅਸਲੇ ਵਿੱਚ ਸਮਾ ਜਾਣ ਕਰਕੇ ਨਾ ਕੁੱਝ ਮਰਦਾ ਹੈ ਨਾ ਮਰਨਯੋਗ ਹੈ ਕਿਉਂਕਿ ਚਾਰ ਤੱਤਾਂ ਦੀ ਉੱਤਪਤੀ ਦਾ ਮੂਲ ਪਰਮ ਤੱਤ ਨਾਸ਼ ਰਹਿਤ ਹੈ।

ਜੋ ਇਹੁ ਜਾਣਹੁ ਸੋ ਇਹੁ ਨਾਹਿ।। ਜਾਨਣਹਾਰੇ ਕਉ ਬਲਿ ਜਾਉ।।

ਕਹੁ ਨਾਨਕ ਗੁਰਿ ਭਰਮੁ ਚੁਕਾਇਆ।। ਨ ਕੋਈ ਮਰੈ ਨਾ ਆਵੈ ਜਾਇਆ।। ੫।। ੧0. ।

ਜ਼ੋ ਮਨੁੱਖ ਭੁਲੇਖੇ ਕਰਕੇ ਸਮਝਦੇ ਹਨ ਵੈਸਾ ਕੁੱਝ ਵੀ ਨਹੀਂ ਹੈ ਭਾਵ ਇਹ ਨਹੀਂ ਕਿ ਕੋਈ ਮਰਦਾ ਹੈ ਅਤੇ ਫਿਰ ਉਹ ਕਿਸੇ ਜੂਨ ਵਿੱਚ ਪੈ ਕੇ ਦੁੱਖ ਜਾਂ ਸੁੱਖ ਭੋਗਦਾ ਹੈ। ਪਾਤਸ਼ਾਹ ਕਹਿੰਦੇ ਹਨ ਕਿ ਇਸ ਤਰ੍ਹਾ ਦੀ ਸਚਾਈ ਜਾਨਣ ਵਾਲੇ ਤੋਂ ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ। ਨਾਨਕ ਜੀ ਸਮਝਾਉਂਦੇ ਹਨ ਕਿ ਸੱਚ ਦੇ ਗਿਆਨ (ਗੁਰੂ) ਨੇ ਇਹ ਭੁਲੇਖੇ ਦੂਰ ਕਰ ਦਿੱਤੇ ਹਨ। ਜਦੋਂ ਇਹ ਭੁਲੇਖਾ ਦੂਰ ਹੋ ਜਾਂਦਾ ਹੈ ਤਾਂ ਮਨੁੱਖ ਦਾ ਵਿਕਾਰਾਂ ਦੇ ਆਉਣ ਨਾਲ ਅਤੇ ਉਨ੍ਹਾਂ ਦੁਆਰਾ ਆਤਮਕ ਮੌਤ ਹੋਣ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ।

ਮੋਹਨ ਸਿੰਘ




.